ਕੀ ਸਾਈਕਲ 'ਤੇ ਪੈਡਲ ਮਾਰਨਾ ਹੀ ਸਮਾਜਿਕ ਅੰਦੋਲਨ ਹੋ ਜਾਣਾ ਹੁੰਦਾ ਹੈ? ਗੱਲ ਅਤਿ-ਕਥਨੀ ਜਾਪਦੀ ਹੈ। ਹੋ ਵੀ ਸਕਦਾ ਹੈ। ਪਰ, ਇਹ ਗੱਲ ਤਮਿਲਨਾਡੂ ਦੇ ਪੁਦੁਕੋਟਾਈ ਦੀਆਂ ਹਜ਼ਾਰਾਂ ਅਜਿਹੀਆਂ ਗ੍ਰਾਮੀਣ ਔਰਤਾਂ ਵਾਸਤੇ ਕੋਈ ਅਲੋਕਾਰੀ ਨਹੀਂ ਹੈ ਜੋ ਨਵ-ਸਿੱਖਿਅਤ (ਆਪਣੀ ਉਮਰ ਦੇ ਇਸ ਪੜਾਅ ਵਿੱਚ ਸਿੱਖਿਆ ਹਾਸਲ ਕਰਨਾ) ਹਨ। ਲੋਕ ਅਕਸਰ ਆਪਣੀ ਰੂੜੀਵਾਦੀ ਵਿਚਾਰਾਂ ਵਿੱਚੋਂ ਨਿਕਲ਼ਣ ਦੇ ਅਤੇ ਪਿਛਾਂਹ-ਖਿੱਚੂ ਸੋਚ 'ਤੇ ਸੱਟ ਮਾਰਨ, ਵਿਦਰੋਹ ਕਰਨ ਅਤੇ ਆਪਣੀਆਂ ਬੇੜੀਆਂ ਨੂੰ ਲਾਹ ਸੁੱਟਣ ਦੇ ਨਿਰਾਲੇ ਰਾਹ ਲੱਭ ਹੀ ਲੈਂਦੇ ਹਨ।

ਭਾਰਤ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਵਿੱਚੋਂ ਇੱਕ ਪੁਦੁਕੋਟਾਈ ਦੀਆਂ ਗ੍ਰਾਮੀਣ ਔਰਤਾਂ ਦੁਆਰਾ ਸਾਈਕਲ 'ਤੇ ਪੈਡਲ ਮਾਰਨਾ ਉਸ ਰੂੜ੍ਹੀਵਾਦੀ ਸੋਚ ਨੂੰ ਪਿਛਾਂਹ ਸੁੱਟਣ ਦਾ ਇੱਕ ਜ਼ਰੀਆ ਹੈ। ਪਿਛਲੇ 18 ਮਹੀਨਿਆਂ ਵਿੱਚ ਕਰੀਬ 1 ਲੱਖ ਗ੍ਰਾਮੀਣ ਔਰਤਾਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨਵ-ਸਿੱਖਿਅਤ ਹਨ, ਸਾਈਕਲ ਚਲਾਉਣ ਨੂੰ ਆਪਣੀ ਆਤਮ-ਨਿਰਭਰਤਾ, ਅਜ਼ਾਦੀ ਅਤੇ ਗਤੀਸ਼ੀਲਤਾ ਦਾ ਪ੍ਰਤੀਕ ਬਣਾ ਲਿਆ ਹੈ। ਜੇ ਅਸੀਂ ਦਸ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਇੱਕ ਪਾਸੇ ਰੱਖ ਕੇ ਦੇਖੀਏ, ਤਾਂ ਇਹਦਾ ਮਤਲਬ ਹੈ ਕਿ ਇਸ ਜ਼ਿਲ੍ਹੇ ਵਿੱਚ ਸਾਰੀਆਂ ਗ੍ਰਾਮੀਣ ਔਰਤਾਂ ਦੇ ਚੌਥਾਈ ਹਿੱਸੇ ਨੇ ਸਾਈਕਲ ਚਲਾਉਣਾ ਸਿੱਖ ਲਿਆ ਹੈ। 70,000 ਤੋਂ ਵੱਧ ਔਰਤਾਂ ਨੇ ਆਪਣੇ ਨਵੇਂ-ਹੁਨਰਾਂ ਨੂੰ ਬੜੇ ਫ਼ਖਰ ਨਾਲ਼ ਪੇਸ਼ ਕਰਨ ਲਈ 'ਪ੍ਰਦਰਸ਼ਨੀ-ਪ੍ਰਤੀਯੋਗਤਾ' ਵਿੱਚ ਹਿੱਸਾ ਲਿਆ ਹੈ। ਅਜੇ ਵੀ ਸਿਖਲਾਈ ਦਾ ਇਹ ਕੈਂਪ ਚੱਲ ਰਿਹਾ ਹੈ ਅਤੇ ਸਿੱਖਣ ਦੀ ਇੱਛਾ ਵੀ ਜਾਰੀ ਹੈ।

ਪੁਦੁਕੋਟਾਈ ਦੇ ਗ੍ਰਾਮੀਣ ਇਲਾਕਿਆਂ ਦੇ ਕੇਂਦਰ ਵਿੱਚ ਰੂੜ੍ਹੀਵਾਦੀ ਪਿੱਠਭੂਮੀ ਤੋਂ ਆਉਣ ਵਾਲ਼ੀਆਂ ਨੌਜਵਾਨ ਮੁਸਲਿਮ ਔਰਤਾਂ ਆਪਣੇ ਸਾਈਕਲ 'ਤੇ ਸਵਾਰ ਹੋ ਸੜਕਾਂ 'ਤੇ ਘੁੰਮਦੀਆਂ ਹਨ। ਉਨ੍ਹਾਂ ਵਿੱਚੋਂ ਕਈ ਔਰਤਾਂ ਨੇ ਸਾਈਕਲ ਚਲਾਉਣ ਵਾਸਤੇ ਬੁਰਕਾ ਪਾਉਣਾ ਛੱਡ ਦਿੱਤਾ ਹੈ। ਸਾਈਕਲ ਚਲਾਉਣ ਵਾਲ਼ੀ ਇੱਕ ਨੌਜਵਾਨ ਮੁਸਲਿਮ ਲੜਕੀ ਜਮੀਲਾ ਬੀਬੀ ਮੈਨੂੰ ਕਹਿੰਦੀ ਹਨ: ''ਇਹ ਮੇਰਾ ਅਧਿਕਾਰ ਹੈ। ਅਸੀਂ ਕਿਤੇ ਵੀ ਜਾ ਸਕਦੀਆਂ ਹਾਂ। ਹੁਣ ਸਾਨੂੰ ਬੱਸ ਦੀ ਉਡੀਕ ਕਰਨ ਦੀ ਲੋੜ ਨਹੀਂ। ਜਦੋਂ ਮੈਂ ਸਾਈਕਲ ਦੇ ਪੈਡਲ 'ਤੇ ਪੈਰ ਟਿਕਾਇਆ ਤਾਂ ਲੋਕਾਂ ਨੇ ਭੱਦੇ ਇਸ਼ਾਰੇ ਕੀਤੇ ਪਰ ਮੈਂ ਕੋਈ ਧਿਆਨ ਨਾ ਦਿੱਤਾ।''

ਫ਼ਾਤਿਮਾ ਸੈਕੰਡਰੀ ਸਕੂਲੀ ਅਧਿਆਪਕਾ ਹਨ, ਉਨ੍ਹਾਂ ਨੂੰ ਸਾਈਕਲ ਚਲਾਉਣ ਦਾ ਇੰਨਾ ਸ਼ੌਕ ਹੈ ਕਿ ਉਹ ਹਰ ਸ਼ਾਮੀਂ ਅੱਧੇ ਘੰਟੇ ਲਈ ਕਿਰਾਏ 'ਤੇ ਸਾਈਕਲ ਲੈਂਦੀ ਹਨ (ਉਹ ਹਾਲੇ ਤੱਕ ਆਪਣਾ ਸਾਈਕਲ ਤੱਕ ਨਹੀਂ ਖ਼ਰੀਦ ਸਕੀ ਹਨ, ਇੱਕ ਸਾਈਕਲ ਦੀ ਕੀਮਤ 1,200 ਰੁਪਏ ਤੋਂ ਵੱਧ ਆਉਂਦੀ ਹੈ)। ਉਹ ਕਹਿੰਦੀ ਹਨ,''ਸਾਈਕਲ ਚਲਾਉਣ ਨਾਲ਼ ਮੈਨੂੰ ਅਜ਼ਾਦੀ ਦਾ ਅਹਿਸਾਸ ਹੁੰਦਾ ਹੈ। ਹੁਣ ਅਸੀਂ ਕਿਸੇ 'ਤੇ ਨਿਰਭਰ ਨਹੀਂ ਹਾਂ। ਮੈਂ ਇਹਨੂੰ ਚਲਾਉਣ ਕਦੇ ਨਹੀਂ ਛੱਡ ਸਕਦੀ।'' ਜਮੀਲਾ, ਫ਼ਾਤਿਮਾ ਅਤੇ ਉਨ੍ਹਾਂ ਦੀ ਦੋਸਤ ਅਵਾਕੰਨੀ, ਤਿੰਨਾਂ ਨੇ ਆਪਣੀ ਉਮਰ ਦੇ 20ਵੇਂ ਸਾਲ ਵਿੱਚ ਪੈਰ ਰੱਖਿਆ ਹੈ ਅਤੇ ਆਪਣੇ ਭਾਈਚਾਰੇ ਦੀਆਂ ਹੋਰਨਾਂ ਜਵਾਨ ਕੁੜੀਆਂ ਨੂੰ ਸਾਈਕਲ ਚਲਾਉਣਾ ਸਿਖਾ ਚੁੱਕੀਆਂ ਹਨ।

Women learning how to ride bicycles in a village in Tamil Nadu
PHOTO • P. Sainath

ਇਸ ਅਰਿਵੋਲੀ ' ਸਾਈਕਲ ਸਿਖਲਾਈ ਕੈਂਪ ' ਵਿੱਚ ਸਾਰੇ ਸਿਖਿਆਰਥੀ ਹੀ ਐਤਵਾਰ ਨੂੰ ਆਪਣੀ ਪੇਸ਼ਕਾਰੀ ਲਈ ਤਿਆਰ ਹੋ ਕੇ ਇਕੱਠੇ ਹੋਏ। ਅਧਿਆਪਕ, ਵੀ, ਚੰਗੀ ਤਰ੍ਹਾਂ ਤਿਆਰ ਹੋ ਕੇ ਆਏ ਸਨ

ਇਸ ਜ਼ਿਲ੍ਹੇ ਵਿੱਚ ਸਾਰਿਆਂ ਦੇ ਸਿਰ ਸਾਈਕਲਿੰਗ ਦਾ ਭੂਤ ਸਵਾਰ ਹੈ। ਔਰਤਾਂ ਭਾਵੇਂ ਖ਼ੇਤ-ਮਜ਼ਦੂਰ ਹੋਣਾ, ਖੰਦਕ ਵਿੱਚ ਕੰਮ ਕਰਦੀਆਂ ਹੋਣ ਜਾਂ ਗ੍ਰਾਮੀਣ ਸਿਹਤ ਕਰਮੀ ਹੀ ਕਿਉਂ ਨਾ ਹੋਣ, ਸਾਰੇ ਹੀ ਸਾਈਕਲਿੰਗ ਦੇ ਦੀਵਾਨੇ ਹਨ। ਬਾਲ਼ਵਾੜੀ ਅਤੇ ਆਂਗਨਵਾੜੀ ਵਰਕਰਾਂ, ਹੀਰਾ ਤਰਾਸ਼ਣ ਵਾਲ਼ੀਆਂ ਅਤੇ ਸਕੂਲੀ ਅਧਿਆਪਕਾਵਾਂ ਇਸ ਅਭਿਆਨ ਦਾ ਹਿੱਸਾ ਬਣਨ ਲਈ ਉਤਾਵਲ਼ੀਆਂ ਹਨ। ਗ੍ਰਾਮ ਸੇਵਿਕਾਵਾਂ ਅਤੇ ਮਿਡ-ਡੇ ਮੀਲ ਕਰਮੀ ਜ਼ਿਆਦਾ ਪਿੱਛੇ ਨਹੀਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨੇ ਆਪਣੀ ਉਮਰ ਦੇ ਇਸ ਪੜਾਅ ਵਿੱਚ ਵਿੱਦਿਆ ਹਾਸਲ ਕੀਤੀ ਹੈ। ਜ਼ਿਲ੍ਹੇ ਵਿੱਚ ਅਰਿਵੋਲੀ ਅਯੰਕਮ (ਲਾਈਟ ਅਤੇ ਨਾਲੇਜ ਮੂਵਮੈਂਟ) ਦੀ ਅਗਵਾਈ ਵਿੱਚ ਤੇਜ਼ੀ ਨਾਲ਼ ਚੱਲ ਰਹੇ ਸਾਖਰਤਾ ਅਭਿਆਨ ਨੇ ਇਸ ਪਰਿਵਰਤਨ ਦੀ ਆਤਮਾ ਫ਼ੂਕੀ ਹੈ। ਮੈਂ ਜਿਹੜੀਆਂ ਵੀ ਨਵ-ਸਾਖ਼ਰ ਅਤੇ 'ਨਵ-ਸਾਈਕਲ ਚਾਲਕ' ਔਰਤਾਂ ਨਾਲ਼ ਗੱਲ ਕੀਤੀ, ਉਨ੍ਹਾਂ ਵਿੱਚੋਂ ਹਰੇਕ ਨੇ ਸਾਈਕਲ ਚਲਾਉਣ ਅਤੇ ਆਪਣੀ ਨਿੱਜੀ ਅਜ਼ਾਦੀ ਵਿਚਕਾਰ ਸਿੱਧਾ ਤਾਅਲੁੱਕ ਮਹਿਸੂਸ ਕੀਤਾ।

ਅਰਿਵੋਲੀ ਦੀ ਕੇਂਦਰੀ ਕੋਆਰਡੀਨੇਟਰ ਅਤੇ ਸਾਈਕਲਿੰਗ ਅੰਦੋਲਨ ਦੀਆਂ ਮੋਢੀਆਂ ਵਿੱਚੋਂ ਇੱਕ ਐੱਨ. ਕੰਨੰਮਲ ਕਹਿੰਦੀ ਹਨ,''ਮੁੱਖ ਗੱਲ ਤਾਂ ਔਰਤਾਂ ਅੰਦਰ ਸਵੈ-ਭਰੋਸਾ ਭਰਨਾ ਸੀ। ਉਸ ਵੀ ਜ਼ਰੂਰੀ ਗੱਲ ਕਿ ਇਸ ਅਭਿਆਨ ਨੇ ਉਨ੍ਹਾਂ ਦੀ ਪੁਰਸ਼ਾਂ 'ਤੇ ਨਿਰਭਰਤਾ ਨੂੰ ਘੱਟ ਕੀਤਾ ਹੈ। ਹੁਣ ਅਸੀਂ ਅਕਸਰ ਦੇਖਦੇ ਹਾਂ ਕਿ ਇੱਕ ਔਰਤ ਚਾਰ ਕਿਲੋਮੀਟਰ ਦੂਰ ਸਾਈਕਲ ਚਲਾ ਕੇ ਪਾਣੀ ਲੈਣ ਜਾਂਦੀ ਹੈ, ਕਦੇ-ਕਦੇ ਉਹਦੇ ਬੱਚੇ ਵੀ ਨਾਲ਼ ਹੁੰਦੇ ਹਨ। ਇੱਥੋਂ ਤੱਕ ਕਿ ਸਮਾਨ ਨੂੰ ਇੱਧਰ-ਉੱਧਰ ਢੋਹਣਾ ਵੀ ਕੁਝ ਸੁਖ਼ਾਲਾ ਰਹਿੰਦਾ ਹੈ। ਪਰ ਯਕੀਨ ਜਾਣੋ ਇੱਥੋਂ ਦੀ ਔਰਤਾਂ ਨੂੰ ਸਾਈਕਲ ਦੇ ਪੈਡਲ 'ਤੇ ਪੈਰ ਰੱਖਦਿਆਂ ਹੀ ਆਪਣੇ ਕਿਰਦਾਰਾਂ 'ਤੇ ਹੁੰਦੀ ਚਿੱਕੜ ਉਛਾਲ਼ੀ ਵੀ ਝੱਲਣੀ ਪਈ। ਲੋਕਾਂ ਨੂੰ ਭੱਦੀਆਂ ਟਿੱਪਣੀਆਂ ਕੀਤੀਆਂ। ਪਰ ਅਰਿਵੋਲੀ ਨੇ ਸਾਈਕਲ ਚਲਾਉਣ ਵਾਲ਼ੀਆਂ ਨੂੰ ਸਮਾਜਿਕ ਪ੍ਰਵਾਨਗੀ ਦਿੱਤੀ। ਇਸ ਲਈ ਬਾਕੀ ਔਰਤਾਂ ਨੇ ਵੀ ਹੀਆ ਕੀਤਾ।''

ਸਭ ਤੋਂ ਪਹਿਲਾਂ ਵਾਲ਼ੀਆਂ ਔਰਤਾਂ ਵਿੱਚ ਕੰਨੰਮਲ ਵੀ ਸ਼ਾਮਲ ਹਨ। ਭਾਵੇਂ ਉਨ੍ਹਾਂ ਨੇ ਸਾਇੰਸ ਵਿੱਚ ਗ੍ਰੈਜੁਏਸ਼ਨ ਕੀਤਾ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਅੰਦਰ ਸਾਈਕਲ ਚਲਾਉਣ ਦੀ ਹਿੰਮਤ ਨਹੀਂ ਸੀ। ਅਰਿਵੋਲੀ ਦੇ 'ਸਾਈਕਲ ਚਲਾਊ ਸਿਖਲਾਈ ਕੈਂਪ' ਵਿੱਚ ਆਉਣਾ ਖ਼ਾਸ ਤਜ਼ਰਬਾ ਹੈ। ਕੀਲਾਕੁਰੂਚੀ ਪਿੰਡ ਵਿੱਚ ਸਾਰੇ ਸਿਖਿਆਰਥੀਆਂ ਨੇ ਆਪੋ-ਆਪਣੀ ਪੇਸ਼ਕਾਰੀ ਲਈ ਐਤਵਾਰ ਦਾ ਦਿਨ ਚੁਣਿਆ। ਤੁਸੀਂ 'ਸਾਈਕਲ ਚਲਾਓ ਅਭਿਆਨ' 'ਚੋਂ ਪੈਦਾ ਹੋਏ ਜੋਸ਼ ਤੋਂ ਪ੍ਰਭਾਵਤ ਹੋਏ ਬਿਨਾ ਨਹੀਂ ਰਹਿ ਸਕਦੇ। ਉਨ੍ਹਾਂ ਲਈ ਇਹ ਸਿੱਖਣਾ ਲਾਜ਼ਮੀ ਸੀ। ਸਾਈਕਲ ਚਲਾਉਣਾ ਪੁਰਸ਼ ਪ੍ਰਧਾਨ ਸਮਾਜ ਦੇ ਨਿਯਮਾਂ ਅਤੇ ਬੰਧਨਾਂ ਨੂੰ ਤੋੜ ਸੁੱਟਣ ਅਤੇ ਉਸ ਵਿੱਚੋਂ ਨਿਕਲ਼ਣ ਦਾ ਰਸਤਾ ਖੋਲ੍ਹਦਾ ਹੈ। ਨਵੇਂ-ਨਵੇਂ ਸਾਈਕਲ ਚਲਾਉਣਾ ਸਿੱਖਣ ਵਾਲ਼ੀਆਂ ਔਰਤਾਂ ਅਰਿਵੋਲੀ ਦੇ ਤਿਆਰ ਕੀਤੇ ਗਏ ਗੀਤਾਂ ਨੂੰ ਵੀ ਗਾਉਂਦੀਆਂ ਹਨ, ਤਾਂਕਿ ਲੋਕਾਂ ਅੰਦਰ ਸਾਈਕਲਿੰਗ ਪ੍ਰਤੀ ਉਤਸਾਹ ਵਧੇ। ਉਨ੍ਹਾਂ ਵਿੱਚੋਂ ਇੱਕ ਗਾਣੇ ਦੀ ਸਤਰ ਹੈ: ''ਨੀ ਭੈਣੇ ਆ ਚੱਲ ਸਾਈਕਲ ਚਲਾਉਣਾ ਸਿੱਖੀਏ, ਸਮੇਂ ਦੇ ਪਹੀਏ ਦੇ ਨਾਲ਼ ਨਾਲ਼ ਉੱਡਣਾ ਸਿੱਖੀਏ...''

ਸਾਈਕਲ ਚਲਾਉਣਾ ਸਿੱਖ ਚੁੱਕੇ ਕਾਫ਼ੀ ਵੱਡੀ ਗਿਣਤੀ ਵਿੱਚ ਨਵੇਂ ਚਿਹਰੇ ਹੋਰਨਾਂ ਨੂੰ ਸਿਖਾਉਣ ਲਈ ਮੈਦਾਨ ਵਿੱਚ ਉਤਰੇ। ਉਹ ਅਰਿਵੋਲੀ ਵਾਸਤੇ ਮਾਸਟਰ ਟ੍ਰੇਨਰ (ਅਜੀਬ ਨਾਮ) ਦੇ ਰੂਪ ਵਿੱਚ ਮੁਫ਼ਤ ਸਿਖਲਾਈ ਦਿੰਦੇ ਹਨ। ਇੱਥੇ ਨਾ ਸਿਰਫ਼ ਸਿੱਖਣ ਦੀ ਭੁੱਖ ਦਿੱਸਦੀ ਹੈ, ਸਗੋਂ ਵੱਡੇ ਪੱਧਰ 'ਤੇ ਉਨ੍ਹਾਂ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਸਾਰੀਆਂ ਔਰਤਾਂ ਨੂੰ ਸਾਈਕਲ ਚਲਾਉਣਾ ਸਿੱਖਣਾ ਚਾਹੀਦਾ ਹੈ। ਉਹਦੇ ਬਦਲ ਵਿੱਚ, ਉਨ੍ਹਾਂ ਦੇ ਤਜ਼ਰਬਿਆਂ ਨੇ ਸਾਖ਼ਰਤਾ ਅਭਿਆਨ ਨੂੰ ਖ਼ੁਸ਼ਹਾਲ ਕੀਤਾ ਹੈ। ਨਵ-ਸਾਈਕਲ ਚਾਲਕਾਂ ਅਰਿਵੋਲੀ ਨਾਲ਼ ਪਹਿਲਾਂ ਤੋਂ ਵੀ ਵੱਧ ਜੋਸ਼ ਦੇ ਨਾਲ਼ ਜੁੜ ਗਈਆਂ ਹਨ।

ਇਸ ਪੂਰੇ ਦਾ ਪੂਰੇ ਅਭਿਆਨ ਸਾਬਕਾ ਹਰਮਨ ਪਿਆਰੀ ਜ਼ਿਲ੍ਹਾ ਕਲੈਕਟਰ ਰਹੀ ਚੁੱਕੀ ਸ਼ੀਲਾ ਰਾਣੀ ਚੁੰਕਥ ਦੇ ਦਿਮਾਗ਼ ਦੀ ਉਪਜ ਸੀ। 1991 ਵਿੱਚ ਉਨ੍ਹਾਂ ਨੂੰ ਇੱਕ ਫੁਰਨਾ ਫੁਰਿਆ, ਜਿਹਦੇ ਤਹਿਤ ਔਰਤਾਂ ਨੂੰ ਸਿਖਲਾਈ ਦੇਣਾ ਸ਼ਾਮਲ ਸੀ, ਤਾਂਕਿ ਬੀਹੜ ਇਲਾਕਿਆਂ ਦੀਆਂ ਔਰਤਾਂ ਤੀਕਰ ਸਾਖ਼ਰਤਾ ਦਾ ਪ੍ਰਸਾਰ ਹੋ ਸਕੇ। ਉਨ੍ਹਾਂ ਨੇ ਆਪਣੇ ਸਾਖ਼ਰਤਾ ਅਭਿਆਨ ਵਿੱਚ ਗਤੀਸ਼ੀਲਤਾ ਨੂੰ ਲਾਜ਼ਮੀ ਹਿੱਸਾ ਮੰਨਿਆ। ਇਹ ਵਿਚਾਰ ਇਸ ਤੱਥ ਤੋਂ ਪ੍ਰਭਾਵਤ ਸੀ ਕਿ ਔਰਤਾਂ ਦਰਮਿਆਨ ਗਤੀਸ਼ੀਲਤਾ ਦੀ ਘਾਟ ਉਨ੍ਹਾਂ ਦੇ ਸਵੈ-ਭਰੋਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੀ ਹੈ। ਚੁੰਕਥ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਔਰਤਾਂ ਨੂੰ ਸਾਈਕਲ ਖ਼ਰੀਦਣ ਲਈ ਕਰਜ਼ਾ ਦੇਣ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਹਰ ਇੱਕ ਬਲਾਕ ਵਿੱਚ ਇਸ ਗਤੀਸ਼ੀਲਤਾ ਨੂੰ ਹੱਲ੍ਹਾਸ਼ੇਰੀ ਦੇਣ ਵਾਸਤੇ ਸਾਰੇ ਅਧਿਕਾਰੀਆਂ ਨੂੰ ਖ਼ਾਸ ਜ਼ਿੰਮੇਦਾਰੀ ਦਿੱਤੀ। ਜ਼ਿਲ੍ਹੇ ਦੀ ਉੱਚ ਅਧਿਕਾਰੀ ਹੋਣ ਨਾਤੇ ਉਨ੍ਹਾਂ ਨੇ ਵਿਅਕਤੀਗਤ ਪੱਧਰ 'ਤੇ ਇਸ ਅਭਿਆਨ ਵੱਲ ਉਚੇਚਾ ਧਿਆਨ ਦਿੱਤਾ।

ਸਭ ਤੋਂ ਪਹਿਲਾਂ ਕਾਰਕੁੰਨਾਂ ਨੇ ਸਾਈਕਲ ਚਲਾਉਣੇ ਸਿੱਖੇ। ਫਿਰ ਨਵ-ਸਿਖਿਅਤ ਔਰਤਾਂ ਨੇ ਵੀ ਸਿੱਖਣਾ ਚਾਹਿਆ। ਹਰੇਕ ਔਰਤ ਸਾਈਕਲ ਚਲਾਉਣਾ ਚਾਹੁੰਦੀ ਸੀ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਇਸ ਕਾਰਨ 'ਲੇਡੀਜ਼' ਸਾਈਕਲਾਂ ਦੀ ਕਮੀ ਪੈਦਾ ਹੋ ਗਈ। 'ਜੈਂਟਸ' ਸਾਈਕਲ ਵੀ ਓਨਾ ਹੀ ਕੰਮ ਕਰਦੀ। ਕੁਝ ਔਰਤਾਂ ਇਨ੍ਹਾਂ ਸਾਈਕਲਾਂ ਨੂੰ  ਹੀ ਤਰਜੀਹ ਦਿੰਦੀਆਂ ਕਿਉਂਕਿ ਅੰਦਰ ਸੀਟ ਤੋਂ ਹੈਂਡਲ ਤੀਕਰ ਇੱਕ ਵੱਖਰਾ ਡੰਡਾ ਲੱਗਿਆ ਹੁੰਦਾ ਹੈ, ਜਿਸ ਡੰਡੇ 'ਤੇ ਗੱਦੀ ਲਾ ਕੇ ਬੱਚਿਆਂ ਨੂੰ ਬਿਠਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਇੱਥੋਂ ਦੀਆਂ ਹਜ਼ਾਰਾਂ ਔਰਤਾਂ 'ਜੈਂਟਸ' ਸਾਈਕਲ ਹੀ ਚਲਾ ਰਹੀਆਂ ਹਨ ਅਤੇ ਕੁਝ ਸੁਪਨਾ ਲੈਂਦੀਆਂ ਹਨ ਕਿ ਉਹ ਵੀ ਕਦੇ ਕੋਈ ਸਾਈਕਲ ਖ਼ਰੀਦ ਸਕਣ।

8 ਮਾਰਚ 1992 ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਬਾਅਦ ਇਹ ਜ਼ਿਲ੍ਹਾ ਪਹਿਲਾਂ ਜਿਹਾ ਨਾ ਰਿਹਾ। ਸਾਈਕਲ ਦੇ ਹੈਂਡਲ 'ਤੇ ਝੰਡੇ ਲਾਈ, ਘੰਟੀਆਂ ਵਜਾਉਂਦੀਆਂ ਔਰਤਾਂ ਨੇ ਪੁਦੁਕੋਟਾਈ ਵਿੱਚ ਹਵਾ ਨਾਲ਼ ਗੱਲਾਂ ਕੀਤੀਆਂ। ਸਾਈਕਲ ਰੈਲੀ ਵਿੱਚ ਹਿੱਸਾ ਲੈ ਰਹੀਆਂ ਸਾਰੀਆਂ ਔਰਤਾਂ ਨੇ ਸ਼ਹਿਰ-ਵਾਸੀਆਂ ਦੀ ਦੰਦਾਂ ਹੇਠ ਜ਼ੁਬਾਨ ਲਿਆ ਛੱਡੀ।

ਪੁਰਸ਼ਾਂ ਦੀ ਇਸ ਬਾਰੇ ਕੀ ਸੋਚ ਸੀ? ਜਿਨ੍ਹਾਂ ਲੋਕਾਂ ਨੂੰ ਇਸ ਅਭਿਆਨ ਨੂੰ ਪ੍ਰਵਾਨ ਕਰਨਾ ਪਿਆ ਸੀ ਉਨ੍ਹਾਂ ਵਿੱਚੋਂ ਇੱਕ ਸਨ ਰਾਮ ਸਾਈਕਲਸ ਦੇ ਮਾਲਕ ਐੱਸ. ਕਨਕਰਾਜਨ। ਇਸ ਇਕਲੌਤੇ ਸਾਈਕਲ ਡੀਲਰ ਨੇ ਇੱਕ ਸਾਲ ਵਿੱਚ 'ਲੇਡੀਜ਼' ਸਾਈਕਲ ਦੀ ਵਿਕਰੀ ਵਿੱਚ 350 ਫੀਸਦ ਦੀ ਛਲਾਂਗ ਨੋਟ ਕੀਤੀ। ਇਹ ਅੰਕੜਾ ਵੀ ਅਸਲੀਅਤ ਨੂੰ ਘੱਟ ਕਰਕੇ ਹੀ ਪੇਸ਼ ਕੀਤਾ ਗਿਆ ਸੀ, ਜਿਹਦੇ ਮਗਰ ਦੋ ਕਾਰਨ ਸਨ: ਪਹਿਲਾ ਕਾਰਨ ਕਿ ਕਈ ਔਰਤਾਂ ਨੇ 'ਲੇਡੀਜ਼' ਸਾਈਕਲ ਮਿਲ਼ਣ ਤੱਕ ਦੀ ਉਡੀਕ ਕੀਤੇ ਬਗ਼ੈਰ ਹੀ 'ਜੈਂਟਸ' ਸਾਈਕਲ ਲੈ ਲਏ; ਦੂਸਰਾ ਕਾਰਨ ਇਹ ਹੈ ਕਿ ਕਨਕਰਾਜਨ ਕਾਫ਼ੀ ਸਾਵਧਾਨੀ ਅਤੇ ਝਿਜਕ ਨਾਲ਼ ਇਹ ਸੂਚਨਾ ਦੇ ਰਹੇ ਸਨ। ਉਨ੍ਹਾਂ ਲਈ ਮੈਂ ਸੈਲਸ ਟੈਕਸ ਡਿਪਾਰਟਮੈਂਟ ਦਾ ਇੱਕ ਖ਼ੁਫੀਆ ਏਜੰਟ ਸੀ।

ਕਿਸੇ ਵੀ ਮਾਮਲੇ ਵਿੱਚ ਸਾਰੇ ਦੇ ਸਾਰੇ ਪੁਰਸ਼ ਵਿਰੋਧੀ ਨਹੀਂ ਸਨ। ਸਗੋਂ ਕੁਝ ਨੇ ਹੌਂਸਲਾ ਅਫ਼ਜਾਈ ਵੀ ਕੀਤੀ। ਜਿਵੇਂ ਅਰਿਵੋਲੀ ਕਾਰਕੁੰਨ ਮੁਥੁ ਭਾਸਕਰਨ ਨੂੰ ਹੀ ਲਓ। ਉਨ੍ਹਾਂ ਨੇ ਸਾਈਕਲਿੰਗ ਮੁਤੱਲਕ ਮਸ਼ਹੂਰ ਗੀਤ ਲਿਖਿਆ ਜੋ ਬਾਅਦ ਵਿੱਚ ਅਭਿਆਨ ਦਾ ਐਂਥਮ ਬਣ ਗਿਆ।

ਜਦੋਂ ਕੁਦੁਮਿਯਾਨਮਲਾਈ ਦੀ ਪੱਥਰ ਦੀਆਂ ਖੰਦਕਾਂ ਦੀ ਭਬਕਦੀ ਗਰਮੀ ਵਿੱਚ ਜਦੋਂ ਤੁਸੀਂ 22 ਸਾਲਾ ਕੇ. ਮਨੋਰਮਨੀ ਕੋਲ਼ ਜਾਂਦੇ ਹੋ, ਜੋ ਦੂਸਰਿਆਂ ਨੂੰ ਸਿਖਲਾਈ ਦਿੰਦੀ ਹਨ, ਤਾਂ ਇਹ ਅਹਿਸਾਸ ਹੁੰਦਾ ਹੈ ਕਿ ਇੰਨੀ ਮਿਹਨਤ ਅਜਾਈਂ ਨਹੀਂ ਗਈ। ਉਹ ਖੰਦਕ ਵਿੱਚ ਕੰਮ ਕਰਨ ਦੇ ਨਾਲ਼-ਨਾਲ਼ ਅਰਿਵੋਲੀ ਦੇ ਨਾਲ਼ ਵੀ ਜੁੜੀ ਹੋਈ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਸਹਿਕਰਮੀਆਂ ਲਈ ਜ਼ਰੂਰੀ ਹੈ ਕਿ ਉਹ ਵੀ ਸਾਈਕਲ ਚਲਾਉਣਾ ਸਿੱਖਣ। ਉਹ ਦੱਸਦੀ ਹਨ,''ਸਾਡਾ ਇਲਾਕਾ ਸ਼ਹਿਰ ਨਾਲ਼ੋਂ ਥੋੜ੍ਹਾ ਅਲੱਗ-ਥਲੱਗ ਹੈ। ਜੋ ਸਾਈਕਲ ਚਲਾਉਣਾ ਜਾਣਦਾ ਹੈ ਉਹਨੂੰ ਆਉਣ-ਜਾਣ ਵਿੱਚ ਥੋੜ੍ਹੀ ਸੌਖ ਹੁੰਦੀ ਹੈ।''

PHOTO • P. Sainath
PHOTO • P. Sainath

1992-93 ਵਿੱਚ ਪੁਦੁਕੋਟਾਈ ਜ਼ਿਲ੍ਹੇ ਦੀਆਂ ਕਰੀਬ ਇੱਕ ਲੱਖ ਤੋਂ ਵੱਧ ਔਰਤਾਂ ਨੇ ਸਾਈਕਲ ਚਲਾਉਣਾ ਸਿੱਖਿਆ। ਇਹ ਉਨ੍ਹਾਂ ਵਾਸਤੇ ਆਰਥਿਕ ਰੂਪ ਨਾਲ਼ ਮਦਦਗਾਰ ਸਾਬਤ ਹੋਇਆ, ਪਰ ਇਨ੍ਹਾਂ ਔਰਤਾਂ ਵਾਸਤੇ ਇਹਦੇ ਮਾਇਨੇ ਕਿਤੇ ਵੱਧ ਸਨ। ਇਹ ਉਨ੍ਹਾਂ ਦੀ ਅਜ਼ਾਦੀ ਦਾ ਬਿੰਬ ਬਣ ਗਿਆ

1992 ਵਿੱਚ ਇੱਕੋ ਹਫ਼ਤੇ ਅੰਦਰ, 70,000 ਤੋਂ ਵੱਧ ਔਰਤਾਂ ਨੇ ਅਰਿਵੋਲੀ ਦੁਆਰਾ ਸੰਚਾਲਤ ਜਨਤਕ 'ਪ੍ਰਦਰਸ਼ਨੀ-ਪ੍ਰਤੀਯੋਗਤਾ' ਵਿੱਚ ਆਪਣੇ ਸਾਈਕਲ ਚਲਾਉਣ ਦੇ ਜ਼ੌਹਰ ਦਿਖਾਏ। ਇਸ ਤੋਂ ਪ੍ਰਭਾਵਤ ਹੋ ਕੇ ਯੂਨੀਸੈੱਫ਼ ਨੇ ਅਰਿਵੋਲੀ ਮਹਿਲਾ ਕਾਰਕੁੰਨਾਂ ਵਿੱਚੋਂ 50 ਮੋਪੇਡ ਵੰਡੀਆਂ ਜਾਣੀਆਂ ਮਨਜ਼ਰੂ ਕੀਤੀਆਂ।

ਸਾਈਕਲਿੰਗ ਦਾ ਇੱਕ ਨਿਸ਼ਚਤ ਆਰਥਿਕ ਅਸਰ ਵੀ ਹੁੰਦਾ ਹੈ। ਇਸ ਰਾਹੀਂ ਆਮਦਨੀ ਵੱਧਦੀ ਹੈ। ਇੱਥੋਂ ਦੀਆਂ ਕੁਝ ਔਰਤਾਂ ਖੇਤੀ ਅਤੇ ਹੋਰ ਉਤਪਾਦਾਂ ਨੂੰ ਨੇੜੇ-ਤੇੜੇ ਦੇ ਪਿੰਡਾਂ ਵਿੱਚ ਵੇਚਦੀਆਂ ਹਨ। ਉਨ੍ਹਾਂ ਵਾਸਤੇ ਬੱਸਾਂ ਦੀ ਉਡੀਕ ਕਰਨ ਵਿੱਚ ਸਮਾਂ ਜ਼ਾਇਆ ਕਰਨ ਨਾਲ਼ੋਂ ਸਾਈਕਲ ਦੀ ਸਵਾਰੀ ਕਰਨਾ ਕਿਤੇ ਬਿਹਤਰ ਹੋ ਨਿਬੜਦਾ ਹੈ। ਸਾਈਕਲ ਟੁੱਟੇ-ਭੱਜੇ ਰਾਹਾਂ ਜਾਂ ਡੰਡੀਓ-ਡੰਡੀ ਜਾਣ ਵਿੱਚ ਵੱਧ ਕਾਰਗਰ ਸਾਬਤ ਹੁੰਦਾ ਹੈ। ਦੂਸਰੀ ਗੱਲ, ਇਸ ਦੀ ਸਵਾਰੀ ਕਰਕੇ ਸਮਾਂ ਅਤੇ ਪੈਸਾ ਬੱਚਦਾ ਹੈ ਅਤੇ ਉਤਪਾਦ ਵੇਚਣ ਵਿੱਚ ਉਨ੍ਹਾਂ ਦਾ ਵੱਧ ਧਿਆਨ ਲੱਗਦਾ ਹੈ। ਤੀਜੀ ਗੱਲ, ਤੁਸੀਂ ਇਹਦੀ ਸਵਾਰੀ ਰਾਹੀਂ ਤੁਸੀਂ ਉਹ ਇਲਾਕੇ ਵੀ ਕਵਰ ਕਰ ਸਕਦੇ ਹੋ ਜੋ ਤੁਹਾਡੇ ਜਾਣੂ ਹੋਣ। ਆਖ਼ਰੀ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਨਾਲ਼ ਤੁਹਾਨੂੰ ਅਰਾਮ ਕਰਨ ਦਾ ਵੱਧ ਸਮਾਂ ਮਿਲ਼ਦਾ ਹੈ ਅਤੇ ਤੁਸੀਂ ਕੁਝ ਪਲਾਂ ਲਈ ਛੁੱਟੀ ਵੀ ਲੈ ਸਕਦੇ ਹੋ।

ਛੋਟੇ ਉਤਪਾਦ ਪੈਦਾ ਕਰਨ ਵਾਲ਼ੀਆਂ ਔਰਤ ਕਿਸਾਨ, ਜੋ ਬੱਸ ਦੀ ਉਡੀਕ ਕਰਿਆ ਕਰਦੀਆਂ ਸਨ, ਨੂੰ ਬੱਸ-ਸਟਾਪ ਤੱਕ ਪਹੁੰਚਣ ਵਾਸਤੇ ਪਿਤਾ, ਭਰਾ, ਪਤੀ ਜਾਂ ਪੁੱਤਰ ਵੱਲ਼ ਝਾਕਣਾ ਪੈਂਦਾ ਸੀ। ਇੰਝ ਉਹ ਬਹੁਤ ਹੀ ਸੀਮਤ ਪਿੰਡਾਂ ਵਿੱਚ ਉਤਪਾਦ ਵੇਚਣ ਜਾ ਪਾਉਂਦੀਆਂ। ਕੁਝ ਔਰਤਾਂ ਪੈਦਲ ਜਾਂਦੀਆਂ ਸਨ। ਜੋ ਸਾਈਕਲ ਨਾ ਖਰੀਦ ਸਕੀਆਂ, ਉਹ ਅਜੇ ਵੀ ਪੈਦਲ ਹੀ ਆਵਾਗਮਨ ਕਰਦੀਆਂ। ਇਨ੍ਹਾਂ ਔਰਤਾਂ ਨੂੰ ਛੇਤੀ ਹੀ ਵਾਪਸੀ ਕਰਨੀ ਪੈਂਦੀ ਸੀ ਤਾਂਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ਼ ਅਤੇ ਦੂਸਰੇ ਕੰਮ ਨਬੇੜ ਸਕਣ, ਜਿਵੇਂ ਪਾਣੀ ਭਰਨਾ ਆਦਿ। ਪਰ ਹੁਣ ਜਿਸ ਔਰਤ ਕੋਲ਼ ਵੀ ਸਾਈਕਲ ਹੁੰਦਾ ਉਹ ਹੁਣ ਇਨ੍ਹਾਂ ਕੰਮਾਂ ਨੂੰ ਛੇਤੀ ਤੇ ਸੌਖਿਆਂ ਨਬੇੜ ਲੈਂਦੀ। ਇਸ ਦਾ ਮਤਲਬ ਹੁੰਦਾ ਕਿ ਇਨ੍ਹਾਂ ਬੀਹੜ ਇਲਾਕਿਆਂ ਵਿੱਚ ਤੁਸੀਂ ਇੱਕ ਨੌਜਵਾਨ ਮਾਂ ਨੂੰ ਸਾਈਕਲ ਦੀ ਕਾਠੀ 'ਤੇ ਬੱਚੇ ਨੂੰ ਨਾਲ਼ ਬਿਠਾਈ ਸਾਈਕਲ ਚਲਾਉਂਦਿਆਂ ਦੇਖ ਸਕਦੇ। ਹੁਣ ਉਹ ਆਪਣੇ ਨਾਲ਼ ਪਾਣੀ ਦੇ ਭਰੇ ਦੋ, ਸ਼ਾਇਦ ਤਿੰਨ ਘੜੇ ਲਮਕਾਈ ਘਰ ਜਾਂਦੀ ਦੇਖੀ ਜਾਂਦੀ ਅਤੇ ਕੰਮ ਤੋਂ ਘਰ ਜਾਂਦਿਆਂ ਵੀ।

ਫਿਰ ਵੀ, ਬਾਕੀ ਸਾਰੇ ਪੱਖਾਂ ਦੇ ਮੁਕਾਬਲੇ ਆਰਥਿਕ ਪੱਖਾਂ 'ਤੇ ਜ਼ੋਰ ਦੇਣਾ ਗ਼ਲਤ ਹੁੰਦਾ। ਸਾਈਕਲ ਚਲਾਉਣ ਨਾਲ਼ ਸਵੈ-ਮਾਣ ਦੀ ਭਾਵਨਾ ਜੁੜੀ ਹੋਈ ਹੈ। ''ਹਾਂ ਬਿਲਕੁਲ, ਇਹ ਆਰਥਿਕ ਮਾਮਲਾ ਨਹੀਂ ਹੈ,'' ਫ਼ਾਤਿਮਾ ਨੇ ਕਿਹਾ ਅਤੇ ਮੈਨੂੰ ਅਜਿਹੀਆਂ ਨਜ਼ਰਾਂ ਨਾਲ਼ ਦੇਖਿਆ ਜਿਵੇਂ ਮੈਂ ਬੇਵਕੂਫ਼ ਹੋਵਾਂ। ''ਦੱਸੋ, ਮੈਂ ਸਾਈਕਲ ਚਲਾ ਕੇ ਕਿਹੜਾ ਪੈਸਾ ਕਮਾ ਰਹੀ ਹਾਂ? ਸਗੋਂ ਮੈਂ ਤਾਂ ਪੈਸਾ ਬਰਬਾਦ ਹੀ ਕਰਦੀ ਹਾਂ ਕਿਉਂਕਿ ਮੈਂ ਸਾਈਕਲ ਖ਼ਰੀਦ ਨਹੀਂ ਸਕਦੀ ਅਤੇ ਹਰ ਸ਼ਾਮੀਂ ਚੰਗਾ ਮਹਿਸੂਸ ਕਰਨ ਖ਼ਾਤਰ ਸਾਈਕਲ ਕਿਰਾਏ 'ਤੇ ਲੈਂਦੀ ਹਾਂ ਅਤੇ ਇੰਝ ਮੈਨੂੰ ਅਜ਼ਾਦੀ ਮਹਿਸੂਸ ਹੁੰਦੀ ਹੈ।'' ਪੁਦੁਕੋਟਾਈ ਆਉਣ ਤੋਂ ਪਹਿਲਾਂ ਤੱਕ ਮੈਂ ਕਦੇ ਨਹੀਂ ਜਾਣਿਆ ਕਿ ਸਾਈਕਲ ਜਿਹਾ ਹਲਕਾ-ਫੁਲਕਾ ਵਾਹਨ ਵੀ ਅਜ਼ਾਦੀ ਦਾ ਇੱਕ ਭਾਰਾ ਬਿੰਬ ਘੜ੍ਹ ਸਕਦਾ ਹੈ।

''ਲੋਕਾਂ ਵਾਸਤੇ ਇਹ ਸਮਝਣਾ ਔਖ਼ਾ ਹੈ ਕਿ ਗ੍ਰਾਮੀਣ ਔਰਤਾਂ ਵਾਸਤੇ ਇਹ ਕਿੱਡੀ ਵੱਡੀ ਗੱਲ ਹੈ। ਸਾਈਕਲ ਚਲਾਉਣਾ ਉਨ੍ਹਾਂ ਵਾਸਤੇ ਹਿਮਾਲਿਆ 'ਤੇ ਚੜ੍ਹਨ ਅਤੇ ਹਵਾਈ ਜਹਾਜ਼ ਉਡਾਉਣ ਜਿਹੀ ਪ੍ਰਾਪਤੀ ਹੈ। ਲੋਕ ਸਿਰਫ਼ ਦੰਦ ਕੱਢ ਸਕਦੇ ਹਨ। ਸਿਰਫ਼ ਔਰਤਾਂ ਹੀ ਇਹਦੇ ਮਹੱਤਵ ਬਾਬਤ ਜਾਣਦੀਆਂ ਹਨ,'' ਕੰਨੰਮਲ ਨੇ ਕਿਹਾ।

ਮੈਨੂੰ ਜਾਪਦਾ ਹੈ ਕਿ ਮਿਆਰੀ ਪੱਤਰਕਾਰਤਾ ਨੇ ਮਾਪਦੰਡਾਂ ਦੇ ਮੁਤਾਬਕ ''ਸੰਤੁਲਨ'' ਬਣਾਈ ਰੱਖਣ ਲਈ ਸਾਈਕਲ ਚਲਾਓ ਅਭਿਆਨ ਦਾ ਵਿਰੋਧ ਕਰਨ ਵਾਲ਼ਿਆਂ ਦੇ ਬਿਆਨ ਪੇਸ਼ ਕਰਨੇ ਲਾਜ਼ਮੀ ਬਣਦੇ ਹਨ। ਸੱਚ ਪੁੱਛੋ ਤਾਂ ਪਰਵਾਹ ਹੀ ਕੌਣ ਕਰਦਾ ਹੈ? ਅੱਜ 100,000 ਨਵ-ਸਿੱਖਿਆ ਪ੍ਰਾਪਤ ਔਰਤਾਂ ਸਾਈਕਲ ਦੀ ਸਵਾਰੀ ਕਰਦੀਆਂ ਹਨ, ਇਹ ਮੂਲ਼ ਸਟੋਰੀ ਹੈ।

ਜੋ ਪੁਰਸ਼ ਇਹਦੇ ਖ਼ਿਲਾਫ਼ ਹਨ ਉਹ ਪੈਦਲ ਤੁਰ ਸਕਦੇ ਹਨ- ਕਿਉਂਕਿ ਜਦੋਂ ਗੱਲ ਸਾਈਕਲਿੰਗ ਦੀ ਆਵੇ ਤਾਂ ਉਹ ਔਰਤਾਂ ਦੇ ਮੁਕਾਬਲਾ ਨਹੀਂ ਕਰ ਸਕਦੇ।

ਲੇਖਕ ਦੇ ਮੂੰਹੋਂ : ਜਦੋਂ ਮੈਂ ਅਪ੍ਰੈਲ, 1995 ਵਿੱਚ ਪੁਦੁਕੋਟਾਈ ਵਾਪਸ ਗਿਆ ਤਾਂ ਇਹ ਅਜੇ ਵੀ ਬਰਕਰਾਰ ਸੀ। ਪਰ, ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਲਈ ਸਾਈਕਲ ਖਰੀਦਣ ਵੱਸੋ ਬਾਹਰੀ ਗੱਲ ਸੀ। ਇੱਕ ਸਾਈਕਲ 1400 ਰੁਪਏ ਵਿੱਚ ਆਉਂਦਾ ਸੀ। ਇੱਕ ਨਵੀਂ ਪੀੜ੍ਹੀ ਆ ਰਹੀ ਸੀ, ਜੋ ਪਹਿਲੇ ਗੇੜ੍ਹ ਦੇ ਮੇਵਿਆਂ ਦੇ ਸੁਆਦ ਨੂੰ ਮਾਣਨ ਦੇ ਲਿਹਾਜੋਂ ਬਹੁਤ ਛੋਟੀ ਸੀ। ਪਰ, ਪੁਦੁਕੋਟਾਈ ਅੱਜ ਵੀ ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਪਣੀ ਵਿਲੱਖਣ ਥਾਂ ਰੱਖਦਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਉੱਥੋਂ ਦੀਆਂ ਔਰਤਾਂ ਨੇ ਸਾਈਕਲਿੰਗ ਨੂੰ ਅਪਣਾਇਆ ਹੈ। ਬਾਕੀ ਔਰਤਾਂ ਵਿੱਚ ਵੀ ਇਸ ਹੁਨਰ ਨੂੰ ਸਿੱਖਣ ਦੀ ਚਾਹ ਬਰਕਰਾਰ ਹੈ।

ਇਹ ਸਟੋਰੀ ਸਭ ਤੋਂ ਪਹਿਲਾਂ ਸਾਈਨਾਥ ਦੀ ਸਾਲ 1996 ਵਿੱਚ ਪ੍ਰਕਾਸ਼ਤ ਹੋਈ ਕਿਤਾਬ Everybody Loves a Good Drought ਵਿੱਚ ਛਪੀ ਸੀ।

ਤਰਜਮਾ: ਕਮਲਜੀਤ ਕੌਰ

ಪಿ. ಸಾಯಿನಾಥ್ ಅವರು ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ಸ್ಥಾಪಕ ಸಂಪಾದಕರು. ದಶಕಗಳಿಂದ ಗ್ರಾಮೀಣ ವರದಿಗಾರರಾಗಿರುವ ಅವರು 'ಎವೆರಿಬಡಿ ಲವ್ಸ್ ಎ ಗುಡ್ ಡ್ರಾಟ್' ಮತ್ತು 'ದಿ ಲಾಸ್ಟ್ ಹೀರೋಸ್: ಫೂಟ್ ಸೋಲ್ಜರ್ಸ್ ಆಫ್ ಇಂಡಿಯನ್ ಫ್ರೀಡಂ' ಎನ್ನುವ ಕೃತಿಗಳನ್ನು ರಚಿಸಿದ್ದಾರೆ.

Other stories by P. Sainath
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur