''ਲੋਕੀਂ ਮੇਰੇ ਸਹੁਰਾ-ਸਾਹਬ ਨੂੰ ਪੁੱਛਦੇ,'ਤੇਰੇ ਘਰ ਦੀ ਇੱਕ ਔਰਤ ਬਾਹਰ ਜਾਵੇ ਅਤੇ ਪੈਸੇ ਕਮਾਵੇ?' ਮੈਂ ਇਸ ਕਸਬੇ ਦੀ ਧੀ ਨਹੀਂ ਹਾਂ ਨਾ ਇਸ ਕਰਕੇ ਮੇਰੇ ਲਈ ਨਿਯਮ ਬਹੁਤੇ ਸਖ਼ਤ ਨੇ,'' ਫ਼ਾਤਿਮਾ ਬਾਬੀ ਕਹਿੰਦੀ ਹਨ।
ਫ਼ਾਤਿਮਾ, ਫ਼ੁਰਤੀ ਨਾਲ਼ ਆਪਣੇ ਕਾਲ਼ੇ ਨਿਕਾਬ ਨੂੰ ਲਾਹ ਕੇ ਮੂਹਰਲੇ ਦਰਵਾਜ਼ੇ ਦੇ ਨੇੜੇ ਲੱਗੀ ਕਿੱਲੀ ਨਾਲ਼ ਟੰਗ ਦਿੰਦੀ ਹੈ ਅਤੇ ਗੱਲਾਂ ਕਰਦੀ ਕਰਦੀ ਘਰ ਅੰਦਰ ਦਾਖ਼ਲ ਹੁੰਦੀ ਹੈ। ''ਜਦੋਂ ਮੈਂ ਜੁਆਨ ਕੁੜੀ ਸਾਂ, ਮੈਂ ਸੋਚਿਆ ਮੇਰੀ ਪਹੁੰਚ ਸਿਰਫ਼ ਰਸੋਈ ਅਤੇ ਘਰ ਦੇ ਕੰਮ ਨਬੜੇਨ ਤੱਕ ਹੀ ਹੋਣੀ ਹੈ,'' ਪੁਰਾਣੀ ਯਾਦ 'ਤੇ ਹੱਸਦਿਆਂ ਉਹ ਕਹਿੰਦੀ ਹਨ। ''ਜਦੋਂ ਮੈਂ ਕੁਝ ਕਰਨ ਦਾ ਫ਼ੈਸਲਾ ਕੀਤਾ ਤਾਂ ਮੇਰੇ ਪਰਿਵਾਰ ਨੇ ਮੈਨੂੰ ਘਰੋਂ ਬਾਹਰ ਜਾਣ ਦੀ ਅਤੇ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦੀ ਹਰੇਕ ਖੁੱਲ੍ਹ ਦਿੱਤੀ। ਮੈਂ ਇੱਕ ਸਧਾਰਣ ਮੁਸਲਿਮ ਔਰਤ ਬਣ ਕੇ ਵੀ ਰਹਿ ਸਕਦੀ ਸਾਂ ਪਰ ਹੁਣ ਮੈਨੂੰ ਜਾਪਦਾ ਹੈ ਕਿ ਕੋਈ ਕੰਮ ਅਜਿਹਾ ਨਹੀਂ ਜੋ ਮੈਂ ਕਰ ਨਹੀਂ ਸਕਦੀ,'' 28 ਸਾਲਾ ਮੁਟਿਆਰ ਬੜੀ ਦ੍ਰਿੜਤਾ ਨਾਲ਼ ਗੱਲ ਪੂਰੀ ਕਰਦੀ ਹਨ, ਸਿਖ਼ਰ ਦੁਪਹਿਰੇ ਉਹਦੇ (ਉਨ੍ਹਾਂ ਦੇ) ਚਿੱਟੇ ਦੁਪੱਟੇ 'ਤੇ ਲੱਗੇ ਟਿਮਕਣੇ ਉਹਦੇ ਚਿਹਰੇ ਵਾਂਗ ਜਗਮਗ ਕਰ ਉੱਠਦੇ ਹਨ।
ਫ਼ਾਤਿਮਾ, ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (ਪੁਰਾਣਾ ਨਾਮ ਇਲਾਹਾਬਾਦ) ਜ਼ਿਲ੍ਹੇ ਦੇ ਮਹੇਵਾ ਕਸਬੇ ਵਿਖੇ ਰਹਿੰਦੀ ਹਨ, ਜਿੱਥੋਂ ਦੀ ਜੀਵਨ-ਜਾਂਚ ਨੇੜੇ ਵਹਿੰਦੀ ਯਮੁਨਾ ਦੇ ਮੱਠੇ-ਮੱਠੇ ਵਹਿਣ ਦਾ ਝਲਕਾਰਾ ਮਾਤਰ ਹੈ। ਇੱਕ ਪਾਸੇ ਜਿੱਥੇ ਸਮਾਜ ਇੱਕ ਔਰਤ ਨੂੰ ਘਰ ਦੀ ਚਾਰ-ਦਵਾਰੀ ਅੰਦਰ ਡੱਕੀ ਰੱਖਣਾ ਲੋਚਦਾ ਹੈ ਉੱਥੇ ਹੀ ਅੱਜ ਉਹ ਨਾ ਸਿਰਫ਼ ਬਿਹਤਰੀਨ ਫ਼ਨਕਾਰ ਅਤੇ ਸ਼ਿਲਪ ਉੱਦਮੀ ਹਨ, ਸਗੋਂ ਮੂੰਜ ਤੋਂ ਕਈ ਤਰ੍ਹਾਂ ਦੇ ਸਜਾਵਟੀ ਘਰੇਲੂ ਉਤਪਾਦ ਤਿਆਰ ਕਰਕੇ ਵੇਚਦੀ ਵੀ ਹਨ। ਮੂੰਜ ਇੱਕ ਤਰ੍ਹਾਂ ਦੇ ਲੰਬੇ ਅਤੇ ਪਤਲੇ ਸਰਕੰਡੇ ਹੁੰਦੇ ਹਨ ਜਿਨ੍ਹਾਂ ਨੂੰ ਸਰਪਟ ਕਿਹਾ ਜਾਂਦਾ ਹੈ ਜਿਹਦੇ ਬਾਹਰੀ ਤਿੱਖੇ ਛਿਲ਼ਕਿਆਂ ਨੂੰ ਤਿੜਾ ਕਿਹਾ ਜਾਂਦਾ ਹੈ ਅਤੇ ਇਸ ਤੋਂ ਬਣੀਆਂ ਚੀਜ਼ਾਂ ਵਾਣ ਤੋਂ ਬਣੇ ਉਤਪਾਦ ਕਹਾਉਂਦੇ ਹਨ।
ਆਪਣੇ ਜੁਆਨੀ ਦੇ ਦਿਨਾਂ ਵਿੱਚ ਫ਼ਾਤਿਮਾ ਆਪਣੇ ਜੀਵਨ ਦੇ ਮਕਸਦ ਬਾਰੇ ਨਹੀਂ ਜਾਣਦੀ ਸੀ, ਪਰ ਮੁਹੰਮਦ ਸ਼ਕੀਲ ਨਾਲ਼ ਵਿਆਹ ਕਰਾ ਕੇ ਉਹ ਮਹੇਵਾ ਰਹਿਣ ਆਈ, ਇੱਕ ਅਜਿਹੇ ਘਰ ਵਿੱਚ ਉਨ੍ਹਾਂ ਨੇ ਆਪਣਾ ਪੈਰ ਪਾਇਆ ਜਿੱਥੇ ਫ਼ਾਤਿਮਾ ਦਾ ਆਪਣੀ ਦੀ ਸੱਸ, ਆਇਸ਼ਾ ਬੇਗਮ ਮੂੰਜ ਦੀ ਇੱਕ ਬਿਹਤਰੀਨ ਕਲਾਕਾਰ ਨਾਲ਼ ਮਿਲਾਪ ਹੋਇਆ।














