ਕੋਲੋਸ਼ੀ ਦੇ ਵਾਸੀ ਗਣੇਸ਼ ਤੇ ਅਰੁਣ ਮੁਕਨੇ ਨੂੰ ਸਕੂਲ ਹੋਣਾ ਚਾਹੀਦਾ ਹੈ ਪਰ ਉਹ ਆਪਣੇ ਘਰ ਦੇ ਫ਼ਾਲਤੂ ਕੰਮਾਂ ਵਿੱਚ ਆਪਣਾ ਸਮਾਂ ਅਜਾਈਂ ਗੁਆ ਰਹੇ ਹਨ। ਉਮਰ ਦੇ ਹਿਸਾਬ ਨਾਲ਼ ਗਣੇਸ਼ ਨੂੰ 9ਵੀਂ ਤੇ ਅਰੁਣ ਮੁਕਨੇ ਨੂੰ 7ਵੀਂ ਜਮਾਤ ਵਿੱਚ ਹੋਣਾ ਚਾਹੀਦਾ ਸੀ। ਕੋਲੋਸ਼ੀ ਇੱਕ ਬਸਤੀ ਹੈ ਜੋ ਮੁੰਬਈ ਦੇ ਠਾਣੇ ਜ਼ਿਲ੍ਹੇ ਦਾ ਬਾਹਰਵਾਰ ਵੱਸੀ ਹੋਈ ਹੈ। ਉਹ ਦੋਵੇਂ ਆਪਣੇ ਦੁਆਲ਼ੇ ਪਏ ਕਬਾੜ ਦੇ ਸਮਾਨ ਨੂੰ ਇਕੱਠਾ ਕਰਕੇ ਕਦੇ ਕਾਰ ਤੇ ਕਦੇ ਹੋਰ ਚੀਜ਼ਾਂ ਬਣਾ-ਬਣਾ ਖੇਡਦੇ ਰਹਿੰਦੇ ਹਨ ਜਾਂ ਐਵੇਂ ਹੀ ਇੱਧਰ-ਉੱਧਰ ਬਹਿ ਕੇ ਆਪਣਾ ਸਮਾਂ ਟਪਾਉਂਦੇ ਰਹਿੰਦੇ ਹਨ। ਦੋਵਾਂ ਦੇ ਮਾਪੇ ਇੱਟ-ਭੱਠੇ ‘ਤੇ ਕੰਮ ਕਰਦੇ ਹਨ।

ਉਨ੍ਹਾਂ ਦੀ ਮਾਂ, ਨੀਰਾ ਮੁਕਨੇ ਨੇ ਕਿਹਾ,“ਹੁਣ ਦੋਵਾਂ ਦਾ ਕਿਤਾਬਾਂ ਨਾਲ਼ ਕੋਈ ਵਾਹ-ਵਾਸਤਾ ਨਹੀਂ। ਛੋਟਾ ਮੁੰਡਾ (ਅਰੁਣ) ਕਬਾੜ ਤੇ ਲੱਕੜ ਦੇ ਫ਼ਾਲਤੂ ਸਮਾਨ ਤੋਂ ਖਿਡੌਣਾ ਬਣਾਉਣ ‘ਚ ਮਸ਼ਰੂਫ਼ ਰਹਿੰਦਾ ਹੈ। ਉਹ ਪੂਰਾ-ਪੂਰਾ ਦਿਨ ਖੇਡਦਾ ਹੀ ਰਹਿੰਦਾ ਹੈ।” ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿ ਪਾਉਂਦੀ ਅਰੁਣ ਨੇ ਮਾਂ ਦੀ ਗੱਲ ਕੱਟਦਿਆਂ ਕਿਹਾ,“ਮੈਂ ਤੁਹਾਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਸਕੂਲ ਜਾਣਾ ਬੜਾ ਉਬਾਊ ਕੰਮ ਲੱਗਦੈ?” ਦੋਵਾਂ ਦੀ ਬਹਿਸ ਬੇਸਿੱਟਾ ਰਹਿੰਦੀ ਹੈ ਤੇ ਅਰੁਣ ਚੁਫ਼ੇਰਿਓਂ ਕਬਾੜ ਇਕੱਠਾ ਕਰਕੇ ਬਣਾਈ ਕਾਰ ਚੁੱਕੀ ਖੇਡਣ ਲਈ ਬਾਹਰ ਨਿਕਲ਼ ਜਾਂਦਾ ਹੈ।

26 ਸਾਲਾ ਨੀਰਾ 7ਵੀਂ ਤੱਕ ਪੜ੍ਹੀ ਹਨ ਪਰ ਉਨ੍ਹਾਂ ਦੇ ਪਤੀ, 35 ਸਾਲਾ ਵਿਸ਼ਣੂ ਨੇ ਦੂਸਰੀ ਜਮਾਤ ਵਿੱਚ ਹੀ ਸਕੂਲ ਛੱਡ ਦਿੱਤਾ ਸੀ। ਮੁਕਨੇ ਪਰਿਵਾਰ ਕਿਸੇ ਵੀ ਹਾਲ ਵਿੱਚ ਆਪਣੇ ਮੁੰਡਿਆਂ ਨੂੰ ਪੜ੍ਹਾਈ ਕਰਵਾਉਣਾ ਚਾਹੁੰਦਾ ਹੈ, ਤਾਂਕਿ ਉਹ ਦੋਵੇਂ ਵੀ ਆਪਣੇ ਮਾਪਿਆਂ ਵਾਂਗਰ ਮੱਛੀ ਫੜ੍ਹਨ ਤੇ ਇੱਟ-ਭੱਠਿਆਂ ‘ਤੇ ਕੰਮ ਕਰਕੇ ਆਪਣੀ ਜੂਨ ਨਾ ਗਾਲਣ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕੋਈ ਢੰਗ ਦਾ ਕੰਮ ਕਰਨ। ਬਹੁਤ ਸਾਰੇ ਆਦਿਵਾਸੀ ਪਰਿਵਾਰ ਇੱਟ-ਭੱਠਿਆਂ ‘ਤੇ ਕੰਮ ਕਰਨ ਲਈ ਸ਼ਹਾਪੁਰ-ਕਲਿਆਣ ਦੇ ਇਲਾਕੇ ਵੱਲ ਨੂੰ ਪ੍ਰਵਾਸ ਕਰ ਗਏ ਹਨ।

ਕਾਤਕਾਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਵਿਸ਼ਣੂ ਨੇ ਕਿਹਾ,“ਮੈਂ ਆਪ ਨਹੀਂ ਪੜ੍ਹ ਸਕਿਆ। ਪਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ।” ਕਾਤਕਾਰੀ ਆਦਿਵਾਸੀ ਭਾਈਚਾਰਾ ਮਹਾਰਾਸ਼ਟਰ ਦੇ ਤਿੰਨ ਖ਼ਾਸ ਅਸੁਰੱਖਿਅਤ ਕਬੀਲਾ ਸਮੂਹ (ਪੀਵੀਟੀਜੀ) ਵਿੱਚੋਂ ਇੱਕ ਹੈ। ਕਬੀਲਾਈ ਮਾਮਲਿਆਂ ਦੇ ਮੰਤਰਾਲੇ ਵੱਲ਼ੋਂ ਜਾਰੀ 2013 ਦੀ ਇੱਕ ਰਿਪੋਰਟ ਮੁਤਾਬਕ ਰਾਜ ਵਿੱਚ ਕਾਤਕਾਰੀ ਭਾਈਚਾਰੇ ਦੀ ਸਾਖਰਤਾ ਦਰ 41 ਫ਼ੀਸਦ ਹੈ।

ਕੋਈ ਚਾਰ ਸਾਲ ਪਹਿਲਾਂ ਸਕੂਲ ਅੰਦਰ ਲੋੜੀਂਦੇ (ਬਹੁਤੇ) ਬੱਚੇ ਨਾ ਹੋਣ ਕਾਰਨ ਉਹਨੂੰ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ, ਉਦੋਂ ਹੀ ਵਿਸ਼ਣੂ ਤੇ ਉਨ੍ਹਾਂ ਦੀ ਪਤਨੀ ਨੇ ਬੇਟਿਆਂ ਦਾ ਦਾਖ਼ਲਾ ਮਢ ਪਿੰਡ ਦੇ ਸਰਕਾਰੀ ਸੈਕੰਡਰੀ ਆਸ਼ਰਮ ਸਕੂਲ ਵਿਖੇ ਕਰਵਾ ਦਿੱਤਾ, ਜਿਹਨੂੰ ਮੁਕਾਮੀ ਲੋਕੀਂ ਮਢ ਆਸ਼ਰਮਸ਼ਾਲਾ ਕਹਿੰਦੇ ਹਨ। ਜੋ ਰਾਜ ਵੱਲੋਂ ਸੰਚਾਲਤ ਰਹਾਇਸ਼ੀ ਸਕੂਲ ਹੈ ਜਿੱਥੇ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਇਹ ਠਾਣੇ ਜ਼ਿਲ੍ਹੇ ਦੇ ਮੁਰਬਾਡ ਤੋਂ 30 ਕਿਲੋਮੀਟਰ ਦੂਰ ਸਥਿਤ ਹੈ। ਕੁੱਲ 379 ਬੱਚਿਆਂ ਵਿੱਚੋਂ 125 ਬੱਚੇ ਉੱਥੇ ਰਹਿੰਦੇ ਵੀ ਹਨ ਜਿਨ੍ਹਾਂ ਵਿੱਚ ਗਣੇਸ਼ ਤੇ ਅਰੁਣ ਵੀ ਸ਼ਾਮਲ ਸਨ। ਵਿਸ਼ਣੂ ਕਹਿੰਦੇ ਹਨ,“ਮੈਂ ਬੜਾ ਖ਼ੁਸ਼ ਸਾਂ, ਕਿਉਂਕਿ ਸਕੂਲ ਵਿੱਚ ਉਨ੍ਹਾਂ ਦੀ ਸਿੱਖਿਆ ਅਤੇ ਭੋਜਨ ਦੋਵਾਂ ਦਾ ਹੀ ਬੰਦੋਬਸਤ ਸੀ। ਪਰ ਸਾਨੂੰ ਆਪਣੇ ਬੱਚਿਆਂ ਦੀ ਬੜੀ ਯਾਦ ਆਉਂਦੀ।”

PHOTO • Mamta Pared
PHOTO • Mamta Pared

ਖੱਬੇ ਪਾਸੇ: ਅਰੁਣ ਮੁਕਨੇ ਆਪਣੇ ਵੱਲੋਂ ਤਿਆਰ ਕੀਤੀ ਲੱਕੜ ਦੀ ਗਢੀਰੀ ਨਾਲ਼ ਖੇਡ ਰਿਹਾ ਹੈ। ਸੱਜੇ ਪਾਸੇ: ਆਪਣੇ ਘਰ ਦੇ ਬਾਹਰ ਬੈਠਾ ਮੁਕਨੇ ਪਰਿਵਾਰ: ਵਿਸ਼ਣੂ, ਗਣੇਸ਼, ਨੀਰਾ ਤੇ ਅਰੁਣ

ਜਦੋਂ ਤਾਲਾਬੰਦੀ ਦਾ ਐਲਾਨ ਹੋਇਆ ਤੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ, ਤਦ ਕੋਲੋਸ਼ੀ ਦੇ ਬਹੁਤੇਰੇ ਬੱਚੇ ਜੋ ਮਢ ਆਸ਼ਰਮਸ਼ਾਲਾ ਵਿਖੇ ਪੜ੍ਹਾਈ ਕਰਦੇ ਸਨ, ਆਪੋ-ਆਪਣੇ ਘਰਾਂ ਨੂੰ ਪਰਤ ਆਏ।

ਵਿਸ਼ਣੂ ਦੇ ਦੋਵੇਂ ਬੇਟੇ ਵੀ ਘਰ ਪਰਤ ਆਏ। ਉਹ ਕਹਿੰਦੇ ਹਨ,“ਸ਼ੁਰੂ ਸ਼ੂਰ ਵਿੱਚ ਅਸੀਂ ਆਪਣੇ ਬੱਚਿਆਂ ਦੇ ਆਉਣ ਨੂੰ ਲੈ ਕੇ ‘ਬੜੇ ਖ਼ੁਸ਼ ਹੋਏ।” ਜਦੋਂਕਿ ਇਸ ਗੱਲ਼ ਦਾ ਮਤਲਬ ਇਹ ਸੀ ਕਿ ਉਨ੍ਹਾਂ ਨੂੰ ਪਰਿਵਾਰ ਪਾਲਣ ਲਈ ਹੁਣ ਵੱਧ ਕੰਮ ਤੇ ਵੱਧ ਕਮਾਈ ਦੀ ਲੋੜ ਸੀ। ਵਿਸ਼ਣੂ, ਪਰਿਵਾਰ ਦੇ ਪਾਲਣ-ਪੋਸ਼ਣ ਲਈ ਨੇੜੇ ਪੈਂਦੇ ਛੋਟੇ ਜਿਹੇ ਡੈਮ (ਚੈਕਡੈਮ) ਤੋਂ ਮੱਛੀਆਂ ਫੜ੍ਹਦੇ ਸਨ ਤੇ ਮੁਰਬਾਡ ਵੇਚ ਦਿੰਦੇ। ਇੱਕ ਦਿਨ ਵਿੱਚ ਉਨ੍ਹਾਂ ਨੂੰ 2 ਤੋਂ 3 ਕਿਲੋ ਮੱਛੀਆਂ ਹੀ ਮਿਲ਼ ਪਾਉਂਦੀਆਂ ਤੇ ਇੰਝ ਬੱਚਿਆਂ ਦੇ ਘਰ ਮੁੜਨ ਨਾਲ਼ ਸਿਰ ਪਏ ਬਹੁਤੇ ਖਰਚੇ ਨੂੰ ਚਲਾਉਣ ਲਈ ਮੱਛੀਆਂ ਤੋਂ ਹੁੰਦੀ ਇਹ ਵਾਧੂ ਕਮਾਈ ਵੀ ਸਹਾਰਾ ਨਾ ਬਣਦੀ। ਇਸਲਈ, ਉਨ੍ਹਾਂ ਨੇ ਨੇੜਲੇ ਇੱਟ-ਭੱਠੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 1000 ਇੱਟਾਂ ਥੱਪਣ ਬਦਲੇ ਉਨ੍ਹਾਂ ਨੂੰ 600 ਰੁਪਏ ਮਿਲ਼ਦੇ ਹਨ, ਪਰ ਹਕੀਕਤ ਵਿੱਚ ਕੰਮ ਦੇ ਹਿਸਾਬ ਨਾਲ਼ ਇਹ ਪੈਸਾ ਢੁਕਵਾਂ ਨਹੀਂ ਰਹਿੰਦਾ, ਕਿਉਂਕਿ ਪੂਰਾ-ਪੂਰਾ ਦਿਨ ਕੰਮ ਕਰਨ ਦੇ ਬਾਵਜੂਦ ਵੀ ਉਹ ਬਾਮੁਸ਼ਕਲ ਹੀ 700-750 ਇੱਟਾਂ ਹੀ ਥੱਪ ਪਾਉਂਦੇ ਹਨ।

ਦੋ ਸਾਲਾਂ ਬਾਅਦ ਸਕੂਲ ਦੋਬਾਰਾ ਖੁੱਲ੍ਹ ਗਏ ਹਨ ਤੇ ਮਢ ਆਸ਼ਰਮਸ਼ਾਲਾ ਵਿੱਚ ਵੀ ਕਲਾਸਾਂ ਸ਼ੁਰੂ ਹੋ ਗਈਆਂ ਹਨ, ਪਰ ਆਪਣੇ ਮਾਪਿਆਂ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਗਣੇਸ਼ ਅਤੇ ਅਰੁਣ ਸਕੂਲ ਵਾਪਸ ਮੁੜਨ ਨੂੰ ਰਾਜ਼ੀ ਨਹੀਂ ਹੁੰਦੇ। ਅਰੁਣ ਦਾ ਕਹਿਣਾ ਹੈ ਕਿ ਦੋ ਸਾਲਾਂ ਦੇ ਵਕਫ਼ੇ ਵਿੱਚ ਸਾਰਾ ਪੜ੍ਹਿਆ-ਪੜ੍ਹਾਇਆ ਸਫ਼ਾਚੱਟ ਹੋ ਗਿਆ ਹੈ। ਪਰ ਉਨ੍ਹਾਂ ਦੇ ਪਿਤਾ ਨੇ ਹਿੰਮਤ ਨਹੀਂ ਹਾਰੀ ਤੇ ਜਿਵੇਂ-ਕਿਵੇਂ ਕਰਕੇ ਆਪਣੇ ਵੱਡੇ ਬੇਟੇ ਗਣੇਸ਼ ਲਈ ਕਿਤਾਬਾਂ ਖ਼ਰੀਦਣ ਦਾ ਬੰਦੋਬਸਤ ਕਰ ਰਹੇ ਹਨ ਤਾਂਕਿ ਉਹ ਦੋਬਾਰਾ ਸਕੂਲ ਜਾ ਸਕੇ।

ਚੌਥੀ ਜਮਾਤ ਵਿੱਚ ਪੜ੍ਹਨ ਵਾਲ਼ੇ ਨੌਂ ਸਾਲਾ ਕਰੂਸ਼ਨਾ ਭਗਵਾਨ ਜਾਧਵ ਤੇ ਤੀਸਰੀ ਵਿੱਚ ਪੜ੍ਹਨ ਵਾਲ਼ਾ ਉਹਦਾ ਦੋਸਤ ਕਾਲੂਰਾਮ ਚੰਦਰਕਾਂਤ ਪਵਾਰ ਦੋਬਾਰਾ ਆਸ਼ਰਮਸ਼ਾਲਾ ਜਾਣ ਲਈ ਉਤਸੁਕ ਤਾਂ ਹਨ: “ਸਾਨੂੰ ਪੜ੍ਹਨਾ ਲਿਖਣਾ ਚੰਗਾ ਲੱਗਦਾ ਹੈ,” ਦੋਵੇਂ ਇੱਕੋ ਸੁਰ ਵਿੱਚ ਕਹਿੰਦੇ ਹਨ। ਪਰ, ਦੋ ਸਾਲਾਂ ਦੇ ਇਸ ਵਕਫ਼ੇ ਤੋਂ ਵੀ ਥੋੜ੍ਹੀ ਹੀ ਦੇਰ ਪਹਿਲਾਂ ਦੋਵਾਂ ਨੇ ਸਕੂਲ ਜਾਣਾ ਸ਼ੁਰੂ ਕੀਤਾ ਸੀ, ਇਸਲਈ ਹੁਣ ਉਨ੍ਹਾਂ ਨੂੰ ਕੁਝ ਵੀ ਚੇਤਾ ਨਹੀਂ ਤੇ ਸਾਰੀ ਸ਼ੁਰੂਆਤ ਨਵੇਂ ਸਿਰਿਓਂ ਕਰਨੀ ਪਵੇਗੀ।

ਇਹ ਦੋਵੇਂ ਮੁੰਡੇ ਸਕੂਲ ਬੰਦ ਹੋਣ ਤੋਂ ਬਾਅਦ ਹੀ ਆਪੋ-ਆਪਣੇ ਪਰਿਵਾਰਾਂ ਦੇ ਨਾਲ਼ ਨਹਿਰਾਂ ਤੇ ਨਦੀਆਂ ਦੇ ਕੰਢਿਆਂ ਤੋਂ ਰੇਤ ਕੱਢਣ ਦਾ ਕੰਮ ਕਰਦੇ ਰਹੇ ਹਨ। ਬੱਚਿਆਂ ਦੇ ਘਰ ਮੁੜਨ ਕਾਰਨ ਪਰਿਵਾਰਾਂ ਸਿਰ ਵੱਧ ਕਮਾਈ ਕਰਨ ਦਾ ਬੋਝ ਵੱਧ ਗਿਆ ਸੀ ਕਿਉਂਕਿ ਹੁਣ ਖਾਣ ਵਾਲ਼ੇ ਮੈਂਬਰ ਵੀ ਵੱਧ ਗਏ ਸਨ।

PHOTO • Mamta Pared
PHOTO • Mamta Pared

ਖੱਬੇ: ਠਾਣੇ ਜ਼ਿਲ੍ਹੇ ਦੇ ਮਢ ਪਿੰਡ ਵਿਖੇ ਸਥਿਤ ਸਰਕਾਰੀ ਸੈਕੰਡਰੀ ਆਸ਼ਰਮ ਸਕੂਲ। ਸੱਜੇ: ਕ੍ਰਿਸ਼ਨਾ ਜਾਧਵ (ਖੱਬੇ) ਤੇ ਕਾਲੂਰਾਮ ਪਵਾਰ ਨੇੜਲੇ ਤਲਾਅ ਵਿੱਚ ਨਹਾਉਂਦੇ ਹੋਏ

*****

ਪੂਰੇ ਦੇਸ਼ ਵਿੱਚ ਪਿਛੜੇ ਕਬੀਲਿਆਂ ਦੇ ਪੜ੍ਹਾਈ ਛੱਡਣ ਵਾਲ਼ੇ ਬੱਚਿਆਂ ਦਾ ਔਸਤ 35 ਫ਼ੀਸਦ ਹੈ ਅਤੇ 8ਵੀਂ ਤੋਂ ਬਾਅਦ ਪੜ੍ਹਾਈ ਛੱਡਣ ਦਾ ਇਹ ਔਸਤ 55 ਫ਼ੀਸਦ ਹੋ ਜਾਂਦਾ ਹੈ। ਕੋਲੋਸ਼ੀ ਦੀ ਅਬਾਦੀ ਮੂਲ਼ ਰੂਪ ਵਿੱਚ ਆਦਿਵਾਸੀ-ਬਹੁਗਿਣਤੀ ਵਾਲ਼ੀ ਹੈ ਤੇ ਇਸ ਬਸਤੀ ਜਾਂ ਵਾੜੀ ਵਿੱਚ ਕਾਤਕਰੀ ਆਦਿਵਾਸੀਆਂ ਦੇ ਕਰੀਬ 16 ਪਰਿਵਾਰ ਵੱਸੇ ਹੋਏ ਹਨ। ਮੁਰਬਾਡ ਤਹਿਸੀਲ ਵਿਖੇ ਵੀ ਮਾ ਠਾਕੁਰ ਆਦਿਵਾਸੀਆਂ ਦੀ ਕਾਫ਼ੀ ਗਿਣਤੀ ਹੈ। ਇਨ੍ਹਾਂ ਦੋਵਾਂ ਭਾਈਚਾਰਿਆਂ ਦੇ ਬੱਚੇ ਆਸ਼ਰਮਸ਼ਾਲਾ ਵਿਖੇ ਪੜ੍ਹਾਈ ਕਰਦੇ ਸਨ।

ਤਾਲਾਬੰਦੀ ਦੌਰਾਨ ਆਨਲਾਈਨ ਪੜ੍ਹਾਈ ਜਾਰੀ ਰੱਖਣ ਦਾ ਰਾਹ ਦੇਣ ਵਾਲ਼ੇ ਕਈ ਦੂਸਰੇ ਸਕੂਲਾਂ ਦੇ ਉਲਟ ਮਢ ਆਸ਼ਰਮਸ਼ਾਲਾ, ਜਿੱਥੇ ਪੜ੍ਹਨ ਵਾਲ਼ੇ ਬਹੁਤੇਰੇ ਬੱਚੇ ਆਦਿਵਾਸੀ ਭਾਈਚਾਰਿਆਂ ਤੋਂ ਹਨ, ਨੇ ਮਾਰਚ 2020 ਵਿੱਚ ਪੜ੍ਹਾਈ ਬੰਦ ਕਰਨ ਦਾ ਫ਼ੈਸਲਾ ਕੀਤਾ।

ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਇੱਕ ਅਧਿਆਪਕ ਦੱਸਦੇ ਹਨ,“ਆਨਲਾਈਨ ਪੜ੍ਹਾਈ ਦੀ ਯੋਜਨਾ ਨੂੰ ਲਾਗੂ ਕਰਨਾ ਇਸ ਲਈ ਵੀ ਅਸੰਭਵ ਸੀ, ਕਿਉਂਕਿ ਸਾਰੇ ਵਿਦਿਆਰਥੀਆਂ ਜਾਂ ਉਨ੍ਹਾਂ ਪਰਿਵਾਰਾਂ ਕੋਲ਼ ਸਮਾਰਟਫ਼ੋਨ ਨਹੀਂ ਸਨ। ਜਿਨ੍ਹਾਂ ਪਰਿਵਾਰਾਂ ਕੋਲ਼ ਫ਼ੋਨ ਹੈਗੇ ਵੀ ਸਨ, ਫ਼ੋਨ ਕਰਿਆਂ ਪਤਾ ਲੱਗਦਾ ਕਿ ਫ਼ੋਨ ਕੰਮ ਕਰਨ ਬਾਹਰ ਗਏ ਮਾਂ ਜਾਂ ਪਿਤਾ ਕੋਲ਼ ਹੁੰਦਾ।” ਕਈ ਅਧਿਆਪਕਾਂ ਦੀ ਸ਼ਿਕਾਇਤ ਇਹ ਵੀ ਹੈ ਕਿ ਕਈ ਇਲਾਕਿਆਂ ਵਿੱਚ ਮੋਬਾਇਲ ਨੈਟਵਰਕ ਨਾ ਹੋਣ ਕਾਰਨ ਉਨ੍ਹਾਂ ਵਿਦਿਆਰਥੀਆਂ ਨਾਲ਼ ਰਾਬਤਾ ਕਾਇਮ ਕਰ ਪਾਉਣਾ ਔਖ਼ਾ ਸੀ।

ਅਜਿਹਾ ਨਹੀਂ ਸੀ ਕਿ ਉਨ੍ਹਾਂ ਵੱਲ਼ੋਂ ਕੋਈ ਕਸਰ ਰਹਿ ਗਈ ਸੀ। ਸਾਲ 2021 ਦੇ ਅਖ਼ੀਰਲੇ ਤੇ 2022 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਕੁਝ ਸਕੂਲਾਂ ਨੇ ਰੈਗੂਲਰ ਕਲਾਸਾਂ ਸ਼ੁਰੂ ਕੀਤੀਆਂ। ਪਰ ਵਿਸ਼ਣੂ ਦੇ ਬੇਟੇ ਗਣੇਸ਼ ਤੇ ਅਰੁਣ ਤੋਂ ਇਲਾਵਾ, ਕ੍ਰਿਸ਼ਨਾ ਤੇ ਕਾਲੂਰਾਮ ਵਾਂਗਰ ਕਾਫ਼ੀ ਸਾਰੇ ਬੱਚਿਆਂ ਨੂੰ ਜਮਾਤਾਂ ਤੇ ਪੜ੍ਹਾਈ ਤੋਂ ਅਕੇਵਾਂ ਜਿਹਾ ਹੋ ਗਿਆ ਸੀ ਤੇ ਉਹ ਸਕੂਲ ਵਾਪਸ ਹੀ ਨਹੀਂ ਜਾਣਾ ਚਾਹੁੰਦੇ ਸਨ।

ਇੱਕ ਅਧਿਆਪਕ ਨੇ ਪਾਰੀ ਨੂੰ ਦੱਸਿਆ,“ਜਿਨ੍ਹਾਂ ਬੱਚਿਆਂ ਨੂੰ ਅਸੀਂ ਸਕੂਲ ਵਾਪਸ ਆਉਣ ਲਈ ਰਾਜ਼ੀ ਕੀਤਾ ਵੀ, ਉਹ ਵੀ ਸਾਰਾ ਕੁਝ ਭੁੱਲ ਚੁੱਕੇ ਸਨ।” ਅਜਿਹੇ ਵਿਦਿਆਰਥੀਆਂ ਦਾ ਵੱਖਰਾ ਸਮੂਹ ਬਣਾਇਆ ਗਿਆ ਤੇ ਅਧਿਆਪਕਾਂ ਨੇ ਉਨ੍ਹਾਂ ਬੱਚਿਆਂ ਲਈ ਅੱਡ ਤੋਂ ਪਾਠਨ ਕਲਾਸਾਂ ਸ਼ੁਰੂ ਕੀਤੀਆਂ। ਬੱਚਿਆਂ ਵਿੱਚ ਲੋੜੀਂਦਾ ਸੁਧਾਰ ਦੇਖਿਆ ਵੀ ਗਿਆ ਪਰ ਫ਼ਰਵਰੀ 2021 ਵਿੱਚ ਕਰੋਨਾ ਦੀ ਦੂਜੀ ਲਹਿਰ ਕਾਰਨ ਮਹਾਂਰਾਸ਼ਟਰ ਵਿੱਚ ਫਿਰ ਤੋਂ ਤਾਲਾਬੰਦੀ ਠੋਕ ਦਿੱਤੀ ਗਈ ਅਤੇ ਬੱਚੇ ਇੱਕ ਵਾਰ ਫੇਰ ਤੋਂ ਘਰਾਂ ਨੂੰ ਮੁੜ ਆਏ।

*****

PHOTO • Mamta Pared

ਕਾਲੂਰਾਮ ਤੇ ਕ੍ਰਿਸ਼ਨਾ ਦੇ ਨਾਲ਼ ਬੈਠੀ ਲੀਲਾ ਜਾਧਵ। ਦੋਵੇਂ ਮੁੰਡੇ ਦੁਪਹਿਰ ਦੇ ਖਾਣੇ ਵਿੱਚ ਉਬਲ਼ੇ ਚੌਲ਼ ਖਾ ਰਹੇ ਹਨ

ਕ੍ਰਿਸ਼ਨਾ ਦੀ ਮਾਂ ਲੀਲਾ ਕਹਿੰਦੀ ਹਨ,“ਇੰਨੀ ਘੱਟ ਕਮਾਈ ਨਾਲ਼ ਮੈਂ ਪਰਿਵਾਰ ਦਾ ਢਿੱਡ ਭਰਾਂ ਜਾਂ ਫ਼ੋਨ ਖ਼ਰੀਦਾਂ? ਮੇਰੇ ਬੀਮਾਰ ਪਤੀ ਪਿਛਲੇ ਇੱਕ ਸਾਲ ਤੋਂ ਬਿਸਤਰੇ ‘ਤੇ ਹਨ,” ਉਹ ਅੱਗੇ ਦੱਸਦੀ ਹਨ,“ਮੇਰਾ ਵੱਡਾ ਮੁੰਡਾ ਇੱਟ-ਭੱਠੇ ‘ਤੇ ਕਮਾਈ ਕਰਨ ਗਿਆ ਹੋਇਆ ਹੈ।” ਆਪਣੇ ਛੋਟੇ ਬੇਟੇ ਦੀ ਪੜ੍ਹਾਈ ਲਈ ਫ਼ੋਨ ਖਰੀਦ ਸਕਣਾ ਉਨ੍ਹਾਂ ਦੇ ਵੱਸੋਂ ਬਾਹਰ ਦੀ ਗੱਲ ਹੈ।

ਕ੍ਰਿਸ਼ਨਾ ਤੇ ਕਾਲੂਰਾਮ ਦੁਪਹਿਰ ਦਾ ਖਾਣਾ ਖਾ ਰਹੇ ਹਨ- ਉਨ੍ਹਾਂ ਦੀ ਪਲੇਟ ਵਿੱਚ ਸਿਰਫ਼ ਚੌਲ਼ ਹੀ ਹਨ, ਨਾ ਸਬਜ਼ੀ ਤੇ ਨਾ ਹੀ ਕੋਈ ਹੋਰ ਚੀਜ਼। ਲੀਲਾ ਪਤੀਲੇ ਦਾ ਢੱਕਣ ਚੁੱਕ ਕੇ ਪੂਰੇ ਪਰਿਵਾਰ ਲਈ ਉਬਾਲ਼ੇ ਚੌਲ਼ਾਂ ਦੀ ਮਿਣਤੀ ਦਿਖਾਉਂਦੀ ਹਨ।

ਦੇਵਘਰ ਦੇ ਹੋਰਨਾਂ ਲੋਕਾਂ ਵਾਂਗਰ ਲੀਲਾ ਵੀ ਰੋਜ਼ੀਰੋਟੀ ਵਾਸਤੇ ਮੁਕਾਮੀ ਨਹਿਰਾਂ-ਨਦੀਆਂ ਕੰਢਿਓਂ ਰੇਤ ਕੱਢਣ ਦਾ ਕੰਮ ਕਰਦੀ ਹਨ। ਇੱਕ ਟਰੱਕ ਦੀ ਕੀਮਤ 3,000 ਰੁਪਏ ਹੁੰਦੀ ਹੈ ਤੇ ਇੱਕ ਪੂਰਾ ਟਰੱਕ ਭਰਨ ਲਈ ਤਿੰਨ-ਚਾਰ ਬੰਦਿਆਂ ਨੂੰ ਪੂਰਾ ਹਫ਼ਤਾ ਮਿਹਨਤ ਕਰਨੀ ਪੈਂਦੀ ਹੈ। ਫਿਰ ਕਮਾਏ ਪੈਸੇ ਨੂੰ ਸਾਰੇ ਮਜ਼ਦੂਰਾਂ ਵਿਚਾਲੇ ਬਰਾਬਰ ਵੰਡਿਆ ਜਾਂਦਾ ਹੈ।

ਨਾਲ਼ੋਂ-ਨਾਲ਼ ਖਾਣਾ ਖਾ ਰਿਹਾ ਕਾਲੂਰਾਮ ਹਵਾ ਵਿੱਚ ਹੀ ਪੁੱਛਦਾ ਹੈ,“ਅਸੀਂ ਦੋਬਾਰਾ ਪੜ੍ਹਾਈ ਕਦੋਂ ਸ਼ੁਰੂ ਕਰਾਂਗੇ?” ਇਸੇ ਸਵਾਲ ਦੇ ਜਵਾਬ ਦੀ ਉਡੀਕ ਲੀਲਾ ਵੀ ਕਰ ਰਹੀ ਹਨ, ਕਿਉਂਕਿ ਇਸ ਸਵਾਲ ਦਾ ਤਾਅਲੁੱਕ ਸਿਰਫ਼ ਬੱਚਿਆਂ ਦੀ ਪੜ੍ਹਾਈ ਨਾਲ਼ ਨਹੀਂ, ਸਗੋਂ ਯਕੀਨੀ ਤੌਰ ‘ਤੇ ਮਿਲ਼ਣ ਵਾਲ਼ੇ ਭੋਜਨ ਨਾਲ਼ ਵੀ ਹੈ।

*****

ਅਖ਼ੀਰ ਫ਼ਰਵਰੀ 2022 ਵਿੱਚ ਮਢ ਆਸ਼ਰਮਸ਼ਾਲਾ ਦੋਬਾਰਾ ਖੋਲ੍ਹ ਦਿੱਤੀ ਗਈ। ਕੁਝ ਬੱਚੇ ਵਾਪਸ ਪਰਤ ਆਏ ਪਰ 15 ਦੇ ਕਰੀਬ ਬੱਚੇ (1-8ਵੀਂ ਜਮਾਤ ਦੇ) ਵਾਪਸ ਨਹੀਂ ਮੁੜੇ। ਇੱਕ ਅਧਿਆਪਕ ਨੇ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਕਿਹਾ,“ਉਨ੍ਹਾਂ ਨੂੰ ਸਕੂਲ ਵਾਪਸ ਲਿਆਉਣ ਲਈ ਅਸੀਂ ਹਰ ਹੀਲਾ ਕਰਕੇ ਦੇਖ ਲਿਆ। ਪਰ ਉਹ ਬੱਚੇ ਠਾਣੇ, ਕਲਿਆਣ ਤੇ ਸ਼ਹਾਪੁਰ ਵਿੱਚ ਕੰਮ ਕਰਨ ਵਾਲ਼ੇ ਆਪਣੇ ਪਰਿਵਾਰਾਂ ਦੇ ਨਾਲ਼ ਹਨ। ਉਨ੍ਹਾਂ ਤੱਕ ਪਹੁੰਚ ਪਾਉਣਾ ਬੜਾ ਔਖ਼ਾ ਕੰਮ ਹੈ।”

ਤਰਜਮਾ: ਕਮਲਜੀਤ ਕੌਰ

Mamta Pared

ಮಮತಾ ಪರೇದ್ (1998-2022) ಪತ್ರಕರ್ತೆ ಮತ್ತು 2018ರ ಪರಿ ಇಂಟರ್ನ್ ಆಗಿದ್ದರು. ಅವರು ಪುಣೆಯ ಅಬಾಸಾಹೇಬ್ ಗರ್ವಾರೆ ಕಾಲೇಜಿನಿಂದ ಪತ್ರಿಕೋದ್ಯಮ ಮತ್ತು ಸಮೂಹ ಸಂವಹನದಲ್ಲಿ ಸ್ನಾತಕೋತ್ತರ ಪದವಿ ಪಡೆಡಿದ್ದರು. ಆದಿವಾಸಿಗಳ ಜೀವನ, ವಿಶೇಷವಾಗಿ ತನ್ನ ವರ್ಲಿ ಸಮುದಾಯದ ಬದುಕು, ಜೀವನೋಪಾಯಗಳು ಮತ್ತು ಹೋರಾಟಗಳ ಬಗ್ಗೆ ಅವರು ವರದಿ ಮಾಡಿದ್ದರು.

Other stories by Mamta Pared
Editor : Smruti Koppikar

ಸ್ಮೃತಿ ಕೊಪ್ಪಿಕರ್ ಸ್ವತಂತ್ರ ಪತ್ರಕರ್ತರು ಮತ್ತು ಅಂಕಣಕಾರರು ಮತ್ತು ಮಾಧ್ಯಮ ಶಿಕ್ಷಕರು.

Other stories by Smruti Koppikar
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur