ਫਾਗੁਨ (ਫੱਗਣ) ਦਾ ਮਹੀਨਾ ਆਉਣ ਨੂੰ ਤਿਆਰ ਖੜ੍ਹਾ ਹੈ। ਐਤਵਾਰ ਦੀ ਇੱਕ ਸੁਸਤ ਸਵੇਰ ਹੈ ਤੇ ਸੁਰੇਂਦਰਨਗਰ ਜ਼ਿਲ੍ਹੇ ਦੇ ਖਾਰਾਗੋਡਾ ਸਟੇਸ਼ਨ ਨੇੜੇ ਨਹਿਰ ਦੇ ਉੱਤੋਂ ਦੀ ਸੂਰਜ ਚੜ੍ਹਦਾ ਹੋਇਆ ਉਤਾਂਹ ਹੋਰ ਉਤਾਂਹ ਹੁੰਦਾ ਜਾ ਰਿਹਾ ਹੈ। ਨਹਿਰ ਦੇ ਪਾਰ ਬਣਾਏ ਆਰਜੀ ਬੰਨ੍ਹ ਨੇ ਪਾਣੀ ਨੂੰ ਰੋਕ ਲਾਈ ਹੋਈ ਹੈ। ਰੁਕੇ ਹੋਏ ਪਾਣੀ ਨੇ ਉੱਥੇ ਇੱਕ ਛੋਟੀ ਜਿਹੀ ਝੀਲ ਬਣਾ ਦਿੱਤੀ ਹੈ। ਬੈਰੀਅਰ ਤੋਂ ਡਿੱਗਦੇ ਪਾਣੀ ਨੇ ਚੁਫੇਰੇ ਪਸਰੀ ਸ਼ਾਂਤੀ ਨੂੰ ਤੋੜ ਦਿੱਤਾ ਤੇ ਧਿਆਨ ਲਾਈ ਬੈਠੇ ਬੱਚਿਆਂ ਵਿੱਚ ਹਿੱਲਜੁਲ ਹੋਈ। ਸੱਤੋ ਮੁੰਡੇ ਮੱਛੀ ਫਸਣ ਦੀ ਉਡੀਕ ਵਿੱਚ ਬੈਠੇ ਆਪੋ-ਆਪਣੀ ਥਾਈਂ ਰੁੱਝੇ ਹੋਏ ਹਨ, ਯਕਦਮ ਇੱਕ ਝਟਕਾ ਮਹਿਸੂਸ ਹੁੰਦਾ ਹੈ, ਲੱਗਦਾ ਮੱਛੀ ਫਸ ਗਈ। ਪਾਣੀ 'ਚੋਂ ਬਾਹਰ ਕੱਢੀ ਮੱਛੀ ਥੋੜ੍ਹੀ ਦੇਰ ਤੜਫੀ ਤੇ ਵੇਖਦੇ ਹੀ ਵੇਖਦੇ ਮਰ ਗਈ।
ਥੋੜ੍ਹੀ ਦੂਰੀ 'ਤੇ, ਗੱਲੀਂ ਲੱਗੇ ਅਕਸ਼ੈ ਦਰੋਦਾਰਾ ਅਤੇ ਮਹੇਸ਼ ਸਿਪਾਰਾ ਅਚਾਨਕ ਕੂਕ ਉੱਠਦੇ ਹਨ, ਮੱਛੀ ਸਾਫ਼ ਕਰਨ ਨੂੰ ਲੈ ਕੇ ਬਹਿਸਦੇ, ਹੈਕਸੋ ਬਲੇਡ ਨਾਲ਼ ਸਾਫ਼ ਕੀਤੀ ਮੱਛੀ ਕੱਟਣ-ਧਰਨ ਨੂੰ ਲੈ ਕੇ ਰੀਝਦੇ ਹਨ। ਮਹੇਸ਼ ਦੀ ਉਮਰ ਲਗਭਗ 15 ਸਾਲ ਹੈ। ਬਾਕੀ ਛੇ ਅਜੇ ਥੋੜ੍ਹੇ ਛੋਟੇ ਹਨ। ਮੱਛੀ ਫੜ੍ਹਨ ਦੀ ਖੇਡ ਖ਼ਤਮ ਹੋ ਗਈ। ਹੁਣ ਗੱਲਾਂ ਕਰਨ ਤੇ ਮਜ਼ੇ ਕਰਨ ਦਾ ਸਮਾਂ ਹੈ। ਉਦੋਂ ਤੱਕ ਮੱਛੀ ਦੀ ਸਫਾਈ ਦਾ ਕੰਮ ਪੂਰਾ ਹੋ ਚੁੱਕਾ ਹੁੰਦਾ ਹੈ ਤੇ ਵਾਰੀ ਆਉਂਦੀ ਹੈ ਰਲ਼ ਕੇ ਮੱਛੀ ਪਕਾਉਣ ਦੀ। ਹਾਸਾ-ਖੇੜਾ ਚੱਲਦਾ ਹੀ ਰਹਿੰਦਾ ਹੈ, ਮੱਛੀ ਰਿੱਝ ਗਈ ਤੇ ਜਸ਼ਨ ਦਾ ਸਮਾਂ ਆ ਜਾਂਦਾ ਹੈ।
ਥੋੜ੍ਹੀ ਦੇਰ ਬਾਅਦ, ਮੁੰਡੇ ਉਸੇ ਝੀਲ਼ ਵਿੱਚ ਛਾਲ਼ ਮਾਰ ਦਿੰਦੇ ਹਨ ਤੈਰਦੇ ਨਹਾਉਂਦੇ ਕੰਢੇ ਲੱਗੇ ਘਾਹ 'ਤੇ ਆਣ ਬਹਿੰਦੇ ਹਨ ਤੇ ਖੁਦ ਨੂੰ ਸੁਕਾਉਣ ਲੱਗਦੇ ਹਨ। ਸੱਤ ਮੁੰਡਿਆਂ ਵਿੱਚੋਂ ਤਿੰਨ ਵਿਮੁਕਤ (ਡਿਨੋਟੀਫਾਈਡ) ਕਬੀਲੇ, ਚੁਮਾਵਾਲ਼ੀਆ ਕੋਲੀ ਨਾਲ਼ ਸਬੰਧਤ ਹਨ, ਦੋ ਮੁਸਲਿਮ ਭਾਈਚਾਰੇ ਤੋਂ ਅਤੇ ਬਾਕੀ ਦੋ ਹੋਰ ਭਾਈਚਾਰਿਆਂ ਤੋਂ ਹਨ। ਪੂਰੀ ਦੁਪਹਿਰ ਮੱਛੀ ਫੜ੍ਹਦਿਆਂ, ਨਹਾਉਂਦਿਆਂ, ਘੁੰਮਦਿਆਂ, ਹੱਸਦਿਆਂ ਤੇ ਗੱਲਾਂ ਕਰਦਿਆਂ ਬਿਤਾਉਣ ਵਾਲ਼ੇ ਇਹ ਦੋਸਤ ਮਾੜੀ-ਮਾੜੀ ਗੱਲ ਤੋਂ ਲੜ-ਲੜ ਬਹਿੰਦੇ ਹਨ। ਮੈਂ ਮੁਸਕਰਾਉਂਦਿਆਂ ਉਨ੍ਹਾਂ ਕੋਲ਼ ਜਾ ਬਹਿੰਦਾ ਹਾਂ ਤੇ ਮੈਨੂੰ ਦੇਖ ਪਸਰੀ ਖਾਮੋਸ਼ੀ ਨੂੰ ਤੋੜਦਾ ਪਹਿਲਾ ਸਵਾਲ ਦਾਗ਼ਿਆ, "ਮੁੰਡਿਓ, ਤੁਸੀਂ ਸਾਰੇ ਕਿਹੜੀ-ਕਿਹੜੀ ਕਲਾਸ ਵਿੱਚ ਪੜ੍ਹਦੇ ਹੋ?"
ਪਵਨ, ਜਿਹਨੇ ਅਜੇ ਵੀ ਕੱਪੜੇ ਨਹੀਂ ਪਹਿਨੇ, ਮੁਸਕਰਾਉਂਦਾ, ਹੱਸਦਾ ਕਹਿੰਦਾ ਹੈ, " ਆ ਮੇਸੀਓ ਨਵਮੁ ਭਾਨਾ , ਆਨ ਆ ਵਿਲਾਸੀਓ ਚੱਟੂ ਭਾਨਾ। ਬਿਜੂ ਕੋਈ ਨਾਥ ਬਨਤੁਮੂ ਵਾਈ ਨਾਥ ਭੰਟੋ [ਇਹ ਮਹੇਸ਼ੀਓ (ਮਹੇਸ਼) ਨੌਵੀਂ ਜਮਾਤ ਵਿੱਚ ਤੇ ਵਿਲਾਸੀਓ (ਵਿਲਾਸ) ਛੇਵੀਂ ਜਮਾਤ ਵਿੱਚ ਹੈ। ਕੋਈ ਹੋਰ ਸਕੂਲ ਨਹੀਂ ਜਾਂਦਾ। ਮੈਂ ਵੀ ਨਹੀ]।" ਜਿਓਂ ਹੀ ਉਹਨੇ ਬੋਲਣਾ ਸ਼ੁਰੂ ਕੀਤਾ, ਇੱਕ ਗੁਥਲੀ ਵਿੱਚੋਂ ਸੁਪਾਰੀ ਅਤੇ ਦੂਜੀ ਗੁਥਲੀ ਵਿੱਚੋਂ ਤੰਬਾਕੂ ਕੱਢਿਆ, ਆਪਸ ਵਿੱਚ ਮਿਲ਼ਾਇਆ-ਰਗੜਿਆ, ਚੂੰਡੀ ਭਰੀ ਤੇ ਬੁੱਲ੍ਹਾਂ ਵਿੱਚ ਰੱਖਦਿਆਂ ਮੇਰੇ ਨਾਲ਼ ਗੱਲੀਂ ਲੱਗਾ ਰਿਹਾ। ਕੁਝ ਕੁ ਹਿੱਸਾ ਆਪਣੇ ਦੋਸਤਾਂ ਵੱਲ ਵਧਾ ਦਿੱਤਾ। ਲਾਲ ਰੰਗੇ ਰਸ ਨੂੰ ਪਾਣੀ ਵਿੱਚ ਥੁੱਕਦਿਆਂ ਪਵਨ ਨੇ ਅੱਗੇ ਕਿਹਾ, " ਨੋ ਮਜ਼ਾ ਆਵੇ। ਬੇਨ ਮਾਰਤਾਤਾ। (ਪੜ੍ਹਨ ਵਿਚ ਕੋਈ ਮਜ਼ਾ ਨਹੀਂ ਆਉਂਦਾ। ਅਧਿਆਪਕਾ ਮੈਨੂੰ ਕੁੱਟਦੀ ਸੀ।" ਜਿਓਂ ਹੀ ਉਸਨੇ ਗੱਲ ਮੁਕਾਈ ਮੇਰਾ ਅੰਦਰ ਯਖ਼ ਹੋ ਗਿਆ।
ਤਰਜਮਾ: ਕਮਲਜੀਤ ਕੌਰ