ਰਾਜਿੰਦਰ ਦੋ ਪੱਤੇ ਅਤੇ ਇੱਕ ਕਲੀ ਦੀ ਸਖ਼ਤ ਭਾਲ਼ ਕਰ ਰਿਹਾ ਹੈ। ਉਸ ਦੀਆਂ ਉਂਗਲਾਂ ਢਲਾਣਦਾਰ ਪਹਾੜੀ 'ਤੇ ਲਗਾਏ ਚਾਹ ਦੇ ਪੌਦਿਆਂ ਨੂੰ ਛੂਹ ਕੇ ਅੱਗੇ ਵੱਧਦੀਆਂ ਜਾਂਦੀਆਂ ਹਨ। ਉਸ ਦੀ ਪਤਨੀ ਸੁਮਨਾ ਦੇਵੀ ਉਸ ਦੇ ਕੋਲ਼ ਹੀ ਟੋਕਰੀ ਫੜ੍ਹ ਕੇ ਖੜ੍ਹੀ ਹੈ। ਹਿਮਾਲਿਆ ਦੀ ਧੌਲਾਧਾਰ ਪਹਾੜੀ ਲੜੀ 'ਤੇ ਉੱਗੇ ਚਾਹ ਦੇ ਬੂਟਿਆਂ ਦੇ ਕੰਢਿਆਂ 'ਤੇ ਲੱਗੇ ਓਹੀ ਦੇ ਰੁੱਖਾਂ ਦੇ ਪਰਛਾਵਿਆਂ ਸਾਹਵੇਂ ਮਨੁੱਖ ਵੀ ਬੌਣਾ ਜਾਪਣ ਲੱਗਦਾ ਹੈ।

ਇਹ ਵਾਢੀ ਦਾ ਸਮਾਂ ਸੀ ਪਰ ਰਾਜਿੰਦਰ ਸਿੰਘ ਦੇ ਹੱਥ ਕਰੂੰਬਲਾਂ ਨਹੀਂ ਆ ਰਹੀਆਂ। ਉਹ ਹਰ ਰੋਜ਼ ਕਾਂਗੜਾ ਜ਼ਿਲ੍ਹੇ ਦੇ ਟਾਂਡਾ ਪਿੰਡ ਦੇ ਖੇਤ ਵਿੱਚ ਆਉਂਦਾ ਹੈ ਅਤੇ ਸੁਮਨਾ ਜਾਂ ਆਪਣੇ 20 ਸਾਲਾ ਬੇਟੇ ਆਰੀਅਨ ਨੂੰ ਆਪਣੇ ਨਾਲ਼ ਲੈ ਆਉਂਦਾ ਹੈ। ਅਪ੍ਰੈਲ ਅਤੇ ਮਈ ਦੇ ਮਹੀਨੇ ਉਹ ਸਮਾਂ ਹੁੰਦਾ ਹੈ ਜਦੋਂ ਚਾਹ ਦੇ ਬੂਟਿਆਂ ਤੋਂ ਪੱਤੀਆਂ ਨੂੰ ਤੋੜਿਆ ਜਾਂਦਾ ਹੈ, ਜਿਸ ਨੂੰ ਪਹਿਲੀ ਖੇਪ (ਫ਼ਸਲ) ਕਿਹਾ ਜਾਂਦਾ ਹੈ। ਪਰ ਉਸ ਦਿਨ ਵਾਢੀ ਦੇ ਨਾਮ 'ਤੇ ਉਨ੍ਹਾਂ ਕੋਲ਼ ਤੋੜਨ ਲਈ ਇੱਕ ਵੀ ਪੱਤਾ ਨਹੀਂ ਸੀ।

"ਤੁਸੀਂ ਗਰਮੀ ਤਾਂ ਮਹਿਸੂਸ ਕਰ ਸਕਦੇ ਹੋ ਪਰ ਮੀਂਹ ਦਾ ਕੋਈ ਅਤਾ-ਪਤਾ ਨਹੀਂ!'' ਉਸ ਨੇ ਕਿਹਾ। ਦਰਅਸਲ ਉਹ ਹਿਮਾਚਲ ਪ੍ਰਦੇਸ਼ ਦੀ ਪਾਲਮਪੁਰ ਤਹਿਸੀਲ ਵਿੱਚ ਆਪਣੀਆਂ ਚਾਹ ਦੀਆਂ ਝਾੜੀਆਂ ਬਾਰੇ ਚਿੰਤਤ ਹੋ ਰਿਹਾ ਸੀ।

ਰਾਜਿੰਦਰ ਦੀ ਚਿੰਤਾ ਨੂੰ ਸਮਝਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਮੀਂਹ ਬਹੁਤ ਹੀ ਘੱਟ ਪਿਆ ਹੈ। 2016 ਦੀ ਐੱਫਏਓ ਦੀ ਅੰਤਰ-ਸਰਕਾਰੀ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ "ਅਨਿਯਮਿਤ ਬਾਰਸ਼ ਨੇ ਚਾਹ ਦੇ ਬਾਗ਼ਾਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਹੈ"। ਰਿਪੋਰਟ ਵਿੱਚ ਚਾਹ 'ਤੇ ਪੈਣ ਵਾਲ਼ੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੈ, ਜਿਸਦੀ ਖੇਤੀ ਵਾਸਤੇ ਫਰਵਰੀ ਅਤੇ ਅਪ੍ਰੈਲ ਦੇ ਵਿਚਕਾਰ ਵਰਖਾ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਅਪ੍ਰੈਲ ਦੀ ਪਹਿਲੀ ਫ਼ਸਲ ਦੀ ਕੀਮਤ ਸਭ ਤੋਂ ਵੱਧ ਹੁੰਦੀ ਹੈ। ਇਹ ਆਮ ਤੌਰ 'ਤੇ 800 ਰੁਪਏ ਅਤੇ ਕਦੇ-ਕਦਾਈਂ 1,200 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ।

2022 ਰਾਜਿੰਦਰ ਲਈ ਇੱਕ ਵਿਸ਼ੇਸ਼ ਸਾਲ ਸੀ, ਜਿਸ ਦੌਰਾਨ ਉਹਨੇ ਦੋ ਹੈਕਟੇਅਰ ਹੋਰ ਜ਼ਮੀਨ ਲੀਜ਼ 'ਤੇ ਲਈ ਸੀ ਅਤੇ ਜਿਵੇਂ ਕਿ ਉਹ ਜ਼ਿਕਰ ਕਰਦਾ ਹੈ, "ਮੈਂ ਸੋਚਿਆ ਸੀ ਕਿ ਮੇਰੀ ਆਮਦਨੀ ਵਧੇਗੀ।'' ਇਸ ਵੇਲ਼ੇ ਖੇਤੀ ਹੇਠ ਤਿੰਨ ਹੈਕਟੇਅਰ ਜ਼ਮੀਨ ਤੋਂ ਉਹਨੇ ਸੀਜ਼ਨ ਦੇ ਅਖ਼ੀਰ ਤੱਕ 4,000 ਕਿਲੋ ਚਾਹ ਪੈਦਾ ਹੋਣ ਦੀ ਉਮੀਦ ਪਾਲ਼ੀ ਸੀ। ਉਸ ਨੇ 20,000 ਰੁਪਏ ਲੀਜ਼ 'ਤੇ ਖਰਚ ਕੀਤੇ ਅਤੇ ਕਿਹਾ ਕਿ ਚਾਹ ਦੀ ਫ਼ਸਲ 'ਤੇ ਮਜ਼ਦੂਰਾਂ ਦੀ ਦਿਹਾੜੀ-ਮਜ਼ਦੂਰੀ ਦਾ ਖ਼ਰਚਾ ਉਤਪਾਦਨ ਲਾਗਤ ਦਾ 70 ਪ੍ਰਤੀਸ਼ਤ ਹਿੱਸਾ ਬਣਦਾ ਹੈ। ਉਸ ਨੇ ਦੱਸਿਆ, "ਬਗ਼ੀਚੇ ਦੀ ਸਾਂਭ-ਸੰਭਾਲ ਲਈ ਬਹੁਤ ਮਿਹਨਤ ਅਤੇ ਲਾਗਤਾਂ [ਇਨਪੁਟ]  ਦੀ ਲੋੜ ਹੁੰਦੀ ਹੈ ਅਤੇ ਫਿਰ ਪੱਤਿਆਂ ਦੀ ਪ੍ਰੋਸੈਸਿੰਗ ਕਰਨ 'ਤੇ ਹੋਰ ਖਰਚੇ ਕਰਨੇ ਪੈਂਦੇ ਹਨ।

Rajinder searching for new leaves to pluck in the tea bushes. With his family (right), son Aryan and wife Sumna in their tea garden
PHOTO • Aakanksha
Rajinder searching for new leaves to pluck in the tea bushes. With his family (right), son Aryan and wife Sumna in their tea garden
PHOTO • Aakanksha

ਰਾਜਿੰਦਰ ਚਾਹ ਦੇ ਪੌਦਿਆਂ ਦੀਆਂ ਝਾੜੀਆਂ ਵਿੱਚ ਪੱਤਿਆਂ ਦੀ ਭਾਲ਼ ਕਰ ਰਿਹਾ ਹੈ। ਆਪਣੇ ਪਰਿਵਾਰ (ਸੱਜੇ), ਬੇਟੇ ਆਰੀਅਨ ਅਤੇ ਪਤਨੀ ਸੁਮਨਾ ਦੇ ਨਾਲ਼ ਉਹਨਾਂ ਦੇ ਚਾਹ-ਬਗ਼ਾਨ ਵਿੱਚ

ਇਹ ਪਰਿਵਾਰ ਲਬਾਨਾ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ, ਜਿਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਹੋਰ ਪਿਛੜੇ ਵਰਗ (ਓਬੀਸੀ) ਵਜੋਂ ਸੂਚੀਬੱਧ ਕੀਤਾ ਗਿਆ ਹੈ। "ਪਿਛਲੀਆਂ ਪੀੜ੍ਹੀਆਂ [ਮੇਰੇ ਪਰਿਵਾਰ ਦੀਆਂ] ਇਸੇ ਕੰਮ ਵਿੱਚ ਲੱਗੀਆਂ ਰਹੀਆਂ" ਅਤੇ ਉਹ 15 ਸਾਲਾਂ ਦਾ ਸੀ ਜਦੋਂ ਉਸਨੇ ਲੰਬੀ ਬਿਮਾਰੀ ਕਾਰਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਫਾਰਮ ਨੂੰ ਸੰਭਾਲ਼ਿਆ। ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ, ਰਜਿੰਦਰ ਨੇ ਬਾਗ਼ ਸਾਂਭਣ ਦੀ ਜ਼ਿੰਮੇਵਾਰੀ ਲਈ ਅਤੇ ਜਿਸ ਕਾਰਨ ਉਸ ਨੂੰ ਸਕੂਲ ਵੀ ਛੱਡਣਾ ਪਿਆ।

ਸਾਰਾ ਪਰਿਵਾਰ ਬਗ਼ੀਚੇ ਦੀ ਦੇਖਭਾਲ਼ ਕਰਨ ਅਤੇ ਚਾਹ ਦੇ ਕੱਪ ਵਿੱਚ ਪਹੁੰਚਣ ਤੱਕ ਦੀ ਹਰ ਪ੍ਰਕਿਰਿਆ ਵਿੱਚ ਸ਼ਾਮਲ ਹੈ। ਐਜੁਕੇਸ਼ਨ ਦੀ ਡਿਗਰੀ (ਅੰਡਰ-ਗ੍ਰੈਜੁਏਟ) ਲਈ ਪੜ੍ਹਾਈ ਕਰ ਰਹੀ ਉਹਦੀ ਧੀ ਬੇਟੀ ਆਂਚਲ ਨਦੀਨ ਪੁੱਟਣ ਤੋਂ ਲੈ ਕੇ ਪੈਕਿੰਗ ਦੇ ਕੰਮ ਵਿੱਚ ਮਦਦ ਕਰਦੀ ਹੈ। ਉਸ ਦਾ ਪੁੱਤਰ ਆਰੀਅਨ ਨਦੀਨ ਪੁੱਟਣ ਤੋਂ ਲੈ ਕੇ ਪੱਤੇ ਤੋੜਨ, ਛਾਂਟਣ ਅਤੇ ਪੈਕਿੰਗ ਕਰਨ ਤੱਕ ਹਰ ਚੀਜ਼ ਵਿੱਚ ਮਦਦ ਕਰਦਾ ਹੈ। 20 ਸਾਲ ਦਾ ਇਹ ਨੌਜਵਾਨ ਗਣਿਤ ਵਿੱਚ ਡਿਗਰੀ ਪ੍ਰਾਪਤ ਕਰ ਰਿਹਾ ਹੈ ਅਤੇ ਆਪਣੇ ਖਾਲੀ ਸਮੇਂ ਵਿੱਚ ਇੱਕ ਅਧਿਆਪਕ ਵਜੋਂ ਕੰਮ ਕਰਦਾ ਹੈ।

ਕਾਂਗੜਾ ਦੇ ਚਾਹ ਬਗ਼ੀਚੇ ਕਾਲ਼ੀਆਂ ਅਤੇ ਹਰੀਆਂ ਕਿਸਮਾਂ ਦਾ ਉਤਪਾਦਨ ਕਰਦੇ ਹਨ ਅਤੇ ਦੋਵੇਂ ਹੀ ਕਿਸਮਾਂ ਮੁਕਾਮੀ ਘਰਾਂ ਵਿੱਚ ਖ਼ਾਸੀਆਂ ਪ੍ਰਸਿੱਧ ਹਨ। "ਤੁਹਾਨੂੰ ਇੱਥੇ ਬਾਮੁਸ਼ਕਲ ਹੀ ਕੋਈ ਚਾਹ ਦੀ ਦੁਕਾਨ ਮਿਲ਼ੇਗੀ, ਸਗੋਂ ਹਰ ਘਰ ਵਿੱਚ ਤੁਹਾਡਾ ਸੁਆਗਤ ਚਾਹ ਨਾਲ਼ ਹੀ ਕੀਤਾ ਜਾਵੇਗਾ। ਅਸੀਂ ਆਪਣੀ ਚਾਹ ਵਿੱਚ ਦੁੱਧ ਜਾਂ ਖੰਡ ਨਹੀਂ ਪਾਉਂਦੇ। ਸਾਡੇ ਲਈ ਇਹ ਕਿਸੇ ਦਵਾਈ ਵਾਂਗਰ ਹੈ," ਸੁਮਨਾ ਨੇ ਕਿਹਾ, ਜੋ ਗ੍ਰੇਡਿੰਗ ਅਤੇ ਪੈਕੇਜਿੰਗ ਵੀ ਕਰਦੀ ਹੈ। ਰਾਜਿੰਦਰ ਵਰਗੇ ਜ਼ਿਆਦਾਤਰ ਚਾਹ ਉਤਪਾਦਕਾਂ ਕੋਲ਼ ਤਾਜ਼ੇ ਪੱਤਿਆਂ ਨੂੰ ਰੋਲ਼ ਕਰਨ ਅਤੇ ਸੇਕਣ ਲਈ ਮਸ਼ੀਨਰੀ ਦੇ ਨਾਲ਼ ਇੱਕ ਛੋਟਾ ਜਿਹਾ ਅਸਥਾਈ ਪ੍ਰੋਸੈਸਿੰਗ ਰੂਮ ਹੁੰਦਾ ਹੈ। ਉਹ ਹੋਰਨਾਂ ਉਤਪਾਦਕਾਂ ਦੇ ਪੱਤਿਆਂ ਦੀ ਵੀ ਪ੍ਰੋਸੈਸਿੰਗ ਕਰਦੇ ਹਨ ਅਤੇ ਉਤਪਾਦ ਤਿਆਰੀ ਤੱਕ ਹਰੇਕ ਕਿਲੋ ਮਗਰ 250 ਰੁਪਏ ਵਸੂਲਦੇ ਹਨ।

ਸਾਲ 1986 ਵਿੱਚ, ਉਨ੍ਹਾਂ ਦੇ ਪਿਤਾ ਨੇ ਆਪਣੀ ਮੌਤ ਤੋਂ ਠੀਕ ਪਹਿਲਾਂ ਕਰਜਾ ਲੈ ਤੇ ਜ਼ਮੀਨ ਵੇਚ ਕੇ 8 ਲੱਖ ਰੁਪਏ ਦੀ ਮਸ਼ੀਨ ਖਰੀਦੀ ਸੀ ਤਾਂਕਿ ਉਨ੍ਹਾਂ ਦਾ ਪਰਿਵਾਰ ਤਾਜ਼ਾ ਪੱਤੀਆਂ ਨੂੰ ਤਿਆਰ ਕਰ ਸਕੇ; ਕਰਜਾ ਹਾਲੇ ਤੀਕਰ ਚੁਕਾਇਆ ਜਾਣਾ ਬਾਕੀ ਹੈ।

Many farmers have their own machines to process the leaves. Rajinder (left) standing next to his machine housed in a makeshift room outside his house that he refers to as his factory.
PHOTO • Aakanksha
Sumna (right) does the grading and packaging of tea
PHOTO • Aakanksha

ਪੱਤੀਆਂ ਨੂੰ ਤਿਆਰ ਕਰਨ ਵਾਸਤੇ, ਕਾਫ਼ੀ ਸਾਰੇ ਕਿਸਾਨਾਂ ਕੋਲ਼ ਆਪਣੀਆਂ ਮਸ਼ੀਨਾਂ ਹੁੰਦੀਆਂ ਹਨ। ਰਜਿੰਦਰ (ਖੱਬੇ) ਆਪਣੇ ਘਰ ਦੇ ਬਾਹਰ ਬਣੇ ਇੱਕ ਅਸਥਾਈ ਕਮਰੇ ਵਿੱਚ ਰੱਖੀ ਆਪਣੀ ਮਸ਼ੀਨ ਦੇ ਕੋਲ਼ ਖੜ੍ਹਾ ਹੈ। ਇਸ ਕਮਰੇ ਨੂੰ ਉਹ ਆਪਣੀ ਫ਼ੈਕਟਰੀ ਕਹਿੰਦਾ ਹੈ। ਸੁਮਨਾ (ਸੱਜੇ) ਚਾਹ ਦੀ ਛਟਾਈ ਤੇ ਪੈਕਿੰਗ ਕਰ ਰਹੀ ਹੈ

ਇੱਥੇ ਕਾਂਗੜਾ ਜ਼ਿਲ੍ਹੇ ਵਿੱਚ ਰਜਿੰਦਰ ਜਿਹੇ ਛੋਟੇ ਕਿਸਾਨਾਂ ਦੀ ਰਾਜ ਦੀ ਚਾਹ ਪੈਦਾਵਾਰ ਵਿੱਚ ਹੈਜੇਮਨੀ ਹੈ। ਸਾਲ 2022 ਵਿੱਚ, ਰਾਜ ਦੇ ਖੇਤੀ ਵਿਭਾਗ ਵੱਲੋਂ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ, 96 ਫ਼ੀਸਦ ਉਤਪਾਦਕਾਂ ਕੋਲ਼ ਦੋ ਹੈਕਟੇਅਰ ਤੋਂ ਵੀ ਛੋਟੇ ਬਗ਼ਾਨ ਹਨ। ਅੱਧੇ ਤੋਂ ਵੱਧ ਬਗ਼ਾਨ ਪਾਲਮਪੁਰ ਤਹਿਸੀਲ ਵਿੱਚ ਹਨ ਤੇ ਬਾਕੀ ਬੈਜਨਾਥ, ਧਰਮਸ਼ਾਲਾ ਤੇ ਦੇਹਰਾ ਤਹਿਸੀਲ ਵਿੱਚ ਹਨ।

ਡਾ. ਸੁਨੀਲ ਪਟਿਆਲ ਦੱਸਦੇ ਹਨ,''ਹਿਮਾਚਲ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਹੀ ਚਾਹ ਦੀ ਖੇਤੀ ਕੀਤੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ ਚਾਹ ਦੀ ਫ਼ਸਲ ਵਾਸਤੇ ਜ਼ਰੂਰੀ ਤੇਜ਼ਾਬੀ ਮਿੱਟੀ ਵੀ ਹੈ, ਜਿਹਦਾ ਪੀਐੱਚ ਪੱਧਰ 4.5 ਤੋਂ 5.5 ਹੈ।'' ਡਾ. ਪਟਿਆਲ ਰਾਜ ਦੇ ਖੇਤੀ ਵਿਭਾਗ ਵਿੱਚ ਤਕਨੀਕੀ ਅਧਿਕਾਰ ਹਨ।

ਕਈ ਸਾਰੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਕਾਂਗੜਾ ਦੇ ਚਾਹ ਬਗ਼ਾਨ ਤੇ ਪਹਾੜੀਆਂ ਦਾ ਨਜ਼ਾਰਾ ਦਿਖਾਇਆ ਜਾਂਦਾ ਹੈ। ਹਾਲ ਹੀ ਵਿੱਚ, ਅਲੌਕਿਕ ਸ਼ਕਤੀਆਂ 'ਤੇ ਅਧਾਰਤ ਫ਼ਿਲਮ ਭੂਤ ਪੁਲਿਸ ਦੀ ਸ਼ੂਟਿੰਗ ਵੀ ਇੱਥੇ ਹੀ ਕੀਤੀ ਗਈ ਸੀ। ਰਜਿੰਦਰ ਦੱਸਦੇ ਹਨ,''ਕਈ ਸੈਲਾਨੀ ਆਪਣਾ ਕੈਮਰਾ ਕੱਢ ਸਾਡੇ ਬਗ਼ਾਨਾਂ ਦੀ ਸ਼ੂਟਿੰਗ ਕਰਦੇ ਹਨ, ਪਰ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਉਨ੍ਹਾਂ ਨੂੰ ਕੁਝ ਖ਼ਾਸ ਪਤਾ ਨਹੀਂ ਹੁੰਦਾ।''

*****

ਹਿਮਾਚਲ ਪ੍ਰਦੇਸ਼ ਵਿੱਚ, ਚਾਹ ਦੇ ਬਗ਼ਾਨ ਪੂਰੀ ਤਰ੍ਹਾਂ ਨਾਲ਼ ਪਰਬਤੀ ਮੀਂਹ 'ਤੇ ਨਿਰਭਰ ਹਨ। ਆਮ ਤੌਰ 'ਤੇ ਜਦੋਂ ਗਰਮੀ ਵੱਧਦੀ ਹੈ ਤਾਂ ਮੀਂਹ ਪੈਂਦਾ ਹੈ, ਜਿਸ ਨਾਲ਼ ਚਾਹ ਦੇ ਬੂਟਿਆਂ ਨੂੰ ਰਾਹਤ ਮਿਲ਼ਦੀ ਹੈ। ਪਟਿਆਲ ਦੱਸਦਾ ਹੈ,''ਬਿਨਾ ਮੀਂਹ ਦੇ ਤਾਪਮਾਨ ਵਿੱਚ ਵਾਧਾ ਹੋਣਾ ਇੱਕ ਵੱਡੀ ਸਮੱਸਿਆ ਹੈ। ਚਾਹ ਦੇ ਪੌਦਿਆਂ ਨੂੰ ਨਮੀ ਦੀ ਲੋੜ ਹੁੰਦੀ ਹੈ, ਪਰ ਹੁਣ (2021 ਤੇ 2022 ਵਿੱਚ) ਮੌਸਮ ਕਾਫ਼ੀ ਗ਼ਰਮ ਰਹਿਣ ਲੱਗਿਆ ਹੈ।''

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਮਾਰਚ ਅਤੇ ਅਪ੍ਰੈਲ 2022 ਵਿੱਚ ਕਾਂਗੜਾ ਜ਼ਿਲ੍ਹੇ ਵਿੱਚ ਮੀਂਹ ਵਿੱਚ 90 ਫ਼ੀਸਦ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ। ਇਹਦੇ ਬਾਅਦ, ਜਦੋਂ ਅਪ੍ਰੈਲ ਅਤੇ ਮਈ 2022 ਵਿੱਚ ਪੱਤੀਆਂ ਤੋੜੀਆਂ ਗਈਆਂ ਤੇ ਪਾਲਮਪੁਰ ਸਹਿਕਾਰੀ ਚਾਹ ਕਾਰਖ਼ਾਨੇ ਭੇਜੀਆਂ ਗਈਆਂ ਤਾਂ ਪਤਾ ਲੱਗਿਆ ਕਿ ਚਾਹ ਦਾ ਉਤਪਾਦਨ ਸਿਰਫ਼ ਇੱਕ ਲੱਖ ਕਿਲੋ ਹੀ ਹੋਇਆ ਹੈ। ਸਾਲ 2019 ਦੇ ਇਨ੍ਹਾਂ ਹੀ ਮਹੀਨਿਆਂ ਵਿੱਚ ਉਤਪਾਦਨ ਤਿੰਨ ਗੁਣਾ ਵੱਧ ਹੋਇਆ ਸੀ।

Left: The prized 'two leaves and a bud' that go to make tea.
PHOTO • Aakanksha
Right: Workers come from other states to pluck tea
PHOTO • Aakanksha

ਖੱਬੇ: ਬੇਸ਼ਕੀਮਤੀ 'ਦੋ ਪੱਤੇ ਤੇ ਇੱਕ ਡੋਡੀ' ਜਿਸ ਨਾਲ਼ ਚਾਹ ਬਣਦੀ ਹੈ। ਸੱਜੇ: ਦੂਜੇ ਰਾਜਾਂ ਦੇ ਮਜ਼ਦੂਰ ਚਾਹ ਦੀਆਂ ਪੱਤੀਆਂ ਤੋੜਨ ਆਉਂਦੇ ਹਨ

Freshly plucked leaves drying (left) at the Palampur Cooperative Tea Factory (right) in Kangra district of Himachal Pradesh
PHOTO • Aakanksha
Freshly plucked leaves drying (left) a t the Palampur Cooperative Tea Factory (right) in Kangra district of Himachal Pradesh
PHOTO • Aakanksha

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪਾਲਮਪੁਰ ਸਹਿਕਾਰੀ ਚਾਹ ਕਾਰਖ਼ਾਨੇ ਵਿੱਚ ਚਾਹ ਦੀਆਂ ਤਾਜ਼ਾਂ ਤੋੜੀਆਂ ਗਈਆਂ ਪੱਤੀਆਂ ਸੁੱਕ ਰਹੀਆਂ ਹਨ

ਰਜਿੰਦਰ ਨੂੰ ਵੀ ਨੁਕਸਾਨ ਹੋਇਆ। ਸਾਲ 2022 ਦੇ ਮਈ ਮਹੀਨੇ ਦੇ ਅੰਤ ਵਿੱਚ, ਪਾਰੀ ਨਾਲ਼ ਗੱਲਬਾਤ ਦੌਰਾਨ ਉਹਨੇ ਦੱਸਿਆ ਕਿ ਉਸ ਸੀਜ਼ਨ ਵਿੱਚ ਉਹ ਸਿਰਫ਼ ਇੱਕ ਹਜ਼ਾਰ ਕਿਲੋ ਚਾਹ ਦੀਆਂ ਪੱਤੀਆਂ ਹੀ ਪੈਦਾ ਕਰ ਪਾਇਆ। ਉਸ ਵਿੱਚੋਂ ਅੱਧੀ ਉਪਜ ਪਰਿਵਾਰ ਨੇ ਆਪਣੇ ਕੋਲ਼ ਰੱਖੀ ਤਾਂ ਕਿ ਉਹਨੂੰ ਤਿਆਰ ਕਰਕੇ ਮੁਕਾਮੀ ਬਜ਼ਾਰਾਂ ਵਿੱਚ ਵੇਚਿਆ ਜਾ ਸਕੇ ਤੇ ਬਾਕੀ ਦੀ ਉਪਜ ਨੂੰ ਪਾਲਮਪੁਰ ਫ਼ੈਕਟਰੀ ਵਿੱਚ ਭੇਜ ਦਿੱਤਾ। ਉਹਦਾ ਬੇਟਾ ਆਰੀਅਨ ਕਹਿੰਦਾ ਹੈ,''ਚਾਰ ਕਿਲੋ ਹਰੀਆਂ ਪੱਤੀਆਂ ਤੋਂ ਇੱਕ ਕਿਲੋ ਚਾਹ ਤਿਆਰ ਹੁੰਦੀ ਹੈ। ਵਿਕਰੀ ਵਾਸਤੇ ਅਸੀਂ ਇੱਕ-ਇੱਕ ਕਿਲੋ ਦੇ ਸੌ ਪੈਕਟ ਤਿਆਰ ਕੀਤੇ ਸਨ।'' ਇੱਕ ਕਿਲੋ ਚਾਹ ਦੀ ਕੀਮਤ 300 ਰੁਪਏ ਅਤੇ ਇੱਕ ਕਿਲੋ ਹਰੀ ਚਾਹ ਦੀ ਕੀਮਤ 350 ਰੁਪਏ ਹੈ।

ਭਾਰਤ ਵਿੱਚ ਚਾਹ ਦਾ ਵੱਡਾ ਹਿੱਸਾ ਅਸਾਮ, ਪੱਛਮੀ ਬੰਗਾਲ ਤੇ ਤਮਿਲਨਾਡੂ ਦੇ ਨੀਲਗਿਰੀ ਵਿੱਚ ਉਗਾਇਆ ਜਾਂਦਾ ਹੈ। ਟੀ ਬੋਰਡ ਇੰਡੀਆ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ 2021-22 ਵਿੱਚ, ਭਾਰਤ ਨੇ 1,344 ਮਿਲੀਅਨ ਕਿਲੋ ਚਾਹ ਦਾ ਉਤਪਾਦਨ ਕੀਤਾ ਤੇ ਇਸ ਵਿੱਚ ਕਰੀਬ 50 ਫ਼ੀਸਦੀ ਹਿੱਸੇਦਾਰੀ ਛੋਟੇ ਉਤਪਾਦਕਾਂ ਦੀ ਰਹੀ। ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਤਹਿਤ ਆਉਣ ਵਾਲ਼ਾ ਇਹ ਅਦਾਰਾ ਅੱਗੇ ਕਹਿੰਦਾ ਹੈ,''ਛੋਟੇ ਉਤਪਾਦਕ ਵਿਤੋਂਵੱਧ ਅਸੰਗਠਿਤ ਹੁੰਦੇ ਹਨ ਤੇ ਖੇਤੀ ਦੇ ਖੰਡਿਤ ਤੇ ਖਿਲਰੇ ਹੋਏ ਖ਼ਾਸੇ ਕਾਰਨ, ਉਨ੍ਹਾਂ ਦੀ ਚਾਹ ਦੀ ਕੀਮਤ ਕਾਫ਼ੀ ਘੱਟ ਹੀ ਰਹਿੰਦੀ ਹੈ।''

ਹਿਮਾਚਲ ਦੀ ਚਾਹ ਦਾ ਮੁਕਾਬਲਾ ਹੋਰਨਾਂ ਇਲਾਕਿਆਂ ਦੀ ਚਾਹ ਨਾਲ਼ ਹੁੰਦਾ ਹੈ। ਡਾ. ਪ੍ਰਮੋਦ ਵਰਮਾ ਦੱਸਦਾ ਹੈ,''ਰਾਜ ਅੰਦਰ, ਸੇਬ ਉਤਪਾਦਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਪ੍ਰਸ਼ਾਸਨ (ਮੁਕਾਮੀ) ਦਾ ਵੀ ਇਸ 'ਤੇ ਹੀ ਜ਼ਿਆਦਾ ਧਿਆਨ ਰਹਿੰਦਾ ਹੈ।'' ਡਾ. ਵਰਮਾ ਪਾਲਮਪੁਰ ਵਿੱਚ ਪੈਂਦੀ ਹਿਮਾਚਲ ਪ੍ਰਦੇਸ਼ ਖੇਤੀ ਯੂਨੀਵਰਸਿਟੀ ਚਾਹ ਟੈਕਨਾਲੋਜਿਸਟ (ਉਦਯੋਗ ਵਿਗਿਆਨ) ਹਨ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚਾਹ 'ਤੇ ਖੋਜ ਕਰਦੇ ਆਏ ਹਨ।

ਚਾਹ ਬਗ਼ਾਨਾਂ ਦੀ ਜ਼ਮੀਨ ਘਟਣ ਕਾਰਨ ਵੀ ਚਾਹ ਦੇ ਉਤਪਾਦਨ ਵਿੱਚ ਘਾਟ ਆਈ ਹੈ। ਕਾਂਗੜਾ ਜ਼ਿਲ੍ਹੇ ਵਿੱਚ 2,110 ਹੈਕਟੇਅਰ ਚਾਹ ਉਗਾਈ ਜਾਂਦੀ ਹੈ, ਪਰ ਸਿਰਫ਼ ਅੱਧੇ ਇਲਾਕੇ ਵਿੱਚ- ਯਾਨੀ 1096.83 ਹੈਕਟੇਅਰ ਵਿੱਚ ਹੀ ਚਾਹ ਦੀ ਖੇਤੀ ਗਤੀਸ਼ੀਲ ਹੈ। ਬਾਕੀ ਦੀ ਪਈ ਜ਼ਮੀਨ ਨੂੰ ਜਾਂ ਤਾਂ ਸਨਮੀ ਹੀ ਛੱਡ ਦਿੱਤਾ ਗਿਆ ਹੈ ਜਾਂ ਫਿਰ ਘਰ ਉਸਾਰ ਲਏ ਗਏ ਹਨ। ਅਜਿਹੀਆਂ ਜ਼ਮੀਨਾਂ 'ਤੇ ਘਰ ਉਸਾਰੀ ਕਰਨਾ ਹਿਮਾਚਲ ਪ੍ਰਦੇਸ਼ ਸੀਲਿੰਗ ਆਨ ਲੈਂਡ ਹੋਲਡਿੰਗਸ ਐਕਟ, 1972 ਦਾ ਉਲੰਘਣ ਹੈ। ਇਸ ਕਨੂੰਨ ਮੁਤਾਬਕ, ਚਾਹ ਵਾਸਤੇ ਸੁਰੱਖਿਅਤ ਜ਼ਮੀਨ ਨੂੰ ਵੇਚਿਆ ਜਾਂ ਕਿਸੇ ਹੋਰ ਉਦੇਸ਼ ਲਈ ਵਰਤਿਆ ਨਹੀਂ ਜਾ ਸਕਦਾ।

Jaat Ram Bahman and wife Anjagya Bahman (right) are in their eighties and continue to work in their tea garden.
PHOTO • Aakanksha
Jaat Ram (left) in his factory
PHOTO • Aakanksha

ਜਾਟ ਰਾਮ ਬਾਹਮਨ ਤੇ ਉਨ੍ਹਾਂ ਦੀ ਪਤਨੀ ਅੰਜਗਯਾ ਬਾਹਮਨ (ਸੱਜੇ) ਅੱਸੀ ਸਾਲ ਤੋਂ ਵੱਧ ਉਮਰ ਦੇ ਹਨ ਤੇ ਆਪਣੇ ਚਾਹ ਬਗ਼ਾਨ ਵਿੱਚ ਹਾਲੇ ਤੀਕਰ ਵੀ ਕੰਮ ਕਰਦੇ ਹਨ। ਜਾਟ ਰਾਮ (ਖੱਬੇ) ਆਪਣੇ ਕਾਰਖ਼ਾਨੇ ਵਿੱਚ ਖੜ੍ਹੇ ਹਨ

Left: Many tea gardens in Kangra district have been abandoned.
PHOTO • Aakanksha
Right: Jaswant Bahman owns a garden in Tanda village and recalls a time when the local market was flourishing
PHOTO • Aakanksha

ਖੱਬੇ: ਕਾਂਗੜਾ ਜ਼ਿਲ੍ਹੇ ਦੇ ਕਈ ਚਾਹ ਬਗ਼ਾਨ ਹੁਣ ਉੱਜੜ ਗਏ ਹਨ। ਸੱਜੇ: ਜਸਵੰਤ ਬਾਹਮਨ ਟਾਂਡਾ ਪਿੰਡ ਵਿਖੇ ਇੱਕ ਚਾਹ ਬਗ਼ਾਨ ਦਾ ਮਾਲਕ ਹੈ ਤੇ ਉਸ ਦੌਰ ਨੂੰ ਚੇਤੇ ਕਰਦੇ ਹਨ ਜਦੋਂ ਮੁਕਾਮੀ ਬਜ਼ਾਰ ਵੱਧ-ਫੁੱਲ ਰਿਹਾ ਸੀ

ਟਾਂਡਾ ਪਿੰਡ ਵਿਖੇ ਰਜਿੰਦਰ ਦੇ ਗੁਆਂਢੀ ਜਾਟ ਰਾਮ ਬਾਹਮਨ ਕਹਿੰਦੇ ਹਨ,''ਕੁਝ ਸਾਲ ਪਹਿਲਾਂ ਮੇਰੇ ਖੇਤ ਦੇ ਐਨ ਮਗਰ ਚਾਹ ਦੇ ਬਗ਼ਾਨ ਸਨ। ਪਰ ਹੁਣ ਉੱਥੇ ਘਰ ਉਸਰ ਗਏ ਹਨ।'' ਉਹ ਅਤੇ ਉਹਦੀ ਪਤਨੀ ਅੰਜਗਯਾ ਬਾਹਮਨ ਆਪਣੇ 15 ਕਨਾਲ ਬਗ਼ਾਨ (ਕਰੀਬ ਤਿੰਨ ਚੌਥਾਈ ਹੈਕਟੇਅਰ) 'ਤੇ ਚਾਹ ਉਗਾਉਂਦੇ ਹਨ।

ਕਰੀਬ 87 ਸਾਲਾ ਜਾਟ ਰਾਮ ਉਸ ਦੌਰ ਨੂੰ ਚੇਤੇ ਕਰਦੇ ਹਨ ਜਦੋਂ ਬਗ਼ਾਨਾਂ ਤੋਂ ਕਾਫ਼ੀ ਨਫ਼ਾ ਹੋਇਆ ਕਰਦਾ ਸੀ ਤੇ ਨੇੜੇ-ਤੇੜੇ ਕਾਫ਼ੀ ਸਾਰੇ ਬਗ਼ਾਨ ਹੋਇਆ ਕਰਦੇ ਸਨ। ਚਾਹ ਦੀ ਪਹਿਲੀ ਖੇਤੀ 1849 ਵਿੱਚ ਕੀਤੀ ਗਈ ਸੀ ਤੇ 1880 ਆਉਂਦੇ-ਆਉਂਦੇ, ਕਾਂਗੜਾ ਦੀ ਚਾਹ ਨੇ ਲੰਦਨ ਤੇ ਐਮਸਟਰਡਮ ਦੇ ਬਜ਼ਾਰਾਂ ਵਿੱਚ ਤਹਿਲਕਾ ਮਚਾ ਦਿੱਤਾ। ਸਾਲ 2005 ਵਿੱਚ, ਕਾਂਗੜਾ ਨੂੰ ਇਹਦੇ ਵਿਲੱਖਣ ਜ਼ਾਇਕੇ ਵਾਸਤੇ ਭੂਗੋਲਿਕ ਸੰਕੇਤਕ (ਜੀਆਈ) ਟੈਗ ਮਿਲ਼ਿਆ।

ਟਾਂਡਾ ਪਿੰਡ ਵਿਖੇ ਚਾਹ ਦੀ 10 ਕਨਾਲ ਬਗ਼ਾਨ (ਕਰੀਬ ਅੱਧਾ ਹੈਕਟੇਅਰ) ਦੇ ਮਾਲਕ 56 ਸਾਲਾ ਜਸਵੰਤ ਬਾਹਮਨ ਚੇਤੇ ਕਰਦੇ ਹੋਏ ਕਹਿੰਦਾ ਹੈ,''ਉਹ ਸੁਨਹਿਰਾ ਦੌਰ ਸੀ। ਅਸੀਂ ਆਪਣੇ ਘਰਾਂ ਵਿੱਚ ਪੱਤੀਆਂ ਨੂੰ ਮਸ਼ੀਨਾਂ (ਰਵਾਇਤੀ) ਨਾਲ਼ ਤਿਆਰ ਕਰਦੇ ਸਾਂ ਤੇ ਅੰਮ੍ਰਿਤਸਰ ਵਿੱਚ ਵੇਚਦੇ। ਉਸ ਸਮੇਂ ਅੰਮ੍ਰਿਤਸਰ ਕਾਫ਼ੀ ਵੱਡਾ ਬਜ਼ਾਰ ਸੀ।''

ਬਾਹਮਨ 1990 ਦੇ ਦਹਾਕੇ ਦਾ ਜ਼ਿਕਰ ਕਰ ਰਿਹਾ ਹੈ। ਸਥਾਨਕ ਚਾਹ ਬੋਰਡ ਮੁਤਾਬਕ, ਉਸ ਸਮੇਂ ਕਾਂਗੜਾ ਵਿਖੇ ਇੱਕ ਸਾਲ ਵਿੱਚ 18 ਲੱਖ ਟਨ ਤਿਆਰ ਚਾਹ ਦਾ ਉਤਪਾਦਨ ਹੁੰਦਾ ਸੀ। ਚਾਹ ਨੂੰ ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਸੜਕ ਮਾਰਗਾਂ ਰਾਹੀਂ ਪਹੁੰਚਾਇਆ ਜਾਂਦਾ ਸੀ। ਕਾਂਗੜਾ ਤੋਂ ਅੰਮ੍ਰਿਤਸਰ ਦੀ ਦੂਰੀ ਕਰੀਬ 200 ਕਿਲੋਮੀਟਰ ਤੋਂ ਵੱਧ ਹੈ ਤੇ ਇੱਥੋਂ ਚਾਹ ਨੀਲਾਮੀ ਵਾਸਤੇ ਅੰਤਰਾਰਾਸ਼ਟਰੀ ਬਜ਼ਾਰ ਵਿੱਚ ਪਹੁੰਚਦੀ ਸੀ। ਅੱਜ ਇਹ ਉਤਪਾਦਨ ਅੱਧੇ ਤੋਂ ਵੀ ਘੱਟ, ਯਾਨੀ ਕਰੀਬ 8,50,000 ਟਨ ਹੀ ਰਹਿ ਗਿਆ ਹੈ।

ਰਜਿੰਦਰ ਨੇ ਪਾਰੀ ਨੂੰ ਪੁਰਾਣੇ ਬਿੱਲ ਦਿਖਾਉਂਦੇ ਹੋਏ ਕਿਹਾ,''ਉਸ ਵੇਲ਼ੇ (ਪ੍ਰਤੀ ਹੈਕਟੇਅਰ 'ਤੇ) ਅਸੀਂ ਚੰਗੀ ਕਮਾਈ ਕਰ ਲੈਂਦੇ ਸਾਂ। ਚਾਹ ਤਿਆਰ ਹੁੰਦਿਆਂ ਹੀ ਸਾਲ ਵਿੱਚ ਅਸੀਂ ਬਜ਼ਾਰ ਦੇ ਕੋਈ ਗੇੜੇ ਮਾਰ ਲੈਂਦੇ। ਇੱਕ ਗੇੜੇ ਵਿੱਚ ਮੈਂ ਕਰੀਬ 13,000 ਤੋਂ 35,000 ਰੁਪਏ ਤੱਕ ਕਮਾ ਲਿਆ ਕਰਦਾ।''

In Kangra district, 96 per cent of holdings of tea gardens are less than two hectares. More than half the gardens are in Palampur tehsil, and the rest are distributed across Baijnath, Dharamshala and Dehra tehsil
PHOTO • Aakanksha
In Kangra district, 96 per cent of holdings of tea gardens are less than two hectares. More than half the gardens are in Palampur tehsil, and the rest are distributed across Baijnath, Dharamshala and Dehra tehsil
PHOTO • Aakanksha

ਕਾਂਗੜਾ ਜ਼ਿਲ੍ਹੇ ਵਿੱਚ 96 ਫ਼ੀਸਦ ਉਤਪਾਦਕਾਂ ਕੋਲ਼, ਦੋ ਹੈਕਟੇਅਰ ਤੋਂ ਵੀ ਛੋਟੇ ਚਾਹ ਬਗ਼ਾਨ ਹਨ। ਅੱਧੇ ਤੋਂ ਵੱਧ ਬਗ਼ਾਨ ਪਾਲਮਪੁਰ ਤਹਿਸੀਲ ਵਿੱਚ ਹਨ ਤੇ ਬਾਕੀ ਬੈਜਨਾਥ, ਧਰਮਸ਼ਾਲਾ ਤੇ ਦੇਹਰਾ ਤਹਿਸੀਲ ਵਿੱਚ ਪੈਂਦੇ ਹਨ

ਹੁਣ ਉਹ ਸੁਨਹਿਰੀ ਦੌਰ ਵੇਲ਼ਾ ਵਿਹਾ ਚੁੱਕਾ ਹੈ। '' ਅੰਮ੍ਰਿਤਸਰ ਮੇ ਬਹੁਤ ਪੰਗਾ ਹੋਨੇ ਲਗਾ, '' ਜਸਵੰਤ ਦੱਸਦਾ ਹੈ। ਕਾਂਗੜਾ ਦੇ ਚਾਹ ਬਗ਼ਾਨ ਦੇ ਮਾਲਕ ,ਭਾਰਤ ਦੇ ਪ੍ਰਮੁੱਖ ਚਾਹ ਨੀਲਾਮੀ ਕੇਂਦਰ ਕੋਲਕਾਤਾ ਜਾ ਕੇ ਵੱਸਣ ਲੱਗੇ ਹਨ। ਬਹੁਤੇਰੇ ਪੈਦਾਕਾਰਾਂ ਨੇ ਘਰੇ ਚਾਹ ਤਿਆਰ ਕਰਨੀ ਛੱਡ ਤਿਆਰੀ ਵਾਸਤੇ ਪਾਲਮਪੁਰ, ਬੀਰ, ਬੈਜਨਾਥ ਅਤੇ ਸਿੱਧਬਾੜੀ ਦੇ ਸਰਕਾਰੀ ਕਾਰਖ਼ਾਨਿਆਂ ਵਿੱਚ ਜਾਣ ਲੱਗੇ ਹਨ, ਕਿਉਂਕਿ ਕਾਰਖ਼ਾਨੇ ਦੀ ਚਾਹ, ਨੀਲਾਮੀ ਵਾਸਤੇ ਸਿੱਧੀ ਕੋਲਕਾਤਾ ਭੇਜੀ ਜਾਂਦੀ ਸੀ। ਹਾਲਾਂਕਿ, ਇਹ ਫ਼ੈਕਟਰੀਆਂ ਬੰਦ ਹੋਣ ਲੱਗੀਆਂ ਤੇ ਮੁਕਾਮੀ ਪੈਦਾਕਾਰਾਂ ਨੂੰ ਰਾਜ ਦਾ ਸਮਰਥਨ ਮਿਲ਼ਣਾ ਬੰਦ ਹੋ ਗਿਆ। ਅੱਜ ਸਿਰਫ਼ ਇੱਕ ਸਹਿਕਾਰੀ ਕਾਰਖ਼ਾਨਾ ਚਾਲੂ ਹੈ।

ਕੋਲਕਾਤਾ ਨੀਲਾਮੀ ਕੇਂਦਰ, ਕਾਂਗੜਾ ਤੋਂ ਕਰੀਬ 2,000 ਕਿ:ਮੀ ਦੂਰ ਹੈ, ਜਿਸ ਨਾਲ਼ ਢੋਆਢੁਆਈ ਲਾਗਤਾਂ, ਗੋਦਾਮ ਦਾ ਕਿਰਾਇਆ ਤੇ ਮਜ਼ਦੂਰੀ ਵਗੈਰਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਨਾਲ਼, ਕਾਂਗੜਾ ਦੇ ਚਾਹ ਬਗ਼ਾਨ ਦੇ ਮਾਲਕਾਂ ਦੇ ਮੁਨਾਫ਼ੇ ਵਿੱਚ ਘਾਟ ਆਈ ਹੈ ਤੇ ਉਨ੍ਹਾਂ ਵਾਸਤੇ ਅਸਾਮ, ਪੱਛਮੀ ਬੰਗਾਲ ਤੇ ਨੀਲਗਿਰੀ ਦੇ ਹੋਰ ਭਾਰਤੀ ਚਾਹ ਉਤਪਾਦਕਾਂ ਦੇ ਨਾਲ਼ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ ਹੈ।

ਵਰਮਾ ਦੱਸਦਾ ਹੈ,''ਕਾਂਗੜਾ ਚਾਹ ਦਾ ਨਿਰਯਾਤ ਹੁਣ ਕਾਂਗੜਾ ਚਾਹ ਦੇ ਰੂਪ ਵਿੱਚ ਨਹੀਂ ਸਗੋਂ ਖ਼ਰੀਦਦਾਰਾਂ ਤੇ ਵਪਾਰੀ ਕੰਪਨੀ ਦੁਆਰਾ ਦਿੱਤੇ ਗਏ ਅੱਡ-ਅੱਡ ਨਾਵਾਂ ਹੇਠ ਕੀਤਾ ਜਾਂਦਾ ਹੈ। ਕੋਲਕਾਤਾ ਦੇ ਖ਼ਰੀਦਦਾਰ ਘੱਟ ਕੀਮਤ 'ਤੇ ਚਾਹ ਖਰੀਦ ਕੇ, ਚੰਗੀ ਕੀਮਤ 'ਤੇ ਉਹਨੂੰ ਵੇਚ ਦਿੰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਕੋਲ਼ ਨਿਰਯਾਤ ਦੀ ਵੀ ਚੰਗੀ ਸੁਵਿਧਾ ਹੈ।''

*****

ਰਜਿੰਦਰ ਮੁਤਾਬਕ,''ਮੈਨੂੰ ਬਗ਼ੀਚੇ ਵਾਸਤੇ ਕਰੀਬ 1,400 ਕਿਲੋ ਖਾਦ ਦੀ ਲੋੜ ਪੈਂਦੀ ਹੈ, ਜਿਸ 'ਤੇ ਕਰੀਬ 20,000 ਰੁਪਏ ਤੱਕ ਦਾ ਖਰਚਾ ਆਉਂਦਾ ਹੈ। ''ਪਹਿਲਾਂ ਰਾਜ ਸਰਕਾਰ ਖਾਦ 'ਤੇ 50 ਫ਼ੀਸਦ ਸਬਸਿਡੀ ਦਿੰਦੀ ਸੀ ਪਰ ਹੁਣ ਪਿਛਲੇ ਪੰਜ ਸਾਲਾਂ ਵਿੱਚ ਇਹਨੂੰ ਬੰਦ ਕਰ ਦਿੱਤਾ ਗਿਆ ਹੈ। ਪਰ ਇਹਦਾ ਸਪੱਸ਼ਟੀਕਰਨ ਨਾ ਤਾਂ ਰਾਜ ਵਿਭਾਗ ਨੂੰ ਦਿੱਤਾ ਗਿਆ ਹੈ ਤ ਨਾ ਕਿਸੇ ਹੋਰ ਨੂੰ ਹੀ।

ਚਾਹ ਦੀ ਖੇਤੀ ਪੂਰੀ ਤਰ੍ਹਾਂ ਕਿਰਤ ਪ੍ਰਧਾਨ ਹੈ। ਮਜ਼ਦੂਰਾਂ ਨੂੰ ਅਪ੍ਰੈਲ ਤੋਂ ਅਕਤੂਬਰ ਵਿਚਾਲੇ ਤੁੜਾਈ ਵਾਸਤੇ ਲੋੜ ਪੈਂਦੀ ਹੈ ਤੇ ਫਿਰ ਨਵੰਬਰ ਤੋਂ ਛਟਾਈ ਵਾਸਤੇ ਲੋੜ ਰਹਿੰਦੀ ਹੈ। ਰਾਜ ਨੇ ਛਟਾਈ ਵਾਸਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ ਤੇ ਰਜਿੰਦਰ ਅਤੇ ਉਹਦਾ ਬੇਟਾ ਮਜ਼ਦੂਰੀ ਦਾ ਪੈਸਾ ਬਚਾਉਣ ਲਈ ਖ਼ੁਦ ਹੀ ਮਸ਼ੀਨ ਚਲਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਪੈਟਰੋਲ ਲਈ ਤਾਂ ਪੈਸਾ ਖਰਚਣਾ ਹੀ ਪੈਂਦਾ ਹੈ।

Machines for processing tea in Rajinder and Sumna’s factory in Tanda village of Kangra district
PHOTO • Aakanksha
Machines for processing tea in Rajinder and Sumna’s factory in Tanda village of Kangra district
PHOTO • Aakanksha

ਕਾਂਗੜਾ ਜ਼ਿਲ੍ਹੇ ਦੇ ਟਾਂਡਾ ਪਿੰਡ ਵਿਖੇ ਰਜਿੰਦਰ ਅਤੇ ਸੁਮਨਾ ਦੀ ਫ਼ੈਕਟਰੀ ਦੀ ਚਾਹ ਤਿਆਰ ਕਰਨ ਵਾਲ਼ੀਆਂ ਮਸ਼ੀਨਾਂ

ਪਿਛਲੇ ਸਾਲ, ਇਸ ਪਰਿਵਾਰ ਨੇ ਤਿੰਨ ਮਜ਼ਦੂਰਾਂ ਨੂੰ 300 ਰੁਪਏ ਦਿਹਾੜੀ 'ਤੇ ਰੱਖਿਆ ਸੀ। ਰਜਿੰਦਰ ਨੂੰ ਉਨ੍ਹਾਂ ਦੀ ਛੁੱਟੀ ਕਰਨੀ ਪਈ ਸੀ ਜਿਸਨੂੰ ਲੈ ਕੇ ਉਹ ਕਹਿੰਦਾ ਹੈ,''ਤੁੜਾਈ ਵਾਸਤੇ ਕੁਝ ਸੀ ਹੀ ਨਹੀਂ, ਤਾਂ ਉਨ੍ਹਾਂ ਨੂੰ ਕੰਮ 'ਤੇ ਰੱਖੀ ਰੱਖਣ ਦੀ ਕੀ ਤੁੱਕ ਸੀ। ਅਸੀਂ ਮਜ਼ਦੂਰੀ ਪੂਰੀ ਕਿਵੇਂ ਕਰਦੇ।'' ਹਰ ਸਾਲ ਅਪ੍ਰੈਲ ਤੋਂ ਅਕਤੂਬਰ ਤੱਕ ਤੁੜਾਈ ਦੌਰਾਨ ਪਹਾੜਾਂ 'ਤੇ ਕਿਰਤੀਆਂ ਦੀ ਭੀੜ ਹੁੰਦੀ ਹੈ, ਪਰ ਸਾਲ 2022 ਵਿੱਚ ਠੀਕ ਉਸੇ ਸੀਜ਼ਨ ਵਿੱਚ ਕੋਈ ਇੱਕ ਮਜ਼ਦੂਰ ਵੀ ਵਿਰਲਾ ਹੀ ਦਿੱਸਦਾ ਸੀ।

ਘੱਟਦੇ ਜਾਂਦੇ ਮੁਨਾਫ਼ੇ ਤੇ ਸਰਕਾਰੀ ਸਹਾਇਤਾ ਨਾ ਮਿਲ਼ਣ ਕਾਰਨ, ਇੱਥੋਂ ਦੇ ਨੌਜਵਾਨਾਂ ਦਾ ਭਵਿੱਖ ਬੇਯਕੀਨੀ ਦੀ ਚਪੇਟ ਵਿੱਚ ਆ ਗਿਆ ਹੈ। ਜਾਟ ਰਾਮ ਕਹਿੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਕੋਲ਼ ਸਰਕਾਰੀ ਨੌਕਰੀਆਂ ਹਨ। ਓਧਰ ਉਹਦੀ ਪਤਨੀ ਅੰਜਗਯਾ ਕਹਿੰਦੀ ਹੈ,''ਮੈਨੂੰ ਨਹੀਂ ਪਤਾ ਕਿ ਸਾਡੇ ਬਾਅਦ ਬਗ਼ੀਚਿਆਂ ਦੀ ਦੇਖਭਾਲ਼ ਕੌਣ ਕਰੇਗਾ।''

ਰਜਿੰਦਰ ਦਾ ਬੇਟਾ, ਆਰੀਅਨ ਹੁਣ ਇੱਥੇ ਕੰਮ ਨਹੀਂ ਕਰਨਾ ਚਾਹੁੰਦਾ। ਉਹ ਕਹਿੰਦਾ ਹੈ,''ਮੈਂ ਆਪਣੇ ਮਾਪਿਆਂ ਨੂੰ ਰੋਜ਼ੀ ਕਮਾਉਣ ਲਈ ਜੱਦੋ-ਜਹਿਦ ਕਰਦੇ ਦੇਖਿਆ ਹੈ। ਫ਼ਿਲਹਾਲ ਤਾਂ ਮੈਂ ਆਪਣਾ ਮਾਪਿਆਂ ਦੇ ਨਾਲ਼ ਕੰਮ ਕਰ ਰਿਹਾ ਹਾਂ ਪਰ ਅੱਗੇ ਮੈਂ ਇਹ ਕੰਮ ਹੋਰ ਜਾਰੀ ਨਹੀਂ ਰੱਖ ਸਕੂੰਗਾ।''

ਰਜਿੰਦਰ ਦੇ ਅਨੁਮਾਨ ਮੁਤਾਬਕ ਸਾਲ ਦੇ ਅੰਤ ਤੱਕ ਉਨ੍ਹਾਂ ਨੇ ਕਰੀਬ 2.5 ਲੱਖ ਰੁਪਏ ਦੀ ਕਮਾਈ ਕੀਤੀ ਸੀ, ਜਿਸ ਵਿੱਚੋਂ ਬਹੁਤੇਰੀ ਕਮਾਈ ਅਕਤੂਬਰ ਤੱਕ ਹੋਈ, ਜਦੋਂ ਚਾਹ ਦਾ ਮੌਸਮ ਮੁੱਕਣ ਨੂੰ ਹੁੰਦਾ ਹੈ। ਇਸੇ ਕਮਾਈ ਨਾਲ਼ ਉਨ੍ਹਾਂ ਦੇ ਕਿਰਾਏ, ਲਾਗਤਾਂ ਤੇ ਹੋਰ ਖਰਚੇ ਪੂਰੇ ਹੁੰਦੇ ਹਨ।

ਰਜਿੰਦਰ ਨੇ ਦੱਸਿਆ ਕਿ 2022 ਵਿੱਚ ਪਰਿਵਾਰ ਦਾ ਗੁਜ਼ਾਰਾ ਬਚਤ ਦੇ ਸਹਾਰੇ ਨਹੀਂ ਚੱਲ ਸਕਿਆ। ਉਨ੍ਹਾਂ ਨੂੰ ਆਪਣੀਆਂ ਦੋ ਗਾਵਾਂ ਦਾ ਦੁੱਧ ਵੇਚ ਤੇ ਛੋਟੇ ਬਗ਼ੀਚਿਆਂ ਦੀਆਂ ਪੱਤੀਆਂ ਤਿਆਰ ਕਰਕੇ ਜਿਵੇਂ-ਕਿਵੇਂ ਆਰੀਅਨ ਦੀ ਟਿਊਸ਼ਨ ਤੋਂ ਹੋਣ ਵਾਲ਼ੀ 5,000 ਦੀ ਕਮਾਈ ਨਾਲ਼ ਹੀ ਆਪਣੇ ਖਰਚੇ ਪੂਰੇ ਕਰਨੇ ਪਏ।

ਸਾਲ 2022 ਵਿੱਚ ਚਾਹ ਬਗ਼ਾਨ ਤੋਂ ਹੋਣ ਵਾਲ਼ਾ ਮੁਨਾਫ਼ਾ ਇੰਨਾ ਨਿਗੂਣਾ ਰਿਹਾ ਕਿ ਰਜਿੰਦਰ ਤੇ ਸੁਮਨਾ ਨੇ ਕਿਰਾਏ 'ਤੇ ਲਏ ਦੋ ਹੈਕਟੇਅਰ ਬਗ਼ਾਨ ਵਾਪਸ ਮੋੜ ਦਿੱਤੇ।

ਤਰਜਮਾ: ਕਮਲਜੀਤ ਕੌਰ

Aakanksha

ಆಕಾಂಕ್ಷಾ ಅವರು ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ವರದಿಗಾರರು ಮತ್ತು ಛಾಯಾಗ್ರಾಹಕರು. ಎಜುಕೇಷನ್ ತಂಡದೊಂದಿಗೆ ಕಂಟೆಂಟ್ ಎಡಿಟರ್ ಆಗಿರುವ ಅವರು ಗ್ರಾಮೀಣ ಪ್ರದೇಶದ ವಿದ್ಯಾರ್ಥಿಗಳಿಗೆ ತಮ್ಮ ಸುತ್ತಲಿನ ವಿಷಯಗಳನ್ನು ದಾಖಲಿಸಲು ತರಬೇತಿ ನೀಡುತ್ತಾರೆ.

Other stories by Aakanksha
Editor : Priti David

ಪ್ರೀತಿ ಡೇವಿಡ್ ಅವರು ಪರಿಯ ಕಾರ್ಯನಿರ್ವಾಹಕ ಸಂಪಾದಕರು. ಪತ್ರಕರ್ತರು ಮತ್ತು ಶಿಕ್ಷಕರಾದ ಅವರು ಪರಿ ಎಜುಕೇಷನ್ ವಿಭಾಗದ ಮುಖ್ಯಸ್ಥರೂ ಹೌದು. ಅಲ್ಲದೆ ಅವರು ಗ್ರಾಮೀಣ ಸಮಸ್ಯೆಗಳನ್ನು ತರಗತಿ ಮತ್ತು ಪಠ್ಯಕ್ರಮದಲ್ಲಿ ಆಳವಡಿಸಲು ಶಾಲೆಗಳು ಮತ್ತು ಕಾಲೇಜುಗಳೊಂದಿಗೆ ಕೆಲಸ ಮಾಡುತ್ತಾರೆ ಮತ್ತು ನಮ್ಮ ಕಾಲದ ಸಮಸ್ಯೆಗಳನ್ನು ದಾಖಲಿಸುವ ಸಲುವಾಗಿ ಯುವಜನರೊಂದಿಗೆ ಕೆಲಸ ಮಾಡುತ್ತಾರೆ.

Other stories by Priti David
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur