''ਮੇਰੇ ਗਧੇ ਦਾ ਪਹਾੜੀ ਤੋਂ ਪਾਣੀ ਢੋਂਦੇ ਦਾ ਇਹ ਸਵੇਰ ਦਾ ਇਹ ਤੀਜਾ ਗੇੜਾ ਹੈ।'' ਫਿਰ ਡਾਲੀ ਬਾੜਾ ਨੇ ਡੂੰਘਾ ਹਊਕਾ ਲੈ ਕੇ ਕਿਹਾ,''ਉਹ ਵਿਚਾਰਾ ਹੰਭ ਜਾਂਦਾ ਹੈ ਅਤੇ ਸਾਡੇ ਕੋਲ਼ ਤਾਂ ਉਹਦੇ ਜੋਗਾ ਲੋੜੀਂਦਾ ਚਾਰਾ ਵੀ ਨਹੀਂ ਹੁੰਦਾ।''
ਜਦੋਂ ਮੈਂ 53 ਸਾਲਾ ਡਾਲੀ ਬਾੜਾ ਦੇ ਘਰ ਅੱਪੜੀ ਤਾਂ ਉਹ ਆਪਣੇ ਗਧੇ ਨੂੰ ਰਾਤੀ ਦੀ ਬਚੀ ਉੜਦ ਦਾਲ਼ ਅਤੇ ਘਾਹ ਖੁਆ ਰਹੀ ਸੀ। ਉਨ੍ਹਾਂ ਦੇ ਪਤੀ, ਬਾੜਾਜੀ, ਅਕਾਸ਼ ਵੱਲ ਘੂਰ ਰਹੇ ਸਨ-ਸਮਾਂ ਅੱਧ-ਜੂਨ ਦਾ ਸੀ। ''ਲੱਗਦਾ ਮੀਂਹ ਪਵੇਗਾ,'' ਉਨ੍ਹਾਂ ਨੇ ਬਾਗੜੀ (ਰਾਜਸਥਾਨੀ ਭਾਸ਼ਾ) ਵਿੱਚ ਕਿਹਾ। ''ਮਾਨਸੂਨ ਮੌਕੇ ਪਾਣੀ ਬੜਾ ਗੰਦਲਾ ਹੋ ਜਾਂਦਾ ਹੈ ਅਤੇ ਮੇਰੀ ਪਤਨੀ ਨੂੰ ਅਤੇ ਸਾਡੇ ਗਧੇ ਨੂੰ ਉਹੀ ਗੰਦਾ ਪਾਣੀ ਲਿਆਉਣ ਲਈ ਵੀ ਵਰ੍ਹਦੇ ਮੀਂਹ ਵਿੱਚ ਜਾਣਾ ਪੈਂਦਾ ਹੈ।''
ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਰਿਸ਼ਬਦੇਵ ਤਹਿਸੀਲ ਵਿਖੇ ਕਰੀਬ 1,000 ਲੋਕਾਂ ਦੀ ਵਸੋਂ ਵਾਲ਼ੇ ਪਿੰਡ, ਪਾਚਾ ਪੜਲਾ ਵਿੱਚ, ਜੋ ਕਿ ਉਦੈਪੁਰ ਸ਼ਹਿਰ ਤੋਂ ਕਰੀਬ 70 ਕਿਲੋਮੀਟਰ ਦੂਰ ਹੈ, ਇਨਸਾਨ ਅਤੇ ਜਾਨਵਰ ਦੋਵੇਂ ਵਰਖਾ ਨਾਲ਼ ਭਰਨ ਵਾਲ਼ੇ ਝੀਲ਼ ਤੋਂ ਹੀ ਪਾਣੀ ਪੀਂਦੇ ਹਨ। ਜਦੋਂ ਉਹ ਝੀਲ਼ ਸੁੱਕ ਜਾਂਦੀ ਹੈ ਤਾਂ ਲੋਕ ਜ਼ਮੀਨ ਪੁੱਟ ਪੁੱਟ ਕੇ ਪਾਣੀ ਕੱਢਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਵੱਡੇ ਟੋਏ ਕੂੜੇ ਅਤੇ ਮਿੱਟੀ ਨਾਲ਼ ਭਰ ਜਾਂਦੇ ਹਨ ਤਾਂ ਪੜਲਾ ਦੇ ਲੋਕ ਸਾਫ਼ ਪਾਣੀ ਦੀ ਭਾਲ਼ ਵਿੱਚ ਕੁਝ ਹੋਰ ਟੋਏ ਪੁੱਟਦੇ ਹਨ ਅਤੇ ਕਈ ਪਰਿਵਾਰ ਉਚੇਰੀ ਥਾਂ ਤੋਂ ਪਾਣੀ ਲਿਆਉਣ ਲਈ ਪਾਲਤੂ ਗਧਿਆਂ ਦੀ ਸਹਾਇਤਾ ਲੈਂਦੇ ਹਨ-ਦੂਸਰੇ ਪਿੰਡਾਂ ਦੇ ਲੋਕਾਂ ਦਾ ਪੜਲਾ ਬਾਰੇ ਇਹੀ ਕਹਿਣਾ ਹੈ ਕਿ ਇੱਥੋਂ ਦੇ ਲੋਕ ਪਾਣੀ ਢੋਹਣ ਵਾਸਤੇ ਆਪਣੇ ਗਧਿਆਂ ਦੀ ਸਹਾਇਤਾ ਲੈਂਦੇ ਹਨ।
ਗਧਿਆਂ ਦੁਆਰਾ ਢੋਏ ਗਏ ਪਾਣੀ ਨੂੰ ਕਈ ਘਰੇਲੂ ਕਾਰਜਾਂ ਵਿੱਚ ਵਰਤਿਆ ਜਾਂਦਾ ਹੈ, ਹਾਲਾਂਕਿ ਇੱਥੋਂ ਦੀਆਂ ਔਰਤਾਂ ਅਕਸਰ ਭਾਂਡੇ ਅਤੇ ਕੱਪੜੇ ਚੁੱਕ ਕੇ ਝਰਨੇ ਜਾਂ ਟੋਇਆਂ ਕੋਲ਼ ਲਿਜਾਣ ਦੀ ਕੋਸ਼ਿਸ਼ ਕਰਦੀਆਂ ਹਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਗਧਾ ਇੱਕ ਅਜਿਹਾ ਨਿਵੇਸ਼ ਹੈ ਜਿਸ ਦਾ ਫ਼ਾਇਦਾ ਪੂਰਾ ਸਾਲ ਹੁੰਦਾ ਹੈ, ਕਿਉਂਕਿ ਇਹ ਕਈ ਮਹੀਨਿਆਂ ਤੀਕਰ ਬਗ਼ੈਰ ਥੱਕੇ ਪਹਾੜਾਂ ਤੋਂ ਪਾਣੀ ਢੋਂਹਦਾ ਰਹਿੰਦਾ ਹੈ।
ਡਾਲੀ ਅਤੇ ਬਾੜਾਜੀ ਇੱਕ ਸਥਾਨਕ ਠੇਕੇਦਾਰ ਲਈ ਮਜ਼ਦੂਰੀ ਕਰਦੇ ਹਨ ਅਤੇ ਕੰਮ ਉਪਲਬਧ ਹੋਣ ਦੀ ਸੂਰਤ ਵਿੱਚ 200 ਰੁਪਏ ਦੇ ਕਰੀਬ ਦਿਹਾੜੀ ਕਮਾਉਂਦੇ ਹਨ। ਬਾੜਾਜੀ, ਪਟੇ ਵਾਲ਼ੀ ਇੱਕ ਏਕੜ ਤੋਂ ਵੀ ਘੱਟ ਸਰਕਾਰੀ ਜ਼ਮੀਨ 'ਤੇ ਉੜਦ (ਮਾਂਹ), ਅਰਹਰ, ਮੱਕੀ ਅਤੇ ਸਬਜ਼ੀਆਂ ਬੀਜਦੇ ਹਨ।
ਉਨ੍ਹਾਂ ਨੇ ਸਾਲ 2017 ਵਿੱਚ ਦੂਸਰੇ ਪਰਿਵਾਰ ਤੋਂ 2,500 ਰੁਪਏ ਵਿੱਚ ਇੱਕ ਨਰ ਗਧਾ ਖਰੀਦਿਆ ਸੀ- ਜੋ ਪਾਣੀ ਢੋਹਣ ਦੇ ਕੰਮ ਕਰਦਾ ਹੈ। ਇੰਨਾ ਪੈਸਾ ਬਚਾਉਣ ਲਈ ਉਨ੍ਹਾਂ ਨੂੰ 18 ਮਹੀਨੇ ਲੱਗ ਗਏ, ਉਹ ਦੱਸਦੇ ਹਨ। ਅਹਾਰੀ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਇਸ ਪਰਿਵਾਰ ਕੋਲ਼ ਇੱਕ ਮਾਦਾ ਗਧਾ ਹੈ ਅਤੇ ਇੱਕ ਬੱਚਾ (ਨਰ ਗਧਾ) ਹੈ, ਨਾਲ਼ ਹੀ ਇੱਕ ਬੱਕਰੀ ਅਤੇ ਇੱਕ ਗਾਂ ਵੀ ਹੈ।
ਡਾਲੀ ਬਾੜਾ ਆਪਣਾ ਪਾਣੀ ਦਾ ਕੰਮ ਸਵੇਰੇ 5 ਵਜੇ ਸ਼ੁਰੂ ਕਰਦੀ ਹਨ। ਪਹਾੜੀ ਦੀ ਢਲ਼ਾਣ ਉਤਰਨ ਵੇਲ਼ੇ 30 ਮਿੰਟ ਅਤੇ ਚੜ੍ਹਾਈ ਚੜ੍ਹਨ ਵੇਲ਼ੇ 1 ਘੰਟਾ ਲੱਗਦਾ ਹੈ। ਉਹ ਇੱਕ ਚੱਕਰ ਲਗਾਉਂਦੀ ਹਨ, ਫਿਰ ਘਰ ਦਾ ਕੋਈ ਹੋਰ ਕੰਮ ਕਰਦੀ ਹਨ, ਉਹਦੇ ਬਾਅਦ ਦੋਬਾਰਾ ਗਧੇ ਦੇ ਨਾਲ਼ ਪਹਾੜੀ ਰਸਤਿਓਂ ਹੇਠਾਂ ਜਾਂਦੀ ਹਨ- ਇਹ ਰੁਟੀਨ ਹਰ ਸਵੇਰੇ 10 ਵਜੇ ਤੀਕਰ ਚੱਲਦੀ ਹੈ, ਜਦੋਂ ਉਨ੍ਹਾਂ ਨੇ ਮਜ਼ਦੂਰੀ ਦੇ ਕੰਮ ਲਈ ਨਿਕਲ਼ਣਾ ਹੁੰਦਾ ਹੈ। ਉਹ ਪਲਾਸਟਿਕ ਦੀਆਂ ਕੈਨੀਆ ਪਾਣੀ ਭਰਨ ਲਈ ਵਰਤਦੇ ਹਨ ਜਿਨ੍ਹਾਂ ਨੂੰ ਬੋਰੀਆਂ ਵਿੱਚ ਪਾ ਕੇ ਗਧੇ ਦੇ ਦੋਵੀਂ ਪਾਸੀਂ ਲਮਕਾ ਦਿੱਤਾ ਜਾਂਦਾ ਹੈ। ਹਰੇਕ ਕੈਨੀ ਵਿੱਚ 12-15 ਲੀਟਰ ਪਾਣੀ ਆਉਂਦਾ ਹੈ। ਪਾਣੀ ਦਾ ਭਰਿਆ ਇੱਕ ਭਾਂਡਾ ਉਨ੍ਹਾਂ ਦੇ ਸਿਰ 'ਤੇ ਵੀ ਚੁੱਕਿਆ ਹੁੰਦਾ ਹੈ। ਡਾਲੀ ਅਤੇ ਉਨ੍ਹਾਂ ਦਾ ਗਧਾ ਦੋਵੇਂ ਹੀ ਥੱਕ ਜਾਂਦੇ ਹਨ ਅਤੇ ਪਹਾੜੀ ਦੀ ਚੜ੍ਹਾਈ ਦੌਰਾਨ ਕਿਤੇ ਕਿਤੇ ਥੋੜ੍ਹੀ ਦੇਰ ਅਰਾਮ ਵੀ ਕਰ ਲੈਂਦੇ ਹਨ।
ਉਨ੍ਹਾਂ ਦੇ ਘਰ ਦੀ ਆਪਣੀ ਇਸ ਯਾਤਰਾ ਵੇਲ਼ੇ ਡਾਲੀ, ਉਨ੍ਹਾਂ ਦਾ ਗਧਾ ਅਤੇ ਮੈਂ ਪਾਣੀ ਲਿਆਉਣ ਲਈ ਸਿੱਧੀ ਢਾਲ਼ ਵਾਲ਼ੀ ਪਹਾੜੀ ਰਸਤਿਓਂ ਹੇਠਾਂ ਉਤਰਨਾ ਸ਼ੁਰੂ ਕੀਤਾ। 20 ਮਿੰਟ ਬਾਅਦ, ਅਸੀਂ ਕੰਕੜ-ਪੱਥਰ ਵਾਲ਼ੀ ਇੱਕ ਸਾਫ਼ ਥਾਂ ਜਾ ਅਪੜੇ। ਜਿਸ ਥਾਓਂ ਦੀ ਹੋ ਕੇ ਅਸੀਂ ਲੰਘ ਰਹੇ ਸਾਂ, ਡਾਲੀ ਬਾੜਾ ਨੇ ਦੱਸਿਆ ਕਿ ਇਹ ਥਾਂ ਮਾਨਸੂਨ ਵਿੱਚ ਬਿਲਕੁਲ ਅਲੱਗ ਦਿਖਾਈ ਦਿੰਦੀ ਹੈ- ਇਹ ਸੁੱਕੀ ਜਿਹੀ ਝੀਲ਼ ਸੀ, ਜਿਹਨੂੰ ਸਥਾਨਕ ਲੋਕ ਜਾਬੁਨਾਲਾ ਕਹਿੰਦੇ ਹਨ।
ਅਸੀਂ ਉਦੋਂ ਤੀਕਰ ਤੁਰਦੇ ਰਹੇ ਜਦੋਂ ਤੱਕ ਕਿ ਗਧਾ ਰੁੱਕ ਨਹੀਂ ਗਿਆ; ਉਹਨੂੰ ਆਪਣੀ ਮੰਜ਼ਲ ਦਾ ਪਤਾ ਸੀ। ਡਾਲੀ ਬਾੜਾ ਨੇ ਇੱਕ ਰੱਸੀ ਕੱਢੀ, ਉਹਨੂੰ ਸਟੀਲ ਦੇ ਘੜੇ ਨਾਲ਼ ਬੰਨ੍ਹਿਆ ਅਤੇ ਟੋਬੇ ਉੱਪਰ ਰੱਖੇ ਲੱਕੜ ਦੇ ਮੋਛੇ 'ਤੇ ਖੜ੍ਹੀ ਹੋ ਗਈ। ਪਾਣੀ ਕਰੀਬ 20 ਫੁੱਟ ਹੇਠਾਂ ਸੀ। ਉਨ੍ਹਾਂ ਨੇ ਰੱਸੀ ਉਤਾਂਹ ਖਿੱਚੀ ਅਤੇ ਖ਼ੁਸ਼ ਹੁੰਦੇ ਹੋਏ ਮੈਨੂੰ ਆਪਣੇ ਹੱਥੀਂ ਭਰਿਆ ਪਾਣੀ ਦਿਖਾਇਆ। ਉਨ੍ਹਾਂ ਦੇ ਚਿਹਰੇ 'ਤੇ ਕਿਸੇ ਜਿੱਤ ਜਿਹੀ ਖ਼ੁਸ਼ੀ ਸੀ।
ਰਾਜਸਥਾਨ ਦੀ ਲੂੰਹਦੀ ਗਰਮੀ ਰੁੱਤੇ, ਪਾਣੀ ਦਾ ਪੱਧਰ ਘੱਟ ਹੋ ਜਾਂਦਾ ਹੈ। ਡਾਲੀ ਬਾੜਾ ਨੇ ਕਿਹਾ ਕਿ ਪਰਮਾਤਮਾ ਵੀ ਗਰਮੀਆਂ ਰੁੱਤੇ ਆਪਣੇ ਇਨਸਾਨ ਦਾ ਇਮਤਿਹਾਨ ਲੈਣ ਲੱਗਦਾ ਹੈ। ''ਕਈ ਵਾਰ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਪਰਮਾਤਮਾ ਹੈ ਹੀ ਨਹੀਂ; ਜੇ ਹੁੰਦਾ ਤਾਂ, ਮੇਰੇ ਜਿਹੀਆਂ ਔਰਤਾਂ ਪਾਣੀ ਲਿਆਉਣ ਲਈ ਇੰਨੀ ਬਿਪਤਾ ਕਿਉਂ ਝੱਲ ਰਹੀਆਂ ਹੁੰਦੀਆਂ?''
ਘਰੇ ਪੁੱਜੇ ਤਾਂ ਬਾੜਾਜੀ ਨੇ ਗਧੇ ਤੋਂ ਪਾਣੀ ਦਾ ਭਾਰ ਲਾਹਿਆ। ''ਇਸ ਪਾਣੀ ਨੂੰ ਕਿਸੇ ਵੀ ਤਰ੍ਹਾਂ ਬਰਬਾਦ ਕੀਤਾ ਜਾ ਹੀ ਨਹੀਂ ਸਕਦਾ,'' ਉਨ੍ਹਾਂ ਨੇ ਕਿਹਾ। ਡਾਲੀ ਬਾੜਾ ਨੇ ਅਰਾਮ ਨਹੀਂ ਕੀਤਾ ਤੇ ਪਾਣੀ ਭਰਨ ਲਈ ਹੋਰ ਖਾਲੀ ਭਾਂਡੇ ਲੱਭਣ ਲੱਗੀ। ਉਨ੍ਹਾਂ ਦਾ ਬੇਟਾ, 34 ਸਾਲਾ ਕੁਲਦੀਪ, ਅਹਾਰੀ, ਪੂਰੀ ਰਾਤ ਮੱਕੀ ਪੀਹਣ ਬਾਅਦ ਸੌਂ ਰਿਹਾ ਸੀ। ਸੁੰਨਸਾਨ ਇਲਾਕੇ ਵਿੱਚ ਖ਼ਾਮੋਸ਼ ਇਸ ਘਰ ਵਿੱਚੋਂ ਸਿਰਫ਼ ਇੱਕੋ ਅਵਾਜ਼ ਆ ਰਹੀ ਸੀ, ਉਹ ਸੀ ਬਾੜਾਜੀ ਦੀ ਸਟੀਲ ਦੇ ਲੋਟੇ ਵਿੱਚੋਂ ਗਟ ਗਟ ਪਾਣੀ ਪੀਣ ਦੀ ਅਵਾਜ਼।
ਤਰਜਮਾ: ਨਿਰਮਲਜੀਤ ਕੌਰ