ਉਹ ਮਹਿਜ 17 ਵਰ੍ਹਿਆਂ ਦੀ ਸਨ ਜਦੋਂ ਉਨ੍ਹਾਂ ਨੇ ਕੁਡਲੌਰ ਫਿਸ਼ਿੰਗ ਬੰਦਰਗਾਹ ਵਿਖੇ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਇਹ ਸਾਰਾ ਕੁਝ ਸਿਰਫ਼ 1,800 ਰੁਪਏ ਦੀ ਛੋਟੀ ਜਿਹੀ ਪੂੰਜੀ ਨਾਲ਼ ਸ਼ੁਰੂ ਕੀਤਾ ਸੀ, ਜੋ ਪੂੰਜੀ ਉਨ੍ਹਾਂ ਦੀ ਮਾਂ ਨੇ ਆਪਣੀ ਧੀ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਦਿੱਤੀ ਸੀ। ਅੱਜ, 62 ਸਾਲਾ ਵਾਨੀ ਬੰਦਰਗਾਹ ਦੀ ਸਭ ਤੋਂ ਕਾਮਯਾਬ ਨੀਲਾਮਕਰਤਾ ਅਤੇ ਵਿਕ੍ਰੇਤਾ ਹਨ। ਉਨ੍ਹਾਂ ਨੂੰ ਆਪਣੇ ਉਸ ਘਰ ਵਾਂਗਰ, ਜੋ ਉਨ੍ਹਾਂ ਨੇ ਅਥਾਹ ਬਿਪਤਾਵਾਂ ਨੂੰ ਝੱਲ ਝੱਲ ਕੇ ਪੂਰਿਆਂ ਕੀਤਾ, ''ਕਦਮ ਦਰ ਕਦਮ'' ਹੱਥੀਂ ਪਾਲ਼ੇ ਆਪਣੇ ਵਪਾਰ 'ਤੇ ਵੀ ਬੜਾ ਫ਼ਖਰ ਹੈ।
ਆਪਣੇ ਪਤੀ ਤੋਂ ਬਾਅਦ ਵੇਨੀ ਨੇ ਇਕੱਲਿਆਂ ਹੀ ਆਪਣੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ, ਉਨ੍ਹਾਂ ਦੇ ਪਤੀ ਇੱਕ ਸ਼ਰਾਬੀ ਸਨ ਅਤੇ ਉਨ੍ਹਾਂ ਨੇ ਵੇਨੀ ਨੂੰ ਛੱਡ ਦਿੱਤਾ ਸੀ। ਉਨ੍ਹਾਂ ਦੀ ਰੋਜ਼ਮੱਰਾ ਦੀ ਕਮਾਈ ਇੰਨੀ ਨਿਗੂਣੀ ਸੀ ਕਿ ਉਹ ਮਸਾਂ ਹੀ ਆਪਣਾ ਗੁਜ਼ਾਰਾ ਚਲਾਉਂਦੀ। ਰਿੰਗ ਸੀਨ ਫਿਸ਼ਿੰਗ ਤਕਨੀਕ ਦੇ ਆਉਣ ਨਾਲ਼ ਉਨ੍ਹਾਂ ਨੇ ਲੱਖਾਂ ਰੁਪਿਆਂ ਦਾ ਉਧਾਰ ਚੁੱਕ ਕੇ ਬੇੜੀਆਂ ਵਿੱਚ ਪੈਸੇ ਲਾਏ। ਨਿਵੇਸ਼ ਦੀ ਰਿਟਰਨ ਵਿੱਚੋਂ ਜੋ ਪੈਸਾ ਆਉਂਦਾ ਉਸ ਪੈਸੇ ਨਾਲ਼ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਘਰ ਬਣਾਇਆ।
1990ਵਿਆਂ ਵਿੱਚ ਰਿੰਗ ਸੀਨ ਫਿਸ਼ਿੰਗ ਨੇ ਕੁਡਲੌਰ ਤਟ ਵਿਖੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ, ਪਰ 2004 ਵਿੱਚ ਆਈ ਸੁਨਾਮੀ ਤੋਂ ਬਾਅਦ ਇਹਦੀ ਵਰਤੋਂ ਤੇਜ਼ੀ ਨਾਲ਼ ਘਟੀ। ਰਿੰਗ ਸੀਨ ਗੇਅਰ ਸਮੁੰਦਰੀ ਪੈਲਾਜਿਕ ਮੱਛੀਆਂ ਜਿਵੇਂ ਕਿ ਸਾਰਡਾਈਨ, ਮੈਕਰੇਲ ਅਤੇ ਐਂਚੋਵੀਜ਼ (ਮੱਛੀਆਂ) ਦੇ ਲੰਘਦੇ ਝੁੰਡਾਂ ਨੂੰ ਫੜ੍ਹਨ ਲਈ ਘੇਰਾਬੰਦੀ ਕਰਨ ਦੀਆਂ ਤਕਨੀਕਾਂ ਦੀ ਵਰਤੋਂ ਹੈ।


