“ਪਹਿਲੇ ਦਿਨ ਮਜੀਦਾਂ ਨੇ ਮੇਰੇ ਹੱਥ ਤੇ ਮਾਰੀਆਂ ਸੀ,” 65 ਸਾਲਾ ਕਰਸੈਦ ਬੇਗਮ ਸ਼ਰਾਰਤ ਭਰੇ ਲਹਿਜੇ ਵਿੱਚ ਪੁਰਾਣੇ ਪਲ ਯਾਦ ਕਰਦੇ ਹਨ। ਉਹਨਾਂ ਦੇ ਕੋਲ਼ ਬੈਠੇ ਮਜੀਦਾਂ ਬੇਗਮ ਇਸ ਪੁਰਾਣੀ ਯਾਦ ਤੇ ਮੁਸਕੁਰਾਉਂਦਿਆਂ ਆਪਣੇ ਬਚਾਅ ਵਿੱਚ ਪੱਖ ਪੇਸ਼ ਕਰਦੇ ਹਨ। “ਸ਼ੁਰੂ ਸ਼ੁਰੂ ਵਿੱਚ ਕਰਸੈਦ ਨੂੰ ਧਾਗਿਆਂ ਨਾਲ਼ ਕੰਮ ਕਰਨਾ ਨਹੀਂ ਆਉਂਦਾ ਸੀ। ਮੈਂ ਸਿਰਫ਼ ਇੱਕ ਵਾਰ ਹੀ ਮਾਰਿਆ ਸੀ,” ਉਹ ਨਾਲ਼ ਹੀ ਦੱਸਦੇ ਹਨ, “ਪਰ ਫਿਰ ਇਹ ਛੇਤੀ ਹੀ ਸਿੱਖ ਗਈ ਸੀ।”

ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਪਿੰਡ ਘੰਡਾ ਬੰਨਾ ਦੀਆਂ ਦੋ ਬਜ਼ੁਰਗ ਔਰਤਾਂ ਮਜੀਦਾਂ ਤੇ ਕਰਸੈਦ ਸੂਤ, ਜੂਟ ਤੇ ਕਈ ਵਾਰ ਪੁਰਾਣੇ ਕੱਪੜਿਆਂ ਤੋਂ ਬੁਣੀਆਂ ਗੁੰਝਲਦਾਰ ਨਮੂਨੇ ਦੀਆਂ ਰੰਗ ਬਿਰੰਗੀਆਂ ਦਰੀਆਂ ਲਈ ਮਸ਼ਹੂਰ ਹਨ।

“ਮੈਂ 35 ਸਾਲਾਂ ਦੀ ਉਮਰ ਵਿੱਚ ਮਜੀਦਾਂ ਕੋਲੋਂ ਦਰੀਆਂ ਬੁਣਨਾ ਸਿੱਖਿਆ ਸੀ,” ਕਰਸੈਦ ਦੱਸਦੇ ਹਨ। “ਉਦੋਂ ਤੋਂ ਅਸੀਂ ਇਕੱਠੇ ਦਰੀਆਂ ਬੁਣ ਰਹੇ ਹਾਂ,” 71 ਸਾਲਾ ਮਜੀਦਾਂ ਦੱਸਦੇ ਹਨ। “ਇਸ ਕੰਮ ਲਈ ਦੋ ਜਣੇ ਚਾਹੀਦੇ ਹਨ ਇਹ ਇਕੱਲੇ ਬੰਦੇ ਦਾ ਕੰਮ ਨਹੀਂ।”

ਇਹ ਦੋਨੋਂ ਸਕੇ ਭਰਾਵਾਂ ਨੂੰ ਵਿਆਹੀਆਂ ਹਨ ਅਤੇ ਆਪਣੇ ਆਪ ਨੂੰ ਭੈਣਾਂ ਤੇ ਇੱਕ ਦੂਜੇ ਦੇ ਪਰਿਵਾਰ ਦਾ ਹਿੱਸਾ ਮੰਨਦੀਆਂ ਹਨ। “ਸਾਨੂੰ ਤਾਂ ਸਕੀਆਂ ਭੈਣਾਂ ਵਾਂਗ ਹੀ ਮਹਿਸੂਸ ਹੁੰਦਾ ਹੈ,” ਕਰਸੈਦ ਕਹਿੰਦੇ ਹਨ। ਮਜੀਦਾਂ ਨਾਲ਼ ਹੀ ਦੱਸਦੇ ਹਨ, “ਹਾਲਾਂਕਿ ਸਾਡੇ ਸੁਭਾਅ ਇੱਕ ਦੂਜੇ ਤੋਂ ਉਲਟ ਹਨ।” ਜਿਸ ਦੇ ਜਵਾਬ ਵਿੱਚ ਕਰਸੈਦ ਕਹਿੰਦੇ ਹਨ, “ਇਹ ਬੜਬੋਲੀ ਹੈ ਜਦਕਿ ਮੈਂ ਚੁੱਪ ਰਹਿੰਦੀ ਹਾਂ।”

ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਦਰੀਆਂ ਬੁਣਨ ਦੇ ਕੰਮ ਤੋਂ ਇਲਾਵਾ ਮਜੀਦਾਂ ਤੇ ਕਰਸੈਦ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਕੁਝ ਕਮਾਈ ਕਰ ਲੈਂਦੀਆਂ ਹਨ। ਉਮਰ ਦੇ ਇਸ ਪੜਾਅ ਵਿੱਚ ਇਹ ਦੋਵੇਂ ਕੰਮ ਹੀ ਇਹਨਾਂ ਲਈ ਬਹੁਤ ਮੁਸ਼ਕਿਲ ਹਨ।

PHOTO • Sanskriti Talwar
PHOTO • Sanskriti Talwar

ਮਜੀਦਾਂ (ਖੱਬੇ) ਤੇ ਉਹਨਾਂ ਦੀ ਦਰਾਣੀ ਕਰਸੈਦ ਬੇਗਮ (ਸੱਜੇ) ਬਠਿੰਡਾ ਦੇ ਪਿੰਡ ਘੰਡਾ ਬੰਨਾ ਵਿੱਚ ਸੂਤ, ਜੂਟ ਤੇ ਪੁਰਾਣੇ ਕੱਪੜਿਆਂ ਤੋਂ ਖੂਬਸੂਰਤ ਦਰੀਆਂ ਬੁਣਨ ਲਈ ਮਸ਼ਹੂਰ ਹਨ। 'ਮੈਂ 35 ਸਾਲਾਂ ਦੀ ਉਮਰ ਵਿੱਚ ਮਜੀਦਾਂ ਕੋਲੋਂ ਦਰੀਆਂ ਬੁਣਨਾ ਸਿੱਖਿਆ ਸੀ,' 65 ਸਾਲਾ ਕੁਰਸੈਦ ਦੱਸਦੇ ਹਨ। 'ਉਦੋਂ ਤੋਂ ਲੈ ਕੇ ਅਸੀਂ ਇਕੱਠੇ ਦਰੀਆਂ ਬੁਣ ਰਹੇ ਹਾਂ,' ਮਜੀਦਾਂ ਦੱਸਦੇ ਹਨ। ‘ਇਸ ਕੰਮ ਲਈ ਦੋ ਜਣੇ ਚਾਹੀਦੇ ਹਨ ਇਹ ਇਕੱਲੇ ਬੰਦੇ ਦਾ ਕੰਮ ਨਹੀਂ’

ਈਦ ਦੀ ਹੁੰਮਸ ਭਰੀ ਸਵੇਰ ਵਿੱਚ ਮਜੀਦਾਂ ਘੰਡਾ ਬੰਨਾ ਦੀਆਂ ਭੀੜੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਕਰਸੈਦ ਦੇ ਘਰ ਵੱਲ ਨੂੰ ਜਾ ਰਹੇ ਹਨ। “ਮੈਂ ਇੱਥੇ ਏਨਾ ਲੰਬਾ ਸਮਾਂ ਕੰਮ ਕਰ ਚੁੱਕੀ ਹਾਂ ਕਿ ਇਸ ਪਿੰਡ ਦੇ ਹਰ ਦਰਵਾਜ਼ੇ ਅੱਜ ਵੀ ਮੇਰੇ ਲਈ ਖੁੱਲ੍ਹੇ ਹਨ,” ਉਹ ਬੜੇ ਮਾਣ ਨਾਲ਼ ਦੱਸਦੇ ਹਨ।

ਇਹਨਾਂ ਦੇ ਕੰਮ ਦਾ ਬੋਲਬਾਲਾ ਸਿਰਫ਼ ਇਹਨਾਂ ਦੇ ਪਿੰਡ ਤੱਕ ਹੀ ਸੀਮਿਤ ਨਹੀਂ ਬਲਕਿ ਦੂਰ ਦੁਰਾਡੇ ਦੇ ਲੋਕ ਵੀ ਮਜੀਦਾਂ ਹੁਰਾਂ ਨੂੰ ਦਰੀ ਬੁਣਨ ਲਈ ਸੁਨੇਹੇ ਲਾਉਂਦੇ ਹਨ। “ਨੇੜਲੇ ਪਿੰਡ ਤੇ ਕਸਬੇ ਜਿਵੇਂ ਕਿ ਫੂਲ, ਢਪਾਲੀ ਤੇ ਰਾਮਪੁਰ ਫੂਲ ਦੇ ਜੋ ਲੋਕ ਮੈਨੂੰ ਜਾਣਦੇ ਹਨ ਉਹ ਦਰੀਆਂ ਲਈ ਸਿੱਧਾ ਘਰ ਆ ਜਾਂਦੇ ਹਨ,” ਮਜੀਦਾਂ ਦਾ ਦੱਸਣਾ ਹੈ।

ਜਦ ਅਪ੍ਰੈਲ 2024 ਵਿੱਚ ਪਾਰੀ ਦੀ ਟੀਮ ਇਹਨਾਂ ਨੂੰ ਮਿਲੀ ਸੀ ਤਾਂ ਇਹ ਦੋਵੇਂ ਘੰਡਾ ਬੰਨਾ ਦੇ ਇੱਕ ਪਰਿਵਾਰ ਲਈ ਫੁਲਕਾਰੀ ਵਾਲੀ ਦਰੀ ਬੁਣ ਰਹੀਆਂ ਸਨ। ਇਹ ਪਰਿਵਾਰ ਇਹ ਦਰੀ ਆਪਣੀ ਧੀ ਨੂੰ ਉਸ ਦੇ ਵਿਆਹ ਤੇ ਦੇਣਾ ਚਾਹੁੰਦਾ ਸੀ। “ਇਹ ਦਰੀ ਉਸ ਦੇ ਦਾਜ ਲਈ ਹੈ,” ਮਜੀਦਾਂ ਦੱਸਦੇ ਹਨ।

ਇਸ ਫੁਲਕਾਰੀ ਵਾਲੀ ਦਰੀ ਤੇ ਗਾਹਕ ਵੱਲੋਂ ਦਿੱਤੇ ਹੋਏ ਦੋ ਰੰਗਾਂ ਦੇ ਧਾਗਿਆਂ ਨਾਲ਼ ਫੁੱਲ ਪਾਏ ਗਏ ਸਨ। “ਫੁੱਲਾਂ ਦਾ ਨਮੂਨਾ ਪਾਉਣ ਸਮੇਂ ਹੋਰ ਰੰਗਾਂ ਦੇ ਧਾਗਿਆਂ ਨਾਲ਼ ਪੇਟਾ ਪਾਉਂਦੇ ਹਾਂ,” ਮਜੀਦਾਂ 10 ਚਿੱਟੇ ਰੰਗ ਦੇ ਧਾਗਿਆਂ ਦੇ ਤਾਣੇ ਵਿੱਚੋਂ ਪੀਲੇ ਰੰਗ ਦਾ ਪੇਟਾ ਟਪਾਉਂਦਿਆਂ ਦੱਸਦੇ ਹਨ। ਫਿਰ ਉਹ ਇਹ ਕੰਮ ਨੀਲੇ ਰੰਗ ਦੇ ਧਾਗਿਆਂ ਨਾਲ਼ ਦੁਹਰਾਉਂਦੇ ਹਨ। ਥੋੜਾ ਜਿਹਾ ਫਾਸਲਾ ਛੱਡ ਕੇ ਉਹ ਹਰੇ ਅਤੇ ਕਾਲੇ ਫੁੱਲ ਪਾਉਣਾ ਸ਼ੁਰੂ ਕਰ ਦਿੰਦੇ ਹਨ।

“ਜਦ ਫੁੱਲਾਂ ਦਾ ਕੰਮ ਪੂਰਾ ਹੋ ਜਾਂਦਾ ਹੈ ਤਾਂ ਅਸੀਂ ਇੱਕ ਫੁੱਟ ਦਰੀ ਦਾ ਹਿੱਸਾ ਸਿਰਫ਼ ਲਾਲ ਰੰਗ ਦੇ ਪੇਟੇ ਨਾਲ਼ ਬੁਣਦੇ ਹਾਂ,” ਮਜੀਦਾਂ ਦੱਸਦੇ ਹਨ। ਮਿਣਤੀ ਕਰਨ ਲਈ ਕੋਈ ਫ਼ੀਤਾ ਨਹੀਂ ਹੈ, ਮਜੀਦਾਂ ਹੱਥਾਂ ਨਾਲ਼ ਹੀ ਕੰਮ ਕਰ ਲੈਂਦੇ ਹਨ। ਮਜੀਦਾਂ ਤੇ ਕਰਸੈਦ ਲੰਬੇ ਅਰਸੇ ਤੋਂ ਇੰਜ ਹੀ ਆਪਣਾ ਕੰਮ ਕਰਦਿਆਂ ਹਨ ਕਿਉਂਕਿ ਇਹ ਦੋਵੇਂ ਕਦੀ ਸਕੂਲ ਨਹੀਂ ਗਈਆਂ।

ਦੋਵੇਂ ਹੱਥੇ (ਕੰਘਾ) ਨਾਲ਼ ਪੇਟੇ ਦੇ ਧਾਗੇ ਕੱਸ ਰਹੀਆਂ ਹਨ, ਤੇ ਮਜੀਦਾਂ ਦੱਸਦੇ ਹਨ, “ਨਮੂਨਾ ਸਾਰਾ ਮੇਰੇ ਦਿਮਾਗ ਵਿੱਚ ਛਪਿਆ ਹੋਇਆ ਹੈ।” ਅੱਜ ਤੱਕ ਜਿੰਨੀਆਂ ਦਰੀਆਂ ਉਹਨਾਂ ਨੇ ਬੁਣੀਆਂ ਹਨ ਉਹਨਾਂ ਵਿੱਚੋਂ ਉਹਨਾਂ ਦੀਆ ਮਨਪਸੰਦ ਮੋਰ ਅਤੇ 12 ਪਰੀਆਂ ਵਾਲੀਆਂ ਦਰੀਆਂ ਹਨ। ਇਹ ਦੋਵੇਂ ਦਰੀਆਂ ਉਹਨਾਂ ਨੇ ਆਪਣੀ ਬੇਟੀ ਨੂੰ ਦਾਜ ਵਿੱਚ ਦਿੱਤੀਆਂ ਸਨ।

PHOTO • Sanskriti Talwar
PHOTO • Sanskriti Talwar

ਮਜੀਦਾਂ ਕਿਸੇ ਗਾਹਕ ਲਈ ਫੁਲਕਾਰੀ ਵਾਲੀ ਦਰੀ ਬੁਣਦੇ ਹੋਏ। ‘ਫੁੱਲਾਂ ਦਾ ਨਮੂਨਾ ਪਾਉਣ ਸਮੇਂ ਹੋਰ ਰੰਗਾਂ ਦੇ ਧਾਗਿਆਂ ਨਾਲ਼ ਪੇਟਾ ਪਾਉਂਦੇ ਹਾਂ,’ ਮਜੀਦਾਂ 10 ਚਿੱਟੇ ਰੰਗ ਦੇ ਧਾਗਿਆਂ ਦੇ ਤਾਣੇ ਵਿੱਚੋਂ ਪੀਲੇ ਰੰਗ ਦਾ ਪੇਟਾ ਟਪਾਉਂਦਿਆਂ ਦੱਸਦੇ ਹਨ। ਫਿਰ ਉਹ ਇਹ ਕੰਮ ਨੀਲੇ ਰੰਗ ਦੇ ਧਾਗਿਆਂ ਨਾਲ਼ ਦੁਹਰਾਉਂਦੇ ਹਨ

PHOTO • Sanskriti Talwar
PHOTO • Sanskriti Talwar

ਖੱਬੇ: ਦੋਵੇਂ ਸ਼ਿਲਪਕਾਰਾਂ ਹੱਥੇ ਨਾਲ਼ ਪੇਟੇ ਦੇ ਧਾਗੇ ਕੱਸਦੀਆਂ ਹੋਈਆਂ। ਸੱਜੇ: ਮਜੀਦਾਂ ਲਾਲ ਸੁੱਟ ਲੱਕੜ ਤੇ ਡੰਡੇ ਉੱਪਰ ਲਪੇਟਦੇ ਹੋਏ ਜਿਸ ਨੂੰ ਪੇਟੇ ਲਈ ਵਰਤਿਆ ਜਾਵੇਗਾ ਅਤੇ ਨਾਲ਼ ਕਰਸੈਦ ਆਪਣੀ ਪੋਤੀ ਮੰਨਤ ਨਾਲ਼ 10 ਫੁੱਟ ਦੇ ਫਰੇਮ ਤੇ ਕੰਮ ਕਰਦਿਆਂ, ਜਿਸ ਉੱਪਰ ਦਰੀ ਬੁਣੀ ਜਾਵੇਗੀ

*****

ਮਜੀਦਾਂ ਦੇ ਪੱਕੇ ਘਰ ਵਿੱਚ ਬੁਣਾਈ ਵਾਲੀ ਥਾਂ ਉਹਨਾਂ ਤੇ ਸੁਘੜ ਹੋਣ ਦੀ ਗਵਾਹੀ ਭਰਦੀ ਹੈ। ਉਹ ਇਸ ਕਮਰੇ ਵਿੱਚ ਆਪਣੇ 10 ਸਾਲ ਦੇ ਪੋਤੇ ਇਮਰਾਨ ਖ਼ਾਨ ਨਾਲ਼ ਰਹਿੰਦੇ ਹਨ। ਇਸ 14x14 ਫੁੱਟ ਦੇ ਕਮਰੇ ਵਿੱਚ ਜਿਆਦਾਤਰ ਥਾਂ ਦਰੀ ਬੁਣਨ ਵਾਲੇ 10 ਫੁੱਟ ਲੰਬੇ ਲੋਹੇ ਦੇ ਫਰੇਮ ਨੇ ਘੇਰੀ ਹੋਈ ਹੈ ਜਿਸ ਨੂੰ ਸਥਾਨਕ ਭਾਸ਼ਾ ਵਿੱਚ ਅੱਡਾ ਕਹਿੰਦੇ ਹਨ। ਕਮਰੇ ਵਿੱਚ ਇਸ ਤੋਂ ਇਲਾਵਾ ਕੁਝ ਮੰਜੇ ਕੰਧ ਨਾਲ਼ ਖੜੇ ਕੀਤੇ ਹੋਏ ਹਨ ਅਤੇ ਇੱਕ ਮੰਜਾ ਅੱਡੇ ਕੋਲ਼ ਪਿਆ ਹੈ; ਇੱਕ ਕੱਪੜਿਆਂ ਨਾਲ਼ ਭਰਿਆ ਵੱਡਾ ਸਟੀਲ ਦਾ ਟਰੰਕ ਤੇ ਹੋਰ ਸਮਾਨ ਇੱਕ ਪਾਸੇ ਪਏ ਹਨ। ਕਮਰੇ ਵਿੱਚ ਇੱਕ ਬਲਬ ਵੀ ਹੈ ਪਰ ਮਜੀਦਾਂ ਅਤੇ ਕਰਸੈਦ ਦਰਵਾਜ਼ੇ ਵਿੱਚੋਂ ਆਉਂਦੀ ਸੂਰਜ ਦੀ ਰੋਸ਼ਨੀ ਵਿੱਚ ਕੰਮ ਕਰਨਾ ਪਸੰਦ ਕਰਦੇ ਹਨ।

ਉਹ 10 ਫੁੱਟ ਲੰਬੇ ਫਰੇਮ ਤੇ ਲੰਬਾਈ ਵਿੱਚ ਧਾਗੇ ਬੰਨ੍ਹਣ  ਜਾਂ ਤਾਣਾ ਬੰਨ੍ਹਣ ਤੋਂ ਸ਼ੁਰੂਆਤ ਕਰਦੇ ਹਨ। “ਦਰੀ ਬੁਣਨ ਵਿੱਚ ਸਭ ਤੋਂ ਮੁਸ਼ਕਿਲ ਕੰਮ ਤਾਣਾ ਤਣਨ ਦਾ ਹੈ,” ਮਜੀਦਾਂ ਕਹਿੰਦੇ ਹਨ। ਫਰੇਮ ਦੇ ਲੰਬਕਾਰੀ ਤਾਣਾ ਕੱਸ ਕੇ ਬੰਨਿਆ ਜਾਂਦਾ ਹੈ।

ਬੁਣਾਈ ਕਰਨ ਵਾਲੇ ਅੱਡੇ ਤੇ ਲੱਕੜ ਦਾ ਫੱਟਾ ਰੱਖ ਕੇ ਉੱਪਰ ਬੈਠ ਕੇ ਕੰਮ ਕਰਦੇ ਹਨ। ਬੁਣਾਈ ਦੀ ਸ਼ੁਰੂਆਤ ਰੱਛ ਪਾਉਣ ਨਾਲ਼ ਹੁੰਦੀ ਹੈ- ਇਹ ਇੱਕ ਕਿਸਮ ਦਾ ਫੱਟਾ ਹੁੰਦਾ ਹੈ ਜਿਸ ਨਾਲ਼ ਬੁਣਾਈ ਦਾ ਕੰਮ ਅਸਾਨ ਹੁੰਦਾ ਹੈ- ਜਿਸ ਨਾਲ਼ ਅੜੀ ਪਾਉਣ ਵਿੱਚ ਸਹਾਇਤਾ ਮਿਲਦੀ ਹੈ। ਅੜੀ ਨਾਲ਼ ਤਾਣੇ ਦੇ ਧਾਗੇ ਅਲੱਗ ਰਹਿੰਦੇ ਹਨ ਅਤੇ ਦਰੀ ਤੇ ਨਮੂਨਾ ਪਾਉਣ ਵਿੱਚ ਮਦਦ ਹੁੰਦੀ ਹੈ।

ਵਾਰੋ ਵਾਰ ਇਹ ਦੋਨੋਂ ਬੀਬੀਆਂ ਪੇਟੇ ਦੇ ਧਾਗੇ (ਬਾਣਾ) ਨੂੰ ਤਾਣੇ ਵਿੱਚ ਲੱਕੜ ਦੇ ਇੱਕ ਟੋਟੇ ਇੱਧਰ ਤੋਂ ਉੱਧਰ ਕਰ ਕੇ ਗੁੰਝਲਦਾਰ ਨਮੂਨੇ ਬਣਾਉਂਦੀਆਂ ਹਨ। ਮਜੀਦਾਂ ਪੇਟੇ ਰਾਹੀਂ ‘ਆਪਣੇ ਦਿਮਾਗ ਵਿੱਚ ਛਪੇ ਡਿਜ਼ਾਇਨ’ ਅਨੁਸਾਰ ਵੱਖੋ ਵੱਖਰੇ ਨਮੂਨੇ ਦਰੀਆਂ ਤੇ ਪਾਉਂਦੇ ਹਨ। ਉਹਨਾਂ ਕੋਲ਼ ਕੋਈ ਕਾਗਜ਼ ਤੇ ਡਿਜ਼ਾਇਨ ਜਾਂ ਛਾਪਾ ਨਹੀਂ ਜਿਸ ਨੂੰ ਦੇਖ ਕੇ ਉਹ ਦਰੀ ਬੁਣਦੇ ਹਨ।

PHOTO • Sanskriti Talwar
PHOTO • Sanskriti Talwar

ਬੁਣਾਈ ਕਰਨ ਵਾਲੇ ਅੱਡੇ ਤੇ ਲੱਕੜ ਦਾ ਫੱਟਾ ਰੱਖ ਕੇ ਉੱਪਰ ਬੈਠ ਕੇ ਕੰਮ ਕਰਦੇ ਹਨ। ਬੁਣਾਈ ਦੀ ਸ਼ੁਰੂਆਤ ਰੱਛ ਪਾਉਣ ਨਾਲ਼ ਹੁੰਦੀ ਹੈ- ਇਹ ਇੱਕ ਕਿਸਮ ਦਾ ਫੱਟਾ ਹੁੰਦਾ ਹੈ ਜਿਸ ਨਾਲ਼ ਬੁਣਾਈ ਦਾ ਕੰਮ ਅਸਾਨ ਹੁੰਦਾ ਹੈ- ਜਿਸ ਨਾਲ਼ ਅੜੀ ਪਾਉਣ ਵਿੱਚ ਸਹਾਇਤਾ ਮਿਲਦੀ ਹੈ। ‘ਤਾਣਾ ਤਣਨਾ ਦਰੀ ਬੁਣਨ ਵਿੱਚ ਸਭ ਤੋਂ ਮੁਸ਼ਕਿਲ ਕੰਮ ਹੈ,’ ਮਜੀਦਾਂ ਦੱਸਦੇ ਹਨ

ਮੁਸ਼ਕਿਲ ਲੱਗਦਾ ਹੈ ਪਰ ਹੁਣ ਇਹ ਕੰਮ ਕਾਫ਼ੀ ਅਸਾਨ ਹੋ ਚੁੱਕਾ ਹੈ। “ਪਹਿਲਾਂ ਅਸੀਂ ਚਾਰ ਲੋਹੇ ਦੇ ਕਿੱਲੇ ਜ਼ਮੀਨ ਵਿੱਚ ਗੱਡ ਕੇ ਉਸ ਤੇ ਲੱਕੜ ਦੇ ਸ਼ਤੀਰ ਰੱਖ ਕੇ ਫਰੇਮ ਬਣ ਲੈਂਦੇ ਸੀ ਤੇ ਉਸ ਤੇ ਤਾਣਾ ਬੁਣਦੇ ਸੀ,” ਕਰਸੈਦ ਦੱਸਦੇ ਹਨ। “ਉਸ ਅੱਡੇ ਨੂੰ ਅਸੀਂ ਇਸ ਵਾਂਗ ਹਿਲਾ ਨਹੀਂ ਸਕਦੇ ਸੀ ਪਰ ਇਸ ਨੂੰ ਅਸੀਂ ਖੁੱਲੇ ਵਿਹੜੇ ਵਿੱਚ ਲਿਆ ਕੇ ਵੀ ਕੰਮ ਕਰ ਸਕਦੇ ਹਾਂ,” ਮਜੀਦਾਂ ਕਹਿੰਦੇ ਹਨ।

