16 ਜੂਨ, 2022 ਨੂੰ ਰਾਤੀਂ, ਅਸਾਮ ਦੇ ਨਗਾਓਂ ਪਿੰਡ ਦੀ ਨਨੋਈ ਨਦੀ ਕੰਢੇ ਹੋਰਨਾਂ ਪਿੰਡ ਵਾਸੀਆਂ ਵਾਂਗਰ ਲਾਬਾ ਦਾਸ ਵੀ ਰੇਤ ਦੀਆਂ ਭਰੀਆਂ ਬੋਰੀਆਂ ਜਮ੍ਹਾ ਕਰ ਰਹੇ ਸਨ। ਕਰੀਬ 48 ਘੰਟੇ ਪਹਿਲਾਂ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਪਾਣੀ ਦੇ ਵੱਧਦੇ ਪੱਧਰ ਕਾਰਨ ਬ੍ਰਹਮਪੁਤਰਾ ਦੀ ਇਸ ਸਹਾਇਕ ਨਦੀ ਵਿੱਚ ਪਾੜ ਪੈਣ ਜਾ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦਰੰਗ ਜ਼ਿਲ੍ਹੇ ਦੇ ਇਨ੍ਹਾਂ ਪਿੰਡ ਵਾਸੀਆਂ ਨੂੰ ਰੇਤ ਦੀਆਂ ਭਰੀਆਂ ਇਹ ਬੋਰੀਆਂ ਮੁਹੱਈਆਂ ਕਰਵਾਈਆਂ ਜਿਨ੍ਹਾਂ ਨੂੰ ਨਦੀ ਦੇ ਕੰਢੇ ਦੇ ਨਾਲ਼-ਨਾਲ਼ ਰੱਖਿਆ ਜਾਣਾ ਸੀ। ।

“ਉਹੀ ਹੋਇਆ ਜਿਹਦਾ ਡਰ ਸੀ, ਨਦੀ ਦਾ ਕੰਢਾ ਰਾਤੀਂ (ਜੂਨ 17) 1 ਵਜੇ ਟੁੱਟ ਗਿਆ,” ਲਾਬਾ ਕਹਿੰਦੇ ਹਨ, ਸਿਪਾਝਾਰ ਬਲਾਕ ਦੇ ਨਗਾਓਂ ਪਿੰਡ ਦੀ ਹੀਰਾ ਸੁਬੁਰੀ ਬਸਤੀ ਦਾ ਇਹ ਵਾਸੀ ਪਾੜੇ ਦੀ ਗੱਲ ਕਰ ਰਿਹਾ ਹੈ। “ਇਹ ਪਾੜ ਕਈ ਥਾਵਾਂ ਤੋਂ ਪੈ ਗਿਆ ਅਤੇ ਅਸੀਂ ਲਾਚਾਰ ਖੜ੍ਹੇ ਰਹੇ।” ਪਿਛਲੇ ਪੰਜ ਦਿਨਾਂ ਤੋਂ ਮੀਂਹ ਵੀ ਬੇਰੋਕ ਵਰ੍ਹੀ ਜਾਂਦਾ ਸੀ, ਪਰ ਸੂਬਾ ਤਾਂ ਮਹੀਨੇ ਦੀ ਸ਼ੁਰੂਆਤ ਤੋਂ ਹੀ ਦੱਖਣੀ-ਪੱਛਮੀ ਮਾਨਸੂਨ ਦੀ ਮਾਰ ਝੱਲ ਰਿਹਾ ਸੀ। ਭਾਰਤੀ ਮੌਸਮ ਵਿਭਾਗ ਨੇ 16-18 ਜੂਨ ਦੌਰਾਨ ਅਸਾਮ ਅਤੇ ਮੇਘਾਲਿਆ ਵਿੱਚ ‘ਹੱਦੋਂ ਵੱਧ’ ਮੀਂਹ ਪੈਣ ਦੀ ਭਵਿੱਖਬਾਣੀ ਕਰਦਿਆਂ ਰੈੱਡ ਐਲਰਟ ਜਾਰੀ ਕੀਤਾ ਸੀ।

16 ਜੂਨ ਦੀ ਰਾਤ ਨੂੰ ਕਰੀਬ 10:30 ਵਜੇ ਨਨੋਈ (ਨਦੀ), ਨਗਾਓਂ ਤੋਂ ਇੱਕ ਕਿਲੋਮੀਟਰ ਦੱਖਣ ਵਿੱਚ ਪੈਂਦੇ ਖਸਦੀਪਿਲਾ  ਪਿੰਡ ਦੀ ਕਲਿਤਪਾੜਾ ਬਸਤੀ ਨੂੰ ਰੋੜ੍ਹ ਕੇ ਲੈ ਗਈ। ਜਯਮਤੀ ਕਲਿਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਾਰਾ ਕੁਝ ਹੜ੍ਹ ਵਿੱਚ ਰੁੜ੍ਹ ਗਿਆ। “ਇੱਕ ਚਮਚਾ ਤੱਕ ਨਹੀਂ ਬਚਿਆ,” ਤਿਰਪਾਲ ਅਤੇ ਟੀਨ ਦੀ ਛੱਤ ਨਾਲ਼ ਖੜ੍ਹੇ ਕੀਤੇ ਆਰਜੀ ਜਿਹੇ ਤੰਬੂ ਵਿੱਚ ਬੈਠਿਆਂ ਹੋਇਆਂ ਉਹ ਬੜੇ ਦੁਖੀ ਮਨ ਨਾਲ਼ ਕਹਿੰਦੀ ਹਨ। “ਵਹਾਅ ਇੰਨਾ ਤੀਬਰ ਸੀ ਕਿ ਸਾਡਾ ਘਰ, ਸਾਡਾ ਅਨਾਜ ਅਤੇ ਗਾਵਾਂ ਦੇ ਵਾੜੇ ਤੱਕ ਰੁੜ੍ਹ ਗਏ,” ਗੱਲ ਪੂਰੀ ਕਰਦਿਆਂ ਉਹ ਕਹਿੰਦੀ ਹਨ।

ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰੋਜ਼ਾਨਾ ਹੜ੍ਹ ਰਿਪੋਰਟ ਮੁਤਾਬਕ, 16 ਜੂਨ ਨੂੰ ਰਾਜ ਦੇ 28 ਜ਼ਿਲ੍ਹਿਆਂ ਦੇ ਕਰੀਬ 19 ਲੱਖ ਲੋਕ ਇਸ ਵਰ੍ਹਦੇ ਮੀਂਹ ਤੋਂ ਪ੍ਰਭਾਵਤ ਹੋਏ। ਦਰੰਗ ਜਿਸ ਵਿੱਚ 3 ਲੱਖ ਦੇ ਕਰੀਬ ਲੋਕ ਪ੍ਰਭਾਵਤ ਹੋਏ ਸਨ, ਉਸ ਰਾਤ ਸੂਬੇ ਦੇ ਸਭ ਤੋਂ ਪ੍ਰਭਾਵਤ ਜ਼ਿਲ੍ਹਿਆਂ ਵਿੱਚੋਂ ਇੱਕ ਸੀ। ਉਸ ਰਾਤ ਹੀ ਨਨੋਈ ਦਾ ਪਾਣੀ ਉਛਲ਼ ਕੇ ਕੰਢਿਆਂ ਤੋਂ ਬਾਹਰ ਆ ਗਿਆ ਅਤੇ ਰਾਜ ਦੀਆਂ ਬਾਕੀ ਛੇ ਨਦੀਆਂ-ਬੇਕੀ, ਮਾਨਸ, ਪਾਗਲਾਡਿਆ, ਪੁਥੀਮਾਰੀ, ਜਿਆ-ਭਾਰਾਲੀ ਅਤੇ ਬ੍ਰਹਮਪੁਤਰਾ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਸਨ। ਉਸ ਤੋਂ ਬਾਅਦ ਵੀ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਮੀਂਹ ਨੇ ਪੂਰੇ ਰਾਜ ਵਿੱਚ ਤਬਾਹੀ ਮਚਾਈ ਰੱਖੀ।

PHOTO • Pankaj Das
PHOTO • Pankaj Das

ਖੱਬੇ : 16 ਜੂਨ ਨੂੰ ਰਾਤ ਵੇਲੇ ਨਨੋਈ ਨਦੀ ਵਿੱਚ ਪਏ ਪਾੜ ਕਾਰਨ ਦਰੰਗ ਜ਼ਿਲ੍ਹੇ ਦੇ ਖਸਦੀਪਿਲਾ  ਪਿੰਡ ਦਾ ਹੜ੍ਹ ਪ੍ਰਭਾਵਤ ਇਲਾਕਾ। ਸੱਜੇ : ਟੈਂਕੇਸ਼ਵਰ ਡੇਕਾ, ਲਾਬਾ ਦਾਸ ਅਤੇ ਲਲਿਤ ਚੰਦਰ ਦਾਸ (ਖੱਬਿਓਂ ਸੱਜੇ) ਨਗਾਓਂ ਵਿਖੇ। ਫ਼ੈਲੈ ਰੁੱਖਾਂ ਦੀਆਂ ਜੜ੍ਹਾਂ , ਚਿੱਟੀਆਂ ਕੀੜੀਆਂ ਅਤੇ ਚੂਹਿਆਂ ਨੇ ਨਦੀ ਦੇ ਕੰਢਿਆਂ ਨੂੰ ਖੋਖਲਾ ਕਰ ਛੱਡਿਆ , ਟੈਂਕੇਸ਼ਵਰ ਕਹਿੰਦੇ ਹਨ

PHOTO • Pankaj Das
PHOTO • Pankaj Das

ਖੱਬੇ: ਖਸਦਸੀਪੀਲਾ ਪਿੰਡ ਵਿਖੇ, ਜਿੱਥੇ ਪਾਣੀ ਦਾ ਤੇਜ਼ ਵਹਾਅ ਘਰਾਂ, ਅਨਾਜ ਅਤੇ ਗਾਵਾਂ ਦੇ ਵਾੜੇ ਨੂੰ ਰੋੜ੍ਹ ਲੈ ਗਿਆ, ਇਸੇ ਪਿੰਡ ਵਿੱਚ ਜਯਮਤੀ ਕਲਿਤਾ ਅਤੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਸੱਜੇ: ਨੇੜਲੇ ਲੱਗੇ ਆਰਜੀ ਖੇਮੇ ਵਿੱਚ ਬੈਠਿਆਂ ਜਯਮਤੀ (ਸੱਜੇ) ਬੜੇ ਹਿਰਖੇ ਮਨ ਨਾਲ਼ ਕਹਿੰਦੀ ਹਨ,‘ਇੱਕ ਚਮਚਾ ਤੱਕ ਨਹੀਂ ਬਚਿਆ’

“ਅਸੀਂ 2002, 2004 ਅਤੇ 2014 ਵਿੱਚ ਆਏ ਹੜ੍ਹਾਂ ਨੂੰ ਅੱਖੀਂ ਦੇਖਿਆ, ਪਰ ਇਸ ਵਾਰ ਤਾਂ ਹੜ੍ਹ ਤਾਂ ਬੜਾ ਹੀ ਵਿਕਰਾਲ ਸੀ,” ਟੈਂਕੇਸ਼ਵਰ ਡੇਕਾ ਕਹਿੰਦੇ ਹਨ, ਜੋ ਗੋਡਿਆਂ ਤੀਕਰ ਪਾਣੀ ਵਿੱਚੋਂ ਦੀ ਰਾਹ ਬਣਾਉਂਦੇ ਹੋਏ ਨਗਾਓਂ ਤੋਂ ਤੁਰ ਤੁਰ ਕੇ ਨੇੜਲੇ, ਹਤੀਮਾਰਾ ਦੇ ਜਨਤਕ ਸਿਹਤ ਕੇਂਦਰ ਅੱਪੜੇ, ਜੋ ਭੇਰੂਆਡੋਲਗਾਓਂ ਦਾ ਨੇੜਲਾ ਇਲਾਕਾ ਹੈ। ਉਨ੍ਹਾਂ ਨੂੰ ਪਾਲਤੂ ਬਿੱਲੀ ਨੇ ਕੱਟ ਲਿਆ ਸੀ ਸੋ ਉਹ ਰੇਬੀਜ਼ਸ ਦਾ ਟੀਕਾ ਲਵਾਉਣ ਲਈ 18 ਜੂਨ ਨੂੰ ਉੱਥੇ (ਸਿਹਤ ਕੇਂਦਰ) ਗਏ ਸਨ।

“ਦਰਅਸਲ ਬਿੱਲੀ ਭੁੱਖੀ ਮਰ ਰਹੀ ਸੀ। ਸ਼ਾਇਦ ਉਹ ਭੁੱਖੀ ਸੀ ਅਤੇ ਮੀਂਹ ਦੇ ਪਾਣੀ ਤੋਂ ਸਹਿਮੀ ਵੀ ਹੋਈ ਸੀ। ਦੋ ਦਿਨਾਂ ਤੋਂ ਉਹਦੇ ਮਾਲਕ ਨੇ ਉਹਨੂੰ ਕੁਝ ਖੁਆਇਆ ਨਹੀਂ ਸੀ। ਖਾਣਾ ਖੁਆਉਣਾ ਸੰਭਵ ਵੀ ਨਹੀਂ ਸੀ ਕਿਉਂਕਿ ਚਾਰੇ ਪਾਸੇ ਤਾਂ ਪਾਣੀ ਭਰਿਆ ਹੋਇਆ ਸੀ,” ਟੈਂਕੇਸ਼ਵਰ ਕਹਿੰਦੇ ਹਨ। 23 ਜੂਨ ਨੂੰ ਜਦੋਂ ਅਸੀਂ ਟੈਂਕੇਸ਼ਵਰ ਨੂੰ ਮਿਲ਼ੇ ਤਾਂ ਪੰਜ ਟੀਕਿਆਂ ਦੇ ਇਸ ਕੋਰਸ ਵਿੱਚੋਂ ਉਨ੍ਹਾਂ ਨੂੰ ਦੋ ਟੀਕੇ ਲੱਗ ਚੁੱਕੇ ਸਨ। ਉਦੋਂ ਤੱਕ ਹੜ੍ਹ ਦਾ ਪਾਣੀ ਵੀ ਲੱਥਣ ਲੱਗ ਗਿਆ ਸੀ ਅਤੇ ਨਿਵਾਣ ਵੱਲ ਪੈਂਦੇ ਇਲਾਕੇ ਮਾਂਗਲਾਡੋਈ ਵੱਲ ਨੂੰ ਹੋਰ ਵੱਧਣ ਲੱਗਿਆ।

ਫ਼ੈਲੈ ਰੁੱਖਾਂ ਦੀਆਂ ਜੜ੍ਹਾਂ, ਚਿੱਟੀਆਂ ਕੀੜੀਆਂ ਅਤੇ ਚੂਹਿਆਂ ਨੇ ਨਦੀ ਦੇ ਕੰਢਿਆਂ ਨੂੰ ਖੋਖਲਾ ਕਰ ਛੱਡਿਆ, ਟੈਂਕੇਸ਼ਵਰ ਕਹਿੰਦੇ ਹਨ। “ਦਹਾਕਿਆਂ ਤੋਂ ਇਹਦੀ ਕੋਈ ਮੁਰੰਮਤ ਨਹੀਂ ਕੀਤੀ ਗਈ,” ਉਹ ਨੁਕਤਾ ਚੁੱਕਦੇ ਹਨ। “ਝੋਨੇ ਦੇ ਲਹਿਰਾਉਂਦੇ ਖੇਤ ਵੀ 2-3 ਫੁੱਟ ਚਿੱਕੜ ਵਿੱਚ ਡੁੱਬ ਗਏ। ਇੱਥੋਂ ਦੇ ਲੋਕ ਜ਼ਿਆਦਾਤਰ ਖੇਤੀ ਅਤੇ ਦਿਹਾੜੀ-ਧੱਪੇ ਸਿਰ ਜਿਊਂਦੇ ਹਨ। ਹੁਣ ਦੱਸੋ ਉਹ ਆਪਣੇ ਪਰਿਵਾਰ ਕਿਵੇਂ ਪਾਲਣਗੇ?” ਉਹ ਪੁੱਛਦੇ ਹਨ।

ਕੁਝ ਕੁਝ ਅਜਿਹੇ ਸਵਾਲ ਨਾਲ਼ ਲਕਸ਼ਯਪਤੀ ਦਾਸ ਵੀ ਜੂਝ ਰਹੇ ਹਨ। ਉਨ੍ਹਾਂ ਦੀ ਤਿੰਨ-ਵਿਘੇ ਜ਼ਮੀਨ (ਇੱਕ ਏਕੜ ਦੇ ਕਰੀਬ) ਚਿੱਕੜ ਹੋ ਗਈ। “ਮੈਂ ਦੋ ਕੱਥਾ ਵਿੱਚ ਜਿਹੜਾ ਝੋਨਾ ਬੀਜਿਆ ਸੀ (ਪੰਜ ਕੱਥੇ ਇੱਕ ਵਿਘੇ ਬਰਾਬਰ ਹੁੰਦੇ ਹਨ) ਚਿੱਕੜ ਹੇਠ ਆ ਗਿਆ,” ਫ਼ਿਕਰਾਂ ‘ਚ ਡੁੱਬੇ ਮਸੋਸੇ ਮਨ ਨਾਲ਼ ਕਹਿੰਦੇ ਹਨ। “ਹੁਣ ਮੈਂ ਕਦੇ ਬੀਜਾਈ ਨਹੀਂ ਕਰ ਸਕਦਾ।”

ਲਕਸ਼ਯਪਤੀ ਦੀ ਧੀ ਅਤੇ ਪੁੱਤਰ ਸਿਪਾਝਰ ਕਾਲਜ ਵਿਖੇ ਪੜ੍ਹਦੇ ਹਨ ਜੋ ਨਗਾਓਂ ਤੋਂ 15 ਕਿਲੋਮੀਟਰ ਦੂਰ ਹੈ। “ਉਨ੍ਹਾਂ ਨੂੰ ਕਾਲਜ ਜਾਣ ਲਈ ਰੋਜ਼ਾਨਾ 200 ਰੁਪਏ ਚਾਹੀਦੇ ਹੁੰਦੇ ਹਨ। ਮੈਂ ਨਹੀਂ ਜਾਣਦਾ ਹੁਣ ਅਸੀਂ ਪੈਸੇ ਦਾ ਬੰਦੋਬਸਤ ਕਰਾਂਗੇ ਕਿਵੇਂ। ਪਾਣੀ (ਹੜ੍ਹ ਦਾ) ਤਾਂ ਲੱਥ ਚੁੱਕਿਆ ਹੈ, ਪਰ ਜੇ ਦੋਬਾਰਾ ਪਾੜ ਪੈ ਗਿਆ? ਡਰ ਸਾਡੇ ਮਨਾਂ ਅੰਦਰ ਸਮੋ ਗਿਆ ਹੈ,” ਉਹ ਕਹਿੰਦੇ ਹਨ, ਹਾਲਾਂਕਿ ਫਿਰ ਵੀ ਉਨ੍ਹਾਂ ਦੇ ਮਨ ਦੇ ਕਿਸੇ ਕੋਨੇ ਵਿੱਚ ਉਮੀਦ ਹੈ ਕਿ ਨਦੀ ਦੇ ਬੰਨ੍ਹ ਦੀ ਛੇਤੀ ਹੀ ਮੁਰੰਮਤ ਕਰ ਦਿੱਤੀ ਜਾਵੇਗੀ।

PHOTO • Pankaj Das
PHOTO • Pankaj Das

ਖੱਬੇ: ਲਕਸ਼ਯਪਤੀ ਡੁੱਬੀ ਜ਼ਮੀਨ ਵੱਲ ਦੇਖਦੇ ਹੋਏ। ਸੱਜੇ: ਨਗਾਓਂ ਵਿਖੇ, ਕਈ ਕਿਸਾਨਾਂ ਦੇ ਖੇਤ ਚਿੱਕੜ ਹੋ ਗਏ

PHOTO • Pankaj Das
PHOTO • Pankaj Das

ਖੱਬੇ:ਹੜ੍ਹ ਵਿੱਚ ਤਬਾਹ ਹੋਏ ਸੜਾਂਦ ਛੱਡਦੇ ਆਲੂਆਂ ਅਤੇ ਪਿਆਜਾਂ ਨੂੰ ਅੱਡ ਕਰ ਰਹੇ ਲਲਿਤ ਚੰਦਰ ਦਾਸ; ਪਿਆਜ ‘ਚੋਂ ਉੱਠਦੀ ਹਵਾੜ ਨਾਲ਼ ਉਨ੍ਹਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਸੱਜੇ: ਲਲਿਤ ਚੰਦਰਦਾਸ ਦੇ ਪਰਿਵਾਰ ਦੀਆਂ ਅੱਠ ਭੇਡਾਂ ਵਿੱਚੋਂ ਇੱਕ ਭੇਡ, ਮੱਛੀਆਂ ਦੀ ਪਾਣੀ ਨਾਲ਼ ਤਬਾਹ ਹੋਈ ਛੱਪੜੀ ਦੇ ਕੋਲ਼ ਖੜ੍ਹੀ ਹੈ। ‘ਸਾਰੀਆਂ ਵੱਡੀਆਂ ਮੱਛੀਆਂ ਰੁੜ੍ਹ ਗਈਆਂ ਹਨ’

“ਚਿੱਟੇ ਕੱਦੂ ਦੀਆਂ ਵੇਲ਼ਾਂ ਮਰ ਗਈਆਂ ਅਤੇ ਪਪੀਤੇ ਦੇ ਬੂਟੇ ਜੜ੍ਹੋਂ ਉਖੜ ਗਏ। ਅਸੀਂ ਕੱਦੂ ਅਤੇ ਪਪੀਤੇ ਲੋਕਾਂ ਵਿੱਚ ਵੰਡ ਦਿੱਤੇ,” ਹੀਰਾ ਸੁਬੁਰੀ ਵਿਖੇ ਸੁਮਿਤਰਾ ਦਾਸ ਕਹਿੰਦੀ ਹਨ। ਪਰਿਵਾਰ ਨੇ ਮੱਛੀਆਂ ਪਾਲਣ ਲਈ ਜਿਹੜੀ ਛੱਪੜੀ ਜਿਹੀ ਬਣਾਈ ਸੀ ਉਹ ਵੀ ਰੁੱੜ੍ਹ ਗਈ। “ਮੈਂ ਛਪੜੀ ਵਿੱਚ ਮੱਛੀਆਂ ਦੇ ਪੂੰਗ ‘ਤੇ ਕੋਈ 2,500 ਰੁਪਏ ਖਰਚੇ ਸਨ। ਹੁਣ ਛੱਪੜੀ, ਛੱਪੜੀ ਰਹੀ ਨਹੀਂ ਜ਼ਮੀਨ ਹੀ ਬਣ ਗਈ ਹੈ। ਵੱਡੀਆਂ ਮੱਛੀਆਂ ਸਭ ਰੁੜ੍ਹ ਗਈਆਂ,” ਸੁਮਿਤਰਾ ਦੇ ਪਤੀ, ਲਲਿਤ ਚੰਦਰਾ ਗੱਲ ਜਾਰੀ ਰੱਖਦੇ ਹਨ ਅਤੇ ਨਾਲ਼ੋ-ਨਾਲ਼ ਹੜ੍ਹ ਦੇ ਪਾਣੀ ਨਾਲ਼ ਸੜ ਚੁੱਕੇ ਪਿਆਜ ਅੱਡ ਕਰੀ ਜਾਂਦੇ ਹਨ।

ਸੁਮਿਤਰਾ ਅਤੇ ਲਲਿਤ ਚੰਦਰ ‘ ਬੰਧਕ ’ ਪ੍ਰਣਾਲੀ ਹੇਠ ਜ਼ਮੀਨ ਵਾਹੁੰਦੇ ਤੇ ਬੀਜਦੇ ਹਨ, ਜਿਸ ਪ੍ਰਣਾਲੀ ਤਹਿਤ ਪੂਰੀ ਪੈਦਾਵਾਰ ਦਾ ਪੌਣਾ ਹਿੱਸਾ ਬਤੌਰ ਕਿਰਾਇਆ ਭੂ-ਮਾਲਕ ਨੂੰ ਦਿੱਤਾ ਜਾਂਦਾ ਹੈ। ਉਹ ਆਪਣੀ ਖਪਤ ਵਾਸਤੇ ਅਨਾਜ ਬੀਜਦੇ ਹਨ ਅਤੇ ਕਈ ਵਾਰੀ ਲਲਿਤ ਨੇੜਲੇ ਖੇਤਾਂ ਵਿੱਚ ਦਿਹਾੜੀ-ਧੱਪਾ ਵੀ ਲਾ ਲੈਂਦੇ ਹਨ। “ਹੁਣ ਖੇਤਾਂ ਨੂੰ ਜਰਖ਼ੇਜ਼ ਹੋਣ ਵਿੱਚ ਇੱਕ ਦਹਾਕੇ ਦੇ ਕਰੀਬ ਸਮਾਂ ਲੱਗ ਜਾਣਾ ਹੈ,” ਸੁਮਿਤਰਾ ਕਹਿੰਦੀ ਹਨ। ਉਹ ਅੱਗੇ ਕਹਿੰਦੀ ਹਨ ਕਿ ਹੜ੍ਹ ਤੋਂ ਬਾਅਦ ਆਪਣੀਆਂ ਅੱਠ ਬੱਕਰੀਆਂ ਅਤੇ 26 ਬਤਖ਼ਾਂ ਵਾਸਤੇ ਚਾਰਾ ਲੱਭਣਾ ਕਿਸੇ ਬਿਪਤਾ ਤੋਂ ਘੱਟ ਨਹੀਂ।

ਹੁਣ ਪਰਿਵਾਰ ਨੂੰ ਆਪਣੇ ਬੇਟੇ ਲਾਬਾਕੁਸ਼ ਦਾਸ ਦੀ ਆਮਦਨੀ ‘ਤੇ ਟੇਕ ਲਾਉਣੀ ਪੈਂਦੀ ਹੈ ਜੋ ਨਗਾਓਂ ਤੋਂ 7-8 ਕਿਲੋਮੀਟਰ ਦੂਰ ਨਾਮਖੋਲਾ ਅਤੇ ਲੋਥਾਪਾੜਾ ਦੇ ਬਜ਼ਾਰਾਂ ਵਿੱਚ ਪਿਆਜ਼, ਆਲੂ ਵਰਗੀਆਂ ਸਬਜ਼ੀਆਂ ਵੇਚਦੇ ਹਨ।

ਪਰ ਹੋਏ ਨੁਕਸਾਨ ਅਤੇ ਚਿੰਤਾਵਾਂ ਭਰੇ ਮਾਹੌਲ ਵਿੱਚ 27 ਜੂਨ ਨੂੰ ਸੁਮਿਤਰਾ ਅਤੇ ਲਲਿਤ ਦੀ ਧੀ ਅੰਕਿਤਾ ਨੂੰ ਇਹ ਖ਼ੁਸ਼ਖਬਰੀ ਮਿਲ਼ੀ ਕਿ ਉਹਨੇ ਬਾਰ੍ਹਵੀਂ ਪਹਿਲੇ ਦਰਜੇ ਵਿੱਚ ਪਾਸ ਕਰ ਲਈ ਹੈ। ਭਾਵੇਂ ਕਿ ਕੁੜੀ ਅੱਗੇ ਪੜ੍ਹਨਾ ਚਾਹੁੰਦੀ ਹੈ ਪਰ ਉਹਦੀ ਮਾਂ (ਸੁਮਿਤਰਾ) ਪਰਿਵਾਰ ਦੀ ਮਾਲੀ ਹਾਲਤ ਦੇਖਦਿਆਂ ਹੋਇਆਂ ਉਹਨੂੰ ਕੋਈ ਫੋਕਾ ਧਰਵਾਸ ਨਹੀਂ ਦੇਣਾ ਚਾਹੁੰਦੀ।

ਅੰਕਿਤਾ ਵਾਂਗਰ ਹੀ, 18 ਸਾਲਾ ਜੁਬਲੀ ਡੇਕਾ ਵੀ ਅੱਗੇ ਪੜ੍ਹਨਾ ਚਾਹੁੰਦੀ ਹੈ। ਉਹ ਐੱਨਆਰਡੀਐੱਸ ਜੂਨੀਅਰ ਕਾਲਜ, ਦਿਪਿਲਾ ਚੌਕ ਵਿਖੇ ਪੜ੍ਹਦੀ ਹਨ ਜੋ ਨਗਾਓਂ ਦੇ ਉਨ੍ਹਾਂ ਦੇ ਘਰ ਤੋਂ ਕੋਈ 3 ਕਿਲੋਮੀਟਰ ਦੂਰ ਹੈ। ਬਾਰ੍ਹਵੀ ਵਿੱਚ ਉਹਦੇ ਵੀ 75 ਪ੍ਰਤੀਸ਼ਤ ਅੰਕ ਆਏ ਹਨ। ਆਲ਼ੇ-ਦੁਆਲ਼ੇ ਪਸਰੀ ਤਬਾਹੀ ਦੇਖ ਕੇ, ਉਹਨੂੰ ਵੀ ਪੜ੍ਹਾਈ ਜਾਰੀ ਰੱਖਣ ਦਾ ਕੋਈ ਲੱਲ ਨਜ਼ਰ ਨਹੀਂ ਆਉਂਦਾ।

PHOTO • Pankaj Das
PHOTO • Pankaj Das
PHOTO • Pankaj Das

ਖੱਬੇ:ਜੁਬਲੀ ਡੇਕਾ ਆਪਣੇ ਘਰ ਦੇ ਬੂਹੇ ‘ਤੇ ਖੜ੍ਹੀ ਹਨ, ਵਿਹੜੇ ਵਿੱਚ ਹੜ੍ਹ ਨਾਲ਼ ਲਿਆਂਦਾ ਚਿੱਕੜ ਭਰਿਆ ਪਿਆ ਹੈ। ਵਿਚਕਾਰ: ਦਿਪਾਂਕਰ ਦਾਸ ਆਪਣੇ ਖੋਖੇ ਵਿਖੇ ਜੋ ਪਿਛਲੇ 10 ਦਿਨਾਂ ਤੋਂ ਪਾਣੀ ਵਿੱਚ ਡੁੱਬਾ ਪਿਆ ਸੀ। ਸੱਜੇ: ਸੁਮਿਤਰਾ ਦਾਸ ਮੀਂਹ ਨਾਲ਼ ਗੜੁੱਚ ਹੋਇਆ ਝੋਨਾ ਦਿਖਾਉਂਦੀ ਹੋਈ

“ਮੈਨੂੰ ਰਾਹਤ ਖੇਮੇ ਵਿੱਚ ਰਹਿਣਾ ਪਸੰਦ ਨਹੀਂ, ਇਸਲਈ ਅੱਜ ਮੈਂ ਵਾਪਸ ਮੁੜ ਆਈ ਹਾਂ,” ਹੜ੍ਹ ਨਾਲ਼ ਤਬਾਹ ਹੋਏ ਆਪਣੇ ਘਰ ਦੀ ਖਿੜਕੀ ਵਿੱਚੋਂ ਦੀ ਸਾਡੇ ਨਾਲ਼ ਗੱਲ ਕਰਦਿਆਂ ਉਹ ਕਹਿੰਦੀ ਹਨ। ਉਨ੍ਹਾਂ ਦੇ ਬਾਕੀ ਦੇ ਚਾਰੋ ਜੀਅ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲਾਏ ਰਾਹਤ ਖੇਮੇ ਵਿਖੇ ਹੀ ਹਨ। “ਉਸ ਰਾਤ, ਅਸੀਂ ਇਹ ਹੀ ਫ਼ੈਸਲਾ ਨਾ ਕਰ ਸਕੇ ਕਿ ਜਾਈਏ ਤਾਂ ਜਾਈਏ ਕਿੱਥੇ ਅਤੇ ਕੀ-ਕੁਝ ਨਾਲ਼ ਚੁੱਕੀਏ,” ਜੁਬਲੀ ਕਹਿੰਦੀ ਹੈ, ਜੋ ਆਪਣੇ ਹੜ੍ਹ-ਮਾਰੇ ਘਰ ਵਿੱਚੋਂ ਜਿਵੇਂ ਕਿਵੇਂ ਰਾਹ ਬਣਾ ਕੇ ਆਪਣਾ ਕਾਲਜ ਦਾ ਬੈਗ ਪੈਕ ਕਰਨ ਲੱਗੀ ਹੋਈ ਹਨ।

10 ਦਿਨ ਲਗਾਤਾਰ ਵਰ੍ਹਦੇ ਮੀਂਹ ਕਾਰਨ 23 ਸਾਲਾ ਦਿਪਾਂਕਰ ਦਾਸ ਨਗਾਓਂ ਵਿਖੇ ਚਾਹ ਦਾ ਆਪਣਾ ਖੋਖਾ ਨਾ ਖੋਲ੍ਹ ਸਕੇ। ਉਹ ਆਮ ਤੌਰ ‘ਤੇ 300 ਰੁਪਏ ਦਿਹਾੜੀ ਬਣਾ ਲੈਂਦੇ, ਪਰ ਹੜ੍ਹ ਕਾਰਨ ਅਜੇ ਕਾਰੋਬਾਰ ਦਾ ਤੋਰਾ ਤੁਰਨਾ ਅਜੇ ਬਾਕੀ ਹੈ। 23 ਜੁਲਾਈ ਨੂੰ ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ੇ ਤਾਂ ਉਨ੍ਹਾਂ ਦੇ ਖੋਖੇ ‘ਤੇ ਸਿਰਫ਼ ਇੱਕੋ ਗਾਹਕ ਖੜ੍ਹਾ ਸੀ ਜੋ ਭਿੱਜੀ (ਪੁੰਗਰੀ) ਮੂੰਗੀ ਦੀ ਦਾਲ ਅਤੇ ਸਿਗਰੇਟ ਲੈਣ ਆਇਆ ਸੀ।

ਦਿਪਾਂਕਰ ਦਾ ਪਰਿਵਾਰ ਬੇਜ਼ਮੀਨਾ ਹੈ। ਉਹ ਚਾਹ ਦੇ ਖੋਖੇ ਤੋਂ ਹੁੰਦੀ ਆਮਦਨੀ ਅਤੇ ਉਨ੍ਹਾਂ ਦੇ ਪਿਤਾ, 45 ਸਾਲਾ ਸਤਰਾਮ ਦਾਸ ਵੱਲੋਂ ਕਦੇ-ਕਦਾਈਂ ਲੱਗਦੀ ਦਿਹਾੜੀ ਤੋਂ ਹੁੰਦੀ ਕਮਾਈ ਸਿਰ ਹੀ ਜਿਊਂਦਾ ਹੈ। “ਹੁਣ ਸਾਡਾ ਘਰ ਰਹਿਣ ਯੋਗ ਨਹੀਂ ਰਿਹਾ, ਇਹਦੇ ਅੰਦਰ ਗੋਡਿਆਂ ਤੀਕਰ ਚਿੱਕੜ ਭਰ ਗਿਆ ਹੈ,” ਦਿਪਾਂਕਰ ਕਹਿੰਦੇ ਹਨ। ਇਸ ਅੱਧ-ਪੱਕੇ (ਕੱਚੇ-ਪੱਕੇ) ਢਾਂਚੇ ਨੂੰ ਕਾਫ਼ੀ ਜ਼ਿਆਦਾ ਮੁਰੰਮਤ ਦੀ ਲੋੜ ਹੈ, ਜਿਸ ‘ਤੇ ਪਰਿਵਾਰ ਨੂੰ ਕੋਈ 1 ਲੱਖ ਰੁਪਏ ਤੱਕ ਖਰਚਣਾ ਪੈ ਸਕਦਾ ਹੈ।

“ਜੇ ਸਰਕਾਰ ਨੇ ਹੜ੍ਹ ਆਉਣ ਤੋਂ ਪਹਿਲਾਂ ਢੁੱਕਵੇਂ ਕਦਮ ਚੁੱਕੇ ਹੁੰਦੇ ਤਾਂ ਇਸ ਆਫ਼ਤ ਨੂੰ ਟਾਲ਼ਿਆ ਜਾਣਾ ਸੰਭਵ ਹੋ ਪਾਉਂਦਾ,” ਦਿਪਾਂਕਰ ਕਹਿੰਦੇ ਹਨ, ਜੋ ਕੋਵਿਡ ਦੀ ਤਾਲਾਬੰਦੀ ਦੌਰਾਨ ਗੁਹਾਟੀ ਤੋਂ ਵਾਪਸ ਨਗਾਓਂ ਆ ਗਏ, ਉੱਥੇ (ਗੁਹਾਟੀ) ਉਨ੍ਹਾਂ ਨੇ ਇੱਕ ਮਸ਼ਹੂਰ ਬੇਕਰੀ ਚੇਨ ਵਾਸਤੇ ਕੰਮ ਕੀਤਾ। “ਉਹ (ਜ਼ਿਲ੍ਹਾ ਪ੍ਰਸ਼ਾਸਨ) ਉਦੋਂ ਹੀ ਕਿਉਂ ਆਏ ਜਦੋਂ ਪਾੜ ਪੈਣ ਹੀ ਵਾਲ਼ਾ ਸੀ? ਉਨ੍ਹਾਂ ਨੂੰ ਤਾਂ ਖ਼ੁਸ਼ਕ ਮੌਸਮ ਵੇਲ਼ੇ ਆਉਣਾ ਚਾਹੀਦਾ ਸੀ ਨਾ।”

ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰੋਜ਼ਾਨਾ ਹੜ੍ਹ ਰਿਪੋਰਟ ਮੁਤਾਬਕ, 16 ਜੂਨ ਨੂੰ ਰਾਜ ਦੇ 28 ਜ਼ਿਲ੍ਹਿਆਂ ਦੇ ਕਰੀਬ 19 ਲੱਖ ਲੋਕ ਇਸ ਵਰ੍ਹਦੇ ਮੀਂਹ ਤੋਂ ਪ੍ਰਭਾਵਤ ਹੋਏ

ਵੀਡਿਓ ਦੇਖੋ: ਅਸਾਮ ਦਾ ਦਰੰਗ ਜ਼ਿਲ੍ਹਾ: ਮੀਂਹ ਅਤੇ ਹੜ੍ਹ ਤੋਂ ਬਾਅਦ

ਇਸ ਦੌਰਾਨ, ਜਨ ਸਿਹਤ ਇੰਜੀਨਅਰਿੰਗ ਵਿਭਾਗ ਦੇ ਖਲਾਸੀ ਵਰਕਰ ਦਲੀਪ ਕੁਮਾਰ ਡੇਕਾ ਸਾਨੂੰ ਉਹ ਸੂਚੀ ਦਿਖਾਉਂਦੇ ਹਨ ਜਿਸ ਵਿੱਚ ਉਨ੍ਹਾਂ ਥਾਵਾਂ ਦਾ ਵੇਰਵਾ ਹੈ ਜਿੱਥੇ-ਜਿੱਥੇ ਹੁਣ ਵਿਭਾਗ ਟਿਊਬਵੈੱਲ ਲਾਵੇਗਾ। ਹੜ੍ਹ ਦੇ ਬਚਾਅ ਦੇ ਰੂਪ ਵਿੱਚ ਇਹ ਟਿਊਬਵੈੱਲ਼ ਉੱਚੀ ਜ਼ਮੀਨ ‘ਤੇ ਬਣਾਏ ਜਾਂਦੇ ਹਨ ਜੋ ਕਿ ਹੜ੍ਹ ਦੌਰਾਨ ਪੀਣ ਵਾਲ਼ੇ ਪਾਣੀ ਤੱਕ ਲੋਕਾਂ ਦੀ ਪਹੁੰਚ ਸੌਖੀ ਬਣੀ ਰਹੇ।

ਇਹ ਪੁੱਛੇ ਜਾਣ ‘ਤੇ ਕਿ ਵਿਭਾਗ ਵੱਲੋਂ ਕਦਮ ਚੁੱਕਣ ਵਿੱਚ ਦੇਰੀ ਕਿਉਂ ਹੋਈ, ਤਾਂ ਮੋੜਵੇਂ ਜਵਾਬ ਵਿੱਚ ਉਨ੍ਹਾਂ ਕਿਹਾ,“ਅਸੀਂ ਉੱਪਰੋਂ ਆਉਂਦੇ ਹੁਕਮਾਂ ਨੂੰ ਹੀ ਵਜਾਉਣਾ ਹੁੰਦਾ ਹੈ।” ਦਰੰਗ ਜ਼ਿਲ੍ਹੇ ਦੇ ਬਿਆਸਪਾਰਾ ਵਿਖੇ ਦਿਲੀਪ ਦਾ ਘਰ ਪਾਣੀ ਵਿੱਚ ਡੁੱਬ ਗਿਆ। 22 ਜੂਨ ਨੂੰ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਜ਼ਿਲ੍ਹੇ ਵਿੱਚ ਸਧਾਰਣ ਨਾਲ਼ੋਂ 79 ਫ਼ੀਸਦ ਵੱਧ ਮੀਂਹ ਪਿਆ।

“ਕੱਲ੍ਹ (22 ਜੂਨ ਨੂੰ) ਪ੍ਰਸ਼ਾਸਨ ਨੇ ਪਾਣੀ ਦੇ ਪੈਕੇਟ ਜ਼ਰੂਰ ਵੰਡੇ ਪਰ ਅੱਜ ਸਾਡੇ ਕੋਲ਼ ਪੀਣ ਨੂੰ ਪਾਣੀ ਦਾ ਇੱਕ ਕਤਰਾ ਤੱਕ ਨਹੀਂ,” ਜਯਮਤੀ ਕਹਿੰਦੀ ਹਨ, ਜਿਨ੍ਹਾਂ ਦੇ ਪਤੀ ਅਤੇ ਵੱਡਾ ਬੇਟਾ ਕੁੱਤੇ ਦੇ ਵੱਢੇ ਜਾਣ ਤੋਂ ਬਾਅਦ ਰੇਬੀਜ਼ ਦਾ ਟੀਕਾ ਲਵਾਉਣ ਗਏ ਹੋਏ ਹਨ।

ਜਦੋਂ ਅਸੀਂ ਨਗਾਓਂ ਤੋਂ ਵਾਪਸ ਆਉਣ ਲੱਗੇ ਤਾਂ ਲਲਿਤ ਚੰਦਰ ਅਤੇ ਸੁਮਿਤਰਾ ਆਪਣੇ ਹੜ੍ਹ ਮਾਰੇ ਘਰ ਵਿੱਚੋਂ ਬਾਹਰ ਆਏ ਤੇ ਸਾਨੂੰ ਵਿਦਾ ਕਹੀ। ਵਿਦਾਈ ਵੇਲ਼ੇ ਲਲਿਤ ਚੰਦਰ ਨੇ ਕਿਹਾ: “ਲੋਕ ਆਉਂਦੇ ਹਨ, ਸਾਨੂੰ ਰਾਹਤ ਪੈਕਟ ਫੜ੍ਹਾਉਂਦੇ ਹਨ ਅਤੇ ਚੱਲਦੇ ਬਣਦੇ ਹਨ। ਕੋਈ ਵੀ ਸਾਡੇ ਨਾਲ਼ ਬਹਿ ਕੇ ਸਾਡੀ ਤਕਲੀਫ਼ ਨਹੀਂ ਸੁਣਦਾ।”

PHOTO • Pankaj Das
PHOTO • Pankaj Das

ਖੱਬੇ : ਟੈਂਕੇਸ਼ਵਰ ਡੇਕਾ ਨਦੀ ਦੇ ਪਏ ਪਾੜ ਨੂੰ ਲੈ ਕੇ ਅਧਿਕਾਰਕ ਜ਼ਿੰਮੇਦਾਰੀ ਦੀ ਕਮੀ ਤੇ ਫ਼ਬਤਾ ਕੱਸਦੇ ਹਨ। ਇਸ ਇਲਾਕੇ ਦਾ ਨਾਮ ਹਾਥੀਮਾਰਾ ਹੈ, ਉਹ ਥਾਂ ਜਿੱਥੇ ਹਾਥੀ ਮਰਦੇ ਹਨ। ਜੇ ਹੜ੍ਹ ਕਾਰਨ ਨੁਕਸਾਨੇ ਨਦੀ ਦੇ ਕੰਢੇ ਦੀ ਮੁਰੰਮਤ ਨਾ ਕੀਤੀ ਗਈ ਤਾਂ ਇਹਦਾ ਨਾਮ ਬਦਲ ਕੇ ਬਾਨੇਮਾਰਾ ਜ਼ਰੂਰ ਕਰਨਾ ਪੈਣਾ। ਸੱਜੇ : ਆਪਣੀਆਂ ਬੱਕਰੀਆਂ ਨੂੰ ਪੱਤੇ ਖੁਆਉਣ ਖਾਤਰ ਰੁੱਖ ਦੀ ਸਭ ਤੋਂ ਉੱਚੀ ਤੇ ਵੱਡੀ ਟਹਿਣੀ ਤੱਕ ਪਕੜ ਬਣਾਉਂਦੇ ਟੈਂਕੇਸ਼ਵਰ


PHOTO • Pankaj Das

ਦੰਦਾਧਰ ਦਾਸ ਦੱਸਦੇ ਹਨ ਕਿ ਮੀਂਹ ਅਤੇ ਹੜ੍ਹ ਦੀ ਮਾਰ ਕਾਰਨ ਨਗਾਓਂ ਵਿਖੇ ਤਬਾਹ ਹੋਏ ਅਨਾਜ ਅਤੇ ਫ਼ਸਲਾਂ ਕਾਰਨ ਸਬਜ਼ੀਆਂ ਦੀ ਕੀਮਤ ਅਸਮਾਨੀਂ ਜਾ ਪੁੱਜੀ ਹੈ


PHOTO • Pankaj Das

ਨੋਨਈ ਨਦੀ ਦੇ ਖੁਰੇ ਮੁਹਾਨੇ ਕਾਰਨ ਰੁੱਖ ਦੀਆਂ ਜੜ੍ਹਾਂ ਨੰਗੀਆਂ ਹੋ ਗਈਆਂ


PHOTO • Pankaj Das

ਝੋਨੇ ਦਾ ਇਹ ਖੇਤ ਹੜ੍ਹ ਆਉਣ ਤੋਂ ਪਹਿਲਾਂ ਪਨੀਰੀ ਲਾਏ ਜਾਣ ਲਈ ਤਿਆਰ ਸੀ, ਪਰ ਹੁਣ ਇੱਥੇ ਦੋ ਫੁੱਟ ਚਿੱਕੜ ਭਰ ਗਿਆ ਹੈ


PHOTO • Pankaj Mehta

ਨਗਾਓਂ ਪਿੰਡ ਦੇ ਪਾਣੀ ਡੁੱਬੇ ਖੇਤ


PHOTO • Pankaj Das

ਇੱਕ ਗ਼ੈਰ-ਸਰਕਾਰੀ ਸੰਸਥਾ ਨਗਾਓਂ ਨੇੜੇ ਦਿਪਿਲਾ ਮੌਜ਼ਾ ਵਿਖੇ ਹੜ੍ਹ ਰਾਹਤ ਕੈਂਪ ਵਿਖੇ ਸਮੱਗਰੀ ਵੰਡਦੇ ਹੋਏ

PHOTO • Pankaj Das

ਖਸਦੀਪਿਲਾ ਪਿੰਡ ਵਿਖੇ ਨਦੀ ਦੇ ਕੰਢੇ ਪਿਆ ਪਾੜ


PHOTO • Pankaj Das

ਖਸਦੀਪਿਲਾ ਪਿੰਡ ਵਾਸੀ ਉਸ ਉੱਚਾਈ ਵੱਲ ਇਸ਼ਾਰਾ ਕਰਦਾ ਹੋਇਆ ਜਿੱਥੋਂ ਤੱਕ ਕਿ ਨਦੀ ਦਾ ਪਾਣੀ ਅਪੜ ਗਿਆ ਸੀ


PHOTO • Pankaj Das

ਜਯਮਤੀ (ਵਿਚਕਾਰ), ਉਨ੍ਹਾਂ ਦਾ ਬੇਟਾ ਅਤੇ ਨੂੰਹ, ਆਪਣੇ ਉਜੜ ਚੁੱਕੇ ਘਰ ਦੇ ਬਾਹਰ


PHOTO • Pankaj Das

ਅਸਾਮ ਵਿੱਚ, ਜੂਨ 2022 ਵਿੱਚ ਆਮ ਨਾਲ਼ੋਂ 62 ਫੀਸਦ ਵੱਧ ਮੀਂਹ ਪਿਆ


PHOTO • Pankaj Das

ਦਰੰਗ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਦਿ ਦਿਪਿਲਾ-ਬੋਰਬਾਰੀ ਸੜਕ, ਜੋ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ


ਤਰਜਮਾ: ਕਮਲਜੀਤ ਕੌਰ

Wahidur Rahman

ವಹಿದುರ್ ರೆಹಮಾನ್ ಅಸ್ಸಾಂನ ಗುವಾಹಟಿಯ ಸ್ವತಂತ್ರ ವರದಿಗಾರ.

Other stories by Wahidur Rahman
Pankaj Das

ಪಂಕಜ್ ದಾಸ್ ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದಲ್ಲಿ ಅಸ್ಸಾಮಿಯ ಭಾಷಾಂತರ ಸಂಪಾದಕರು. ಗುವಾಹಟಿಯಲ್ಲಿ ನೆಲೆಸಿರುವ ಅವರು ಯುನಿಸೆಫ್ನಲ್ಲಿ ಕೆಲಸ ಮಾಡುವ ಲೋಕಲೈಸೇಷನ್ ತಜ್ಞರೂ ಆಗಿದ್ದಾರೆ. ಅವರು idiomabridge.blogspot.com ಎನ್ನುವ ಜಾಲತಾಣದಲ್ಲಿ ತಮ್ಮ ಭಾವನೆಗಳನ್ನು ಅಭಿವ್ಯಕ್ತಿಸುತ್ತಾರೆ.

Other stories by Pankaj Das
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur