ਏਲੱਪਨ ਹੈਰਾਨ ਵੀ ਹਨ ਤੇ ਤਲਖ਼ੀ ਵਿੱਚ ਵੀ।
''ਅਸੀਂ ਤਟੀ ਇਲਾਕਿਆਂ 'ਤੇ ਵੱਸਣ ਵਾਲ਼ੇ ਮਛੇਰੇ ਭਾਈਚਾਰੇ ਨਾਲ਼ ਤਾਅਲੁੱਕ ਨਹੀਂ ਰੱਖਦੇ। ਫਿਰ ਵੀ ਸਾਨੂੰ ਸੇਂਬਾਨੰਦ ਮਾਰਾਵਰ ਜਾਂ ਗੋਸਾਂਗੀ ਵਜੋਂ ਕਿਉਂ ਜਾਣਿਆ ਜਾ ਰਿਹਾ ਹੈ?''
''ਅਸੀਂ ਤਾਂ ਸ਼ੋਲਗਾ ਹੁੰਦੇ ਆਂ,'' 82 ਸਾਲਾ ਬਜ਼ੁਰਗ ਫ਼ੈਸਲਾਕੁੰਨ ਹੁੰਦਿਆਂ ਕਹਿੰਦੇ ਹਨ,''ਸਰਕਾਰ ਸਾਡੇ ਕੋਲ਼ੋਂ ਸਬੂਤ ਮੰਗਦੀ ਹੈ। ਅਸੀਂ ਇਸੇ ਸਰਜ਼ਮੀਨ 'ਤੇ ਰਹਿੰਦੇ ਆਏ ਹਾਂ। ਕੀ ਇੰਨਾ ਸਬੂਤ ਕਾਫ਼ੀ ਨਹੀਂ?'' ਆਧਾਰ ਅੰਟੇ ਆਧਾਰ। ਯੇਲਿੰਡਾ ਤਰਲੀ ਆਧਾਰ ? (ਸਬੂਤ! ਸਬੂਤ! ਬੱਸ ਖਹਿੜੇ ਹੀ ਪੈ ਗਏ ਹਨ)।''
ਤਮਿਲਨਾਡੂ ਦੇ ਮਦੁਰਈ ਜ਼ਿਲ੍ਹੇ ਸੱਕੀਮੰਗਲਮ ਪਿੰਡ ਦੇ ਵਾਸੀ ਏਲੱਪਨ ਭਾਈਚਾਰੇ ਦੇ ਲੋਕ ਆਪਣੀਆਂ ਪਿੱਠਾਂ 'ਤੇ ਕੋੜੇ ਮਾਰਨ ਦਾ ਤਮਾਸ਼ਾ ਦਿਖਾਉਂਦੇ ਹਨ ਤੇ ਮੁਕਾਮੀ ਲੋਕੀਂ ਇਨ੍ਹਾਂ ਨੂੰ ਚਾਤਈ ਭਾਈਚਾਰੇ ਵਜੋਂ ਜਾਣਦੇ ਹਨ। ਪਰ ਮਰਦਮਸ਼ੁਮਾਰੀ ਵਿੱਚ ਉਨ੍ਹਾਂ ਨੂੰ ਸੇਂਬਾਨੰਦ ਮਾਰਾਵਾਰ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ ਤੇ ਅਤਿ ਪਿਛੜੇ ਵਰਗਾਂ (ਐੱਮਬੀਸੀ) ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
''ਮਰਦਮਸ਼ੁਮਾਰੀ ਕਰਨ ਵਾਲ਼ੇ ਸਾਡੇ ਕੋਲ਼ ਆਉਂਦੇ ਨੇ ਤੇ ਸਾਡੇ ਕੋਲ਼ੋਂ ਕੁਝ ਸਵਾਲ਼ਾਤ ਪੁੱਛਦੇ ਨੇ ਤੇ ਫਿਰ ਆਪਣੀ ਮਰਜ਼ੀ ਚਲਾਉਂਦੇ ਹੋਏ ਸਾਨੂੰ ਕਿਸੇ ਵੀ ਸ਼੍ਰੇਣੀ ਵਿੱਚ ਪਾ ਛੱਡਦੇ ਨੇ,'' ਬਜ਼ੁਰਗ ਨੇ ਆਪਣੀ ਗੱਲ ਪੂਰੀ ਕੀਤੀ।
ਏਲੱਪਨ ਅੰਦਾਜ਼ਨ ਉਨ੍ਹਾਂ 15 ਕਰੋੜ ਭਾਰਤੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਗ਼ਲਤ ਤਰੀਕੇ ਨਾਲ਼ ਮਾਨਤਾ ਦਿੱਤੀ ਗਈ ਹੈ ਤੇ ਗ਼ਲਤ ਤਰੀਕੇ ਨਾਲ਼ ਹੀ ਵਰਗੀਕ੍ਰਿਤ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕਈ ਭਾਈਚਾਰਿਆਂ ਨੂੰ ਬ੍ਰਿਟਿਸ਼ ਸ਼ਾਸਲ ਕਾਲ ਦੌਰਾਨ ਲਾਗੂ ਅਪਰਾਧਕ ਕਬੀਲੇ ਐਕਟ, 1871 ਤਹਿਤ 'ਖ਼ਾਨਦਾਨੀ ਅਪਰਾਧੀ' ਹੀ ਐਲਾਨ ਛੱਡਿਆ ਹੈ। ਇਸ ਕਨੂੰਨ ਨੂੰ ਬਾਅਦ ਵਿੱਚ 1952 ਵਿੱਚ ਰੱਦ ਕਰ ਦਿੱਤਾ ਗਿਆ ਤੇ ਇਨ੍ਹਾਂ ਭਾਈਚਾਰਿਆਂ ਨੂੰ ਡੀ-ਨੋਟੀਫ਼ਾਈਡ ਟ੍ਰਾਈਬਜ਼ (ਡੀਐੱਨਟੀ'ਜ) ਜਾਂ ਖ਼ਾਨਾਬਦੋਸ਼ ਕਬੀਲਿਆਂ (ਐੱਨਟੀ'ਜ) ਵਜੋਂ ਸੰਦਰਭਤ ਕੀਤਾ ਗਿਆ।
ਨੈਸ਼ਨਲ ਕਮਿਸ਼ਨ ਫ਼ਾਰ ਡਿਨੋਟੀਫ਼ਾਈਡ ਨੋਮਾਡਿਕ ਐਂਡ ਸੈਮੀ ਨੋਮਾਡਿਕ ਟ੍ਰਾਈਬਜ ਵੱਲ਼ੋਂ 2017 ਵਿੱਚ ਜਾਰੀ ਇੱਕ ਸਰਕਾਰੀ ਰਿਪੋਰਟ ਕਹਿੰਦੀ ਹਨ,''ਜ਼ਿਆਦਾਤਰ ਮਾਮਲਿਆਂ ਵਿੱਚ ਸਭ ਤੋਂ ਅਧੂਰੇ ਤੇ ਸਭ ਤੋਂ ਖ਼ਰਾਬ- ਉਨ੍ਹਾਂ ਦੀ ਸਮਾਜਿਕ ਹਾਲਤ ਨੂੰ ਇਸੇ ਭਾਸ਼ਾ ਵਿੱਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਉਹ ਸਮਾਜਿਕ ਢਾਂਚੇ ਵਿੱਚ ਸਭ ਤੋਂ ਹੇਠਲੇ ਡੰਡੇ 'ਤੇ ਹਨ ਅਤੇ ਅੱਜ ਵੀ ਉਨ੍ਹਾਂ ਤੁਅੱਸਬਾਂ ਨਾਲ਼ ਜੂਝ ਰਹੇ ਹਨ ਜੋ ਉਨ੍ਹਾਂ ਖ਼ਿਲਾਫ਼ ਬਸਤੀਵਾਦੀ ਸ਼ਾਸਨ ਦੌਰਾਨ ਘੜ੍ਹ ਦਿੱਤੇ ਗਏ ਸਨ।''
ਬਾਅਦ ਵਿੱਚ ਇਨ੍ਹਾਂ ਵਿੱਚੋਂ ਕੁਝ ਭਾਈਚਾਰਿਆਂ ਨੂੰ ਪਿਛੜੇ ਕਬੀਲੇ (ਐੱਸਟੀ), ਪਿਛੜੀ ਜਾਤੀ (ਐੱਸਸੀ) ਅਤੇ ਹੋਰ ਪਿਛੜੇ ਵਰਗ (ਓਬੀਸੀ) ਜਿਹੀਆਂ ਸ਼੍ਰੇਣੀਆਂ ਵਿੱਚ ਸੂਚੀਬੱਧ ਕਰ ਦਿੱਤਾ ਗਿਆ। ਹਾਲਾਂਕਿ ਅੱਜ ਵੀ 269 ਭਾਈਚਾਰੇ ਅਜਿਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਸੂਚੀ ਵਿੱਚ ਨਹੀਂ ਰੱਖਿਆ ਗਿਆ। 2017 ਦੀ ਰਿਪੋਰਟ ਇਸ ਗੱਲ 'ਤੇ ਮੋਹਰ ਲਾਉਂਦੀ ਹੈ। ਇਹ ਕਦਮ ਉਨ੍ਹਾਂ ਭਾਈਚਾਰਿਆਂ ਨੂੰ ਸਿੱਖਿਆ ਤੇ ਰੁਜ਼ਗਾਰ, ਭੂ-ਵੰਡ, ਰਾਜਨੀਤਕ ਸ਼ਮੂਲੀਅਤ ਤੇ ਰਾਖਵੇਂਕਰਨ ਜਿਹੇ ਕਲਿਆਣਕਾਰੀ ਲਾਭਾਂ ਤੋਂ ਵਾਂਝਿਆ ਰੱਖਦਾ ਹੈ।
ਇਹਨਾਂ ਭਾਈਚਾਰਿਆਂ ਵਿੱਚ ਏਲੱਪਨ ਦੇ ਸ਼ੋਲਗਾ ਭਾਈਚਾਰੇ ਤੋਂ ਇਲਾਵਾ, ਸਰਕਸ ਦੇ ਕਲਾਕਾਰ, ਕਿਸਮਤ ਦੱਸਣ ਵਾਲ਼ੇ, ਸਪੇਰੇ, ਸਸਤੇ ਗਹਿਣੇ, ਗੰਡੇ-ਤਾਬੀਜ਼ ਤੇ ਰਤਨ ਵੇਚਣ ਵਾਲੇ, ਰਵਾਇਤੀ ਜੜ੍ਹੀਆਂ-ਬੂਟੀਆਂ ਵੇਚਣ ਵਾਲ਼ੇ, ਰੱਸੀਆਂ 'ਤੇ ਕਰਤਬ ਦਿਖਾਉਣ ਵਾਲ਼ੇ ਅਤੇ ਸਾਂਡਾਂ ਨੂੰ ਸਿੰਙਾਂ ਤੋਂ ਫੜ੍ਹਨ ਵਾਲੇ ਸ਼ਾਮਲ ਹਨ। ਉਹ ਖ਼ਾਨਾਬਦੋਸ਼ਾਂ ਦੀ ਜ਼ਿੰਦਗੀ ਜੀਉਂਦੇ ਹਨ ਅਤੇ ਉਨ੍ਹਾਂ ਕੋਲ਼ ਰੁਜ਼ਗਾਰ ਦਾ ਕੋਈ ਸਥਾਈ ਸਾਧਨ ਤੱਕ ਨਹੀਂ ਹੈ। ਉਹ ਅਜੇ ਵੀ ਭਟਕਣ ਲਈ ਮਜਬੂਰ ਹਨ ਅਤੇ ਆਪਣੀ ਆਮਦਨੀ ਲਈ ਹਰ ਰੋਜ਼ ਨਵੇਂ-ਨਵੇਂ ਲੋਕਾਂ ਦੀਆਂ ਮਿਹਰਬਾਨੀਆਂ 'ਤੇ ਨਿਰਭਰ ਕਰਦੇ ਹਨ। ਪਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੇ ਆਪਣੀ ਇੱਕ ਥਾਂ ਜ਼ਰੂਰ ਬਣਾ ਰੱਖੀ ਹੈ, ਜਿੱਥੇ ਉਹ ਸਮੇਂ-ਸਮੇਂ 'ਤੇ ਆਉਂਦੇ-ਜਾਂਦੇ ਰਹਿੰਦੇ ਰਨ।
ਮਰਦਮਸ਼ੁਮਾਰੀ ਮੁਤਾਬਕ ਤਾਮਿਲਨਾਡੂ ਦੇ ਪੇਰੂਮਲ ਮੱਟੂਕਰਨ, ਡੋਮਰਾ, ਗੁਡੁਗੁਡੂਪਾਂਡੀ ਅਤੇ ਸ਼ੋਲਗਾ ਭਾਈਚਾਰਿਆਂ ਨੂੰ ਐੱਸਸੀ, ਐੱਸਟੀ ਅਤੇ ਐੱਮਬੀਸੀ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਉਨ੍ਹਾਂ ਦੀ ਵਿਲੱਖਣ ਪਛਾਣ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਉਨ੍ਹਾਂ ਨੂੰ ਅਦੀਅਨ, ਕੱਟੁਨਾਇਕਨ ਅਤੇ ਸੇਂਬਾਨੰਦ ਮਾਰਾਵਰ ਭਾਈਚਾਰਿਆਂ ਵਿੱਚ ਰੱਖਿਆ ਗਿਆ ਹੈ। ਕਈ ਹੋਰ ਰਾਜਾਂ ਵਿੱਚ, ਬਹੁਤ ਸਾਰੇ ਭਾਈਚਾਰਿਆਂ ਨੂੰ ਇਸੇ ਤਰ੍ਹਾਂ ਗ਼ਲਤ-ਸੂਚੀਬੱਧ ਕੀਤਾ ਗਿਆ ਹੈ।
"ਜੇ ਸਾਨੂੰ ਪੜ੍ਹਾਈ ਅਤੇ ਨੌਕਰੀਆਂ ਵਿੱਚ ਰਾਖਵਾਂਕਰਨ ਨਹੀਂ ਮਿਲਦਾ, ਤਾਂ ਸਾਡੇ ਬੱਚੇ ਦੂਜਿਆਂ ਦੇ ਮੁਕਾਬਲੇ ਕਿਤੇ ਵੀ ਖੜ੍ਹੇ ਨਹੀਂ ਹੋ ਸਕਣਗੇ। ਸਾਡੇ ਤੋਂ ਇਹ ਉਮੀਦ ਕਰਨਾ ਕਿ ਬਿਨਾਂ ਕਿਸੇ ਸਹਿਯੋਗ ਦੇ ਅਸੀਂ ਹੋਰਨਾ ਭਾਈਚਾਰਿਆਂ [ਗ਼ੈਰ-ਡੀਐੱਨਟੀ'ਜ ਅਤੇ ਐੱਨਟੀ'ਜ] ਵਿੱਚਕਾਰ ਅੱਗੇ ਵੱਧ ਪਾਵਾਂਗੇ, ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ," ਪਾਂਡੀ ਕਹਿੰਦੇ ਹਨ, ਜੋ ਪੇਰੂਮਲ ਮੱਟੂਕਰਨ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ। ਉਨ੍ਹਾਂ ਦੇ ਭਾਈਚਾਰੇ ਦੇ ਲੋਕ ਸਜਾਏ ਹੋਏ ਬਲਦ ਲੈ ਕੇ ਘੁੰਮਦੇ ਹਨ ਅਤੇ ਲੋਕਾਂ ਕੋਲ਼ੋਂ ਦਾਨ ਲੈ ਕੇ ਆਪਣਾ ਜੀਵਨ ਬਸਰ ਕਰਦੇ ਹਨ। ਇਹ ਭਾਈਚਾਰਾ, ਜਿਸ ਨੂੰ ਬੂਮ ਬੂਮ ਮੱਟੂਕਰਨ ਵੀ ਕਿਹਾ ਜਾਂਦਾ ਹੈ, ਦਾਨ ਮਿਲ਼ਣ ਬਦਲੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਬਾਰੇ ਦੱਸਦਾ ਹੈ ਅਤੇ ਭਜਨ ਸੁਣਾਉਂਦਾ ਹੈ। 2016 ਵਿੱਚ, ਪਿਛੜੇ ਕਬੀਲੇ ਦਾ ਦਰਜਾ ਮਿਲਣ ਤੋਂ ਬਾਅਦ, ਉਨ੍ਹਾਂ ਨੂੰ ਆਦਿਯਨ ਭਾਈਚਾਰੇ ਵਿੱਚ ਸ਼ਾਮਲ ਕਰ ਲਿਆ। ਉਹ ਇਸ ਕਦਮ ਤੋਂ ਸੰਤੁਸ਼ਟ ਨਹੀਂ ਹਨ ਅਤੇ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਪੇਰੂਮਲ ਮੱਟੂਕਰਨ ਵਜੋਂ ਪਛਾਣਨ।
ਜਦੋਂ ਪਾਂਡੀ ਸਾਡੇ ਨਾਲ਼ ਗੱਲ ਕਰ ਰਹੇ ਹੁੰਦੇ ਹਨ, ਉਨ੍ਹਾਂ ਦਾ ਪੁੱਤਰ ਧਰਮਦੋਰਾਈ ਘਰ ਵਾਪਸ ਆ ਜਾਂਦਾ ਹੈ। ਉਸ ਨੇ ਆਪਣੇ ਹੱਥ ਵਿੱਚ ਇੱਕ ਸੁੰਦਰ ਢੰਗ ਨਾਲ਼ ਸਜਾਏ ਹੋਏ ਬਲਦ ਨੂੰ ਰੱਸੀ ਨਾਲ਼ ਫੜ੍ਹਿਆ ਹੋਇਆ ਹੈ। ਉਸ ਦਾ ਥੈਲਾ ਉਸ ਦੇ ਮੋਢੇ 'ਤੇ ਟੰਗਿਆ ਹੋਇਆ ਹੈ, ਜਿਸ ਵਿੱਚ ਉਸ ਨੇ ਦਾਨ ਕੀਤੀਆਂ ਚੀਜ਼ਾਂ ਪਾਈਆਂ ਹੋਈਆਂ ਹਨ ਅਤੇ ਜਿਹੜੀ ਮੋਟੀ ਸਾਰੀ ਕਿਤਾਬ ਉਹਨੇ ਕੱਛੇ ਮਾਰੀ ਹੈ, ਉਸ 'ਤੇ ਲਿਖਿਆ ਹੈ, "ਪ੍ਰੈਕਟੀਕਲ ਰਿਕਾਰਡ ਬੁੱਕ।"
ਧਰਮਾਦੋਰਾਈ, ਮਦੁਰਾਈ ਦੇ ਸਾਕੀਮੰਗਲਮ ਦੇ ਸਰਕਾਰੀ ਹਾਈ ਸਕੂਲ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ। ਵੱਡੇ ਹੋ ਕੇ, ਉਹ ਇੱਕ ਜ਼ਿਲ੍ਹਾ ਕੁਲੈਕਟਰ ਬਣਨਾ ਚਾਹੁੰਦਾ ਹੈ ਅਤੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ, ਉਸਨੂੰ ਪੜ੍ਹਾਈ ਜਾਰੀ ਰੱਖਣ ਦੀ ਲੋੜ ਹੈ। ਇਸ ਲਈ, ਜਦੋਂ ਉਸ ਨੂੰ ਆਪਣੇ ਸਕੂਲ ਲਈ ਸੱਤ ਕਿਤਾਬਾਂ ਖਰੀਦਣੀਆਂ ਪਈਆਂ ਅਤੇ ਪਿਤਾ ਪਾਂਡੀ ਦੁਆਰਾ ਦਿੱਤੇ ਗਏ 500 ਰੁਪਇਆਂ ਨਾਲ਼ ਉਸ ਦੀ ਸੱਤਵੀਂ ਕਿਤਾਬ ਨਾ ਖਰੀਦੀ ਗਈ ਤਾਂ ਧਰਮਦੋਰਾਈ ਨੇ ਖੁਦ ਪੈਸੇ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ।
"ਮੈਂ ਇਸ ਸਜਾਏ ਹੋਏ ਬਲਦ ਨੂੰ ਨਾਲ਼ ਲਿਆ ਤੇ ਤੁਰ ਪਿਆ। ਲਗਭਗ 5 ਕਿਲੋਮੀਟਰ ਤੁਰਨ ਤੋਂ ਬਾਅਦ, ਮੈਂ 200 ਰੁਪਏ ਇਕੱਠੇ ਕੀਤੇ। ਉਹ ਕਹਿੰਦਾ ਹੈ, "ਇੰਨੇ ਪੈਸਿਆਂ ਨਾਲ਼ ਹੀ ਮੈਂ ਇਹ ਕਿਤਾਬ ਖਰੀਦੀ ਹੈ। ਆਪਣੀ ਇਸ ਮਿਹਨਤ ਦੀ ਖੁਸ਼ੀ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਹੈ।
ਤਾਮਿਲਨਾਡੂ ਵਿੱਚ ਡੀਐੱਨਟੀ ਭਾਈਚਾਰਿਆਂ ਦੀ ਗਿਣਤੀ (68) ਸਭ ਤੋਂ ਵੱਧ ਹੈ ਅਤੇ ਐੱਨਟੀ ਭਾਈਚਾਰੇ ਇਸ ਗਿਣਤੀ ਵਿੱਚ ਦੂਜੇ ਨੰਬਰ (60) 'ਤੇ ਆਉਂਦੇ ਹਨ ਅਤੇ ਇਸ ਲਈ, ਪਾਂਡੀ ਨੂੰ ਨਹੀਂ ਲੱਗਦਾ ਕਿ ਧਰਮੋਦਰਈ ਨੂੰ ਇੱਥੇ ਬਿਹਤਰ ਸਿੱਖਿਆ ਮਿਲੇਗੀ। "ਸਾਡਾ ਮੁਕਾਬਲਾ ਹੋਰਨਾਂ ਕਈ ਭਾਈਚਾਰਿਆਂ ਦੇ ਲੋਕਾਂ ਨਾਲ਼ ਹੈ," ਉਹਨਾਂ ਦਾ ਇਸ਼ਾਰਾ ਉਨ੍ਹਾਂ ਭਾਈਚਾਰਿਆਂ ਵੱਲ ਹੈ ਜਿੰਨ੍ਹਾਂ ਨੇ ਲੰਬੇ ਸਮੇਂ ਤੋਂ ਪਿਛੜੇ ਕਬੀਲੇ ਦੇ ਰੁਤਬੇ ਦਾ ਅਨੰਦ ਮਾਣਿਆ ਹੈ। ਤਾਮਿਲਨਾਡੂ ਵਿੱਚ, ਵਿਦਿਅਕ ਅਦਾਰਿਆਂ ਅਤੇ ਨੌਕਰੀਆਂ ਵਿੱਚ 69 ਪ੍ਰਤੀਸ਼ਤ ਸੀਟਾਂ ਪੱਛੜੀਆਂ ਸ਼੍ਰੇਣੀਆਂ (ਬੀਸੀ), ਅਤਿ ਪੱਛੜੇ ਵਰਗ (ਐਮਬੀਸੀ), ਵਨੀਆਰ, ਡੀਐੱਨਟੀ, ਐੱਸਸੀ ਅਤੇ ਐੱਸਟੀ ਭਾਈਚਾਰਿਆਂ ਲਈ ਰਾਖਵੀਆਂ ਹਨ।
*****
"ਅਸੀਂ ਜਿਹੜੇ ਵੀ ਪਿੰਡ ਵਿੱਚੋਂ ਗੁਜ਼ਰਦੇ ਹਾਂ, ਉੱਥੇ ਭਾਵੇਂ ਕੁਝ ਵੀ ਗੁਆਚ ਜਾਂਦਾ ਹੋਵੇ, ਤਾਂ ਸਾਨੂੰ ਹੀ ਸਭ ਤੋਂ ਪਹਿਲਾਂ ਦੋਸ਼ੀ ਠਹਿਰਾਇਆ ਜਾਂਦਾ ਹੈ। ਚਾਹੇ ਉਹ ਮੁਰਗੇ ਹੋਣ, ਗਹਿਣੇ ਹੋਣ ਜਾਂ ਕੱਪੜੇ - ਸਾਨੂੰ ਕੁਝ ਵੀ ਚੋਰੀ ਕਰਨ ਲਈ ਅਪਰਾਧੀ ਮੰਨਿਆ ਜਾਂਦਾ ਹੈ ਅਤੇ ਸਜ਼ਾ ਦਿੱਤੀ ਜਾਂਦੀ ਹੈ, ਕੁੱਟਿਆ ਜਾਂਦਾ ਹੈ ਅਤੇ ਅਪਮਾਨਿਤ ਕੀਤਾ ਜਾਂਦਾ ਹੈ," ਮਹਾਰਾਜਾ ਕਹਿੰਦੇ ਹਨ ਜੋ ਆਪਣੀ ਉਮਰ ਦੇ 30ਵੇਂ ਵਰ੍ਹੇ ਵਿੱਚ ਹਨ।
ਆਰ. ਮਹਾਰਾਜਾ ਡੋਮਮਾਰ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਅਤੇ ਸੜਕਾਂ 'ਤੇ ਕਰਤਬ ਦਿਖਾਉਂਦੇ ਹਨ। ਸਿਵਾਗੰਗਾ ਜ਼ਿਲ੍ਹੇ ਦੇ ਮਨਮਦੁਰਾਈ ਵਿੱਚ ਆਪਣੇ ਪਰਿਵਾਰ ਨਾਲ਼ ਇੱਕ ਬੰਡੀ (ਅਸਥਾਈ ਕਾਫ਼ਲੇ) ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਡੇਰੇ ਵਿੱਚ 24 ਪਰਿਵਾਰ ਰਹਿੰਦੇ ਹਨ ਅਤੇ ਮਹਾਰਾਜਾ ਦਾ ਘਰ ਥ੍ਰੀ-ਵ੍ਹੀਲਰ ਹੈ। ਇਸ ਵਾਹਨ ਨੂੰ ਪੈਕ ਵੀ ਕੀਤਾ ਜਾ ਸਕਦਾ ਹੈ ਅਤੇ ਪਰਿਵਾਰ ਇਹਨੂੰ ਆਪਣੇ ਸਮਾਨ ਲਈ ਇੱਕ ਸਵਾਰੀ ਗੱਡੀ ਵਜੋਂ ਵੀ ਵਰਤ ਸਕਦਾ ਹੈ। ਉਹਨਾਂ ਦੇ ਘਰ ਦਾ ਸਾਰਾ ਸਮਾਨ ਅਤੇ ਤਮਾਸ਼ਾ ਦਿਖਾਉਣ ਦਾ ਸਾਜ਼ੋ-ਸਾਮਾਨ– ਜਿਵੇਂ ਕਿ ਚਟਾਈ, ਸਿਰਹਾਣੇ ਅਤੇ ਮਿੱਟੀ ਦੇ ਤੇਲ ਨਾਲ਼ ਬਲ਼ਣ ਵਾਲ਼ਾ ਸਟੋਵ ਅਤੇ ਨਾਲ਼ ਹੀ ਇੱਕ ਮੈਗਾਫੋਨ, ਆਡੀਓ ਕੈਸੇਟ ਪਲੇਅਰ, ਸੀਖ਼ਾਂ ਅਤੇ ਰਿੰਗ (ਜਿੰਨ੍ਹਾਂ ਦੀ ਵਰਤੋਂ ਉਹ ਕਰਤਬ ਦਿਖਾਉਣ ਲਈ ਕਰਦੇ ਹਨ) – ਵੀ ਉਹਨਾਂ ਦੇ ਨਾਲ਼ ਹੁੰਦੇ ਹਨ।
"ਮੈਂ ਅਤੇ ਮੇਰੀ ਪਤਨੀ ਗੌਰੀ ਸਵੇਰੇ-ਸਵੇਰੇ ਆਪਣੀ ਬੰਡੀ ਤੋਂ ਬਾਹਰ ਨਿਕਲ ਜਾਂਦੇ ਹਾਂ। ਅਸੀਂ ਤਿਰੁਪੱਤੂਰ ਪਹੁੰਚਦੇ ਹਾਂ, ਜੋ ਕਿ ਸਾਡੇ ਰਾਹ ਵਿੱਚ ਪੈਣ ਵਾਲ਼ਾ ਪਹਿਲਾ ਪਿੰਡ ਹੈ, ਅਤੇ ਤਲੈਵਰ (ਪਿੰਡ ਦੇ ਮੁਖੀ) ਕੋਲ਼ੋਂ ਪਿੰਡ ਦੇ ਬਾਹਰਵਾਰ ਡੇਰਾ ਲਾਉਣ ਅਤੇ ਪਿੰਡ ਵਿੱਚ ਆਪਣਾ ਤਮਾਸ਼ਾ ਦਿਖਾਉਣ ਦੀ ਇਜਾਜ਼ਤ ਮੰਗਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਲਾਊਡ ਸਪੀਕਰਾਂ ਅਤੇ ਮਾਈਕ੍ਰੋਫੋਨਾਂ ਲਈ ਬਿਜਲੀ ਕੁਨੈਕਸ਼ਨ ਮੁਹੱਈਆ ਕਰਵਾਉਣ।
ਅਤੇ ਫਿਰ ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਦਾ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਇੱਕ ਘੰਟੇ ਲਈ ਕਰਤਬ ਪੇਸ਼ ਕੀਤੇ ਜਾਂਦੇ ਹਨ, ਇਸ ਤੋਂ ਬਾਅਦ ਇੱਕ ਘੰਟੇ ਲਈ ਗਾਣਿਆਂ ਦੀ ਰਿਕਾਰਡਿੰਗ 'ਤੇ ਫ੍ਰੀਸਟਾਈਲ ਡਾਂਸ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਖੇਡ ਖਤਮ ਹੋਣ ਤੋਂ ਬਾਅਦ, ਉਹ ਇੱਧਰ-ਉੱਧਰ ਘੁੰਮ-ਘੁੰਮ ਕੇ ਦਰਸ਼ਕਾਂ ਨੂੰ ਪੈਸੇ ਦੇਣ ਦੀ ਅਪੀਲ ਕਰਦੇ ਹਨ।
ਬਸਤੀਵਾਦੀ ਯੁੱਗ ਵਿੱਚ, ਡੋਮਮਾਰਾਂ ਨੂੰ ਇੱਕ ਅਪਰਾਧਿਕ ਕਬੀਲੇ ਵਜੋਂ ਚਿੰਨ੍ਹਿਤ ਕੀਤਾ ਗਿਆ ਸੀ। ਹਾਲਾਂਕਿ, ਹੁਣ ਉਨ੍ਹਾਂ ਨੂੰ ਇਸ ਕਲੰਕ ਤੋਂ ਮੁਕਤ ਕਰ ਦਿੱਤਾ ਗਿਆ ਹੈ, "ਉਹ ਹਾਲੇ ਤੀਕਰ ਵੀ ਮੁਸਲਸਲ ਸਹਿਮ ਦੀ ਸਥਿਤੀ ਵਿੱਚ ਰਹਿੰਦੇ ਹਨ। ਤਕਰੀਬਨ ਹਰ ਰੋਜ਼ ਹੀ ਉਨ੍ਹਾਂ 'ਤੇ ਪੁਲਿਸੀਆ ਵਧੀਕੀਆਂ ਅਤੇ ਭੀੜ ਦੇ ਹਮਲਿਆਂ ਦਾ ਨਿਸ਼ਾਨਾ ਬਣਨ ਦੀਆਂ ਖ਼ਬਰਾਂ ਤੈਰਦੀਆਂ ਰਹਿੰਦੀਆਂ ਹਨ'', ਮਦੁਰਾਈ ਸਥਿਤ ਕਮਿਊਨਿਟੀ ਰਾਈਟਸ ਐੱਨਜੀਓ TENT/ਟੈਂਟ (ਦ ਇੰਪਾਵਰਮੈਂਟ ਸੈਂਟਰ ਆਫ ਨੋਮਾਡਸ ਐਂਡ ਟ੍ਰਾਈਬਜ਼) ਸੋਸਾਇਟੀ ਦੀ ਸਕੱਤਰ ਆਰ. ਮਹੇਸ਼ਵਰੀ ਦਾ ਕਹਿਣਾ ਹੈ।
ਉਹ ਕਹਿੰਦੀ ਹਨ ਕਿ ਪਿਛੜੀਆਂ ਜਾਤੀਆਂ ਅਤੇ ਪਿਛੜੇ ਕਬੀਲੇ (ਅੱਤਿਆਚਾਰਾਂ ਦੀ ਰੋਕਥਾਮ) ਐਕਟ ਨੇ ਭਾਵੇਂ ਪਿਛੜੀਆਂ ਜਾਤੀਆਂ ਅਤੇ ਪਿਛੜੇ ਕਬੀਲਿਆਂ ਨੂੰ ਵਿਤਕਰੇ ਅਤੇ ਹਿੰਸਾ ਵਿਰੁੱਧ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਹੈ, ਪਰ ਕਈ ਕਮਿਸ਼ਨਾਂ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਦੁਆਰਾ ਦਿੱਤੇ ਸੁਝਾਵਾਂ ਤੋਂ ਬਾਅਦ ਵੀ ਡੀਐੱਨਟੀ ਅਤੇ ਐੱਨਟੀ ਵਰਗੇ ਕਮਜ਼ੋਰ ਭਾਈਚਾਰਿਆਂ ਲਈ ਕੋਈ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆ ਨਹੀਂ ਹੈ।
ਮਹਾਰਾਜਾ ਦੱਸਦਾ ਹੈ ਕਿ ਡੋਮਮਾਰ ਕਲਾਕਾਰ ਅਕਸਰ ਆਪਣੇ ਘਰਾਂ ਨੂੰ ਵਾਪਸ ਜਾਣ ਤੋਂ ਪਹਿਲਾਂ ਸਾਰਾ ਸਾਲ ਘੁੰਮਦੇ ਰਹਿੰਦੇ ਹਨ। ਗੌਰੀ ਕਹਿੰਦੀ ਹਨ, "ਜਿਸ ਦਿਨ ਮੀਂਹ ਪੈਂਦਾ ਹੋਵੇ ਜਾਂ ਜਦੋਂ ਪੁਲਿਸ ਸਾਡੇ ਤਮਾਸ਼ੇ ਵਿੱਚ ਵਿਘਨ ਪਾਉਂਦੀ ਹੋਵੇ, ਉਸ ਦਿਨ ਅਸੀਂ ਕੁਝ ਵੀ ਨਹੀਂ ਕਮਾ ਪਾਉਂਦੇ। ਅਗਲੇ ਦਿਨ, ਉਹ ਆਪਣਾ ਬੰਡੀ ਕਿਸੇ ਹੋਰ ਪਿੰਡ ਲੈ ਜਾਂਦੇ ਹਨ ਅਤੇ ਆਪਣੀ ਯਾਤਰਾ ਦੇ ਜਾਣੇ-ਪਛਾਣੇ ਰਸਤਿਆਂ ਵਿੱਚੋਂ ਦੀ ਗੁਜ਼ਰਦੇ ਹਨ।
ਉਨ੍ਹਾਂ ਦੇ ਸੱਤ ਸਾਲ ਦੇ ਬੇਟੇ ਮਨੀਮਾਰਨ ਦੀ ਸਕੂਲੀ ਪੜ੍ਹਾਈ ਭਾਈਚਾਰੇ ਦੁਆਰਾ ਸਮੂਹਿਕ ਤੌਰ 'ਤੇ ਨਿਭਾਉਂਦੇ ਹਨ। "ਮੇਰੇ ਭਰਾ ਦਾ ਪਰਿਵਾਰ ਇੱਕ ਸਾਲ ਤੱਕ ਬੱਚਿਆਂ ਦੀ ਦੇਖਭਾਲ ਕਰਨ ਲਈ ਸਾਡੇ ਘਰ ਰਿਹਾ। ਕਈ ਵਾਰ ਮੇਰੇ ਚਾਚਾ ਬੱਚਿਆਂ ਦੀ ਦੇਖਭਾਲ ਕਰਦੇ ਹਨ," ਉਹ ਕਹਿੰਦੇ ਹਨ।
*****
ਆਪਣੇ ਸ਼ਾਨਦਾਰ ਦਿਨਾਂ ਵਿੱਚ, ਰੁਕਮਿਨੀ ਦੇ ਕਰਤਬ ਦੇਖ ਕੇ ਦਰਸ਼ਕਾਂ ਦੇ ਮੂੰਹ ਖੁੱਲ੍ਹੇ ਰਹਿ ਜਾਂਦੇ। ਉਹ ਆਪਣੇ ਵਾਲ਼ਾਂ ਨਾਲ਼ ਬੰਨ੍ਹੇ ਹੋਏ ਇੱਕ ਵਜ਼ਨਦਾਰ ਪੱਥਰ ਨੂੰ ਚੁੱਕ ਲਿਆ ਕਰਦੀ ਸੀ ਅਤੇ ਲੋਹੇ ਦੀਆਂ ਸੀਖਾਂ ਨੂੰ ਮਰੋੜ ਲਿਆ ਕਰਦੀ ਸੀ। ਅੱਜ ਵੀ ਉਹ ਅੱਗ ਦੀ ਮਦਦ ਨਾਲ਼ ਕੀਤੇ ਆਪਣੇ ਖ਼ਤਰਨਾਕ ਕਰਤਬਾਂ ਨਾਲ਼ ਖ਼ਾਸੀ ਭੀੜ ਖਿੱਚ ਲੈਂਦੀ ਹੈ। ਇਹਨਾਂ ਖੇਡਾਂ ਵਿੱਚ ਸੋਟੀ ਘੁਮਾਉਣ, ਸਪਿਨਿੰਗ ਅਤੇ ਹੋਰ ਬਹੁਤ ਸਾਰੇ ਤਮਾਸ਼ੇ ਸ਼ਾਮਲ ਹਨ।
ਸੜਕਾਂ 'ਤੇ ਪ੍ਰਦਰਸ਼ਨ ਕਰਨ ਵਾਲ਼ੀ 37 ਸਾਲਾ ਕਲਾਕਾਰ ਰੁਕਮਿਨੀ ਡੋਮਮਾਰ ਭਾਈਚਾਰੇ ਦੀ ਮੈਂਬਰ ਹਨ ਅਤੇ ਤਾਮਿਲਨਾਡੂ ਦੇ ਸਿਵਾਗੰਗਾ ਜ਼ਿਲ੍ਹੇ ਦੇ ਮਨਮਦੁਰਾਈ ਵਿਖੇ ਰਹਿੰਦੀ ਹਨ।
ਉਹ ਕਹਿੰਦੀ ਹਨ ਕਿ ਗ਼ਲਤ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾਂਦਾ ਹੈ। "ਅਸੀਂ ਭੜਕੀਲਾ ਮੇਕਅੱਪ ਕਰਦੇ ਹਾਂ ਅਤੇ ਲਿਸ਼ਕਣੇ ਕੱਪੜੇ ਪਹਿਨਦੇ ਹਾਂ, ਜਿਸਦਾ ਪੁਰਸ਼ ਗ਼ਲਤ ਮਤਲਬ ਕੱਢਦੇ ਹਨ। ਗ਼ਲਤ ਇਰਾਦੇ ਨਾਲ਼ ਸਾਡੇ ਸਰੀਰ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਨੂੰ ਭੱਦੇ ਬੋਲ ਬੋਲੇ ਜਾਂਦੇ ਹਨ ਅਤੇ ਸਾਨੂੰ ਆਪਣੀ 'ਕੀਮਤ' ਦੱਸਣ ਲਈ ਵੀ ਕਿਹਾ ਜਾਂਦਾ ਹੈ।
ਪੁਲਿਸ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀ। ਜਿਨ੍ਹਾਂ ਬੰਦਿਆਂ ਵਿਰੁੱਧ ਉਹ ਸ਼ਿਕਾਇਤ ਕਰਦੀ ਹਨ, ਉਹ ਉਨ੍ਹਾਂ ਨਾਲ਼ ਵੈਰ ਰੱਖਣ ਲੱਗਦੇ ਹਨ ਅਤੇ ਰੁਕਮਿਨੀ ਦੇ ਅਨੁਸਾਰ, "ਉਹ ਸਾਡੇ ਹੀ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਵਾ ਦਿੰਦੇ ਹਨ ਅਤੇ ਫਿਰ ਪੁਲਿਸ ਸਾਡੇ ਖ਼ਿਲਾਫ਼ ਤੁਰੰਤ ਹੀ ਕਾਰਵਾਈ ਵੀ ਕਰਨ ਲੱਗਦੀ ਹੈ ਅਤੇ ਸਾਨੂੰ ਕੁੱਟਦੀ ਹੈ।''
2022 ਵਿੱਚ, ਐੱਨਟੀ ਭਾਈਚਾਰੇ, ਜਿਸ ਨੂੰ ਸਥਾਨਕ ਲੋਕ ਕਲਾਈਕੁਟਾਡੀਗਲ ਕਹਿੰਦੇ ਹਨ, ਨੂੰ ਪਿਛੜੀ ਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਸੀ।
ਰੁਕਮਿਨੀ ਦਾ ਤਜ਼ਰਬਾ ਸਾਬਕਾ ਡੀਐੱਨਟੀ ਅਤੇ ਐੱਨਟੀ ਦੀ ਤੁਲਨਾ ਵਿੱਚ ਕੋਈ ਅਲੋਕਾਰੀ ਨਹੀਂ। ਹਾਲਾਂਕਿ ਅਪਰਾਧਕ ਕਬੀਲਿਆਂ ਦੇ ਐਕਟ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਕੁਝ ਕੁ ਰਾਜਾਂ ਵਿੱਚ ਇਸ ਦੀ ਥਾਂ ਆਦਤਨ ਅਪਰਾਧੀ ਐਕਟ (ਹੈਬੀਚੁਅਲ ਓਫੈਂਡਰ ਐਕਟ) ਨੂੰ ਅਪਣਾ ਲਿਆ ਸੀ, ਜੋ ਸਮਾਨ ਰਜਿਸਟ੍ਰੇਸ਼ਨ ਅਤੇ ਨਿਗਰਾਨੀ ਪ੍ਰਕਿਰਿਆਵਾਂ 'ਤੇ ਅਧਾਰਤ ਹੈ। ਇਨ੍ਹਾਂ ਦੋਹਾਂ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਪਹਿਲਾਂ ਵਾਂਗਰ ਹੁਣ ਪੂਰੇ ਭਾਈਚਾਰੇ ਨੂੰ ਨਹੀਂ, ਸਗੋਂ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਭਾਈਚਾਰਾ ਪਿੰਡ ਵਿੱਚ ਅਸਥਾਈ ਤੰਬੂਆਂ, ਇੱਟ-ਗਾਰੇ ਦੇ ਬਣੇ ਆਰਜੀ ਕਮਰਿਆਂ ਅਤੇ ਕਾਫਲਿਆਂ ਵਿੱਚ ਰਹਿੰਦਾ ਹੈ। ਰੁਕਮਿਨੀ ਦੀ ਗੁਆਂਢਣ 66 ਸਾਲਾ ਸੇਲਵੀ ਦਾ ਕਹਿਣਾ ਹੈ ਕਿ ਉਸ ਨੂੰ ਯੌਨ ਉਤਪੀੜਨ ਦਾ ਸ਼ਿਕਾਰ ਬਣਾਇਆ ਗਿਆ ਹੈ। ਸੜਕ 'ਤੇ ਕਰਤਬ ਦਿਖਾਉਣ ਵਾਲ਼ੀ ਕਲਾਕਾਰ ਚਾਰ ਬੱਚਿਆਂ ਦੀ ਮਾਂ ਸੇਲਵੀ ਕਹਿੰਦੀ ਹਨ, "ਪਿੰਡ ਦੇ ਬੰਦੇ ਰਾਤ ਨੂੰ ਸਾਡੇ ਤੰਬੂਆਂ ਵਿੱਚ ਵੜ੍ਹ ਜਾਂਦੇ ਹਨ ਅਤੇ ਸਾਡੇ ਨਾਲ਼ ਲੇਟ ਜਾਂਦੇ ਹਨ। ਅਸੀਂ ਗੰਦੀਆਂ ਬਣ ਕੇ ਰਹਿੰਦੀਆਂ ਹਾਂ ਤਾਂ ਜੋ ਉਹ ਸਾਡੇ ਤੋਂ ਦੂਰ ਰਹਿਣ। ਅਸੀਂ ਆਪਣੇ ਵਾਲ਼ਾਂ ਨੂੰ ਕੰਘੀ ਨਹੀਂ ਕਰਦੀਆਂ, ਨਾ ਹੀ ਨਹਾਉਂਦੀਆਂ ਤੇ ਸਾਫ਼ ਕੱਪੜੇ ਪਹਿਨਦੀਆਂ। ਇਸ ਤੋਂ ਬਾਅਦ ਵੀ ਬਦਮਾਸ਼ ਆਪਣੀਆਂ ਬਦਨੀਤੀਆਂ ਤੋਂ ਬਾਜ ਨਹੀਂ ਆਉਂਦੇ।''
ਗੱਲ ਜਾਰੀ ਰੱਖਦਿਆਂ ਸੇਲਵੀ ਦੇ ਪਤੀ ਰੱਤੀਨਮ ਕਹਿੰਦੇ ਹਨ, "ਜਦੋਂ ਅਸੀਂ ਕਿਸੇ ਯਾਤਰਾ 'ਤੇ ਹੁੰਦੇ ਹਾਂ ਤਾਂ ਅਸੀਂ ਇੰਨੇ ਗੰਦੇ ਦਿਖਾਈ ਦਿੰਦੇ ਹਾਂ ਕਿ ਤੁਸੀਂ ਸਾਨੂੰ ਪਛਾਣ ਨਹੀਂ ਸਕੋਗੇ।''
ਭਾਈਚਾਰੇ ਦੀ 19 ਸਾਲਾ ਕੁੜੀ ਤਯੰਮਾ, ਸੱਨਤੀਪੁਡੂਕੁਲਮ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਸਕੂਲੀ ਸਿੱਖਿਆ ਪੂਰੀ ਕਰਨ ਵਾਲ਼ੀ ਆਪਣੇ ਕਬੀਲੇ ਦੀ ਪਹਿਲੀ ਲੜਕੀ ਹੋਵੇਗੀ।
ਹਾਲਾਂਕਿ, ਭਵਿੱਖ ਵਿੱਚ ਕਾਲਜ ਵਿੱਚ ਕੰਪਿਊਟਰ ਦੀ ਪੜ੍ਹਾਈ ਕਰਨ ਦੇ ਉਸ ਦੇ ਸੁਪਨੇ ਨੂੰ ਆਪਣੇ ਮਾਪਿਆਂ ਦੀ ਮਨਜ਼ੂਰੀ ਸ਼ਾਇਦ ਨਾ ਮਿਲ ਸਕੇ।
"ਸਾਡੇ ਵਰਗੇ ਭਾਈਚਾਰੇ ਦੀਆਂ ਕੁੜੀਆਂ ਵਾਸਤੇ ਕਾਲਜ ਕੋਈ ਸੁਰੱਖਿਅਤ ਸਥਾਨ ਨਹੀਂ ਹੈ। ਸਕੂਲ ਵਿੱਚ ' ਸਰਕਸ ਪੋਦਾਰਵਾ ਈਵਾ ' [ਸਰਕਸ ਕਲਾਕਾਰ] ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਵਿਤਕਰਾ ਕੀਤਾ ਜਾਂਦਾ ਹੈ। ਉਸ ਦੀ ਮਾਂ ਲਕਸ਼ਮੀ ਇਸ ਬਾਰੇ ਹੋਰ ਸੋਚਦੀ ਹੈ ਅਤੇ ਕਹਿੰਦੀ ਹੈ, "ਅਤੇ ਉਨ੍ਹਾਂ ਨੂੰ ਦਾਖਲਾ ਕੌਣ ਦੇਵੇਗਾ? ਜੇ ਸਾਨੂੰ ਦਾਖਲਾ ਮਿਲ ਵੀ ਜਾਂਦਾ ਹੈ, ਤਾਂ ਵੀ ਅਸੀਂ ਫੀਸ ਕਿਵੇਂ ਅਦਾ ਕਰਾਂਗੇ?
'ਟੈਂਟ' ਦੀ ਮਹੇਸ਼ਵਰੀ ਦਾ ਕਹਿਣਾ ਹੈ ਕਿ ਇਸੇ ਲਈ ਇਸ ਭਾਈਚਾਰੇ ਦੀਆਂ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਹੈ। ਸੇਲਵੀ ਕਹਿੰਦੀ ਹਨ, "ਜੇ ਜਿਨਸੀ ਸ਼ੋਸ਼ਣ, ਬਲਾਤਕਾਰ ਅਤੇ ਨਜ਼ਾਇਜ ਗਰਭਧਾਰਨ ਵਰਗੀ ਗ਼ਲਤ ਘਟਨਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ।''
ਇਸ ਤਰ੍ਹਾਂ ਇਹਨਾਂ ਭਾਈਚਾਰਿਆਂ ਵਿੱਚ ਔਰਤਾਂ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ – ਨਾ ਸਿਰਫ਼ ਉਹਨਾਂ ਨੂੰ ਆਪਣੇ ਭਾਈਚਾਰੇ ਨਾਲ਼ ਹੁੰਦੇ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ, ਸਗੋਂ ਔਰਤਾਂ ਹੋਣ ਕਰਕੇ ਉਹਨਾਂ ਨੂੰ ਲਿੰਗ ਭੇਦਭਾਵ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
*****
ਤਿੰਨ ਬੱਚਿਆਂ ਦੀ ਮਾਂ 28 ਸਾਲਾ ਹਮਸਾਵਲੀ ਕਹਿੰਦੀ ਹਨ, "16 ਸਾਲ ਦੀ ਉਮਰੇ ਮੇਰਾ ਵਿਆਹ ਹੋ ਗਿਆ ਸੀ। ਮੈਂ ਪੜ੍ਹੀ-ਲਿਖੀ ਨਹੀਂ ਹਾਂ, ਇਸ ਲਈ ਮੈਨੂੰ ਭਵਿੱਖ ਦੱਸਣ ਦਾ ਕਿੱਤਾ ਚੁਣਨਾ ਪਿਆ। ਪਰ ਮੈਂ ਨਹੀਂ ਚਾਹੁੰਦਾ ਕਿ ਆਉਣ ਵਾਲ਼ੀਆਂ ਪੀੜ੍ਹੀਆਂ ਵੀ ਅਜਿਹਾ ਕਰਨ। ਇਸੇ ਲਈ ਮੈਂ ਆਪਣੇ ਸਾਰੇ ਬੱਚਿਆਂ ਨੂੰ ਸਕੂਲ ਭੇਜਦੀ ਹਾਂ।"
ਉਹ ਗੁਡੁਗੁਡੂਪਾਂਡੀ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ ਅਤੇ ਮਦੁਰਈ ਜ਼ਿਲ੍ਹੇ ਦੇ ਪਿੰਡਾਂ ਵਿੱਚ ਘੁੰਮਕੇ ਲੋਕਾਂ ਦੀ ਕਿਸਮਤ ਦੱਸਦੀ ਹਨ। ਇੱਕ ਦਿਨ ਵਿੱਚ, ਉਹ 55 ਘਰਾਂ ਦਾ ਦੌਰਾ ਕਰਦੀ ਹੋਈ ਮੱਧ ਤਾਮਿਲਨਾਡੂ ਵਿੱਚ 40 ਡਿਗਰੀ ਦੇ ਉੱਚ ਤਾਪਮਾਨ ਵਿੱਚ ਦਿਹਾੜੀ ਦਾ ਲਗਭਗ 10 ਕਿਲੋਮੀਟਰ ਪੈਦਲ ਤੁਰਦੀ ਹਨ। 2009 ਵਿੱਚ, ਉਨ੍ਹਾਂ ਦੇ ਪਿੰਡ ਵਿੱਚ ਰਹਿਣ ਵਾਲ਼ੇ ਲੋਕਾਂ ਨੂੰ ਕੱਟੁਨਾਇਕਨ ਭਾਵ ਇੱਕ ਪਿਛੜੇ ਕਬੀਲੇ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ।
ਉਹ ਮਦੁਰਈ ਸ਼ਹਿਰ ਦੀ ਬਸਤੀ ਜੇਜੇ ਨਗਰ ਦੇ ਆਪਣੇ ਘਰ ਵਿੱਚ ਸਾਨੂੰ ਕਹਿੰਦੀ ਹਨ,"ਇਨ੍ਹਾਂ ਘਰਾਂ ਵਿੱਚ ਰਹਿੰਦਿਆਂ ਸਾਨੂੰ ਕੁਝ ਭੋਜਨ ਅਤੇ ਕਦੇ-ਕਦਾਈਂ ਕੁਝ ਅਨਾਜ ਮਿਲ਼ ਜਾਂਦਾ ਹੈ। ਜੇਜੇ ਨਗਰ ਮਦੁਰਾਈ ਜ਼ਿਲ੍ਹੇ ਦੇ ਤਿਰੂਪਰਨਕੁੰਦਰਮ ਕਸਬੇ ਵਿੱਚ ਲਗਭਗ 60 ਪਰਿਵਾਰਾਂ ਦੀ ਇੱਕ ਬਸਤੀ ਹੈ।
ਗੁਡੂਗੁਡੂਪਾਂਡੀ ਭਾਈਚਾਰੇ ਦੇ ਇਸ ਪਿੰਡ ਵਿੱਚ ਨਾ ਤਾਂ ਬਿਜਲੀ ਦਾ ਕੁਨੈਕਸ਼ਨ ਹੈ ਅਤੇ ਨਾ ਹੀ ਸਫਾਈ ਦੀਆਂ ਸਹੂਲਤਾਂ ਹਨ। ਲੋਕ ਬਸਤੀ ਦੇ ਆਲੇ-ਦੁਆਲੇ ਸੰਘਣੀਆਂ ਝਾੜੀਆਂ ਵਿੱਚ ਜੰਗਲ-ਪਾਣੀ (ਸ਼ੌਚ) ਜਾਂਦੇ ਹਨ, ਇਸ ਲਈ ਸੱਪ ਦੇ ਡੰਗਣ ਦੀ ਘਟਨਾ ਆਮ ਗੱਲ ਹੈ। "ਇੱਥੇ ਇੰਨੇ ਲੰਬੇ ਸੱਪ ਹੁੰਦੇ ਹਨ ਜੋ ਕੁੰਡਲੀ ਮਾਰਨ ਤੋਂ ਬਾਅਦ ਵੀ ਮੇਰੀ ਕਮਰ ਦੀ ਉਚਾਈ ਤੱਕ ਪਹੁੰਚ ਸਕਦੇ ਹਨ," ਹਮਸਾਵਲੀ ਕਹਿੰਦੀ ਹਨ।'' ਜਦੋਂ ਮੀਂਹ ਵੇਲ਼ੇ ਸਾਡੇ ਤੰਬੂ ਚੋਣ ਲੱਗਦੇ ਹਨ ਤਦ ਜ਼ਿਆਦਾਤਰ ਪਰਿਵਾਰ 'ਸਟੱਡੀ ਸੈਂਟਰ' ਦੇ ਵੱਡੇ ਸਾਰੇ ਹਾਲ ਵਿੱਚ ਰਾਤ ਕੱਟਦੇ ਹਨ। ਇਸ 'ਸਟੱਡੀ ਸੈਂਟਰ' ਨੂੰ ਇੱਕ ਗ਼ੈਰ-ਸਰਕਾਰੀ ਸੰਸਥਾ ਦੁਆਰਾ ਬਣਾਇਆ ਗਿਆ ਸੀ।
ਹਾਲਾਂਕਿ, ਉਨ੍ਹਾਂ ਦੀ ਆਮਦਨੀ ਇੰਨੀ ਵੀ ਨਹੀਂ ਕਿ ਉਹ ਆਪਣੇ 11, 9 ਅਤੇ 5 ਸਾਲ ਦੇ ਤਿੰਨ ਬੱਚਿਆਂ ਨੂੰ ਰੱਜਵਾਂ ਖਾਣਾ ਦੇ ਪਾਉਣ। "ਮੇਰੇ ਬੱਚੇ ਹਮੇਸ਼ਾ ਬਿਮਾਰ ਰਹਿੰਦੇ ਹਨ। ਡਾਕਟਰ ਕਹਿੰਦਾ ਹੈ, 'ਚੰਗੀ ਖ਼ੁਰਾਕ ਖਾਓ, ਬਿਮਾਰੀ ਨਾਲ਼ ਲੜਨ ਵਾਸਤੇ ਬੱਚਿਆਂ ਨੂੰ ਪੋਸ਼ਣ ਅਤੇ ਊਰਜਾ ਦੀ ਲੋੜ ਹੁੰਦੀ ਹੈ।' ਪਰ ਮੈਂ ਉਨ੍ਹਾਂ ਨੂੰ ਵੱਧ ਤੋਂ ਵੱਧ ਰਾਸ਼ਨ ਵਿੱਚ ਮਿਲ਼ਣ ਵਾਲ਼ੇ ਚੌਲ਼ਾਂ ਦਾ ਬਣਿਆ ਦਲ਼ੀਆ ਤੇ ਰਸਮ ਹੀ ਖੁਆ ਸਕਦੀ ਹਾਂ।''
ਸ਼ਾਇਦ ਇਸੇ ਲਈ ਉਹ ਦ੍ਰਿੜਤਾ ਨਾਲ਼ ਕਹਿੰਦੀ ਹੈ, "ਮੇਰੀ ਪੀੜ੍ਹੀ ਦੇ ਨਾਲ਼ ਇਹ ਕਿੱਤਾ ਖਤਮ ਹੋਣਾ ਚਾਹੀਦਾ ਹੈ।''
ਇਨ੍ਹਾਂ ਭਾਈਚਾਰਿਆਂ ਦੇ ਤਜ਼ਰਬਿਆਂ ਦਾ ਹਵਾਲ਼ਾ ਦਿੰਦੇ ਹੋਏ ਬੀ ਆਰੀ ਬਾਬੂ ਕਹਿੰਦੇ ਹਨ, "ਕਮਿਊਨਿਟੀ ਸਰਟੀਫਿਕੇਟ ਸਿਰਫ ਇੱਕ ਸ਼੍ਰੇਣੀ ਦੇ ਪਛਾਣ ਪੱਤਰ ਹੀ ਨਹੀਂ ਹਨ, ਬਲਕਿ ਮਨੁੱਖੀ ਅਧਿਕਾਰਾਂ ਨੂੰ ਪ੍ਰਾਪਤ ਕਰਨ ਦਾ ਇੱਕ ਸਾਧਨ ਵੀ ਹਨ।'' ਬਾਬੂ, ਮਦੁਰਈ ਦੇ ਅਮੇਰੀਕਨ ਕਾਲਜ ਵਿਖੇ ਸਹਾਇਕ ਪ੍ਰੋਫ਼ੈਸਰ ਹਨ।
ਉਹ ਅੱਗੇ ਕਹਿੰਦੇ ਹਨ, "ਇਹ ਸਰਟੀਫਿਕੇਟ ਸਮਾਜਿਕ ਨਿਆਂ ਦੇ ਨਾਲ਼-ਨਾਲ਼ ਇਨ੍ਹਾਂ ਭਾਈਚਾਰਿਆਂ ਲਈ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਤਾਂ ਜੋ ਸਾਲਾਂ ਤੋਂ ਹੋ ਰਹੀਆਂ ਪ੍ਰਬੰਧਕੀ ਗ਼ਲਤੀਆਂ ਨੂੰ ਸੁਧਾਰਿਆ ਜਾ ਸਕੇ।" ਉਹ ਬੂਫਨ ਦੇ ਮੋਢੀ ਵੀ ਹਨ ਜੋ ਗ਼ੈਰ-ਮੁਨਾਫ਼ੇ ਵਾਲ਼ਾ ਯੂ-ਟਿਊਬ ਚੈਨਲ ਹੈ। ਇਸ ਚੈਨਲ ਨੇ ਮਹਾਂਮਾਰੀ ਅਤੇ ਤਾਲਾਬੰਦੀ ਦੌਰਾਨ ਤਾਮਿਲਨਾਡੂ ਵਿੱਚ ਦੱਬੇ-ਕੁਚਲੇ ਅਤੇ ਕਮਜ਼ੋਰ ਸਮੂਹਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਰਿਕਾਰਡ ਕਰਨ ਦਾ ਕੰਮ ਕੀਤਾ ਹੈ।
*****
ਸਨਤੀਪੁਡੂਕੁਲਮ ਦੇ ਆਪਣੇ ਘਰ ਵਿੱਚ, ਆਰ. ਸੁਪਰਮਾਨੀ ਬੜੇ ਮਾਣ ਨਾਲ਼ ਆਪਣਾ ਵੋਟਰ ਆਈਡੀ ਕਾਰਡ ਦਿਖਾਉਂਦੇ ਹੋਏ ਕਹਿੰਦੇ ਹਨ,"60 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮੈਂ ਇਨ੍ਹਾਂ ਚੋਣਾਂ ਵਿੱਚ (2021 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ) ਵੋਟ ਪਾਈ ਹੈ।" ਗ਼ੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ਼ ਆਧਾਰ ਕਾਰਡ ਜਿਹੇ ਦੂਸਰੇ ਅਧਿਕਾਰਕ ਕਾਗ਼ਜ਼ਾਤ ਵੀ ਉਨ੍ਹਾਂ ਨੂੰ ਸੁਲਭ ਹੋ ਗਏ ਹਨ।
"ਮੈਂ ਪੜ੍ਹਿਆ-ਲਿਖਿਆ ਨਹੀਂ ਹਾਂ, ਇਸ ਲਈ ਮੈਂ ਕੋਈ ਹੋਰ ਕੰਮ ਕਰਕੇ ਰੋਜ਼ੀ-ਰੋਟੀ ਨਹੀਂ ਕਮਾ ਸਕਦਾ। ਸਰਕਾਰ ਨੂੰ ਸਾਨੂੰ ਕੁਝ ਕਿੱਤਾਮੁਖੀ ਸਿਖਲਾਈ ਅਤੇ ਕਰਜ਼ੇ ਦੇਣ ਬਾਰੇ ਸੋਚਣਾ ਚਾਹੀਦਾ ਹੈ। ਇਸ ਨਾਲ਼ ਸਵੈ-ਰੁਜ਼ਗਾਰ ਨੂੰ ਹੁਲਾਰਾ ਮਿਲੇਗਾ," ਉਹ ਕਹਿੰਦੇ ਹਨ।
ਪਿਛਲੇ ਸਾਲ, 15 ਫਰਵਰੀ ਨੂੰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਡੀਐੱਨਟੀ (ਸੀਡ) ਲਈ ਆਰਥਿਕ ਸਸ਼ਕਤੀਕਰਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਹ ਯੋਜਨਾ ਉਨ੍ਹਾਂ ਪਰਿਵਾਰਾਂ 'ਤੇ ਕੇਂਦ੍ਰਿਤ ਕੀਤੀ ਗਈ ਹੈ ਜਿਨ੍ਹਾਂ ਦੀ ਆਮਦਨ ਪ੍ਰਤੀ ਸਾਲ 2.50 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਅਤੇ ਉਹ ਪਰਿਵਾਰ ਜੋ ਕੇਂਦਰ ਜਾਂ ਰਾਜ ਸਰਕਾਰ ਦੀ ਅਜਿਹੀ ਕਿਸੇ ਹੋਰ ਯੋਜਨਾ ਦੇ ਲਾਭਪਾਤਰੀ ਨਹੀਂ ਹਨ।
ਪ੍ਰੈਸ ਰਿਲੀਜ਼ ਵਿੱਚ ਇਨ੍ਹਾਂ ਭਾਈਚਾਰਿਆਂ ਨਾਲ਼ ਵਿਤਕਰੇ ਦੀ ਵੀ ਗੱਲ ਕੀਤੀ ਗਈ ਹੈ, ਅਤੇ "ਵਿੱਤੀ ਸਾਲ 2021-22 ਤੋਂ ਲੈ ਕੇ 2025-26 ਵਿਚਕਾਰ ਪੰਜ ਸਾਲਾਂ ਵਿੱਚ ਲਗਭਗ 200 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਨ ਦੀ ਯੋਜਨਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।'' ਫ਼ਿਲਹਾਲ ਤੱਕ ਕਿਸੇ ਭਾਈਚਾਰੇ ਨੂੰ ਇੱਕ ਵੀ ਪੈਸਾ ਨਹੀਂ ਮਿਲ਼ਿਆ ਹੈ, ਕਿਉਂਕਿ ਅਜੇ ਤੱਕ ਗਣਨਾ ਦਾ ਕੰਮ ਹੀ ਪੂਰਾ ਨਹੀਂ ਹੋਇਆ।
"ਸਾਨੂੰ ਸੰਵਿਧਾਨ ਵਿੱਚ ਐੱਸਸੀ ਅਤੇ ਐੱਸਟੀ ਵਾਂਗਰ ਇੱਕ ਵੱਖਰੀ ਅਤੇ ਸਪੱਸ਼ਟ ਮਾਨਤਾ ਮਿਲਣੀ ਚਾਹੀਦੀ ਹੈ। ਇਹ ਰਾਜ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੋਵੇਗਾ ਕਿ ਸਾਡੇ ਨਾਲ਼ ਪੱਖਪਾਤੀ ਢੰਗ ਨਾਲ਼ ਵਿਵਹਾਰ ਤਾਂ ਨਹੀਂ ਕੀਤਾ ਜਾ ਰਿਹਾ।'' ਉਹ ਢੁੱਕਵੀਂ ਤੇ ਤਰੁੱਟੀ-ਹੀਣ ਗਣਨਾ ਦੀ ਮੰਗ ਕਰਦੇ ਹਨ ਤਾਂ ਜੋ ਭਾਈਚਾਰਿਆਂ ਤੇ ਇਨ੍ਹਾਂ ਦੇ ਮੈਂਬਰਾਂ ਦੀ ਸਹੀ-ਸਹੀ ਪਛਾਣ ਹੋ ਸਕੇ।
ਇਹ ਲੇਖ 2021-22 ਏਸ਼ੀਆ ਪੈਸੀਫਿਕ ਫੋਰਮ ਆਨ ਵੂਮੈਨ , ਲਾਅ ਐਂਡ ਡਿਵੈਲਪਮੈਂਟ (ਏਪੀਡਬਲਯੂਐਲਡੀ) ਮੀਡੀਆ ਫੈਲੋਸ਼ਿਪ ਦੇ ਤਹਿਤ ਲਿਖਿਆ ਗਿਆ ਹੈ।
ਤਰਜਮਾ: ਕਮਲਜੀਤ ਕੌਰ