ਦੋਵੇਂ ਬੀਬੀਆਂ ਨੂੰ ਪਰਿਵਾਰ ਵੱਲੋਂ ਕੋਈ ਆਰਥਿਕ ਸਹਾਇਤਾ ਨਹੀਂ ਮਿਲਦੀ। ਮਜੀਦਾਂ ਦਾ ਛੋਟਾ ਬੇਟਾ ਰਿਆਸਤ ਅਲੀ, ਟਰੱਕ ਚਲਾਉਂਦਾ ਸੀ ਪਰ ਹੁਣ 500 ਰੁਪਏ ਦਿਹਾੜੀ ਤੇ ਗਊਸ਼ਾਲਾ ਵਿੱਚ ਕੰਮ ਕਰਦੇ ਹਨ। ਉਹਨਾਂ ਦਾ ਵੱਡਾ ਬੇਟਾ ਬਰਨਾਲਾ ਵਿਖੇ ਪੱਤਰਕਾਰ ਹੈ। ਕਰਸੈਦ ਦੇ ਦੋ ਪੁੱਤਰ ਵੈਲਡਿੰਗ ਦਾ ਕੰਮ ਕਰਦੇ ਹਨ ਅਤੇ ਤੀਸਰਾ ਦਿਹਾੜੀਦਾਰ ਹੈ।

ਮਜੀਦਾਂ ਨੇ ਬੁਣਾਈ ਦਾ ਕੰਮ ਕਰਸੈਦ ਤੋਂ ਕਾਫ਼ੀ ਪਹਿਲਾਂ ਸ਼ੁਰੂ ਕਰ ਦਿੱਤਾ ਸੀ। ਪਰ ਉਹਨਾਂ ਤੇ ਹੋਈ ਅਨੁਸ਼ਾਸਨੀ ਕਾਰਵਾਈ ਵੀ ਕੋਈ ਵੱਖਰੀ ਨਹੀਂ ਸੀ। “ਮੇਰੀ ਭਰਜਾਈ ਸਿਖਾਉਂਦੇ ਹੋਏ ਮੇਰੀ ਪਿੱਠ ਤੇ ਮਾਰਦੀ ਸੀ,” ਮਜੀਦਾਂ ਆਪਣੀ ਭਰਜਾਈ ਨੂੰ ਯਾਦ ਕਰਦਿਆਂ ਦੱਸਦੇ ਹਨ ਜਿਹਨਾਂ ਨੇ ਉਹਨਾਂ ਨੂੰ ਦਰੀਆਂ ਬੁਣਨਾ ਸਿਖਾਇਆ ਸੀ।

“ਭਾਵੇਂ ਕਿ ਮੈਨੂੰ ਗੁੱਸਾ ਬੜੀ ਜਲਦੀ ਆਉਂਦਾ ਸੀ, ਪਰ ਮੇਰੀ ਸਿੱਖਣ ਦੀ ਤਾਂਘ ਨੇ ਮੈਨੂੰ ਚੁੱਪ ਰੱਖਿਆ।” ਅਤੇ ਉਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸਿੱਖ ਵੀ ਗਏ “ਮੇਰੀ ਸ਼ੁਰੂਆਤੀ ਖਿਝ ਤੇ ਹੰਝੂਆਂ ਦੇ ਬਾਵਜੂਦ।”

ਮਜੀਦਾਂ ਦੀ ਦ੍ਰਿੜਤਾ ਉਹਨਾਂ ਦੇ ਪਿਤਾ ਦੀ ਮੌਤ ਵੇਲੇ ਸਾਹਮਣੇ ਆਈ ਜਦ ਉਹਨਾਂ ਦੀ ਮਾਂ ਉਪਰ ਘਰ ਦੀ ਜਿੰਮੇਵਾਰੀ ਆ ਪਈ। ਉਹਨਾਂ ਦੀ ਮਾਂ ਦੀ ਝਿਜਕ ਦੇ ਬਾਵਜੂਦ 14 ਸਾਲ ਦੀ ਮਜੀਦਾਂ ਮਦਦ ਕਰਨ ਲਈ ਅੜੀ ਰਹੀ। “ਬੇਬੇ ਮੇਰੇ ਕੁੜੀ ਹੋਣ ਕਾਰਨ ਮੈਨੂੰ ਕੰਮ ਤੋਂ ਮਨਾਂ ਕਰਦੇ ਰਹੇ,” ਮਜੀਦਾਂ ਯਾਦ ਕਰਦੇ ਹਨ। “ਪਰ ਮੈਂ ਵੀ ਅੜੀ ਰਹੀ ਕਿ ਕੁੜੀ ਹੋਣਾ ਮੈਨੂੰ ਆਪਣੇ ਪਰਿਵਾਰ ਦੀ ਮਦਦ ਕਰਨ ਤੋਂ ਕਿਵੇ ਰੋਕ ਸਕਦਾ ਹੈ।”

PHOTO • Sanskriti Talwar
PHOTO • Sanskriti Talwar

ਵਾਰੋ ਵਾਰ ਇਹ ਦੋਨੋਂ ਬੀਬੀਆਂ ਪੇਟੇ ਦੇ ਧਾਗੇ (ਬਾਣਾ) ਨੂੰ ਤਾਣੇ ਵਿੱਚ ਲੱਕੜ ਦੇ ਇੱਕ ਟੋਟੇ ਇੱਧਰ ਤੋਂ ਉੱਧਰ ਕਰ ਕੇ ਗੁੰਝਲਦਾਰ ਨਮੂਨੇ ਬਣਾਉਂਦੀਆਂ ਹਨ। ਮਜੀਦਾਂ ਪੇਟੇ ਰਾਹੀਂ ‘ਆਪਣੇ ਦਿਮਾਗ ਵਿੱਚ ਛਪੇ ਡਿਜ਼ਾਇਨ’ ਅਨੁਸਾਰ ਵੱਖੋ ਵੱਖਰੇ ਨਮੂਨੇ ਦਰੀਆਂ ਤੇ ਪਾਉਂਦੇ ਹਨ। ਉਹਨਾਂ ਕੋਲ਼ ਕੋਈ ਕਾਗਜ਼ ਤੇ ਡਿਜ਼ਾਇਨ ਜਾਂ ਛਾਪਾ ਨਹੀਂ ਜਿਸ ਨੂੰ ਦੇਖ ਕੇ ਉਹ ਦਰੀ ਬੁਣਦੇ ਹਨ

PHOTO • Sanskriti Talwar
PHOTO • Sanskriti Talwar

ਮਜੀਦਾਂ ਤੇ ਕਰਸੈਦ ਪੀਲੇ ਤੇ ਨੀਲੇ ਸੂਤ ਨਾਲ਼ ਦੋ ਫੁੱਲਾਂ ਵਾਲਾਂ ਨਮੂਨਾ ਬੁਣ ਰਹੇ ਹਨ। ਥੋੜਾ ਜਿਹਾ ਫਾਸਲਾ ਛੱਡ ਕੇ ਉਹ ਹਰੇ ਅਤੇ ਕਾਲੇ ਫੁੱਲ ਪਾਉਂਦੇ ਹਨ। “ਜਦ ਫੁੱਲਾਂ ਦਾ ਕੰਮ ਪੂਰਾ ਹੋ ਜਾਂਦਾ ਹੈ ਤਾਂ ਅਸੀਂ ਇੱਕ ਫੁੱਟ ਦਰੀ ਦਾ ਹਿੱਸਾ ਸਿਰਫ਼ ਲਾਲ ਰੰਗ ਦੇ ਪੇਟੇ ਨਾਲ਼ ਬੁਣਦੇ ਹਾਂ,” ਮਜੀਦਾਂ ਦੱਸਦੇ ਹਨ। ਮਜੀਦਾਂ ਹੱਥਾਂ ਨਾਲ਼ ਹੀ ਮਿਣਤੀ ਦਾ ਕੰਮ ਕਰ ਲੈਂਦੇ ਹਨ ਜੋ ਕਿ ਲੰਬੇ ਅਰਸੇ ਤੋਂ ਇੰਜ ਹੀ ਕਰ ਰਹੇ ਹਨ ਕਿਉਂਕਿ ਇਹ ਦੋਵੇਂ ਕਦੀ ਸਕੂਲ ਨਹੀਂ ਗਈਆਂ

ਇਹਨਾਂ ਦੇ ਪਰਿਵਾਰ ਤੇ ਮੁਲਕ ਦੀ ਵੰਡ ਦਾ ਬਹੁਤ ਡੂੰਘਾ ਅਸਰ ਪਿਆ- ਉਹਨਾਂ ਦਾ ਨਾਨਕਾ ਪਰਿਵਾਰ ਪਾਕਿਸਤਾਨ ਰਹਿੰਦਾ ਸੀ- ਜਿਸ ਨੂੰ ਮਜੀਦਾਂ ਅੱਜ ਵੀ ਯਾਦ ਕਰਦੇ ਹਨ। ਜਦ ਉਹ 1980 ਵਿਆਂ ਵਿੱਚ ਉਹਨਾਂ ਨੂੰ ਮਿਲਣ ਗਏ ਤਾਂ ਤੋਹਫ਼ੇ ਵਜੋਂ ਦੋ ਦਰੀਆਂ ਵੀ ਲੈ ਕੇ ਗਏ ਸਨ ਜੋ “ਉਹਨਾਂ ਨੂੰ ਬਹੁਤ ਪਸੰਦ ਆਈਆਂ ਸਨ,” ਉਹ ਦੱਸਦੇ ਹਨ।

*****

ਕਈ ਕਈ ਘੰਟੇ ਕੰਮ ਕਰਨ ਦੇ ਬਾਦ ਵੀ ਇਹਨਾਂ ਨੂੰ ਇੱਕ ਦਰੀ ਦੇ ਸਿਰਫ਼ 250 ਰੁਪਏ ਮਿਲਦੇ ਹਨ। “ਆਮ ਤੌਰ ਤੇ ਦਰੀ ਬੁਣਨ ਦੇ ਅਸੀਂ 1100 ਰੁਪਏ ਲੈਂਦੇ ਹਾਂ,” ਮਜੀਦਾਂ ਦੱਸਦੇ ਹਨ। “ਜਦ ਮੈਂ ਕੰਮ ਸ਼ੁਰੂ ਕੀਤਾ ਸੀ ਤਾਂ ਸਿਰਫ਼ 20 ਰੁਪਏ ਵਿੱਚ ਪੂਰੀ ਦਰੀ ਬੁਣੀ ਜਾਂਦੀ ਸੀ। ਪਰ ਹੁਣ ਤਾਂ ਪੈਸੇ ਬੜੀ ਮੁਸ਼ਕਿਲ ਨਾਲ਼ ਬਣਦੇ ਹਨ,” ਮਜੀਦਾਂ ਪੁਰਾਣਾ ਸਮਾਂ ਯਾਦ ਕਰਦੇ ਹਨ। “ਸਾਡੇ ਪਿੰਡ ਦੁੱਧ ਦਾ ਰੇਟ 60 ਰੁਪਏ ਹੈ। ਸੋਚੋ ਮੇਰਾ ਖਰਚ ਕਿੱਥੇ ਪਹੁੰਚ ਜਾਂਦਾ ਹੋਵੇਗਾ,” ਕਰਸੈਦ ਝੂਰਦੇ ਹਨ।

ਮਜੀਦਾਂ ਤੇ ਕਰਸੈਦ ਨੇ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਿਲਾਂ ਵਿੱਚ ਪਾਲਿਆ ਕਿਉਂਕਿ ਦੋਵਾਂ ਦੇ ਪਤੀ ਬੇਰੋਜ਼ਗਾਰ ਸਨ। “ਮੈਂ ਜੱਟ ਸਿੱਖਾਂ ਦੇ ਘਰਾਂ ਵਿੱਚ ਕੰਮ ਕਰਦੀ ਰਹੀ ਹਾਂ ਤੇ ਉਹ ਅਕਸਰ ਸਾਨੂੰ ਖਾਣ ਪੀਣ ਦਾ ਤੇ ਹੋਰ ਜ਼ਰੂਰੀ ਸਮਾਨ ਘਰ ਲਈ ਦੇ ਦਿੰਦੇ ਸਨ। ਬੱਸ ਇਸੇ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਪਾਲਿਆ ਹੈ,” ਕਰਸੈਦ ਦੱਸਦੇ ਹਨ। ਮਜੀਦਾਂ ਜੋ ਆਪਣੇ ਛੋਟੇ ਬੇਟੇ ਦੇ ਪਰਿਵਾਰ ਨਾਲ਼ ਰਹਿੰਦੇ ਹਨ ਤੇ ਕਰਸੈਦ ਜੋ ਆਪਣੇ ਅੱਠ ਜਣਿਆਂ ਦੇ ਪਰਿਵਾਰ ਨਾਲ਼ ਰਹਿੰਦੇ ਹਨ, ਅਕਸਰ ਹੀ ਉਹਨਾਂ ਔਖੇ ਸਮਿਆਂ ਨੂੰ ਚੇਤੇ ਕਰਦੇ ਹਨ।

ਤਿੰਨ ਸਾਲ ਪਹਿਲਾਂ ਤੱਕ ਇਹ ਦੋਵੇਂ ਸਤੰਬਰ ਤੇ ਅਕਤੂਬਰ ਦੌਰਾਨ ਨਰਮੇ ਦੇ ਸੀਜ਼ਨ ਵਿੱਚ ਚੁਗਾਈ ਦਾ ਕੰਮ ਕਰਦੀਆਂ ਸਨ। ਨਰਮੇ ਨੂੰ ਕੱਤ ਕੇ ਸੂਤ ਬਣਾ ਕੇ ਅਤੇ 40 ਰੁਪਏ ਕਿਲੋ ਦੇ ਹਿਸਾਬ ਨਾਲ਼ ਨਰਮੇ ਦੀ ਚੁਗਾਈ ਤੇ 200 ਰੁਪਏ ਦੀ ਦਿਹਾੜੀ ਨਾਲ਼ ਇਹਨਾਂ ਨੂੰ ਕਮਾਈ ਹੋ ਜਾਂਦੀ ਸੀ। “ਅੱਜ ਕੱਲ ਕਿਸਾਨ ਝੋਨਾ ਜਿਆਦਾ ਲਾਉਂਦੇ ਹਨ,” ਮਜੀਦਾਂ ਕਹਿੰਦੇ ਹਨ। ਇਸ ਬਦਲਾਵ ਦਾ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪਿਆ ਹੈ। ਸਰਕਾਰੀ ਅੰਕੜੇ ਦਿਖਾਉਂਦੇ ਹਨ ਕਿ ਨਰਮੇ ਹੇਠਾਂ ਰਕਬਾ 2014-15 ਦੌਰਾਨ 420,000 ਹੈਕਟੇਅਰ ਤੋਂ ਘੱਟ ਕੇ 2022-23 ਵਿੱਚ ਸਿਰਫ਼ 240,000 ਹੈਕਟੇਅਰ ਹੀ ਰਹੀ ਗਿਆ।

ਮਾਰਚ ਮਹੀਨੇ ਵਿੱਚ ਮਜੀਦਾਂ ਨੂੰ ਮਜਬੂਰਨ ਆਪਣਾ ਸੂਤ ਕੱਤਣ ਵਾਲਾ ਚਰਖਾ ਵੀ ਰਿਟਾਇਰ ਕਰਨਾ ਪਿਆ ਜੋ ਕਿ ਹੁਣ ਸ਼ੈਡ ਵਿੱਚ ਪਿਆ ਹੈ। ਦਰੀਆਂ ਦੀ ਮੰਗ ਵਿੱਚ ਵੀ ਹੁਣ ਭਾਰੀ ਗਿਰਾਵਟ ਆਈ ਹੈ, ਜਿੱਥੇ ਪਹਿਲਾਂ ਉਹ ਮਹੀਨੇ ਵਿੱਚ 10-12 ਦਰੀਆਂ ਬੁਣਦੇ ਸਨ ਉੱਥੇ ਹੁਣ ਸਿਰਫ਼ ਦੋ ਹੀ ਬੁਣਦੇ ਹਨ। ਇਸ ਵਕਤ ਉਹਨਾਂ ਦੀ ਪੱਕੀ ਕਮਾਈ ਦਾ ਸਾਧਨ ਰਾਜ ਸਰਕਾਰ ਵੱਲੋਂ ਮਿਲਦੀ 1500 ਰਿਪਏ ਮਹੀਨਾਵਾਰ ਵਿਧਵਾ ਪੈਨਸ਼ਨ ਹੈ।

PHOTO • Sanskriti Talwar
PHOTO • Sanskriti Talwar

ਮਜੀਦਾਂ ਹੱਥੀਂ ਬੁਣੀ ਦਰੀ ਦੇ ਧਾਗੇ ਦੇ ਡੋਰੇ ਵੱਟ-ਵੱਟ ਕੇ ਆਖਰੀ ਛੋਹਾਂ ਦਿੰਦੇ ਹੋਏ

PHOTO • Sanskriti Talwar
PHOTO • Sanskriti Talwar

ਮਜੀਦਾਂ ਆਪਣੇ ਤੇ ਕਰਸੈਦ ਵੱਲੋਂ ਬੁਣੀ ਦਰੀ ਦਿਖਾਉਂਦੇ ਹੋਏ (ਖੱਬੇ) ਆਪਣੇ 10 ਸਾਲਾ ਪੋਤੇ ਇਮਰਾਨ ਖ਼ਾਨ (ਸੱਜੇ) ਦੀ ਮਦਦ ਨਾਲ਼ ਮਜੀਦਾਂ ਸੂਈ ਵਿੱਚ ਧਾਗਾ ਪਾਉਂਦੇ ਹੋਏ। ਇੱਕ ਘੰਟਾ ਕੰਮ ਕਰ ਕੇ ਕਰਸੈਦ ਤੇ ਮਜੀਦਾਂ ਥੋੜੀ ਦੇਰ ਲਈ ਆਰਾਮ ਕਰਦੇ ਹਨ। ਪਰ ਦੋਵੇਂ ਹੁਣ ਕਮਜ਼ੋਰ ਹੁੰਦੀ ਨਿਗਾਹ ਤੇ ਦੁਖਦੇ ਜੋੜਾਂ ਦੀ ਸ਼ਿਕਾਇਤ ਕਰਦੇ ਹਨ

ਇੱਕ ਘੰਟਾ ਕੰਮ ਕਰ ਕੇ ਕਰਸੈਦ ਤੇ ਮਜੀਦਾਂ ਥੋੜ੍ਹੀ ਦੇਰ ਲਈ ਆਰਾਮ ਕਰਦੇ ਹਨ। ਕਰਸੈਦ ਕਮਰ ਦਰਦ ਦੀ ਸ਼ਿਕਾਇਤ ਕਰਦੇ ਹਨ ਤੇ ਮਜੀਦਾਂ ਵੀ ਗੋਡਿਆਂ ਨੂੰ ਘੁਟਦੇ ਹੋਏ ਕਹਿੰਦੇ ਹਨ, “ਅੱਜ ਤਾਂ ਜੋੜਾਂ ਦੇ ਦਰਦ ਕਾਰਨ ਤੁਰਨਾ ਵੀ ਮੁਸ਼ਕਿਲ ਲੱਗ ਰਿਹਾ ਹੈ।” ਦੋਵੇਂ ਕਮਜ਼ੋਰ ਹੁੰਦੀ ਨਿਗਾਹ ਦੀ ਵੀ ਸ਼ਿਕਾਇਤ ਕਰਦੀਆਂ ਹਨ।

“ਬੰਦਾ ਬਣ ਕੇ ਕੰਮ ਕੀਤਾ ਹੈ, ਅਤੇ ਇਸ ਉਮਰ ਵਿੱਚ ਵੀ ਕਰ ਰਹੀ ਹਾਂ,” ਮਜੀਦਾਂ ਕਹਿੰਦੇ ਹਨ ਕਿਉਂਕਿ ਉਹ ਘਰ ਦਾ ਖਰਚ ਆਪਣੀ ਨਿਗੂਣੀ ਜਿਹੀ ਕਮਾਈ ਨਾਲ਼ ਪੂਰਾ ਕਰ ਰਹੇ ਹਨ।

ਇਸ ਉਮਰ ਤੇ ਤਕਲੀਫ਼ਾਂ ਦੇ ਬਾਵਜੂਦ ਵੀ ਮਜੀਦਾਂ ਨੂੰ ਵਿਧਵਾ ਪੈਨਸ਼ਨ ਤੇ ਦਰੀਆਂ ਬੁਣਨ ਤੋਂ ਇਲਾਵਾ ਵੀ ਹੋਰ ਕੰਮ ਕਰਨੇ ਪੈਂਦੇ ਹਨ। ਰੋਜ਼ ਸਵੇਰੇ 7 ਵਜੇ ਉਹ ਇੱਕ ਕਿਲੋਮੀਟਰ ਦਾ ਪੈਂਡਾ ਮਾਰ ਕੇ 2000 ਰੁਪਏ ਮਹੀਨਾ ਦੀ ਤਨਖਾਹ ਤੇ ਕਿਸੇ ਪਰਿਵਾਰ ਲਈ ਖਾਣਾ ਬਣਾਉਣ ਦਾ ਕੰਮ ਕਰਨ ਜਾਂਦੇ ਹਨ। ਉਹ ਅਤੇ ਕਰਸੈਦ 70 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ਼ ਘਰਾਂ ਵਿੱਚ ਵੀ ਕੰਮ ਕਰਦੇ ਹਨ।

ਸਾਰੇ ਦਿਨ ਦੇ ਰੁਝੇਵਿਆਂ ਦੇ ਬਾਵਜੂਦ ਉਹ ਦਰੀਆਂ ਬੁਣਨ ਲਈ ਸਮਾਂ ਕੱਢ ਹੀ ਲੈਂਦੇ ਹਨ। “ਜੇ ਰੋਜ਼ ਬੁਣਾਈ ਕਰਦੇ ਹਾਂ ਤਾਂ ਜਾ ਕੇ ਇੱਕ ਹਫ਼ਤੇ ਵਿੱਚ ਇੱਕ ਦਰੀ ਦਾ ਕੰਮ ਪੂਰਾ ਹੁੰਦਾ ਹੈ,” ਕਰਸੈਦ ਦਾ ਕਹਿਣਾ ਹੈ।

ਮਜੀਦਾਂ ਬੁਣਾਈ ਦਾ ਕੰਮ ਛੱਡਣ ਬਾਰੇ ਸੋਚਦੇ ਹਨ। “ਸੋਚਦੀ ਹਾਂ ਕਿ ਇਹ ਦਰੀ ਅਤੇ ਇੱਕ ਹੋਰ ਦਾ ਕੰਮ ਕਰ ਕੇ ਫਿਰ ਇਹ ਕੰਮ ਬੰਦ ਕਰ ਦੇਵਾਂ। ਲੰਬੇ ਸਮੇਂ ਤੱਕ ਬੈਠਣਾ ਹੁਣ ਮੁਸ਼ਕਿਲ ਹੁੰਦਾ ਜਾਂ ਰਿਹਾ ਹੈ ਅਤੇ ਮੇਰੇ ਇੱਥੇ ਦਰਦ ਵੀ ਹੁੰਦਾ ਹੈ,” ਉਹ ਪਿਛਲੇ ਸਾਲ ਪਿੱਤੇ ਦੇ ਆਪਰੇਸ਼ਨਸ ਦੇ ਟਾਂਕੇ ਦਿਖਾਉਂਦਿਆਂ ਕਹਿੰਦੇ ਹਨ। “ਜ਼ਿੰਦਗੀ ਦੇ ਜਿਹੜੇ ਇੱਕ ਦੋ ਸਾਲ ਰਹਿ ਗਏ ਉਹ ਆਰਾਮ ਨਾਲ਼ ਕੱਟਣਾ ਚਾਹੁੰਦੀ ਹਾਂ।”

ਪਰ ਰਿਟਾਇਰਮੈਂਟ ਦੇ ਸਾਰੇ ਖਿਆਲ ਅਗਲੇ ਹੀ ਦਿਨ ਮਨ ਵਿੱਚੋਂ ਉੱਡ ਗਏ। ਉਮਰ ਦੇ 80 ਵਿਆਂ ਦੀ ਸ਼ੁਰੂਆਤ ਵਿੱਚ ਇੱਕ ਕਮਜ਼ੋਰ ਜਿਹੀ ਔਰਤ ਬਲਵੀਰ ਕੌਰ ਦੂਜੇ ਪਿੰਡੋਂ ਦਰੀ ਦਾ ਆਰਡਰ ਲੈ ਕੇ ਆਈ। “ਮਾਈ, ਪਰਿਵਾਰ ਨੂੰ ਪੁੱਛੋ ਕਿ ਦਰੀ ਘਰ ਵਾਸਤੇ ਚਾਹੀਦੀ ਜਾਂ ਕੁੜੀ ਦੇ ਦਾਜ ਲਈ,” ਮਜੀਦਾਂ 100 ਰੁਪਏ ਉਸ ਔਰਤ ਨੂੰ ਫੜ੍ਹਾਉਂਦੇ ਹੋਏ ਤਾਕੀਦ ਕਰਦੇ ਹਨ।

ਇਸ ਸਟੋਰੀ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ) ਦੁਆਰਾ ਸਮਰਥਨ ਪ੍ਰਾਪਤ ਹੈ।

ਤਰਜਮਾ: ਨਵਨੀਤ ਕੌਰ ਧਾਲੀਵਾਲ

Sanskriti Talwar

ಸಂಸ್ಕೃತಿ ತಲ್ವಾರ್ ನವದೆಹಲಿ ಮೂಲದ ಸ್ವತಂತ್ರ ಪತ್ರಕರ್ತರು ಮತ್ತು 2023ರ ಪರಿ ಎಂಎಂಎಫ್ ಫೆಲೋ.

Other stories by Sanskriti Talwar
Editor : Vishaka George

ವಿಶಾಖಾ ಜಾರ್ಜ್ ಪರಿಯಲ್ಲಿ ಹಿರಿಯ ಸಂಪಾದಕರಾಗಿದ್ದಾರೆ. ಅವರು ಜೀವನೋಪಾಯ ಮತ್ತು ಪರಿಸರ ಸಮಸ್ಯೆಗಳ ಬಗ್ಗೆ ವರದಿ ಮಾಡುತ್ತಾರೆ. ವಿಶಾಖಾ ಪರಿಯ ಸಾಮಾಜಿಕ ಮಾಧ್ಯಮ ಕಾರ್ಯಗಳ ಮುಖ್ಯಸ್ಥರಾಗಿದ್ದಾರೆ ಮತ್ತು ಪರಿಯ ಕಥೆಗಳನ್ನು ತರಗತಿಗೆ ತೆಗೆದುಕೊಂಡು ಹೋಗಲು ಮತ್ತು ವಿದ್ಯಾರ್ಥಿಗಳು ತಮ್ಮ ಸುತ್ತಲಿನ ಸಮಸ್ಯೆಗಳನ್ನು ದಾಖಲಿಸಲು ಸಹಾಯ ಮಾಡಲು ಎಜುಕೇಷನ್ ತಂಡದಲ್ಲಿ ಕೆಲಸ ಮಾಡುತ್ತಾರೆ.

Other stories by Vishaka George
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal