ਇਸ ਕੰਮ ਵਿੱਚ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।

ਗਾਹਕ ਦੇ ਕੰਨ ਵਿਚ ਆਪਣੀ ਪਤਲੀ ਜਿਹੀ ਸੂਈ ਮਾਰਦੇ ਸਮੇਂ ਅਮਨ ਦੀਆਂ ਅੱਖਾਂ ਪੂਰੀ ਤਰ੍ਹਾਂ ਆਪਣੇ ਕੰਮ ਵੱਲ ਕੇਂਦਰਿਤ ਹਨ। ਸੂਈ ਦੇ ਸਿਰੇ ’ਤੇ ਰੂੰ ਦਾ ਇੱਕ ਫੰਬਾ ਲੱਗਿਆ ਹੋਇਆ ਹੈ ਤਾਂ ਕਿ ਇਸਦੇ ਤਿੱਖੇ ਹਿੱਸੇ ਤੋਂ ਹੋਣ ਵਾਲ਼ੇ ਨੁਕਸਾਨ ਤੋਂ ਬਚਿਆ ਜਾ ਸਕੇ। ਉਹ ਬਹੁਤ ਧਿਆਨ ਨਾਲ਼ ਕੰਮ ਕਰਦੇ ਹਨ ਤਾਂ ਕਿ ਚਮੜੀ ’ਤੇ ਕੋਈ ਝਰੀਟ ਨਾ ਲੱਗੇ ਜਾਂ ਕੰਨ ਦੇ ਪਰਦੇ ਨੂੰ ਕੋਈ ਨੁਕਸਾਨ ਨਾ ਹੋਵੇ। “ਸਿਰਫ ਕੰਨ ਦੀ ਮੈਲ ਸਾਫ਼ ਕਰਨੀ ਹੈ,” ਉਹ ਯਾਦ ਕਰਵਾਉਂਦੇ ਹਨ।

PARI ਨਾਲ਼ ਗੱਲ ਕਰਦੇ ਵੇਲ਼ੇ ਓਹ ਇੱਕ ਪਿੱਪਲ ਦੇ ਰੁੱਖ ਦੀ ਛਾਵੇਂ ਬੈਠੇ ਹਨ। ਉਹਨਾਂ ਕੋਲ਼ ਇੱਕ ਕਾਲ਼ੇ ਰੰਗ ਦਾ ਸਮਾਨ ਵਾਲ਼ਾ ਝੋਲਾ, ਇੱਕ ਸਿਲਾਈ, ਚਿਮਟੀ ਅਤੇ ਰੂੰ ਪਈ ਹੈ। ਨਾਲ਼ ਹੀ ਝੋਲ਼ੇ ਵਿੱਚ ਜੜ੍ਹੀਆਂ- ਬੂਟੀਆਂ ਤੋਂ ਬਣੇ ਹੋਏ ਤੇਲ ਦੀ ਇੱਕ ਬੋਤਲ ਵੀ ਹੈ, ਓਹਨਾਂ ਅਨੁਸਾਰ ਜੋ ਕੰਨ ਸਾਫ਼ ਕਰਨ ਦਾ  ਓਹਨਾਂ ਦੇ ਪਰਿਵਾਰ ਦਾ ਗੁਪਤ ਨੁਸਖ਼ਾ ਹੈ।

“ਸਿਲਾਈ ਸੇ ਮੈਲ ਬਾਹਰ ਨਿਕਾਲਤੇ ਹੈਂ ਔਰ ਚਿਮਟੀ ਸੇ ਖੀਂਚ ਲੇਤੇ ਹੈਂ।” ਜੜ੍ਹੀ ਬੂਟੀਆਂ ਵਾਲ਼ੇ ਤੇਲ ਨੂੰ ਸਿਰਫ਼ ਓਦੋਂ ਹੀ ਵਰਤਿਆ ਜਾਂਦਾ ਹੈਂ ਜਦੋਂ ਕਿਸੇ ਦੇ ਕੰਨ ਵਿਚ ਮੈਲ਼ ਦੀਆਂ ਗੱਠਾਂ ਬਣ ਗਈਆਂ ਹੋਣ। “ਅਸੀਂ ਕਿਸੇ ਬਿਮਾਰੀ ਦਾ ਇਲਾਜ ਨਹੀਂ ਕਰਦੇ, ਸਿਰਫ਼ ਕੰਨ ਦੀ ਮੈਲ ਸਾਫ਼ ਕਰਦੇ ਹਾਂ, ਜਾਂ ਫੇਰ ਜੇ ਕੰਨ ’ਚ ਕੋਈ ਖਾਰਿਸ਼ ਹੁੰਦੀ ਹੋਵੇ ਤਾਂ ਓਹਨੂੰ ਠੀਕ ਕਰਦੇ ਹਾਂ।” ਓਹ ਅੱਗੇ ਕਹਿੰਦੇ ਹਨ ਕਿ ਜਦੋਂ ਲੋਕ ਇਸ ਨੂੰ ਗ਼ਲਤ ਤਰੀਕੇ ਨਾਲ਼ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਖਾਰਿਸ਼ ਕਿਸੇ ਬਿਮਾਰੀ ਵਿਚ ਤਬਦੀਲ ਵੀ ਹੋ ਸਕਦੀ ਹੁੰਦੀ ਹੈ ਅਤੇ ਇਸ ਤਰ੍ਹਾਂ ਕੰਨ ਵੀ ਖ਼ਰਾਬ ਹੋ ਸਕਦਾ ਹੈ।

PHOTO • Sanskriti Talwar
PHOTO • Sanskriti Talwar

ਖੱਬੇ : ਅਮਨ ਸਿੰਘ ਦਾ ਸਮਾਨ , ਸਿਲਾਈ , ਚਿਮਟੀ , ਰੂੰ ਅਤੇ ਜੜ੍ਹੀ - ਬੂਟੀਆਂ ਤੋਂ ਬਣਿਆ ਹੋਇਆ ਤੇਲ , ਅਤੇ ਇਹ ਸਮਾਨ ਓਹ ਇੱਕ ਕਾਲ਼ੇ ਝੋਲ਼ੇ ਵਿਚ ਰੱਖਦੇ ਹਨ। ਸੱਜੇ : ਜੜ੍ਹੀ - ਬੂਟੀਆਂ ਤੋਂ ਬਣਿਆ ਹੋਇਆ ਤੇਲ ਅਤੇ ਇਹ ਓਹਨਾਂ ਦੇ ਪਰਿਵਾਰ ਦਾ ਗੁਪਤ ਨੁਸਖ਼ਾ ਹੈ

PHOTO • Sanskriti Talwar
PHOTO • Sanskriti Talwar

ਖੱਬੇ: ਅਮਨ ਸਿੰਘ ਕਹਿੰਦੇ ਹਨ ਕਿ ਓਹਨਾਂ ਦੀ ਲਾਲ ਰੰਗ ਦੀ ਟੋਪੀ ਓਹਨਾਂ ਦੀ ਪਛਾਣ ਹੈ। “ਜੇਕਰ ਅਸੀਂ ਇਹ ਨਹੀਂ ਪਹਿਨਦੇ ਤਾਂ ਕਿਸੇ ਨੂੰ ਕਿਵੇਂ ਪਤਾ ਲਗੇਗਾ ਕਿ ਕੋਈ ਕੰਨ–ਮੈਲ਼ੀਆ ਲੰਘ ਰਿਹਾ ਹੈ?”    ਸੱਜੇ: ਆਖ਼ਰ ਅਮਨ ਨੂੰ ਇੱਕ ਗਾਹਕ ਮਿਲ ਹੀ ਗਿਆ ਜੋ ਅੰਬਾ ਸਿਨੇਮਾ ਵਿਚ ਦੁਪਹਿਰ ਦਾ ਸ਼ੋਅ ਵੇਖਣ ਆਇਆ ਸੀ

ਅਮਨ ਨੇ 16 ਸਾਲ ਦੀ ਉਮਰ ਵਿੱਚ ਆਪਣੇ ਪਿਤਾ, ਵਿਜੈ ਸਿੰਘ ਤੋਂ ਕੰਨ ਸਾਫ਼ ਕਰਨਾ ਸਿੱਖਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹ ਹਰਿਆਣਾ ਵਿੱਚ ਰਾਮਪੁਰਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਰਹਿੰਦੇ ਉਹਨਾਂ ਦੇ ਪਰਿਵਾਰ ਦਾ ਖ਼ਾਨਦਾਨੀ ਕਿੱਤਾ ਹੈ। ਅਮਨ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ’ਤੇ ਹੀ ਅਭਿਆਸ ਸ਼ੁਰੂ ਕੀਤਾ। “ਪਹਿਲੇ ਛੇ ਮਹੀਨੇ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੀ ਕੰਨ ਸਾਫ਼ ਕਰਦੇ ਰਹੇ। ਜਦੋਂ ਅਸੀਂ ਬਗ਼ੈਰ ਕਿਸੇ ਜ਼ਖ਼ਮ ਜਾਂ ਤਕਲੀਫ਼ ਦਿੱਤੇ ਇਹ ਕੰਮ ਕਰਨਾ ਚੰਗੀ ਤਰ੍ਹਾਂ ਸਿੱਖ ਗਏ, ਅਸੀਂ ਘਰ ਤੋਂ ਬਾਹਰ ਕੰਮ ਕਰਨ ਲਈ ਨਿਕਲੇ,” ਉਹ ਕਹਿੰਦੇ ਹਨ।

ਅਮਨ ਆਪਣੇ ਪਰਿਵਾਰ ਦੇ ਤੀਜੀ ਪੀੜ੍ਹੀ ਦੇ ਕੰਨ-ਮੈਲ਼ੀਏ ਹਨ। ਸਕੂਲ ਬਾਰੇ ਉਹਨਾਂ ਤੋਂ ਪੁੱਛਣ ’ਤੇ ਜਵਾਬ ਮਿਲ਼ਿਆ ਕਿ ਉਹਨਾਂ ਨੇ ਕਦੇ ਸਕੂਲ ਦਾ ਮੂੰਹ ਤੱਕ ਨਹੀਂ ਦੇਖਿਆ ਅਤੇ ਆਪਣੇ ਆਪ ਨੂੰ ਅੰਗੂਠਾ ਛਾਪ ਕਹਿੰਦੇ ਹਨ। “ਪੈਸਾ ਕੋਈ ਵੱਡੀ ਚੀਜ਼ ਨਹੀਂ ਹੈ, ਬਸ ਸਾਫ਼ ਕਰਦੇ ਸਮੇਂ ਕਿਸੇ ਦਾ ਕੰਨ ਨਹੀਂ ਖ਼ਰਾਬ ਹੋਣਾ ਚਾਹੀਦਾ,” ਉਹ ਅੱਗੇ ਕਹਿੰਦੇ ਹਨ।

ਦਿੱਲੀ ਰਹਿਣ ਆਉਣ ਤੋਂ ਪਹਿਲਾਂ ਆਪਣੇ ਪਰਿਵਾਰ ਤੋਂ ਛੁੱਟ ਉਹਨਾਂ ਦੇ ਪਹਿਲੇ ਗਾਹਕ ਗੁੜਗਾਓਂ, ਹਰਿਆਣਾ ਦੇ ਸਨ। ਅਮਨ ਦਾ ਕਹਿਣਾ ਹੈ ਕਿ ਕਿਸੇ ਸਮੇਂ ਉਹ ਇੱਕੋ ਵੇਲ਼ੇ (ਇੱਕ ਕੰਨ ਸਾਫ਼ ਕਰਨ ਦੇ) ਸਫ਼ਾਈ ਕਰਨ ਦੇ 50 ਰੁਪਏ ਲੈਂਦੇ ਤੇ ਉਸ ਹਿਸਾਬ ਨਾਲ਼ ਦਿਹਾੜੀ ਦੇ 500 – 700 ਰੁਪਏ ਕਮਾ ਲੈਂਦੇ ਸਨ, “ਹੁਣ ਮੈਂ ਮੁਸ਼ਕਿਲ ਨਾਲ਼ ਦਿਹਾੜੀ ਦੇ 200 ਰੁਪਏ ਹੀ ਕਮਾ ਪਾਉਂਦਾ ਹਾਂ।”

ਅਮਨ, ਦਿੱਲੀ ਦੇ ਡਾ. ਮੁਖ਼ਰਜੀ ਨਗਰ ਵਿਖੇ ਪੈਂਦੇ ਆਪਣੇ ਘਰ ਤੋਂ ਨਿਕਲਦੇ ਹਨ ਅਤੇ ਸੰਘਣੀ ਟ੍ਰੈਫਿਕ ਤੋਂ ਹੁੰਦੇ ਹੋਏ 4 ਕਿਲੋਮੀਟਰ ਦੂਰੀ ਤੈਅ ਕਰਕੇ ਗ੍ਰੈਂਡ ਟਰੰਕ ਮਾਰਗ ’ਤੇ ਸਥਿਤ ਅੰਬਾ ਸਿਨੇਮਾ ਤੱਕ ਪਹੁੰਚਦੇ ਹਨ। ਇੱਥੇ ਪਹੁੰਚਣ ਤੋਂ ਬਾਅਦ ਉਹ ਭੀੜ, ਖ਼ਾਸਕਰ ਉਹ ਲੋਕ ਜੋ ਸਵੇਰ ਦਾ ਸ਼ੋਅ ਵੇਖਣ ਆਉਂਦੇ ਹਨ, ਵਿੱਚੋਂ ਸੰਭਾਵਿਤ ਗਾਹਕ ਲੱਭਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲਾਲ ਪੱਗ ਉਹਨਾਂ ਦੇ ਕੰਨ-ਮੈਲ਼ੀਏ ਹੋਣ ਦਾ ਚਿੰਨ੍ਹ ਹੈ: “ਜੇਕਰ ਅਸੀਂ ਇਹ ਨਾ ਪਾਈਏ ਤਾਂ ਲੋਕਾਂ ਨੂੰ ਕਿੰਝ ਪਤਾ ਲੱਗੇਗਾ ਕਿ ਕੋਈ ਕੰਨ-ਮੈਲ਼ੀਆ ਲੰਘ ਰਿਹਾ ਹੈ? ”

PHOTO • Sanskriti Talwar
PHOTO • Sanskriti Talwar

ਖੱਬੇ: ਹਰ ਰੋਜ਼ ਅਮਨ ਸਿੰਘ ਡਾ. ਮੁਖ਼ਰਜੀ ਨਗਰ ਵਿਖੇ ਪੈਂਦੇ ਬੰਦਾ ਬਹਾਦਰ ਡਿਪੂ ਨੇੜੇ ਆਪਣੇ ਘਰ ਤੋਂ ਨਿਕਲ ਕੇ ਇੱਕ ਘੰਟੇ ਦੀ ਦੂਰੀ ਤੈਅ ਕਰਕੇ ਦਿੱਲੀ ਦੇ ਗਰੈਂਡ ਟਰੰਕ ਮਾਰਗ ’ਤੇ ਸਥਿਤ ਅੰਬਾ ਸਿਨੇਮਾ ਤੱਕ ਪਹੁੰਚਦੇ ਹਨ। ਸੱਜੇ: ਅਮਨ, ਕਮਲਾ ਨਗਰ ਮਾਰਕਿਟ ਦੇ ਮਾਰਗ ’ਤੇ, ਜੋ ਕਿ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਤੋਂ ਅੱਗੇ ਪੈਂਦਾ ਹੈ

ਅੰਬਾ ਸਿਨੇਮਾ ਵਿਖੇ ਲਗਭਗ ਇੱਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਅਮਨ ਕਮਲਾ ਨਗਰ ਦੇ ਮਾਰਗ ਵੱਲ ਵੱਧਦੇ ਹਨ ਜੋ ਕਿ 10 ਮਿੰਟ ਦੀ ਦੂਰੀ ’ਤੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ ਨੇੜੇ ਸਥਿਤ ਹੈ। ਇਹ ਬਜ਼ਾਰ ਵਿਦਿਆਰਥੀਆਂ, ਰੇੜੀ ਵਾਲਿਆਂ ਅਤੇ ਦਿਹਾੜੀਦਾਰ ਮਜ਼ਦੂਰਾਂ, ਜੋ ਕੋਈ ਵੀ ਕੰਮ ਮਿਲਣ ਦੇ ਇੰਤਜ਼ਾਰ ਵਿੱਚ ਹੁੰਦੇ ਹਨ, ਨਾਲ਼ ਖ਼ਚਾ-ਖ਼ਚ ਭਰਿਆ ਹੁੰਦਾ ਹੈ। ਅਮਨ ਲਈ ਹਰ ਵਿਅਕਤੀ ਇੱਕ ਸੰਭਾਵਿਤ ਗਾਹਕ ਹੁੰਦਾ ਹੈ, ਇਸ ਲਈ ਉਹ ਹਰ ਪਾਸੇ ਪੁੱਛਦੇ ਰਹਿੰਦੇ ਹਨ,“ ਭਾਈ, ਕੰਨ ਸਾਫ਼ ਕਰਾਏਂਗੇਂ? ਬਸ ਦੇਖ ਲੇਨੇ ਦੀਜੀਏ।”

ਉਹ ਸਾਰੇ ਉਹਨਾਂ ਨੂੰ ਜਵਾਬ ਦੇ ਜਾਂਦੇ ਹਨ।

12:45 ਦੇ ਲਗਭਗ ਉਹ ਵਾਪਿਸ ਅੰਬਾ ਸਿਨੇਮਾ ਜਾਣ ਦਾ ਫ਼ੈਸਲਾ ਕਰਦੇ ਹਨ ਕਿਉਂਕਿ ਇਸ ਸਮੇਂ ਦੂਜਾ ਸ਼ੋਅ ਸ਼ੁਰੂ ਹੋਣ ਵਾਲ਼ਾ ਹੁੰਦਾ ਹੈ। ਆਖ਼ਰ ਉਹਨਾਂ ਨੂੰ ਉਹਨਾਂ ਦਾ ਗਾਹਕ ਮਿਲਦਾ ਹੈ।

*****

ਮਹਾਂਮਾਰੀ ਦੌਰਾਨ ਰੁਜ਼ਗਾਰ ਦੇ ਮੌਕੇ ਸੀਮਿਤ ਹੋਣ ਕਾਰਨ ਅਮਨ ਨੇ ਲਸਣ ਵੇਚਣਾ ਸ਼ੁਰੂ ਕਰ ਦਿੱਤਾ ਸੀ। “ਮੈਂ 7:00 ਵਜੇ ਨੇੜੇ ਦੀ ਵੱਡੀ ਮੰਡੀ ਜਾਇਆ ਕਰਦਾ ਅਤੇ 1000 ਰੁਪਏ ਦਾ, ਜਾਂ ਕਹਿ ਲਵੋ 35-40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਲਸਣ ਖ਼ਰੀਦਦਾ, ਜਿਸਨੂੰ ਮੈਂ 50 ਰੁਪਏ ਪ੍ਰਤੀ ਕਿਲੋ ਦੇ ਭਾਅ ਵੇਚ ਦਿੰਦਾ। ਮੈਂ ਦਿਹਾੜੀ ਦੇ 250 ਤੋਂ 300 ਰੁਪਏ ਕਮਾ ਲੈਂਦਾ,” ਉਹ ਦੱਸਦੇ ਹਨ।

ਪਰ ਹੁਣ ਅਮਨ ਦਾ ਵਾਪਸ ਲਸਣ ਵੇਚਣ ਦਾ ਕੋਈ ਇਰਾਦਾ ਨਹੀਂ ਹੈ। ਇਹ ਬਹੁਤ ਔਖ਼ਾ ਕੰਮ ਹੈ,“ਮੈਂ ਰੋਜ਼ ਸਵੇਰੇ ਮੰਡੀ ਜਾਂਦਾ, ਲਸਣ ਖ਼ਰੀਦਦਾ, ਘਰ ਲਿਆ ਕੇ ਧੋਂਦਾ। ਰਾਤ ਨੂੰ ਮੈਂ 8:00 ਵਜੇ ਆ ਕੇ ਘਰ ਵੜ੍ਹਦਾ ਸਾਂ।” ਪਰ ਇੱਕ ਕੰਨ-ਮੈਲ਼ੀਏ ਵਜੋਂ ਕੰਮ ਕਰਦਿਆਂ ਉਹ 6 ਵਜੇ ਘਰ ਵਾਪਸ ਆ ਪਰਤਦੇ ਹਨ।

PHOTO • Sanskriti Talwar
PHOTO • Sanskriti Talwar

ਅਮਨ ਆਪਣੇ ਸੰਦ ਨਾਲ਼ ਇੱਕ ਗਾਹਕ ਦਾ ਕੰਨ ਸਾਫ਼ ਕਰਦੇ ਹੋਏ

ਪੰਜ ਸਾਲ ਪਹਿਲਾਂ ਜਦੋਂ ਅਮਨ ਨੇ ਦਿੱਲੀ ਰਿਹਾਇਸ਼ ਕੀਤੀ, ਉਹਨਾਂ ਨੇ ਡਾ. ਮੁਖ਼ਰਜੀ ਨਗਰ ਵਿੱਚ ਬੰਦਾ ਬਹਾਦੁਰ ਡਿੱਪੂ ਕੋਲ਼ 3,500 ਰੁਪਏ ’ਤੇ ਇੱਕ ਘਰ ਕਿਰਾਏ ’ਤੇ ਲਿਆ। ਉਹ ਅਜੇ ਵੀ ਆਪਣੀ ਪਤਨੀ, 31 ਸਾਲਾ ਹੀਨਾ ਸਿੰਘ ਅਤੇ ਤਿੰਨ ਬੱਚਿਆਂ, ਨਗ਼ੀ, ਦਕਸ਼ ਅਤੇ ਸੁਹਾਨ ਨਾਲ਼ ਇੱਥੇ ਹੀ ਰਹਿੰਦੇ ਹਨ ਅਤੇ ਇਹਨਾਂ ਤਿੰਨਾਂ ਬੱਚਿਆਂ ਦੀ ਉਮਰ 10 ਵਰ੍ਹਿਆਂ ਤੋਂ ਹੇਠਾਂ ਹੈ। ਉਹਨਾਂ ਦੇ ਵੱਡੇ ਲੜਕੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਉਹਨਾਂ ਦੇ ਪਿਤਾ ਨੂੰ ਉਮੀਦ ਹੈ ਕਿ ਗ੍ਰੈਜੁਏਟ ਹੋਣ ਤੋਂ ਬਾਅਦ ਉਹ ਕੰਨ-ਮੈਲ਼ੀਏ ਦੇ ਕਿੱਤੇ ਨੂੰ ਛੱਡ ਕੇ ਕੋਈ ਸੇਲਜ਼ਮੈਨ ਦੀ ਨੌਕਰੀ ਕਰ ਲੈਣਗੇ ਕਿਉਂਕਿ, “ਇਸ ਕੰਮ ਵਿੱਚ ਕੋਈ ਇੱਜ਼ਤ ਨਹੀਂ ਹੈ, ਨਾ ਕੰਮ ਹੈ ਅਤੇ ਨਾ ਹੀ ਕੋਈ ਕਮਾਈ ਰਹੀ ਹੈ।”

“ਕਮਲਾ ਨਗਰ ਮਾਰਕਿਟ (ਦਿੱਲੀ) ਦੇ ਮਾਰਗ ’ਤੇ ਸਾਰੀਆਂ ਜਮਾਤਾਂ ਦੇ ਲੋਕ ਮਿਲਦੇ ਹਨ। ਜਦੋਂ ਮੈਂ ਉਹਨਾਂ ਨੂੰ ਪੁੱਛਦਾ ਹਾਂ [ ਕੀ ਉਹਨਾਂ ਕੰਨ ਸਾਫ਼ ਕਰਵਾਉਣੇ ਹਨ ], ਉਹ ਇੰਨਾ ਕਹਿ ਜਵਾਬ ਦੇ ਜਾਂਦੇ ਹਨ ਕਿ ਉਹਨਾਂ ਨੂੰ ਕੋਵਿਡ ਹੋ ਜਾਵੇਗਾ। ਫਿਰ ਉਹ ਇਹ ਵੀ ਕਹਿੰਦੇ ਹਨ ਕਿ ਜੇ ਉਹਨਾਂ ਨੇ ਸਾਫ਼ ਕਰਵਾਉਣੇ ਹੋਏ ਤਾਂ ਉਹ ਡਾਕਟਰ ਕੋਲ ਜਾਣਗੇ,” ਅਮਨ ਦੱਸਦੇ ਹਨ।

“ਦੱਸੋ, ਫਿਰ ਮੈਂ ਉਹਨਾਂ ਨੂੰ ਕਹਿ ਵੀ ਕੀ ਸਕਦਾ ਹਾਂ? ਮੈਂ ਕਹਿ ਦਿੰਦਾ ਹਾਂ, 'ਚਲੋ ਨਾ ਕਰਾਓ ਆਪਣੇ ਕੰਨ ਸਾਫ਼’।”

*****

ਦਸੰਬਰ 2022 ਵਿੱਚ ਅਮਨ ਨਾਲ਼ ਇੱਕ ਹਾਦਸਾ ਵਾਪਰਿਆ, ਉਹਨਾਂ ਨੂੰ ਦਿੱਲੀ ਦੇ ਅਜ਼ਾਦਪੁਰ ਵਿੱਚ ਇੱਕ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਇਸ ਨਾਲ਼ ਉਹਨਾਂ ਦੇ ਚਿਹਰੇ ਅਤੇ ਹੱਥਾਂ ’ਤੇ ਸੱਟਾਂ ਲੱਗ ਗਈਆਂ। ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ’ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਹਨਾਂ ਲਈ ਕੰਨ ਸਾਫ਼ ਕਰਨਾ ਬਹੁਤ ਔਖ਼ਾ ਹੋ ਗਿਆ ਸੀ।

ਖੁਸ਼ਕਿਸਮਤੀ ਨਾਲ਼ ਦਵਾਈਆਂ ਨਾਲ਼ ਜ਼ਖ਼ਮ ਜਲਦੀ ਭਰ ਗਏ। ਹੁਣ ਉਹ ਕੰਨ ਤਾਂ ਸਾਫ਼ ਕਰਦੇ ਹੀ ਹਨ ਪਰ ਨਾਲ਼ ਹੀ  ਉਹਨਾਂ ਨੇ ਟਿਕਾਊ ਆਮਦਨੀ ਵਾਸਤੇ ਦਿੱਲੀ ਦੇ ਸਮਾਗਮਾਂ ’ਤੇ ਢੋਲ ਵਜਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਪ੍ਰਤੀ ਪ੍ਰੋਗਰਾਮ 500 ਰੁਪਏ ਲੈਂਦੇ ਹਨ। ਕੁਝ ਮਹੀਨੇ ਪਹਿਲਾਂ ਅਮਨ ਅਤੇ ਹੀਨਾ ਦੇ ਘਰ ਇੱਕ ਧੀ ਵੀ ਹੋਈ ਹੈ ਅਤੇ ਉਹ ਕਹਿੰਦੇ ਹਨ ਕਿ ਪਰਿਵਾਰ ਦੇ ਪਾਲਣ-ਪੋਸ਼ਣ ਲਈ ਉਹਨਾਂ ਨੂੰ ਹੋਰ ਕੰਮ ਲੱਭਣਾ ਪਏਗਾ।

ਤਰਜਮਾ: ਇੰਦਰਜੀਤ ਸਿੰਘ

Sanskriti Talwar

ಸಂಸ್ಕೃತಿ ತಲ್ವಾರ್ ನವದೆಹಲಿ ಮೂಲದ ಸ್ವತಂತ್ರ ಪತ್ರಕರ್ತರು ಮತ್ತು 2023ರ ಪರಿ ಎಂಎಂಎಫ್ ಫೆಲೋ.

Other stories by Sanskriti Talwar
Editor : Vishaka George

ವಿಶಾಖಾ ಜಾರ್ಜ್ ಪರಿಯಲ್ಲಿ ಹಿರಿಯ ಸಂಪಾದಕರಾಗಿದ್ದಾರೆ. ಅವರು ಜೀವನೋಪಾಯ ಮತ್ತು ಪರಿಸರ ಸಮಸ್ಯೆಗಳ ಬಗ್ಗೆ ವರದಿ ಮಾಡುತ್ತಾರೆ. ವಿಶಾಖಾ ಪರಿಯ ಸಾಮಾಜಿಕ ಮಾಧ್ಯಮ ಕಾರ್ಯಗಳ ಮುಖ್ಯಸ್ಥರಾಗಿದ್ದಾರೆ ಮತ್ತು ಪರಿಯ ಕಥೆಗಳನ್ನು ತರಗತಿಗೆ ತೆಗೆದುಕೊಂಡು ಹೋಗಲು ಮತ್ತು ವಿದ್ಯಾರ್ಥಿಗಳು ತಮ್ಮ ಸುತ್ತಲಿನ ಸಮಸ್ಯೆಗಳನ್ನು ದಾಖಲಿಸಲು ಸಹಾಯ ಮಾಡಲು ಎಜುಕೇಷನ್ ತಂಡದಲ್ಲಿ ಕೆಲಸ ಮಾಡುತ್ತಾರೆ.

Other stories by Vishaka George
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

Other stories by Inderjeet Singh