" ਮਿਰਚੀ , ਲਹਸੁਨ , ਅਦਰਕ ... ਲੌਕੀ ਦੇ ਪੱਤੇ , ਕਰੇਲਾ ... ਗੁੜ। "

ਇਹ ਮਿਰਚ, ਲਸਣ, ਅਦਰਕ ਅਤੇ ਕਰੇਲਾ ਸਭ ਰਲ਼ਾ ਕੇ ਪਕਾਏ ਜਾਣ ਵਾਲ਼ੇ ਕਿਸੇ ਪਕਵਾਨ ਬਾਰੇ ਨਹੀਂ ਹੈ... ਸਗੋਂ ਜੈਵਿਕ ਖੇਤੀ ਕਰਨ ਵਾਲ਼ੀ ਕਿਸਾਨ ਗੁਲਾਬ ਰਾਣੀ ਦੀ ਸ਼ਕਤੀਸ਼ਾਲੀ ਖਾਦ ਅਤੇ ਕੀਟਨਾਸ਼ਕ ਬਾਰੇ ਹੈ, ਜਿਨ੍ਹਾਂ ਨੂੰ ਉਹ ਪੰਨਾ ਟਾਈਗਰ ਰਿਜ਼ਰਵ ਦੇ ਕਿਨਾਰੇ ਵੱਸੇ ਆਪਣੇ ਖੇਤ ਚੁਣਗੁਣਾ ਵਿਖੇ ਤਿਆਰ ਕਰਦੇ ਹਨ।

53 ਸਾਲਾ ਗੁਲਾਬ ਰਾਣੀ ਹੱਸਦਿਆਂ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰੀਂ ਇਸ ਲਿਸਟ ਨੂੰ ਸੁਣਿਆ, ਤਾਂ ਹਾਸਾ ਨਾ ਰੋਕ ਸਕੇ। ''ਮੈਂ ਸੋਚਿਆ, ਮੈਨੂੰ ਇਹ ਚੀਜ਼ਾਂ ਕਿੱਥੋਂ ਮਿਲ਼ਣਗੀਆਂ? ਪਰ ਮੈਂ ਜੰਗਲ ਵਿੱਚ ਲੌਕੀ ਤਾਂ ਉਗਾਈ ਹੀ ਸੀ...'' ਉਹ ਅੱਗੇ ਕਹਿੰਦੇ ਹਨ। ਗੁੜ ਤੇ ਹੋਰ ਨਿਕਸੁਕ ਉਹ ਬਜ਼ਾਰੋਂ ਹੀ ਖਰੀਦਦੇ ਸਨ।

ਤੌਖ਼ਲੇ ਮਾਰੇ ਗੁਆਂਢੀਆਂ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬਣਾ ਰਹੇ ਹਨ। ਪਰ ਦੂਸਰੇ ਜੋ ਸੋਚਦੇ ਹਨ, ਇਸ ਨੇ ਗੁਲਾਬ ਰਾਣੀ ਨੂੰ ਕਦੇ ਪਰੇਸ਼ਾਨ ਨਹੀਂ ਕੀਤਾ। ਸਪੱਸ਼ਟ ਤੌਰ 'ਤੇ, ਉਹ ਲਗਭਗ 500 ਲੋਕਾਂ ਦੀ ਆਬਾਦੀ ਵਾਲ਼ੇ ਆਪਣੇ ਪਿੰਡ ਵਿੱਚ ਜੈਵਿਕ ਖੇਤੀ ਸ਼ੁਰੂ ਕਰਨ ਵਾਲ਼ੇ ਪਹਿਲੇ ਕਿਸਾਨ ਸਨ।

"ਅਸੀਂ ਬਜ਼ਾਰੋਂ ਜੋ ਅਨਾਜ ਖਰੀਦਦੇ ਹਾਂ, ਉਸ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਹਰ ਤਰ੍ਹਾਂ ਦੇ ਰਸਾਇਣ ਪਾਏ ਗਏ ਹੁੰਦੇ ਹਨ, ਇਸ ਲਈ ਅਸੀਂ ਸੋਚਿਆ, ਉਨ੍ਹਾਂ ਨੂੰ ਕਿਉਂ ਖਾਈਏ," ਉਹ ਚਾਰ ਸਾਲ ਪਹਿਲਾਂ ਆਪਣੇ ਘਰ ਹੋਈ ਇੱਕ ਗੱਲਬਾਤ ਨੂੰ ਯਾਦ ਕਰਦੇ ਹੋਏ ਦੱਸਦੇ ਹਨ।

"ਮੇਰੇ ਪਰਿਵਾਰ ਨੂੰ ਵੀ ਜੈਵਿਕ ਖੇਤੀ ਦਾ ਵਿਚਾਰ ਪਸੰਦ ਸੀ। ਅਸੀਂ ਸਾਰਿਆਂ ਨੇ ਸੋਚਿਆ ਕਿ ਜੇ ਅਸੀਂ ਜੈਵਿਕ ਤਰੀਕੇ ਨਾਲ਼ ਉਗਾਇਆ ਭੋਜਨ ਖਾਂਦੇ ਹਾਂ, ਤਾਂ ਇਸਦਾ ਸਾਡੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਜੈਵਿਕ ਖਾਦਾਂ ਕਾਰਨ ਕੀਟਾਂ ਦੀ ਸਿਹਤ 'ਤੇ ਮਾੜਾ ਅਸਰ ਪਵੇਗਾ ਤੇ ਅਸੀਂ ਤੰਦਰੁਸਤ ਹੋ ਜਾਵਾਂਗੇ!" ਉਹ ਆਪਣੇ ਮਜ਼ਾਕ 'ਤੇ ਹੱਸਦੇ ਹੋਏ ਕਹਿੰਦੇ ਹਨ।

PHOTO • Priti David
PHOTO • Priti David

ਖੱਬੇ : ਗੁਲਾਬ ਰਾਣੀ ਪੰਨਾ ਜ਼ਿਲ੍ਹੇ ਦੇ ਚੁਣਗੁਣਾ ਪਿੰਡ ਵਿੱਚ ਆਪਣੇ ਘਰ ਦੇ ਸਟੋਰਰੂਮ ਦੇ ਬਾਹਰ। ਸੱਜੇ : ਆਪਣੇ ਪਤੀ ਉਜਯਾਨ ਸਿੰਘ ਅਤੇ ਕੁਦਰਤੀ ਖਾਦ ਦੇ ਇੱਕ ਘੜੇ ਨਾਲ਼ ਜੋ ਉਹ ਕਰੇਲੇ ਦੇ ਪੱਤਿਆਂ , ਗਊ ਮੂਤਰ ਅਤੇ ਕੁਝ ਹੋਰ ਸਮੱਗਰੀਆਂ ਦੀ ਵਰਤੋਂ ਕਰਕੇ ਬਣਾਉਂਦੇ ਹਨ

PHOTO • Priti David
PHOTO • Priti David

' ਮੇਰੇ ਪਰਿਵਾਰ ੂੰ ਜੈਵਿਕ ਖੇਤੀ ਕਰਨ ਦਾ ਵਿਚਾਰ ਪਸੰਦ ਆਇਆ। ਅਸੀਂ ਸਾਰਿਆਂ ਨੇ ਸੋਚਿਆ ਕਿ ਜੇ ਅਸੀਂ ਜੈਵਿਕ ( ਜੈਵਿਕ ਤੌਰ ' ਤੇ ਉਗਾਇਆ ਹੋਇਆ ) ਭੋਜਨ ਖਾਣਾ ਸ਼ੁਰੂ ਕਰੀਏ ਤਾਂ ਇਹ ਸਾਡੀ ਸਿਹਤ ਨੂੰ ਕਾਫ਼ੀ ਫ਼ਾਇਦਾ ਪਹੁੰਚਾਏਗਾ , ' ਗੁਲਾਬ ਰਾਣੀ ਕਹਿੰਦੇ ਹਨ

ਆਪਣੇ 2.5 ਏਕੜ ਖੇਤ ਵਿੱਚ ਜੈਵਿਕ ਖੇਤੀ ਕਰਨ ਦਾ ਇਹ ਉਨ੍ਹਾਂ ਦਾ ਤੀਜਾ ਸਾਲ ਹੈ। ਉਹ ਅਤੇ ਉਨ੍ਹਾਂ ਦੇ ਪਤੀ ਉਜਯਾਨ ਸਿੰਘ ਸਾਉਣੀ ਦੀਆਂ ਫ਼ਸਲਾਂ ਵਿੱਚ ਚਾਵਲ, ਮੱਕੀ, ਅਰਹਰ, ਤਿਲ ਅਤੇ ਹਾੜ੍ਹੀ ਦੇ ਸੀਜ਼ਨ ਵਿੱਚ ਕਣਕ, ਚਿੱਟੇ ਛੋਲੇ, ਸਰ੍ਹੋਂ ਉਗਾਉਂਦੇ ਹਨ। ਸਬਜ਼ੀਆਂ ਸਾਰਾ ਸਾਲ ਉਗਾਈਆਂ ਜਾਂਦੀਆਂ ਹਨ - ਜਿਵੇਂ ਕਿ ਟਮਾਟਰ, ਬੈਂਗਨ, ਮਿਰਚ, ਗਾਜਰ, ਮੂਲੀ, ਬੀਟ, ਭਿੰਡੀ, ਪੱਤੇਦਾਰ ਸਬਜ਼ੀਆਂ, ਲੌਕੀ, ਕਰੋਂਦਾ, ਬੀਨਜ਼ ਅਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ। "ਸਾਨੂੰ ਬਜ਼ਾਰੋਂ ਜ਼ਿਆਦਾ ਕੁਝ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ," ਉਹ ਇਹ ਕਹਿੰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕਰਦੇ ਹਨ।

ਚੁਣਗੁਣਾ ਪਿੰਡ ਪੂਰਬੀ ਮੱਧ ਪ੍ਰਦੇਸ਼ ਦੇ ਪੰਨਾ ਟਾਈਗਰ ਰਿਜ਼ਰਵ ਦੇ ਬਾਹਰੀ ਇਲਾਕੇ ਵਿੱਚ ਸਥਿਤ ਹੈ। ਇੱਥੇ ਬਹੁਤ ਸਾਰੇ ਪਰਿਵਾਰ ਰਾਜਗੋਂਡ ਕਬਾਇਲੀ ਭਾਈਚਾਰੇ ਨਾਲ਼ ਸਬੰਧਤ ਹਨ, ਜੋ ਜ਼ਮੀਨ ਦੇ ਛੋਟੇ-ਛੋਟੇ ਟੁਕੜੇ 'ਤੇ ਖੇਤੀ ਕਰਦੇ ਹਨ। ਉਨ੍ਹਾਂ ਨੂੰ ਸਿੰਚਾਈ ਲਈ ਮਾਨਸੂਨ ਅਤੇ ਨੇੜਲੀ ਨਹਿਰ 'ਤੇ ਨਿਰਭਰ ਰਹਿਣਾ ਪੈਂਦਾ ਹੈ। ਬਹੁਤ ਸਾਰੇ ਲੋਕ ਕੰਮ ਦੀ ਭਾਲ਼ ਵਿੱਚ ਨੇੜਲੇ ਸ਼ਹਿਰ ਕਟਨੀ ਜਾਂ ਉੱਤਰ ਪ੍ਰਦੇਸ਼ ਦੇ ਸਥਾਨਾਂ ਵੱਲ ਪਰਵਾਸ ਕਰਦੇ ਹਨ।

"ਸ਼ੁਰੂ ਵਿੱਚ, ਅਸੀਂ ਸਿਰਫ਼ ਇੱਕ ਜਾਂ ਦੋ ਕਿਸਾਨ ਸੀ ਜਿਨ੍ਹਾਂ ਨੇ ਜੈਵਿਕ ਖੇਤੀ ਸ਼ੁਰੂ ਕੀਤੀ। ਬਾਅਦ ਵਿੱਚ, 8-9 ਹੋਰ ਲੋਕ ਵੀ ਆਣ ਰਲ਼ੇ," ਗੁਲਾਬ ਰਾਣੀ ਦੱਸਦੇ ਹਨ, ਜਿਨ੍ਹਾਂ ਦੇ ਅਨੁਸਾਰ ਹੁਣ ਉਨ੍ਹਾਂ ਦੇ ਭਾਈਚਾਰੇ ਦੁਆਰਾ ਵਾਹੀ ਜਾਣ ਵਾਲ਼ੀ ਲਗਭਗ 200 ਏਕੜ ਖੇਤੀ ਯੋਗ ਜ਼ਮੀਨ 'ਤੇ ਜੈਵਿਕ ਖੇਤੀ ਸ਼ੁਰੂ ਹੋ ਗਈ ਹੈ।

ਸਮਾਜ ਸੇਵਕ ਸ਼ਰਦ ਯਾਦਵ ਕਹਿੰਦੇ ਹਨ,"ਚੁਣਗੁਣਾ ਵਿੱਚ ਲੋਕਾਂ ਦਾ ਪ੍ਰਵਾਸ ਹੁਣ ਘੱਟ ਗਿਆ ਹੈ ਅਤੇ ਜੰਗਲਾਂ 'ਤੇ ਉਨ੍ਹਾਂ ਦੀ ਨਿਰਭਰਤਾ ਸਿਰਫ਼ ਬਾਲਣ ਦੀ ਹੀ ਰਹਿ ਗਈ ਹੈ। ਸ਼ਰਦ ਖੁਦ ਇੱਕ ਕਿਸਾਨ ਹਨ ਅਤੇ ਪੀਪਲਜ਼ ਸਾਇੰਸ ਇੰਸਟੀਚਿਊਟ (ਪੀਐਸਆਈ) ਵਿੱਚ ਕਲੱਸਟਰ ਕੋਆਰਡੀਨੇਟਰ ਵਜੋਂ ਵੀ ਕੰਮ ਕਰਦੇ ਹਨ।

ਪੀਐੱਸਆਈ ਕਰਮਚਾਰੀ ਸ਼ਰਦ ਦੱਸਦੇ ਹਨ ਕਿ ਗੁਲਾਬ ਰਾਣੀ ਦੇ ਪ੍ਰਗਤੀਸ਼ੀਲ ਅਕਸ ਅਤੇ ਸਵਾਲ ਕਰਨ ਦੀ ਉਨ੍ਹਾਂ ਦੀ ਪ੍ਰਵਿਰਤੀ ਨੇ ਹੀ ਉਨ੍ਹਾਂ ਨੂੰ ਇੱਕ ਪ੍ਰਭਾਵਸ਼ਾਲੀ ਔਰਤ ਵਜੋਂ ਸਥਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ। ਉਹ ਮੱਕੀ ਦੀ ਕਾਸ਼ਤ ਵਿੱਚ ਸੁਝਾਏ ਗਏ ਤਰੀਕਿਆਂ ਨੂੰ ਅਜ਼ਮਾਉਣ ਵਾਲ਼ੇ ਪਹਿਲੇ ਕਿਸਾਨ ਸਨ ਅਤੇ ਉਨ੍ਹਾਂ ਦੇ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆਏ। ਉਨ੍ਹਾਂ ਦੀ ਸਫ਼ਲਤਾ ਨੇ ਦੂਜਿਆਂ ਨੂੰ ਵੀ ਪ੍ਰੇਰਿਤ ਕੀਤਾ ਹੈ।

PHOTO • Priti David
PHOTO • Priti David

ਖੱਬੇ : ਗੁਲਾਬ ਰਾਣੀ ਜੈਵਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਆਪਣੇ 2.5 ਏਕੜ ਖੇਤ ਵਿੱਚ ਖੇਤੀ ਕਰਦੇ ਹਨ ਸੱਜੇ : ਪਰਿਵਾਰ ਆਪਣੀ ਜ਼ਮੀਨ ' ਤੇ ਲੋੜੀਂਦੀਆਂ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਉਗਾਉਂਦਾ ਹੈ

*****

"ਅਸੀਂ ਖਾਦਾਂ ਅਤੇ ਕੀਟਨਾਸ਼ਕਾਂ 'ਤੇ ਹਰ ਮਹੀਨੇ 5,000 ਰੁਪਏ ਖਰਚ ਕਰਦੇ ਸੀ - ਯੂਰੀਆ ਅਤੇ ਡੀਪੀਏ 'ਤੇ," ਉਜਯਾਨ ਸਿੰਘ ਕਹਿੰਦੇ ਹਨ। ਉਨ੍ਹਾਂ ਦਾ ਖੇਤ ਪੂਰੀ ਤਰ੍ਹਾਂ ਰਸਾਇਣਾਂ 'ਤੇ ਨਿਰਭਰ ਹੋ ਗਿਆ ਸੀ ਜਾਂ ਜਿਸ ਨੂੰ ਸਥਾਨਕ ਤੌਰ 'ਤੇ 'ਛਿੜਕਾਅ ਫਾਰਮਿੰਗ' ਕਿਹਾ ਜਾਂਦਾ ਹੈ 'ਤੇ ਨਿਰਭਰ ਹੋ ਚੁੱਕਿਆ ਸੀ, ਸ਼ਰਦ ਦੱਸਦੇ ਹਨ।

"ਹੁਣ ਅਸੀਂ ਆਪਣੀ ਮਟਕਾ ਖਾਦ ਖੁਦ ਬਣਾਉਂਦੇ ਹਾਂ," ਗੁਲਾਬ ਰਾਣੀ ਘਰ ਦੇ ਪਿੱਛੇ ਰੱਖੇ ਮਿੱਟੀ ਦੇ ਇੱਕ ਵੱਡੇ ਘੜੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। "ਮੈਨੂੰ ਆਪਣੇ ਘਰੇਲੂ ਕੰਮਾਂ ਤੋਂ ਸਮਾਂ ਕੱਢਣਾ ਪੈਂਦਾ ਹੈ," ਉਹ ਕਹਿੰਦੇ ਹਨ। ਖੇਤਾਂ ਤੋਂ ਇਲਾਵਾ, ਪਰਿਵਾਰ ਕੋਲ਼ 10 ਪਸ਼ੂ ਵੀ ਹਨ। ਉਹ ਆਪਣਾ ਦੁੱਧ ਨਹੀਂ ਵੇਚਦੇ, ਪਰ ਇਸ ਨੂੰ ਆਪਣੇ ਛੋਟੇ ਜਿਹੇ ਪਰਿਵਾਰ ਦੀ ਵਰਤੋਂ ਲਈ ਬਚਾਉਂਦੇ ਹਨ, ਜਿਸ ਵਿੱਚ ਦੋ ਧੀਆਂ ਅਤੇ ਇੱਕ ਵਿਆਹਿਆ ਪੁੱਤਰ ਸ਼ਾਮਲ ਹੈ।

ਮਿਰਚ, ਅਦਰਕ ਅਤੇ ਗਊ ਮੂਤਰ ਤੋਂ ਇਲਾਵਾ ਕਰੇਲਾ, ਲੌਕੀ ਅਤੇ ਨਿੰਮ ਦੇ ਪੱਤਿਆਂ ਦੀ ਲੋੜ ਹੁੰਦੀ ਹੈ। "ਸਾਨੂੰ ਉਨ੍ਹਾਂ ਨੂੰ ਇੱਕ ਘੰਟੇ ਲਈ ਉਬਾਲਣਾ ਪੈਂਦਾ ਹੈ। ਉਸ ਤੋਂ ਬਾਅਦ, ਅਸੀਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ 2.5 ਤੋਂ 3 ਦਿਨਾਂ ਲਈ ਛੱਡ ਦਿੰਦੇ ਹਾਂ। ਪਰ ਇਹ ਘੜੇ ਵਿੱਚ ਉਦੋਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਸਾਨੂੰ ਇਸਦੀ ਲੋੜ ਹੈ। ਗੁਲਾਬ ਰਾਣੀ ਦੱਸਦੇ ਹਨ,"ਕੁਝ ਲੋਕ ਇਸ ਨੂੰ 15 ਦਿਨਾਂ ਤੱਕ ਵੀ ਛੱਡ ਦਿੰਦੇ ਹਨ ਤਾਂ ਜੋ ਇਹ ਚੰਗੀ ਤਰ੍ਹਾਂ ਗਲ਼ ਜਾਵੇ," ਗੁਲਾਬ ਰਾਣੀ ਦੱਸਦੇ ਹਨ।

ਇੱਕ ਸਮੇਂ ਵਿੱਚ, ਉਹ 5 ਤੋਂ 10 ਲੀਟਰ ਕੀਟਨਾਸ਼ਕ ਬਣਾਉਂਦੇ ਹਨ। "ਇੱਕ ਏਕੜ ਲਈ ਇੱਕ ਲੀਟਰ ਕਾਫ਼ੀ ਹੈ। ਇਸ ਦੀ ਵਰਤੋਂ ਲਈ ਘੱਟੋ ਘੱਟ ਦਸ ਲੀਟਰ ਪਾਣੀ ਵਿੱਚ ਘੋਲ਼ਣਾ ਚਾਹੀਦਾ ਹੈ। ਜੇ ਤੁਸੀਂ ਵਧੇਰੇ ਵਰਤੋਂ ਕਰਦੇ ਹੋ, ਤਾਂ ਇਹ ਫੁੱਲਾਂ ਨੂੰ ਤਬਾਹ ਕਰ ਸਕਦਾ ਹੈ ਅਤੇ ਪੂਰੀ ਫ਼ਸਲ ਬਰਬਾਦ ਹੋ ਸਕਦੀ ਹੈ," ਉਹ ਦੱਸਦੇ ਹਨ। ਸ਼ੁਰੂ ਵਿੱਚ, ਨੇੜਲੇ ਕਿਸਾਨ ਇਸ ਨੂੰ ਅਜ਼ਮਾਉਣ ਦੇ ਇਰਾਦੇ ਨਾਲ਼ ਉਨ੍ਹਾਂ ਤੋਂ ਇੱਕ ਬੋਤਲ ਮੰਗ ਕੇ ਲੈ ਜਾਂਦੇ ਸਨ।

PHOTO • Priti David
PHOTO • Priti David

ਖੱਬੇ : ਗੁਲਾਬ ਰਾਣੀ ਆਪਣੀ ਪੋਤੀ ਅਨਾਮਿਕਾ ਨਾਲ਼ ਰਸੋਈ ਵਿੱਚ। ਸੱਜੇ : ਉਜਯਾਨ ਸਿੰਘ ਅਤੇ ਦੂਰ ਨਜ਼ਰ ਆਉਂਦਾ ਸੋਲਰ ਪੈਨਲ ਜੋ ਪੰਪ ਚਲਾਉਣ ਦੇ ਕੰਮ ਆਉਂਦਾ ਹੈ

PHOTO • Priti David
PHOTO • Priti David

ਖੱਬੇ : ਰਾਜਿੰਦਰ ਸਿੰਘ ਟੈਕਨੋਲੋਜੀ ਰਿਸੋਰਸ ਸੈਂਟਰ ( ਟੀ . ਆਰ . ਸੀ .) ਦਾ ਪ੍ਰਬੰਧਨ ਕਰਦੇ ਹਨ , ਜੋ ਖੇਤੀਬਾੜੀ ਲਈ ਸੰਦ ਮੁਹੱਈਆ ਕਰਾਉਂਦਾ ਹੈ। ਸੱਜੇ : ਸਿਹਾਵਨ ਪਿੰਡ ਦੇ ਇੱਕ ਖੇਤ ਵਿੱਚ ਝੋਨੇ ਦੀਆਂ ਚਾਰ ਵੱਖ - ਵੱਖ ਰਵਾਇਤੀ ਕਿਸਮਾਂ ਨਾਲ਼ੋ - ਨਾਲ਼ ਉਗਾਈਆਂ ਜਾਂਦੀਆਂ ਹਨ

''ਖੇਤ ਤੋਂ ਪੂਰੇ ਸਾਲ ਭਰ ਖਾਣ ਜੋਗੀ ਕਾਫੀ ਪੈਦਾਵਾਰ ਹੋ ਜਾਂਦੀ ਹੈ। ਉਹਦੇ ਬਾਅਦ ਵੀ ਅਸੀਂ ਸਾਲ ਭਰ ਵਿੱਚ ਲਗਭਗ 15,000 ਰੁਪਏ ਤੱਕ ਦੀ ਫ਼ਸਲ ਵੇਚਣ ਦੀ ਹਾਲਤ ਵਿੱਚ ਹੋ ਜਾਂਦੇ ਹਾਂ,'' ਉਜਯਾਨ ਸਿੰਘ ਕਹਿੰਦੇ ਹਨ। ਮੱਧ ਭਾਰਤ ਦੇ ਦੂਜੇ ਕਿਸਾਨਾਂ ਵਾਂਗਰ ਇਹ ਕਿਸਾਨ ਵੀ ਜੰਗਲੀ ਪਸ਼ੂਆਂ ਵੱਲੋਂ ਤਬਾਹ ਕੀਤੀਆਂ ਫ਼ਸਲਾਂ ਦਾ ਸੰਤਾਪ ਹੰਢਾਉਂਦੇ ਹਨ। ''ਅਸੀਂ ਉਨ੍ਹਾਂ ਨੂੰ ਫੜ੍ਹ ਜਾਂ ਮਾਰ ਨਹੀਂ ਸਕਦੇ, ਕਿਉਂਕਿ ਸਰਕਾਰ ਨੇ ਨਵੇਂ ਕਨੂੰਨ ਬਣਾ ਦਿੱਤੇ ਹਨ। ਨੀਲ-ਗਾਵਾਂ ਕਣਕ ਤੇ ਮੱਕੀ ਖਾ ਜਾਂਦੀਆਂ ਹਨ ਤੇ ਫ਼ਸਲਾਂ ਵੀ ਲਤਾੜ ਜਾਂਦੀਆਂ ਨੇ,'' ਗੁਲਾਬ ਰਾਣੀ ਪਾਰੀ ਨੂੰ ਦੱਸਦੇ ਹਨ। ਜੰਗਲੀ-ਜੀਵ ਸੰਰਖਣ ਐਕਟ 1972 ਜੰਗਲੀ ਸੂਰਾਂ ਦੇ ਸ਼ਿਕਾਰ 'ਤੇ ਰੋਕ ਲਾਉਂਦਾ ਹੈ।

ਨੇੜਲੇ ਝਰਨੇ ਤੋਂ ਸਿੰਚਾਈ ਦਾ ਪਾਣੀ ਖਿੱਚਣ ਲਈ ਇੱਕ ਸੋਲਰ ਪੰਪ ਦੀ ਵਰਤੋਂ ਕੀਤੀ ਜਾਂਦੀ ਹੈ। ਆਪਣੇ ਖੇਤ ਦੇ ਕਿਨਾਰੇ ਸੋਲਰ ਪੈਨਲ ਦਿਖਾਉਂਦੇ ਹੋਏ, ਉਜਯਾਨ ਸਿੰਘ ਕਹਿੰਦੇ ਹਨ, "ਬਹੁਤ ਸਾਰੇ ਕਿਸਾਨ ਇੱਕ ਸਾਲ ਵਿੱਚ ਤਿੰਨ ਵਾਰੀਂ ਫ਼ਸਲਾਂ ਪੈਦਾ ਕਰ ਲੈਂਦੇ ਹਨ।"

ਪੀਪਲਜ਼ ਸਾਇੰਸ ਇੰਸਟੀਚਿਊਟ (ਪੀ.ਐਸ.ਆਈ.) ਨੇ ਇੱਕ ਟੈਕਨੋਲੋਜੀ ਰਿਸੋਰਸ ਸੈਂਟਰ (ਟੀ.ਆਰ.ਸੀ.) ਵੀ ਸਥਾਪਤ ਕੀਤਾ ਹੈ ਜੋ ਬਿਲਪੁਰਾ ਪੰਚਾਇਤ ਦੇ ਆਲ਼ੇ-ਦੁਆਲ਼ੇ ਦੇ 40 ਪਿੰਡਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਟੀਆਰਸੀ ਕੋਲ਼ ਚੌਲਾਂ ਦੀਆਂ 15 ਕਿਸਮਾਂ ਅਤੇ ਕਣਕ ਦੀਆਂ 11 ਕਿਸਮਾਂ ਦੇ ਭੰਡਾਰਨ ਦੀਆਂ ਸਹੂਲਤਾਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰਵਾਇਤੀ ਬੀਜ ਕਿਸਮਾਂ ਹਨ। ਇਹ ਘੱਟ ਵਰਖਾ ਅਤੇ ਬਹੁਤ ਜ਼ਿਆਦਾ ਠੰਡ ਵਿੱਚ ਵੀ ਚੰਗੀ ਪੈਦਾਵਾਰ ਦੇਣ ਦੇ ਸਮਰੱਥ ਹਨ, ਅਤੇ ਇਹ ਕੀੜਿਆਂ ਅਤੇ ਨਦੀਨਾਂ ਤੋਂ ਮੁਕਾਬਲਤਨ ਸੁਰੱਖਿਅਤ ਹਨ," ਰਾਜਿੰਦਰ ਸਿੰਘ ਕਹਿੰਦੇ ਹਨ, ਜੋ ਟੀਆਰਸੀ ਦੇ ਪ੍ਰਬੰਧਨ ਦੀ ਨਿਗਰਾਨੀ ਕਰਦੇ ਹਨ।

PHOTO • Priti David
PHOTO • Priti David

ਰਵਾਇਤੀ ਝੋਨੇ ( ਖੱਬੇ ) ਅਤੇ ਦਾਲ ( ਸੱਜੇ ) ਦੀਆਂ ਕਿਸਮਾਂ ਤਕਨਾਲੋਜੀ ਸੇਵਾ ਕੇਂਦਰ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ , ਜੋ ਬਿਲਪੁਰ ਪੰਚਾਇਤ ਅਧੀਨ ਚੁਣਗੁਣਾ ਸਮੇਤ 40 ਪਿੰਡਾਂ ਦੀ ਸੇਵਾ ਕਰਦਾ ਹੈ

PHOTO • Priti David
PHOTO • Priti David

ਚੁਣਗੁਣਾ ਪਿੰਡ ਦੀਆਂ ਔਰਤਾਂ ਹਲਛਠ ਪੂਜਾ ਦੀ ਤਿਆਰੀ ਲਈ ਨਦੀ ਵਿੱਚ ਨਹਾਉਣ ਜਾਂਦੀਆਂ ਹੋਈਆਂ

"ਅਸੀਂ ਆਪਣੇ ਕਿਸਾਨ ਮੈਂਬਰਾਂ ਨੂੰ ਦੋ ਕਿਲੋਗ੍ਰਾਮ ਤੱਕ ਬੀਜ ਪ੍ਰਦਾਨ ਕਰਦੇ ਹਾਂ ਅਤੇ ਬਦਲੇ ਵਿੱਚ, ਫਸਲ ਦੀ ਕਟਾਈ ਤੋਂ ਬਾਅਦ, ਉਹ ਸਾਨੂੰ ਦੁੱਗਣੀ ਮਾਤਰਾ ਵਿੱਚ ਬੀਜ ਵਾਪਸ ਕਰ ਦਿੰਦੇ ਹਨ," ਉਹ ਦੱਸਦੇ ਹਨ। ਥੋੜ੍ਹੀ ਦੂਰੀ 'ਤੇ, ਉਹ ਸਾਨੂੰ ਇੱਕ ਏਕੜ ਝੋਨੇ ਦੀ ਫਸਲ ਦਿਖਾਉਂਦੇ ਹਨ, ਜਿੱਥੇ ਚਾਰ ਵੱਖ-ਵੱਖ ਕਿਸਮਾਂ ਇਕੱਠੀਆਂ ਲਗਾਈਆਂ ਗਈਆਂ ਹਨ। ਉਹ ਸਾਨੂੰ ਇਸ ਬਾਰੇ ਵੀ ਸੂਚਿਤ ਕਰਦੇ ਹਨ ਕਿ ਹਰੇਕ ਕਿਸਮ ਦੀ ਕਟਾਈ ਕਦੋਂ ਕੀਤੀ ਜਾਵੇਗੀ।

ਇਸ ਖੇਤਰ ਦੇ ਕਿਸਾਨਾਂ ਦੀ ਅਗਲੀ ਯੋਜਨਾ ਸਬਜ਼ੀਆਂ ਦੀ ਸਮੂਹਿਕ ਵਿਕਰੀ ਨਾਲ਼ ਸਬੰਧਤ ਹੈ। ਜੈਵਿਕ ਖੇਤੀ ਦੀ ਸਫ਼ਲਤਾ ਤੋਂ ਉਤਸ਼ਾਹਿਤ ਕਿਸਾਨਾਂ ਨੂੰ ਹੁਣ ਚੰਗੀ ਕੀਮਤ ਮਿਲ਼ਣ ਦੀ ਵੀ ਉਮੀਦ ਹੈ।

ਜਦੋਂ ਸਾਡੇ ਜਾਣ ਦਾ ਸਮਾਂ ਹੋਇਆ ਤਾਂ ਗੁਲਾਬ ਰਾਣੀ ਵੀ ਪਿੰਡ ਦੀਆਂ ਹੋਰ ਔਰਤਾਂ ਨਾਲ਼ ਨਹਾਉਣ ਲਈ ਨਹਿਰ ਵੱਲ ਜਾਣ ਲੱਗੇ। ਉਨ੍ਹਾਂ ਨੇ ਆਪਣਾ ਵਰਤ ਤੋੜਨ ਤੋਂ ਪਹਿਲਾਂ ਹਲਛਠ ਪੂਜਾ ਵਿੱਚ ਵੀ ਹਿੱਸਾ ਲੈਣਾ ਸੀ। ਇਹ ਪੂਜਾ ਹਿੰਦੂ ਕੈਲੰਡਰ ਦੇ ਪੰਜਵੇਂ ਮਹੀਨੇ ਭਾਵ ਭਾਦੋਂ ਵਿੱਚ ਬੱਚਿਆਂ ਦੀ ਖੁਸ਼ੀ ਅਤੇ ਸਿਹਤ ਦੀ ਕਾਮਨਾ ਕਰਨ ਲਈ ਕੀਤੀ ਜਾਂਦੀ ਹੈ। "ਅਸੀਂ ਮਹੂਆ ਪਕਾਵਾਂਗੇ- ਅਸੀਂ ਇਸ ਨੂੰ ਛਾਛ ਵਿੱਚ ਉਬਾਲਾਂਗੇ ਅਤੇ ਇਸ ਨੂੰ ਖਾ ਕੇ ਆਪਣਾ ਵਰਤ ਤੋੜਾਂਗੇ," ਗੁਲਾਬ ਰਾਣੀ ਕਹਿੰਦੇ ਹਨ। ਉਸ ਤੋਂ ਬਾਅਦ, ਉਹ ਜੈਵਿਕ ਤੌਰ 'ਤੇ ਉਗਾਏ ਗਏ ਛੋਲਿਆਂ ਨੂੰ ਘਰੇ ਹੀ ਭੁੰਨਣਗੇ ਅਤੇ ਖਾਣਗੇ।

ਤਰਜਮਾ: ਕਮਲਜੀਤ ਕੌਰ

Priti David

ಪ್ರೀತಿ ಡೇವಿಡ್ ಅವರು ಪರಿಯ ಕಾರ್ಯನಿರ್ವಾಹಕ ಸಂಪಾದಕರು. ಪತ್ರಕರ್ತರು ಮತ್ತು ಶಿಕ್ಷಕರಾದ ಅವರು ಪರಿ ಎಜುಕೇಷನ್ ವಿಭಾಗದ ಮುಖ್ಯಸ್ಥರೂ ಹೌದು. ಅಲ್ಲದೆ ಅವರು ಗ್ರಾಮೀಣ ಸಮಸ್ಯೆಗಳನ್ನು ತರಗತಿ ಮತ್ತು ಪಠ್ಯಕ್ರಮದಲ್ಲಿ ಆಳವಡಿಸಲು ಶಾಲೆಗಳು ಮತ್ತು ಕಾಲೇಜುಗಳೊಂದಿಗೆ ಕೆಲಸ ಮಾಡುತ್ತಾರೆ ಮತ್ತು ನಮ್ಮ ಕಾಲದ ಸಮಸ್ಯೆಗಳನ್ನು ದಾಖಲಿಸುವ ಸಲುವಾಗಿ ಯುವಜನರೊಂದಿಗೆ ಕೆಲಸ ಮಾಡುತ್ತಾರೆ.

Other stories by Priti David
Editor : Sarbajaya Bhattacharya

ಸರ್ಬಜಯ ಭಟ್ಟಾಚಾರ್ಯ ಅವರು ಪರಿಯ ಹಿರಿಯ ಸಹಾಯಕ ಸಂಪಾದಕರು. ಅವರು ಅನುಭವಿ ಬಾಂಗ್ಲಾ ಅನುವಾದಕರು. ಕೊಲ್ಕತ್ತಾ ಮೂಲದ ಅವರು ನಗರದ ಇತಿಹಾಸ ಮತ್ತು ಪ್ರಯಾಣ ಸಾಹಿತ್ಯದಲ್ಲಿ ಆಸಕ್ತಿ ಹೊಂದಿದ್ದಾರೆ.

Other stories by Sarbajaya Bhattacharya
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur