ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਜਦੋਂ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਹਾਟਕਨੰਗਲੇ ਤਾਲੁਕਾ ਦੇ ਕੋਚੀ ਪਿੰਡ ਦੇ ਕਿਸਾਨ ਇੱਕ ਦੂਜੇ ਨਾਲ਼ ਇਸ ਗੱਲੋਂ ਮੁਕਾਬਲਾ ਕਰਦੇ ਕਿ ਦੇਖਦੇ ਹਾਂ ਇਸ ਵਾਰ ਆਪਣੀ ਇੱਕ ਏਕੜ ਭੋਇੰ ਵਿੱਚ ਕੌਣ ਬਹੁਤੀ ਕਮਾਦ ਉਗਾਉਂਦਾ ਹੈ। ਪਿੰਡ ਦੇ ਲੋਕੀਂ ਦੱਸਦੇ ਹਨ ਕਿ ਇਹ ਰਵਾਇਤ ਕੋਈ ਛੇ ਦਹਾਕਿਆਂ ਤੋਂ ਚੱਲ਼ਦੀ ਆਉਂਦੀ ਸੀ। ਇਹ ਇੱਕ ਕਿਸਮ ਦਾ ਨਰੋਆ ਮੁਕਾਬਲਾ ਰਹਿੰਦਾ ਜਿਸ ਵਿੱਚ ਸ਼ਾਮਲ ਹਰ ਬਾਸ਼ਿੰਦੇ ਨੂੰ ਬਹੁਤ ਵਧੀਆ ਤੋਹਫ਼ਾ ਰੂਪੀ ਉਪਜ ਹੱਥ ਲੱਗਦੀ; ਕਈ ਕਿਸਾਨ ਤਾਂ ਪ੍ਰਤੀ ਏਕੜ 80,000-100,000 ਕਿਲੋ ਤੱਕ ਦੀ ਕਾਸ਼ਤ ਕਰ ਲੈਂਦੇ ਜੋ ਸਧਾਰਣ ਉਪਜ ਦਾ ਡੇਢ ਗੁਣਾ ਹੁੰਦਾ।

ਦਹਾਕਿਆਂ ਤੋਂ ਚੱਲ਼ਦੀ ਆਉਂਦੀ ਰਵਾਇਤੀ ਉਦੋਂ ਰੁੱਕ ਗਈ ਜਦੋਂ ਅਗਸਤ 2019 ਵਿੱਚ ਆਏ ਹੜ੍ਹ ਕਾਰਨ ਪਿੰਡ ਦੇ ਕਈ ਹਿੱਸੇ 10 ਦਿਨਾਂ ਤੱਕ ਪਾਣੀ ਵਿੱਚ ਡੁੱਬੇ ਰਹੇ, ਜਿਸ ਕਾਰਨ ਕਮਾਦ ਦੀ ਬਹੁਤੇਰੀ ਫ਼ਸਲ ਤਬਾਹ ਹੋ ਗਈ। ਦੋ ਸਾਲ ਬਾਅਦ, ਜੁਲਾਈ 2021 ਵਿੱਚ, ਪਏ ਵਿਤੋਂ-ਵੱਧ ਮੀਂਹ ਅਤੇ ਆਏ ਹੜ੍ਹਾਂ ਨੇ ਇੱਕ ਵਾਰੀਂ ਫਿਰ ਤੋਂ ਕੋਚੀ ਦੀ ਕਮਾਦ ਤੇ ਸੋਇਆਬੀਨ ਦੀਆਂ ਫ਼ਸਲਾਂ ਤਬਾਹ ਕਰ ਸੁੱਟੀਆਂ।

ਕੋਚੀ ਦੀ ਵਾਸੀ ਅਤੇ ਮੁਜ਼ਾਰਾ ਕਿਸਾਨ 42 ਸਾਲਾ ਗੀਤਾ ਪਾਟਿਲ ਕਹਿੰਦੀ ਹਨ, “ਹੁਣ, ਕੋਈ ਕਿਸਾਨ ਦੂਜੇ ਨਾਲ਼ ਮੁਕਾਬਲ਼ਾ ਨਹੀਂ ਕਰਦਾ; ਉਹ ਤਾਂ ਇਹੀ ਫ਼ਰਿਆਦ ਕਰਦੇ ਨਹੀਂ ਥੱਕਦੇ ਕਿ ਘੱਟੋਘੱਟ ਉਨ੍ਹਾਂ ਦੀ ਅੱਧੀਓ ਫ਼ਸਲ ਹੀ ਬਚੀ ਰਹੇ।” ਗੀਤਾ, ਜਿਨ੍ਹਾਂ ਨੂੰ ਕਦੇ ਇਸ ਗੱਲ ਦਾ ਭਰੋਸਾ ਸੀ ਕਿ ਉਨ੍ਹਾਂ ਨੇ ਕਮਾਦ ਦਾ ਝਾੜ ਵਧਾਉਣ ਦੀ ਹਰ ਤਕਨੀਕ ਸਿੱਖ ਲਈ ਹੈ, ਨੇ ਪਿਛਲੇ ਦੋ ਹੜ੍ਹਾਂ ਦੌਰਾਨ ਆਪਣੀ 8 ਲੱਖ ਕਿਲੋ ਕਮਾਦ ਦੀ ਫ਼ਸਲ ਤੋਂ ਹੱਥ ਧੋਤਾ।

“ਕੁਝ ਤਾਂ ਗ਼ਲਤ ਹੋਇਆ ਏ,” ਉਹ ਕਹਿੰਦੀ ਹਨ। ਹਾਲਾਂਕਿ ਉਹ ਜਲਵਾਯੂ ਤਬਦੀਲੀ ਨੂੰ ਇਸ ਖ਼ਾਤੇ ਵਿੱਚ ਨਹੀਂ ਗਿਣਦੀ। “ਮੀਂਹ ਦਾ ਖ਼ਾਸਾ ਪੂਰੀ ਤਰ੍ਹਾਂ ਬਦਲ (2019 ਦੇ ਹੜ੍ਹਾਂ ਤੋਂ ਬਾਅਦ) ਗਿਆ ਏ,” ਉਹ ਅੱਗੇ ਕਹਿੰਦੀ ਹਨ। 2019 ਤੱਕ ਉਨ੍ਹਾਂ ਦੀ ਖੇਤੀ ਦਾ ਇੱਕ ਨੇਮ ਸੀ। ਹਰ ਵਾਰੀਂ ਕਮਾਦ ਦੀ ਵਾਢੀ ਤੋਂ ਬਾਅਦ, ਖ਼ਾਸ ਕਰਕੇ ਅਕਤੂਬਰ-ਨਵੰਬਰ ਵਿੱਚ ਉਹ ਆਪਣੀ ਭੋਇੰ ‘ਤੇ ਵੰਨ-ਸੁਵੰਨੀਆਂ ਫ਼ਸਲਾਂ ਜਿਵੇਂ ਸੋਇਆਬੀਨ, ਭੂਈਮਗ (ਮੂੰਗਫ਼ਲੀ), ਅੱਡ-ਅੱਡ ਕਿਸਮਾਂ ਦੇ ਚੌਲ, ਸ਼ਾਲੂ (ਹਾਈਬ੍ਰਿਡ ਸੋਰਘੁਮ) ਜਾਂ ਬਾਜਰਾ (ਮੋਤੀ ਬਾਜਰਾ) ਬੀਜਿਆ ਕਰਦੀ ਤਾਂਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਭੋਇੰ ਵਿੱਚ ਲੋੜੀਂਦੇ ਪੋਸ਼ਕ ਤੱਤ ਬਚਾਏ ਤੇ ਬਰਕਰਾਰ ਰੱਖੇ ਜਾ ਰਹੇ ਹਨ। ਉਦੋਂ ਉਨ੍ਹਾਂ ਦੇ ਜੀਵਨ ਤੇ ਕੰਮ ਦੀ ਇੱਕ ਲੈਅ ਸੀ ਇੱਕ ਨਿਸ਼ਚਤਤਾ ਸੀ। ਜੋ ਹੁਣ ਨਹੀਂ ਰਹੀ।

“ਇਸ ਸਾਲ (2022 ਵਿੱਚ), ਮਾਨਸੂਨ ਇੱਕ ਮਹੀਨੇ ਦੀ ਦੇਰੀ ਨਾਲ਼ ਆਇਆ। ਪਰ ਜਦੋਂ ਮੀਂਹ ਵਰ੍ਹਨਾ ਸ਼ੁਰੂ ਹੋਇਆ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਲਗਭਗ ਸਾਰੇ ਖੇਤ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਹੀ ਗਏ।” ਅਗਸਤ ਮਹੀਨੇ ਵਿੱਚ ਪਏ ਭਾਰੀ ਮੀਂਹ ਕਾਰਨ ਖੇਤਾਂ ਦੇ ਵੱਡੇ ਹਿੱਸੇ ਤਕਰੀਬਨ ਦੋ ਹਫ਼ਤੇ ਪਾਣੀ ਵਿੱਚ ਡੁੱਬੇ ਰਹੇ। ਜਿਨ੍ਹਾਂ ਕਿਸਾਨਾਂ ਨੇ ਉਦੋਂ ਹੀ ਕਿਤੇ ਕਮਾਦ ਬੀਜੀ ਸੀ, ਉਨ੍ਹਾਂ ਨੇ ਦੱਸਿਆ ਕਿ ਪਾਣੀ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਿਆ। ਇੱਥੋਂ ਤੱਕ ਕਿ ਪੰਚਾਇਤ ਨੇ ਲੋਕਾਂ ਨੂੰ ਪਾਣੀ ਦਾ ਪੱਧਰ ਹੋਰ ਵੱਧਣ ਦੇ ਡਰੋਂ ਆਪੋ-ਆਪਣੇ ਘਰ ਖਾਲੀ ਕਰਨ ਦੀ ਚੇਤਾਵਨੀ ਤੱਕ ਦੇ ਦਿੱਤੀ।

Geeta Patil was diagnosed with hyperthyroidism after the 2021 floods. 'I was never this weak. I don’t know what is happening to my health now,' says the says tenant farmer and agricultural labourer
PHOTO • Sanket Jain

2021 ਦੇ ਹੜ੍ਹਾਂ ਤੋਂ ਬਾਅਦ ਗੀਤਾ ਪਾਟਿਲ ਨੂੰ ਹਾਈਪਰਥਾਇਰਾਈਡਿਜ਼ਮ ਦੀ ਸ਼ਿਕਾਇਤ ਹੋ ਗਈ। ਮੁਜ਼ਾਰਾ ਕਿਸਾਨ ਤੇ ਖੇਤ ਮਜ਼ਦੂਰ ਗੀਤਾ ਕਹਿੰਦੀ ਹਨ,‘ਪਹਿਲਾਂ ਕਦੇ ਮੈਂ ਇੰਨੀ ਕਮਜ਼ੋਰੀ ਮਹਿਸੂਸ ਨਾ ਕੀਤੀ। ਮੈਨੂੰ ਇਹ ਸਮਝ ਨਾ ਆਉਂਦਾ ਕਿ ਮੇਰੀ ਸਿਹਤ ਨੂੰ ਹੋ ਕੀ ਰਿਹਾ ਏ’

ਵਢਭਾਗੀਂ, ਗੀਤਾ ਵੱਲੋਂ ਕਾਸ਼ਤ ਕੀਤੇ ਚੌਲ਼ ਦੀ ਫ਼ਸਲ ਡੁੱਬਣੋਂ ਬਚ ਗਈ ਤੇ ਅਕਤੂਬਰ ਮਹੀਨੇ ਉਨ੍ਹਾਂ ਨੂੰ ਇੱਕ ਠੀਕ-ਠਾਕ ਕਮਾਈ ਦੀ ਆਸ ਬੱਝ ਗਈ। ਪਰ, ਅਕਤੂਬਰ ਵਿੱਚ ਲੱਗੀ ਅਣਕਿਆਸੇ ਮੀਂਹਾਂ ਦੀ ਝੜੀ ਨੇ, (ਜਿਹਨੂੰ ਮੁਕਾਮੀ ਲੋਕ ‘ਧਗਫੁਟੀ’ ਜਾਂ ਬੱਦਲ ਫੱਟਣਾ ਕਹਿੰਦੇ ਹਨ) ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਇਕੱਲੇ ਕੋਲ੍ਹਾਪੁਰ ਜ਼ਿਲ੍ਹੇ ਦੇ 78 ਪਿੰਡਾਂ ਵਿੱਚ ਇੱਕ ਹਜ਼ਾਰ ਹੈਕਟੇਅਰ ਦੇ ਕਰੀਬ ਫ਼ਸਲ ਨੂੰ ਤਬਾਹ ਕਰ ਦਿੱਤਾ।

ਗੀਤਾ ਕਮਾਦ ਦੀ ਖੜ੍ਹੀ ਫ਼ਸਲ ਨੂੰ ਮੀਂਹ ਕਾਰਨ ਹੋਏ ਨੁਕਸਾਨ ਕਾਰਨ ਘੱਟ ਮਿਲ਼ਣ ਵਾਲ਼ੇ ਝਾੜ ਦੀ ਗੱਲ ਦੇ ਨਾਲ਼ ਜੋੜਦਿਆਂ ਕਹਿੰਦੀ ਹਨ,“ਸਾਡੀ ਚੌਲ਼ਾਂ ਦੀ ਕਰੀਬ ਅੱਧੀ ਫ਼ਸਲ ਤਬਾਹ ਹੋ ਗਈ। ਮੁਜ਼ਾਰਾ ਕਿਸਾਨ ਹੋਣ ਕਾਰਨ ਸਾਨੂੰ ਆਪਣੀ ਉਪਜ ਦਾ 80 ਫ਼ੀਸਦ ਹਿੱਸਾ ਜਿਮੀਂਦਾਰ ਨੂੰ ਦੇਣਾ ਪੈਂਦਾ ਹੈ।”

ਗੀਤਾ ਅਤੇ ਉਨ੍ਹਾਂ ਦਾ ਪਰਿਵਾਰ ਚਾਰ ਏਕੜ ਭੋਇੰ ‘ਤੇ ਕਮਾਦ ਪੈਦਾ ਕਰਦਾ ਹੈ। ਆਮ ਦਿਨੀਂ, ਝਾੜ ਕੋਈ 320 ਟਨ ਮਿਲ਼ਦਾ। ਜਿਸ ਵਿੱਚੋਂ, ਉਹ ਆਪਣੇ ਕੋਲ਼ ਸਿਰਫ਼ 64 ਟਨ ਉਪਜ ਹੀ ਰੱਖ ਸਕਦੇ ਸਨ ਜਦੋਂ ਕਿ ਬਾਕੀ ਦਾ ਹਿੱਸਾ ਜਿਮੀਂਦਾਰ ਦੇ ਖ਼ੀਸੇ ਵਿੱਚ ਚਲਾ ਜਾਂਦਾ। ਪਰਿਵਾਰ ਦੇ ਚਾਰ ਜੀਆਂ ਵੱਲੋਂ 15 ਮਹੀਨਿਆਂ ਤੱਕ ਹੱਡ-ਭੰਨ੍ਹਵੀਂ ਮਿਹਨਤ ਦੇ ਮੁੱਲ ਵਜੋਂ ਹਿੱਸੇ ਆਏ 64 ਟਨ ਬਦਲੇ 179,200 ਰੁਪਏ ਹੀ ਮਿਲ਼ਦੇ। ਜਿਮੀਂਦਾਰ ਜਿਹਨੇ ਸਿਰਫ਼ ਪੈਦਾਵਾਰ ਦੀ ਲਾਗਤ ਦਾ ਖ਼ਰਚਾ ਹੀ ਝੱਲਿਆ ਹੁੰਦਾ ਹੈ, 716,800 ਰੁਪਏ ਦੀ ਮੋਟੀ ਰਕਮ ਨੂੰ ਹੂੰਝ ਲਿਜਾਂਦਾ ਹੈ।

ਸਾਲ 2019 ਤੇ 2022 ਦੇ ਹੜ੍ਹਾਂ ਕਾਰਨ ਜਦੋਂ ਗੰਨੇ ਦੀ ਪੂਰੀ ਫ਼ਸਲ ਬਰਬਾਦ ਹੋ ਗਈ, ਗੀਤਾ ਦੇ ਪਰਿਵਾਰ ਨੂੰ ਇੱਕ ਨਵਾਂ ਪੈਸਾ ਕਮਾਈ ਨਾ ਹੋਈ। ਇੱਥੋਂ ਤੱਕ ਕਿ ਗੰਨਾ ਉਗਾਉਣ ਬਦਲੇ ਉਨ੍ਹਾਂ ਨੂੰ ਮਜ਼ਦੂਰੀ ਦੇ ਪੈਸੇ ਤੱਕ ਵੀ ਨਾ ਮਿਲ਼ੇ।

ਗੰਨੇ 'ਤੇ ਹੋਏ ਨੁਕਸਾਨ ਤੋਂ ਇਲਾਵਾ, ਉਨ੍ਹਾਂ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਅਗਸਤ 2019 ਦੇ ਹੜ੍ਹਾਂ ਵਿੱਚ ਉਨ੍ਹਾਂ ਦੇ ਘਰ ਦਾ ਕੁਝ ਹਿੱਸਾ ਢਹਿ ਗਿਆ। “ਘਰ ਦੀ ਮੁਰੰਮਤ ‘ਤੇ ਸਾਡੇ 25,000 ਰੁਪਏ ਖਰਚ ਹੋ ਗਏ,” ਗੀਤਾ ਦੇ ਪਤੀ, ਤਾਨਾਜੀ ਕਹਿੰਦੇ ਹਨ ਤੇ ਨਾਲ਼ ਹੀ ਗੱਲ ਜੋੜਦੇ ਹਨ, ਸਰਕਾਰ “ਨੇ ਹਰਜ਼ਾਨੇ ਵਜੋਂ ਸਿਰਫ਼ 6,000 ਰੁਪਏ ਦਿੱਤੇ।” ਹੜ੍ਹਾਂ ਤੋਂ ਬਾਅਦ ਤਾਨਾਜੀ ਨੂੰ ਹਾਈਪਰਟੈਨਸ਼ਨ ਦੀ ਤਸ਼ਖ਼ੀਸ ਹੋਈ।

2021 ਦੇ ਹੜ੍ਹਾਂ ਨੇ ਦੋਬਾਰਾ ਉਨ੍ਹਾਂ ਦਾ ਘਰ ਤਬਾਹ ਕਰ ਸੁੱਟਿਆ ਤੇ ਉਨ੍ਹਾਂ ਨੂੰ ਮਜ਼ਬੂਰੀਵੱਸ 8 ਦਿਨਾਂ ਵਾਸਤੇ ਦੂਜੇ ਪਿੰਡ ਰਹਿਣ ਜਾਣਾ ਪਿਆ। ਇਸ ਵਾਰੀਂ, ਪਰਿਵਾਰ ਘਰ ਦੀ ਮੁਰੰਮਤ ਦਾ ਖਰਚਾ ਝੱਲ ਨਾ ਸਕਿਆ। “ਅੱਜ ਵੀ ਜੇ ਤੁਸੀਂ ਕੰਧਾਂ ਨੂੰ ਛੂਹ ਕੇ ਦੇਖੋ ਤਾਂ ਉਹ ਸਲ੍ਹਾਬੀਆਂ ਨੇ,” ਦੁਖੀ ਮਨ ਨਾਲ਼ ਗੀਤਾ ਕਹਿੰਦੀ ਹਨ।

After the 2019 floods, Tanaji Patil, Geeta’s husband, was diagnosed with hypertension; the last three years have seen a spike in the number of people suffering from non-communicable diseases in Arjunwad
PHOTO • Sanket Jain

2019 ਦੇ ਹੜ੍ਹਾਂ ਤੋਂ ਬਾਅਦ, ਗੀਤਾ ਦੇ ਪਤੀ ਤਾਨਾਜੀ ਨੂੰ ਹਾਈਪਰਟੈਨਸ਼ਨ ਦੀ ਤਸ਼ਖ਼ੀਸ ਹੋਈ; ਪਿਛਲੇ ਤਿੰਨ ਸਾਲਾਂ ਵਿੱਚ ਅਰਜੁਨਵਾੜ ਵਿਖੇ ਗ਼ੈਰ-ਸੰਚਾਰੀ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ

A house in Khochi village that was damaged in the 2019 and 2021 floods
PHOTO • Sanket Jain

ਕੋਚੀ ਪਿੰਡ ਵਿਖੇ 2019 ਅਤੇ 2021 ਦੌਰਾਨ ਹੜ੍ਹਾਂ ਨਾਲ਼ ਤਬਾਹ ਹੋਇਆ ਇੱਕ ਘਰ

ਸਦਮਾ ਵੀ ਅਜੇ ਤਾਜ਼ਾ-ਤਾਜ਼ਾ ਹੈ। ਇਸਲਈ ਗੀਤਾ ਦਾ ਕਹਿਣਾ ਹੈ,“ਜਦੋਂ ਕਦੇ ਵੀ ਮੀਂਹ ਪੈਂਦਾ ਹੈ ਤੇ ਛੱਤ ਚੌਣ ਲੱਗਦੀ ਏ, ਉਦੋਂ ਡਿੱਗਣ ਵਾਲ਼ਾ ਇੱਕ-ਇੱਕ ਤੁਪਕਾ ਮੈਨੂੰ ਹੜ੍ਹ ਦੀ ਯਾਦ ਦਵਾਉਂਦਾ ਏ, ਤੇ ਜਦੋਂ ਅਕਤੂਬਰ (2022) ਵਿੱਚ ਵਿਤੋਂਵੱਧ ਮੀਂਹ ਪਿਆ ਤਾਂ ਮੈਂ ਇੱਕ ਹਫ਼ਤਾ ਸੌਂ ਨਾ ਸਕੀ।”

2021 ਦੇ ਹੜ੍ਹਾਂ ਵਿੱਚ ਪਰਿਵਾਰ ਦੀਆਂ ਦੋ ਮੇਹਸਾਨਾ ਮੱਝਾਂ ਵੀ ਰੁੜ੍ਹ ਗਈਆਂ ਜਿਨ੍ਹਾਂ ਦੀ ਕੀਮਤ 1.6 ਲੱਖ ਸੀ। “ਮੱਝਾਂ ਦੇ ਰੁੜ੍ਹਨ ਨਾਲ਼ ਦੁੱਧ ਵੇਚਣ ਨਾਲ਼ ਹੋਣ ਵਾਲ਼ੀ ਸਾਡੀ ਰੋਜ਼ਮੱਰਾ ਦੀ ਆਮਦਨੀ ਵੀ ਖੁੱਸ ਗਈ,” ਉਹ ਕਹਿੰਦੀ ਹਨ। ਮੁਸੀਬਤਾਂ ਝੱਲ ਕੇ ਪਰਿਵਾਰ ਨੇ 80,000 ਰੁਪਏ ਖਰਚ ਕੇ ਨਵੀਂ ਮੱਝ ਖਰੀਦੀ। ਔਖ਼ੇ ਹੋ ਕੇ ਨਵੀਂ ਮੱਝ ਖ਼ਰੀਦਣ ਦੀ ਮਜ਼ਬੂਰੀ ਬਿਆਨ ਕਰਦਿਆਂ ਉਹ ਕਹਿੰਦੀ ਹਨ, “ਜਦੋਂ ਤੁਹਾਨੂੰ ਖੇਤਾਂ ਵਿੱਚ ਲੋੜੀਂਦਾ ਕੰਮ (ਹੜ੍ਹਾਂ ਕਾਰਨ)  ਨਹੀਂ ਮਿਲ਼ਦਾ ਤਾਂ ਦੁੱਧ ਵੇਚਣਾ ਹੀ ਤੁਹਾਡੀ ਆਮਦਨੀ ਦਾ ਵਾਹਿਦ ਜ਼ਰੀਆ ਬਣਦਾ ਏ।” ਉਹ ਘਰ ਦਾ ਗੁਜ਼ਾਰਾ ਚਲਾਉਣ ਲਈ ਖੇਤ ਮਜ਼ਦੂਰੀ ਵੀ ਕਰਦੀ ਹਨ, ਪਰ ਹੁਣ ਕਿਸੇ ਪਾਸੇ ਵੀ ਬਹੁਤਾ ਕੰਮ ਨਹੀਂ ਮਿਲ਼ਦਾ।

ਗੀਤਾ ਅਤੇ ਤਾਨਾਜੀ ਨੇ ਸੈਲਫ਼-ਹੈਲਪ ਗਰੁੱਪਾਂ ਤੇ ਨਿੱਜੀ ਸ਼ਾਹੂਕਾਰਾਂ ਜਿਹੀਆਂ ਅੱਡ-ਅੱਡ ਥਾਵਾਂ ਤੋਂ 2 ਲੱਖ ਰੁਪਈਏ ਦਾ ਉਧਾਰ ਚੁੱਕਿਆ। ਉਨ੍ਹਾਂ ਦੀਆਂ ਫ਼ਸਲਾਂ ‘ਤੇ ਹੜ੍ਹ ਦੇ ਲਗਾਤਾਰ ਮੰਡਰਾਉਂਦੇ ਖ਼ਤਰੇ ਕਾਰਨ ਉਨ੍ਹਾਂ ਨੂੰ ਸਮੇਂ-ਸਿਰ ਕਰਜਾ ਨਾ ਮੋੜ ਸਕਣ ਦਾ ਡਰ ਸਤਾਉਂਦਾ ਰਹਿੰਦਾ ਤੇ ਆਪਣੇ ਭਵਿੱਖ ਨੂੰ ਉਹ ਵਿਆਜ ਦੇ ਵੱਧਦੇ ਭਾਰ ਹੇਠ ਪਾਉਂਦੇ ਹਨ।

ਮੀਂਹ ਦੇ ਖ਼ਾਸੇ ਵਿੱਚ ਹੋਈ ਤਬਦੀਲੀ ਕਾਰਨ ਵਾਢੀ ਤੇ ਆਮਦਨੀ ਵਿੱਚ ਪੈਦਾ ਹੋਈ ਬੇਯਕੀਨੀ ਦੀ ਕੀਮਤ ਗੀਤਾ ਆਪਣੀ ਸਿਹਤ ਗੁਆ ਕੇ ਚੁਕਾ ਰਹੀ ਹਨ।

“ਜੁਲਾਈ 2021 ਦੇ ਹੜ੍ਹਾਂ ਤੋਂ ਬਾਅਦ, ਮੈਨੂੰ ਪੱਠਿਆਂ ਦੀ ਕਮਜ਼ੋਰੀ, ਜੋੜਾਂ ਦੇ ਅਕੜਾਅ ਤੇ ਸਾਹ ਫੁੱਲਣ ਜਿਹੀਆਂ ਅਲਾਮਤਾਂ ਮਹਿਸੂਸ ਹੋਣ ਲੱਗੀਆਂ,” ਉਹ ਕਹਿੰਦੀ ਹਨ। ਉਨ੍ਹਾਂ ਨੇ ਇਨ੍ਹਾਂ ਲੱਛਣਾਂ ਨੂੰ ਚਾਰ ਮਹੀਨੇ ਤੱਕ ਅਣਗੌਲ਼ਿਆ, ਇਹ ਸੋਚ ਕੇ ਕਿ ਸਮੇਂ ਦੇ ਨਾਲ਼ ਸਭ ਠੀਕ ਹੋ ਜਾਵੇਗਾ।

“ਇੱਕ ਦਿਨ, ਜਦੋਂ ਸਭ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਦ ਕਿਤੇ ਜਾ ਕੇ ਮੈਂ ਡਾਕਟਰ ਨੂੰ ਮਿਲ਼ੀ,” ਉਹ ਕਹਿੰਦੀ ਹਨ। ਗੀਤਾ ਨੂੰ ਹਾਈਪਰਟੈਨਸ਼ਨ ਦੀ ਤਸ਼ਖ਼ੀਸ ਹੋਈ; ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਤਣਾਅ ਉਨ੍ਹਾਂ ਦੀ ਹਾਲਤ ਨੂੰ ਬਦ ਤੋਂ ਬਦਤਰ ਕਰਦਾ ਜਾ ਰਿਹਾ ਸੀ। ਇੱਕ ਸਾਲ ਤੋਂ ਗੀਤਾ ਨੂੰ ਹਰ ਮਹੀਨੇ 1,500 ਰੁਪਏ ਦਵਾਈ ‘ਤੇ ਖ਼ਰਚਣੇ ਪੈ ਰਹੇ ਹਨ। ਇਲਾਜ ਅਗਲੇ 15 ਮਹੀਨੇ ਚੱਲਣ ਦਾ ਕਿਆਸ ਹੈ।

Reshma Kamble, an agricultural labourer at work in flood-affected Khutwad village.
PHOTO • Sanket Jain
Flood rescue underway in Kolhapur’s Ghalwad village in July 2021
PHOTO • Sanket Jain

ਖੱਬੇ ਪਾਸੇ: ਰੇਸ਼ਮਾ ਕਾਂਬਲੇ, ਜੋ ਹੜ੍ਹ ਪ੍ਰਭਾਵਤ ਖੁਤਵਾੜ ਪਿੰਡ ਵਿੱਚ ਕੰਮ ਕਰਨ ਵਾਲ਼ੀ ਇੱਕ ਖੇਤ ਮਜ਼ਦੂਰ ਹਨ। ਸੱਜੇ ਪਾਸੇ: ਜੁਲਾਈ 2021 ਵਿੱਚ ਕੋਲ੍ਹਾਪੁਰ ਦੇ ਘਾਲਵਾੜ ਪਿੰਡ ਵਿੱਚ ਹੜ੍ਹ ਤੋਂ ਬਚਾਅ ਕਾਰਜ ਜਾਰੀ

On the outskirts of Kolhapur’s Shirati village, houses (left) and an office of the state electricity board (right) were partially submerged by the flood waters in August 2019
PHOTO • Sanket Jain
PHOTO • Sanket Jain

ਕੋਲ੍ਹਾਪੁਰ ਦੇ ਸ਼ਿਰਟੀ ਪਿੰਡ ਦੇ ਬਾਹਰਵਾਰ ਬਣੇ ਘਰ (ਖੱਬੇ) ਅਤੇ ਰਾਜ ਬਿਜਲੀ ਬੋਰਡ (ਸੱਜੇ) ਦਾ ਦਫ਼ਤਰ ਜਿਨ੍ਹਾਂ ਦੇ ਕੁਝ ਹਿੱਸੇ ਅਗਸਤ 2019 ਦੇ ਹੜ੍ਹ ਵਿੱਚ  ਡੁੱਬ ਗਏ ਸਨ

ਕੋਲ੍ਹਾਪੁਰ ਦੇ ਹੜ੍ਹ ਪ੍ਰਭਾਵਤ ਚਿਖਲੀ ਪਿੰਡ ਵਿਖੇ ਕਮਿਊਨਿਟੀ ਹੈਲਥਕੇਅਰ ਅਫ਼ਸਰ ਡਾ. ਮਾਧੁਰੀ ਪਾਨਹਲਕਰ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕੀਂ ਹੜ੍ਹ ਕਾਰਨ ਪੈਦਾ ਹੋਈਆਂ ਤਕਲੀਫ਼ਾਂ ਅਤੇ ਵਿੱਤੀ ਘਾਟਿਆਂ ਤੇ ਭਾਵਨਾਤਮਕ ਦਬਾਅ ਦਾ ਸਾਹਮਣਾ ਕਰਨ ਵਿੱਚ ਆਪਣੀ ਅਸਮਰੱਥਤਾ ਬਾਬਤ ਗੱਲਾਂ ਕਰ ਰਹੇ ਹਨ। ਜਦੋਂ ਵੀ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਕਰਵੀਰ ਤਾਲੁਕਾ ਦਾ ਇਹ ਪਿੰਡ ਸਭ ਤੋਂ ਪਹਿਲਾਂ ਡੁੱਬਦਾ ਹੈ।

ਕੇਰਲ ਵਿੱਚ 2019 ਦੇ ਹੜ੍ਹਾਂ ਤੋਂ ਠੀਕ ਚਾਰ ਮਹੀਨਿਆਂ ਬਾਅਦ ਪੰਜ ਹੜ੍ਹ-ਪ੍ਰਭਾਵਤ ਜ਼ਿਲ੍ਹਿਆਂ ਦੇ ਉਨ੍ਹਾਂ 374 ਪਰਿਵਾਰਾਂ ਦੇ ਮੁਖੀਆਂ ਨੂੰ ਲੈ ਕੇ ਇੱਕ ਖੋਜ ਕੀਤੀ ਗਈ ਜਿਨ੍ਹਾਂ ਨੇ ਦੋ ਹੜ੍ਹਾਂ ਨੂੰ ਆਪਣੀ ਦੇਹ ‘ਤੇ ਹੰਢਾਇਆ ਸੀ, ਉਨ੍ਹਾਂ ਅੰਦਰ ਇੱਕ ਹੜ੍ਹ ਦਾ ਅਨੁਭਵ ਕਰਨ ਵਾਲ਼ਿਆਂ ਦੇ ਮੁਕਾਬਲੇ ਵੱਧ ਲਾਚਾਰੀ ਤੇ ਬੇਵਸੀ (ਪਹਿਲਾਂ ਵਾਪਰੇ ਹਾਦਸੇ ਨੂੰ ਦੋਬਾਰਾ ਅਨੁਭਵ ਕਰਨ ਤੋਂ ਪੈਦਾ ਹੋਈ ਨਕਾਰਾਤਮਕ ਹਾਲਤ ਨੂੰ ਲੈ ਕੇ ਇੱਕ ਨਿਰਾਸ਼ਾਜਨਕ ਪ੍ਰਵਾਨਗੀ)  ਦੇਖਣ ਨੂੰ ਮਿਲ਼ੀ।

ਖੋਜ ਪੱਤਰ ਨੇ ਇਹ ਸਿੱਟਾ ਕੱਢਿਆ ਕਿ “ ਨਕਾਰਾਤਮਕ ਮਨੋਵਿਗਿਆਨਕ ਨਤੀਜਿਆਂ ਨੂੰ ਰੋਕਣ ਲਈ ਬਾਰੰਬਾਰ ਆਉਣ ਵਾਲ਼ੀਆਂ ਕੁਦਰਤੀ ਆਫ਼ਤਾਂ ਦੇ ਪੀੜਤਾਂ ਨੂੰ ਖ਼ਾਸ ਕਿਸਮ ਦੀ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।”

ਕੋਲ੍ਹਾਪੁਰ ਦੇ ਪਿੰਡਾਂ ਵਿੱਚ, ਖ਼ਾਸ ਕਰਕੇ ਪੇਂਡੂ ਭਾਰਤ ਵਿੱਚ ਵੱਸਣ ਵਾਲ਼ੇ 833 ਮਿਲੀਅਨ (ਮਰਦਮਸ਼ੁਮਾਰੀ 2011) ਲੋਕਾਂ ਦੀ ਮਾਨਸਿਕ ਸਿਹਤ ਦੇਖਭਾਲ਼ ਤੱਕ ਪਹੁੰਚ ਪ੍ਰਾਪਤੀ ਨੂੰ ਲੈ ਕੇ ਬਿਆਨ ਦਾਗ਼ਣਾ ਅਸਾਨ ਹੈ ਪਰ ਹਕੀਕਤ ਵਿੱਚ ਕਰ ਦਿਖਾਉਣਾ ਓਨਾ ਹੀ ਮੁਸ਼ਕਲ। “ਸਾਨੂੰ ਮਾਨਸਿਕ ਸਿਹਤ ਸਬੰਧੀ ਮਸਲਿਆਂ ਵਾਲ਼ੇ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਣਾ ਪੈਂਦਾ ਹੈ। ਭਾਵੇਂ ਕਿ ਹਰ ਕੋਈ ਇੰਨਾ ਪੈਂਡਾ ਨਾ ਵੀ ਮਾਰ ਸਕਦਾ ਹੋਵੇ,” ਡਾ. ਪਾਨਹਲਕਰ ਕਹਿੰਦੀ ਹਨ।

ਪੇਂਡੂ ਭਾਰਤ ਵਿੱਚ ਸਿਰਫ਼ 764 ਜ਼ਿਲ੍ਹਾ ਹਸਪਤਾਲ ਤੇ 1,224 ਉਪ-ਜ਼ਿਲ੍ਹਾ ਹਸਪਤਾਲ (ਗ੍ਰਾਮੀਣ ਸਿਹਤ ਸੰਖਿਆਕੀ, 2020-21) ਅਜਿਹੇ ਹਨ ਜਿੱਥੇ ਮਨੋਰੋਗਾਂ ਦੇ ਡਾਕਟਰ ਅਤੇ ਕਲੀਨਿਕਲ ਮਨੋਵਿਗਿਆਨੀ ਨਿਯੁਕਤ ਕੀਤੇ ਜਾਂਦੇ ਹਨ। “ਜੇ ਉਪ-ਕੇਂਦਰਾਂ ਵਿੱਚ ਨਹੀਂ ਤਾਂ ਘੱਟੋਘੱਟ ਪ੍ਰਾਇਮਰੀ ਸਿਹਤ ਕੇਂਦਰਾਂ ਵਿਖੇ ਤਾਂ ਸਾਨੂੰ ਮਾਨਸਿਕ ਸਿਹਤ ਦੇਖਭਾਲ਼ ਡਾਕਟਰਾਂ ਦੀ ਲੋੜ ਹੈ ਹੀ,” ਡਾਕਟਰ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ 2017 ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਅੰਦਰ ਹਰ ਇੱਕ ਲੱਖ ਲੋਕਾਂ ਮਗਰ ਇੱਕ ਤੋਂ ਵੀ ਘੱਟ (0.07) ਮਨੋਰੋਗਾਂ ਦੇ ਡਾਕਟਰ ਹਨ।

*****

Shivbai Kamble was diagnosed with hypertension, brought on by the stress and fear of another flood
PHOTO • Sanket Jain

ਸ਼ਿਵਬਾਈ ਕਾਂਬਲੇ ਨੂੰ ਹਾਈਪਰਟੈਨਸ਼ਨ ਦੀ ਤਸ਼ਖ਼ੀਸ ਹੋਈ, ਜੋ ਉਨ੍ਹਾਂ ਅੰਦਰ ਹੋਰ ਹੜ੍ਹ ਦੇ ਤਣਾਅ ਅਤੇ ਡਰ ਕਾਰਨ ਪੈਦਾ ਹੋਇਆ

ਅਰਜੁਨਵਾੜ ਵਿਖੇ 62 ਸਾਲਾ ਸ਼ਿਵਬਾਈ ਕਾਂਬਲੇ ਆਪਣੇ ਮਖ਼ੌਲੀਆ ਸੁਭਾਅ ਕਰਕੇ ਜਾਣੀ ਜਾਂਦੀ ਹਨ। ਕੋਲ੍ਹਾਪੁਰ ਦੇ ਇਸ ਪਿੰਡ ਦੀ ਆਸ਼ਾ ਵਰਕਰ (ਮਾਨਤਾ ਪ੍ਰਾਪਤ ਸਿਹਤ ਕਰਮੀ) ਸ਼ੁਭਾਂਗੀ ਕਾਂਬਲੇ ਕਹਿੰਦੀ ਹਨ,“ਸਿਰਫ਼ ਉਹੀ ਇੱਕ ਅਜਿਹੀ ਖੇਤ-ਮਜ਼ਦੂਰ ਹੈ ਜੋ ਜੀ ਹਸਤ ਖੇਲਤ ਕਾਮ ਕਰਤੇ (ਹੱਸਦਿਆਂ-ਖੇਡਦਿਆਂ ਕੰਮ ਕਰਦੀ ਹੈ)।”

ਹਾਲਾਂਕਿ, 2019 ਦੇ ਹੜ੍ਹਾਂ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸ਼ਿਵਬਾਈ ਨੂੰ ਵੀ ਹਾਈਪਰਟੈਨਸ਼ਨ ਤਸ਼ਖ਼ੀਸ ਹੋਈ। “ਪਿੰਡ ਵਿੱਚ ਹਰ ਕੋਈ ਹੈਰਾਨ ਸੀ ਕਿਉਂਕਿ ਪਿੰਡ ਵਾਸੀ ਉਹਨੂੰ ਇੱਕ ਅਜਿਹੀ ਔਰਤ ਵਜੋਂ ਜਾਣਦੇ ਹਨ ਜੋ ਕਦੇ ਵੀ ਤਣਾਅ ਦਾ ਸ਼ਿਕਾਰ ਨਹੀਂ ਹੋ ਸਕਦੀ ਸੀ,” ਸ਼ੁਭਾਂਗੀ ਕਹਿੰਦੀ ਹਨ ਜਿਨ੍ਹਾਂ ਨੇ ਇਹ ਪਤਾ ਲਾਉਣ ਦਾ ਬੀੜ੍ਹਾ ਚੁੱਕਿਆ ਕਿ ਅਖ਼ੀਰ ਇੰਨੀ ਖ਼ੁਸ਼ਮਿਜ਼ਾਜ ਔਰਤ ਦੀ ਇਹ ਹਾਲਤ ਕਿਵੇਂ ਹੋਈ। ਬੱਸ ਇਸ ਹੰਭਲੇ ਕਾਰਨ ਹੀ 2020 ਦੇ ਸ਼ੁਰੂ ਵਿੱਚ ਉਨ੍ਹਾਂ ਦੀ ਸ਼ਿਵਬਾਈ ਨਾਲ਼ ਲੰਬੀ-ਚੌੜੀ ਵਾਰਤਾਲਾਪ ਸ਼ੁਰੂ ਹੋਈ।

ਸ਼ੁਭਾਂਗੀ ਚੇਤੇ ਕਰਦੀ ਹਨ,“ਉਹ ਸੌਖ਼ਿਆਂ ਆਪਣੀਆਂ ਪਰੇਸ਼ਾਨੀਆਂ ਸਾਂਝਾ ਨਾ ਕਰਦੀ ਤੇ ਸਦਾ ਮੁਸਕਰਾਉਂਦੀ ਹੀ ਰਹਿੰਦੀ ਸੀ।” ਖ਼ੈਰ, ਸ਼ਿਵਬਾਈ ਦੀ ਲਗਾਤਾਰ ਡਿੱਗਦੀ ਸਿਹਤ, ਚਕਰਾਉਂਦੇ ਸਿਰ ਤੇ ਤਾਪ ਦੇ ਦੌਰਿਆਂ ਤੋਂ ਇਹ ਸਾਫ਼ ਸੀ ਕਿ ਕੁਝ ਵੀ ਠੀਕ ਨਹੀਂ ਸੀ। ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਆਸ਼ਾ ਵਰਕਰ ਅਖ਼ੀਰ ਇਸ ਨਤੀਜੇ ‘ਤੇ ਪੁੱਜੀ ਕਿ ਸ਼ਿਵਬਾਈ ਦੀ ਇਸ ਹਾਲਤ ਦਾ ਜ਼ਿੰਮੇਦਾਰ ਬਾਰ-ਬਾਰ ਆਉਣ ਵਾਲ਼ਾ ਹੜ੍ਹ ਸੀ।

ਸਾਲ 2019 ਦੇ ਹੜ੍ਹ ਨੇ ਸ਼ਿਵਬਾਈ ਦੇ ਕੱਚੇ ਘਰ ਨੂੰ ਤਹਿਸ-ਨਹਿਸ ਕਰ ਦਿੱਤਾ। ਘਰ ਦਾ ਇੱਕ ਛੋਟਾ ਜਿਹਾ ਹਿੱਸਾ ਇੱਟ ਤੇ ਬਾਕੀ ਦਾ ਹਿੱਸਾ ਗੰਨੇ ਦੇ ਸੁੱਕੇ ਪੱਤਿਆਂ, ਜੋਵਾਰ (ਸੋਰਘੁਮ) ਦੀਆਂ ਨਾੜਾਂ ਤੇ ਪਰਾਲ਼ੀ ਨਾਲ਼ ਬਣਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਇਸ ਉਮੀਦ ਨਾਲ਼ ਟੀਨ ਦੇ ਕਮਰਿਆਂ ‘ਤੇ 1 ਲੱਖ ਰੁਪਿਆ ਖਰਚ ਕੀਤਾ ਕਿ ਉਹ ਹੜ੍ਹ ਦੀ ਮਾਰ ਝੱਲ ਲੈਣਗੇ।

ਦਿਹਾੜੀ-ਧੱਪਾ ਨਾ ਮਿਲ਼ਣ ਕਾਰਨ ਪਰਿਵਾਰ ਦੀ ਆਮਦਨੀ ਵਿੱਚ ਗਿਰਾਵਟ ਆ ਗਈ, ਜਿਸ ਕਾਰਨ ਹਾਲਤ ਬਦ ਤੋਂ ਬਦਤਰ ਹੁੰਦੇ ਚਲੇ ਗਏ। 2022 ਦੇ ਅੱਧ ਸਤੰਬਰ ਤੋਂ ਅਕਤੂਬਰ ਦੇ ਅੰਤ ਤੱਕ ਪਾਣੀ ਵਿੱਚ ਡੁੱਬੇ ਖੇਤਾਂ ਅਤੇ ਪਾਣੀ ਕਾਰਨ ਬੰਦ ਹੋਏ ਰਸਤਿਆਂ ਕਾਰਨ ਸ਼ਿਵਬਾਈ ਨੂੰ ਖੇਤ ਮਜ਼ਦੂਰੀ ਦਾ ਕੰਮ ਵੀ ਨਾ ਮਿਲ਼ ਸਕਿਆ। ਆਪਣੀਆਂ ਫ਼ਸਲਾਂ ਦੀ ਬਰਬਾਦੀ ਤੋਂ ਬਾਅਦ ਕਿਸਾਨਾਂ ਨੂੰ ਖੇਤ-ਮਜ਼ਦੂਰਾਂ ਨੂੰ ਦਿਹਾੜੀ ‘ਤੇ ਰੱਖਣਾ ਪੈਸਾ ਦੀ ਬਰਬਾਦੀ ਜਾਪਿਆ।

“ਅਖ਼ੀਰ, ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਮੈਂ ਖੇਤਾਂ ਵਿੱਚ ਕੰਮ ਕੀਤਾ ਪਰ ਦੋਬਾਰਾ ਮੀਂਹ ਪੈਣ ਲੱਗਿਆ ਜਿਸ ਕਾਰਨ ਮੇਰੇ ਕੀਤੇ ਕੰਮ ‘ਤੇ ਵੀ ਪਾਣੀ ਫਿਰ ਗਿਆ,” ਉਹ ਕਹਿੰਦੀ ਹਨ।

ਆਮਦਨੀ ਵਿੱਚ ਆਈ ਬੇਯਕੀਨੀ ਕਾਰਨ ਸ਼ਿਵਬਾਈ ਢੰਗ ਨਾਲ਼ ਆਪਣਾ ਇਲਾਜ ਵੀ ਨਹੀਂ ਕਰਾ ਪਾਉਂਦੀ। “ਕਈ ਵਾਰ ਲੋੜੀਂਦੇ ਪੈਸੇ ਨਾ ਹੋਣ ਕਾਰਨ ਮੇਰੀਆਂ ਦਵਾਈਆਂ ਛੁੱਟ ਜਾਂਦੀਆਂ ਨੇ,” ਉਹ ਕਹਿੰਦੀ ਹਨ।

ASHA worker Maya Patil spends much of her time talking to women in the community about their health
PHOTO • Sanket Jain

ਆਸ਼ਾ ਵਰਕਰ ਮਾਇਆ ਪਾਟਿਲ ਆਪਣਾ ਬਹੁਤੇਰਾ ਸਮਾਂ ਭਾਈਚਾਰੇ ਦੀਆਂ ਔਰਤਾਂ ਦੀ ਸਿਹਤ ਦਾ ਹਾਲ-ਚਾਲ ਪੁੱਛਦਿਆਂ ਬਿਤਾਉਂਦੀ ਹਨ

ਅਰਜੁਨਵਾੜ ਦੀ ਕਮਿਊਨਿਟੀ ਹੈਲਥ ਅਫ਼ਸਰ (ਸੀਐੱਚਓ), ਡਾ. ਐਂਜਲਿਨਾ ਬੇਕਰ ਕਹਿੰਦੀ ਹਨ ਕਿ ਪਿਛਲੇ ਤਿੰਨ ਸਾਲਾਂ ਵਿੱਚ ਹਾਈਪਰਟੈਨਸ਼ਨ ਅਤੇ ਸ਼ੂਗਰ ਜਿਹੀਆਂ ਗ਼ੈਰ-ਸੰਚਾਰੀ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਬੜੀ ਤੇਜ਼ੀ ਨਾਲ਼ ਇਜਾਫ਼ਾ ਹੋਇਆ ਹੈ। ਉਨ੍ਹਾਂ ਮੁਤਾਬਕ, ਸਿਰਫ਼ 2022 ਵਿੱਚ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ 225 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ ਅਰਜੁਨਵਾੜ ਦੀ ਕੁੱਲ ਵਸੋਂ ਹੀ 5,641 (ਮਰਦਮਸ਼ੁਮਾਰੀ 2011) ਦਰਜ ਕੀਤੀ ਗਈ ਹੈ।

“ਅਸਲੀ ਅੰਕੜਾ ਇਸ ਤੋਂ ਕਿਤੇ ਵੱਧ ਹੋਵੇਗਾ, ਪਰ ਬਹੁਤ ਸਾਰੇ ਲੋਕ ਜਾਂਚ ਕਰਾਉਣ ਆਉਂਦੇ ਹੀ ਨਹੀਂ ਹਨ,” ਉਹ ਕਹਿੰਦੀ ਹਨ। ਉਹ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀ) ਵਾਸਤੇ ਲਗਾਤਾਰ ਆਉਂਦੇ ਹੜ੍ਹਾਂ, ਆਮਦਨੀ ਵਿੱਚ ਆਈ ਗਿਰਾਵਟ ਤੇ ਕੁਪੋਸ਼ਣ ਦੇ ਕਾਰਨ ਹੋਣ ਵਾਲ਼ੇ ਤਣਾਓ ਨੂੰ ਜ਼ਿੰਮੇਦਾਰ ਮੰਨਦੀ ਹੈ। (ਇਹ ਵੀ ਪੜ੍ਹੋ: ਕੋਲ੍ਹਾਪੁਰ ਦੀਆਂ ਆਸ਼ਾ ਵਰਕਰ: ਸਾਂਝੀ ਪਰ ਉਦਾਸ ਕਹਾਣੀ )

ਡਾ. ਬੇਕਰ ਕਹਿੰਦੀ ਹਨ,“ਕਈ ਹੜ੍ਹ-ਪ੍ਰਭਾਵਤ ਪਿੰਡ ਦੇ ਬਜ਼ੁਰਗਾਂ ਅੰਦਰ ਆਤਮ-ਹੱਤਿਆ ਦੀ ਪ੍ਰਵਿਰਤੀ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਰਫ਼ਤਾਰ ਵੀ ਫੜ੍ਹ ਗਈਆਂ ਹਨ।” ਗੱਲ ਜਾਰੀ ਰੱਖਦਿਆਂ ਉਹ ਅਨੀਂਦਰੇ ਦੇ ਮਾਮਲਿਆਂ ਵਿੱਚ ਹੋਏ ਵਾਧਾ ਦਾ ਜ਼ਿਕਰ ਵੀ ਕਰਦੀ ਹਨ।

ਅਰਜੁਨਵਾੜ ਦੇ ਪੱਤਰਕਾਰ ਅਤੇ ਪੀਐੱਚਡੀ ਕਰ ਚੁੱਕੇ ਚੈਤਨਯ ਕਾਂਬਲੇ ਦੇ ਮਾਪੇ ਮੁਜ਼ਾਰਾ ਕਿਸਾਨ ਤੇ ਖੇਤ-ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਹ ਕਹਿੰਦੇ ਹਨ,“ਕੱਚਘੜ੍ਹ ਨੀਤੀਆਂ ਕਾਰਨ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਮੁਜ਼ਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਹੀ ਝੱਲ਼ਣਾ ਪੈਂਦਾ ਰਿਹਾ ਹੈ। ਇੱਕ ਮੁਜ਼ਾਰਾ ਕਿਸਾਨ ਆਪਣੀ ਉਪਜ ਦਾ 75-80 ਫ਼ੀਸਦ ਹਿੱਸਾ ਭੂ-ਮਾਲਕ (ਜ਼ਿਮੀਂਦਾਰ) ਨੂੰ ਦੇ ਦਿੰਦਾ ਹੈ ਅਤੇ ਜਦੋਂ ਹੜ੍ਹ ਵਿੱਚ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ ਤਾਂ ਮਿਲ਼ਣ ਵਾਲ਼ਾ ਮੁਆਵਜ਼ਾ ਵੀ ਭੂ-ਮਾਲਕ ਦੇ ਖੀਸੇ ਵਿੱਚ ਹੀ ਜਾਂਦਾ ਹੈ।”

ਅਰਜੁਨਵਾੜ ਦੇ ਬਹੁਤੇਰੇ ਕਿਸਾਨ ਹੜ੍ਹ ਵਿੱਚ ਆਪਣੀਆਂ ਫ਼ਸਲਾਂ ਗੁਆ ਬਹਿੰਦੇ ਹਨ। ਚੈਤਨਯ ਕਹਿੰਦੇ ਹਨ,“ਫ਼ਸਲ ਦੀ ਤਬਾਹੀ ਨਾਲ਼ ਉਪਜੀ ਉਦਾਸੀ ਉਦੋਂ ਤੱਕ ਨਹੀਂ ਜਾਂਦੀ ਜਦੋਂ ਤੱਕ ਦੋਬਾਰਾ ਚੰਗੀ ਫ਼ਸਲ ਨਹੀਂ ਦਿੱਸਦੀ। ਹੜ੍ਹ ਨੇ ਵੀ ਸਾਡੀਆਂ ਫ਼ਸਲਾਂ ਨੂੰ ਰੋੜ੍ਹਨਾ ਜਾਰੀ ਰੱਖਿਆ ਹੋਇਆ ਹੈ। ਕਰਜੇ ਦੀਆਂ ਕਿਸ਼ਤਾਂ ਨਾ ਮੋੜ ਸਕਣ ਦੀ ਮਜ਼ਬੂਰੀ ਹੋਰ ਹੋਰ ਤਣਾਅ ਨੂੰ ਜਨਮ ਦਿੰਦੀ ਹੈ।”

ਮਹਾਰਾਸ਼ਟਰ ਸਰਕਾਰ ਦੇ ਖੇਤੀ ਵਿਭਾਗ ਮੁਤਾਬਕ ਕੁਦਰਤੀ ਆਫ਼ਤਾਂ ਨੇ ਜੁਲਾਈ ਤੇ ਅਕਤੂਬਰ 2022 ਵਿਚਕਾਰ ਰਾਜ ਦੇ 24.68 ਲੱਖ ਹੈਕਟੇਅਰ ਖੇਤੀ ਹੇਠ ਰਕਬੇ ਨੂੰ ਬੁਰੀ ਤਰ੍ਹਾਂ ਹਲ਼ੂਣ ਸੁੱਟਿਆ। ਇਕੱਲੇ ਅਕਤੂਬਰ ਮਹੀਨੇ ਵਿੱਚ ਇਹ ਅੰਕੜਾ 7.5 ਹੈਕਟੇਅਰ ਦੇ ਅੰਕੜੇ ਨੂੰ ਛੂ ਰਿਹਾ ਸੀ ਤੇ ਰਾਜ ਦੇ 22 ਜ਼ਿਲ੍ਹਿਆਂ ਦੇ ਖੇਤੀ ਹੇਠ ਰਕਬਾ ਇਹਦੀ ਚਪੇਟ ਵਿੱਚ ਸੀ। ਮਹਾਰਾਸ਼ਟਰ ਵਿਖੇ 28 ਅਕਤੂਬਰ, 2022 ਤੱਕ, 1,288 ਮਿਮੀ ਮੀਂਹ ਦਰਜ ਕੀਤਾ ਜਾ ਚੁੱਕਿਆ ਸੀ ਜੋ ਔਸਤ ਮੀਂਹ ਦੇ 120.5 ਫ਼ੀਸਦ ਸੀ। ਜੂਨ ਤੇ ਅਕਤੂਬਰ ਦੇ ਮਹੀਨਿਆਂ ਵਿੱਚ ਮੀਂਹ ਦਾ ਅੰਕੜਾ 1,068 ਮਿਮੀ ਦਰਜ ਕੀਤਾ ਗਿਆ ਸੀ। (ਇਹ ਵੀ ਪੜ੍ਹੋ: ਕਦੇ ਮੀਂਹ ਕਦੇ ਸੋਕਾ, ਕੁਦਰਤ ਦਾ ਵਿਗੜਿਆ ਸੰਤੁਲਨ )

The July 2021 floods caused massive destruction to crops in Arjunwad, including these banana trees whose fruits were on the verge on being harvested
PHOTO • Sanket Jain
To ensure that sugarcane reaches a height of at least seven feet before another flood, farmers are increasing the use of chemical fertilisers and pesticides
PHOTO • Sanket Jain

ਖੱਬੇ: ਜੁਲਾਈ 2021 ਦੇ ਹੜ੍ਹ ਨਾਲ਼ ਅਰਜੁਨਵਾੜ ਵਿਖੇ ਫ਼ਸਲਾਂ ਦੀ ਭਾਰੀ ਤਬਾਹੀ ਹੋਈ।  ਕੇਲਿਆਂ ਦੇ ਉਨ੍ਹਾਂ ਰੁੱਖਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਜਿਨ੍ਹਾਂ ਦੀ ਪੈਦਾਵਾਰ ਲਗਭਗ ਪੱਕਣ ਨੂੰ ਤਿਆਰ ਸੀ। ਸੱਜੇ: ਅਗਲੇ ਹੜ੍ਹ ਤੋਂ ਪਹਿਲਾਂ ਗੰਨਾ ਘੱਟੋਘੱਟ ਸੱਤ-ਸੱਤ ਫੁੱਟ ਉੱਚੇ ਹੋ  ਜਾਣ, ਇਹ ਯਕੀਨੀ ਬਣਾਉਣ ਲਈ ਕਿਸਾਨ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦਾ ਵੱਧ ਉਪਯੋਗ ਕਰ ਰਹੇ ਹਨ

An anganwadi in Kolhapur’s Shirati village surrounded by water from the August 2019 floods
PHOTO • Sanket Jain
Recurrent flooding rapidly destroys farms and fields in several villages in Shirol taluka
PHOTO • Sanket Jain

ਖੱਬੇ: ਅਗਸਤ 2019 ਦੇ ਹੜ੍ਹ ਵਿੱਚ ਘਿਰਿਆ ਕੋਲ੍ਹਾਪੁਰ ਦੇ ਸ਼ਿਰਟੀ ਪਿੰਡ ਦਾ ਆਂਗਨਵਾੜੀ ਕੇਂਦਰ। ਸ਼ਿਰਟੀ ਵਿਖੇ ਦੋਬਾਰਾ 2021 ਵਿੱਚ ਹੜ੍ਹ ਆਇਆ ਸੀ। ਸੱਜੇ: ਬਾਰ-ਬਾਰ ਆਉਣ ਵਾਲ਼ੇ ਹੜ੍ਹ ਸ਼ਿਰੋਲ ਤਾਲੁਕਾ ਦੇ ਕਈ ਪਿੰਡਾਂ ਦੇ ਖੇਤਾਂ ਅਤੇ ਫ਼ਸਲਾਂ ਨੂੰ ਤੇਜ਼ੀ ਨਾਲ਼ ਨੁਕਸਾਨ ਪਹੁੰਚਾ ਰਿਹਾ ਹੈ

ਭਾਰਤੀ ਤਕਨੀਕੀ ਸੰਸਥਾ (ਆਈਆਈਟੀ), ਮੁੰਬਈ ਦੇ ਪ੍ਰੋਫ਼ੈਸਰ ਸੁਬਿਮਲ ਘੋਸ਼, ਜਿਨ੍ਹਾਂ ਨੇ ਸੰਯੁਕਤਰਾਸ਼ਟਰ ਦੇ ਕਲਾਈਮੇਟ ਚੇਂਜ ਰਿਪੋਰਟ ਵਾਸਤੇ ਗਠਿਤ ਇੰਟਰਗਵਰਨਮੈਂਟਲ ਪੈਨਲ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ, ਕਹਿੰਦੇ ਹਨ,“ਸਾਨੂੰ ਮੌਸਮ ਵਿਗਿਆਨੀ ਸਦਾ ਪੂਰਵ-ਅਨੁਮਾਨ ਸਿਸਟਮ ਨੂੰ ਹੋਰ ਵਿਕਸਤ ਕਰਨ ਦੀ ਗੱਲ ਕਰਦੇ ਰਹੇ ਹਨ, ਪਰ ਇਨ੍ਹਾਂ ਪੂਰਵ-ਅਨੁਮਾਨਾਂ ਦੇ ਅਨੁਰੂਪ ਫ਼ੈਸਲਾ-ਲਊ ਨੀਤੀਆਂ ਬਣਾਉਣ ਦੇ ਮਾਮਲੇ ਵਿੱਚ ਅਸੀਂ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਏ ਹਾਂ।”

ਭਾਰਤੀ ਮੌਸਮ ਵਿਭਾਗ ਨੇ ਸਹੀ ਪੂਰਵ-ਅਨੁਮਾਨ ਲਾਉਣ ਦੀ ਦਿਸ਼ਾ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਪਰ ਉਨ੍ਹਾਂ ਦੇ ਕਹਿਣ ਮੁਤਾਬਕ,“ਪਰ ਕਿਸਾਨ ਇਹਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ, ਕਿਉਂਕਿ ਉਹ ਇਹਨੂੰ ਨੀਤੀ-ਨਿਰਮਾਣ (ਫ਼ੈਸਲਾ ਲੈਣ) ਵਿੱਚ ਬਦਲ (ਕਿਉਂਕਿ ਬੱਸ ਇਹੀ ਤਰੀਕਾ ਫ਼ਸਲਾਂ ਨੂੰ ਬਚਾ ਸਕਦਾ ਹੈ) ਸਕਣ ਵਿੱਚ ਸਮਰੱਥ ਨਹੀਂ ਹਨ।”

ਪ੍ਰੋਫੈਸਰ ਘੋਸ਼ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਇੱਕ ਸਾਂਝੇ ਮਾਡਲ ਦੀ ਅਤੇ ਜਲਵਾਯੂ ਅਨਿਸ਼ਚਿਤਤਾ ਨੂੰ ਸਹੀ ਢੰਗ ਨਾਲ ਪ੍ਰਬੰਧਨ ਕਰਨ ਲਈ ਇੱਕ ਯੋਜਨਾ ਦੀ ਵਕਾਲਤ ਕਰਦੇ ਹਨ । ਉਹ ਕਹਿੰਦੇ ਹਨ, "ਸਿਰਫ਼ (ਹੜ੍ਹਾਂ ਦਾ) ਸਹੀ ਨਕਸ਼ਾ ਤਿਆਰ ਕਰਨ ਨਾਲ਼ ਸਮੱਸਿਆ ਹੱਲ ਨਹੀਂ ਹੋਵੇਗੀ।"

ਉਹ ਕਹਿੰਦੇ ਹਨ,“ਸਾਡੇ ਦੇਸ਼ ਵਾਸਤੇ ਅਨੁਕੂਲਣ ਸਭ ਤੋਂ ਵੱਧ ਅਹਿਮ ਹੈ, ਕਿਉਂਕਿ ਇਹ ਮੌਸਮ ਦੇ ਪ੍ਰਭਾਵਾਂ ਨੂੰ ਦੇਖ ਪਾ ਰਹੇ ਹਨ। ਪਰ ਸਾਡੀ ਵਸੋਂ ਦੇ ਵੱਡੇ ਹਿੱਸੇ ਵਿੱਚ ਅਨੁਕੂਲਣ ਦੀ ਸਮਰੱਥਾ ਨਹੀਂ ਹੈ। ਸਾਨੂੰ ਆਪਣੇ ਅਨੁਕੂਲਣ ਦੀ ਸਮਰੱਥਾਂ ਨੂੰ ਪਕੇਰਾ ਕਰਨ ਦੀ ਲੋੜ ਹੈ।”

*****

ਜਦੋਂ 45 ਸਾਲਾ ਭਾਰਤੀ ਕਾਂਬਲੇ ਦਾ ਵਜ਼ਨ ਘੱਟ ਕੇ ਅੱਧਾ ਰਹਿ ਗਿਆ ਤਾਂ ਉਨ੍ਹਾਂ ਨੂੰ ਆਪਣੇ ਅੰਦਰਲੀ ਸਮੱਸਿਆ ਦਾ ਅਹਿਸਾਸ ਹੋਇਆ। ਆਸ਼ਾ ਵਰਕਰ ਸ਼ੁਭਾਂਗੀ ਨੇ ਅਰਜੁਨਵਾੜ ਨਿਵਾਸੀ ਇਸ ਖੇਤ ਮਜ਼ਦੂਰ ਨੂੰ ਡਾਕਟਰ ਨਾਲ਼ ਮਿਲ਼ਣ ਦੀ ਸਲਾਹ ਦਿੱਤੀ। ਮਾਰਚ 2020 ਵਿੱਚ ਜਾਂਚ ਉਪਰੰਤ ਪਤਾ ਚੱਲਿਆ ਕਿ ਉਹ ਹਾਈਪਰਥਾਇਰਾਈਡਿਜ਼ਮ ਤੋਂ ਪੀੜਤ ਹਨ।

ਗੀਤਾ ਅਤੇ ਸ਼ਿਵਬਾਈ ਵਾਂਗਰ ਭਾਰਤੀ ਵੀ ਇਹੀ ਮੰਨਦੀ ਹਨ ਕਿ ਉਨ੍ਹਾਂ ਨੇ ਸ਼ੁਰੂਆਤੀ ਲੱਛਣਾਂ ਨੂੰ ਅਣਗੌਲ਼ਿਆ ਸੀ ਜੋ ਇੱਕ ਤਣਾਅ ਸੀ ਤੇ ਹੜ੍ਹ ਆਉਣ ਦੇ ਖ਼ਦਸ਼ਿਆਂ ਤੋਂ ਸ਼ੁਰੂ ਹੋਇਆ ਸੀ। ਉਹ ਦੱਸਦੀ ਹਨ,“2019 ਤੇ 2021 ਦੇ ਹੜ੍ਹ ਵਿੱਚ ਅਸੀਂ ਆਪਣਾ ਸਾਰਾ ਕੁਝ ਗੁਆ ਲਿਆ। ਜਦੋਂ ਮੈਂ ਨੇੜਲੇ ਪਿੰਡ ਵਿਖੇ ਬਣਾਏ ਗਏ ਰਾਹਤ ਕੈਂਪ ਤੋਂ ਵਾਪਸ ਮੁੜੀ ਤਾਂ ਮੇਰੇ ਘਰ ਵਿੱਚ ਅਨਾਜ ਦਾ ਇੱਕ ਦਾਣਾ ਤੱਕ ਨਹੀਂ ਸੀ। ਹੜ੍ਹ ਸਾਡਾ ਸਾਰਾ ਕੁਝ ਰੋੜ੍ਹ ਲੈ ਗਿਆ ਸੀ।”

Bharti Kamble says there is less work coming her way as heavy rains and floods destroy crops , making it financially unviable for farmers to hire labour
PHOTO • Sanket Jain

ਭਾਰਤੀ ਕਾਂਬਲੇ ਦੱਸਦੀ ਹਨ ਕਿ ਉਨ੍ਹਾਂ ਕੋਲ਼ ਕੰਮ ਦੀ ਕਿੱਲਤ ਹੈ। ਭਾਰੀ ਮੀਂਹ ਅਤੇ ਹੜ੍ਹ ਕਾਰਨ ਫ਼ਸਲਾਂ ਨੂੰ ਖ਼ਾਸਾ ਨੁਕਸਾਨ ਹੋਇਆ ਹੈ ਤੇ ਕਿਸਾਨ ਖੇਤ ਮਜ਼ਦੂਰਾਂ ਤੋਂ ਕੰਮ ਕਰਾਉਣ ਦਾ ਖ਼ਰਚਾ ਝੱਲ ਨਹੀਂ ਸਕਦੇ

Agricultural labourer Sunita Patil remembers that the flood waters rose to a height o 14 feet in the 2019 floods, and 2021 was no better
PHOTO • Sanket Jain

ਖੇਤ ਮਜ਼ਦੂਰ ਸੁਨੀਤਾ ਪਾਟਿਲ ਨੂੰ ਚੇਤੇ ਹੈ ਕਿ 2019 ਵਿੱਚ ਹੜ੍ਹ ਦਾ ਪਾਣੀ 14 ਫੁੱਟ ਦੀ ਉੱਚਾਈ ਤੱਕ ਪਹੁੰਚ ਗਿਆ ਸੀ ਤੇ ਸਾਲ 2021 ਵਿੱਚ ਵੀ ਹਾਲਤ ਕੋਈ ਬਹੁਤੀ ਬਿਹਤਰ ਨਹੀਂ ਸੀ

ਸਾਲ 2019 ਵਿੱਚ ਆਏ ਹੜ੍ਹ ਤੋਂ ਬਾਅਦ ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ਤੇ ਮਹਾਜਨਾਂ ਪਾਸੋਂ ਆਪਣਾ ਘਰ ਦੋਬਾਰਾ ਬਣਵਾਉਣ ਖਾਤਰ 3 ਲੱਖ ਰੁਪਏ ਦੀ ਉਧਾਰੀ ਚੁੱਕੀ। ਉਨ੍ਹਾਂ ਨੇ ਸੋਚਿਆ ਸੀ ਕਿ ਦੂਹਰੀਆਂ ਦਿਹਾੜੀਆਂ ਵਿੱਚ ਕੰਮ ਕਰ ਕਰ ਕੇ ਉਹ ਆਪਣਾ ਕਰਜਾ ਲਾਹ ਲਵੇਗੀ ਤੇ ਵਿਆਜ ਦੇ ਵੱਧਣ ਵਾਲ਼ੇ ਬੋਝ ਤੋਂ ਖ਼ੁਦ ਨੂੰ ਬਚਾ ਲਵੇਗੀ। ਪਰ, ਸ਼ਿਰੋਲ ਤਾਲੁਕਾ ਦੇ ਪਿੰਡਾਂ ਵਿੱਚ ਮਾਰਚ-ਅਪ੍ਰੈਲ 2022 ਵਿੱਚ ਚੱਲੀ ਭਿਆਨਕ ਲੂ ਨੇ ਹਾਲਤ ਨੂੰ ਹੋਰ ਵੱਧ ਗੰਭੀਰ ਬਣਾ ਦਿੱਤਾ।

“ਖ਼ੁਦ ਨੂੰ ਲੂੰਹਦੀ ਧੁੱਪ ਤੇ ਲੂ ਤੋਂ ਬਚਾਉਣ ਲਈ ਮੇਰੇ ਕੋਲ਼ ਸੂਤੀ ਤੋਲੀਏ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ,” ਉਹ ਕਹਿੰਦੀ ਹਨ। ਉਹ ਬਚਾਅ ਵੀ ਕੋਈ ਬਚਾਅ ਸਾਬਤ ਨਾ ਹੋਇਆ ਤੇ ਛੇਤੀ ਹੀ ਉਨ੍ਹਾਂ ਨੂੰ ਚੱਕਰ ਆਉਣ ਲੱਗੇ। ਕਿਉਂਕਿ ਉਹ ਘਰ ਨਹੀਂ ਬਹਿ ਸਕਦੀ ਸਨ ਇਸਲਈ ਉਨ੍ਹਾਂ ਨੇ ਪੀੜ੍ਹ ਰੋਕੂ ਗੋਲ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਤਾਂਕਿ ਖੇਤ ਮਜ਼ਦੂਰੀ ਦਾ ਆਪਣਾ ਕੰਮ ਜਾਰੀ ਰੱਖ ਸਕਣ।

ਉਨ੍ਹਾਂ ਨੂੰ ਉਮੀਦ ਸੀ ਕਿ ਮਾਨਸੂਨ ਆਉਣ ਤੋਂ ਬਾਅਦ ਫ਼ਸਲ ਚੰਗੀ ਹੋਵੇਗੀ ਤੇ ਕੰਮ ਦੀ ਵੀ ਕੋਈ ਘਾਟ ਨਹੀਂ ਰਹੇਗੀ। “ਪਰ ਇਨ੍ਹਾਂ ਤਿੰਨ ਮਹੀਨਿਆਂ (ਜੁਲਾਈ 2022 ਤੋਂ) ਵਿੱਚ ਮੇਰੀਆਂ 30 ਦਿਹਾੜੀਆਂ ਵੀ ਨਾ ਲੱਗੀਆਂ,” ਉਹ ਕਹਿੰਦੀ ਹਨ।

ਅਣਕਿਆਸੇ ਮੀਂਹ ਨਾਲ਼ ਹੋਈ ਫ਼ਸਲਾਂ ਦੀ ਬਰਬਾਦੀ ਤੋਂ ਬਾਅਦ ਕੋਲ੍ਹਾਪੁਰ ਵਿੱਚ ਹੜ੍ਹ-ਪ੍ਰਭਾਵਤ ਪਿੰਡਾਂ ਦੇ ਬਹੁਤ ਸਾਰੇ ਕਿਸਾਨਾਂ ਨੇ ਖ਼ਰਚਿਆਂ ਨੂੰ ਘੱਟ ਕਰਨ ਦੇ ਤਰੀਕੇ ਅਪਣਾਏ। ਚੈਤਨਯ ਦੱਸਦੇ ਹਨ,“ਲੋਕਾਂ ਨੇ ਖੇਤ ਮਜ਼ਦੂਰਾਂ ਨੂੰ ਨਦੀਨ ਪੁੱਟਣ ਲਈ ਰੱਖਣ ਦੀ ਬਜਾਇ ਨਦੀਨ-ਨਾਸ਼ਕਾਂ ਦੀ ਵਰਤੋਂ ਹੀ ਸ਼ੁਰੂ ਕਰ ਦਿੱਤੀ ਹੈ। ਖੇਤ ਮਜ਼ਦੂਰਾਂ ਨੂੰ ਔਸਤਨ 1,500 ਰੁਪਏ ਦਿਹਾੜੀ ਦੇਣੀ ਪੈਂਦੀ ਹੈ ਜਦੋਂਕਿ ਨਦੀਨ-ਨਾਸ਼ਕ 500 ਰੁਪਏ ਤੋਂ ਵੀ ਘੱਟ ਵਿੱਚ ਕੰਮ ਸਾਰ ਦਿੰਦੇ ਹਨ।”

ਅਜਿਹੀ ਕਿਰਸ ਦੇ ਤਬਾਹਕੁੰਨ ਨਤੀਜੇ ਸਾਹਮਣੇ ਆਏ ਹਨ। ਨਿੱਜੀ ਪੱਧਰ ‘ਤੇ ਇਹਦਾ ਮਤਲਬ ਭਾਰਤੀ ਜਿਹੇ ਲੋਕਾਂ ਵਾਸਤੇ ਕੰਮ ਦੇ ਮੌਕਿਆਂ ਦੀ ਘਾਟ ਦਾ ਹੋਣਾ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕਈ ਆਰਥਿਕ ਪਰੇਸ਼ਾਨੀਆਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ। ਇਸ ਵਾਧੂ ਦੀ ਮਾਨਸਿਕ ਚਿੰਤਾ ਨੇ ਭਾਰਤੀ ਦੇ ਹਾਈਪਰਥਾਇਰਾਈਡਿਜ਼ਮ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।

ਖੇਤਾਂ ‘ਤੇ ਵੀ ਇਸ ਸਭ ਦਾ ਬੁਰਾ ਅਸਰ ਪੈਂਦਾ ਹੈ। ਸ਼ਿਰੋਲ ਦੀ ਖੇਤੀ ਅਫ਼ਸਰ, ਸਵਪਨਿਤਾ ਪਡਲਕਰ ਕਹਿੰਦੀ ਹਨ ਕਿ 2021 ਵਿੱਚ ਤਾਲੁਕਾ ਦੇ 9,402 ਹੈਕਟੇਅਰ (23, 232 ਏਕੜ) ਖੇਤਾਂ ਦੀ ਮਿੱਟੀ ਵਿੱਚ ਖਾਰਾਪਣ ਪਾਇਆ ਗਿਆ। ਉਨ੍ਹਾਂ ਮੁਤਾਬਕ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ, ਸਿੰਚਾਈ ਦੇ ਡਾਵਾਂਡੋਲ ਪ੍ਰਬੰਧ ਤੇ ਇੱਕ ਹੀ ਫ਼ਸਲ ਨੂੰ ਬਾਰ-ਬਾਰ ਉਗਾਏ ਜਾਣ ਕਾਰਨ ਮਿੱਟੀ ਦੇ ਉਪਜਾਊਪਣ ‘ਤੇ ਬੁਰਾ ਅਸਰ ਪਿਆ ਹੈ।

Farmers in the area are increasing their use of pesticides to hurry crop growth before excessive rain descends on their fields
PHOTO • Sanket Jain

ਇਲਾਕੇ ਦੇ ਕਿਸਾਨ ਨੇ ਖੇਤਾਂ ਵਿੱਚ ਕੀਟਨਾਸ਼ਕਾਂ ਦਾ ਅੰਨ੍ਹੇਵਾਹ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂਕਿ ਮੋਹਲੇਦਾਰ ਮੀਂਹ ਆਉਣ ਤੋਂ ਪਹਿਲਾਂ ਹੀ ਫ਼ਸਲ ਤਿਆਰ ਹੋ ਜਾਵੇ

Saline fields in Shirol; an estimated 9,402 hectares of farming land were reported to be saline in 2021 owing to excessive use of chemical fertilisers and pesticides
PHOTO • Sanket Jain

ਸ਼ਿਰੋਲ ਵਿੱਚ ਖਾਰੀ ਮਿੱਟੀ ਵਾਲ਼ੇ ਖੇਤ। ਸਾਲ 2021 ਦੇ ਇੱਕ ਅਨੁਮਾਨ ਮੁਤਾਬਕ 9,402 ਹੈਕਟੇਅਰ ਖੇਤੀ ਯੋਗ ਭੋਇੰ ਖਾਰੀ ਹੋ ਗਈ ਹੈ ਤੇ ਇਹਦਾ ਮੁੱਖ ਕਾਰਨ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਿਤੋਂਵੱਧ ਵਰਤੋਂ ਹੈ

ਸਾਲ 2019 ਦੇ ਹੜ੍ਹ ਤੋਂ ਬਾਅਦ ਤੋਂ ਹੀ ਕੋਲ੍ਹਾਪੁਰ ਦੇ ਸ਼ਿਰੋਲ ਤੇ ਹਾਟਕਨੰਗਲੇ ਤਾਲੁਕਾ ਦੇ ਕਈ ਕਿਸਾਨਾਂ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਖ਼ਤਰਨਾਕ ਤਰੀਕੇ ਨਾਲ਼ ਵਧਾ ਦਿੱਤਾ ਹੈ। ਚੇਤਨਯ ਮੁਤਾਬਕ,“ਇਹ ਯਕੀਨੀ ਬਣਾਉਣ ਲਈ ਕਿ ਹੜ੍ਹ ਆਉਣ ਤੋਂ ਪਹਿਲਾਂ ਪਹਿਲਾਂ ਫ਼ਸਲ ਦੀ ਵਾਢੀ ਪੂਰੀ ਹੋ ਸਕੇ।”

ਡਾ. ਬੇਕਰ ਮੁਤਾਬਕ, ਬੀਤੇ ਕੁਝ ਸਾਲਾਂ ਵਿੱਚ ਅਰਜੁਨਵਾੜ ਦੀ ਮਿੱਟੀ ਵਿੱਚ ਆਰਸੈਨਿਕ ਤੱਤਾਂ ਦਾ ਵਾਧਾ ਬਹੁਤ ਤੇਜ਼ੀ ਨਾਲ਼ ਦੇਖਿਆ ਗਿਆ ਹੈ। ਉਹ ਵੀ ਇਹੀ ਕਹਿੰਦੀ ਹਨ,“ਇਹਦਾ ਮੁੱਖ ਕਾਰਨ ਰਸਾਇਣਿਕ ਖਾਦਾਂ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵੱਧਦੀ ਜਾਂਦੀ ਵਰਤੋਂ ਹੀ ਹੈ।”

ਜਦੋਂ ਮਿੱਟੀ ਹੀ ਜ਼ਹਿਰੀਲੀ ਹੋ ਜਾਵੇ ਤਾਂ ਮਨੁੱਖ ਪ੍ਰਭਾਵਾਂ ਤੋਂ ਸੱਖਣੇ ਰਹਿ ਕਿਵੇਂ ਸਕਦੇ ਹਨ? ਡਾ. ਬੇਕਰ ਦੱਸਦੀ ਹਨ,“ਇਸ ਜ਼ਹਿਰੀਲੀ ਮਿੱਟੀ ਕਾਰਨ ਹੀ ਇਕੱਲੇ ਅਰਜੁਨਵਾੜ ਵਿਖੇ ਕੈਂਸਰ ਦੇ 17 ਮਰੀਜ਼ ਹਨ। ਇਨ੍ਹਾਂ ਵਿੱਚ ਉਹ ਮਰੀਜ਼ ਸ਼ਾਮਲ ਨਹੀਂ ਹਨ ਜੋ ਕੈਂਸਰ ਦੀ ਅਖ਼ੀਰਲੀ ਸਟੇਜ (ਪੜਾਅ) ‘ਤੇ ਹਨ।” ਇਨ੍ਹਾਂ ਵਿੱਚ ਛਾਤੀ ਦੇ ਕੈਂਸਰ, ਲਿਊਕੀਮਿਆ, ਬੱਚੇਦਾਨੀ ਦਾ ਕੈਂਸਰ ਅਤੇ ਢਿੱਡ ਦੇ ਕੈਂਸਰ ਦੇ ਰੋਗੀ ਸ਼ਾਮਲ ਹਨ। ਡਾ. ਬੇਕਰ ਅੱਗੇ ਜੋੜਦਿਆਂ ਕਹਿੰਦੀ ਹਨ,“ਗੰਭੀਰ ਬੀਮਾਰੀਆਂ ਤੇਜ਼ੀ ਨਾਲ਼ ਵੱਧ ਰਹੀਆਂ ਹਨ ਜਦੋਂਕਿ ਸ਼ੁਰੂਆਤੀ ਲੱਛਣਾਂ ਦੇ ਪ੍ਰਗਟ ਹੋਣ ਤੋਂ ਬਾਅਦ ਵੀ ਲੋਕ ਡਾਕਟਰਾਂ ਨਾਲ਼ ਸੰਪਰਕ ਨਹੀਂ ਕਰਦੇ ਹਨ।”

40 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੀ ਖੋਚੀ ਦੀ ਖੇਤ ਮਜ਼ਦੂਰ ਸੁਨੀਤਾ ਪਾਟਿਲ 2019 ਤੋਂ ਹੀ ਮਾਸਪੇਸ਼ੀਆਂ ਤੇ ਗੋਡਿਆਂ ਦੀ ਪੀੜ੍ਹ, ਥਕਾਵਟ ਤੇ ਚੱਕਰ ਆਉਣ ਜਿਹੀਆਂ ਸਮੱਸਿਆਵਾਂ ਨਾਲ਼ ਜੂਝ ਰਹੀ ਹਨ। “ਮੈਂ ਨਹੀਂ ਜਾਣਦੀ ਕਿ ਇੰਝ ਕਿਉਂ ਹੋ ਰਿਹਾ ਹੈ,” ਉਹ ਕਹਿੰਦੀ ਹਨ। ਪਰ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਚਿੰਤਾ ਦਾ ਸਬੰਧ ਮੀਂਹ ਨਾਲ਼ ਹੈ। ਉਹ ਦੱਸਦੀ ਹਨ,“ਬੜਾ ਤੇਜ਼ ਮੀਂਹ ਪੈਣ ਤੋਂ ਬਾਅਦ ਮੈਨੂੰ ਨੀਂਦ ਆਉਣ ਵਿੱਚ ਦਿੱਕਤ ਹੁੰਦੀ ਹੈ।”

ਇੱਕ ਪਾਸੇ ਹੜ੍ਹ ਆਉਣ ਦਾ ਖ਼ਦਸ਼ਾ ਉਨ੍ਹਾਂ ਨੂੰ ਸਦਾ ਹੀ ਡਰਾਈ ਤੇ ਜਗਾਈ ਰੱਖਦਾ ਹੈ।

ਮਹਿੰਗੀਆਂ ਦਵਾਈਆਂ ਤੋਂ ਡਰ ਕੇ ਸੁਨੀਤਾ ਅਤੇ ਹੜ੍ਹ ਤੋਂ ਪ੍ਰਭਾਵਤ ਕਈ ਹੋਰ ਖੇਤ ਮਜ਼ਦੂਰ ਔਰਤਾਂ ਪੀੜ੍ਹ-ਰੋਕੂ ਗੋਲ਼ੀਆਂ ਦੀ ਓਟ ਲੈਂਦੀਆਂ ਹਨ। ਉਹ ਕਹਿੰਦੀ ਹਨ,“ਅਸੀਂ ਹੋਰ ਕਰ ਵੀ ਕੀ ਸਕਦੀਆਂ ਹਾਂ? ਡਾਕਟਰ ਕੋਲ਼ ਜਾਣ ਦਾ ਖਰਚਾ ਝੱਲ ਸਕਣਾ ਸਾਡੇ ਵੱਸ ਦੀ ਗੱਲ ਨਹੀਂ, ਇਸਲਈ ਸਾਨੂੰ ਪੀੜ੍ਹ-ਰੋਕੂ ਗੋਲ਼ੀਆਂ ‘ਤੇ ਹੀ ਟੇਕ ਰੱਖਣੀ ਪੈਂਦੀ ਹੈ, ਜਿਹਦੀ ਕੀਮਤ ਬਹੁਤ ਘੱਟ ਹੁੰਦੀ ਹੈ। ਕੋਈ 10 ਰੁਪਏ ਦੇ ਕਰੀਬ।”

ਭਾਵੇਂਕਿ ਪੀੜ੍ਹ-ਰੋਕੂ ਗੋਲ਼ੀਆਂ ਉਨ੍ਹਾਂ ਦੀ ਪੀੜ੍ਹ ਨੂੰ ਅਸਥਾਈ ਰਾਹਤ ਦਿੰਦੀਆਂ ਹੋਣ ਪਰ ਗੀਤਾ, ਸ਼ਿਵਬਾਈ, ਭਾਰਤੀ, ਸੁਨੀਤਾ ਤੇ ਉਨ੍ਹਾਂ ਜਿਹੀਆਂ ਹਜ਼ਾਰਾਂ ਖੇਤ ਮਜ਼ਦੂਰ ਔਰਤਾਂ ਲਗਾਤਾਰ ਤਣਾਓ ਦੀ ਹਾਲਤ ਤੇ ਸਹਿਮ ਹੇਠ ਜਿਊਣ ਨੂੰ ਮਜ਼ਬੂਰ ਹਨ।

ਗੀਤਾ ਕਹਿੰਦੀ ਹਨ,“ਹੜ੍ਹ ਦੇ ਪਾਣੀ ਵਿੱਚ ਅਸੀਂ ਭਾਵੇਂ ਅਜੇ ਨਹੀਂ ਡੁੱਬੇ, ਪਰ ਹੜ੍ਹਾਂ ਦੇ ਆਉਣ ਦੇ ਡਰ ਵਿੱਚ ਰੋਜ਼ ਡੁੱਬਦੇ-ਤਰਦੇ ਰਹਿੰਦੇ ਹਾਂ।”

ਇਹ ਸਟੋਰੀ ਉਸ ਲੜੀ ਦਾ ਹਿੱਸਾ ਹੈ ਜਿਹਦਾ ਸਮਰਥਨ ਇੰਟਰਨਿਊਜ ਦੇ ਅਰਥ ਜਰਨਲਿਜ਼ਮ ਨੈੱਟਵਰਕ ਦੁਆਰਾ ਕੀਤਾ ਜਾਂਦਾ ਹੈ। ਇਹ ਸਮਰਥਨ ਰਿਪੋਰਟਰ ਨੂੰ ਇੱਕ ਸੁਤੰਤਰ ਪੱਤਰਕਾਰੀ ਗ੍ਰਾਂਟ ਵਜੋਂ ਪ੍ਰਾਪਤ ਹੋਇਆ ਹੈ।

ਤਰਜਮਾ: ਕਮਲਜੀਤ ਕੌਰ

Sanket Jain

ಸಂಕೇತ್ ಜೈನ್ ಮಹಾರಾಷ್ಟ್ರದ ಕೊಲ್ಹಾಪುರ ಮೂಲದ ಪತ್ರಕರ್ತ. ಅವರು 2022 ಪರಿ ಸೀನಿಯರ್ ಫೆಲೋ ಮತ್ತು 2019ರ ಪರಿ ಫೆಲೋ ಆಗಿದ್ದಾರೆ.

Other stories by Sanket Jain
Editor : Sangeeta Menon

ಸಂಗೀತಾ ಮೆನನ್ ಮುಂಬೈ ಮೂಲದ ಬರಹಗಾರು, ಸಂಪಾದಕರು ಮತ್ತು ಸಂವಹನ ಸಲಹೆಗಾರರು.

Other stories by Sangeeta Menon
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur