ਤਾਉਮਰ
ਦਿਨ-ਰਾਤ ਮੈਂ ਉਸੇ ਬੇੜੀ ਨੂੰ ਖਿੱਚਦਾ ਰਿਹਾਂ
ਜਿਹਦਾ ਕਿਤੇ ਕੋਈ ਕਿਨਾਰਾ ਹੀ ਨਹੀਂ ਸੀ।
ਇੰਨਾ ਵਿਸ਼ਾਲ ਸਮੁੰਦਰ ਤੇ
ਫਿਰ ਤੂਫ਼ਾਨ ਆਉਂਦਾ ਏ;
ਨਹੀਂ ਲੱਭ ਪਾਉਂਦਾ ਕੋਈ ਕਿਨਾਰਾ ਵੀ
ਜਿੱਥੇ ਮੈਂ ਅੱਪੜ ਸਕਾਂ।
ਪਰ
ਮੈਂ ਚੱਪੂ ਲਾਂਭੇ ਵੀ ਨਹੀਂ ਰੱਖ ਸਕਦਾ।

ਅਤੇ ਉਨ੍ਹਾਂ ਨੇ ਕਦੇ ਹਾਰ ਨਾ ਮੰਨੀ, ਇੱਥੋਂ ਤੱਕ ਕਿ ਆਪਣੀ ਜ਼ਿੰਦਗੀ ਦੇ ਅਖ਼ੀਰੀ ਪਲਾਂ ਵਿੱਚ ਵੀ ਨਹੀਂ, ਜਦੋਂ ਉਹ ਫੇਫੜਿਆਂ ਦੇ ਕੈਂਸਰ ਨਾਲ਼ ਜੂਝ ਰਹੇ ਸਨ।

ਉਹ ਸਮਾਂ ਦਰਦਨਾਕ ਸੀ। ਉਨ੍ਹਾਂ ਨੂੰ ਅਕਸਰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ। ਜੋੜਾਂ ਵਿੱਚ ਦਰਦ ਰਹਿੰਦਾ। ਅਨੀਮੀਆ, ਲਗਾਤਾਰ ਭਾਰ ਘਟਣਾ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਸਨ। ਜੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਹਿਣਾ ਪੈਂਦਾ ਤਾਂ ਉਹ ਬਹੁਤ ਹੀ ਥੱਕ ਜਾਂਦੇ। ਫਿਰ ਵੀ ਵਜੈ ਸਿੰਘ ਪਾਰਗੀ ਨੇ ਹਸਪਤਾਲ ਦੇ ਕਮਰੇ ਵਿੱਚ ਸਾਡਾ ਸਵਾਗਤ ਕੀਤਾ ਅਤੇ ਜ਼ਿੰਦਗੀ ਅਤੇ ਕਵਿਤਾ ਬਾਰੇ ਗੱਲ ਕਰਨ ਲਈ ਸਹਿਮਤ ਹੋ ਗਏ।

ਦਾਹੋਦ ਦੇ ਇਟਾਵਾ ਪਿੰਡ ਦੇ ਗ਼ਰੀਬ ਭੀਲ ਆਦਿਵਾਸੀ ਭਾਈਚਾਰੇ ਦੇ ਇੱਕ ਪਰਿਵਾਰ ਵਿੱਚ 1963 (ਆਧਾਰ ਕਾਰਡ ਦੇ ਅਨੁਸਾਰ) ਵਿੱਚ ਉਨ੍ਹਾਂ ਦਾ ਜਨਮ ਹੋਇਆ ਅਤੇ ਉਦੋਂ ਤੋਂ ਹੀ ਜ਼ਿੰਦਗੀ ਕਦੇ ਵੀ ਉਨ੍ਹਾਂ ਪ੍ਰਤੀ ਦਿਆਲੂ ਨਾ ਰਹੀ।

ਚਿਸਕਾ ਭਾਈ ਅਤੇ ਚਤੁਰਾ ਬੇਨ ਦੇ ਸਭ ਤੋਂ ਵੱਡੇ ਪੁੱਤਰ ਵਜੋਂ ਵੱਡੇ ਹੋਣ ਦੇ ਆਪਣੇ ਤਜ਼ਰਬਿਆਂ ਨੂੰ ਸੰਖੇਪ ਵਿੱਚ ਦੱਸਦੇ ਹੋਏ, ਵਜੈ ਸਿੰਘ ਇੱਕ ਸ਼ਬਦ ਬਾਰ-ਬਾਰ ਬੋਲਦੇ ਜਾਂਦੇ ਹਨ, "ਗ਼ਰੀਬੀ ... ਗ਼ਰੀਬੀ। ਅਤੇ ਫਿਰ ਉਹ ਕੁਝ ਪਲਾਂ ਲਈ ਖ਼ਾਮੋਸ਼ ਹੋ ਜਾਂਦੇ ਹਨ। ਆਪਣੀਆਂ ਡੂੰਘੀਆਂ ਦਰਦਭਰੀਆਂ ਅੱਖਾਂ ਨੂੰ ਪੂੰਝਦੇ ਹੋਏ ਆਪਣਾ ਚਿਹਰਾ ਦੂਜੇ ਵੱਲ ਮੋੜ ਲੈਂਦੇ ਹਨ। ਇਹ ਅਹਿਸਾਸ ਕੁਝ ਕੁਝ ਇਵੇਂ ਹੈ ਜਿਵੇਂ ਤੁਸੀਂ ਬਚਪਨ ਦੀਆਂ ਧੁੰਦਲੀਆਂ ਤਸਵੀਰਾਂ ਤੋਂ ਛੁਟਕਾਰਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਹੋਵੋ ਜੋ ਅੱਖਾਂ ਦੇ ਸਾਹਮਣੇ ਤੈਰਦੀਆਂ ਹਨ। "ਘਰ ਵਿੱਚ ਕਦੇ ਵੀ ਪੈਸੇ ਨਾ ਹੁੰਦੇ ਤੇ ਨਾ ਹੀ ਰਜਵਾਂ ਖਾਣਾ।''

ਮੁੱਕ ਜਾਣੀ ਏ ਜ਼ਿੰਦਗੀ ਵੀ
ਪਰ ਰੋਜ਼ ਰੋਜ਼ ਦਾ ਖੱਪਣਾ ਨਹੀਂ ਮੁੱਕਣਾ।
ਰੋਟੀ ਦਾ ਘੇਰਾ
ਬੜਾ ਈ ਵੱਡਾ
ਇੰਨਾ ਕਿ ਧਰਤੀ ਛੋਟੀ ਪੈ ਜਾਂਦੀ ਏ।
ਰੋਟੀ ਦਾ ਮੁੱਲ ਵੀ
ਭੁੱਖੇ ਜਿਊਣ ਵਾਲ਼ੇ ਈ ਜਾਣਦੇ ਨੇ,
ਜੋ ਖਿੱਚ ਲੈ ਜਾਂਦੀ ਏ ਹਨ੍ਹੇਰ-ਖ਼ੂਹਾਂ ਅੰਦਰ।

ਦਾਹੋਦ ਦੇ ਕੈਜਰ ਮੈਡੀਕਲ ਨਰਸਿੰਗ ਹੋਮ ਵਿੱਚ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਵਜੈ ਸਿੰਘ ਨੇ ਆਪਣੇ ਬਿਸਤਰੇ 'ਤੇ ਲੇਟੇ-ਲੇਟੇ ਸਾਨੂੰ ਆਪਣੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ

ਇਸ ਆਦਿਵਾਸੀ ਕਵੀ ਨੂੰ ਆਪਣੀਆਂ ਕਵਿਤਾਵਾਂ ਦਾ ਪਾਠ ਕਰਦੇ ਸੁਣੋ

"ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਸਾਡੇ ਮਾਪਿਆਂ ਦਾ ਜੀਵਨ ਅਜਿਹਾ ਸੀ ਜਿਸ 'ਤੇ ਸਾਨੂੰ ਕੋਈ ਮਾਣ ਨਹੀਂ ਸੀ," ਵਜੈ ਸਿੰਘ ਪ੍ਰਵਾਨਗੀ ਦੇ ਸੁਰ ਵਿੱਚ ਕਹਿੰਦੇ ਹਨ। ਉਨ੍ਹਾਂ ਦਾ ਪਹਿਲਾਂ ਤੋਂ ਹੀ ਕਮਜ਼ੋਰ-ਮਾੜੂ ਢਾਂਚਾ ਇਸ ਡੂੰਘੀ ਪੀੜ ਅਤੇ ਸ਼ਰਮ ਦੇ ਭਾਰ ਹੇਠ ਹੋਰ ਵੀ ਸੁੰਗੜ ਗਿਆ ਜਾਪਦਾ ਹੈ,"ਮੈਨੂੰ ਪਤਾ ਏ ਮੈਨੂੰ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ, ਬੱਸ ਮੂੰਹੋਂ ਹੀ ਨਿਕਲ਼ ਗਿਐ ..." ਦਾਹੋਦ ਦੇ ਕੈਜਰ ਮੈਡੀਕਲ ਨਰਸਿੰਗ ਹੋਮ ਦੇ ਛੋਟੇ ਜਿਹੇ ਕਮਰੇ ਦੇ ਇੱਕ ਕੋਨੇ ਵਿੱਚ ਪਏ ਟੀਨ ਦੇ ਸਟੂਲ 'ਤੇ ਬੈਠੀ, ਉਨ੍ਹਾਂ ਦੀ ਬਜ਼ੁਰਗ ਮਾਂ, ਜਿਨ੍ਹਾਂ ਦੀ ਉਮਰ ਲਗਭਗ 85 ਸਾਲ ਹੈ, ਉੱਚਾ ਸੁਣਦੀ ਹਨ। "ਮੈਂ ਸਿਰਫ਼ ਆਪਣੇ ਮਾਪਿਆਂ ਨੂੰ ਸੰਘਰਸ਼ ਈ ਕਰਦੇ ਵੇਖਿਆ।  ਦੋਵੇਂ ਖੇਤ ਮਜ਼ਦੂਰੀ ਕਰਦੇ ਸਨ।'' ਉਨ੍ਹਾਂ ਦੀਆਂ ਦੋ ਭੈਣਾਂ, ਚਾਰ ਭਰਾ ਅਤੇ ਮਾਪੇ ਪਿੰਡ ਵਿਖੇ ਇੱਕ ਛੋਟੇ ਜਿਹੇ, ਇੱਕ ਕਮਰੇ ਦੇ, ਇੱਟਾਂ ਅਤੇ ਗਾਰੇ ਦੇ ਘਰ ਵਿੱਚ ਰਹਿੰਦੇ ਸਨ। ਇੱਥੋਂ ਤੱਕ ਕਿ ਜਦੋਂ ਵਜੈ ਸਿੰਘ ਇਟਾਵਾ ਛੱਡ ਕੇ ਰੁਜ਼ਗਾਰ ਦੀ ਭਾਲ ਵਿੱਚ ਅਹਿਮਦਾਬਾਦ ਆਏ ਸਨ, ਤਾਂ ਉਹ ਥਲਤੇਜ ਦੀ ਚੌਲ (ਵਿਹੜੇ) ਵਿੱਚ ਇੰਨੇ ਛੋਟੇ ਕਮਰੇ ਵਿੱਚ (ਕਿਰਾਏ ਦੇ) ਰਹਿੰਦੇ ਸਨ, ਜਿਸ ਨੂੰ ਸ਼ਾਇਦ ਹੀ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਦੇਖਿਆ ਹੋਵੇਗਾ।

ਮੈਂ ਖੜ੍ਹਾ ਹੋਵਾਂ,
ਤਾਂ ਛੱਤ ਨਾਲ਼ ਟਕਰਾ ਜਾਂਦਾ ਹਾਂ
ਸਿੱਧਾ ਲੇਟਾ ਤਾਂ
ਕੰਧ ਨਾਲ਼ ਖਹਿ ਜਾਂਦਾ ਹਾਂ।
ਬੱਸ ਕਿਸੇ ਤਰ੍ਹਾਂ ਕੱਟ ਹੀ ਲਈ ਏ ਹਯਾਤੀ
ਇੱਥੇ ਈ, ਇੰਝ ਸੁੰਗੜ ਕੇ।
ਜਿਓਂ ਮਾਂ ਦੀ ਕੁੱਖ ਅੰਦਰ ਸੁੰਗੜ ਕੇ ਪਏ ਰਹਿਣਾ
ਛੁੱਟ ਨਾ ਸਕੀ ਇਹ ਆਦਤ ਵੀ।

ਵੰਚਨਾ ਦੀ ਇਹ ਵਿਰਾਸਤ ਇਕੱਲੇ ਵਜੈ ਸਿੰਘ ਦੀ ਨਹੀਂ ਸੀ; ਭੁੱਖ ਅਤੇ ਗ਼ਰੀਬੀ ਉਸ ਖੇਤਰ ਵਿੱਚ ਇੱਕ ਸਦੀਆਂ ਪੁਰਾਣਾ ਤੱਥ ਰਿਹਾ ਹੈ ਜਿੱਥੇ ਕਵੀ ਦਾ ਪਰਿਵਾਰ ਰਹਿੰਦਾ ਹੈ। ਦਾਹੋਦ ਜ਼ਿਲ੍ਹੇ ਦੀ ਲਗਭਗ 74 ਪ੍ਰਤੀਸ਼ਤ ਆਬਾਦੀ ਅਨੁਸੂਚਿਤ ਕਬੀਲਿਆਂ ਨਾਲ਼ ਸਬੰਧਤ ਹੈ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਖੇਤੀਬਾੜੀ ਨਾਲ਼ ਜੁੜੇ ਹੋਏ ਹਨ। ਪਰ ਛੋਟੀਆਂ ਜੋਤਾਂ ਅਤੇ ਜ਼ਿਆਦਾਤਰ ਖ਼ੁਸ਼ਕ ਅਤੇ ਸੋਕੇ ਦੀ ਸੰਭਾਵਨਾ ਵਾਲ਼ੀ ਅਤੇ ਘੱਟ ਉਤਪਾਦਕਤਾ ਵਾਲ਼ੀ ਜ਼ਮੀਨ ਉਚਿਤ ਆਮਦਨ ਦੀ ਗਰੰਟੀ ਨਹੀਂ ਦਿੰਦੀ। ਤਾਜ਼ਾ ਬਹੁ-ਆਯਾਮੀ ਗ਼ਰੀਬੀ ਸਰਵੇਖਣ ਦੇ ਅਨੁਸਾਰ, ਇਸ ਖੇਤਰ ਵਿੱਚ ਗ਼ਰੀਬੀ ਦੀ ਦਰ ਅਜੇ ਵੀ ਰਾਜ ਵਿੱਚ ਸਭ ਤੋਂ ਵੱਧ 38.27 ਪ੍ਰਤੀਸ਼ਤ ਹੈ।

ਆਪਣੀ ਜ਼ਿੰਦਗੀ ਬਾਰੇ ਗੱਲ ਕਰਦਿਆਂ, ਵਜੈ ਸਿੰਘ ਦੀ ਮਾਂ ਚਤੁਰਬੇਨ ਕਹਿੰਦੀ ਹੈ, " ਗਨੀ ਤਕਲੀ ਕਰੀ ਨੇ ਮੋਟਾ ਕਰੀਆ ਸੇ ਏ ਲੋਕੋਨੇ ਧੰਦਾ ਕਰੀ ਕਰੀ ਨਾ ਮਜ਼ੂਰੀ ਕਰੀਨੇ, ਘੇਰਨੂ ਕਰੀਨੇ, ਬਿਝਾਨੂ ਕਰੀਨੇ ਖਾਵਾਦਯੂ ਛ। (ਮੈਂ ਸਖ਼ਤ ਮਿਹਨਤ ਕੀਤੀ ਹੈ। ਘਰ ਵਿੱਚ ਕੰਮ ਕੀਤਾ ਹੈ, ਦੂਜਿਆਂ ਦੇ ਘਰਾਂ ਵਿੱਚ ਕੰਮ ਕੀਤਾ ਹੈ, ਅਤੇ ਕਿਸੇ ਤਰ੍ਹਾਂ ਉਨ੍ਹਾਂ ਦੇ ਖਾਣ ਦਾ ਬੰਦੋਬਸਤ ਕੀਤਾ ਹੈ।)''  ਕਈ ਵਾਰ ਬੱਚੇ ਸਿਰਫ਼ ਜਵਾਰ ਦਾ ਦਲੀਆ ਖਾ ਕੇ ਜਿਉਂਦੇ ਰਹੇ ਅਤੇ ਭੁੱਖੇ ਸਕੂਲ ਜਾਂਦੇ ਰਹੇ। ਉਹ ਕਹਿੰਦੇ ਹਨ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਦੇ ਵੀ ਸੌਖਾ ਨਾ ਰਿਹਾ।

ਗੁਜਰਾਤ ਦੇ ਵਾਂਝੇ ਭਾਈਚਾਰਿਆਂ ਦੀ ਆਵਾਜ਼ ਨੂੰ ਸਮਰਪਿਤ ਮੈਗਜ਼ੀਨ 'ਦਿ ਇੰਟਰਪ੍ਰੀਜ਼ਨ' ਦੇ 2009 ਦੇ ਅੰਕ ਲਈ ਲਿਖੀ ਦੋ ਭਾਗਾਂ ਦੀ ਯਾਦ ਵਿੱਚ, ਵਜੈ ਸਿੰਘ ਨੇ ਇੱਕ ਵੱਡੇ ਦਿਲ ਵਾਲ਼ੇ ਆਦਿਵਾਸੀ ਪਰਿਵਾਰ ਦੀ ਗੱਲ ਕੀਤੀ। ਜੋਖੋ ਡਾਮੋਰ ਅਤੇ ਉਨ੍ਹਾਂ ਦਾ ਪਰਿਵਾਰ, ਇੱਕ ਸ਼ਾਮ ਸਿਰਫ਼ ਇਸਲਈ ਭੁੱਖਾ ਰਿਹਾ ਕਿ ਉਹ ਵਜੈ ਸਿੰਘ ਅਤੇ ਉਨ੍ਹਾਂ ਚਾਰ-ਪੰਜ ਦੋਸਤਾਂ ਨੂੰ ਖੁਆ ਸਕਣ ਜੋ ਮੀਂਹ ਵਿੱਚ ਫਸ ਗਏ ਸਨ। ਮੀਂਹ ਵਿੱਚ ਫਸਣ ਤੇ ਜੋਖੋ ਦੇ ਘਰ ਪਨਾਹ ਲੈਣ ਨੂੰ ਲੈ ਕੇ ਵਜੈ ਸਿੰਘ ਕਹਿੰਦੇ ਹਨ," ਭਾਦਰਵੋ ਸਾਡੇ ਲਈ ਭੁੱਖ ਦਾ ਮਹੀਨਾ ਰਹਿੰਦਾ।'' ਗੁਜਰਾਤ ਵਿੱਚ ਪ੍ਰਚਲਿਤ ਹਿੰਦੂ ਵਿਕਰਮ ਸੰਮਤ ਕੈਲੰਡਰ ਦੇ ਅਨੁਸਾਰ ਭਾਦਰਵ ਗਿਆਰਵਾਂ ਮਹੀਨਾ ਹੈ, ਜੋ ਗ੍ਰੈਗੋਰੀਅਨ ਕੈਲੰਡਰ ਵਿੱਚ ਸਤੰਬਰ ਦੇ ਆਸ ਪਾਸ ਆਉਂਦਾ ਹੈ।

"ਭੰਡਾਰ ਕੀਤਾ ਅਨਾਜ ਖ਼ਤਮ ਹੋਣ ਲੱਗਦਾ; ਬੀਜਿਆ ਅਨਾਜ ਵੀ ਹਾਲੇ ਪੱਕਿਆ ਨਾ ਹੁੰਦਾ। ਇੰਝ ਹਰੇ-ਭਰੇ ਖੇਤਾਂ ਦੇ ਬਾਵਜੂਦ ਵੀ ਸਾਨੂੰ ਫ਼ਾਕੇ ਕੱਟਣੇ ਪੈਂਦੇ। ਕੁਝ ਵਿਰਲੇ ਘਰ ਹੀ ਹੁੰਦੇ ਜਿਨ੍ਹਾਂ ਦਾ ਚੁੱਲ੍ਹਾ ਇਨ੍ਹੀਂ ਮਹੀਨੀਂ ਵੀ ਦੋ ਵਕਤ ਮੱਘਦਾ। ਜੇ ਪਿਛਲਾ ਸਾਲ ਵੀ ਸੋਕੇ ਵਾਲ਼ਾ ਰਿਹਾ ਹੁੰਦਾ ਤਾਂ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਘਰਾਂ ਵਿੱਚ ਭੁੰਨਿਆ ਜਾਂ ਉਬਲ਼ਿਆ ਮਹੂਆ ਹੀ ਜਿਊਣ ਦਾ ਸਹਾਰਾ ਰਹਿੰਦਾ। ਸਾਡੇ ਭਾਈਚਾਰੇ ਵਾਸਤੇ ਗ਼ਰੀਬੀ ਕਿਸੇ ਸ਼ਰਾਪ ਤੋਂ ਘੱਟ ਨਹੀਂ।''

Left: The poet’s house in his village Itawa, Dahod.
PHOTO • Umesh Solanki
Right: The poet in Kaizar Medical Nursing Home with his mother.
PHOTO • Umesh Solanki

ਖੱਬੇ ਪਾਸੇ: ਦਾਹੋਦ ਦੇ ਇਟਾਵਾ ਪਿੰਡ ਵਿੱਚ ਕਵੀ ਦਾ ਘਰ। ਸੱਜੇ ਪਾਸੇ: ਕੈਜਰ ਮੈਡੀਕਲ ਨਰਸਿੰਗ ਹੋਮ ਵਿੱਚ ਆਪਣੀ ਮਾਂ ਨਾਲ਼ ਕਵੀ

ਵਜੈ ਸਿੰਘ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਲੋਕ ਭੁੱਖ ਨਾਲ਼ ਮਰ ਜ਼ਰੂਰ ਜਾਂਦੇ ਪਰ ਅੱਜ ਦੀ ਪੀੜ੍ਹੀ ਵਾਂਗ ਘਰ-ਪਿੰਡ ਛੱਡ ਕੇ ਖੇੜਾ, ਵਡੋਦਰਾ, ਅਹਿਮਦਾਬਾਦ ਮਜ਼ਦੂਰੀ ਕਰਨ ਨਾ ਜਾਂਦੇ ਹਨ। ਭਾਈਚਾਰੇ ਅੰਦਰ ਸਿੱਖਿਆ ਦੀ ਬਹੁਤੀ ਮਹੱਤਤਾ ਨਹੀਂ ਸੀ। "ਅਸੀਂ ਡੰਗਰ ਚਾਰ ਲੈਂਦੇ ਜਾਂ ਫਿਰ ਸਕੂਲ ਜਾਂਦੇ, ਸਾਡੇ ਲਈ ਇੱਕੋ ਹੀ ਗੱਲ ਸੀ। ਸਾਡੇ ਮਾਪਿਆਂ ਅਤੇ ਮਾਸਟਰਾਂ ਦੀ ਵੀ ਸਿਰਫ਼ ਇੱਕੋ ਇੱਛਾ ਰਹਿੰਦੀ ਕਿ ਬੱਚਿਆਂ ਨੂੰ ਪੜ੍ਹਨਾ ਤੇ ਲਿਖਣਾ ਆਉਣਾ ਚਾਹੀਦਾ। ਇੱਥੇ ਕਿਸੇ ਨੇ ਅੱਗੇ ਪੜ੍ਹ ਕੇ ਦੁਨੀਆ 'ਤੇ ਰਾਜ ਥੋੜ੍ਹੀ ਕਰਨਾ ਹੈ!''

ਹਾਲਾਂਕਿ, ਵਜੈ ਸਿੰਘ ਦੇ ਸੁਪਨੇ ਉੱਡ ਕੇ ਰੁੱਖੀਂ ਬਹਿਣ, ਪੰਛੀਆਂ ਨਾਲ਼ ਗੱਲਾਂ ਕਰਨ, ਪਰੀ ਖੰਭਾਂ 'ਤੇ ਬੈਠਣ ਅਤੇ ਸਮੁੰਦਰ ਪਾਰ ਕਰਨ ਦੇ ਸਨ। ਉਨ੍ਹਾਂ ਨੂੰ ਉਮੀਦਾਂ ਸਨ - ਦੇਵਤੇ ਉਨ੍ਹਾਂ ਨੂੰ ਮੁਸ਼ਕਲਾਂ ਤੋਂ ਬਚਾ ਲੈਣਗੇ, ਸੱਚ ਦੀ ਜਿੱਤ ਅਤੇ ਝੂਠ ਦੀ ਹਾਰ ਹੋਵੇਗੀ। ਪਰਮਾਤਮਾ ਭੋਲੇ-ਭਾਲੇ ਲੋਕਾਂ ਦਾ ਢਿੱਡ ਭਰੇਗਾ; ਜਿਵੇਂ ਦਾਦਾ ਜੀ ਦੀ ਕਹਾਣੀ ਵਿੱਚ ਹੁੰਦਾ ਸੀ। ਪਰ ਜ਼ਿੰਦਗੀ ਇਸ ਕਲਪਨਾ ਦੇ ਬਿਲਕੁਲ ਉਲਟ ਨਿਕਲੀ।

ਫਿਰ ਵੀ ਉਮੀਦ ਦਾ ਉਹ ਬੀਜ
ਕਦੇ ਸੁੱਕਿਆ ਨਾ
ਜੋ ਕਦੇ ਦਾਦਾ ਜੀ ਨੇ ਬੀਜਿਆ ਸੀ-
ਕਿ ਕੋਈ ਚਮਤਕਾਰ ਹੋ ਸਕਦਾ ਏ।
ਇਸੇ ਲਈ ਮੈਂ ਜੀ ਰਿਹਾ ਆਂ
ਇਹ ਨਾ-ਕਾਬਿਲੇ-ਬਰਦਾਸ਼ਤ ਜੀਵਨ ਵੀ
ਅੱਜ ਵੀ, ਹਰ ਰੋਜ਼ ਵੀ,
ਇਸੇ ਉਮੀਦ ਵਿੱਚ
ਕਿ ਕੋਈ ਚਮਤਕਾਰ ਹੋਣ ਵਾਲ਼ਾ ਏ।

ਇਸੇ ਇੱਕ ਉਮੀਦ ਦੇ ਬਲ 'ਤੇ ਉਨ੍ਹਾਂ ਨੇ ਆਪਣੀ ਸਿੱਖਿਆ ਲਈ ਸਾਰੀ ਉਮਰ ਸੰਘਰਸ਼ ਕੀਤਾ। ਇੱਕ ਵਾਰ ਅਚਾਨਕ ਵਜੈ ਸਿੰਘ ਨੂੰ ਸਿੱਖਿਆ ਹਾਸਲ ਕਰਨ ਦਾ ਰਾਹ ਨਜ਼ਰ ਆਇਆ ਤਾਂ ਉਨ੍ਹਾਂ ਨੇ ਆਪਣੇ ਜਨੂੰਨ ਨੂੰ ਜਾਰੀ ਰੱਖਿਆ। ਇਹ ਵੀ ਓਦੋਂ ਜਦੋਂ ਉਨ੍ਹਾਂ ਨੂੰ ਜਾਂ ਤਾਂ ਛੇ ਕਿਲੋਮੀਟਰ ਪੈਦਲ ਤੁਰਨਾ ਪੈਣਾ ਸੀ ਜਾਂ ਫਿਰ ਹੋਸਟਲ ਵਿੱਚ ਰਹਿਣਾ ਪੈਣਾ ਸੀ। ਇਸ ਰਾਹ ‘ਤੇ ਉਨ੍ਹਾਂ ਨੂੰ ਕਈ ਵਾਰੀਂ ਭੁੱਖੇ ਸੌਣਾ ਪਿਆ ਜਾਂ ਫਿਰ ਭੋਜਨ ਦੀ ਭਾਲ਼ ਵਿੱਚ ਘਰ-ਘਰ ਵੀ ਭਟਕਣਾ ਪਿਆ, ਇੱਥੋਂ ਤੱਕ ਕਿ ਪ੍ਰਿੰਸੀਪਲ ਲਈ ਸ਼ਰਾਬ ਦੀ ਬੋਤਲ ਵੀ ਖਰੀਦਣੀ ਪਈ ਸੀ। ਜਦੋਂ ਪਿੰਡ ਵਿੱਚ ਕੋਈ ਉੱਚ ਸੈਕੰਡਰੀ ਸਕੂਲ ਨਹੀਂ ਸੀ, ਜਦੋਂ ਦਾਹੋਦ ਜਾਣ ਲਈ ਆਵਾਜਾਈ ਦੀ ਸਹੂਲਤ ਨਹੀਂ ਸੀ, ਦਾਹੋਦ ਵਿੱਚ ਜਗ੍ਹਾ ਕਿਰਾਏ 'ਤੇ ਲੈਣ ਲਈ ਪੈਸੇ ਨਹੀਂ ਸਨ, ਉਦੋਂ ਵੀ ਉਨ੍ਹਾਂ ਦਾ ਸਿੱਖਿਆ ਪ੍ਰਤੀ ਜਨੂੰਨ ਜਿਉਂਦਾ ਰਿਹਾ। ਇਸ ਜਨੂੰਨ ਨੂੰ ਪਾਲ਼ੀ ਰੱਖਣ ਵਾਸਤੇ ਉਹ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਨਿਰਮਾਣ ਥਾਵਾਂ 'ਤੇ ਮਜ਼ਦੂਰੀ ਕਰਨ ਜਾਂਦੇ ਰਹੇ ਜਾਂ ਰੇਲਵੇ ਪਲੇਟਫਾਰਮ 'ਤੇ ਰਾਤ ਬਿਤਾਉਂਦੇ ਰਹੇ। ਇਨ੍ਹਾਂ ਸਮਿਆਂ ਵਿੱਚ ਉਨ੍ਹਾਂ ਨੂੰ ਭੁੱਖੇ ਹੀ ਸੌਣਾ ਤੇ ਭੁੱਖੇ ਹੀ ਜਾਗਣਾ ਪੈਂਦਾ ਰਿਹਾ ਤੇ ਇਮਤਿਹਾਨ ਤੋਂ ਪਹਿਲਾਂ ਜਨਤਕ ਗ਼ੁਸਲ ਵਿੱਚ ਜਾ ਕੇ ਤਿਆਰੀ ਕਰਨੀ ਪਈ। ਇਹ ਸਾਰਾ ਕੁਝ ਵਜੈ ਸਿੰਘ ਨੇ ਆਪਣੀ ਦੇਹੀਂ ਝੱਲਿਆ।

ਇੰਝ ਜਾਪਦਾ ਜਿਵੇਂ ਵਜੈ ਸਿੰਘ ਨੇ ਹਰ ਹੀਲੇ ਜਿਊਂਦੇ ਰਹਿਣ ਦੀ ਸਹੁੰ ਖਾਧੀ ਸੀ:

ਅਕਸਰ ਜਿਊਣ ਦੇ ਨਾਮ ‘ਤੇ
ਸਿਰ ਘੁੰਮਣ ਲੱਗਦਾ ਏ
ਧੜਕਨ ਤੇਜ਼ ਹੋ ਜਾਂਦੀ ਏ
ਮੈਂ ਡੁੱਬ ਈ ਜਾਂਦਾ ਹਾਂ।
ਫਿਰ ਵੀ ਹਰ ਵਾਰੀਂ
ਮੇਰੇ ਅੰਦਰ ਜਾਗ ਜਾਂਦਾ ਏ
ਜਿਊਣ ਦਾ ਸੰਕਲਪ
ਤੇ ਖ਼ੁਦ ਨੂੰ ਪੈਰਾਂ 'ਤੇ ਖੜ੍ਹਾ ਪਾਉਂਦਾ ਹਾਂ
ਇੱਕ ਵਾਰ ਫਿਰ ਤੋਂ ਜਿਉਣ ਲਈ ਤਿਆਰ-ਬਰ-ਤਿਆਰ।

ਵਜੈ ਸਿੰਘ ਦੀ ਅਸਲ ਸਿੱਖਿਆ ਜਾਂ ਕਹੀਏ ਕਿ ਸਿੱਖਿਆ ਦਾ ਸਭ ਤੋਂ ਮਜ਼ੇਦਾਰ ਦੌਰ, ਨਵਜੀਵਨ ਆਰਟਸ ਐਂਡ ਕਾਮਰਸ ਕਾਲਜ ਵਿੱਚ ਦਾਖ਼ਲ ਹੋਣ ਤੋਂ ਬਾਅਦ ਬੀ.ਏ. ਤੋਂ ਗੁਜਰਾਤੀ ਵਿਸ਼ੇ ਨਾਲ਼ ਸ਼ੁਰੂ ਹੋਇਆ। ਉਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਦਾਖ਼ਲਾ ਲਿਆ। ਹਾਲਾਂਕਿ, ਐੱਮ.ਏ. ਦੇ ਪਹਿਲੇ ਸਾਲ ਤੋਂ ਬਾਅਦ, ਵਜੈ ਸਿੰਘ ਨੇ ਇਹਨੂੰ ਛੱਡਣ ਅਤੇ ਬੀ.ਐੱਡ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਪੈਸੇ ਦੀ ਲੋੜ ਸੀ ਅਤੇ ਉਹ ਅਧਿਆਪਕ ਬਣਨ ਦੀ ਇੱਛਾ ਰੱਖਦੇ ਸਨ। ਬੀ.ਐੱਡ ਦੀ ਪੜ੍ਹਾਈ ਪੂਰੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਜੈ ਸਿੰਘ ਅਚਾਨਕ ਕਿਸੇ ਲੜਾਈ ਵਿੱਚ ਫਸ ਗਏ ਅਤੇ ਗੋਲ਼ੀ ਦਾ ਸ਼ਿਕਾਰ ਹੋ ਗਏ। ਗੋਲ਼ੀ ਇਸ ਆਦਿਵਾਸੀ ਨੌਜਵਾਨ ਦੇ ਜਬਾੜੇ ਅਤੇ ਗਰਦਨ ਨੂੰ ਛੂਹ ਕੇ ਲੰਘ ਗਈ। ਪਰ ਇਸ ਹਾਦਸੇ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਕਿਉਂਕਿ ਸੱਟ ਲੱਗਣ ਨਾਲ਼ ਵਜੈ ਸਿੰਘ ਦੀ ਆਵਾਜ਼ ਵੀ ਸਥਾਈ ਤੌਰ 'ਤੇ ਖਰਾਬ ਹੋ ਗਈ ਸੀ। 14 ਸਰਜਰੀਆਂ ਅਤੇ ਸਿਰ 'ਤੇ ਚੜ੍ਹੇ ਕਰਜ਼ੇ ਨੇ ਵੱਖਰੀ ਢਾਅ ਲਾਈ, ਜਿਸ ਵਿੱਚੋਂ ਉਹ ਕਦੇ ਉੱਭਰ ਨਾ ਸਕੇ।

Born in a poor Adivasi family, Vajesinh lived a life of struggle, his battle with lung cancer in the last two years being the latest.
PHOTO • Umesh Solanki
Born in a poor Adivasi family, Vajesinh lived a life of struggle, his battle with lung cancer in the last two years being the latest.
PHOTO • Umesh Solanki

ਇੱਕ ਗ਼ਰੀਬ ਕਬਾਇਲੀ ਪਰਿਵਾਰ ਵਿੱਚ ਜੰਮੇ ਵਜੈ ਸਿੰਘ ਨੇ ਸੰਘਰਸ਼ ਭਰੀ ਜ਼ਿੰਦਗੀ ਬਤੀਤ ਕੀਤੀ। ਉਨ੍ਹਾਂ ਦੀ ਅਖ਼ੀਰੀ ਲੜਾਈ ਪਿਛਲੇ ਦੋ ਸਾਲਾਂ ਤੋਂ ਫੇਫੜਿਆਂ ਦੇ ਕੈਂਸਰ ਵਿਰੁੱਧ ਛਿੜੀ ਹੋਈ ਸੀ

ਇਹ ਦੂਹਰਾ ਝਟਕਾ ਸੀ। ਪਹਿਲਾਂ ਹੀ ਉਹ ਇੱਕ ਅਜਿਹੇ ਸਮਾਜ ਅੰਦਰ ਪੈਦਾ ਹੋਏ, ਜਿਹਦੀ ਪਹਿਲਾਂ ਹੀ ਕਿਤੇ ਕੋਈ ਸੁਣਵਾਈ ਨਹੀਂ ਸੀ, ਹੁਣ ਕੁਦਰਤ ਤੋਂ ਮਿਲ਼ੀ ਉਨ੍ਹਾਂ ਦੀ ਆਪਣੀ ਅਵਾਜ਼ ਤੋਂ ਵੀ ਵਾਂਝੇ ਰਹਿਣਾ ਪੈ ਗਿਆ। ਉਨ੍ਹਾਂ ਨੂੰ ਮਨ ਮਾਰ ਕੇ ਅਧਿਆਪਕ ਬਣਨ ਦਾ ਸੁਪਨਾ ਛੱਡਣਾ ਪਿਆ ਤੇ ਮਜ਼ਦੂਰੀ ਕਰਨੀ ਪਈ। ਉਨ੍ਹਾਂ ਨੇ ਸਰਦਾਰ ਪਟੇਲ ਇੰਸਟੀਚਿਊਟ ਆਫ਼ ਇਕਨਾਮਿਕਸ ਐਂਡ ਸੋਸ਼ਲ ਰਿਸਰਚ ਵਿੱਚ ਠੇਕੇ 'ਤੇ ਕੰਮ ਕੀਤਾ ਤੇ ਬਾਅਦ ਵਿੱਚ ਪਰੂਫ਼ ਰੀਡਿੰਗ ਦਾ ਕੰਮ ਕਰਨ ਲੱਗੇ। ਬਤੌਰ ਪਰੂਫ਼ਰੀਡਰ ਆਪਣੇ ਕੰਮ ਦੌਰਾਨ ਵਜੈ ਸਿੰਘ ਆਪਣੇ ਪਹਿਲੇ ਪਿਆਰ, ਆਪਣੀ ਮਾਂ-ਬੋਲੀ ਨਾਲ਼ ਫਿਰ ਤੋਂ ਜੁੜ ਗਏ। ਇਸ ਦੌਰਾਨ ਉਨ੍ਹਾਂ ਨੂੰ ਪਿਛਲੇ ਦੋ ਦਹਾਕਿਆਂ ਵਿੱਚ ਲਿਖਿਆ ਗਿਆ ਕਾਫ਼ੀ ਕੁਝ ਪੜ੍ਹਨ ਨੂੰ ਵੀ ਮਿਲ਼ਿਆ।

ਅਤੇ ਇਸ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਕੀ ਰਹੀ?

"ਮੈਂ ਤੁਹਾਨੂੰ ਭਾਸ਼ਾ ਬਾਰੇ ਪੂਰੀ ਸੱਚਾਈ ਦੱਸਦਾ ਹਾਂ," ਵਜੈ ਸਿੰਘ ਕਹਿੰਦੇ ਹਨ, ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਨਵਾਂ ਉਤਸ਼ਾਹ ਸੀ। ਗੁਜਰਾਤੀ ਸਾਹਿਤਕਾਰ ਇਸ ਭਾਸ਼ਾ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਕਵੀ ਅਜਿਹੇ ਸ਼ਬਦਾਂ ਦੇ ਪ੍ਰਯੋਗ ਪ੍ਰਤੀ ਕੋਈ ਸੰਵੇਦਨਾ ਨਹੀਂ ਦਿਖਾਉਂਦੇ। ਜ਼ਿਆਦਾਤਰ ਸਿਰਫ਼ ਗ਼ਜ਼ਲਾਂ ਲਿਖਦੇ ਹਨ ਅਤੇ ਸਿਰਫ਼ ਭਾਵਨਾਵਾਂ ਦੀ ਪਰਵਾਹ ਰੱਖਦੇ ਹਨ। ਉਹ ਇਸੇ ਨੂੰ ਮਹੱਤਵਪੂਰਨ ਮੰਨਦੇ ਹਨ। ਸ਼ਬਦ ਕੀ ਹੈ ਉਹ ਤਾਂ ਉਹੀ ਹੀ ਹੈ।'' ਸ਼ਬਦਾਂ ਪ੍ਰਤੀ ਸੂਖਮ ਸਮਝ, ਉਨ੍ਹਾਂ ਨੂੰ ਵਰਤਣ ਦਾ ਤਰੀਕਾ ਤੇ ਕੁਝ ਤਜ਼ਰਬਿਆਂ ਨੂੰ ਬਿਆਨ ਕਰਨ ਦੀ ਉਨ੍ਹਾਂ ਦੀ ਤਾਕਤ ਵਜੈ ਸਿੰਘ ਆਪਣੀਆਂ ਕਵਿਤਾਵਾਂ ਵਿੱਚ ਲਿਆਏ, ਜੋ ਦੋ ਖੰਡਾਂ ਵਿੱਚ ਸੰਕਲਤ ਹਨ। ਇਹ ਕਵਿਤਾਵਾਂ ਮੁੱਖ ਧਾਰਾ ਦੇ ਸਾਹਿਤ ਤੋਂ ਦੂਰ ਤੇ ਲੋਕਾਂ ਲਈ ਅਣਭੋਲ਼ ਹੀ ਰਹੀਆਂ।

"ਮੈਨੂੰ ਲੱਗਦੈ ਮੈਨੂੰ ਵੱਧ ਤੋਂ ਵੱਧ ਨਿਯਮਿਤ ਤੌਰ 'ਤੇ ਲਿਖਣ ਦੀ ਜ਼ਰੂਰਤ ਹੈ," ਵਜੈ ਸਿੰਘ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਗੁਜਰਾਤੀ ਸਾਹਿਤ ਦੇ ਪ੍ਰਸਿੱਧ ਕਵੀਆਂ ਵਿੱਚ ਕਿਉਂ ਨਹੀਂ ਗਿਣਿਆ ਜਾਂਦਾ ਰਿਹਾ। "ਜੇ ਤੁਸੀਂ ਇੱਕ ਜਾਂ ਦੋ ਕਵਿਤਾਵਾਂ ਲਿਖਦੇ ਹੋ, ਤਾਂ ਕੌਣ ਧਿਆਨ ਦੇਵੇਗਾ? ਇਹ ਦੋਵੇਂ ਸੰਗ੍ਰਹਿ ਹਾਲ ਹੀ ਦੇ ਹਨ। ਮੈਂ ਕਦੇ ਵੀ ਨਾਮ ਲਈ ਨਹੀਂ ਲਿਖਿਆ। ਪਰ ਮੈਂ ਨਿਯਮਿਤ ਤੌਰ 'ਤੇ ਨਹੀਂ ਲਿਖ ਸਕਿਆ। ਸ਼ਾਇਦ ਮੈਂ ਬਹੁਤੀ ਗੰਭੀਰਤਾ ਨਾਲ਼ ਵੀ ਨਹੀਂ ਲਿਖਿਆ, ਮੈਨੂੰ ਲੱਗਦਾ ਹੈ ਭੁੱਖ ਸਾਡੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਰਹੀ ਹੈ ਇਸਲਏ ਮੈਂ ਇਹਦੇ ਬਾਰੇ ਹੀ ਲਿਖਿਆ। ਇਹ ਸਿਰਫ਼ ਇੱਕ ਕੁਦਰਤੀ ਪ੍ਰਗਟਾਵਾ ਸੀ।'' ਉਹ ਪੂਰੀ ਗੱਲਬਾਤ ਦੌਰਾਨ ਖ਼ੁਦ ਬਾਰੇ ਹੀ ਗੱਲ ਕਰਦੇ ਰਹੇ- ਨਾ ਕਿਸੇ ਨੂੰ ਦੋਸ਼ ਦਿੰਦੇ ਹਨ, ਨਾ ਪੁਰਾਣੇ ਫਟ ਛਿੱਲਣ ਨੂੰ ਤਿਆਰ, ਨਾ ਹੀ ਆਪਣੇ ਹਿੱਸੇ ਦੀ ਰੌਸ਼ਨੀ ਦਾ ਦਾਅਵਾ ਹੀ ਕਰਨ ਨੂੰ ਤਿਆਰ। ਪਰ ਉਨ੍ਹਾਂ ਨੂੰ ਇਹਦਾ ਪਤਾ ਪੂਰੀ ਤਰ੍ਹਾਂ ਸੀ ਕਿ...

ਕੋਈ ਨਿਗਲ਼ ਲੈਂਦਾ ਏ
ਸਾਡੇ ਹਿੱਸਾ ਦੀ ਰੌਸ਼ਨੀ ਵੀ,
ਤੇ ਅਸੀਂ ਮੱਚਦੇ ਹੀ ਰਹਿੰਦੇ ਆਂ
ਤਾਉਮਰ
ਤੇ ਫਿਰ ਵੀ ਕਦੇ ਕੁਝ
ਰੌਸ਼ਨ ਨਜ਼ਰ ਨੀ ਆਉਂਦਾ।

ਪਰੂਫ਼ ਰੀਡਰ ਵਜੋਂ ਉਨ੍ਹਾਂ ਦਾ ਪੇਸ਼ਾ ਜੀਵਨ ਤੁਅੱਸਬਾਂ, ਉਨ੍ਹਾਂ ਦੇ ਹੁਨਰ ਨੂੰ ਘੱਟ ਕਰਕੇ ਅੰਗਣ ਤੇ ਪੱਖਪਾਤੀ ਰਵੱਈਏ ਦੀਆਂ ਘਟਨਾਵਾਂ ਨਾਲ਼ ਭਰਿਆ ਪਿਆ ਹੈ। ਇੱਕ ਵਾਰ ਇੱਕ ਮੀਡੀਆ ਹਾਊਸ ਵਿੱਚ 'ਏ' ਗ੍ਰੇਡ ਦੇ ਨਾਲ਼ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ 'ਸੀ' ਗ੍ਰੇਡ ਪਾਸ ਵਾਲ਼ਿਆਂ ਜਿੰਨੀ ਹੀ ਤਨਖ਼ਾਹ 'ਤੇ ਇੱਕ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਵਜੈ ਸਿੰਘ ਪਰੇਸ਼ਾਨ ਸਨ; ਉਨ੍ਹਾਂ ਨੇ ਇਸ ਫ਼ੈਸਲੇ ਦੇ ਮਗਰ ਸਿਧਾਤਾਂ 'ਤੇ ਸਵਾਲ ਚੁੱਕਿਆ ਤੇ ਅੰਤ ਵਿੱਚ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ।

Ocean deep as to drown this world, and these poems are paper boats'.
PHOTO • Umesh Solanki

'ਸਮੁੰਦਰ ਇੰਨਾ ਡੂੰਘਾ ਕਿ ਦੁਨੀਆ ਹੀ ਡੁੱਬ ਜਾਵੇ ਅਤੇ ਇਹ ਕਵਿਤਾਵਾਂ ਦਰਿਆ 'ਤੇ ਵਹਿੰਦੀਆਂ ਕਾਗਜ਼ ਦੀ ਕਿਸ਼ਤੀਆਂ'

ਅਹਿਮਦਾਬਾਦ ਵਿਖੇ ਉਨ੍ਹਾਂ ਨੇ ਅੱਡ-ਅੱਡ ਮੀਡੀਆ ਘਰਾਣਿਆਂ ਦੇ ਨਾਲ਼ ਬਹੁਤ ਘੱਟ ਪੈਸਿਆਂ 'ਤੇ ਛੋਟੇ-ਮੋਟੇ ਠੇਕੇ ਦੇ ਕੰਮ ਵੀ ਕੀਤੇ। ਕਿਰਿਟ ਪਰਮਾਰ ਜਦੋਂ ਅਭਿਆਨ ਲਈ ਲਿਖਦੇ ਸਨ, ਤਦ ਉਨ੍ਹਾਂ ਦੀ ਪਹਿਲੀ ਮੁਲਾਕਾਤ ਵਜੈ ਸਿੰਘ ਨਾਲ਼ ਹੋਈ। ਉਹ ਕਹਿੰਦੇ ਹਨ,''2008 ਵਿੱਚ ਜਦੋਂ ਮੈਂ ਅਭਿਆਨ ਨਾਲ਼ ਜੁੜਿਆ, ਤਦ ਵਜੈ ਸਿੰਘ ਸੰਭਵ ਮੀਡੀਆ ਵਿੱਚ ਕੰਮ ਕਰਦੇ ਸਨ। ਅਧਿਕਾਰਕ ਤੌਰ 'ਤੇ ਉਹ ਇੱਕ ਪਰੂਫ਼ ਰੀਡਰ ਹੀ ਸਨ, ਪਰ ਸਾਨੂੰ ਪਤਾ ਸੀ ਕਿ ਜਦੋਂ ਅਸੀਂ ਉਨ੍ਹਾਂ ਨੂੰ ਕੋਈ ਲੇਖ ਦਿੰਦੇ ਤਾਂ ਉਹ ਸੰਪਾਦਨ ਵੀ ਕਰ ਦਿਆ ਕਰਦੇ। ਉਹ ਲੇਖ ਦੀ ਸੰਰਚਨਾ ਅਤੇ ਉਹਨੂੰ ਅਕਾਰ ਦੇਣ ਲਈ ਉਹਦੀ ਸਮੱਗਰੀ 'ਤੇ ਵੀ ਕੰਮ ਕਰਦੇ ਸਨ। ਭਾਸ਼ਾ ਦੇ ਮਾਮਲੇ ਵਿੱਚ ਵੀ ਉਨ੍ਹਾਂ ਦੇ ਕੰਮ ਦਾ ਤਰੀਕੇ ਅਦਭੁੱਤ ਸੀ। ਪਰ ਉਸ ਆਦਮੀ ਨੂੰ ਕਦੇ ਵੀ ਉਨ੍ਹਾਂ ਦਾ ਬਣਦਾ ਹੱਕ ਨਾ ਮਿਲ਼ਿਆ, ਉਹ ਮੌਕਾ ਨਾ ਮਿਲ਼ਿਆ ਜਿਹਦਾ ਉਹ ਹੱਕਦਾਰ ਸਨ।''

ਉਹ ਮਹੀਨੇ ਵਿੱਚ ਸਿਰਫ਼ 6,000 ਰੁਪਏ ਕਮਾਉਂਦੇ ਸਨ। ਉਨ੍ਹਾਂ ਨੇ ਜੋ ਪੈਸਾ ਕਮਾਇਆ, ਉਹ ਆਪਣੇ ਪਰਿਵਾਰ ਦੀ ਦੇਖਭਾਲ਼ ਕਰਨ, ਆਪਣੇ ਭਰਾਵਾਂ ਅਤੇ ਭੈਣਾਂ ਦੀ ਪੜ੍ਹਾਈ ਅਤੇ ਅਹਿਮਦਾਬਾਦ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਕਾਫ਼ੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਮੇਜ ਪਬਲੀਕੇਸ਼ਨਜ਼ ਨਾਲ਼ ਫ੍ਰੀਲਾਂਸ ਕੰਮ ਕਰਨਾ ਸ਼ੁਰੂ ਕਰ ਦਿੱਤਾ, ਦਫ਼ਤਰ ਵਿੱਚ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਘਰੋਂ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੇ 37 ਸਾਲਾ ਸਭ ਤੋਂ ਛੋਟੇ ਭਰਾ ਮੁਕੇਸ਼ ਪਾਰਗੀ ਕਹਿੰਦੇ ਹਨ,''ਜਦੋਂ ਤੋਂ ਅਸੀਂ ਆਪਣੇ ਪਿਤਾ ਨੂੰ ਗੁਆਇਆ ਹੈ, ਉਦੋਂ ਤੋਂ ਉਹੀ ਮੇਰੇ ਪਿਤਾ ਸਨ, ਭਰਾ ਨਹੀਂ। ਸਭ ਤੋਂ ਮੁਸ਼ਕਲ ਵੇਲ਼ੇ ਵੀ ਵਜੈ ਸਿੰਘ ਨੇ ਮੇਰੀ ਸਿੱਖਿਆ ਦਾ ਸਾਰਾ ਖ਼ਰਚਾ ਚੁੱਕਿਆ। ਮੈਨੂੰ ਯਾਦ ਹੈ ਕਿ ਉਹ ਥਲਤੇਜ ਵਿੱਚ ਇੱਕ ਖਸਤਾ ਹਾਲਤ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਕਮਰੇ ਦੀ ਟੀਨ ਦੀ ਛੱਤ 'ਤੇ ਅਸੀਂ ਪੂਰੀ ਰਾਤ ਕੁੱਤਿਆਂ ਨੂੰ ਇੱਧਰ ਓਧਰ ਭੱਜਦੇ ਸੁਣਦੇ ਸਾਂ। ਉਹ ਜੋ 5,000-6,000 ਰੁਪਏ ਕਮਾਉਂਦੇ ਸਨ, ਓਨੀ ਕਮਾਈ ਵਿੱਚ ਉਹ ਬਾਮੁਸ਼ਕਲ ਹੀ ਆਪਣਾ ਖਿਆਲ ਰੱਖ ਪਾਉਂਦੇ ਸਨ ਪਰ ਉਨ੍ਹਾਂ ਨੇ ਦੂਸਰੇ ਕੰਮ ਸਿਰਫ਼ ਇਸਲਈ ਕੀਤੇ, ਤਾਂਕਿ ਉਹ ਸਾਡੀ ਸਿੱਖਿਆ ਦਾ ਖਰਚਾ ਚੁੱਕ ਸਕਣ। ਮੈਂ ਉਨ੍ਹਾਂ ਦਾ ਦੇਣ ਕਦੇ ਨਹੀਂ ਦੇ ਸਕਦਾ।''

ਪਿਛਲੇ ਪੰਜ-ਛੇ ਸਾਲਾਂ ਵਿੱਚ ਵਜੈਸਿੰਘ ਅਹਿਮਦਾਬਾਦ ਵਿਖੇ ਇੱਕ ਨਿੱਜੀ ਕੰਪਨੀ ਨਾਲ਼ ਜੁੜ ਗਏ ਸਨ, ਜੋ ਪਰੂਫ਼ ਰੀਡਿੰਗ ਸੇਵਾਵਾਂ ਪ੍ਰਦਾਨ ਕਰਦੀ। ਵਜੈ ਸਿੰਘ ਨੇ ਦੱਸਿਆ ਸੀ,''ਮੈਂ ਜੀਵਨ ਵਿੱਚ ਬਹੁਤਾ ਸਮਾਂ ਠੇਕੇ 'ਤੇ ਹੀ ਕੰਮ ਕੀਤਾ, ਇਸਲਈ ਮੈਂ ਉਨ੍ਹਾਂ ਦੀ ਪ੍ਰਕਾਸ਼ਤ ਕਿਤਾਬਾਂ 'ਤੇ ਕੰਮ ਕਰਨਾ ਬੰਦ ਕਰ ਦਿੱਤਾ। ਨਵਜੀਵਨ ਤੋਂ ਪਹਿਲਾਂ ਮੈਂ ਦੂਸਰੇ ਪ੍ਰਕਾਸ਼ਨਾਂ ਨਾਲ਼ ਕੰਮ ਕੀਤਾ ਸੀ। ਪਰ ਗੁਜਰਾਤ ਵਿੱਚ ਕਿਸੇ ਵੀ ਪ੍ਰਕਾਸ਼ਕ ਕੋਲ਼ ਪਰੂਫ਼ ਰੀਡਰ ਦਾ ਕੋਈ ਪੱਕਾ ਅਹੁਦਾ ਨਾ ਹੁੰਦਾ।''

ਇੱਕ ਦੋਸਤ ਅਤੇ ਲੇਖਕ ਕਿਰੀਟ ਪਰਮਾਰ ਨਾਲ਼ ਗੱਲਬਾਤ ਵਿੱਚ, ਵਜੈ ਸਿੰਘ ਕਹਿੰਦੇ ਹਨ, "ਗੁਜਰਾਤੀ ਵਿੱਚ ਚੰਗੇ ਪਰੂਫ਼ ਰੀਡਰ ਨਾ ਮਿਲ਼ਣ ਦਾ ਇੱਕ ਕਾਰਨ ਇਹ ਹੈ ਕਿ ਪਰੂਫ਼ ਰੀਡਰ ਨੂੰ ਸਹੀ ਮੁਆਵਜ਼ਾ ਨਹੀਂ ਮਿਲ਼ਦਾ। ਪਰੂਫ਼ ਰੀਡਰ ਭਾਸ਼ਾ ਨੂੰ ਬਚਾਉਂਦਾ ਹੈ ਤੇ ਇਹਦੀ ਹਮਾਇਤ ਕਰਦਾ ਹੈ। ਅਸੀਂ ਉਹਦੇ ਹੀ ਕੰਮ ਦਾ ਸਨਮਾਨ ਨਹੀ ਕਰਦੇ ਤੇ ਉਹਨੂੰ ਬਣਦਾ ਪੈਸਾ ਕਿਉਂ ਨਹੀਂ ਦਿੰਦੇ? ਅਸੀਂ ਖ਼ਤਰੇ-ਹੇਠ ਪ੍ਰਜਾਤੀ ਬਣਨ ਜਾ ਰਹੇ ਹਾਂ। ਇਸ ਦੇ ਖ਼ਤਮ ਹੋਣ ਦਾ ਨੁਕਸਾਨ ਗੁਜਰਾਤੀ ਭਾਸ਼ਾ ਨੂੰ ਹੀ ਹੋ ਰਿਹਾ ਹੈ।'' ਵਜੈ ਸਿੰਘ ਨੇ ਗੁਜਰਾਤੀ ਮੀਡੀਆ ਦੀ ਤਰਸਯੋਗ ਹਾਲਤ ਵੇਖੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅਖ਼ਬਾਰ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ ਅਤੇ ਜੋ ਕੋਈ ਵੀ ਪੜ੍ਹ ਅਤੇ ਲਿਖ ਸਕਦੇ ਹਨ ਉਹ ਪਰੂਫ਼ ਰੀਡਰ ਬਣਨ ਦਾ ਹੱਕਦਾਰ ਹੈ।

ਵਜੈ ਸਿੰਘ ਕਹਿੰਦੇ ਹਨ, "ਸਾਹਿਤਕ ਜਗਤ ਵਿੱਚ ਇਹ ਵੀ ਗ਼ਲਤ ਫਹਿਮੀ ਹੈ ਕਿ ਪਰੂਫ਼ ਰੀਡਰ ਕੋਲ ਗਿਆਨ, ਤਿਆਰੀ ਅਤੇ ਸਿਰਜਣਾਤਮਕਤਾ ਨਹੀਂ ਹੈ।'' ਦੂਜੇ ਪਾਸੇ ਉਹ ਖੁਦ ਸਾਰੀ ਉਮਰ ਗੁਜਰਾਤੀ ਭਾਸ਼ਾ ਦੇ ਪ੍ਰਮੋਟਰ ਅਤੇ ਉਹਨੂੰ ਬਚਾਉਂਦੇ ਰਹੇ। ਕਿਰੀਟਭਾਈ ਯਾਦ ਦਿਵਾਉਂਦੇ ਹਨ, "ਗੁਜਰਾਤ ਵਿਦਿਆਪੀਠ ਨੇ ਕੋਸ਼ ਵਿੱਚ 5,000 ਨਵੇਂ ਸ਼ਬਦਾਂ ਨੂੰ ਸ਼ਾਮਲ ਕਰਨ ਲਈ ਇੱਕ ਸਾਰਥ ਜੋੜਨੀ ਕੋਸ਼ (ਇੱਕ ਪ੍ਰਸਿਧ ਸ਼ਬਦਕੋਸ਼) ਦਾ ਪੂਰਕ ਪ੍ਰਕਾਸ਼ਨ ਕੀਤਾ ਸੀ ਅਤੇ ਇਸ ਵਿੱਚ ਭਿਆਨਕ ਗਲਤੀਆਂ ਸਨ- ਨਾ ਸਿਰਫ਼ ਸਪੈਲਿੰਗ, ਵਿਆਕਰਣ ਦੀਆਂ ਬਲਕਿ ਤੱਥਾਂ ਦੀਆਂ ਤਰੁਟੀਆਂ ਵੀ ਤੇ ਵੇਰਵੇ ਵੀ ਗ਼ਲਤ ਮਲਤ ਸਨ। ਵਜੈ ਸਿੰਘ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਨੇੜਿਓਂ ਨੋਟਿਸ ਲਿਆ ਅਤੇ ਇਸ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਲਈ ਦਲੀਲ ਦਿੱਤੀ। ਅੱਜ ਮੈਨੂੰ ਗੁਜਰਾਤ ਵਿੱਚ ਅਜਿਹਾ ਕੋਈ  ਨਜ਼ਰ ਨਹੀਂ ਆਉਂਦਾ ਜੋ ਵਜੈ ਸਿੰਘ ਵਰਗਾ ਕੰਮ ਕਰ ਸਕੇ। ਉਨ੍ਹਾਂ ਨੇ ਰਾਜ ਬੋਰਡ ਦੀਆਂ 6ਵੀਂ, 7ਵੀਂ, 8ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚ ਮਿਲ਼ੀਆਂ ਗ਼ਲਤੀਆਂ ਬਾਰੇ ਵੀ ਲਿਖਿਆ।''

Vajesinh's relatives in mourning
PHOTO • Umesh Solanki

ਸ਼ੋਕ ਵਿੱਚ ਡੁੱਬੇ ਵਜੈ ਸਿੰਘ ਦੇ ਪਰਿਵਾਰਕ ਮੈਂਬਰ

Vajesinh's youngest brother, Mukesh Bhai Pargi on the left and his mother Chatura Ben Pargi on the right
PHOTO • Umesh Solanki
Vajesinh's youngest brother, Mukesh Bhai Pargi on the left and his mother Chatura Ben Pargi on the right
PHOTO • Umesh Solanki

ਖੱਬੇ ਪਾਸੇ: ਵਜੈ ਸਿੰਘ ਦੇ ਸਭ ਤੋਂ ਛੋਟੇ ਭਰਾ ਮੁਕੇਸ਼ ਭਾਈ ਪਾਰਗੀ। ਸੱਜੇ ਪਾਸੇ: ਉਨ੍ਹਾਂ ਦੀ ਮਾਂ ਚਤੁਰਾ ਬੇਨ ਪਾਰਗੀ

ਆਪਣੀਆਂ ਸਾਰੀਆਂ ਪ੍ਰਤਿਭਾਵਾਂ ਅਤੇ ਯੋਗਤਾਵਾਂ ਦੇ ਬਾਵਜੂਦ, ਇਹ ਸੰਸਾਰ ਵਜੈ ਸਿੰਘ ਲਈ ਇੱਕ ਪ੍ਰਤੀਕੂਲ਼ ਥਾਂ ਹੀ ਬਣਿਆ ਰਿਹਾ। ਹਾਲਾਂਕਿ, ਉਹ ਉਮੀਦ ਤੇ ਸਹਿਣਸ਼ੀਲਤਾ ਨਾਲ਼ ਲਿਖਦੇ ਗਏ। ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਜੀਉਣ ਲਈ ਲੋੜੀਂਦੇ ਸਰੋਤ ਤਿਆਰ ਕਰਨੇ ਪੈਣਗੇ। ਉਨ੍ਹਾਂ ਦਾ ਰੱਬ ਓਪਰੋਂ ਯਕੀਨ ਤਾਂ ਕਾਫ਼ੀ ਪਹਿਲਾਂ ਹੀ ਉੱਠ ਚੁੱਕਿਆ ਸੀ।

ਮੈਂ ਇੱਕ ਹੱਥ 'ਚ ਭੁੱਖ
ਤੇ ਦੂਜੇ ਵਿੱਚ ਮਜ਼ਦੂਰੀ ਲਈ
ਪੈਦਾ ਹੋਇਆ,
ਹੁਣ ਤੂੰ ਈ ਦੱਸ, ਤੈਨੂੰ ਪੂਜਣ ਲਈ
ਮੈਂ ਤੀਜਾ ਹੱਥ ਕਿੱਥੋਂ ਲਿਆਵਾਂ?

ਵਜੈ ਸਿੰਘ ਦੇ ਜੀਵਨ ਵਿੱਚ ਕਵਿਤਾ ਨੇ ਪਰਮਾਤਮਾ ਦਾ ਸਥਾਨ ਲੈ ਲਿਆ। ਉਨ੍ਹਾਂ ਦੀਆਂ ਕਵਿਤਾਵਾਂ ਦੋ ਸੰਗ੍ਰਹਿਆਂ ਵਿੱਚ ਪ੍ਰਕਾਸ਼ਤ ਹੋਈਆਂ। 2019 ਵਿੱਚ ਆਗਿਯਾਨੂੰ ਅਜਵਾਲੂੰ (ਜੁਗਨੂੰ ਦੀ ਰੌਸ਼ਨੀ) ਤੇ 2022 ਵਿੱਚ ਝਾਕਲ ਨਾ ਮੋਤੀ (ਤ੍ਰੇਲ ਦੀਆਂ ਬੰਦੂਾਂ ਦੇ ਮੋਤੀ)। ਗੁਜਰਾਤੀ ਤੋਂ ਇਲਾਵਾ, ਆਪਣੀ ਮਾਂ ਬੋਲੀ, ਪੰਚਮਹਾਲੀ ਭੀਲੀ ਵਿੱਚ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਛਪੀਆਂ।

ਅਨਿਆਂ, ਸ਼ੋਸ਼ਣ, ਭੇਦਭਾਵ ਅਤੇ ਘਾਟਾਂ ਨਾਲ਼ ਭਰੇ ਜੀਵਨ 'ਤੇ ਲਿਖੀਆਂ ਕਵਿਤਾਵਾਂ ਵਿੱਚ ਗੁੱਸੇ ਦਾ ਕੋਈ ਸੰਕੇਤ ਨਹੀਂ ਮਿਲ਼ਦਾ। ਨਾ ਹੀ ਕੋਈ ਸ਼ਿਕਾਇਤ। ਵਜੈ ਸਿੰਘ ਪੁੱਛਦੇ ਹਨ, "ਸ਼ਿਕਾਇਤ ਕਿਹਨੂੰ ਕਰੀਏ? ਸਮਾਜ ਨੂੰ? ਅਸੀਂ ਸਮਾਜ ਕੋਲ ਸ਼ਿਕਾਇਤ ਨਹੀਂ ਕਰ ਸਕਦੇ। ਉਹ ਸਾਡੀ ਸੰਘੀ ਨੱਪ ਦੇਵੇਗਾ।''

ਕਵਿਤਾ ਰਾਹੀਂ ਹੀ ਵਜੈ ਸਿੰਘ ਨੂੰ ਨਿੱਜੀ ਹਾਲਾਤਾਂ ਤੋਂ ਪਰ੍ਹੇ ਜਾਣ ਅਤੇ ਮਨੁੱਖੀ ਸਥਿਤੀ ਦੇ ਹਕੀਕੀ ਸੱਚ ਨਾਲ਼ ਜੁੜਨ ਦੀ ਸੰਭਾਵਨਾ ਮਿਲ਼ੀ। ਉਹ ਅਜੋਕੇ ਸਮੇਂ ਵਿੱਚ ਆਦਿਵਾਸੀ ਅਤੇ ਦਲਿਤ ਸਾਹਿਤ ਦੀ ਨਾਕਾਮੀ ਦਾ ਕਾਰਨ ਉਸ ਅੰਦਰ ਵਿਆਪਕਤਾ ਦੀ ਘਾਟ ਹੋਣਾ ਮੰਨਦੇ ਸਨ। "ਮੈਂ ਕੁਝ ਦਲਿਤ ਸਾਹਿਤ ਪੜ੍ਹਿਆ ਹੈ ਅਤੇ ਮੈਨੂੰ ਲੱਗਦੇ ਹਨ ਕਿ ਇਸ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਘਾਟ ਹੈ। ਹਰ ਕੋਈ ਆਪਣੇ ਆਪ 'ਤੇ ਹੋਏ ਅੱਤਿਆਚਾਰਾਂ ਬਾਰੇ ਸ਼ਿਕਾਇਤ ਕਰਦਾ ਰਹਿੰਦੇ ਹਨ। ਪਰ ਉਸ ਤੋਂ ਬਾਅਦ ਫਿਰ ਕੀ? ਹੁਣ ਆਦਿਵਾਸੀਆਂ ਦੀ ਆਵਾਜ਼ ਉੱਠ ਰਹੀ ਹੈ। ਉਹ ਆਪਣੀ ਜ਼ਿੰਦਗੀ ਬਾਰੇ ਬਹੁਤ ਗੱਲਾਂ ਲਿਖਦੇ ਹਨ। ਪਰ ਵੱਡੇ ਮੁੱਦੇ ਤੇ ਸਵਾਲ ਕਦੇ ਨਹੀਂ ਚੁੱਕੇ ਜਾਂਦੇ।''

ਦਾਹੋਦ ਦੇ ਇੱਕ ਕਵੀ ਅਤੇ ਲੇਖਕ ਪ੍ਰਵੀਨਭਾਈ ਜਾਧਵ ਕਹਿੰਦੇ ਹਨ, "ਜਦੋਂ ਮੈਂ ਵੱਡਾ ਹੋ ਰਿਹਾ ਸਾਂ ਤਾਂ ਕਿਤਾਬਾਂ ਪੜ੍ਹਦਿਆਂ ਅਕਸਰ ਸੋਚਿਆ ਕਰਦਾ ਕਿ ਸਾਡੇ ਭਾਈਚਾਰੇ, ਸਾਡੇ ਖੇਤਰ ਦੇ ਕਵੀ ਕਿਉਂ ਨਹੀਂ ਸਨ। ਫਿਰ 2008 ਵਿੱਚ, ਪਹਿਲੀ ਵਾਰ, ਮੈਨੂੰ ਇੱਕ ਸੰਗ੍ਰਹਿ ਵਿੱਚ ਵਜੈ ਸਿੰਘ ਦਾ ਨਾਮ ਮਿਲ਼ਿਆ। ਆਖਰਕਾਰ ਉਸ ਆਦਮੀ ਨੂੰ ਲੱਭਣ ਵਿੱਚ ਮੈਨੂੰ ਚਾਰ ਸਾਲ ਲੱਗ ਗਏ! ਅਤੇ ਉਹਦੇ ਨਾਲ਼ ਮੁਲਾਕਾਤ ਵਿੱਚ ਥੋੜ੍ਹਾ ਸਮਾਂ ਵੀ ਲੱਗਿਆ। ਵਜੈ ਸਿੰਘ ਕੋਈ ਮੁਸ਼ਾਇਰਾ ਕਵੀ ਨਹੀਂ ਸੀ। ਉਹਦੀਆਂ ਕਵਿਤਾਵਾਂ ਸਾਡੇ ਦਰਦ, ਵਾਂਝੇ ਸਮਾਜਾਂ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰਦੀਆਂ ਹਨ।''

ਵਜੈ ਸਿੰਘ ਦੇ ਅੰਦਰ ਕਵਿਤਾ ਲਿਖਣ ਦੀ ਕਰੂੰਬਲ ਉਨ੍ਹਾਂ ਦੇ ਕਾਲਜ ਦੇ ਵਰ੍ਹਿਆਂ ਦੌਰਾਨ ਫੁੱਟੀ। ਕਿਸੇ ਗੰਭੀਰ ਤਲਾਸ਼ ਜਾਂ ਸਿਖਲਾਈ ਵਾਸਤੇ ਉਨ੍ਹਾਂ ਕੋਲ਼ ਸਮਾਂ ਨਹੀਂ ਸੀ। ਉਹ ਦੱਸਦੇ ਹਨ,''ਮੇਰੇ ਦਿਮਾਗ਼ ਵਿੱਚ ਪੂਰਾ ਦਿਨ ਕਵਿਤਾਵਾਂ ਹੀ ਘੁੰਮਦੀਆਂ ਰਹਿੰਦੀਆਂ। ਉਹ ਮੇਰੇ ਵਜੂਦ ਦਾ ਬੇਚੈਨ ਪ੍ਰਗਟਾਵਾ ਹਨ, ਜਿਹਨੂੰ ਕਦੇ-ਕਦੇ ਸ਼ਬਦ ਮਿਲ਼ਦੇ ਹਨ ਤੇ ਜੋ ਕਦੇ-ਕਦੇ ਬਚਦੀਆਂ-ਬਚਾਉਂਦੀਆਂ ਵੀ ਬਾਹਰ ਆਉਂਦੀਆਂ। ਫਿਰ ਵੀ ਬੜਾ ਕੁਝ ਅਕਹਿ ਹੀ ਰਹਿ ਗਿਆ। ਮੈਂ ਕਿਸੇ ਲੰਬੀ ਪ੍ਰਕਿਰਿਆ ਨੂੰ ਆਪਣੇ ਜ਼ਿਹਨ ਵਿੱਚ ਨਹੀਂ ਰੱਖ ਪਾਇਆ। ਇਸਲਈ ਮੈਂ ਇਹ ਰੂਪ-ਸੰਰਚਨਾ ਚੁਣੀ ਤੇ ਹਾਲੇ ਵੀ ਬੜੀਆਂ ਕਵਿਤਾਵਾਂ ਅਣਲਿਖੀਆਂ ਰਹਿ ਗਈਆਂ ਨੇ।''

ਪਿਛਲੇ ਦੋ ਸਾਲਾਂ ਤੋਂ ਫ਼ੇਫੜਿਆਂ ਦੇ ਕੈਂਸਰ ਜਿਹੀ ਜਾਨਲੇਵਾ ਬੀਮਾਰੀ ਨਾਲ਼ ਜੂਝਦੇ ਇਸ ਕਵੀ ਨੇ ਅਣਲਿਖੀਆਂ ਕਵਿਤਾਵਾਂ ਦੇ ਢੇਰ ਵਿੱਚ ਹੋਰ ਇਜ਼ਾਫ਼ਾ ਕਰ ਦਿੱਤਾ। ਜੇ ਕੋਈ ਵਜੈ ਸਿੰਘ ਦੇ ਜੀਵਨ ਤੇ ਕਸ਼ਟਾਂ ਦੇ ਬਾਵਜੂਦ ਉਨ੍ਹਾਂ ਦੀਆਂ ਉਪਲਬਧੀਆਂ ਦੇਖੇ ਤਾਂ ਉਹਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਕੀ-ਕੀ ਸੀ ਜੋ ਅਣਲਿਖਿਆ ਰਹਿ ਗਿਆ। 'ਜੁਗਨੂੰਆਂ ਦੀ ਟਿਮਾਉਂਦੀ ਰੌਸ਼ਨੀ' ਜਿਹਨੂੰ ਉਨ੍ਹਾਂ ਨੇ ਨਾ ਸਿਰਫ਼ ਆਪਣੇ, ਸਗੋਂ ਆਪਣੇ ਭਾਈਚਾਰੇ ਵਾਸਤੇ ਵੀ ਸੰਜੋਅ ਕੇ ਰੱਖਿਆ ਸੀ, ਅਣਲਿਖਿਆ ਹੀ ਰਹਿ ਗਿਆ। ਸਿੱਪੀ ਦੇ ਖੋਲ ਦੀ ਸੁਰੱਖਿਆ ਤੋਂ ਸੱਖਣੇ ਉਨ੍ਹਾਂ ਦੇ 'ਤ੍ਰੇਲ ਦੇ ਬੂੰਦ ਦੇ ਮੋਤੀ' ਅਣਲੱਭੇ ਹੀ ਰਹਿ ਗਏ। ਇੱਕ ਜ਼ਾਲਮ ਤੇ ਸੰਗਦਿਲ ਦੁਨੀਆ ਵਿੱਚ ਰਹਿਮ ਤੇ ਹਮਦਰਦੀ ਬਣਾਈ ਰੱਖਣ ਵਾਲ਼ੀ ਅਵਾਜ਼ ਦੇ ਚਮਤਕਾਰੀ ਗੁਣ ਅਣਲਿਖੇ ਹੀ ਰਹਿ ਗਏ। ਸਾਡੀ ਭਾਸ਼ਾ ਦੇ ਸ਼ਾਹਕਾਰ ਕਵੀਆਂ ਦੀ ਸੂਚੀ ਵਿੱਚ ਵਜੈ ਸਿੰਘ ਪਾਰਗੀ ਦਾ ਨਾਮ ਅਣਲਿਖਿਆ ਹੀ ਰਹਿ ਗਿਆ।

One of the finest proofreaders, and rather unappreciated Gujarati poets, Vajesinh fought his battles with life bravely and singlehandedly.
PHOTO • Umesh Solanki

ਸਰਵੋਤਮ ਪਰੂਫ਼ ਰੀਡਰਾਂ, ਘੱਟ ਚਰਚਿਤ ਤੇ ਘੱਟ ਸਰਾਹੇ ਗਏ ਗੁਜਰਾਤੀ ਕਵੀਆਂ ਵਿੱਚੋਂ ਇੱਕ ਵਜੈ ਸਿੰਘ ਨੇ ਆਪਣੀ ਜ਼ਿੰਦਗੀ ਦੀ ਲੜਾਈ ਬਹਾਦਰੀ ਦੇ ਦਮ 'ਤੇ ਇਕੱਲਿਆਂ ਹੀ ਲੜੀ

ਪਰ ਵਜੈ ਸਿੰਘ ਇਨਕਲਾਬ ਦੇ ਕਵੀ ਨਹੀਂ ਸਨ। ਉਨ੍ਹਾਂ ਦੇ ਸ਼ਬਦ ਚਿੰਗਿਆੜੇ ਨਾ ਛੱਡਦੇ।

ਮੈਂ ਪਿਆ ਉਡੀਕਾਂ
ਹਵਾ ਦੇ ਉਸ ਬੁੱਲ੍ਹੇ ਨੂੰ
ਕੀ ਹੋਇਆ ਜੇ ਮੈਂ ਸੁਆਹ ਦਾ ਢੇਰ ਆਂ
ਅੱਗ ਨਈਂ
ਨਈਂ ਸਾੜ ਸਕਦਾ ਘਾਹ ਦੀ ਇੱਕ ਤਿੜ ਵੀ।
ਪਰ ਮੈਂ ਕਿਸੇ ਦੀਆਂ ਅੱਖਾਂ ਵਿੱਚ ਪੈ ਕੇ
ਰੜਕ ਜ਼ਰੂਰ ਬਣ ਸਕਦਾਂ,
ਕਿਸੇ ਨੂੰ ਤਾਂ ਅੱਖਾਂ ਮਲ਼-ਮਲ਼ ਕੇ
ਲਾਲ ਕਰਨ ਲਈ ਮਜ਼ਬੂਰ ਕਰ ਸਕਦਾਂ।

ਅਤੇ ਹੁਣ, ਜਦੋਂ ਅਸੀਂ ਲਗਭਗ 70 ਅਣਪ੍ਰਕਾਸ਼ਿਤ ਕਵਿਤਾਵਾਂ ਦਾ ਢੇਰ ਚੁੱਕੀ ਬੈਠੇ ਹਾਂ। ਇਹਦਾ ਹਰ ਕਣ ਸਾਡੀਆਂ ਅੱਖਾਂ ਅਤੇ ਸਾਡੀ ਜ਼ਮੀਰ 'ਚ ਰੜਕ ਪੈਦਾ ਕਰ ਸਕਦਾ ਹੈ। ਸਾਨੂੰ ਵੀ ਹੁਣ ਹਵਾ ਦੇ ਚੱਲਣ ਦੀ ਉਡੀਕ ਕਰਨੀ ਪਵੇਗੀ।

ਝੂਲੜੀ*

ਜਦੋਂ ਮੈਂ ਬੱਚਾ ਸਾਂ
ਬਾਪਾ ਨੇ ਮੈਨੂੰ ਝੂਲੜੀ ਲਿਆ ਕੇ ਦਿੱਤੀ ਸੀ
ਪਹਿਲੀ ਵਾਰ ਧੁਆਈ ਬਾਅਦ ਉਹ ਸੁੰਗੜ ਗਈ,
ਉਹਦਾ ਰੰਗ ਉੱਡ ਗਿਆ,
ਤੇ ਤੰਦ ਢਿਲ਼ਕ ਗਏ।
ਹੁਣ ਮੈਨੂੰ ਉਹ ਪਸੰਦ ਨਈਂ ਸੀ।
ਮੈਂ ਜ਼ਿੱਦ ਕੀਤੀ-
ਮੈਂ ਇਹ ਝੂਲੜੀ ਨਈਓਂ ਪਾਉਣੀ।
ਮਾਂ ਨੇ ਸਿਰ 'ਤੇ ਹੱਥ ਫੇਰਿਆ
ਤੇ ਮੈਨੂੰ ਮਨਾਇਆ,
''ਇਹਨੂੰ ਪਾ ਜਦੋਂ ਤੱਕ ਇਹ ਪਾੜ ਨਾ ਜਾਵੇ, ਬੱਚੇ।
ਫਿਰ ਅਸੀਂ ਨਵਾਂ ਲਿਆ ਦਿਆਂਗੇ, ਠੀਕ ਆ?''
ਅੱਜ ਇਹ ਦੇਹ ਉਸੇ ਝੂਲੜੀ ਵਾਂਗਰ ਲਟਕ ਗਈ ਏ
ਜਿਸ ਤੋਂ ਮੈਨੂੰ ਚਿੜ ਸੀ।
ਝੁਰੜਾਈ ਦੇਹ ਝੂਲਾ ਬਣ ਗਈ ਏ,
ਹਰ ਜੋੜ ਜਿਓਂ ਪਿਘਲ ਗਿਆ ਏ,
ਸਾਹ ਲੈਂਦਿਆਂ ਵੀ ਕੰਬਣ ਲੱਗਦੀ ਏ
ਦਿਮਾਗ਼ ਅਸ਼ਾਂਤ ਰਹਿੰਦਾ ਏ-
ਮੈਨੂੰ ਇਹ ਦੇਹ ਨਈਓਂ ਚਾਹੀਦੀ!
ਜਦੋਂ ਇਹ ਦੇਹ ਹੁਣ ਛੁੱਟਣ ਵਾਲ਼ੀ ਏ,
ਮੈਨੂੰ ਮਾਂ ਦੇ ਮਿੱਠੇ ਲਾਰੇ ਚੇਤੇ ਆਉਂਦੇ ਨੇ-
''ਇਹਨੂੰ ਪਾ ਜਦੋਂ ਤੱਕ ਇਹ ਪਾੜ ਨਾ ਜਾਵੇ, ਬੱਚੇ!
ਇੱਕ ਵਾਰ ਇਹ ਪਾੜ ਗਈ, ਤਾਂ...

ਕਵੀ ਦੀਆਂ ਅਣਪ੍ਰਕਾਸ਼ਿਤ ਕਵਿਤਾਵਾਂ ਦਾ ਅਨੁਵਾਦ।
*ਝੂਲੜੀ ਇੱਕ ਰਵਾਇਤੀ ਕਢਾਈ ਵਾਲ਼ਾ ਕੱਪੜਾ ਹੈ ਜੋ ਆਦਿਵੀਸ ਭਾਈਚਾਰਿਆਂ ਦੇ ਬੱਚਿਆਂ ਦੁਆਰਾ ਪਹਿਨਿਆ ਜਾਂਦਾ ਹੈ।


ਲੇਖਿਕਾ, ਵਜੈ ਸਿੰਘ ਪਾਰਗੀ ਦੀ ਰਿਣੀ ਹਨ , ਜਿਨ੍ਹਾਂ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਜ਼ਿੰਦਗੀ ਅਤੇ ਦੀਰਘ ਸਰੀਰਕ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪਾਰੀ ਨਾਲ਼ ਕਵਿਤਾਵਾਂ ਬਾਰੇ ਗੱਲ ਕੀਤੀ ਸੀ। ਲੇਖਿਕਾ, ਵਜੈ ਸਿੰਘ ਦੇ ਭਰਾ ਮੁਕੇਸ਼ ਪਾਰਗੀ, ਕਵੀ ਅਤੇ ਸਮਾਜਿਕ ਕਾਰਕੁਨ ਕਾਂਜੀ ਪਟੇਲ, ਨਿਰਧਾਰ ਦੇ ਸੰਪਾਦਕ ਉਮੇਸ਼ ਸੋਲੰਕੀ, ਵਜੈ ਸਿੰਘ ਦੇ ਦੋਸਤ ਅਤੇ ਲੇਖਕ ਕਿਰੀਟ ਪਰਮਾਰ ਅਤੇ ਗਲਾਲੀਆਵਾੜ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਤੀਸ਼ ਪਰਮਾਰ ਦੀ ਵੀ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਲੇਖ ਨੂੰ ਸੰਭਵ ਬਣਾਉਣ ਵਿੱਚ ਸਹਾਇਤਾ ਕੀਤੀ।

ਇਸ ਲੇਖ ਵਿਚਲੀਆਂ ਸਾਰੀਆਂ ਕਵਿਤਾਵਾਂ ਵਜੈ ਸਿੰਘ ਪਾਰਗੀ ਨੇ ਗੁਜਰਾਤੀ ਵਿੱਚ ਲਿਖੀਆਂ ਸਨ ਤੇ ਪ੍ਰਤਿਸ਼ਠਾ ਪਾਂਡਿਆਂ ਨੇ ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਹੈ।

ਤਰਜਮਾ: ਕਮਲਜੀਤ ਕੌਰ

Pratishtha Pandya

ಪ್ರತಿಷ್ಠಾ ಪಾಂಡ್ಯ ಅವರು ಪರಿಯ ಹಿರಿಯ ಸಂಪಾದಕರು, ಇಲ್ಲಿ ಅವರು ಪರಿಯ ಸೃಜನಶೀಲ ಬರವಣಿಗೆ ವಿಭಾಗವನ್ನು ಮುನ್ನಡೆಸುತ್ತಾರೆ. ಅವರು ಪರಿಭಾಷಾ ತಂಡದ ಸದಸ್ಯರೂ ಹೌದು ಮತ್ತು ಗುಜರಾತಿ ಭಾಷೆಯಲ್ಲಿ ಲೇಖನಗಳನ್ನು ಅನುವಾದಿಸುತ್ತಾರೆ ಮತ್ತು ಸಂಪಾದಿಸುತ್ತಾರೆ. ಪ್ರತಿಷ್ಠಾ ಗುಜರಾತಿ ಮತ್ತು ಇಂಗ್ಲಿಷ್ ಭಾಷೆಗಳಲ್ಲಿ ಕೆಲಸ ಮಾಡುವ ಕವಿಯಾಗಿಯೂ ಗುರುತಿಸಿಕೊಂಡಿದ್ದು ಅವರ ಹಲವು ಕವಿತೆಗಳು ಮಾಧ್ಯಮಗಳಲ್ಲಿ ಪ್ರಕಟವಾಗಿವೆ.

Other stories by Pratishtha Pandya
Photos and Video : Umesh Solanki

ಉಮೇಶ್ ಸೋಲಂಕಿ ಅಹಮದಾಬಾದ್ ಮೂಲದ ಛಾಯಾಗ್ರಾಹಕ, ಸಾಕ್ಷ್ಯಚಿತ್ರ ನಿರ್ಮಾಪಕ ಮತ್ತು ಬರಹಗಾರ, ಪತ್ರಿಕೋದ್ಯಮದಲ್ಲಿ ಸ್ನಾತಕೋತ್ತರ ಪದವಿ ಪಡೆದಿದ್ದಾರೆ. ಅವರು ಅಲೆಮಾರಿ ಅಸ್ತಿತ್ವವನ್ನು ಪ್ರೀತಿಸುತ್ತಾರೆ. ಸೋಲಂಕಿಯವರು ಮೂರು ಪ್ರಕಟಿತ ಕವನ ಸಂಕಲನಗಳು, ಒಂದು ಪದ್ಯ ರೂಪದ ಕಾದಂಬರಿ, ಒಂದು ಕಾದಂಬರಿ ಮತ್ತು ಸೃಜನಶೀಲ ನೈಜ-ಕಥನಗಳ ಸಂಗ್ರಹವನ್ನು ಹೊರ ತಂದಿದ್ದಾರೆ.

Other stories by Umesh Solanki
Editor : P. Sainath
psainath@gmail.com

ಪಿ. ಸಾಯಿನಾಥ್ ಅವರು ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ಸ್ಥಾಪಕ ಸಂಪಾದಕರು. ದಶಕಗಳಿಂದ ಗ್ರಾಮೀಣ ವರದಿಗಾರರಾಗಿರುವ ಅವರು 'ಎವೆರಿಬಡಿ ಲವ್ಸ್ ಎ ಗುಡ್ ಡ್ರಾಟ್' ಮತ್ತು 'ದಿ ಲಾಸ್ಟ್ ಹೀರೋಸ್: ಫೂಟ್ ಸೋಲ್ಜರ್ಸ್ ಆಫ್ ಇಂಡಿಯನ್ ಫ್ರೀಡಂ' ಎನ್ನುವ ಕೃತಿಗಳನ್ನು ರಚಿಸಿದ್ದಾರೆ.

Other stories by P. Sainath
Translator : Kamaljit Kaur
jitkamaljit83@gmail.com

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur