ਜਦੋਂ ਸੰਤੋਸ਼ ਖਾੜੇ ਨੂੰ ਪਤਾ ਲੱਗਾ ਕਿ ਉਹਨਾਂ ਨੇ ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ (MPSC) ਦਾ ਦਾਖ਼ਲਾ ਇਮਤਿਹਾਨ ਪਾਸ ਕਰ ਲਿਆ ਹੈ, ਉਹਨਾਂ ਨੇ ਇੱਕ ਮਿੱਤਰ ਨੂੰ ਕਿਹਾ ਕਿ ਉਹ ਉਹਨਾਂ ਨੂੰ ਬੀੜ ਤੋਂ 180 ਕਿਲੋਮੀਟਰ ਦੂਰ ਸੋਲਾਪੁਰ ਤੱਕ ਗੱਡੀ ਵਿੱਚ ਲੈ ਜਾਵੇ। ਗੰਨੇ ਦੇ ਹਰੇ-ਭਰੇ ਖ਼ੇਤ ਵਿੱਚ ਪਹੁੰਚ ਕੇ ਉਹ ਬਾਂਸ, ਤੂੜੀ ਅਤੇ ਤਰਪਾਲ ਨਾਲ ਬਣੇ ਇੱਕ ਅਸਥਾਈ ਘਰ ਦੀ ਭਾਲ ਕਰਨ ਲੱਗੇ । ਇਸ 25 ਸਾਲਾ ਨੌਜਵਾਨ ਨੇ ਮਿੰਟਾਂ ਵਿੱਚ ਉਸ ਘਰ ਨੂੰ ਢਾਹ ਦਿੱਤਾ ਜਿੱਥੇ ਉਸਦੇ ਮਾਤਾ-ਪਿਤਾ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਗੰਨੇ ਦੇ ਛੇ ਮਹੀਨਿਆਂ ਦੇ ਸੀਜ਼ਨ ਦੋਰਾਨ ਵਾਢੀ ਮਜ਼ਦੂਰਾਂ ਵੱਜੋਂ ਰਹਿੰਦੇ ਰਹੇ ਹਨ।

“ਇਹ ਗੱਲ ਦੀ ਖੁਸ਼ੀ ਕਿ ਮੇਰੇ ਮਾਤਾ-ਪਿਤਾ ਹੁਣ ਕਦੇ ਵੀ ਗੰਨੇ ਦੀ ਵਾਢੀ ਕਰਨ ਵਾਲੇ ਮਜ਼ਦੂਰਾਂ ਵੱਜੋਂ ਕੰਮ ਨਹੀਂ ਕਰਨਗੇ ਮੇਰੇ ਇਹ ਜਾਣਨ ਦੀ ਖੁਸ਼ੀ ਤੋਂ ਕਿਤੇ ਜ਼ਿਆਦਾ ਸੀ ਕਿ ਮੈਂ NT-D (ਖਾਨਾਬਦੋਸ਼ ਕਬੀਲਿਆਂ ਦੀ ਇੱਕ ਉਪ ਸ਼੍ਰੇਣੀ) ਵਿੱਚੋਂ ਸਭ ਤੋਂ ਉੱਪਰ ਆਇਆ ਹਾਂ,”  ਖਾੜੇ ਨੇ ਕਿਹਾ, ਜੋ ਪਰਿਵਾਰ ਦੇ 3 ਏਕੜ ਦੇ ਮੀਂਹ ਨਾਲ਼ ਭਰੇ ਖ਼ੇਤ ਨਾਲ਼ ਲੱਗਦੇ ਆਪਣੇ ਘਰ ਦੇ ਵੱਡੇ ਬਰਾਂਡੇ ਵਿਚ ਇੱਕ ਪਲਾਸਟਿਕ ਦੀ ਕੁਰਸੀ ’ਤੇ ਬੈਠੇ ਸਨ।

ਇਹ ਖ਼ਬਰ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਸਨ। ਖਾੜੇ ਇੱਕ ਮਜ਼ਦੂਰ ਦੇ ਪੁੱਤਰ ਹਨ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਸਾਲ ਸੋਕਾ ਪ੍ਰਭਾਵਿਤ ਪਟੋਦਾ ਤੋਂ ਸੋਲਾਪੁਰ ਜ਼ਿਲ੍ਹੇ ਵੱਲ ਅਸਥਾਈ ਪ੍ਰਵਾਸ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਸਾਵਰਗਾਂਓ ਘਾਟ ਦੇ 90 ਪ੍ਰਤੀਸ਼ਤ ਪਰਿਵਾਰ ਉਹਨਾਂ ਵਾਂਗ ਹਰ ਸਾਲ ਸਲਾਨਾ ਵਾਢੀ ਲਈ ਗੰਨਾ ਉਗਾਉਣ ਵਾਲੇ ਖੇਤਰਾਂ ਜਿਵੇ ਕਿ ਪੱਛਮੀ ਮਹਾਰਾਸ਼ਟਰ ਅਤੇ ਕਰਨਾਟਕਾ ਵੱਲ ਅਸਥਾਈ ਪ੍ਰਵਾਸ ਕਰਦੇ ਹਨ।

ਵੰਜਾਰੀ ਭਾਈਚਾਰੇ ਨਾਲ਼ ਸਬੰਧਤ ਖਾੜੇ ਨੇ ਬੜੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ਼ 2021 MPSC ਪ੍ਰੀਖਿਆ ਪਾਸ ਕੀਤੀ— ਉਹਨਾਂ ਨੇ ਪੂਰੇ ਰਾਜ ਵਿੱਚੋਂ ਜਨਰਲ ਕੈਟੇਗਰੀ ਵਿੱਚੋਂ 16ਵਾਂ ਸਥਾਨ ਅਤੇ NT-D ਕੈਟੇਗਰੀ ਵਿੱਚੋਂ ਚੋਟੀ ਦਾ ਸਥਾਨ ਪ੍ਰਾਪਤ ਕੀਤਾ।

“ਇਹ ਮੇਰੇ ਮਾਪਿਆਂ ਦੇ ਸਾਲਾ ਬੱਧੀ ਕਰੜੇ ਸੰਘਰਸ਼ ਦਾ ਨਤੀਜਾ ਹੈ। ਜੋ ਜਾਨਵਰ ਕਾ ਜੀਨਾ ਹੋਤਾ ਹੈ, ਵਹੀ ਇਨਕਾ ਜੀਨਾ ਹੋਤਾ ਹੈ (ਇਹਨਾਂ ਦੀ ਜ਼ਿੰਦਗੀ ਜਾਨਵਰਾਂ ਵਰਗੀ ਹੁੰਦੀ ਹੈ),” ਵਾਢੀ ਦੌਰਾਨ ਗੰਨਾ ਮਜ਼ਦੂਰਾਂ ਦੀ ਜ਼ਿੰਦਗੀ ਬਾਰੇ ਦੱਸਦੇ ਹੋਏ ਉਹਨਾ ਨੇ ਕਿਹਾ। “ਮੇਰਾ ਮੁਢਲਾ ਮੰਤਵ ਇੱਕ ਚੰਗੀ ਨੌਕਰੀ ਲੱਭਣਾ ਸੀ ਤਾ ਜੋ ਉਹਨਾਂ ਨੂੰ ਹੋਰ ਗੰਨੇ ਦੀ ਵਾਢੀ ਲਈ ਪ੍ਰਵਾਸ ਨਾ ਕਰਨਾ ਪਵੇ।

Khade’s family’s animals live in an open shelter right next to the house
PHOTO • Kavitha Iyer

ਖਾੜੇ ਦੇ ਪਰਿਵਾਰ ਦੇ ਡੰਗਰ ਘਰ ਦੇ ਬਾਹਰ ਇੱਕ ਖੁੱਲੇ ਸ਼ੈੱਡ ਹੇਠਾਂ ਰਹਿੰਦੇ ਹਨ

ਨੀਤੀ ਆਯੋਗ ਦੀ ਇੱਕ ਰਿਪੋਰਟ ਅਨੁਸਾਰ ਪੂਰੇ ਭਾਰਤ ਵਿੱਚ 700 ਤੋਂ ਵੱਧ ਸਥਾਪਤ ਖੰਡ ਮਿੱਲਾਂ ਤੋਂ ਭਾਰਤੀ ਖੰਡ ਉਦਯੋਗ ਨੂੰ ਸਲਾਨਾ 80,000 ਕਰੋੜ ਰੁਪਏ ਦਾ ਉਤਪਾਦਨ ਹੁੰਦਾ ਹੈ।

ਇਕੱਲੇ ਮਹਾਰਾਸ਼ਟਰ ਵਿੱਚ ਇਹਨਾਂ ਫੈਕਟਰੀਆਂ ਨੂੰ ਚਾਲੂ ਰੱਖਣ ਲਈ ਲਗਭਗ 8 ਲੱਖ ਵਾਢੀ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਇਹਨਾਂ ਦਾ ਵੱਡਾ ਹਿੱਸਾ ਮਰਾਠਾਵਾੜਾ ਇਲਾਕਾ, ਖ਼ਾਸਕਰ ਬੀੜ ਜ਼ਿਲ੍ਹੇ ਨਾਲ਼ ਸਬੰਧ ਰੱਖਦਾ ਹੈ। ਰਵਾਇਤੀ ਤੌਰ ’ਤੇ ਕਾਮਿਆਂ ਨੂੰ ਉੱਕਾ-ਪੁੱਕਾ ਅਗਾਊਂ ਭੁਗਤਾਨ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਉਚਲ ( ਸ਼ਾਬਦਿਕ ਤੌਰ ’ਤੇ ਜਿਸ ਦਾ ਅਨੁਵਾਦ ‘ਚੁੱਕਣਾ’ ਕੀਤਾ ਜਾਂਦਾ ਹੈ) ਕਿਹਾ ਜਾਂਦਾ ਹੈ। ਇਹ 60,000 ਤੋਂ ਲੈ ਕੇ 1,00,000 ਰੁਪਏ ਤੱਕ ਹੋ ਸਕਦਾ ਹੈ ਅਤੇ ਆਮ ਤੌਰ ’ਤੇ ਪੂਰੇ ਸੀਜ਼ਨ ਲਈ ਇੱਕ ਜੋੜੇ ਨੂੰ ਭੁਗਤਾਨ ਕੀਤਾ ਜਾਂਦਾ ਹੈ, ਜੋ ਛੇ ਤੋਂ ਸੱਤ ਮਹੀਨਿਆਂ ਤੱਕ ਚੱਲ ਸਕਦਾ ਹੈ।

ਕੰਮ-ਕਾਜੀ ਅਤੇ ਰਹਿਣ-ਸਹਿਣ ਦੀਆਂ ਸਥਿਤੀਆਂ ਕੋਈ ਚੰਗੀਆਂ ਨਹੀਂ ਹਨ: ਖਾੜੇ ਦੇ ਮਾਤਾ, ਸਰਸਵਤੀ ਨੇ ਦੱਸਿਆ, ਉਹ ਸਵੇਰੇ 3 ਵਜੇ ਉੱਠਦੇ ਸਨ ਤਾਂ ਜੋ ਫੈਕਟਰੀ ਲਈ ਤਾਜ਼ੇ ਗੰਨੇ ਦੀ ਵਾਢੀ ਯਕੀਨੀ ਹੋ ਸਕੇ; ਉਹ ਆਮ ਤੌਰ ’ਤੇ ਬਾਸੀ ਭੋਜਨ ਖਾਂਦੇ ਸੀ, ਕਦੇ ਵੀ ਪਖ਼ਾਨੇ ਦੀ ਸੁਵਿਧਾ ਪ੍ਰਾਪਤ ਨਹੀਂ ਹੋਈ ਅਤੇ ਕਿੰਨੇ ਸਾਲਾਂ ਤੱਕ ਪਾਣੀ ਲਿਆਉਣ ਲਈ ਲੰਮੀ ਦੂਰੀ ਤੱਕ ਪੈਦਲ ਜਾਂਦੇ ਰਹੇ। 2022 ਵਿੱਚ ਇੱਕ ਰੇਤ ਦੇ ਟਿੱਪਰ ਅਤੇ ਉਹਨਾਂ ਦੀ ਬੈਲਗੱਡੀ ਵਿਚਾਲੇ ਟੱਕਰ ਹੋਣ ਕਾਰਨ ਡਿੱਗਣ ਕਰਕੇ ਸਰਸਵਤੀ ਦੀ ਲੱਤ ਦੀ ਹੱਡੀ ਟੁੱਟ ਗਈ ਸੀ।

ਖਾੜੇ ਨੇ ਆਪਣੀਆਂ ਕਈ ਛੁੱਟੀਆਂ ਮਾਪਿਆਂ ਨਾਲ਼ ਗੰਨੇ ਜਾਂ ਪੱਤਿਆਂ ਦੀਆ ਪੰਡਾ ਬੰਨ੍ਹਣ ਵਿੱਚ ਸਹਾਇਤਾ ਲਈ ਬਿਤਾਈਆਂ ਸਨ ਜਿਸ ਨੂੰ ਉਹ ਚਾਰੇ ਦੇ ਰੂਪ ’ਚ ਵੇਚ ਸਕਦੇ ਸੀ ਜਾਂ ਫਿਰ ਆਪਣੇ ਬਲਦਾਂ ਨੂੰ ਚਾਰ ਸਕਦੇ ਸੀ।

“ਬਹੁਤੇ ਲੋਕਾਂ ਦਾ ਪਹਿਲੀ ਕਲਾਸ ਦਾ ਅਫ਼ਸਰ ਬਣਨ ਦਾ ਸੁਪਣਾ ਇਸ ਕਰਕੇ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਚੰਗਾ ਦਫ਼ਤਰ, ਚੰਗੀ ਤਨਖ਼ਾਹ, ਚੰਗੀ ਕੁਰਸੀ, ਅਤੇ ਇੱਕ ਚੰਗੀ ਕਾਰ ਮਿਲੇਗੀ ਜਿਸ ’ਤੇ ਲਾਲ ਬੱਤੀ ਲੱਗੀ ਹੋਵੇਗੀ,” ਖਾੜੇ ਨੇ ਕਿਹਾ। “ਪਰ ਮੇਰਾ ਅਜਿਹਾ ਕੋਈ ਸੁਪਣਾ ਨਹੀਂ ਸੀ। ਮੇਰਾ ਸੁਪਣਾ ਬਹੁਤ ਛੋਟਾ ਜਿਹਾ ਸੀ: ਮੇਰੇ ਮਾਪਿਆਂ ਨੂੰ ਮਨੁੱਖਾਂ ਵਾਲੀ ਜ਼ਿੰਦਗੀ ਦੇਣੀ।”

2019 ਵਿੱਚ ਮਹਾਰਾਸ਼ਟਰ ਸਰਕਾਰ ਨੇ ਗੋਪੀਨਾਥ ਮੰਡ ਸ਼ੁਗਰਕੇਨ ਕਟਿੰਗ ਵਰਕਰਜ਼ ਕਾਰਪੋਰੇਸ਼ਨ ਸਥਾਪਿਤ ਕੀਤੀ ਸੀ। ਵਿੱਤੀ ਸਾਲ 2023-24 ਲਈ ਸਰਕਾਰ ਨੇ ਇਸ ਕਾਰਪੋਰੇਸ਼ਨ ਦੁਆਰਾ ਭਲਾਈ ਗਤੀਵਿਧੀਆਂ ਲਈ 85 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਦਿੱਤਾ ਸੀ। ਪਰੰਤੂ ਫਿਰ ਵੀ ਮਜ਼ਦੂਰ ਮਾੜੇ ਹਾਲਾਤਾਂ ਵਿੱਚ ਮਜ਼ਦੂਰੀ ਕਰ ਰਹੇ ਹਨ।

*****

Santosh Khade and his mother, Saraswati, in the small farmland adjoining their home
PHOTO • Kavitha Iyer

ਆਪਣੇ ਘਰ ਦੇ ਨਾਲ਼ ਲੱਗਦੇ ਖ਼ੇਤ ਵਿੱਚ ਸੰਤੋਸ਼ ਖਾੜੇ ਅਤੇ ਉਹਨਾਂ ਦੇ ਮਾਤਾ ਸਰਸਵਤੀ

ਪ੍ਰਾਇਮਰੀ ਸਕੂਲ ਦੌਰਾਨ ਖਾੜੇ, ਉਹਨਾਂ ਦੀਆਂ ਦੋ ਭੈਣਾ ਅਤੇ ਚਚੇਚੇ ਭੈਣ-ਭਰਾ ਸਾਲ ਦੇ ਛੇ ਮਹੀਨੇ ਆਪਣੀ ਦਾਦੀ ਦੀ ਦੇਖਰੇਖ ਹੇਠ ਰਹਿੰਦੇ ਸਨ। ਉਹ ਸਕੂਲ ਤੋਂ ਆ ਕੇ ਖ਼ੇਤ ’ਚ ਕੰਮ ਕਰਦੇ ਅਤੇ ਸ਼ਾਮ ਨੂੰ ਪੜ੍ਹਾਈ ਕਰਿਆ ਕਰਦੇ।

ਪੰਜਵੀਂ ਜਮਾਤ ਵਿੱਚ ਉਹਨਾਂ ਦੇ ਮਾਪਿਆਂ ਨੇ ਇਹ ਸੋਚਦੇ ਹੋਏ ਕਿ ਉਹਨਾਂ ਦਾ ਲੜਕਾ ਪੀੜ੍ਹੀਆਂ ਦੀ ਸਖ਼ਤ ਮਜ਼ਦੂਰੀ ਤੋਂ ਮੁਕਤ ਹੋਵਗਾ, ਉਹਨਾਂ ਨੂੰ ਅਹਿਮਦਨਗਰ ਦੀ ਇੱਕ ਆਸ਼ਰਮਸ਼ਾਲਾ (ਜੋ ਰਾਜ ਸਰਕਾਰ ਦੁਆਰਾ ਖਾਨਾਬਦੋਸ਼ ਕਬੀਲੇ ਅਤੇ ਦੂਜਿਆਂ ਲਈ  ਚਲਾਇਆ ਗਿਆ ਇੱਕ ਮੁਫ਼ਤ ਰਿਹਾਇਸ਼ੀ ਸਕੂਲ ਹੈ) ਵਿੱਚ ਦਾਖ਼ਲ ਕਰਵਾ ਦਿੱਤਾ।

ਅਸੀਂ ਗਰੀਬ ਸੀ ਪਰ ਮੇਰੇ ਮਾਤਾ-ਪਿਤਾ ਨੇ ਮੈਨੂੰ ਬੜੇ ਲਾਡ-ਪਿਆਰ ਨਾਲ਼ ਪਾਲ਼ਿਆ। ਇਸ ਲਈ ਜਦੋਂ ਮੈਂ ਇੱਥੇ ਅਹਿਮਦਨਗਰਰ ਵਿੱਚ ਇੱਕਲਾ ਨਾ ਰਹਿ ਸਕਿਆ, ਮੈਂ ਛੇਵੀਂ ਅਤੇ ਸੱਤਵੀਂ ਜਮਾਤ ਲਈ ਪਟੋਦਾ ਸ਼ਹਿਰ ਦੇ ਇੱਕ ਹੋਸਟਲ ਵਿੱਚ ਰਹਿਣ ਲੱਗ ਗਿਆ।

ਹੁਣ ਘਰ ਦੇ ਨੇੜੇ ਹੋਣ ਕਰਕੇ ਖਾੜੇ ਨੇ ਹਫ਼ਤੇ ਦੀਆਂ ਛੁੱਟੀਆਂ ਵਿੱਚ ਛੋਟੇ-ਛੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਵੇ ਰੈਸਟੋਰੈਂਟ ਵਿੱਚ ਕੰਮ ਕਰਨਾ ਜਾਂ ਥੋੜ੍ਹੀ ਮਾਤਰਾ ਵਿੱਚ ਕਪਾਹ ਵੇਚਣੀ ਆਦਿ। ਉਹ ਜੋ ਦਿਨ ’ਚ ਕਮਾਈ ਕਰਦੇ ਉਹ ਉਹਨਾਂ ਚੀਜ਼ਾਂ ’ਤੇ ਖ਼ਰਚ ਹੋ ਜਾਂਦੀ ਜੋ ਉਹਨਾਂ ਦੇ ਮਾਪੇ ਖ਼ਰੀਦਣ ਲਈ ਸੰਘਰਸ਼ ਕਰਦੇ ਸਨ: ਬੈਗ, ਕਿਤਾਬਾਂ, ਜੂਮੈਟਰੀ ਦਾ ਸਮਾਨ ਆਦਿ।

ਦਸਵੀਂ ਜਮਾਤ ਤੱਕ ਉਹਨਾਂ ਨੇ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੀ ਨੌਕਰੀ ਦੀ ਪ੍ਰੀਖਿਆ ਦੇਣਗੇ।

“ਅਸਲ ਵਿੱਚ ਕੋਈ ਹੋਰ ਪੇਸ਼ੇਵਰ ਵਿੱਦਿਅਕ ਕੋਰਸ ਲੈਣਾ ਮੇਰੀ ਸਮਰੱਥਾ ਤੋਂ ਬਾਹਰ ਸੀ — ਮੇਰੇ ਮਾਪੇ ਛੇ ਮਹੀਨਿਆਂ ਦੇ ਸਿਰਫ਼ 70,000- 80,000 ਰੁਪਏ ਕਮਾਉਂਦੇ ਸਨ ਅਤੇ ਜੇ ਮੈਂ ਕੋਈ ਹੋਰ ਕੋਰਸ ਕਰਦਾ ਤਾਂ ਉਸ ֈ’ਤੇ ਸਾਨੂੰ 1 ਤੋਂ 1.5 ਲੱਖ ਰੁਪਏ ਤੱਕ ਦਾ ਖ਼ਰਚ ਆਉਣਾ ਸੀ,” ਖਾੜੇ ਨੇ ਦੱਸਿਆ। “MPSC ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਵਾਜਿਬ ਵੀ ਹੈ। ਇਸਦੇ ਲਈ ਤੁਹਾਨੂੰ ਕੋਈ ਫ਼ੀਸ ਨਹੀਂ ਦੇਣੀ ਪੈਂਦੀ, ਕੋਈ ਸਪੈਸ਼ਲ ਕੋਰਸ ਨਹੀਂ ਕਰਨਾ ਪੈਂਦਾ, ਕੋਈ ਰਿਸ਼ਵਤ ਨਹੀਂ ਦੇਣੀ ਪੈਂਦੀ, ਅਤੇ ਨਾ ਹੀ ਕਿਸੇ ਦੀ ਸਿਫ਼ਾਰਿਸ਼ ਲੈਣੀ ਪੈਂਦੀ ਹੈ। ਰੁਜ਼ਗਾਰ ਲਈ ਇਹ ਸਭ ਤੋਂ ਜ਼ਿਆਦਾ ਸੰਭਾਵੀ ਚੋਣ ਹੈ। ਸਿਰਫ਼ ਸਖ਼ਤ ਮਿਹਨਤ ਸਦਕਾਂ ਕੋਈ ਵੀ ਸਫ਼ਲ ਹੋ ਸਕਦਾ ਹੈ।

ਆਪਣੀ ਅੰਡਰ-ਗ੍ਰੈਜੂਏਟ ਡਿਗਰੀ ਲਈ ਉਹ ਬੀੜ ਸ਼ਹਿਰ ਚਲੇ ਗਏ ਅਤੇ ਇਸਦੇ ਨਾਲ਼ ਹੀ MPSC ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ। “ਮੈਨੂੰ ਲੱਗਦਾ ਹੈ ਕਿ ਮੇਰੇ ਕੋਲ਼ ਸਮਾਂ ਨਹੀਂ ਸੀ, ਮੈਂ ਆਪਣੇ ਗ੍ਰੈਜੂਏਸ਼ਨ ਦੇ ਉਸੇ ਸਾਲ ਵਿੱਚ ਹੀ MPSC ਦੀਆਂ ਪ੍ਰੀਖਿਆਂਵਾਂ ਪਾਸ ਕਰਨਾ ਚਾਹੁੰਦਾ ਸੀ,” ਉਹਨਾਂ ਨੇ ਕਿਹਾ।

Left: Behind the pucca home where Khade now lives with his parents and cousins  is the  brick structure where his family lived for most of his childhood.
PHOTO • Kavitha Iyer
Right: Santosh Khade in the room of his home where he spent most of the lockdown period preparing for the MPSC entrance exam
PHOTO • Kavitha Iyer

ਖੱਬੇ : ਖਾੜੇ ਦੇ ਪੱਕੇ ਘਰ ਦੇ ਪਿਛਲੇ ਪਾਸੇ ਇੱਟਾਂ ਦਾ ਬਣਿਆ ਇੱਕ ਢਾਂਚਾ ਜਿੱਥੇ ਉਸਦਾ ਪਰਿਵਾਰ ਉਹਨਾਂ ਦੇ ਬਚਪਨ ਦਾ ਜ਼ਿਆਦਾਤਰ ਸਮਾਂ ਰਹਿੰਦਾ ਰਿਹਾ

ਸੱਜੇ : ਸੰਤੋਸ਼ ਕੁਮਾਰ ਆਪਣੇ ਘਰ ਦੇ ਉਸ ਕਮਰੇ ਵਿੱਚ ਜਿੱਥੇ ਉਹਨਾਂ ਨੇ ਲੌਕਡਾਉਨ ਦਾ ਜ਼ਿਆਦਾਤਰ ਸਮਾਂ MPSC ਦਾਖ਼ਲਾ ਪ੍ਰੀਖਿਆ ਦੀ ਤਿਆਰੀ ਬਤੀਤ ਕੀਤਾ

ਉਸ ਸਮੇਂ ਤੱਕ ਇਹ ਪਰਿਵਾਰ ਮਿੱਟੀ ਦੇ ਬਣੇ ਇੱਕ ਕੱਚੇ ਘਰ ਵਿੱਚ ਰਹਿੰਦਾ ਰਿਹਾ ਜਿਸ ਦੀ ਛੱਤ ਟੀਨ ਦੀ ਸੀ ਅਤੇ ਇਹ ਢਾਂਚਾ ਅੱਜ ਵੀ ਸਾਵਰਗਾਓਂ ਘਾਟ ਵਿਚਲੇ ਉਹਨਾਂ ਦੇ ਨਵੇਂ ਘਰ ਦੇ ਪਿਛਲੇ ਪਾਸੇ ਉਸੇ ਤਰ੍ਹਾਂ ਖੜ੍ਹਾ ਹੈ। ਜਦੋਂ ਖਾੜੇ ਕਾਲਜ ਪੜ੍ਹਨ ਲੱਗੇ, ਪਰਿਵਾਰ ਨੇ ਪੱਕਾ ਘਰ ਬਣਾਉਣ ਬਾਰੇ ਸੋਚਿਆ। ਉਹਨਾਂ ਦੇ ਕਹਿਣ ਅਨੁਸਾਰ ਓਦੋਂ ਉਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਅਤੇ ਨੌਕਰੀ ਲੱਭਣ ਦੀ ਤੀਬਰ ਜ਼ਰੂਰਤ ਮਹਿਸੂਸ ਹੋਈ ਸੀ।

2019 ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਉਪਰੰਤ ਉਹਨਾਂ ਨੇ ਆਪਣੇ ਦਿਨ ਲਾਇਬ੍ਰੇਰੀਆਂ ਵਿੱਚ ਬਿਤਾਉਣੇ ਸ਼ੁਰੂ ਕਰ ਦਿੱਤੇ, ਖ਼ਾਸਕਰ ਪੁਣੇ ਵਿੱਚ ਜਿੱਥੇ ਉਹ ਦੂਜੇ ਵਿਦਿਆਰਥੀਆਂ ਨਾਲ਼ ਇੱਕ ਹੋਸਟਲ ਵਿੱਚ ਰਹਿੰਦੇ ਸੀ ਜੋ ਸਰਕਾਰੀ ਪ੍ਰੀਖਿਆਂਵਾਂ ਦੀ ਤਿਆਰੀ ਕਰਦੇ ਹੁੰਦੇ ਸੀ। ਉਹ ਇਸ ਤਰ੍ਹਾਂ ਦੇ ਨੌਜਵਾਨ ਸਨ ਜੋ ਦੋਸਤਾਂ-ਮਿੱਤਰਾਂ, ਬਾਹਰ ਘੁੰਮਣ, ਚਾਹ ਪੀਣ ਜਾਣ ਆਦਿ ਤੋਂ ਪਰਹੇਜ਼ ਕਰਦੇ ਸੀ।

“ਅਸੀਂ ਉੱਥੇ ਆਪਣਾ ਸਮਾਂ ਖਰਾਬ ਕਰਨ ਨਹੀਂ ਗਏ ਸੀ,” ਉਹਨਾਂ ਨੇ ਕਿਹਾ।

ਜਦੋਂ ਉਹ ਕਸਬਾ ਪੇਠ, ਜੋ ਕਿ ਪੁਣੇ ਦਾ ਇੱਕ ਪੁਰਾਣਾ ਰਿਹਾਇਸ਼ੀ ਇਲਾਕਾ ਹੈ, ਦੀ ਲਾਇਬ੍ਰੇਰੀ ਲਈ ਨਿਕਲਦੇ ਉਹ ਆਪਣਾ ਸੈੱਲਫ਼ੋਨ ਕਮਰੇ ਵਿੱਚ ਹੀ ਛੱਡ ਜਾਂਦੇ। ਇੱਥੇ ਉਹ ਸਵੇਰ ਦੇ 1 ਵਜੇ ਤੱਕ ਪੜ੍ਹਦੇ, ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰ ਪੜ੍ਹਦੇ ਅਤੇ ਹੱਲ ਕਰਦੇ, ਇੰਟਰਵਿਊ ਦੇ ਸੰਭਾਵੀ ਪ੍ਰਸ਼ਨਾਂ ਬਾਰੇ ਖੋਜ ਕਰਦੇ, ਅਤੇ ਇੰਟਰਵਿਊ ਲੈਣ ਵਾਲ਼ਿਆਂ ਤੇ ਪ੍ਰਸ਼ਨ-ਪੱਤਰ ਪਾਉਣ ਵਾਲ਼ਿਆਂ ਦੇ ਦਿਮਾਗ਼ਾਂ ਨੂੰ ਸਮਝਣ ਦਾ ਯਤਨ ਕਰਦੇ।

ਔਸਤਨ ਇੱਕ ਦਿਨ ਵਿੱਚ ਉਹ 500-600 ਬਹੁਤੇ ਵਕਲਪਾਂ ਵਾਲੇ ਪ੍ਰਸ਼ਨ (MCQ) ਹੱਲ ਕਰਿਆ ਕਰਦੇ।

5 ਅਪ੍ਰੈਲ 2020 ਨੂੰ ਹੋਣ ਵਾਲੀ ਪਹਿਲੀ ਪ੍ਰੀਖਿਆ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅਣਮਿੱਥੇ ਸਮੇਂ ਲਈ ਅਗਾਂਹ ਪਾ ਦਿੱਤਾ ਸੀ। “ਮੈਂ ਉਸ ਸਮੇਂ ਦਾ ਲਾਹਾ ਲੈਣ ਬਾਰੇ ਸੋਚਿਆ।” ਇਸ ਲਈ ਸਾਵਰਗਾਓਂ ਘਾਟ ਵਾਪਸ ਆ ਕੇ ਉਹਨਾਂ ਨੇ ਲਗਭਗ ਪੂਰਾ ਬਣ ਚੁੱਕੇ ਆਪਣੇ ਪੱਕੇ ਮਕਾਨ ਵਿੱਚ ਇੱਕ ਕਮਰੇ ਨੂੰ ਆਪਣੇ ਪੜ੍ਹਾਈ ਵਾਲੇ ਕਮਰੇ ਵਿੱਚ ਬਦਲ ਦਿੱਤਾ। “ਘਰ ਰਾਣ (ਖ਼ੇਤਾਂ) ਵਿੱਚ ਸੀ ਇਸ ਲਈ ਜੇ ਮੈਂ ਬਾਹਰ ਵੀ ਨਿਕਲਣਾ ਹੁੰਦਾ ਤਾਂ ਮੈਂ ਕਿਸੇ ਅੰਬ ਦੇ ਰੁੱਖ ਹੇਠ ਬੈਠ ਕੇ ਪੜ੍ਹਾਈ ਕਰਦਾ ਜਾਂ ਫਿਰ ਠੰਡੀ ਸ਼ਾਮ ਨੂੰ ਪੜ੍ਹਨ ਲਈ ਛੱਤ ’ਤੇ ਚਲਿਆ ਜਾਂਦਾ ਸੀ। ”

ਆਖ਼ਿਰ ਜਨਵਰੀ 2021 ਵਿੱਚ ਉਹਨਾਂ ਨੇ ਆਪਣੀ MPSC ਦੀ ਮੁਢਲੀ ਪ੍ਰੀਖਿਆ ਦਿੱਤੀ ਅਤੇ ਅਗਲੇ ਪੜਾਅ ਤੱਕ ਜਾਣ ਲਈ ਲੋੜੀਂਦੀ ਕੱਟਆਫ ਤੋਂ 33 ਅੰਕ ਵੱਧ ਪ੍ਰਾਪਤ ਕੀਤੇ। ਪਰ ਮਹਾਮਾਰੀ ਦੀ ਦੂਜੀ ਲਹਿਰ ਆਉਣ ਕਾਰਨ

ਖਾੜੇ ਨੂੰ ਇੱਕ ਨਿੱਜੀ ਝਟਕਾ ਵੀ ਲੱਗਿਆ। “ਮੇਰੇ 32 ਸਾਲਾ ਚਚੇਰੇ ਭਰਾ ਦੀ ਕੋਵਿਡ ਕਾਰਨ ਮੌਤ ਹੋ ਗਈ ਸੀ। ਉਸ ਨੇ ਹਸਪਤਾਲ ਵਿੱਚ ਮੇਰੀਆਂ ਅੱਖਾਂ ਸਾਹਮਣੇ ਦਮ ਤੋੜ ਦਿੱਤਾ। ਅਸੀਂ ਉਸਦਾ ਅੰਤਿਮ ਸੰਸਕਾਰ ਆਪਣੇ ਖ਼ੇਤ ਵਿੱਚ ਹੀ ਕੀਤਾ,” ਉਹਨਾਂ ਨੇ ਯਾਦ ਕੀਤਾ।

15 ਦਿਨ ਦੇ ਇਕਾਂਤਵਾਸ ਤੋਂ ਬਾਅਦ ਨਿਰਾਸ਼ ਹੋਏ ਖਾੜੇ ਮਹਿਸੂਸ ਕਰਨ ਲੱਗੇ ਕਿ ਇੱਕੋ-ਇੱਕ ਪੜ੍ਹੇ-ਲਿਖੇ ਨੌਜਵਾਨ ਵੱਜੋਂ ਹੁਣ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਘਰ ਰਹਿਣ। ਮਹਾਮਾਰੀ ਨੇ ਸਭ ਦੀ ਰੋਜ਼ੀ-ਰੋਟੀ ਤਬਾਹ ਕਰ ਦਿੱਤੀ ਅਤੇ ਆਮਦਨੀ ਨੂੰ ਢਾਹ ਲਾਈ। ਉਹ ਆਪਣੀ MPSC ਦੀ ਆਪਣੀ ਯਾਤਰਾ ਛੱਡਣ ਦੀ ਸੋਚਣ ਲੱਗੇ।

ਅਖ਼ੀਰ ਇਹ ਵਿਚਾਰ ਆਇਆ ਕਿ ਜੇਕਰ ਉਹਨਾਂ ਨੇ ਹੁਣ ਕਦਮ ਪਿੱਛੇ ਲੈ ਲਿਆ ਤਾਂ ਮੇਰੇ ਪਿੰਡ ਦਾ ਹਰ ਇੱਕ ਵਿਅਕਤੀ ਜੋ ਗੰਨੇ ਦੀ ਵਾਢੀ ’ਤੇ ਨਿਰਭਰ ਹੈ, ਕੁਝ ਬਿਹਤਰ ਪ੍ਰਾਪਤ ਕਰਨ ਦੀ ਊਮੀਦ ਗੁਆ ਦੇਵੇਗਾ,” ਉਹਨਾਂ ਨੇ ਕਿਹਾ।

*****

Santosh Khade with one of the family’s four bullocks. As a boy, Khade learnt to tend to the animals while his parents worked
PHOTO • Kavitha Iyer

ਸੰਤੋਸ਼ ਖਾੜੇ  ਆਪਣੇ ਪਰਿਵਾਰ ਦੇ ਚਾਰ ਬਲਦਾਂ ਵਿੱਚੋਂ ਇੱਕ ਦੇ ਨਾਲ਼ ਬਚਪਨ ਤੋਂ ਹੀ ਖਾੜੇ ਨੇ ਜਾਨਵਰਾਂ ਦੀ ਦੇਖਭਾਲ ਕਰਨਾ ਸਿੱਖ ਲਿਆ ਸੀ ਜਦੋਂ ਉਹਨਾਂ ਦੇ ਮਾਤਾ - ਪਿਤਾ ਬਾਹਰ ਕੰਮ ਕਰਿਆ ਕਰਦੇ ਸੀ

ਦਿਸੰਬਰ 2021 ਦੀ ਮੁੱਖ ਪ੍ਰੀਖਿਆ ਤੋਂ ਬਾਅਦ ਜਦੋਂ ਖਾੜੇ ਨੂੰ ਇੰਟਰਵਿਊ ਲਈ ਚੁਣ ਲਿਆ ਗਿਆ ਉਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਵਾਅਦਾ ਕੀਤਾ ਕਿ ਹੁਣ 2022 ਵਿੱਚ ਉਹਨਾਂ ਨੂੰ ਗੰਨੇ ਦੀ ਵਾਢੀ ਲਈ ਨਹੀਂ ਜਾਣਾ ਪਵੇਗਾ।

ਪਰ ਘਬਰਾਹਟ ਅਤੇ ਨਿਰਾਸ਼ਾ ਕਾਰਨ ਉਹ ਆਪਣੀ ਪਹਿਲੀ ਇੰਟਰਵਿਊ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ। “ਭਾਵੇਂ ਮੈਨੂੰ ਸਵਾਲਾਂ ਦੇ ਜਵਾਬ ਆਉਂਦੇ ਸੀ ਪਰ ਮੈਂ ਫਿਰ ਵੀ ਕਹਿੰਦਾ ਰਿਹਾ ਕਿ ‘ਮੈਨੂੰ ਨਹੀਂ ਪਤਾ’।" ਉਹ ਕੱਟਆਫ ਲਿਸਟ ਵਿੱਚ 0.75 ਅੰਕਾਂ ਤੋਂ ਰਹਿ ਗਏ,  ਅਤੇ ਹੁਣ 2022 ਦੀ ਮੁੱਖ ਪ੍ਰੀਖਿਆ ਲਈ 10 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਸੀ। “ਮੈਂ ਸੁੰਨ ਹੋ ਗਿਆ ਸੀ। ਮੇਰੇ ਮਾਤਾ-ਪਿਤਾ ਗੰਨੇ ਦੀ ਵਾਢੀ ਲਈ ਗਏ ਹੋਏ ਸੀ। ਮੈਂ ਨਿਰਾਸ਼ ਹੋ ਕੇ ਬਾਪੂ [ਪਿਤਾ ਜੀ] ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਉਨ੍ਹਾਂ ਨਾਲ਼ ਕੀਤਾ ਆਪਣਾ ਵਾਅਦਾ ਪੂਰਾ ਨਹੀਂ ਕਰ ਸਕਾਂਗਾ।”

ਇਹ ਦੱਸਦੇ ਹੋਏ ਕਿ ਅੱਗੇ ਕੀ ਹੋਇਆ, ਖਾੜੇ ਭਾਵੁਕ ਹੋ ਗਏ। ਉਹਨਾਂ ਨੂੰ ਇਹ ਸੀ ਕਿ ਉਹਨਾਂ ਦੇ ਪਿਤਾ, ਜੋ ਪੋਲੀਓ ਤੋਂ ਪ੍ਰਭਾਵਿਤ ਅਤੇ ਇੱਕ ਅਨਪੜ੍ਹ ਸਨ ਜਿਹਨਾਂ ਨੂੰ MPSC ਦੀ ਪ੍ਰੀਖਿਆ ਪ੍ਰਕਿਰਿਆ ਜਾਂ ਪ੍ਰਤੀਯੋਗੀ ਸੁਭਾਅ ਬਾਰੇ ਕੁਝ ਪਤਾ ਨਹੀਂ ਸੀ, ਉਹਨਾਂ ਨੂੰ ਝਿੜਕਣਗੇ।

“ਪਰ ਇਸਦੀ ਬਜਾਏ, ਉਹਨਾਂ ਨੇ ਮੈਨੂੰ ਕਿਹਾ,‘ਭਾਵੜਿਆ [ਜਿਸ ਨਾਮ ਨਾਲ਼ ਉਹਨਾਂ ਦੇ ਮਾਪੇ ਉਹਨਾਂ ਨੂੰ ਪੁਕਾਰਦੇ ਸਨ], ਤੇਰੇ ਲਈ ਮੈਂ ਹੋਰ ਪੰਜ ਸਾਲਾਂ ਲਈ ਗੰਨੇ ਦੀ ਵਾਢੀ ਕਰ ਸਕਦਾ ਹਾਂ।’  ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕੋਸ਼ਿਸ਼ ਨਹੀਂ ਛੱਡ ਸਕਦਾ, ਮੈਨੂੰ ਇੱਕ ਸਰਕਾਰੀ ਅਫਸਰ ਬਣਨਾ ਹੀ ਪਵੇਗਾ। ਉਸ ਤੋਂ ਬਾਅਦ ਮੈਨੂੰ ਕਿਸੇ ਹੋਰ ਪ੍ਰੇਰਣਾਦਾਇਕ ਭਾਸ਼ਣ ਦੀ ਲੋੜ ਨਹੀਂ ਪਈ।”

ਪੁਣੇ ਵਿੱਚ ਖਾੜੇ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ ਅਤੇ ਲਾਇਬ੍ਰੇਰੀ ਵਾਪਸ ਜਾਣ ਲੱਗੇ। ਉਹਨਾਂ ਦੀ ਅਗਲੀ ਕੋਸ਼ਿਸ਼ ਵਿੱਚ ਉਹਨਾਂ ਦੇ ਅੰਕਾਂ ਦੀ ਗਿਣਤੀ 700 ਵਿੱਚੋਂ 417 ਤੋਂ 461 ਹੋ ਗਈ। ਇੰਟਰਵਿਊ ਵਿੱਚ ਹੁਣ ਉਹਨਾਂ ਨੂੰ 100 ਵਿੱਚੋਂ ਸਿਰਫ 30-40 ਅੰਕਾਂ ਦੀ ਲੋੜ ਸੀ।

ਜਿਵੇਂ ਕਿ ਅਗਸਤ 2022 ਦੀ ਇੰਟਰਵਿਊ ਨੂੰ ਅਗਾਂਊਂ ਪਾਇਆ ਜਾ ਰਿਹਾ ਸੀ, ਉਹਨਾਂ ਦੇ ਮਾਪਿਆਂ ਨੇ ਅਗਲੇ ਸਾਲ ਦਾ ਉਚਲ ਸਵੀਕਾਰ ਕਰਨ ਦਾ ਫੈਸਲਾ ਕੀਤਾ। “ਉਸ ਦਿਨ ਮੈਂ ਸਹੁੰ ਖਾਧੀ ਕਿ ਹੁਣ ਜਦੋਂ ਮੈਂ ਉਹਨਾਂ ਨੂੰ ਅਗਲੀ ਵਾਰ ਮਿਲਾਂਗਾ ਤਾਂ ਹੱਥ ਵਿੱਚ ਕੁਝ ਠੋਸ ਲੈ ਕੇ ਹੀ ਮਿਲਾਂਗਾ।”

ਜਨਵਰੀ 2023 ਵਿੱਚ ਜਿਸ ਦਿਨ ਉਹਨਾਂ ਨੇ ਆਪਣੀ ਇੰਟਰਵਿਊ ਪੂਰੀ ਕੀਤੀ ਅਤੇ ਉਹਨਾਂ ਨੂੰ ਇਹ ਯਕੀਨ ਹੋ ਗਿਆ ਕਿ ਉਹਨਾਂ ਨੇ ਇਹ ਵਾਜਿਬ ਹੀ ਪਾਸ ਕਰ ਲਈ ਹੈ, ਉਹਨਾਂ ਨੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਕਿਹਾ ਕਿ ਹੁਣ ਉਹ ਕਦੇ ਵੀ ਕੋਇਟਾ (ਦਾਤਰੀ) ਨਹੀਂ ਚਕਣਗੇ। ਉਹਨਾਂ ਨੇ ਉਚਲ ਦੀ ਰਕਮ ਮੋੜਨ ਲਈ ਕਿਸੇ ਤੋਂ ਪੈਸੇ ਉਧਾਰ ਲਏ ਅਤੇ ਸੋਲਾਪੁਰ ਚਲੇ ਗਏ ਜਿੱਥੇ ਉਹਨਾਂ ਨੇ ਆਪਣੇ ਮਾਤਾ-ਪਿਤਾ ਦਾ ਸਮਾਨ ਅਤੇ ਦੋ ਬਲਦਾਂ ਨੂੰ ਇੱਕ ਪਿਕ-ਅੱਪ ਟਰੱਕ ਵਿੱਚ ਲੱਦ ਕੇ ਘਰ ਭੇਜ ਦਿੱਤਾ।

“ਜਿਸ ਦਿਨ ਉਹਨਾਂ ਨੇ ਘਰ ਛੱਡਿਆ ਸੀ ਉਹ ਮੇਰੇ ਲਈ ਇੱਕ ਕਾਲਾ ਦਿਨ ਸੀ। ਜਿਸ ਦਿਨ ਮੈਂ ਉਹਨਾਂ ਨੂੰ ਘਰ ਵਾਪਸ ਲੈ ਕੇ ਆਇਆ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਦਿਨ ਸੀ।”

ਤਰਜਮਾ : ਇੰਦਰਜੀਤ ਸਿੰਘ

Kavitha Iyer

ಕವಿತಾ ಅಯ್ಯರ್ 20 ವರ್ಷಗಳಿಂದ ಪತ್ರಕರ್ತರಾಗಿದ್ದಾರೆ. ಇವರು ‘ಲ್ಯಾಂಡ್‌ಸ್ಕೇಪ್ಸ್ ಆಫ್ ಲಾಸ್: ದಿ ಸ್ಟೋರಿ ಆಫ್ ಆನ್ ಇಂಡಿಯನ್ ಡ್ರಾಟ್’ (ಹಾರ್ಪರ್ ಕಾಲಿನ್ಸ್, 2021) ನ ಲೇಖಕಿ.

Other stories by Kavitha Iyer
Editor : Priti David

ಪ್ರೀತಿ ಡೇವಿಡ್ ಅವರು ಪರಿಯ ಕಾರ್ಯನಿರ್ವಾಹಕ ಸಂಪಾದಕರು. ಪತ್ರಕರ್ತರು ಮತ್ತು ಶಿಕ್ಷಕರಾದ ಅವರು ಪರಿ ಎಜುಕೇಷನ್ ವಿಭಾಗದ ಮುಖ್ಯಸ್ಥರೂ ಹೌದು. ಅಲ್ಲದೆ ಅವರು ಗ್ರಾಮೀಣ ಸಮಸ್ಯೆಗಳನ್ನು ತರಗತಿ ಮತ್ತು ಪಠ್ಯಕ್ರಮದಲ್ಲಿ ಆಳವಡಿಸಲು ಶಾಲೆಗಳು ಮತ್ತು ಕಾಲೇಜುಗಳೊಂದಿಗೆ ಕೆಲಸ ಮಾಡುತ್ತಾರೆ ಮತ್ತು ನಮ್ಮ ಕಾಲದ ಸಮಸ್ಯೆಗಳನ್ನು ದಾಖಲಿಸುವ ಸಲುವಾಗಿ ಯುವಜನರೊಂದಿಗೆ ಕೆಲಸ ಮಾಡುತ್ತಾರೆ.

Other stories by Priti David
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

Other stories by Inderjeet Singh