ਉਹ ਥਾਂ ਜਿੱਥੇ ਚੰਪਤ ਨਰਾਇਣ ਜੰਗਲੇ ਮੁਰਦਾ ਪਏ ਸਨ, ਨਰਮੇ ਦੇ ਲਹਿਰਾਉਂਦੇ ਖੇਤਾਂ ਦਾ ਇੱਕ ਪਥਰੀਲਾ ਤੇ ਉਜੜਿਆ ਪਾਸਾ ਹੈ।

ਮਹਾਰਾਸ਼ਟਰ ਦੇ ਇਨ੍ਹਾਂ ਇਲਾਕਿਆਂ ਵਿੱਚ, ਅਜਿਹੀ ਥਾਂ ਨੂੰ ਹਲਕੀ ਜਾਂ ਖੋਖਲੀ ਜ਼ਮੀਨ ਕਹਿੰਦੇ ਹਨ। ਹਰੀ-ਭਰੀ ਪਹਾੜੀ ਅੰਧ ਕਬੀਲੇ ਨਾਲ਼ ਜੁੜੀਆਂ ਜ਼ਮੀਨਾਂ ਦੇ ਕੈਨਵਾਸ ਨੂੰ ਇੱਕ ਸੁੰਦਰ ਪਿੱਠਭੂਮੀ ਪ੍ਰਦਾਨ ਕਰਦੀ ਹੈ, ਜੋ ਪਿੰਡੋਂ ਦੂਰ ਖੇਤ ਦਾ ਇੱਕ ਅਲੱਗ-ਥਲੱਗ ਪਿਆ ਹਿੱਸਾ ਹੈ।

ਜੰਗਲੀ ਸੂਰਾਂ ਤੋਂ ਆਪਣੇ ਖੇਤਾਂ ਨੂੰ ਬਚਾਉਣ ਲਈ ਚੰਪਤ ਕਈ ਦਿਨ ਅਤੇ ਕਈ ਰਾਤਾਂ ਉੱਥੇ ਖੇਤ ਵਿੱਚ ਬਿਤਾਉਂਦੇ ਸਨ ਤੇ ਫੂਸ ਦਾ ਕੁੱਲੀ ਹੀ ਸੀ ਜੋ ਉਨ੍ਹਾਂ ਨੂੰ ਤੇਜ਼ ਧੁੱਪ ਤੇ ਮੀਂਹ ਤੋਂ ਬਚਾਉਂਦੀ। ਉਹ ਕੁੱਲੀ ਅਜੇ ਵੀ ਉਸੇ ਥਾਵੇਂ ਮੋਛਿਆਂ/ਡਾਂਗਾ ਸਹਾਰੇ ਖੜ੍ਹੀ ਹੈ। ਉਨ੍ਹਾਂ ਦੇ ਗੁਆਂਢੀ ਚੇਤੇ ਕਰਦਿਆਂ ਕਹਿੰਦੇ ਹਨ ਕਿ ਚੰਪਤ ਸਦਾ ਇੱਥੇ ਹੀ ਮੌਜੂਦ ਰਹਿੰਦੇ ਸਨ।

45 ਸਾਲਾ, ਅੰਧ ਆਦਿਵਾਸੀ ਕਿਸਾਨ ਚੰਪਤ ਨੂੰ ਕੁੱਲੀ ਤੋਂ ਆਪਣੇ ਖੇਤ ਦਾ ਪੂਰਾ ਨਜ਼ਾਰਾ ਦਿੱਸਦਾ ਹੋਵੇਗਾ ਤੇ ਨਾਲ਼ ਹੀ ਉਨ੍ਹਾਂ ਨੂੰ ਨੁਕਸਾਨੀ ਫ਼ਸਲ ਦੇ ਡਿੱਗੇ ਸਿੱਟੇ, ਗੋਡਿਆਂ ਤੱਕ ਲੰਬੇ ਅਰਹਰ ਦੇ ਪੌਦੇ ਅਤੇ ਕਦੇ ਨਾ ਪੂਰਿਆ ਜਾਣ ਵਾਲ਼ਾ ਨੁਕਸਾਨ ਵੀ ਨਜ਼ਰੀ ਪੈਂਦਾ ਹੋਵੇਗਾ।

ਉਨ੍ਹਾਂ ਨੂੰ ਪਤਾ ਹੋਵੇਗਾ ਕਿ ਦੋ ਮਹੀਨਿਆਂ ਬਾਅਦ, ਜਦੋਂ ਫ਼ਸਲ ਦੀ ਵਾਢੀ ਸ਼ੁਰੂ ਹੋਵੇਗੀ ਤਾਂ ਇੱਕ ਵੀ ਦਾਣਾ ਹੱਥ ਨਹੀਂ ਲੱਗਣਾ। ਉਨ੍ਹਾਂ ਨੇ ਇਸੇ ਫ਼ਸਲ ਦੀ ਵਿਕਰੀ ਤੋਂ ਹੀ ਤਾਂ ਕਰਜੇ ਲਾਹੁੰਣੇ ਸੀ, ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਸਨ। ਪਰ, ਹੁਣ ਤਾਂ ਕੋਈ ਪੈਸਾ ਵੀ ਖੱਟਿਆ ਨਹੀਂ ਜਾਣਾ।

Badly damaged and stunted cotton plants on the forlorn farm of Champat Narayan Jangle in Ninganur village of Yavatmal district. Champat, a small farmer, died by suicide on August 29, 2022.
PHOTO • Jaideep Hardikar
The small thatched canopy that Champat had built for himself on his farm looks deserted
PHOTO • Jaideep Hardikar

ਖੱਬੇ : ਯਵਤਮਾਲ ਜ਼ਿਲ੍ਹੇ ਦੇ ਨਿੰਗਪੁਰ ਪਿੰਡ ਵਿਖੇ ਚੰਪਤ ਨਰਾਇਣ ਜੰਗਲੇ ਦੇ ਖੇਤ ਵਿੱਚ ਨਰਮੇ ਦੇ ਬੂਟੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਚੰਪਤ ਇੱਕ ਛੋਟੇ ਕਿਸਾਨ ਸਨ ਤੇ ਉਨ੍ਹਾਂ ਨੇ ਅਗਸਤ 2022 ਨੂੰ ਆਤਮਹੱਤਿਆ ਕਰ ਲਈ। ਸੱਜੇ : ਚੰਪਤ ਦੁਆਰਾ ਖੇਤ ਵਿੱਚ ਆਪਣੇ ਹੱਥੀਂ ਬਣਾਈ ਕੁੱਲੀ ਵੀ ਵੀਰਾਨ ਹੋ ਗਈ

ਬੀਤੀ 29 ਅਗਸਤ, 2022 ਦੀ ਇੱਕ ਦੁਪਹਿਰ, ਜਦੋਂ ਉਨ੍ਹਾਂ ਦੀ ਪਤਨੀ ਧਰੁਪਦਾ ਬੱਚਿਆਂ ਨੂੰ ਨਾਲ਼ ਲਈ 50 ਕਿਲੋਮੀਟਰ ਦੂਰ ਪੈਂਦੇ ਆਪਣੇ ਪੇਕੇ ਘਰ ਬੀਮਾਰ ਪਿਤਾ ਦੀ ਖ਼ਬਰ ਲੈਣ ਗਈ ਸਨ; ਮਗਰੋਂ ਚੰਪਤ ਨੇ ਮੋਨੋਸਿਲ, ਖ਼ਤਰਨਾਕ ਕੀੜੇ ਮਾਰ ਦਵਾਈ, ਪੀ ਲਈ। ਜੋ ਉਨ੍ਹਾਂ ਨੇ ਉਧਾਰ ਪੈਸਿਆਂ ਨਾਲ਼ ਇੱਕ ਦਿਨ ਪਹਿਲਾਂ ਖਰੀਦੀ ਸੀ।

ਇਸ ਤੋਂ ਬਾਅਦ, ਉਨ੍ਹਾਂ ਨੇ ਦੂਜੇ ਖੇਤ ਵਿੱਚ ਕੰਮੇ ਲੱਗੇ ਆਪਣੇ ਚਚੇਰੇ ਭਰਾ ਨੂੰ ਜ਼ੋਰ ਦੀ ਵਾਜ ਮਾਰੀ ਤੇ ਮੋਨੋਸਿਲ ਦਾ ਖਾਲੀ ਡੱਬੇ ਨੂੰ ਹਿਲਾਇਦੇ ਹੋਏ ਭੁੰਜੇ ਡਿੱਗ ਗਏ, ਜਿਓਂ ਉਨ੍ਹਾਂ ਨੂੰ ਅਲਵਿਦਾ ਕਹਿਣਾ ਚਾਹ ਰਹੇ ਹੋਣ। ਭੁੰਜੇ ਡਿੱਗਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ।

ਚੰਪਤ ਨੇ 70 ਸਾਲਾ ਚਾਚਾ ਰਾਮਦਾਸ ਜੰਗਲੇ ਨੇੜਲੇ ਇੱਕ ਬੰਜਰ ਤੇ ਪਥਰੀਲੇ ਖੇਤ ਵਿੱਚ ਕੰਮੇ ਲੱਗੇ ਸਨ। ਉਹ ਦੱਸਦੇ ਹਨ ਕਿ ''ਮੈਂ ਸਾਰਾ ਕੁਝ ਛੱਡ ਉਹਦੇ ਵੱਲ਼ ਭੱਜਿਆ।'' ਕਾਹਲੀ-ਕਾਹਲੀ ਰਿਸ਼ਤੇਦਾਰਾਂ ਤੇ ਪਿੰਡ ਦੇ ਲੋਕਾਂ ਨੇ ਚੰਪਤ ਨੂੰ 30 ਕਿਲੋਮੀਟਰ ਦੂਰ ਇੱਕ ਗ੍ਰਾਮੀਣ ਹਸਪਤਾਲ ਲਿਜਾਣ ਲਈ ਗੱਡੀ ਦਾ ਬੰਦੋਬਸਤ ਕੀਤਾ। ਪਰ, ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਿਆਂਦਾ ਗਿਆ ਐਲਾਨ ਦਿੱਤਾ।

*****

ਮਹਾਰਾਸ਼ਟਰ ਦੇ ਪੱਛਮੀ ਵਿਦਰਭ ਇਲਾਕੇ ਦੇ ਯਵਤਮਾਲ ਦੀ ਉਮਰਖੇੜ ਤਹਿਸੀਲ ਦੇ ਦੂਰ-ਦੁਰਾਡੇ ਪਿੰਡ ਨਿੰਗਨੁਰ ਵਿੱਚ ਜ਼ਿਆਦਾ ਕਰਕੇ ਛੋਟੇ ਤੇ ਦਰਮਿਆਨ ਅੰਧ ਆਦਿਵਾਸੀ ਕਿਸਾਨ ਰਹਿੰਦੇ ਤੇ ਇੱਥੋਂ ਦੀ ਜ਼ਮੀਨ ਖੋਖਲੀ ਹੈ। ਬੱਸ ਇੱਥੇ ਹੀ ਚੰਪਤ ਜੀਵਿਆ ਤੇ ਮਰਿਆ ਵੀ।

ਵਿਦਰਭ ਵਿਖੇ, ਪਿਛਲੇ ਦੋ ਮਹੀਨਿਆਂ (ਜੁਲਾਈ ਤੇ ਅੱਧ ਅਗਸਤ) ਵਿੱਚ ਲਗਾਤਾਰ ਵਰ੍ਹੇ ਮੀਂਹ ਦੇ ਨਾਲ਼-ਨਾਲ਼ ਸੋਕੇ ਦੀ ਹਾਲਤ ਕਾਰਨ ਕਿਸਾਨ ਆਤਮਹੱਤਿਆਵਾਂ ਦਾ ਹੜ੍ਹ ਜਿਹਾ ਹੀ ਆ ਗਿਆ।

ਰਾਮਦਾਸ ਕਹਿੰਦੇ ਹਨ,''ਕਰੀਬ ਤਿੰਨ ਹਫ਼ਤਿਆਂ ਤੱਕ ਅਸੀਂ ਸੂਰਜ ਨਾ ਦੇਖਿਆ,'' ਸਭ ਤੋਂ ਪਹਿਲਾਂ, ਭਾਰੀ ਮੀਂਹ ਨੇ ਬੀਜਾਈ ਬਰਬਾਦ ਕਰ ਛੱਡੀ। ਇਸ ਤੋਂ ਬਾਅਦ, ਜੋ ਪੌਦੇ ਮੀਂਹ ਦੀ ਮਾਰ ਤੋਂ ਬਚੇ ਰਹਿ ਵੀ ਗਏ ਉਹ ਸੋਕੇ ਦੀ ਬਲ਼ੀ ਚੜ੍ਹ ਗਏ। ਉਹ ਅੱਗੇ ਦੱਸਦੇ ਹਨ,''ਜਦੋਂ ਅਸੀਂ ਖਾਦ ਪਾਉਣੀ ਹੁੰਦੀ ਤਾਂ ਮੀਂਹ ਰੁੱਕਣ ਦਾ ਨਾਮ ਨਾ ਲੈਂਦਾ। ਹੁਣ ਜਦੋਂ ਮੀਂਹ ਦੀ ਲੋੜ ਹੈ ਤਾਂ ਮੀਂਹ ਪੈਂਦਾ ਨਹੀਂ।''

The Andh community's colony in Ninganur.
PHOTO • Jaideep Hardikar
Ramdas Jangle has been tending to his farm and that of his nephew Champat’s after the latter’s death
PHOTO • Jaideep Hardikar

ਖੱਬੇ : ਨਿੰਗਨੁਰ ਵਿਖੇ ਅੰਧ ਭਾਈਚਾਰੇ ਦੀ ਕਲੋਨੀ। ਸੱਜੇ : ਰਾਮਦਾਸ ਜੰਗਲੇ ਆਪਣੇ ਭਤੀਜੇ ਚੰਪਤ ਦੀ ਮੌਤ ਤੋਂ ਬਾਅਦ ਆਪਣੇ ਖੇਤ ਦੇ ਨਾਲ਼ ਨਾਲ਼ ਉਨ੍ਹਾਂ ਦੇ ਖੇਤ ਦੀ ਦੇਖਭਾਲ ਵੀ ਕਰ ਰਹੇ ਹਨ

ਪੱਛਮੀ ਵਿਦਰਭ ਦਾ ਨਰਮੇ ਦਾ ਇਲਾਕਾ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ, ਖੇਤੀ ਵਿੱਚ ਤੇਜ਼ੀ ਨਾਲ਼ ਵੱਧਦੇ ਆਰਥਿਕ ਸੰਕਟ ਅਤੇ ਵਾਤਾਵਰਣਕ ਮੁਤੱਲਕ ਸਮੱਸਿਆਵਾਂ ਦੇ ਕਾਰਨ ਹੋ ਰਹੀਆਂ ਕਿਸਾਨੀ ਆਤਮਹੱਤਿਆਵਾਂ ਦੇ ਕਾਰਨ ਬਹੁਤ ਜ਼ਿਆਦਾ ਚਰਚਾ ਵਿੱਚ ਰਿਹਾ ਹੈ।

ਆਈਐੱਮਡੀ ਦੇ ਜ਼ਿਲ੍ਹੇਵਾਰ ਮੀਂਹ ਦੇ ਅੰਕੜਿਆਂ ਮੁਤਾਬਕ, ਵਿਦਰਭ ਅਤੇ ਮਰਾਠਵਾੜਾ ਦੇ ਸਾਂਝੇ ਰੂਪ ਨਾਲ਼ 19 ਜ਼ਿਲ੍ਹਿਆਂ ਵਿੱਚ, ਵਰਤਮਾਨ ਮਾਨਸੂਨ ਦੌਰਾਨ ਔਸਤ ਨਾਲ਼ੋਂ 30 ਫ਼ੀਸਦ ਵੱਧ ਮੀਂਹ ਪਿਆ ਹੈ। ਸਭ ਤੋਂ ਵੱਧ ਮੀਂਹ ਜੁਲਾਈ ਵਿੱਚ ਪਿਆ। ਅਜੇ ਮਾਨਸੂਨ ਮੁੱਕਣ ਵਿੱਚ ਕਰੀਬ ਇੱਕ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਇਸ ਇਲਾਕੇ ਵਿੱਚ ਜੂਨ ਅਤੇ 10 ਸਤੰਬਰ, 2022 ਦਰਮਿਆਨ 1100 ਮਿਮੀ ਤੋਂ ਵੱਧ ਮੀਂਹ ਪੈ ਚੁੱਕਿਆ ਹੈ (ਬੀਤੇ ਸਮੇਂ ਵਿੱਚ, ਇਸ ਵਕਫ਼ੇ ਦੌਰਾਨ 800 ਮਿਮੀ ਮੀਂਹ ਪਿਆ ਸੀ)। ਇਹ ਸਾਲ ਅਸਧਾਰਣ ਮੀਂਹ ਵਾਲ਼ਾ ਸਾਲ ਬਣਦਾ ਜਾ ਰਿਹਾ ਹੈ।

ਪਰ ਇਹ ਅੰਕੜਾ ਰੱਦੋਬਦਲ ਅਤੇ ਉਤਰਾਅ-ਚੜ੍ਹਾਅ ਨੂੰ ਨਹੀਂ ਦਰਸਾਉਂਦਾ। ਜੂਨ ਵਿੱਚ ਲਗਭਗ ਨਾ ਦੇ ਬਰਾਬਰ ਮੀਂਹ ਪਿਆ ਸੀ। ਜੁਲਾਈ ਦੀ ਸ਼ੁਰੂਆਤ ਵਿੱਚ ਮੀਂਹ ਸ਼ੁਰੂ ਹੋਇਆ ਤੇ ਥੋੜ੍ਹੇ ਹੀ ਦਿਨਾਂ ਵਿੱਚ ਇਹਨੇ ਜੂਨ ਦੀ ਘਾਟ ਨੂੰ ਵੀ ਪੂਰ ਦਿੱਤਾ। ਜੁਲਾਈ ਦੇ ਅੱਧ ਤੱਕ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚੋਂ ਹੜ੍ਹ ਆਉਣ ਦੀ ਸੂਚਨਾ ਮਿਲ਼ੀ ਸੀ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਮਰਾਠਵਾੜਾ ਅਤੇ ਵਿਦਰਭ ਵਿੱਚ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ, ਕਈ ਥਾਵੀਂ ਭਾਰੀ ਮੀਂਹ (24 ਘੰਟੇ ਵਿੱਚ 65 ਮਿਮੀ ਤੋਂ ਵੱਧ) ਦੀ ਸੂਚਨਾ ਦਿੱਤੀ।

ਅਗਸਤ ਦੀ ਸ਼ੁਰੂ ਵਿੱਚ ਮੀਂਹ ਬੰਦ ਹੋ ਗਿਆ ਤੇ ਯਵਤਮਾਲ ਸਣੇ ਕਈ ਜ਼ਿਲ੍ਹਿਆਂ ਵਿੱਚ ਸਤੰਬਰ ਦੀ ਸ਼ੁਰੂਆਤ ਤੱਕ ਸੋਕਾ ਦੇਖਿਆ ਗਿਆ। ਪਰ ਇਸ ਤੋਂ ਬਾਅਦ ਫਿਰ ਪੂਰੇ ਮਹਾਰਾਸ਼ਟਰ ਵਿੱਚ ਮੀਂਹ ਨੇ ਆਣ ਬੂਹਾ ਖੜ੍ਹਕਾਇਆ।

ਨਿੰਗਨੁਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਮੀਂਹ ਤੋਂ ਬਾਅਦ, ਲੰਬੇ ਸਮੇਂ ਤੱਕ ਸੋਕਾ ਰਹਿਣ ਦਾ ਇੱਕ ਪੈਟਰਨ (ਚਲਨ) ਜਿਹਾ ਬਣਦਾ ਜਾ ਰਿਹਾ ਹੈ। ਇਹ ਚਲਨ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਉਨ੍ਹਾਂ ਲਈ ਇਹ ਤੈਅ ਕਰਨਾ ਮੁਸ਼ਕਲ ਹੈ ਕਿ ਕਿਹੜੀਆਂ ਫ਼ਸਲਾਂ ਉਗਾਉਣ, ਕਿਹੜੀ ਪੱਧਤੀ ਅਪਣਾਈ ਜਾਵੇ ਤੇ ਪਾਣੀ ਤੇ ਮਿੱਟੀ ਦੀ ਨਮੀ ਦਾ ਪ੍ਰਬੰਧਨ ਕਿਵੇਂ ਕਰਨ। ਇਸ ਕਾਰਨ ਕਰਕੇ ਇੱਕ ਖ਼ਤਰਨਾਕ ਹਾਲਤ ਪੈਦਾ ਹੋ ਰਹੀ ਹੈ, ਜਿਹਦੇ ਕਾਰਨ ਚੰਪਤ ਨੇ ਖ਼ੁਦ ਨੂੰ ਮਾਰ ਮੁਕਾਇਆ।

Fields damaged after extreme rains in July and mid-August in Shelgaon village in Nanded.
PHOTO • Jaideep Hardikar
Large tracts of farms in Chandki village in Wardha remained under water for almost two months after the torrential rains of July
PHOTO • Jaideep Hardikar

ਖੱਬੇ: ਨੰਦੇੜ ਦੇ ਸ਼ੇਲਗਾਓਂ ਪਿੰਡ ਵਿਖੇ ਜੁਲਾਈ ਅਤੇ ਅੱਧ ਅਗਸਤ ਵਿੱਚ ਵਿਤੋਂਵੱਧ ਮੀਂਹ ਪੈਣ ਕਾਰਨ  ਖੇਤਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਿਆ। ਸੱਜੇ: ਵਰਧਾ ਦੇ ਚੰਦਕੀ ਪਿੰਡ ਵਿਖੇ ਜੁਲਾਈ ਦੇ ਮੋਹਲੇਦਾਰ ਮੀਂਹ ਤੋਂ ਬਾਅਦ, ਕਰੀਬ ਦੋ ਮਹੀਨਿਆਂ ਤੱਕ ਖੇਤਾਂ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬਿਆ ਰਿਹਾ

ਖੇਤੀ ਸੰਕਟ ਨੂੰ ਘੱਟ ਕਰਨ ਲਈ, ਸਰਕਾਰ ਵੱਲੋਂ ਸੰਚਾਲਤ ਟਾਸਕ ਫ਼ੋਰਸ ਵਸੰਤਰਾਓ ਨਾਇਕ ਸ਼ੇਤਕਾਰੀ ਸਵਾਵਲੰਬਨ ਮਿਸ਼ਨ ਦੇ ਪ੍ਰਮੁਖ ਕਿਸ਼ੋਰ ਤਿਵਾੜੀ ਕਹਿੰਦੇ ਹਨ ਕਿ ਹਾਲੀਆ ਸਮੇਂ ਵਿੱਚ ਕਿਸਾਨਾਂ ਦੀਆਂ ਆਤਮਹੱਤਿਆਵਾਂ ਬਹੁਤ ਵੱਧ ਗਈਆਂ ਹਨ। ਉਹ ਦੱਸਦੇ ਹਨ ਕਿ ਇਕੱਲੇ ਵਿਦਰਭ ਵਿੱਚ 25 ਅਗਸਤ ਤੋਂ 10 ਸਤੰਬਰ ਦੇ ਪੰਦਰ੍ਹਾਂ ਦਿਨਾਂ ਵਿੱਚ 30 ਕਿਸਾਨਾਂ ਨੇ ਆਤਮਹੱਤਿਆ ਕਰ ਲਈ। ਉਨ੍ਹਾਂ ਦਾ ਕਹਿਣਾ ਕਿ ਵਿਤੋਂਵੱਧ ਮੀਂਹ ਪੈਣ ਤੇ ਆਰਥਿਕ ਸੰਕਟ ਕਾਰਨ, ਜਨਵਰੀ 2022 ਤੋਂ ਹੁਣ ਤੀਕਰ 1,000 ਤੋਂ ਵੱਧ ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ।

ਆਤਮਹੱਤਿਆ ਕਰਨ ਵਾਲ਼ਿਆਂ ਵਿੱਚ ਯਵਤਮਾਲ ਦੇ ਇੱਕੋ ਪਿੰਡ ਦੇ ਦੋ ਭਰਾ ਵੀ ਸ਼ਾਮਲ ਹਨ, ਜਿਨ੍ਹਾਂ ਨੇ ਇੱਕ ਮਹੀਨੇ ਦੇ ਫ਼ਰਕ ਨਾਲ਼ ਆਪੋ-ਆਪਣੀ ਜਾਨ ਲਈ।

''ਕੋਈ ਵੀ ਰਾਹਤ ਰਾਸ਼ੀ ਉਨ੍ਹਾਂ ਦੀ ਮਦਦ ਨਹੀਂ ਕਰ ਪਾਏਗੀ; ਇਹ ਸਾਲ ਬਹੁਤ ਵੱਧ ਬਰਬਾਦੀ ਵਾਲ਼ਾ ਰਿਹਾ,'' ਤਿਵਾੜੀ ਕਹਿੰਦੇ ਹਨ।

*****

ਉਨ੍ਹਾਂ ਦੇ ਖੇਤ ਪਾਣੀ ਵਿੱਚ ਡੁੱਬ ਗਏ ਤੇ ਫ਼ਸਲਾਂ ਬਰਬਾਦ ਹੋ ਗਈਆਂ ਤੇ ਹੁਣ ਮਹਾਰਾਸ਼ਟਰ ਵਿੱਚ ਛੋਟੇ ਕਿਸਾਨਾਂ ਦੀ ਇੱਕ ਵੱਡੀ ਅਬਾਦੀ ਆਉਣ ਵਾਲ਼ੇ ਸੰਕਟ ਦੇ ਖੜਾਕ ਨਾਲ਼ ਸਹਿਮੀ ਪਈ ਹੈ।

ਮਹਾਰਾਸ਼ਟਰ ਦੇ ਖੇਤੀਬਾੜੀ ਕਮਿਸ਼ਨਰ ਦੇ ਦਫ਼ਤਰ ਵੱਲੋਂ ਅਨੁਮਾਨ ਹੈ ਕਿ ਵਿਦਰਭ, ਮਰਾਠਵਾੜਾ ਤੇ ਉੱਤਰੀ ਮਹਾਰਾਸ਼ਟ ਵਿੱਚ ਲਗਭਗ 20 ਲੱਖ ਹੈਕਟੇਅਰ ਖੇਤੀ ਹੇਠਲੀ ਜ਼ਮੀਨ, ਇਸ ਮੌਸਮ ਦੇ ਮੀਂਹ ਤੇ ਸੋਕੇ ਨਾਲ਼ ਬਰਬਾਦ ਹੋ ਗਈ ਹੈ। ਪੂਰੇ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਖ਼ਰੀਫ਼ ਦੀ ਪੂਰੀ ਦੀ ਪੂਰੀ ਫ਼ਸਲ ਤਬਾਹ ਹੋ ਗਈ ਹੈ। ਸੋਇਆਬੀਨ, ਨਰਮਾ, ਅਰਹਰ ਜਿਹੀਆਂ ਹਰ ਪ੍ਰਮੁਖ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਖ਼ੁਸ਼ਕ ਜ਼ਮੀਨ ਵਾਲ਼ੇ ਇਲਾਕਿਆਂ ਵਿੱਚ, ਜਿੱਥੇ ਮੁੱਖ ਰੂਪ ਨਾਲ਼ ਖ਼ਰੀਫ ਉਗਾਈ ਜਾਂਦੀ ਹੈ, ਇਸ ਸਾਲ ਦੇ ਮੀਂਹ ਕਾਰਨ ਹੋਈ ਤਬਾਹੀ ਭਿਆਨਕ ਰਹੀ।

ਨਦੀਆਂ ਤੇ ਸੂਇਆਂ ਨੇ ਕੰਡੇ ਵੱਸੇ ਪਿੰਡਾਂ- ਜਿਵੇਂ ਨੰਦੇੜ ਦੀ ਅਰਧਪੁਰ ਤਹਿਸੀਲ ਵਿੱਚ ਸਥਿਤ ਸ਼ੇਲਗਾਓਂ- ਨੂੰ ਅਚਾਨਕ ਆਏ ਹੜ੍ਹ ਦਾ ਸਾਹਮਣਾ ਕਰਨਾ ਪਿਆ। ਸ਼ੇਲਗਾਓਂ ਦੇ ਸਰਪੰਚ ਪੰਜਾਬ ਰਾਜੇਗੋਰੇ ਕਹਿੰਦੇ ਹਨ,''ਅਸੀਂ ਇੱਕ ਹਫ਼ਤੇ ਲਈ, ਬਾਹਰੀ ਦੁਨੀਆ ਨਾਲ਼ੋਂ ਕੱਟੇ ਰਹੇ। ਪਿੰਡ ਦੇ ਕੋਲ਼ ਵਹਿਣ ਵਾਲ਼ੀ ਉਮਾ ਨਦੀ ਦੇ ਕਹਿਰ ਕਾਰਨ, ਸਾਡੇ ਘਰ ਤੇ ਖੇਤ ਡੁੱਬ ਗਏ।'' ਉਮਾ ਨਦੀ ਪਿੰਡੋਂ ਕੁਝ ਮੀਲ਼ ਦੀ ਦੂਰੀ 'ਤੇ ਅਸਨਾ ਨਦੀ ਨਾਲ਼ ਰਲ਼ਦੀ ਹੈ ਤੇ ਇਹਦੇ ਬਾਅਦ ਅੱਗੇ ਚੱਲ ਕੇ ਦੋਵੇਂ ਨਦੀਆਂ ਨੰਦੇੜ ਦੇ ਕੋਲ਼ ਗੋਦਾਵਰੀ ਵਿੱਚ ਜਾ ਡਿੱਗਦੀਆਂ ਹਨ। ਭਾਰੀ ਮੀਂਹ ਦੌਰਾਨ ਇਹ ਨਦੀਆਂ ਡੁੱਲ-ਡੁੱਲ ਪੈ ਰਹੀਆਂ ਸਨ।

Punjab Rajegore, sarpanch of Shelgaon in Nanded, standing on the Uma river bridge that was submerged in the flash floods of July.
PHOTO • Jaideep Hardikar
Deepak Warfade (wearing a blue kurta) lost his house and crops to the July floods. He's moved into a rented house in the village since then
PHOTO • Jaideep Hardikar

ਖੱਬੇ: ਨੰਦੇੜ ਦੇ ਸ਼ੇਲਗਾਓਂ ਦੇ ਸਰਪੰਚ ਪੰਜਾਬ ਰਾਜੇਗੋਰੇ, ਜੁਲਾਈ ਵਿੱਚ ਅਚਾਨਕ ਆਏ ਹੜ੍ਹ ਵਿੱਚ ਡੁੱਬਣ ਨੂੰ ਤਿਆਰ ਉਮਾ ਨਦੀ ਦੇ ਪੁੱਲ 'ਤੇ ਖੜ੍ਹੇ ਹਨ। ਸੱਜੇ: ਦੀਪਕ ਵਾਰਫੜੇ (ਨੀਲ਼ੇ ਕੁੜਤੇ ਵਿੱਚ) ਨੇ ਜੁਲਾਈ ਦੇ ਹੜ੍ਹ ਵਿੱਚ ਆਪਣਾ ਘਰ ਤੇ ਫ਼ਸਲ ਗੁਆ ਲਏ। ਉਦੋਂ ਤੋਂ ਉਹ ਪਿੰਡ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ

''ਪੂਰਾ ਜੁਲਾਈ ਮਹੀਨੇ ਇੰਨਾ ਮੀਂਹ ਪਿਆ ਕਿ ਖੇਤਾਂ ਵਿੱਚ ਕੰਮ ਕਰਨਾ ਮੁਸ਼ਕਲ ਬਣਿਆ ਰਿਹਾ,'' ਉਹ ਅੱਗੇ ਦੱਸਦੇ ਹਨ। ਖੁਰੀ ਹੋਈ ਮਿੱਟੀ ਤੇ ਨੁਕਸਾਨੀਆਂ ਫ਼ਸਲਾਂ ਇਸ ਗੱਲ ਦਾ ਸਬੂਤ ਹਨ। ਕੁਝ ਕਿਸਾਨ ਆਪਣੀਆਂ ਨੁਕਸਾਨੀਆਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾਫ਼ ਕਰ ਰਹੇ ਹਨ ਤਾਂਕਿ ਅਕਤੂਬਰ ਵਿੱਚ ਰਬੀ ਦੀ ਬਿਜਾਈ ਦੀ ਤਿਆਰੀ ਖਿੱਚੀ ਜਾ ਸਕੇ।

ਸੱਤ ਦਿਨਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਪਏ ਮੀਂਹ ਅਤੇ ਯਸ਼ੋਦਾ ਨਦੀ ਵਿੱਚ ਵਧੇ ਪਾਣੀ ਦੇ ਪੱਧਰ ਨੇ ਜੁਲਾਈ ਵਿੱਚ ਵਰਧਾ ਜ਼ਿਲ੍ਹੇ ਦੇ ਚੰਦਕੀ ਪਿੰਡ ਨੂੰ ਡੁਬੋ ਕੇ ਰੱਖ ਦਿੱਤਾ ਤੇ ਇੱਥੋਂ ਦੀ ਕਰੀਬ 1,200 ਹੈਕਟੇਅਰ ਖੇਤੀਯੋਗ ਜ਼ਮੀਨ ਅੱਜ ਵੀ ਪਾਣੀ ਵਿੱਚ ਡੁੱਬੀ ਹੋਈ ਹੈ। ਹੜ੍ਹ ਵਿੱਚ ਫਸੇ ਪਿੰਡ ਦੇ ਲੋਕਾਂ ਨੂੰ ਕੱਢਣ ਲਈ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ਼) ਨੂੰ ਸੱਦਾ ਪਿਆ।

''ਤੇਰ੍ਹਾਂ ਘਰ ਢਹਿ ਗਏ, ਜਿਨ੍ਹਾਂ ਵਿੱਚੋਂ ਇੱਕ ਘਰ ਮੇਰਾ ਵੀ ਹੈ। ਸਾਡੀ ਸਮੱਸਿਆ ਇਹ ਹੈ ਕਿ ਹੁਣ ਸਾਡੇ ਕੋਲ਼ ਖੇਤੀਬਾੜੀ ਦਾ ਕੋਈ ਕੰਮ ਨਹੀਂ ਰਿਹਾ, ਇਹ ਪਹਿਲੀ ਦਫ਼ਾ ਹੈ ਜਦੋਂ ਮੇਰੇ ਕੋਲ਼ ਕੋਈ ਕੰਮ ਨਹੀਂ,' 50 ਸਾਲਾ ਦੀਪਕ ਵਾਰਫੜੇ ਕਹਿੰਦੇ ਹਨ, ਜੋ ਘਰ ਢੱਠਣ ਤੋਂ ਬਾਅਦ ਪਿੰਡ ਦੇ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਨ।

''ਅਸੀਂ ਇੱਕ ਮਹੀਨੇ ਵਿੱਚ ਸੱਤ ਵਾਰੀ ਹੜ੍ਹ ਝੱਲਿਆ ਹੈ। ਸੱਤਵੀਂ ਵਾਰ ਇਹ ਕਿਸੇ ਧਮਾਕੇ ਵਾਂਗਰ ਆਇਆ; ਉਹ ਤਾਂ ਅਸੀਂ ਵਢਭਾਗੀ ਨਿਕਲ਼ੇ ਜੋ ਐੱਨਡੀਆਰਐੱਫ਼ ਦੀਆਂ ਟੀਮਾਂ ਸਮੇਂ ਸਿਰ ਪੁੱਜ ਗਈਆਂ, ਨਹੀਂ ਤਾਂ ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ,'' ਗੱਲ ਜਾਰੀ ਰੱਖਦਿਆਂ ਦੀਪਕ ਕਹਿੰਦੇ ਹਨ।

ਖ਼ਰੀਫ਼ ਸੀਜ਼ਨ ਦੇ ਨਿਕਲ਼ ਜਾਣ ਬਾਅਦ, ਚੰਦਕੀ ਦੇ ਵਾਸੀ ਹੁਣ ਇਹ ਸੋਚ-ਸੋਚ ਕੇ ਪਰੇਸ਼ਾਨ ਹਨ ਕਿ ਅੱਗੇ ਕੀ ਹੋਣ ਵਾਲ਼ਾ ਹੈ?

ਆਪਣੇ ਖੇਤ ਵਿੱਚ ਖੜ੍ਹੇ 64 ਸਾਲਾ ਬਾਬਾਰਾਓ ਪਾਟਿਲ, ਨਰਮੇ ਦੇ ਅਣਵਿਕਸੇ ਬੂਟਿਆਂ ਤੇ ਸਮਤਲ ਹੋ ਚੁੱਕੇ ਖੇਤ ਦੀ ਤਬਾਹੀ ਦੇਖ ਰਹੇ ਹਨ। ਅਜਿਹੇ ਸਮੇਂ, ਬਾਬਾਰਾਓ ਆਪਣੇ ਖੇਤ ਵਿੱਚ ਜੋ ਵੀ ਬਚਿਆ ਹੈ ਉਹਨੂੰ ਸੰਭਾਲ਼ਣ ਦੀ ਕੋਸ਼ਿਸ਼ ਕਰ ਰਹੇ ਹਨ।

''ਮੈਨੂੰ ਨਹੀਂ ਪਤਾ ਕਿ ਇਸ ਸਾਲ ਕੁਝ ਹੱਥ ਲੱਗੇਗਾ ਵੀ ਜਾਂ ਨਹੀਂ। ਮੈਂ ਘਰ ਵਿਹਲੇ ਬੈਠਣ ਦੀ ਬਜਾਇ, ਇਨ੍ਹਾਂ ਬੂਟਿਆਂ ਨੂੰ ਮੁੜ-ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ,'' ਉਹ ਕਹਿੰਦੇ ਹਨ। ਆਰਥਿਕ ਸੰਕਟ ਸੰਘੀ ਨੱਪਣ ਲੱਗਾ ਹੈ ਤੇ ਮੁਸ਼ਕਲਾਂ ਨਾਲ਼ ਸਾਹ ਰੁੱਕ ਰਹੇ ਹਨ, ਉਹ ਅੱਗੇ ਕਹਿੰਦੇ ਹਨ।

ਮਹਾਰਾਸ਼ਟਰ ਵਿੱਚ ਮੀਲ਼ਾਂ-ਬੱਧੀ ਫ਼ੈਲੇ ਰਕਬੇ ਦੀ ਹਾਲਤ ਬਾਬਾਰਾਓ ਦੇ ਖੇਤਾਂ ਜਿਹੀ ਹੀ ਹੈ: ਕਿਤੇ ਵੀ ਸਿਹਤਮੰਦ ਫ਼ਸਲ ਨਾ ਨਜ਼ਰੀ ਪੈਂਦੀ ਹੈ ਨਾ ਖੜ੍ਹੀ ਦਿੱਸਦੀ ਹੈ।

Babarao Patil working on his rain-damaged farm in Chandki.
PHOTO • Jaideep Hardikar
The stunted plants have made him nervous. 'I may or may not get anything out this year'
PHOTO • Jaideep Hardikar

ਖੱਬੇ: ਬਾਬਾਰਾਓ ਪਾਟਿਲ, ਚੰਦਕੀ ਵਿਖੇ ਮੀਂਹ ਨਾਲ਼ ਤਬਾਹ ਹੋਏ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ। ਸੱਜੇ: ਅਣਵਿਕਸੇ ਬੂਟਿਆਂ ਨੇ ਉਨ੍ਹਾਂ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਹੈ। 'ਮੈਨੂੰ ਨਹੀਂ ਪਤਾ ਕਿ ਇਸ ਸਾਲ ਕੁਝ ਹੱਥ ਲੱਗੇਗਾ ਵੀ ਜਾਂ ਨਹੀਂ'

''ਅਗਲੇ 16 ਮਹੀਨਿਆਂ ਵਿੱਚ ਇਹ ਸੰਕਟ ਹੋਰ ਵਧੇਗਾ,'' ਵਿਸ਼ਵ ਬੈਂਕ ਦੇ ਸਾਬਕਾ ਸਲਾਹਕਾਰ ਅਤੇ ਵਰਧਾ ਦੇ ਇਲਾਕਾ ਵਿਕਾਸ ਮਾਹਰ ਸ਼੍ਰੀਕਾਂਤ ਬਰਹਾਟੇ ਕਹਿੰਦੇ ਹਨ। ''ਸੰਕਟ ਦੇ ਨਵੀਂ ਫ਼ਸਲ ਦੀ ਵਾਢੀ ਤੀਕਰ ਖਿੱਚੇ ਜਾਣ ਦੀ ਸੰਭਾਵਨਾ ਹੈ।'' ਸਵਾਲ ਇਹ ਹੈ ਕਿ ਕਿਸਾਨ 15 ਮਹੀਨਿਆਂ ਤੀਕਰ ਗੁਜ਼ਾਰਾ ਕਿਵੇਂ ਕਰਨਗੇ?

ਚੰਦਕੀ ਦੇ ਕੋਲ਼ ਪੈਂਦੇ ਬਰਹਾਟੇ ਦੇ ਆਪਣੇ ਪਿੰਡ ਰੋਹਨਖੇੜ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਉਹ ਦੱਸਦੇ ਹਨ,''ਦੋ ਚੀਜ਼ਾਂ ਹੋ ਰਹੀਆਂ ਹਨ। ਇੱਕ ਪਾਸੇ ਲੋਕ ਸੋਨਾ ਜਾਂ ਹੋਰ ਸੰਪੱਤੀ ਗਹਿਣੇ ਪਾ ਰਹੇ ਹਨ ਜਾਂ ਘਰੇਲੂ ਲੋੜਾਂ ਲਈ ਨਿੱਜੀ ਤੌਰ 'ਤੇ ਪੈਸੇ ਉਧਾਰ ਚੁੱਕ ਰਹੇ ਹਨ ਤੇ ਦੂਜੇ ਪਾਸੇ ਨੌਜਵਾਨ ਕੰਮ ਦੀ ਭਾਲ਼ ਵਿੱਚ ਪਲਾਇਨ ਕਰਨ ਦਾ ਮਨ ਬਣਾ ਰਹੇ ਹਨ।''

ਬਰਹਾਟੇ ਕਹਿੰਦੇ ਹਨ ਕਿ ਸਾਲ ਮੁੱਕਣ 'ਤੇ ਬੈਂਕਾਂ ਨੂੰ ਫ਼ਸਲੀ ਕਰਜਾ ਨਾ ਚੁਕਾ ਸਕਣ ਦੇ ਅਣਗਿਣਤ ਮਾਮਲੇ ਦਿੱਸਣ ਵਾਲ਼ੇ ਹਨ।

ਇਕੱਲੇ ਚੰਦਕੀ ਵਿੱਚ ਨਰਮੇ ਦੀ ਫ਼ਸਲ ਦਾ ਨੁਕਸਾਨ 20 ਕਰੋੜ ਰੁਪਏ ਦੇ ਕਰੀਬ ਹੈ- ਯਾਨਿ ਇਸ ਸਾਲ ਜੇ ਹਾਲਾਤ ਅਨੁਕੂਲ ਰਹਿੰਦੇ ਤਾਂ ਨਰਮੇ ਤੋਂ ਸਿਰਫ਼ ਇਸ ਪਿੰਡ ਵਿੱਚ ਹੀ ਇੰਨੀ ਕਮਾਈ ਹੋਈ ਹੁੰਦੀ। ਇਹ ਅਨੁਮਾਨ, ਇਸ ਇਲਾਕੇ ਵਿੱਚ ਨਰਮੇ ਦੀ ਪ੍ਰਤੀ ਏਕੜ ਔਸਤ ਉਤਪਾਦਕਤਾ 'ਤੇ ਅਧਾਰਤ ਹੈ।

''ਨਾ ਸਿਰਫ਼ ਅਸੀਂ ਫ਼ਸਲਾਂ ਗੁਆਈਆਂ, ਸਗੋਂ ਹੁਣ ਅਸੀਂ ਬਿਜਾਈ ਅਤੇ ਹੋਰ ਕੰਮਾਂ 'ਤੇ ਖਰਚੇ ਗਏ ਪੈਸੇ ਦੀ ਵਸੂਲੀ ਤੱਕ ਵੀ ਨਹੀਂ ਕਰ ਸਕਾਂਗੇ,'' 47 ਸਾਲਾ ਨਾਮਦੇਵ ਭੋਯਰ ਕਹਿੰਦੇ ਹਨ।

''ਅਤੇ ਇਹ ਇੱਕ ਵਾਰ ਦਾ ਹੋਇਆ ਨੁਕਸਾਨ ਨਹੀਂ ਹੈ। ਮਿੱਟੀ ਦਾ ਖੋਰਨ ਇੱਕ ਚਿਰੌਕਣੀ (ਵਾਤਾਵਰਣ ਨਾਲ਼ ਜੁੜੀ) ਸਮੱਸਿਆ ਹੈ,'' ਉਹ ਚੇਤਾਉਂਦਿਆਂ ਕਹਿੰਦੇ ਹਨ।

Govind Narayan Rajegore's soybean crop in Shelgaon suffered serious damage.
PHOTO • Jaideep Hardikar
Villages like Shelgaon, located along rivers and streams, bore the brunt of the flooding for over a fortnight in July 2022
PHOTO • Jaideep Hardikar

ਖੱਬੇ : ਸ਼ੇਲਗਾਓਂ ਵਿੱਚ ਗੋਵਿੰਦ ਨਰਾਇਣ ਰਾਜੇਗੋਰੇ ਦੀ ਸੋਇਆਬੀਨ ਦੀ ਫ਼ਸਲ ਨੂੰ ਗੰਭੀਰ ਨੁਕਸਾਨ ਪੁੱਜਾ ਹੈ। ਸੱਜੇ : ਨਦੀਆਂ ਅਤੇ ਸੂਇਆਂ ਦੇ ਕੰਢੇ ਵੱਸੇ ਸ਼ੇਲਗਾਓਂ ਵਰਗੇ ਪਿੰਡ, ਜੁਲਾਈ 2022 ਵਿੱਚ ਪੰਦਰਾਂ ਦਿਨਾਂ ਤੋਂ ਵੱਧ ਸਮੇਂ ਤੱਕ ਹੜ੍ਹ ਦੀ ਚਪੇਟ ਵਿੱਚ ਰਹੇ

ਜਦੋਂ ਮਹਾਰਾਸ਼ਟਰ ਦੇ ਲੱਖਾਂ-ਲੱਖ ਕਿਸਾਨ ਜੁਲਾਈ ਤੋਂ ਅਗਸਤ ਤੱਕ ਭਾਰੀ ਮੀਂਹ ਦੀ ਚਪੇਟ ਵਿੱਚ ਸਨ, ਉਸ ਸਮੇਂ ਸ਼ਿਵਸੈਨਾ ਵਿੱਚ ਪਈ ਅੰਦਰੂਨੀ ਫੁੱਟ ਕਾਰਨ ਮਹਾ ਵਿਕਾਸ ਅਘਾੜੀ ਸਰਕਾਰ ਡਿੱਗ ਗਈ ਤੇ ਰਾਜ ਵਿੱਚ ਕੋਈ ਕਾਰਜਸ਼ੀਲ ਸਰਕਾਰ ਨਾ ਰਹੀ।

ਸਤੰਬਰ ਦੀ ਸ਼ੁਰੂਆਤ ਵਿੱਚ, ਏਕਨਾਥ ਸ਼ਿੰਦੇ ਦੀ ਨਵੀਂ ਸਰਕਾਰ ਨੇ ਰਾਜ ਲਈ 3500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਐਲਾਨੀ। ਇਹ ਇੱਕ ਅੰਸ਼ਕ ਮਦਦ ਹੈ, ਜੋ ਫ਼ਸਲ ਅਤੇ ਜਨਜੀਵਨ ਨੂੰ ਹੋਇਆ ਅਸਲੀ ਨੁਕਸਾਨ ਦਾ ਖੱਪਾ ਦਾ ਪੂਰਾ ਨਹੀਂ ਪਾਵੇਗੀ। ਇਸ ਤੋਂ ਇਲਾਵਾ, ਸਰਵੇਖਣ ਦੇ ਮਾਧਿਅਮ ਨਾਲ਼ ਲਾਭਪਾਤਰੀਆਂ ਦੀ ਪਛਾਣ ਕੀਤੇ ਜਾਣ ਬਾਅਦ, ਲੋਕਾਂ ਨੂੰ ਬੈਂਕ ਖ਼ਾਤਿਆਂ ਵਿੱਚ ਪੈਸੇ ਮਿਲ਼ਣ ਵਿੱਚ ਘੱਟੋ-ਘੱਟ ਇੱਕ ਸਾਲ ਲੱਗ ਸਕਦਾ ਹੈ। ਲੋਕਾਂ ਨੂੰ ਮਦਦ ਦੀ ਲੋੜ ਤਾਂ ਅੱਜ ਹੈ।

*****

''ਕੀ ਤੁਸੀਂ ਮੇਰੇ ਖੇਤਾਂ ਦਾ ਹਾਲ ਦੇਖਿਆ? ਕੀ ਏਹੀ ਜ਼ਮੀਨ 'ਤੇ ਤੁਸੀਂ ਕੁਝ ਬੀਜ ਵੀ ਸਕਦੇ ਹੋ?'' ਚੰਪਤ ਦੀ ਪਤਨੀ ਧਰੁਪਦਾ ਬੜੇ ਹਿਰਖੇ ਮਨ ਨਾਲ਼ ਪੁੱਛਦੀ ਹਨ। ਉਹ ਬੜੀ ਕਮਜ਼ੋਰ ਤੇ ਪਰੇਸ਼ਾਨ ਦਿੱਸ ਰਹੀ ਹਨ। ਉਨ੍ਹਾਂ ਦੇ ਤਿੰਨੋਂ ਬੱਚਿਆਂ- ਪੂਨਮ (8 ਸਾਲਾ), ਪੂਜਾ (6 ਸਾਲਾ) ਤੇ ਕ੍ਰਿਸ਼ਨਾ (3 ਸਾਲਾ) ਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ। ਆਪਣੀਆਂ ਲੋੜਾਂ ਦੀ ਪੂਰਤੀ ਲਈ ਚੰਪਤ ਅਤੇ ਧਰੁਪਦਾ ਖੇਤ ਮਜ਼ਦੂਰਾਂ ਵਜੋਂ ਵੀ ਕੰਮ ਕਰਦੇ ਸਨ।

ਪਿਛਲੇ ਸਾਲ, ਇਸ ਜੋੜੇ ਨੇ ਆਪਣੀ ਸਭ ਤੋਂ ਵੱਡੀ ਬੇਟੀ ਤਜੁਲੀ ਦਾ ਵਿਆਹ ਕਰ ਦਿੱਤਾ ਸੀ, ਉਨ੍ਹਾਂ ਦੇ ਦਾਅਵੇ ਮੁਤਾਬਕ ਜੋ 16 ਸਾਲ ਦੀ ਹੈ ਪਰ ਲੱਗਦੀ ਉਹ 15 ਕੁ ਸਾਲਾਂ ਦੀ ਹੈ; ਉਹਦਾ ਤਿੰਨ ਮਹੀਨਿਆਂ ਦਾ ਬੱਚਾ ਵੀ ਹੈ। ਆਪਣੀ ਧੀ ਦੇ ਵਿਆਹ ਨਾਲ਼ ਸਿਰ ਚੜ੍ਹੇ ਕਰਜੇ ਨੂੰ ਲਾਹੁਣ ਲਈ, ਚੰਪਤ ਅਤੇ ਧਰੁਪਦਾ ਨੇ ਆਪਣੇ ਖੇਤ ਨੂੰ ਇੱਕ ਰਿਸ਼ਤੇਦਾਰ ਨੂੰ ਪਟੇ 'ਤੇ ਦੇ ਦਿੱਤਾ ਤੇ ਪਿਛਲੇ ਸਾਲ ਕਮਾਦ ਕੱਟਣ ਦੇ ਕੰਮ ਲਈ ਕੋਲ੍ਹਾਪੁਰ ਚਲੇ ਗਏ ਸਨ।

ਜੰਗਲੇ ਦਾ ਪਰਿਵਾਰ ਝੌਂਪੜੀ ਵਿੱਚ ਰਹਿੰਦਾ ਹੈ, ਜਿਸ ਵਿੱਚ ਬਿਜਲੀ ਨਹੀਂ ਹੈ। ਫਿਲਹਾਲ, ਪਰਿਵਾਰ ਦੇ ਕੋਲ਼ ਖਾਣ ਲਈ ਕੁਝ ਵੀ ਨਹੀਂ ਹੈ; ਉਨ੍ਹਾਂ ਦੇ ਗੁਆਂਢੀ- ਉਨ੍ਹਾਂ ਵਾਂਗਰ ਹੀ ਗ਼ਰੀਬ ਹਨ ਤੇ ਮੀਂਹ ਕਾਰਨ ਬਦਹਾਲ ਹੋ ਗਏ ਹਨ- ਉਨ੍ਹਾਂ ਦੀ ਮਦਦ ਕਰ ਰਹੇ ਹਨ।

''ਇਹ ਦੇਸ਼ ਗ਼ਰੀਬਾਂ ਨੂੰ ਬੇਵਕੂਫ਼ ਬਣਾਉਣਾ ਬਾਖ਼ੂਬੀ ਜਾਣਦਾ ਹੈ,'' ਮੋਇਨੁਦੀਨ ਸੌਦਾਗਰ ਕਹਿੰਦੇ ਹਨ, ਸਥਾਨਕ ਪੱਤਰਕਾਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚੰਪਤ ਦੀ ਆਤਮਹੱਤਿਆ ਦੀ ਰਿਪੋਰਟਿੰਗ ਕੀਤੀ ਸੀ। ਉਨ੍ਹਾਂ ਨੇ ਭਾਜਪਾ ਦੇ ਸਥਾਨਕ ਵਿਧਾਇਕ ਵੱਲੋਂ ਧਰੁਪਦਾ ਨੂੰ 2000 ਰੁਪਏ ਦੇ ਨਾਮ 'ਤੇ ਦਿੱਤੀ ਮਾਮੂਲੀ ਮਦਦ ਨੂੰ ਲੈ ਕੇ ਤਿੱਖਾ ਲੇਖ ਲਿਖਿਆ ਸੀ ਤੇ ਇਸ ਮਦਦ ਨੂੰ ਅਪਮਾਨ ਦੱਸਿਆ ਸੀ।

Journalist and farmer Moinuddin Saudagar from Ninganur says most Andh farmers are too poor to withstand climatic aberrations.
PHOTO • Jaideep Hardikar
Journalist and farmer Moinuddin Saudagar from Ninganur says most Andh farmers are too poor to withstand climatic aberrations.
PHOTO • Jaideep Hardikar

ਖੱਬੇ : ਨਿੰਗਨੁਰ ਦੇ ਪੱਤਰਕਾਰ ਅਤੇ ਕਿਸਾਨ ਮੋਇਨੁਦੀਨ ਸੌਦਾਗਰ ਦਾ ਕਹਿਣਾ ਹੈ ਕਿ ਅੰਧ ਭਾਈਚਾਰੇ ਦੇ ਬਹੁਤੇਰੇ ਕਿਸਾਨ ਇੰਨੇ ਗ਼ਰੀਬ ਹਨ ਕਿ ਉਹ ਜਲਵਾਯੂ ਤਬਦੀਲੀ ਨਾਲ਼ ਜੁੜੀਆਂ ਮੁਸ਼ਕਲਾਂ ਦਾ ਟਾਕਰਾ ਨਹੀਂ ਕਰ ਸਕਦੇ। ਸੱਜੇ : ਨਿੰਗਨੁਰ ਵਿੱਚ ਆਪਣੀ ਛੋਟੀ ਜਿਹੀ ਝੌਂਪੜੀ ਵਿੱਚ ਬੱਚਿਆਂ ਦੇ ਨਾਲ਼ ਬੈਠੀ ਮਰਹੂਮ ਚੰਪਤ ਦੀ ਪਤਨੀ ਧਰੁਪਦਾ ਭਾਵੁਕ ਹੋ ਗਈ

''ਪਹਿਲਾਂ ਅਸੀਂ ਉਨ੍ਹਾਂ ਨੂੰ ਅਜਿਹੀ ਖੋਖਲੀ, ਪਥਰੀਲੀ ਤੇ ਬੰਜਰ ਜ਼ਮੀਨ ਦਿੰਦੇ ਹਾਂ ਜਿਸ 'ਤੇ ਕੋਈ ਖੇਤੀ ਕਰਨਾ ਹੀ ਨਹੀਂ ਚਾਹੇਗਾ। ਫਿਰ ਉਨ੍ਹਾਂ ਨੂੰ ਕੋਈ ਮਾਇਕ ਮਦਦ ਦੇਣ ਤੋਂ ਮੁਨਕਰ ਹੁੰਦੇ ਹਾਂ,'' ਮੋਇਨੁਦੀਨ ਕਹਿੰਦੇ ਹਨ। ਚੰਪਤ ਨੂੰ ਉਨ੍ਹਾਂ ਦੇ ਪਿਤਾ ਪਾਸੋਂ ਵਿਰਾਸਤ ਵਿੱਚ ਮਿਲ਼ੀ ਜ਼ਮੀਨ ਦੂਜੇ ਦਰਜੇ ਦੀ ਜ਼ਮੀਨ ਹੈ, ਜੋ ਭੂਮੀ ਸੀਲਿੰਗ ਐਕਟ ਦੇ ਤਹਿਤ ਭੂਮੀ ਵੰਡ ਪ੍ਰੋਗਰਾਮ ਦੌਰਾਨ ਮਿਲ਼ੀ ਸੀ।

''ਦਹਾਕਿਆਂ ਤੋਂ, ਇਨ੍ਹਾਂ ਪੁਰਸ਼ਾਂ ਤੇ ਔਰਤਾਂ ਨੇ ਇਸ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਆਪਣਾ ਖ਼ੂਨ-ਪਸੀਨਾ ਇੱਕ ਕਰ ਦਿੱਤਾ,'' ਮੋਇਨੁਦੀਨ ਕਹਿੰਦੇ ਹਨ, ਉਹ ਦੱਸਦੇ ਹਨ ਕਿ ਨਿੰਗਨੁਰ ਪਿੰਡ ਇਸ ਇਲਾਕੇ ਦੇ ਸਭ ਤੋਂ ਗ਼ਰੀਬ ਪਿੰਡਾਂ ਵਿੱਚੋਂ ਇੱਕ ਹੈ, ਜਿੱਥੇ ਜ਼ਿਆਦਾਤਰ ਅੰਧ ਆਦਿਵਾਸੀ ਪਰਿਵਾਰ ਅਤੇ ਗੋਂਡ ਆਦਿਵਾਸੀ ਰਹਿੰਦੇ ਹਨ।

ਮੋਇਨੁਦੀਨ ਦਾ ਕਹਿਣਾ ਹੈ ਕਿ ਬਹੁਤੇਰੇ ਅੰਧ ਆਦਿਵਾਸੀ ਕਿਸਾਨ ਇੰਨੇ ਗ਼ਰੀਬ ਹਨ ਕਿ ਉਹ ਜਲਵਾਯੂ ਤਬਦੀਲੀ ਨਾਲ਼ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਨਹੀਂ ਕਰ ਪਾਉਣਗੇ; ਜਿਵੇਂ ਜੋ ਇਸ ਸਾਲ ਹੋਇਆ। ਮੋਇਨੁਦੀਨ ਅੱਗੇ ਕਹਿੰਦੇ ਹਨ ਕਿ ਅੰਧ ਆਦਿਵਾਸੀ, ਭੁੱਖ ਤੇ ਔਖ਼ਿਆਈ ਅਤੇ ਕੰਗਾਲੀ ਦੇ ਸਮਾਨਅਰਥੀ ਬਣ ਗਏ ਹਨ।

ਬੜੀ ਵਾਰ ਪੁੱਛੇ ਜਾਣ ਤੋਂ ਬਾਅਦ ਧਰੁਪਦਾ ਨੇ ਖ਼ੁਲਾਸਾ ਕੀਤਾ ਕਿ ਮੌਤ ਵੇਲ਼ੇ, ਚੰਪਤ ਸਿਰ ਰਸਮੀ ਤੇ ਗ਼ੈਰ-ਰਸਮੀ ਕਰਜੇ ਦਾ ਬਹੁਤ ਵੱਡਾ ਬੋਝ ਸੀ। ਉਨ੍ਹਾਂ ਸਿਰ ਕਰੀਬ 4 ਲੱਖ ਦਾ ਕਰਜਾ ਬੋਲਦਾ ਸੀ। ਉਹ ਕਹਿੰਦੀ ਹਨ,''ਅਸੀਂ ਪਿਛਲੇ ਸਾਲ ਧੀ ਦੇ ਵਿਆਹ ਲਈ ਕਰਜਾ ਲਿਆ; ਇਸ ਸਾਲ ਅਸੀਂ ਖੇਤੀ ਅਤੇ ਆਪਣੀਆਂ ਰੋਜ਼ਮੱਰਾਂ ਦੀਆਂ ਲੋੜਾਂ ਨੂੰ ਪੂਰਿਆ ਕਰਨ ਲਈ ਰਿਸ਼ਤੇਦਾਰਾਂ ਕੋਲ਼ੋਂ ਉਧਾਰ ਲਿਆ। ਅਸੀਂ ਫ਼ਿਲਹਾਲ ਕਰਜਾ ਲਾਹੁਣ ਦੀ ਹਾਲਤ ਵਿੱਚ ਨਹੀਂ ਹਾਂ।''

ਹਨ੍ਹੇਰੇ ਵਿੱਚ ਡੁੱਬੇ ਆਪਣੇ ਪਰਿਵਾਰ ਦੇ ਭਵਿੱਖ ਦੇ ਨਾਲ਼ ਨਾਲ਼ ਧਰੁਪਦਾ ਨੂੰ ਆਪਣੇ ਬੀਮਾਰ ਪਏ ਬਲ਼ਦਾਂ ਦੀ ਫ਼ਿਕਰ ਵੀ ਸਤਾਉਂਦੀ ਹੈ। ਉਹ ਕਹਿੰਦੀ ਹਨ,''ਜਦੋਂ ਤੋਂ ਉਨ੍ਹਾਂ ਦਾ ਮਾਲਕ ਮੁੱਕਿਆ ਹੈ ਬਲ਼ਦਾਂ ਨੇ ਵੀ ਖਾਣਾ-ਪੀਣਾ ਛੱਡ ਦਿੱਤਾ ਹੈ।''

ਤਰਜਮਾ: ਕਮਲਜੀਤ ਕੌਰ

Jaideep Hardikar

ನಾಗಪುರ ಮೂಲದ ಪತ್ರಕರ್ತರೂ ಲೇಖಕರೂ ಆಗಿರುವ ಜೈದೀಪ್ ಹಾರ್ದಿಕರ್ ಪರಿಯ ಕೋರ್ ಸಮಿತಿಯ ಸದಸ್ಯರಾಗಿದ್ದಾರೆ.

Other stories by Jaideep Hardikar
Editor : Sangeeta Menon

ಸಂಗೀತಾ ಮೆನನ್ ಮುಂಬೈ ಮೂಲದ ಬರಹಗಾರು, ಸಂಪಾದಕರು ಮತ್ತು ಸಂವಹನ ಸಲಹೆಗಾರರು.

Other stories by Sangeeta Menon
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur