“ਦੋ ਜਮ੍ਹਾਂ ਦੋ ਕਿੰਨੇ ਹੁੰਦੇ ਹਨ? ਪ੍ਰਤੀਕ, ਕੀ ਤੈਨੂੰ ਯਾਦ ਹੈ ਕਿ ਤੂੰ ਜੋੜ ਕਿਵੇਂ ਕਰਿਆ ਕਰਦਾ ਸੀ?”

ਪ੍ਰਤੀਕ ਰਾਉਤ ਦੇ ਅਧਿਆਪਕ, ਮੋਹਨ ਤਾਲੇਕਰ, ਇੱਕ  ਸਲੇਟ ਤੇ ਲਿਖ਼ੇ ਨੰਬਰਾਂ ਵੱਲ ਇਸ਼ਾਰਾ ਕਰਕੇ ਇਸ 14 ਸਾਲਾ ਬੱਚੇ ਨੂੰ ਪੁੱਛਦੇ ਹਨ ਇਹ ਜਾਣਨ ਲਈ ਕਿ ਉਸਨੂੰ ਕਿੰਨਾ ਕੁ ਯਾਦ ਹੈ। ਪਰ ਉਹ ਸਲੇਟ ਵੱਲ ਇੱਕਟਕ ਵੇਖੀ ਜਾ ਰਿਹਾ ਹੈ, ਉਸਦੀਆਂ ਨਜ਼ਰਾਂ ਵਿੱਚ ਕੋਈ ਪਛਾਣ ਚਿੰਨ੍ਹ ਉੱਭਰ ਨਹੀਂ ਪਾ ਰਿਹਾ।

ਅੱਜ 15 ਜੂਨ 2022 ਹੈ ਅਤੇ ਅਸੀਂ ਪ੍ਰਤੀਕ ਦੇ ਸਕੂਲ, ਗਿਆਨਪ੍ਰਬੋਧਨ ਮਤੀਮੰਦ ਨਿਵਾਸੀ ਵਿਦਿਆਲਾ, ਵਿੱਚ  ਹਾਂ ਜੋ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ  ਕਰਮਾਲਾ ਤਾਲੁਕੇ ਵਿੱਚ  ਪੈਂਦਾ ਹੈ ਜਿੱਥੇ ਉਹ ਦੋ ਸਾਲਾਂ ਦੇ ਵਕਫ਼ੇ ਬਾਅਦ ਵਾਪਿਸ ਆਇਆ ਹੈ। ਦੋ ਸਾਲ ਬੜਾ ਲੰਬਾ ਵਕਫ਼ਾ ਹੁੰਦਾ ਹੈ।

“ਪ੍ਰਤੀਕ ਨੂੰ ਨੰਬਰ ਯਾਦ ਨਹੀਂ ਹਨ। ਮਹਾਂਮਾਰੀ ਤੋਂ ਪਹਿਲਾਂ ਉਹ ਜੋੜ ਕਰ ਸਕਦਾ ਸੀ ਅਤੇ ਮਰਾਠੀ ਅਤੇ ਅੰਗਰੇਜ਼ੀ ਦੀ ਸਾਰੀ ਵਰਣਮਾਲਾ ਲਿਖ ਲੈਂਦਾ ਸੀ,” ਉਸਦੇ ਅਧਿਆਪਕ ਕਹਿੰਦੇ ਹਨ। “ਹੁਣ ਸਾਨੂੰ ਉਸਨੂੰ ਸਭ ਕੁਝ ਸ਼ੁਰੂ ਤੋਂ ਸਿਖਾਉਣਾ ਪਏਗਾ।”

ਅਕਤੂਬਰ 2020 ਵਿੱਚ  ਜਦੋਂ ਇਹ ਰਿਪੋਰਟਰ ਅਹਿਮਦਨਗਰ ਜ਼ਿਲ੍ਹੇ ’ਚ ਰਾਸ਼ਿਨ ਪਿੰਡ ਵਿੱਚ  ਉਸਦੇ ਘਰ ਗਈ ਸਨ, ਪ੍ਰਤੀਕ ਜੋ ਕਿ ਉਸ ਸਮੇਂ 13 ਵਰ੍ਹਿਆਂ ਦਾ ਸੀ, ਵਰਣਮਾਲਾ ਦੇ ਕੁਝ ਅੱਖਰ ਉਦੋਂ ਤੱਕ ਵੀ ਲਿਖ਼ ਲੈਂਦਾ ਸੀ। ਪਰ ਦਸੰਬਰ 2020 ਤੋਂ ਉਸਨੇ ਲਿਖ਼ਣਾ ਛੱਡ ਦਿੱਤਾ।

ਪ੍ਰਤੀਕ ਨੇ ਸਕੂਲ ਜਾਣਾ 2018 ਵਿੱਚ  ਸ਼ੁਰੂ ਕੀਤਾ ਸੀ। ਅਗਲੇ ਦੋ ਸਾਲਾਂ ਵਿੱਚ  ਸਥਿਰ ਤੇ ਲਗਾਤਾਰ ਮਿਹਨਤ ਸਦਕਾ ਉਸਨੇ ਨੰਬਰਾਂ ਅਤੇ ਅੱਖਰਾਂ ਨੂੰ ਲਿਖਣਾ-ਪੜ੍ਹਨਾ ਸਿੱਖ ਲਿਆ ਸੀ। ਮਾਰਚ 2020 ਵਿੱਚ  ਜਦੋਂ ਉਸਨੇ ਅਗਲੇਰੀ ਪੜ੍ਹਾਈ ਵੱਲ ਵੱਧਣਾ ਸੀ, ਕੋਵਿਡ-19 ਆਣ ਡਿੱਗਿਆ। ਉਹ 6-18 ਸਾਲਾਂ ਦੇ ਉਹਨਾਂ 25 ਬੌਧਿਕ ਰੂਪ ’ਚ ਕਮਜ਼ੋਰ ਵਿਦਿਆਰਥੀਆਂ ਵਿੱਚੋਂ ਇੱਕ ਸੀ ਜਿੰਨ੍ਹਾਂ ਨੂੰ ਆਪਣੇ ਪਰਿਵਾਰਾਂ ਕੋਲ ਵਾਪਿਸ ਭੇਜ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦਾ ਰਿਹਾਇਸ਼ੀ ਸਕੂਲ 2 ਸਾਲਾਂ ਲਈ ਬੰਦ ਰਿਹਾ ਸੀ।

Prateek Raut on the porch of his home in Rashin village and writing in a notebook, in October 2020. He is learning the alphabet and numbers from the beginning at his school now
PHOTO • Jyoti Shinoli
Prateek Raut on the porch of his home in Rashin village and writing in a notebook, in October 2020. He is learning the alphabet and numbers from the beginning at his school now
PHOTO • Jyoti Shinoli

ਅਕਤੂਬਰ 2020 ਵਿੱਚ ਆਪਣੇ ਪਿੰਡ ਰਾਸ਼ਿਨ ਵਿਖੇ ਘਰ ਦੇ ਵਿਹੜੇ ਵਿੱਚ ਬੈਠਾ ਪ੍ਰਤੀਕ ਰਾਉਤ ਆਪਣੀ ਨੋਟਬੁੱਕ ਵਿੱਚ ਲਿਖਦਾ ਹੋਇਆ। ਹੁਣ ਉਹ ਆਪਣੇ ਸਕੂਲ ਵਿੱਚ ਸ਼ੁਰੂ ਤੋਂ ਵਰਣਮਾਲਾ ਅਤੇ ਨੰਬਰ ਸਿੱਖ ਰਿਹਾ ਹੈ

“ਘੱਟੋ-ਘੱਟ ਦੋ ਪੱਧਰ ਅਜਿਹੇ ਸਨ ਜਿਨ੍ਹਾਂ ‘ਤੇ ਇਹਨਾਂ ਵਿਦਿਆਰਥੀਆਂ ਦਾ ਵਿਕਾਸ ਹੌਲੀ ਹੋਇਆ ਹੈ। ਹੁਣ ਹਰੇਕ ਬੱਚੇ ਦੇ ਸਾਹਮਣੇ ਇੱਕ ਵੱਖਰੀ ਚੁਣੌਤੀ ਆਣ ਖੜ੍ਹੀ ਹੋਈ ਹੈ,” ਸਕੂਲ ਦੇ ਕੋਆਰਡੀਨੇਟਰ ਰੋਹਿਤ ਬਾਗੜੇ ਕਹਿੰਦੇ ਹਨ। ਠਾਣੇ ਦੇ ਇੱਕ  NGO, ਸ਼੍ਰਮਿਕ ਮਹਿਲਾ ਮੰਡਲ, ਦੁਆਰਾ ਚਲਾਇਆ ਜਾਂਦਾ ਇਹ ਸਕੂਲ ਆਪਣੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਅਤੇ ਰਿਹਾਇਸ਼ ਪ੍ਰਦਾਨ ਕਰਦਾ ਹੈ।

ਜਿਵੇਂ ਕਿ ਪ੍ਰਤੀਕ ਦਾ ਸਕੂਲ ਅਤੇ ਦੂਜੇ ਹੋਰ ਸਕੂਲ ਮਹਾਂਮਾਰੀ ਦੇ ਮੱਦੇਨਜ਼ਰ ਬੰਦ ਹੋ ਗਏ ਸਨ, ਉਹਨਾਂ ਨੂੰ ਮਹਾਰਾਸ਼ਟਰ ਸਰਕਾਰ ਤੋਂ ਇਹ ਨਿਰਦੇਸ਼ ਪ੍ਰਾਪਤ ਹੋਏ ਸਨ ਕਿ ਉਹ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਕਮਿਸ਼ਨਰੇਟ ਫ਼ਾਰ ਪਰਸਨਜ਼ ਵਿੱਦ   ਡਿਸਅਬਿਲੀਟੀਜ਼ ਵੱਲੋਂ ਸਮਾਜਿਕ ਨਿਆਂ ਅਤੇ ਵਿਸ਼ੇਸ਼ ਸਹਾਇਤਾ ਵਿਭਾਗ (Department of Social Justice and Special Assistance) ਨੂੰ 10 ਜੂਨ 2020 ਨੂੰ ਲਿਖੇ ਪੱਤਰ ਵਿੱਚ  ਕਿਹਾ ਗਿਆ ਸੀ, “ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਜ਼ਰੀਏ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਨ ਲਈ ਨੈਸ਼ਨਲ ਇੰਸਟੀਚਿਊਟ ਫ਼ਾਰ ਦਿ ਐਂਪਾਵਰਮੈਂਟ ਆਫ਼ ਪਰਸਨਜ਼ ਵਿੱਦ ਇੰਟਲੈਕਚੁਅਲ ਡਿਸਅਬਿਲੀਟੀਜ਼(National Institute for the Empowerment of Persons with Intellectual Disabilities), ਖਾਰਘਰ, ਨਵੀਂ ਮੁੰਬਈ, ਜ਼ਿਲ੍ਹਾ ਠਾਣਾ ਦੀ ਵੈੱਬਸਾਈਟ ’ਤੇ ਉਪਲੱਬਧ ਵਿੱਦਿਅਕ ਸਮੱਗਰੀ ਨੂੰ ਵਰਤੋਂ ਵਿੱਚ  ਲਿਆਇਆ ਜਾਣਾ ਚਾਹੀਦਾ ਹੈ, ਅਤੇ ਨਾਲ ਹੀ ਮਾਪਿਆਂ ਦੀ ਲੋੜ ਮੁਤਾਬਕ ਇਸ ਸਮੱਗਰੀ ਨੂੰ ਉਹਨਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।”

ਭਾਵੇਂ ਕਿ ਆਨਲਾਈਨ ਸਿੱਖਿਆ ਬਹੁਤ ਸਾਰੇ ਸਕੂਲੀ ਬੱਚਿਆਂ ਲਈ ਪਰੇਸ਼ਾਨੀ ਬਣ ਗਈ ਹੈ, ਪਰ ਬੌਧਿਕ ਰੂਪ ’ਚ ਕਮਜ਼ੋਰ ਬੱਚਿਆਂ ਲਈ ਤਾਂ ਇਹ ਬਹੁਤ ਵੱਡੀ ਅੜਚਨ ਬਣੀ ਰਹੀ। ਦੇਹਾਤੀ ਭਾਰਤ (ਭਾਰਤ ਦੇ 5,00,000 ਬੌਧਿਕ-ਅਪੰਗ ਬੱਚਿਆਂ ਵਿੱਚੋਂ) ਦੇ 5 ਤੋਂ 19 ਸਾਲ ਦੇ ਲਗਭਗ 400,000 ਬੌਧਿਕ ਤੌਰ ’ਤੇ ਕਮਜ਼ੋਰ ਬੱਚਿਆਂ ਵਿਚੋਂ ਸਿਰਫ਼ 185,000 ਬੱਚੇ ਹੀ ਕਿਸੇ ਵਿੱਦਿਅਕ ਸੰਸਥਾ ਵਿੱਚ ਪੜ੍ਹ ਰਹੇ ਹਨ। (ਜਣਗਣਨਾ 2011)

ਜਿਵੇਂ ਕਿ ਕਿਹਾ ਗਿਆ ਸੀ, ਪ੍ਰਤੀਕ ਦੇ ਸਕੂਲ, ਗਿਆਨਪ੍ਰਬੋਧਨ ਵਿਦਿਆਲਾ ਨੇ ਉਸਦੇ ਮਾਪਿਆਂ ਨੂੰ ਵਿੱਦਿਅਕ ਸਮੱਗਰੀ ਭੇਜੀ: ਵਰਣਮਾਲਾ, ਨੰਬਰ ਅਤੇ ਵਸਤੂਆਂ ਦੇ ਚਾਰਟ; ਕਵਿਤਾ ਅਤੇ ਗੀਤਾਂ ਨਾਲ ਸਬੰਧਿਤ ਅਭਿਆਸ; ਅਤੇ ਹੋਰ ਸਹਾਇਕ  ਸਮੱਗਰੀ। ਇਹ ਭੇਜਣ ਉਪਰੰਤ ਸਟਾਫ਼ ਇਸ ਸਿੱਖਿਅਕ ਸਮੱਗਰੀ ਦੀ ਸਹੀ ਵਰਤੋਂ ਕਰਨ ਸਬੰਧੀ ਫ਼ੋਨ ’ਤੇ ਗੱਲਬਾਤ ਜ਼ਰੀਏ ਮਾਪਿਆਂ ਦਾ ਮਾਰਗਦਰਸ਼ਨ ਕਰਦੇ ਰਹੇ।

Left: Prateek with his mother, Sharada, in their kitchen.
PHOTO • Jyoti Shinoli
Right: Prateek and Rohit Bagade, programme coordinator at Dnyanprabodhan Matimand Niwasi Vidyalaya
PHOTO • Jyoti Shinoli

ਖੱਬੇ: ਰਸੋਈ ਵਿੱਚ ਪ੍ਰਤੀਕ ਆਪਣੀ ਮਾਤਾ ਸ਼ਾਰਧਾ ਨਾਲ। ਸੱਜੇ: ਪ੍ਰਤੀਕ ਅਤੇ ਗਿਆਨਪ੍ਰਬੰਧਨ ਮਤੀਮੰਦ ਨਿਵਾਸੀ ਵਿਦਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਰੋਹਿਤ ਬਾਗੜੇ

“ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ (ਵਿਦਿਅਕ ਸਮੱਗਰੀ ਨੂੰ ਸਮਝਣ ਵਿੱਚ  ਮਦਦ ਕਰਨ ਲਈ) ਬੈਠਣ, ਪਰ ਇੱਕ ਬੱਚੇ ਲਈ ਘਰੇ ਰਹਿਣ ਨਾਲ ਉਹਨਾਂ ਦੀ ਰੋਜ਼ਾਨਾ ਦੀ ਕਮਾਈ (ਆਮਦਨ) ’ਤੇ ਅਸਰ ਪਵੇਗਾ,” ਬਾਗੜੇ ਕਹਿੰਦੇ ਹਨ। ਪਰ ਪ੍ਰਤੀਕ ਸਮੇਤ ਸਾਰੇ 25 ਵਿਦਿਆਰਥੀਆਂ ਦੇ ਮਾਪੇ ਭੱਠਾ ਮਜ਼ਦੂਰ, ਸੀਰੀ (ਖ਼ੇਤ ਮਜ਼ਦੂਰ) ਜਾਂ ਫਿਰ ਛੋਟੇ-ਮੋਟੇ ਕਿਸਾਨ ਹਨ।

ਪ੍ਰਤੀਕ ਦੇ ਮਾਤਾ-ਪਿਤਾ, ਸ਼ਾਰਧਾ ਅਤੇ ਦੱਤਾਤਰਾਏ ਰਾਉਤ, ਪਰਿਵਾਰ ਦੀ ਆਪਣੀ ਖ਼ਪਤ ਲਈ ਖਰੀਫ਼ ਸੀਜ਼ਨ (ਜੂਨ ਤੋਂ ਨਵੰਬਰ) ਦੌਰਾਨ ਜਵਾਰ ਤੇ ਬਾਜਰੇ ਦੀ ਖੇਤੀ ਕਰਦੇ ਹਨ। “ਨਵੰਬਰ ਤੋਂ ਮਈ ਤੱਕ ਅਸੀਂ ਮਹੀਨੇ ਦੇ 20-25 ਦਿਨ ਦੂਜਿਆਂ ਦੇ ਖੇਤਾਂ ਵਿੱਚ ਕੰਮ ਕਰਦੇ ਹਾਂ,” ਸ਼ਾਰਧਾ ਕਹਿੰਦੀ ਹਨ। ਉਹਨਾਂ ਦੀ ਮਹੀਨਾਵਰ ਕਮਾਈ 6,000 ਰੁਪਏ ਨਾਲ਼ੋਂ ਵੱਧ ਨਹੀਂ ਟੱਪਦੀ। ਨਾ ਹੀ ਮਾਤਾ-ਪਿਤਾ ਆਪਣੇ ਬੇਟੇ ਦੀ ਮਦਦ ਕਰਨ ਲਈ ਘਰੇ ਹੀ ਠਹਿਰ ਸਕਦੇ ਹਨ – ਕਿਉਂਕਿ ਇਸਦਾ ਸਿੱਧਾ-ਸਿੱਧਾ ਮਤਲਬ ਇਹ ਹੋਵੇਗਾ ਕਿ ਉਹਨਾਂ ਦੀਆਂ ਦਿਹਾੜੀਆਂ ਟੁੱਟਣੀਆਂ ਤੇ ਆਮਦਨ ’ਚ ਘਾਟਾ ਪੈ ਜਾਵੇਗਾ।

“ਇੰਝ ਪ੍ਰਤੀਕ ਅਤੇ ਦੂਜਿਆਂ ਕੋਲ ਵਿਹਲੇ ਬੈਠਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ,” ਬਾਗੜੇ ਕਹਿੰਦੇ ਹਨ। “(ਸਕੂਲ ਵਿੱਚ) ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਖੇਡਾਂ ਉਹਨਾਂ ਨੂੰ ਆਤਮ-ਨਿਰਭਰ ਬਣਾਉਂਦੀਆਂ ਸਨ ਅਤੇ ਉਹਨਾਂ ਦੇ ਚਿੜਚਿੜੇਪਨ ਅਤੇ ਗੁੱਸੇ ਨੂੰ ਵੀ ਕੰਟਰੋਲ ’ਚ ਰੱਖਦੀਆਂ ਸਨ। [ਪਰ] ਅਜਿਹੀਆਂ ਗਤੀਵਿਧੀਆਂ ਨੂੰ ਆਨਲਾਈਨ ਜਾਰੀ ਰੱਖਣਾ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਅਜਿਹੇ ਬੱਚਿਆਂ ਨੂੰ ਵਿਅਕਤੀਗਤ ਧਿਆਨ ਦੀ ਲੋੜ ਹੁੰਦੀ ਹੈ।

ਸੋਮਵਾਰ ਤੋਂ ਸ਼ੁਕਰਵਾਰ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ (ਅਤੇ ਸ਼ਨਾਵਾਰ ਨੂੰ ਕੁਝ ਘੰਟਿਆਂ ਲਈ) ਚਾਰ ਅਧਿਆਪਕ ਉਹਨਾਂ ਵੱਲ ਧਿਆਨ ਦਿੰਦੇ ਸਨ; ਉਹਨਾਂ ਨੂੰ ਸਪੀਚ ਥੈਰੇਪੀ, ਸਰੀਰਕ ਕਸਰਤ, ਸਵੈ-ਸੰਭਾਲ, ਕਾਗਜ਼ ਦੀਆਂ ਕਲਾਕਾਰੀਆਂ, ਸ਼ਬਦ-ਭੰਡਾਰ, ਨੰਬਰ, ਕਲਾ ਅਤੇ ਹੋਰ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਪਰ ਸਕੂਲ ਬੰਦ ਹੋਣ ਨਾਲ ਇਹ ਸਭ ਕੁਝ ਉਹਨਾਂ ਦੀ ਜ਼ਿੰਦਗੀ ’ਚੋਂ ਕਿਤੇ ਉੱਡ-ਪੁੱਡ ਗਿਆ।

Vaibhav Petkar and his mother, Sulakshana, who is seen cooking in the kitchen of their one-room house
PHOTO • Jyoti Shinoli
This is the last year of school for 18-year-old Vaibhav
PHOTO • Jyoti Shinoli

ਖੱਬੇ:ਵੈਭਵ ਪੇਤਕਰ ਅਤੇ ਉਸਦੀ ਮਾਤਾ ਸੁਲਕਸ਼ਨਾ, ਜੋ ਆਪਣੇ ਘਰ ਦੀ ਰਸੋਈ ਵਿੱਚ ਖਾਣਾ ਬਣਾਉਂਦੇ ਨਜ਼ਰ ਆ ਰਹੇ ਹਨ। ਸੱਜੇ: 18 ਸਾਲ ਵੈਭਵ ਦਾ ਇਸ ਸਕੂਲ ਵਿੱਚ ਇਹ ਆਖ਼ਰੀ ਸਾਲ ਹੈ

ਹੁਣ ਦੋ ਸਾਲਾਂ ਬਾਅਦ ਸਕੂਲ ਵਿੱਚ ਬੱਚਿਆਂ ਨੂੰ ਪੁਰਾਣੇ ਨੇਮਾਂ ਨੂੰ ਮੁੜ-ਅਪਣਾਉਣ ਵਿੱਚ ਦਿੱਕਤ ਆ ਰਹੀ ਹੈ। “ਅਸੀਂ ਰੋਜ਼ਾਨਾਂ ਦੀਆਂ ਆਦਤਾਂ, ਸੰਚਾਰ ਅਤੇ ਧਿਆਨ ਕੇਂਦਰਤ ਕਰਨ ਵਿੱਚ ਸਮੁੱਚੀ ਗਿਰਾਵਟ ਮਹਿਸੂਸ ਕੀਤੀ ਹੈ,” ਬਾਗੜੇ ਕਹਿੰਦੇ ਹਨ। ਕੁਝ ਬੱਚੇ ਗ਼ੁੱਸੈਲ, ਚਿੜਚਿੜੇ ਅਤੇ ਹਿੰਸਕ ਹੋ ਗਏ ਹਨ ਕਿਉਂਕਿ ਉਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਅਚਾਨਕ ਤਬਦੀਲੀ ਆ ਗਈ ਹੈ। ਉਹ ਇਸ ਬਦਲਾਅ ਨੂੰ ਸਮਝਣ ਦੇ ਅਸਮਰੱਥ ਹਨ।”

ਇੱਕ ਪਾਸੇ, ਜਿੱਥੇ ਪ੍ਰਤੀਕ ਕੋਲ ਇਸ ਵਿੱਦਿਅਕ ਘਾਟੇ ਨੂੰ ਪੂਰਾ ਕਰਨ ਲਈ ਕੁਝ ਹੋਰ ਸਾਲ ਹਨ, ਓਧਰ 18 ਸਾਲਾ ਵੈਭਵ ਪੇਤਕਰ ਦਾ ਇਸ ਸਕੂਲ ਵਿੱਚ ਇਹ ਆਖ਼ਰੀ ਸਾਲ ਹੈ। ਦਿਵਿਆਂਗ ਅਧਿਨਿਯਮ 1995 (The Persons with Disabilities Act 1995) ਜੋ ਬਰਾਬਰ ਮੌਕੇ, ਅਧਿਕਾਰਾਂ ਦੀ ਸੁਰੱਖ਼ਿਆ ਅਤੇ ਪੂਰਨ ਭਾਗੀਦਾਰੀ ਦੀ ਪਹਿਲਕਦਮੀ ਦੀ ਗੱਲ ਕਰਦਾ ਹੈ ਦੇ ਅਨੁਸਾਰ, “ਅਪੰਗਤਾ ਨਾਲ ਪੀੜਿਤ ਹਰ ਬੱਚੇ ਨੂੰ 18 ਸਾਲ ਦੀ ਉਮਰ ਤੱਕ ਢੁਕਵੇਂ ਮਾਹੌਲ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।”

“ਇਸ ਸਭ ਤੋਂ ਬਾਅਦ ਇਹ ਬੱਚੇ ਅਕਸਰ ਘਰ ਜੋਗੇ ਹੋ ਕੇ ਹੀ ਰਹਿ ਜਾਂਦੇ ਹਨ, ਕਿਉਂਕਿ ਉਹਨਾਂ ਦੇ ਪਰਿਵਾਰ ਕਿਸੇ ਕਿੱਤਾਮੁਖੀ ਸਿਖਲਾਈ ਸੰਸਥਾ ਦਾ ਖ਼ਰਚਾ ਨਹੀਂ ਓਟ ਸਕਦੇ,” ਬਾਗੜੇ ਦਾ ਕਹਿਣਾ ਹੈ।

ਨੌਂ ਸਾਲਾਂ ਦੀ ਉਮਰ ਵਿੱਚ  ਵੈਭਵ ਦੀ ਉਸ ‘ਗੰਭੀਰ ਮਾਨਸਿਕ ਕਮਜ਼ੋਰੀ’ ਦਾ ਪਤਾ ਲੱਗਿਆ, ਜਿਸ ਕਾਰਨ ਉਹ ਬੋਲ ਨਹੀਂ ਸਕਦਾ ਅਤੇ ਉਹਨੂੰ ਵਾਰ-ਵਾਰ ਮਿਰਗੀ ਦੇ ਦੌਰੇ ਵੀ ਪੈਂਦੇ ਹਨ ਜਿਸਦੇ ਲਈ ਨਿਯਮਿਤ ਦਵਾਈ ਦੀ ਲੋੜ ਹੁੰਦੀ ਹੈ । ‘7-8 ਸਾਲ ਦੀ ਉਮਰ ਵਿੱਚ  ਸ਼ੁਰੂਆਤੀ ਤਾਲੀਮ ਅਤੇ ਵਿਸ਼ੇਸ਼ ਸਕੂਲਿੰਗ ਬੱਚੇ ਦੇ ਵਿਕਾਸ, ਉਸਦੀ ਨਵੀਆਂ ਚੀਜ਼ਾ ਸਿੱਖਣ ਦੀ ਯੋਗਤਾ, ਰੋਜ਼ਾਨਾਂ ਜੀਵਨ ਦੇ ਕੰਮ-ਕਾਜ ਅਤੇ ਵਿਵਹਾਰ ਨਿਯੰਤਰਨ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ,” ਡਾ. ਮੋਨਾ ਗਾਜਰੇ ਕਹਿੰਦੀ ਹਨ ਜੋ ਉੱਤਰ-ਕੇਂਦਰੀ ਮੁੰਬਈ ਦੇ ਸਿਓਨ ਦੇ ਲੋਕਮਾਨਯ ਤਿਲਕ ਮਿਊਂਸੀਪਲ ਜਨਰਲ ਹਸਪਤਾਲ ਵਿੱਚ  ਇੱਕ  ਪ੍ਰੋਫੈਸਰ, ਅਤੇ ਬੱਚਿਆਂ ਦੇ ਦਿਮਾਗ਼ੀ ਅਤੇ ਵਿਕਾਸ ਸਬੰਧੀ ਵਿਗਾੜ ਦੀ ਮਾਹਿਰ ਡਾਕਟਰ ਹਨ।

Left: Vaibhav with his schoolteacher, Mohan Talekar.
PHOTO • Jyoti Shinoli
With his family: (from left) sister Pratiksha, brother Prateek, Vaibhav, father Shivaji, and mother Sulakshana
PHOTO • Jyoti Shinoli

ਖੱਬੇ: ਵੈਭਵ ਆਪਣੇ ਸਕੂਲ ਦੇ ਅਧਿਆਪਕ, ਮੋਹਨ ਤਾਲੇਕਰ ਨਾਲ। ਸੱਜੇ: ਆਪਣੇ ਪਰਿਵਾਰ ਨਾਲ: (ਖੱਬੇ ਤੋਂ) ਭੈਣ ਪ੍ਰਤੀਕਸ਼ਾ, ਭਰਾ ਪ੍ਰਤੀਕ, ਵੈਭਵ , ਪਿਤਾ ਸ਼ਿਵਾਜੀ ਅਤੇ ਮਾਤਾ ਸੁਲਕਸ਼ਨਾ

ਵੈਭਵ ਨੇ ਆਪਣੀ ਸਕੂਲੀ ਸਿੱਖਿਆ 2017 ਵਿੱਚ  ਸ਼ੁਰੂ ਕੀਤੀ ਸੀ ਜਦੋਂ ਉਹ 13 ਸਾਲਾਂ ਦਾ ਸੀ। ਤਕਰੀਬਨ ਤਿੰਨ ਸਾਲਾਂ ਦੇ ਅਭਿਆਸ ਅਤੇ ਸਿਖਲਾਈ ਸਦਕਾ ਉਸ ਨੇ ਸਵੈ-ਸੰਭਾਲ ਦੀਆਂ ਆਦਤਾਂ, ਬਿਹਤਰ ਵਿਵਹਾਰ ਨਿਯੰਤਰਣ ਅਤੇ ਕੁਝ ਕਲਾ ਜਿਵੇਂ ਕਿ ਰੰਗ ਭਰਨਾ ਆਦਿ ਸਿੱਖ ਲਿਆ ਸੀ। “ਉਹ ਰੰਗ ਕਰ ਲੈਂਦਾ ਸੀ। ਉਹ ਬਹੁਤ ਕਿਰਿਆਸ਼ੀਲ ਰਹਿੰਦਾ ਸੀ। ਉਹ ਦੂਜੇ ਬੱਚਿਆਂ ਤੋਂ ਪਹਿਲਾਂ ਤਿਆਰ ਹੁੰਦਾ ਸੀ,” ਉਹ ਯਾਦ ਕਰਦੇ ਹਨ । ਜਦੋਂ ਮਾਰਚ 2020 ਵਿੱਚ  ਵੈਭਵ ਨੂੰ ਘਰ ਭੇਜਿਆ ਗਿਆ ਸੀ, ਉਦੋਂ ਉਸਨੂੰ ਕੋਈ ਗੁੱਸਾ ਵੀ ਨਹੀਂ ਆਉਂਦਾ ਸੀ।

ਵੈਭਵ ਦੇ ਮਾਤਾ-ਪਿਤਾ, ਸ਼ਿਵਾਜੀ ਅਤੇ ਸੁਲਕਸ਼ਨਾ ਆਪਣੇ ਪੁਰਖਿਆਂ ਦੁਆਰਾ ਖ਼ਰੀਦੀ ਦੋ ਏਕੜ ਜ਼ਮੀਨ ’ਤੇ ਸਾਰਾ ਸਾਲ ਕੰਮ ਕਰਦੇ ਹਨ। ਖ਼ਰੀਫ਼ ਸ਼ੀਜਨ ਵਿੱਚ  ਉਹ ਮੱਕੀ, ਜਵਾਰ ਅਤੇ ਕਈ ਵਾਰ ਪਿਆਜ਼ ਦੀ ਖ਼ੇਤੀ ਕਰਦੇ ਹਨ। ਦਸੰਬਰ ਤੋਂ ਮਈ ਮਹੀਨੇ, ਰੱਬੀ ਸੀਜ਼ਨ ਵਿੱਚ  ਉਹ ਖ਼ੇਤ ਮਜ਼ਦੂਰਾਂ ਵੱਜੋਂ ਕੰਮ ਕਰਦੇ ਹਨ। ਜਿਸ ਕਾਰਨ ਵੈਭਵ ਦਾ ਧਿਆਨ ਰੱਖਣ ਦਾ ਕੋਈ ਸਮਾਂ ਹੀ ਨਹੀਂ ਬਚਦਾ, ਜੋ ਕੋਰੇਗਾਂਓ ਪਿੰਡ ਦੇ ਆਪਣੇ ਘਰ ਵਿੱਚ  ਇਕੱਲਾ ਹੀ ਬੈਠਾ ਰਹਿੰਦਾ, ਜੋ ਅਹਿਮਦਨਗਰ ਜ਼ਿਲ੍ਹੇ ਦੇ ਕਾਰਜਾਤ ਤਾਲੁਕੇ ਵਿੱਚ ਪੈਂਦਾ ਹੈ।

ਦੋ ਸਾਲ ਤੱਕ ਸਕੂਲ ਬੰਦ ਰਹਿਣ ਕਾਰਨ ਉਹ ਗ਼ੁਸੈਲ, ਜ਼ਿੱਦੀ ਹੋ ਗਿਆ ਅਤੇ ਉਨੀਂਦਰੇ ਦਾ ਸ਼ਿਕਾਰ ਵੀ ਹੋ ਗਿਆ। ਆਪਣੇ ਆਲੇ-ਦੁਆਲੇ ਲੋਕ ਦੇਖ ਕੇ ਉਸਦੀ ਬੇਚੈਨੀ ਦੁਬਾਰਾ ਵੱਧਣ ਲੱਗ ਪਈ ਹੈ,” ਬਾਗੜੇ ਕਹਿੰਦੇ ਹਨ। “ਹੁਣ ਉਹ ਰੰਗਾਂ ਦੀ ਪਛਾਣ ਨਹੀਂ ਕਰ ਸਕਦਾ।” ਦੋ ਸਾਲ ਤੱਕ ਘਰ ਰਹਿਣ ਅਤੇ ਨਕਲੀ ਸਮਾਰਟਫ਼ੋਨ ਨਾਲ ਖੇਡਣ ਨੇ ਵੈਭਵ ਨੂੰ ਬਹੁਤ ਪਿਛਾਂਹ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਗਿਆਨਪ੍ਰਬੋਧਨ ਮਤੀਮੰਦ ਨਿਵਾਸੀ ਵਿਦਿਆਲਾ ਦੇ ਅਧਿਆਪਕਾਂ ਨੇ ਇਸ ਤੱਥ ਨੂੰ ਸਵੀਕਾਰ ਕਰ ਲਿਆ ਹੈ ਕਿ ਹੁਣ ਉਹਨਾਂ ਨੂੰ ਸਭ ਕੁਝ ਦੁਬਾਰਾ ਸ਼ੁਰੂ ਤੋਂ ਪੜ੍ਹਾਉਣਾ ਪੈ ਸਕਦਾ ਹੈ। “ਹੁਣ ਸਭ ਤੋਂ ਪਹਿਲਾਂ ਸਾਡੀ ਤਰਜੀਹ ਬੱਚਿਆਂ ਨੂੰ ਸਕੂਲ ਦੇ ਵਾਤਾਵਰਣ ਅਤੇ ਨਿੱਤਨੇਮ ਦੇ ਅਨੁਕੂਲ ਬਣਾਉਣ ਦੀ ਹੈ,” ਬਾਗੜੇ ਕਹਿੰਦੇ ਹਨ।

ਪ੍ਰਤੀਕ ਅਤੇ ਵੈਭਵ ਨੂੰ ਮਹਾਂਮਾਰੀ ਤੋਂ ਪਹਿਲਾਂ ਸਿੱਖੀਆਂ ਚੀਜ਼ਾਂ ਅਤੇ ਗਿਆਨ ਨੂੰ ਦੁਬਾਰਾ ਸਿੱਖਣਾ ਪਵੇਗਾ। ਕਿਉਂਕਿ ਉਹਨਾਂ ਨੂੰ ਮਹਾਂਮਾਰੀ ਦੇ ਆਉਣ ਦੇ ਤੁਰੰਤ ਬਾਅਦ ਹੀ ਘਰ ਭੇਜ ਦਿੱਤਾ ਗਿਆ ਸੀ, ਇਸ ਲਈ ਹੁਣ ਕੋਵਿਡ-19 ਨਾਲ ਜਿਉਣਾ ਉਹਨਾਂ ਦੀ ਨਵੀਂ ਸਿੱਖਿਆ ਦਾ ਇੱਕ  ਮਹੱਤਵਪੂਰਨ ਹਿੱਸਾ ਹੋਵੇਗਾ।

Left: Rohit Bagade says children are finding it difficult to readjust to their old routine after the two-year break.
PHOTO • Jyoti Shinoli
Right: Dnyanprabodhan Matimand Niwasi Vidyalaya, in Karmala taluka of Maharashtra’s Solapur district, where Bagade is the programme coordinator
PHOTO • Jyoti Shinoli

ਖੱਬੇ: ਰੋਹਿਤ ਬਾਗੜੇ ਦਾ ਕਹਿਣਾ ਹੈ ਕਿ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਬੱਚਿਆਂ ਨੂੰ ਪੁਰਾਣੇ ਨੇਮਾਂ ਨੂੰ ਮੁੜ-ਅਪਣਾਉਣ ਵਿੱਚ ਦਿੱਕਤ ਆ ਰਹੀ ਹੈ। ਸੱਜੇ: ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਕਰਮਾਲਾ ਤਾਲੁਕਾ ਵਿੱਚ ਸਥਿਤ ਗਿਆਨਪ੍ਰਬੋਧਨ ਮਤੀਮੰਦ ਨਿਵਾਸੀ ਵਿਦਿਆਲਾ, ਜਿਥੇ ਬਾਗੜੇ ਇੱਕ ਪ੍ਰੋਗਰਾਮ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾ ਰਹੇ ਹਨ

ਸੂਬੇ ਦੇ ਸਿਹਤ ਵਿਭਾਗ ਅਨੁਸਾਰ 15 ਜੂਨ 2022 ਨੂੰ ਮਹਾਰਾਸ਼ਟਰ ਵਿੱਚ ਕਰੋਨਾ ਵਾਇਰਸ ਦੇ 4,024 ਨਵੇਂ ਕੇਸ ਦਰਜ ਕੀਤੇ ਗਏ ਸਨ ਜੋ ਕਿ ਪਿਛਲੇ ਦਿਨ ਨਾਲੋਂ 36 ਪ੍ਰਤੀਸ਼ਤ ਵੱਧ ਸਨ। ਮਹਾਰਾਸ਼ਟਰ ਵਿੱਚ  ਕੋਵਿਡ ਦੇ ਕੇਸ ਵੱਧਣ ਨਾਲ ਇਹ ਯਕੀਨੀ ਬਣਾਉਣਾ ਅਤਿ ਲਾਜ਼ਮੀ ਹੈ ਕਿ ਇਹਨਾਂ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਲਈ ਢੁੱਕਵੇ ਉਪਾਅ ਕੀਤੇ ਜਾਣ।

“ਸਾਡਾ ਸਾਰਾ ਸਟਾਫ਼ ਪੂਰੀ ਤਰ੍ਹਾਂ ਵੈਕਸੀਨੇਟਡ ਹੈ। ਸਾਡੇ ਕੋਲ ਸਾਡੇ ਸਹਾਇਕਾਂ ਅਤੇ ਅਧਿਆਪਕਾਂ ਲਈ ਮਾਸਕ ਅਤੇ PPE ਕਿੱਟਾਂ ਹਨ ਕਿਉਂਕਿ ਸਾਡੇ ਬੱਚਿਆਂ ਨੂੰ ਪਹਿਲਾਂ ਹੀ ਕੁਝ ਸਿਹਤ ਸਮੱਸਿਆਵਾਂ ਹਨ,” ਬਾਗੜੇ ਦੱਸਦੇ ਹਨ। “ਹਾਲਾਂਕਿ ਮਾਸਕ ਨਾਲ ਬੱਚਿਆਂ ਨੂੰ ਗੱਲਬਾਤ\ਸੰਚਾਰ ਵਿੱਚ  ਮੁਸ਼ਕਿਲ ਆਉਂਦੀ ਹੈ ਕਿਉਂਕਿ ਜਦੋਂ ਉਹ ਚਿਹਰੇ ਦੇ ਹਾਵ-ਭਾਵ ਪੜ੍ਹਦੇ ਹਨ ਤਾਂ ਜ਼ਿਆਦਾ ਚੰਗੀ ਤਰ੍ਹਾਂ ਨਾਲ਼ ਸਮਝਦੇ ਹਨ।” ਉਹ ਅੱਗੇ ਕਹਿੰਦੇ ਹਨ ਕਿ ਬੱਚਿਆਂ ਨੂੰ ਇਹ ਸਿਖਾਉਣਾ ਕਿ ਉਹਨਾਂ ਲਈ ਮਾਸਕ ਪਾਉਣਾ ਕਿਉਂ ਜ਼ਰੂਰੀ ਹੈ, ਇਸ ਨੂੰ ਪਾਉਣ ਦਾ ਸਹੀ ਤਰੀਕਾ ਕੀ ਹੈ ਅਤੇ ਇਸ ਨੂੰ ਛੂਹਣਾ ਕਿਉਂ ਨਹੀਂ ਚਾਹੀਦਾ ਆਦਿ ਬਾਰੇ ਸਿਖਾਉਣਾ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ।

“ਜਦੋ ਬੌਧਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ ਕੁਝ ਨਵਾਂ ਸਿਖਾਉਣ ਦੀ ਗੱਲ ਆਉਂਦੀ ਹੈ, ਤਾਂ ਅਸੀਂ ਹਰ ਇੱਕ ਕੰਮ ਨੂੰ ਕਦਮ-ਦਰ-ਕਦਮ, ਬੜੇ ਸੰਤੋਖ ਨਾਲ ਕਰ ਕੇ ਵਿਖਾਉਂਦੇ ਹਾਂ ਅਤੇ ਵਾਰ-ਵਾਰ ਦੁਹਰਾਉਂਦੇ ਹਾਂ ਤਾਂ ਕਿ ਉਹ ਅਸਾਨੀ ਨਾਲ ਯਾਦ ਕਰ ਸਕਣ,” ਡਾ. ਗਾਜਰੇ ਦੱਸਦੀ ਹਨ।

ਗਿਆਨਪ੍ਰਬੋਧਨ ਮਤੀਮੰਦ ਨਿਵਾਸੀ ਵਿਦਿਆਲਾ ਦੇ ਵਿਦਿਆਰਥੀਆਂ ਨੇ ਸਕੂਲ ਵਾਪਿਸ ਆਉਣ ’ਤੇ ਜੋ ਕੰਮ ਸਭ ਤੋਂ ਪਹਿਲਾਂ ਸਿੱਖਿਆ, ਉਹ ਸੀ ਹੱਥ ਧੋਣਾ।

“ਖਾਏਲਾ...ਖਾਏਲਾ...ਜੀਵਾਂ...[ਖਾਣਾ...ਖਾਣਾ...ਭੋਜਨ...],” ਵੈਭਵ ਦੁਹਰਾਉਂਦਾ ਹੈ ਅਤੇ ਖਾਣਾ ਮੰਗਦਾ ਹੈ। ਸਾਡੇ ਬਹੁਤੇ ਬੱਚਿਆਂ ਨੂੰ ਇਹੀ ਲੱਗਦਾ ਹੈ ਕਿ ਹੱਥ ਧੋਣ ਦਾ ਮਤਲਬ ਹੈ ਕਿ ਖਾਣੇ ਦਾ ਸਮਾਂ ਹੋ ਗਿਆ ਹੈ,” ਬਾਗੜੇ ਕਹਿੰਦੇ ਹਨ। “ਇਸ ਲਈ ਸਾਨੂੰ ਉਹਨਾਂ ਨੂੰ (ਕੋਵਿਡ ਦੇ ਸਮੇਂ ਵਿੱਚ ) ਵਾਰ-ਵਾਰ ਹੱਥ ਧੋਣ ਦਾ ਮਤਲਬ ਸਮਝਾਉਣਾ ਪਵੇਗਾ।”

ਤਰਜਮਾ: ਇੰਦਰਜੀਤ ਸਿੰਘ

ಜ್ಯೋತಿ ಶಿನೋಲಿ ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ಹಿರಿಯ ವರದಿಗಾರರು; ಅವರು ಈ ಹಿಂದೆ ‘ಮಿ ಮರಾಠಿ’ ಮತ್ತು ‘ಮಹಾರಾಷ್ಟ್ರ1’ನಂತಹ ಸುದ್ದಿ ವಾಹಿನಿಗಳೊಂದಿಗೆ ಕೆಲಸ ಮಾಡಿದ್ದಾರೆ.

Other stories by Jyoti Shinoli
Editor : Sangeeta Menon

ಸಂಗೀತಾ ಮೆನನ್ ಮುಂಬೈ ಮೂಲದ ಬರಹಗಾರು, ಸಂಪಾದಕರು ಮತ್ತು ಸಂವಹನ ಸಲಹೆಗಾರರು.

Other stories by Sangeeta Menon
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

Other stories by Inderjeet Singh