ਹੇਮੰਤ ਕਾਵਲੇ ਆਪਣੇ ਨਾਮ ਅੱਗੇ ਇੱਕ ਹੋਰ ਵਿਸ਼ੇਸ਼ਣ ਜੋੜਨ ‘ਤੇ ਜ਼ੋਰ ਦਿੰਦੇ ਹਨ।

“ਮੈਂ ਪੜ੍ਹਿਆ ਲਿਖਿਆ, ਬੇਰੁਜ਼ਗਾਰ, ਅਤੇ ... ਕੁਆਰਾ ਹਾਂ,” ਇਹ 30 ਸਾਲਾ ਜਵਾਨ ਆਪਣੇ ਇਕਲਾਪੇ ਦੀ ਸਥਿਤੀ ਬਿਆਨ ਕਰਦੇ ਹੋਏ ਆਪਣੀ ਅਤੇ ਆਪਣੇ ਜਵਾਨ ਕਿਸਾਨ ਸਾਥੀਆਂ ਦਾ ਮਜ਼ਾਕ ਉਡਾਉਂਦੇ ਹਨ।

ਸੂ - ਸ਼ਿਕਸ਼ਿਤ , ਬੇਰੁਜਗਾਰ , ਅਵਿਵਾਹਿਤ ,” ਉਹ ਹਰੇਕ ਸ਼ਬਦ ਜ਼ੋਰ ਦੇ ਕੇ ਕਹਿੰਦੇ ਹਨ। ਪਾਨ ਦੇ ਛੋਟੇ ਜਿਹੇ ਖੋਖੇ ਕੋਲ ਖੜ੍ਹੇ ਉਹਨਾਂ ਦੇ ਸਾਥੀ-ਮਿੱਤਰ ਜੋ ਤੀਹਵੇਂ ਦਹਾਕੇ ਦੇ ਅੱਧ ਵਿੱਚ ਲੱਗਦੇ ਹਨ, ਆਪਣੇ ਮਜਬੂਰਨ ਕੁਆਰੇਪਨ ਦੀ ਸ਼ਰਮਿੰਦਗੀ ਅਤੇ ਗੁੱਸੇ ਨੂੰ ਲੁਕਾਉਂਦੇ ਹੋਏ ਮਿੰਨਾ ਜਿਹਾ ਮੁਸਕੁਰਾਉਂਦੇ ਹਨ।

“ਇਹੀ ਸਾਡਾ ਮੁੱਖ ਮੁੱਦਾ ਹੈ,” ਕਾਵਲੇ ਕਹਿੰਦੇ ਹਨ ਜਿਨ੍ਹਾਂ ਨੇ ਅਰਥ-ਸ਼ਾਸ਼ਤਰ ਦੀ ਐੱਮ.ਏ. ਕੀਤੀ ਹੈ।

ਅਸੀਂ ਮਹਾਰਾਸ਼ਟਰ ਦੇ ਕਿਸਾਨ ਆਤਮ ਹੱਤਿਆ ਨਾਲ ਜੂਝ ਰਹੇ ਪੂਰਬੀ ਇਲਾਕੇ ਵਿਦਰਭ ਵਿੱਚ ਯਮਤਵਾਲ-ਦਰਵਾਹਾ ਸੜਕ ‘ਤੇ ਪੈਂਦੇ ਪਿੰਡ ਸੇਲੋੜੀ ਵਿੱਚ ਹਾਂ ਜੋ ਲੰਮੇ ਸਮੇਂ ਤੋਂ ਖੇਤੀ ਸੰਕਟ ਅਤੇ ਉੱਚ ਪ੍ਰਵਾਸ ਦਰ ਦੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ। ਨੌਜਵਾਨਾਂ ਦਾ ਸਮੂਹ ਪਿੰਡ ਦੇ ਵਿਚਾਲੇ ਕਾਵਲੇ ਦੁਆਰਾ ਲਗਾਏ ਗਏ ਖੋਖੇ ਕੋਲ ਰੁੱਖ ਦੀ ਛਾਂਵੇ ਆਪਣਾ ਵਿਹਲਾ ਸਮਾਂ ਬਿਤਾਉਂਦੇ ਹਨ। ਉਹ ਸਾਰੇ ਗ੍ਰੈਜੂਏਟ ਜਾਂ ਪੋਸਟਗ੍ਰੈਜੂਏਟ ਹਨ; ਸਾਰਿਆਂ ਕੋਲ ਵਾਹੁਣਯੋਗ ਜ਼ਮੀਨਾਂ ਹਨ; ਸਾਰੇ ਹੀ ਕੁਆਰੇ ਹਨ। ਉਹਨਾਂ ਵਿੱਚੋਂ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਹੈ।

ਉਹਨਾਂ ਵਿੱਚੋਂ ਬਹੁਤਿਆਂ ਨੇ ਦੂਰ-ਦੂਰਾਡੇ ਸ਼ਹਿਰਾਂ ਜਿਵੇਂ ਕਿ ਬੰਬਈ, ਨਾਗਪੁਰ ਜਾਂ ਅਮਰਾਵਤੀ ਵਿੱਚ ਆਪਣੀ ਕਿਸਮਤ ਅਜਮਾਈ ਹੈ: ਥੋੜ੍ਹੇ ਸਮੇਂ ਲਈ ਘੱਟ ਤਨਖਾਹ ‘ਤੇ ਕੰਮ ਕੀਤਾ, ਸਟੇਟ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਤੇ ਦੂਜੇ ਸਰਕਾਰੀ ਨੌਕਰੀਆਂ ਦੇ ਪੇਪਰ ਵੀ ਦਿੱਤੇ ਪਰ ਅਖੀਰ ਅਸਫਲ ਹੋਏ।

ਇਸ ਹਿੱਸੇ ਦੇ ਅਤੇ ਸ਼ਾਇਦ ਸਾਰੇ ਦੇਸ਼ ਦੇ ਜ਼ਿਆਦਾਤਰ ਨੌਜਵਾਨਾਂ ਵਾਂਗ ਕਾਵਲੇ ਇਹੀ ਸੋਚਦੇ ਹੋਏ ਵੱਡੇ ਹੋਏ ਕਿ ਇੱਕ ਚੰਗੀ ਨੌਕਰੀ ਲਈ ਉਹਨਾਂ ਨੂੰ ਚੰਗੀ ਸਿੱਖਿਆ ਦੀ ਲੋੜ ਹੈ।

ਪਰ ਹੁਣ ਉਹਨਾਂ ਨੂੰ ਇਹ ਪਤਾ ਲੱਗਿਆ ਹੈ ਕਿ ਵਿਆਹ ਕਰਵਾਉਣ ਲਈ ਉਹਨਾਂ ਨੂੰ ਇੱਕ ਪੱਕੀ ਸਰਕਾਰੀ ਨੌਕਰੀ ਦੀ ਲੋੜ ਹੈ।

ਨੌਕਰੀਆਂ ਦੀ ਘਾਟ ਕਾਰਨ ਕਾਵਲੇ ਪਿੰਡ ਵਿੱਚ ਆਪਣੀ ਜੱਦੀ ਜ਼ਮੀਨ ‘ਤੇ ਖੇਤੀ ਕਰਨ ਲਈ ਵਾਪਸ ਆ ਗਏ ਅਤੇ ਵਾਧੂ ਕਮਾਈ ਲਈ ਪਿੰਡ ਵਿੱਚ ਇੱਕ ਖੋਖਾ ਵੀ ਖੋਲ੍ਹ ਲਿਆ।

“ਮੈਂ ਪਾਨ ਦਾ ਖੋਖਾ ਖੋਲ੍ਹਣ ਦੀ ਸੋਚੀ, ਇੱਕ ਮਿੱਤਰ ਨੂੰ ਰਸਵੰਤੀ (ਗੰਨੇ ਦੇ ਰਸ) ਦੀ ਰੇੜ੍ਹੀ ਲਾਉਣ ਦੀ ਸਲਾਹ ਦਿੱਤੀ ਅਤੇ ਇੱਕ ਹੋਰ ਮਿੱਤਰ ਨੂੰ ਖਾਣ-ਪੀਣ ਵਾਲੀਆਂ ਚੀਜਾਂ ਦਾ ਖੋਖਾ ਲਾਉਣ ਦੀ ਸਲਾਹ ਦਿੱਤੀ ਤਾ ਕਿ ਅਸੀਂ ਕੁਝ ਕਾਰੋਬਾਰ ਕਰ ਸਕੀਏ,” ਤੀਖਣ ਬੁੱਧੀ ਵਾਲੇ ਕਾਵਲੇ ਕਹਿੰਦੇ ਹਨ। “ਪੁਣੇ ਵਿੱਚ ਇੱਕ ਪੂਰੀ ਰੋਟੀ ਖਾਣ ਦੀ ਬਜਾਏ ਆਪਣੇ ਪਿੰਡ ਵਿੱਚ ਅੱਧੀ ਰੋਟੀ ਖਾਣੀ ਵੀ ਕਿਤੇ ਜ਼ਿਆਦਾ ਬਿਹਤਰ ਹੈ,” ਉਹ ਕਹਿੰਦੇ ਹਨ।

PHOTO • Jaideep Hardikar

ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਅਤੇ ਪੁਣੇ ਅਤੇ ਹੋਰ ਸ਼ਹਿਰਾਂ ਵਿੱਚ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਬਾਅਦ, ਹੇਮੰਤ ਕਾਵਲੇ (ਸੱਜੇ) ਯਵਤਮਾਲ ਦੀ ਦਰਵਾਹਾ  ਤਹਿਸੀਲ ਵਿੱਚ ਆਪਣੇ ਪਿੰਡ ਸੇਲੋੜੀ ਵਾਪਸ ਆ ਗਏ ਅਤੇ ਇੱਕ ਪਾਨ ਸਟਾਲ ਸਥਾਪਤ ਕੀਤਾ। ਉਹ ਅਤੇ ਉਨ੍ਹਾਂ ਦਾ ਦੋਸਤ ਅੰਕੁਸ਼ ਕਾਂਕੀਰਾਡ (ਖੱਬੇ) ਵੀ ਰੋਜ਼ੀ-ਰੋਟੀ ਕਮਾਉਣ ਲਈ ਆਪਣੇ-ਆਪਣੇ ਖੇਤਾਂ ਦਾ ਹੀ ਰਾਹ ਫੜ੍ਹਦੇ ਹਨ। ਪਹਿਲੇ ਨੇ ਆਰਟਸ ਵਿੱਚ ਮਾਸਟਰਜ਼ ਕੀਤੀ ਹੈ, ਜਦੋਂ ਕਿ ਬਾਅਦ ਵਿੱਚ ਦਰਵਾ ਤੋਂ ਖੇਤੀਬਾੜੀ ਵਿੱਚ ਬੀਐਸਸੀ ਪੂਰੀ ਕੀਤੀ ਹੈ

ਕਈ ਸਾਲ ਆਰਥਿਕ ਪੀੜਾ ਅਤੇ ਸੰਕਟ ਨਾਲ ਜੂਝਣ ਤੋਂ ਬਾਅਦ ਦਿਹਾਤੀ ਮਹਾਰਾਸ਼ਟਰ ਦੇ ਨੌਜਵਾਨਾਂ ਦੇ ਸਾਹਮਣੇ ਇੱਕ ਹੋਰ ਸਮਾਜਿਕ ਸਮੱਸਿਆ ਆ ਰਹੀ ਹੈ ਜਿਸਦੇ ਦੂਰਗਾਮੀ ਨਤੀਜੇ ਨਿਕਲਦੇ ਹਨ: ਵਿਆਹ ‘ਚ ਦੇਰੀ ਜਾਂ ਮਜਬੂਰਨ ਕੁਆਰਾਪਨ ਅਤੇ ਛੜੇ ਰਹਿਣ ਦੇ ਆਸਾਰ।

“ਮੇਰੇ ਮਾਤਾ ਜੀ ਹਰ ਸਮੇਂ ਮੇਰੇ ਵਿਆਹ ਦੀ ਚਿੰਤਾ ਕਰਦੇ ਰਹਿੰਦੇ ਹਨ,” ਕਾਵਲੇ ਦੇ ਕਰੀਬੀ ਦੋਸਤ ਅੰਕੁਸ਼ ਕਾਂਕੀਰੜ, 31, ਕਹਿੰਦੇ ਹਨ ਜਿਨ੍ਹਾਂ ਕੋਲ 2.5 ਏਕੜ ਜ਼ਮੀਨ ਹੈ ਅਤੇ BSc ਐਗਰੀਕਲਚਰ ਦੀ ਪੜ੍ਹਾਈ ਕੀਤੀ ਹੋਈ ਹੈ। “ਉਹ ਇਹੀ ਸੋਚਦੇ ਰਹਿੰਦੇ ਹਨ ਕਿ ਇਸ ਉਮਰ ‘ਚ ਆ ਕੇ ਵੀ ਮੈਂ ਇਕੱਲਾ ਕਿਵੇਂ ਹਾਂ,” ਉਹ ਕਹਿੰਦੇ ਹਨ ਅਤੇ ਅੱਗੇ ਦੱਸਦੇ ਹਨ ਕਿ ਜੇਕਰ ਉਹ ਵਿਆਹ ਕਰਵਾਉਣਾ ਵੀ ਚਾਹੁੰਦੇ ਹੋਣ ਤਾਂ ਵੀ ਨਹੀਂ ਕਰਵਾਉਣਗੇ ਕਿਉਂਕਿ ਉਹਨਾਂ ਦੀ ਆਮਦਨ ਬਹੁਤ ਜ਼ਿਆਦਾ ਥੋੜ੍ਹੀ ਹੈ।

ਹਰ ਕੋਈ PARI ਨੂੰ ਆਪਣੇ-ਆਪਣੇ ਢੰਗ ਨਾਲ ਦੱਸਦਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਵਿਆਹ ਇੱਕ ਵੱਡਾ ਮਸਲਾ ਹੈ। ਇਸ ਆਰਥਿਕ ਪੱਧਰ ਤੋਂ ਪੱਛੜੇ ਹੋਏ ਗੋਂਦੀਆ ਦੇ ਪੂਰਬੀ ਹਿੱਸੇ ਤੋਂ ਲੈ ਕੇ ਪੱਛਮੀ ਮਹਾਰਾਸ਼ਟਰ ਦੀ ਖੰਡ ਪੱਟੀ ਤੱਕ ਤੁਹਾਨੂੰ ਅਕਸਰ ਅਜਿਹੇ ਨੌਜਵਾਨ- ਔਰਤਾਂ ਤੇ ਮਰਦ- ਦੇਖਣ ਨੂੰ ਮਿਲਦੇ ਹਨ ਜੋ ਇੱਕ ਆਮ ਵਿਆਹੁਣਯੋਗ ਉਮਰ ਨੂੰ ਪਾਰ ਕਰ ਚੁੱਕੇ ਹਨ।

ਵੱਡੇ ਸ਼ਹਿਰਾਂ ਜਾਂ ਉਦਯੋਗਿਕ ਕੇਂਦਰਾਂ ਦੇ ਬਿਹਤਰ ਪੜ੍ਹੇ-ਲਿਖੇ ਸਾਥੀਆਂ ਦੇ ਉਲਟ ਸਮਾਜਿਕ ਅਤੇ ਸੰਚਾਰਕ ਹੁਨਰ ਦੀ ਘਾਟ ਕਾਰਨ ਉਹ ਬਹੁਤੀ ਕਮਾਈ ਨਹੀਂ ਕਰ ਰਹੇ।

ਅਪ੍ਰੈਲ 2024 ਤੋਂ ਸ਼ੁਰੂ ਕਰ ਕੇ PARI ਨੇ ਇੱਕ ਮਹੀਨੇ ਵਿੱਚ ਪੇਂਡੂ ਮਹਾਰਾਸ਼ਟਰ ਵਿੱਚ ਪੜ੍ਹੇ-ਲਿਖੇ ਅਤੇ ਅਭਿਲਾਸ਼ੀ ਨੌਜਵਾਨ ਮਰਦ ਅਤੇ ਔਰਤਾਂ ਨਾਲ ਮੁਲਾਕਾਤ ਕਰਕੇ ਇੰਟਰਵਿਊ ਕੀਤੀ  ਜੋ ਆਪਣੇ ਲਈ ਢੁਕਵਾਂ ਜੀਵਨਸਾਥੀ ਲੱਭਣ ਵਿੱਚ ਅਸਮਰਥ ਹਨ ਅਤੇ ਨਿਰਾਸ਼ ਤੇ ਘਬਰਾਏ ਹੋਏ ਆਪਣੇ ਭਵਿੱਖ ਬਾਰੇ ਅਨਿਸ਼ਚਿਤ ਹਨ।

ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ILO) ਅਤੇ ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ (IHD) ਦੁਆਰਾ ਸਾਂਝੇ ਤੌਰ ‘ਤੇ ਪ੍ਰਕਾਸ਼ਿਤ ਕੀਤੀ ਗਈ ਭਾਰਤੀ ਰੁਜ਼ਗਾਰ ਰਿਪੋਰਟ (ਇੰਡੀਆ ਇੰਪਲਾਇਮੈਂਟ ਰਿਪੋਰਟ 2024) ਅਨੁਸਾਰ ਭਾਰਤ ਦੀ ਲਗਭਗ 83 ਫੀਸਦੀ ਬੇਰੁਜ਼ਗਾਰ ਅਬਾਦੀ ਪੜ੍ਹੇ ਲਿਖੇ ਨੌਜਵਾਨਾ ਦੀ ਹੈ। ਇਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੁੱਲ ਬੇਰੁਜ਼ਗਾਰ ਨੌਜਵਾਨਾਂ ਵਿੱਚ ਘੱਟੋ-ਘੱਟ ਸੈਕੰਡਰੀ ਸਿੱਖਿਆ ਪ੍ਰਾਪਤ ਨੌਜਵਾਨਾਂ ਦਾ ਅਨੁਪਾਤ 2022 ਵਿੱਚ 65.7 ਫੀਸਦੀ ਹੋ ਗਿਆ ਹੈ ਜੋ ਕਿ 2000 ਵਿੱਚ ਸਿਰਫ 35.2 ਫੀਸਦੀ ਸੀ।

342 ਪੰਨਿਆਂ ਦੀ ਇਹ ਰਿਪੋਰਟ ਦਸਦੀ ਹੈ ਕਿ “ਗੈਰ-ਖੇਤੀ ਖੇਤਰਾਂ ਵਿੱਚ ਕੰਮ ਕਰ ਰਹੇ ਲੋਕ 2019 ਵਿੱਚ (Covid-19) ਮਹਾਮਾਰੀ ਦੇ ਕਾਰਨ ਵਾਪਸ ਖੇਤੀਬਾੜੀ ਵੱਲ ਪਰਤੇ ਹਨ ਜਿਸ ਕਾਰਨ ਖੇਤੀਬਾੜੀ ਰੁਜ਼ਗਾਰ ਵਿੱਚ ਵਾਧਾ ਹੋਣ ਦੇ ਨਾਲ-ਨਾਲ ਖੇਤੀਬਾੜੀ ਕਾਮਿਆਂ ਦੀ ਸੰਪੂਰਨ ਗਿਣਤੀ ‘ਚ ਵੀ ਵਾਧਾ ਹੋਇਆ ਹੈ।”

ILO ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਰੁਜ਼ਗਾਰ ਮੁੱਖ ਤੌਰ ‘ਤੇ ਸਵੈ-ਰੁਜ਼ਗਾਰ ਹੈ ਜਾਂ ਫਿਰ ਅਣਮਿੱਥਿਆ ਰੁਜ਼ਗਾਰ ਹੈ। ਰਿਪੋਰਟ ਅਨੁਸਾਰ, “ਲਗਭਗ 82 ਫੀਸਦੀ ਕਾਮੇ ਗੈਰ-ਰਸਮੀ ਖੇਤਰਾਂ ਵਿੱਚ ਲੱਗੇ ਹੋਏ ਹਨ ਅਤੇ ਕਰੀਬ 90 ਫੀਸਦੀ ਗੈਰ-ਰਸਮੀ ਤੌਰ ‘ਤੇ ਕੰਮ ਕਰਦੇ ਹਨ।” ਜਿਵੇਂ ਕਿ ਸੇਲੋੜੀ ਦੇ ਨੌਜਵਾਨ- ਪਾਨ ਦਾ ਖੋਖਾ, ਗੰਨੇ ਦੇ ਰਸ ਦੀ ਰੇੜੀ ਅਤੇ ਚਾਹ ਦਾ ਖੋਖਾ ਚਲਾ ਰਹੇ ਹਨ।

“2019 ਤੋਂ ਰੁਜ਼ਗਾਰ ਦੇ ਵਾਧੇ ਦੀ ਪ੍ਰਕਿਰਤੀ ਦੇ ਕਾਰਨ ਕੁੱਲ ਰੁਜ਼ਗਾਰ ਦਾ ਹਿੱਸਾ, ਜੋ ਗੈਰ-ਰਸਮੀ ਖੇਤਰਾਂ ਅਤੇ/ਜਾਂ ਗੈਰ-ਰਸਮੀ ਤੌਰ ‘ਤੇ ਕੰਮ ਕਰਦਾ ਹੈ, ਵਿੱਚ ਵਾਧਾ ਹੋਇਆ ਹੈ।” ਜਦਕਿ 2012-22 ਦੌਰਾਨ ਆਮ ਮਜ਼ਦੂਰਾਂ ਦੀ ਕਮਾਈ ਵਿੱਚ ਮਾਮੂਲੀ ਜਿਹਾ ਵਾਧਾ ਹੋਇਆ ਹੈ। ਨਿਯਮਿਤ ਕਾਮਿਆਂ ਦੀ ਆਮਦਨੀ ਜਾਂ ਤਾਂ ਘਟੀ ਹੈ ਜਾਂ ਉੱਥੇ ਹੀ ਰੁਕੀ ਰਹੀ ਹੈ। 2019 ਤੋਂ ਬਾਅਦ ਸਵੈ-ਰੁਜ਼ਗਾਰ ਵਾਲਿਆਂ ਦੀ ਕਮਾਈ ਵਿੱਚ ਵੀ ਗਿਰਾਅ ਆਇਆ ਹੈ। 2022 ਵਿੱਚ ਦੇਸ਼ ਭਰ ਵਿੱਚ ਲਗਭਗ 62 ਫੀਸਦੀ ਗੈਰ-ਕੁਸ਼ਲ ਖੇਤੀ ਕਾਮੇ ਅਤੇ 70 ਫੀਸਦੀ ਉਸਾਰੀ ਖੇਤਰ ਵਿੱਚ ਲੱਗੇ ਕਾਮੇ ਨਿਰਧਾਰਿਤ ਘੱਟੋ-ਘੱਟ ਰੋਜ਼ਾਨਾ ਉਜਰਤ ਪ੍ਰਪਤ ਨਹੀਂ ਕਰ ਰਹੇ।

PHOTO • Jaideep Hardikar
PHOTO • Jaideep Hardikar

ਖੱਬੇ: ਰਾਮੇਸ਼ਵਰ ਕਾਂਕੀਰੜ ਨੇ ਵਾਧੂ ਆਮਦਨੀ ਲਈ ਪਾਨ ਸਟਾਲ ਦੇ ਨੇੜੇ ਇੱਕ ਰਸਵੰਤੀ (ਗੰਨੇ ਦੇ ਰਸ ਦੀ ਦੁਕਾਨ) ਸਥਾਪਤ ਕੀਤੀ ਹੈ। ਉਹ ਆਪਣੇ ਦੋਸਤਾਂ ਵਿਚੋਂ ਸਭ ਤੋਂ ਛੋਟੇ ਹਨ, ਜਿਨ੍ਹਾਂ ਦਾ ਖੇਤੀ ਤੋਂ ਹੋਣ ਵਾਲੀ ਮਾਮੂਲੀ ਕਮਾਈ ਕਾਰਨ ਵਿਆਹ ਹੋਣ ਦਾ ਕੋਈ ਸਬਬ ਨਹੀਂ ਬਣਦਾ ਜਾਪਦਾ ਅਤੇ ਬੜੀ ਮੁਸ਼ਕਲਾਂ ਨਾਲ਼ ਪਰਿਵਾਰ ਪਾਲਦੇ ਹਨ। ਸੱਜੇ: ਰਾਮੇਸ਼ਵਰ ਗੰਨੇ ਦੀ ਮਸ਼ੀਨ ਦੀ ਦੇਖਭਾਲ ਕਰ ਰਹੇ ਹਨ। ਕਵਾਲੇ (ਚੈੱਕ ਸ਼ਰਟ) ਅਤੇ ਅੰਕੁਸ਼ ਕਾਂਕੀਰੜ (ਭੂਰੇ ਰੰਗ ਦੀ ਟੀ-ਸ਼ਰਟ) ਉਨ੍ਹਾਂ ਦੇ ਪਿੱਛੇ ਖੜ੍ਹੇ ਹਨ

*****

ਜ਼ਮੀਨੀ ਹਕੀਕਤ  ਥੋੜ੍ਹੀ ਨਾਜ਼ੁਕ ਹੈ।

ਜਿੱਥੇ ਲਾੜੀਆਂ ਲੱਭਣੀਆਂ ਇੱਕ ਚੁਣੌਤੀ ਹੈ ਉੱਥੇ ਹੀ ਪਿੰਡਾਂ ਦੀਆਂ ਨੌਜਵਾਨ ਪੜ੍ਹੀਆਂ-ਲਿਖੀਆਂ ਔਰਤਾਂ ਲਈ ਸਥਿਰ ਨੌਕਰੀਆਂ ਵਾਲੇ ਵਰ ਲੱਭਣੇ ਕਿਸੇ ਚੁਣੌਤੀ ਤੋਂ ਘੱਟ ਨਹੀਂ।

ਸੇਲੋੜੀ ਦੀ ਬੀਏ ਪੜ੍ਹੀ ਇੱਕ ਮੁਟਿਆਰ (ਜੋ ਆਪਣਾ ਨਾਮ ਸਾਂਝਾ ਨਹੀਂ ਕਰਨਾ ਚਾਹੁੰਦੀ ਅਤੇ ਇੱਕ ਢੁਕਵੇਂ ਵਰ ਲਈ ਆਪਣੀ ਪਸੰਦ ਦੱਸਣ ਲੱਗੇ ਸ਼ਰਮਾਉਂਦੀ ਹੈ) ਕਹਿੰਦੀ ਹੈ, “ਮੈਂ ਸ਼ਹਿਰ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਾਂਗੀ ਅਤੇ ਅਜਿਹੇ ਆਦਮੀ ਨਾਲ ਵਿਆਹ ਕਰਨਾ ਪਸੰਦ ਕਰਾਂਗੀ ਜਿਸ ਕੋਲ ਇੱਕ ਪੱਕੀ ਨੌਕਰੀ ਹੋਵੇ ਨਾ ਕਿ ਖੇਤੀਬਾੜੀ ਵਿੱਚ ਫਸਿਆ ਹੋਵੇ।”

ਉਸਦਾ ਕਹਿਣਾ ਹੈ ਕਿ ਸ਼ਹਿਰਾਂ ਵਿੱਚ ਪੱਕੀ ਸਰਕਾਰੀ ਨੌਕਰੀ ਵਾਲੇ ਭਾਈਚਾਰੇ ਵਿੱਚੋਂ ਵਰ ਲੱਭਣ ਦੇ ਉਸ ਦੇ ਪਿੰਡ ਦੀਆਂ ਹੋਰ ਕੁੜੀਆਂ ਦੇ ਅਨੁਭਵ ਨੂੰ ਬਿਆਨ ਕਰਨਾ ਸੌਖਾ ਨਹੀਂ ਹੈ।

ਇਹ ਇਲਾਕੇ ਦੀਆਂ ਸਾਰੀਆਂ ਜਾਤਾਂ ਅਤੇ ਵਰਗਾਂ, ਖਾਸਕਰ ਉੱਚ ਜਾਤੀ ਜਿੰਮੀਦਾਰ ਓਬੀਸੀ ਜਾਂ ਮਰਾਠਿਆਂ ਵਰਗੀਆਂ ਪ੍ਰਮੁੱਖ ਜਾਤੀਆਂ, ਸਭ ਲਈ ਸੱਚ ਜਾਪਦਾ ਹੈ।

ਬਜ਼ੁਰਗਾਂ ਦੇ ਕਹਿਣ ਮੁਤਾਬਕ ਬੇਰੁਜ਼ਗਾਰੀ ਕੋਈ ਨਵੀਂ ਸਮੱਸਿਆ ਨਹੀਂ ਹੈ ਅਤੇ ਨਾ ਹੀ ਦੇਰੀ ਨਾਲ ਵਿਆਹ ਹੋਣਾ। ਪਰ ਅੱਜ ਇਸ ਸਮਾਜਿਕ ਸਮੱਸਿਆ ਦੀ ਤੀਬਰਤਾ ਚਿੰਤਾਜਨਕ ਬਣ ਗਈ ਹੈ।

ਸੇਲੋੜੀ ਦੇ ਇੱਕ ਅਨੁਭਵੀ ਕਿਸਾਨ, ਭਗਵੰਤ ਕਾਂਕੀਰੜ ਕਹਿੰਦੇ ਹਨ, “ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਲੋਕ ਹੁਣ ਵਿਚੋਲਗਿਰੀ ਦਾ ਕੰਮ ਨਹੀਂ ਕਰਦੇ।” ਉਹਨਾਂ ਦੇ ਦੋ ਭਤੀਜੇ ਅਤੇ ਇੱਕ ਭਤੀਜੀ ਅਜੇ ਕੁਆਰੇ ਹਨ ਕਿਉਂਕਿ ਉਹਨਾਂ ਨੂੰ ਢੁਕਵੇਂ ਜੀਵਨਸਾਥੀ ਨਹੀਂ ਮਿਲ ਰਹੇ। ਉਹ ਦੱਸਦੇ ਹਨ ਕਿ ਸਾਲਾਂ ਤੋਂ ਉਹ ਆਪਣੇ ਭਾਈਚਾਰੇ ਲਈ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹੋਏ ਵਿਆਉਣਯੋਗ ਨੌਜਵਾਨਾਂ ਲਈ ਲਾੜੇ-ਲਾੜੀਆਂ ਮਿਲਾਉਂਦੇ ਰਹੇ ਹਨ। ਪਰ ਹੁਣ ਉਹ ਇਸ ਕੰਮ ਤੋਂ ਕਤਰਾਉਂਦੇ ਹਨ।

“ਮੈਂ ਪਰਿਵਾਰਿਕ ਵਿਆਹਾਂ ‘ਤੇ ਜਾਣਾ ਛੱਡ ਦਿੱਤਾ,” ਯੋਗੇਸ਼ ਰਾਓਤ, 32, ਕਹਿੰਦੇ ਹਨ ਜਿਨ੍ਹਾਂ ਕੋਲ 10 ਏਕੜ ਉਪਜਾਊ ਜ਼ਮੀਨ ਹੈ ਅਤੇ ਪੋਸਟਗ੍ਰੈਜੂਏਸ਼ਨ ਕੀਤੀ ਹੋਈ ਹੈ। “ਕਿਉਂਕਿ ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਤਾਂ ਹਰ ਵਾਰ ਲੋਕ ਮੈਨੂੰ ਵਿਆਹ ਬਾਰੇ ਪੁੱਛਦੇ ਹਨ,” ਉਹ ਦੱਸਦੇ ਹਨ। “ਇਹ ਬਹੁਤ ਹੀ ਸ਼ਰਮਨਾਕ ਅਤੇ ਨਿਰਾਸ਼ਾਜਨਕ ਜਾਪਦਾ ਹੈ।”

ਘਰ ਵਿੱਚ ਮਾਪਿਆਂ ਨੂੰ ਚਿੰਤਾ ਰਹਿੰਦੀ ਹੈ। ਪਰ ਰਾਓਤ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਨੂੰ ਸਾਥੀ ਮਿਲ ਵੀ ਜਾਵੇ, ਉਹ ਵਿਆਹ ਨਹੀਂ ਕਰਵਾਉਣਗੇ ਕਿਉਂਕਿ ਇੰਨੀ ਥੋੜ੍ਹੀ ਆਮਦਨ ਨਾਲ ਪਰਿਵਾਰ ਪਾਲਣਾ ਬਹੁਤ ਮੁਸ਼ਕਿਲ ਹੈ।

ਉਹ ਕਹਿੰਦੇ ਹਨ, “ਕੋਈ ਵੀ ਖੇਤੀ ਆਮਦਨ ਦੇ ਸਹਾਰੇ ਜ਼ਿੰਦਗੀ ਨਹੀਂ ਕੱਢ ਸਕਦਾ।” ਇਹੀ ਕਾਰਨ ਹੈ ਕਿ ਇਸ ਪਿੰਡ ਦੇ ਬਹੁਤੇ ਪਰਿਵਾਰ ਆਪਣੀਆ ਧੀਆਂ ਦਾ ਵਿਆਹ ਅਜਿਹੇ ਕਿਸੇ ਨਾਲ ਨਹੀਂ ਕਰਦੇ ਜਿਸ ਕੋਲ ਸਿਰਫ ਖੇਤੀ ਆਮਦਨ ਹੈ ਜਾਂ ਪਿੰਡ ਵਿੱਚ ਰਹਿੰਦਾ ਹੈ। ਉਹਨਾਂ ਆਦਮੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਜਾਂ ਤਾਂ ਪੱਕੀ ਸਰਕਾਰੀ ਨੌਕਰੀ ਹੋਵੇ, ਜਾਂ ਨਿੱਜੀ ਰੁਜ਼ਗਾਰ ਹੋਵੇ ਜਾਂ ਫਿਰ ਸ਼ਹਿਰਾਂ ਵਿੱਚ ਕੋਈ ਸਵੈ-ਰੁਜ਼ਗਾਰ ਹੋਵੇ।

ਸਮੱਸਿਆ ਇਹ ਹੈ ਕਿ ਪੱਕੀਆਂ ਨੌਕਰੀਆਂ ਬਹੁਤ ਘੱਟ ਹਨ ਅਤੇ ਪ੍ਰਾਪਤ ਕਰਨੀਆਂ ਬਹੁਤ ਮੁਸ਼ਕਿਲ।

PHOTO • Jaideep Hardikar
PHOTO • Jaideep Hardikar

ਖੱਬੇ: 'ਜੇ ਤੁਹਾਡੀ ਆਮਦਨ ਸਥਿਰ ਨਹੀਂ ਹੈ, ਤਾਂ ਤੁਸੀਂ ਪਰਿਵਾਰ ਨਹੀਂ ਪਾਲ ਸਕਦੇ,' ਇੱਕ ਕਿਸਾਨ ਯੋਗੇਸ਼ ਰਾਉਤ ਕਹਿੰਦੇ ਹਨ। ਉਨ੍ਹਾਂ ਨੇ ਪਰਿਵਾਰਕ ਵਿਆਹਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਉਹ ਵਿਆਹ ਕਦੋਂ ਕਰ ਰਿਹਾ ਹੈ। ਸੱਜੇ: ਹੇਮੰਤ ਅਤੇ ਅੰਕੁਸ਼ ਆਪਣੇ ਪਾਨ ਸਟਾਲ ਚਲਾਉਂਦੇ ਹਨ

PARI  ਦੁਆਰਾ ਕੀਤੇ ਗਏ ਇੰਟਰਵਿਊਆਂ ਤੋਂ ਪਤਾ ਲੱਗਿਆ ਕਿ ਲੰਮੇ ਸਮੇਂ ਤੋਂ ਜਲ ਸੰਕਟ ਨਾਲ ਜੂਝ ਰਹੇ ਖੇਤਰ, ਮਰਾਠਾਵਾੜਾ ਵਿੱਚ ਆਦਮੀਆਂ ਨੇ ਲਾੜੀਆਂ ਲੱਭਣ ਦਾ ਕੰਮ ਛੱਡ ਦਿੱਤਾ ਹੈ ਜਾਂ ਫਿਰ ਸ਼ਹਿਰਾਂ ਵੱਲ ਨੂੰ ਪ੍ਰਵਾਸ ਕਰ ਗਏ ਹਨ ਜਿੱਥੇ ਉਹਨਾਂ ਨੂੰ ਨੌਕਰੀਆਂ ਜਾਂ ਪਾਣੀ ਜਾਂ ਫਿਰ ਦੋਨੋ ਹੀ ਮਿਲ ਸਕਦੇ ਹਨ ਜੇਕਰ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ।

ਸਥਿਰ ਆਮਦਨੀ ਪ੍ਰਾਪਤ ਕਰਨਾ ਔਖਾ ਹੈ ਅਤੇ ਕੋਈ ਅਰਥਪੂਰਨ ਮੌਕਾ ਵੀ ਨਹੀਂ ਹੈ ਜਿਵੇਂ ਜਦੋਂ ਗਰਮੀਆਂ ਮੌਕੇ ਖੇਤਾਂ ਵਿੱਚ ਕੋਈ ਕੰਮ ਨਹੀਂ ਹੁੰਦਾ, ਓਦੋਂ ਵੀ  ਕੋਈ ਕਮਾਈ ਕੀਤੀ ਜਾ ਸਕੇ।

“ਗਰਮੀਆਂ ਵਿੱਚ ਖੇਤਾਂ ਵਿੱਚ ਕੋਈ ਕੰਮ ਨਹੀਂ ਹੁੰਦਾ,” ਕਾਵਲੇ ਕਹਿੰਦੇ ਹਨ ਜਿਨ੍ਹਾਂ ਕੋਲ ਪਿੰਡ ਵਿੱਚ 10 ਏਕੜ ਬਰਸਾਤੀ ਖੇਤ ਹਨ। ਹਾਲਾਂਕਿ ਉਹਨਾਂ ਦੇ ਕੁਝ ਮਿੱਤਰ ਖੂਹਾਂ ਜਾਂ ਮੌਟਰਾਂ ਦੇ ਪਾਣੀ ਨਾਲ ਆਪਣੇ ਖੇਤਾਂ ਵਿੱਚ ਮੌਸਮੀ ਸਬਜੀਆਂ ਜਿਵੇਂ ਕਿ ਓਕਰਾ (ਭਿੰਡੀ) ਉਗਾਉਂਦੇ ਹਨ। ਪਰ ਇਹ ਕੋਈ ਲਾਭਕਾਰੀ ਨਹੀਂ ਹੈ।

“ਮੈਂ ਸੁਬਾਹ 2 ਵਜੇ ਉੱਠਿਆ; ਮੈਂ ਆਪਣੇ ਖੇਤ ਵਿੱਚੋਂ ਭਿੰਡੀ ਤੋੜੀ ਅਤੇ 150 ਰੁਪਏ ਵਿੱਚ 20 ਕਿਲੋਗ੍ਰਾਮ ਦਾ ਕਰੇਟ ਵੇਚਣ ਲਈ ਦਰਵਾਹਾ ਚਲਾ ਗਿਆ,” ਅਜੇ ਗਾਂਵਦੇ ਗੁੱਸੇ ਵਿੱਚ ਦੱਸਦੇ ਹਨ ਜੋ 8 ਏਕੜ ਖੇਤ ਦੇ ਮਾਲਕ, ਆਰਟਸ ਵਿੱਚ ਗ੍ਰੈਜੂਏਟ ਹਨ ਤੇ ਕੁਆਰੇ ਵੀ। “ਭਿੰਡੀ ਤੋੜਨ ‘ਤੇ 200 ਰੁਪਏ ਦਾ ਖਰਚ ਆਇਆ ਹੈ, ਇਸ ਤਰ੍ਹਾਂ ਮੈਂ ਅੱਜ ਮਜ਼ਦੂਰੀ ਦਾ ਖਰਚ ਵੀ ਨਹੀਂ ਕੱਢ ਸਕਿਆ,” ਉਹ ਕਹਿੰਦੇ ਹਨ।

ਇਸਦੇ ਨਾਲ ਹੀ ਜਾਨਵਰਾਂ  ਦੇ ਖੇਤਾਂ ਵਿੱਚ ਵੜਨ ਦੀ ਸਮੱਸਿਆ ਅਤੇ ਸਾਰਾ ਕੁਝ ਤਬਾਹ। ਗਾਂਵਦੇ ਦਾ ਕਹਿਣਾ ਹੈ ਕਿ ਸੇਲੋੜੀ ਵਿੱਚ ਬਾਂਦਰਾਂ ਦਾ ਖਤਰਾ ਰਹਿੰਦਾ ਹੈ। ਕਿਉਂਕਿ ਖੇਤਾਂ ਅਤੇ ਜੰਗਲੀ ਝਾੜੀਆਂ ਵਿਚਕਾਰ ਕੋਈ ਅਜਿਹੀ ਪਨਾਹ ਨਹੀਂ ਹੈ ਜਿਥੇ ਜੰਗਲੀ ਜਾਨਵਰਾਂ ਨੂੰ ਪਾਣੀ ਜਾਂ ਖਾਣ ਨੂੰ ਕੁਝ ਮਿਲ ਸਕੇ। “ਉਹ ਕਿਸੇ ਦਿਨ ਮੇਰੇ ਖੇਤਾਂ ਵਿੱਚ ਆ ਵੜਨਗੇ ਅਤੇ ਅਗਲੇ ਦਿਨ ਕਿਸੇ ਹੋਰ ਦੇ ਖੇਤਾਂ ਵਿੱਚ। ਅਸੀਂ ਕੀ ਕਰੀਏ?”

ਪ੍ਰਮੁੱਖ ਜਾਤੀ ਤਿਰਲੇ- ਕੁੰਬੀ ਜਾਤੀ (OBC) ਨਾਲ ਸਬੰਧਤ ਕਾਵਲੇ ਨੇ ਦਰਵਾਹੇ ਵਿਖੇ ਇੱਕ ਕਾਲਜ ਵਿੱਚ ਪੜ੍ਹਾਈ ਕੀਤੀ, ਨੌਕਰੀ ਦੀ ਤਲਾਸ਼ ਵਿੱਚ ਪੁਣੇ ਗਏ, 8,000 ਰੁਪਏ ਮਹੀਨਾਵਾਰ ਤਰਖਾਹ ‘ਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕੀਤਾ ਪਰ ਤਨਖਾਹ ਘੱਟ ਹੋਣ ਕਾਰਨ ਵਾਪਸ ਆ ਗਏ। ਫਿਰ ਉਹਨਾਂ ਨੇ ਹੋਰ ਹੁਨਰ ਲਈ ਵੈਟਰਨਰੀ ਸੇਵਾਵਾਂ ਵਿੱਚ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਨਾਲ ਉਹਨਾਂ ਨੂੰ ਕੋਈ ਲਾਭ ਨਹੀਂ ਮਿਲਿਆ। ਫਿਰ ਉਹਨਾਂ ਨੇ ਤਕਨੀਕੀ ਹੁਨਰ ਵਜੋਂ ਫਿੱਟਰ ਦਾ ਡਿਪਲੋਮਾ ਪ੍ਰਾਪਤ ਕੀਤਾ। ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ।

ਇਸ ਵਿਚਕਾਰ ਉਹਨਾਂ ਨੇ ਬੈਂਕ ਦੀ ਨੌਕਰੀ, ਰੇਲਵੇ ਦੀ ਨੌਕਰੀ, ਪੁਲਿਸ ਨੌਕਰੀ ਅਤੇ ਸਰਕਾਰੀ ਕਲਰਕ ਦੀਆਂ ਅਸਾਮੀਆਂ ਲਈ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਅਤੇ ਪੇਪਰ ਵੀ ਦਿੱਤੇ।

ਪਰ ਅਖੀਰ ਉਹਨਾਂ ਨੇ ਛੱਡ ਦਿੱਤਾ। ਦੂਜੇ ਮਿੱਤਰ ਵੀ ਹਾਂ ਵਿੱਚ ਸਿਰ ਹਿਲਾਉਂਦੇ ਹਨ। ਉਹਨਾਂ ਦੀ ਵੀ ਇਹੀ ਕਹਾਣੀ ਹੈ।

PHOTO • Jaideep Hardikar
PHOTO • Jaideep Hardikar

ਖੱਬੇ: ਸੇਲੋੜੀ ਦਾ ਮੁੱਖ ਪਿੰਡ ਚੌਕ. ਸੱਜੇ: ਯਵਤਮਾਲ ਦੇ ਤਿਰਝਾੜਾ ਵਿੱਚ, 30 ਸਾਲ ਦੀ ਉਮਰ ਦੇ ਨੌਜਵਾਨ ਪਿੰਡ ਦੇ ਸਰਪੰਚ ਦੁਆਰਾ ਸਥਾਪਤ ਇੱਕ ਅਧਿਐਨ ਕੇਂਦਰ ਵਿੱਚ ਸਰਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਪੜ੍ਹਦੇ ਹਨ। ਇਹ ਸਾਰੇ ਗ੍ਰੈਜੂਏਟ ਜਾਂ ਪੋਸਟ-ਗ੍ਰੈਜੂਏਟ ਹਨ ਜਿਨ੍ਹਾਂ ਨੂੰ ਢੁਕਵੀਆਂ ਲਾੜੀਆਂ ਨਹੀਂ ਮਿਲੀਆਂ ਹਨ

ਉਹ ਜੋਰ ਦੇ ਕੇ ਕਹਿੰਦੇ ਹਨ ਕਿ ਉਹ ਇਸ ਵਾਰ ਬਦਲਾਅ ਲਈ ਵੋਟ ਦੇ ਰਹੇ ਹਨ। ਯਵਤਮਾਲ-ਵਾਸ਼ਿਮ ਹਲਕੇ ਤੋਂ 26 ਅਪ੍ਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਦੂਜੇ ਪੜਾਅ ਲਈ ਵੋਟ ਪਾਉਣ ਲਈ ਸਿਰਫ ਤਿੰਨ ਦਿਨ ਬਚੇ ਹਨ। ਮੁਕਾਬਲਾ ਸ਼ਿਵ ਸੈਨਾ ਦੇ ਦੋ ਧੜਿਆਂ ਵਿਚਕਾਰ ਹੈ- ਸੈਨਾ ਦੇ ਉਧਵ ਠਾਕਰੇ ਨੇ ਸੰਜੈ ਦੇਸ਼ਮੁਖ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਏਕਨਾਥ ਸ਼ਿੰਦੇ ਦੀ ਸੈਨਾ ਵਲੋਂ ਰਾਜਸ਼੍ਰੀ ਪਾਟਿਲ ਹਨ।

ਨੌਜਵਾਨ ਦੇਸ਼ਮੁਖ ਦੀ ਹਮਾਇਤ ਕਰ ਰਹੇ ਹਨ ਕਿਉਂਕਿ ਸੈਨਾ- UBT ਕਾਂਗਰਸ ਅਤੇ NCP ਨਾਲ ਗਠਜੋੜ ਕਰ ਰਹੀ ਹੈ। ਵਿਦਰਭ ਕਾਂਗਰਸ ਦਾ ਰਵਾਇਤੀ ਗੜ੍ਹ ਰਿਹਾ ਹੈ।

ਤੀ ਨੁਸਤਾਸ਼ ਬਾਤਾ ਮਾਰਤੇ , ਕਾ ਕੇਲਾ ਜੀ ਤਿਆਨੇ [ਉਹ ਬਸ ਗੱਲਾਂ ਕਰਦਾ ਹੈ, ਪਰ ਉਸਨੇ ਕੀਤਾ ਕੀ ਹੈ?]” ਕਾਂਕੀਰਾਡ ਵਿਅੰਗ ਕਰਦੇ ਹਨ; ਉਹਨਾਂ ਦੀ ਟੋਨ ਤਿੱਖੀ ਹੈ। ਉਹ ਠੇਠ ਵਰਹਾੜੀ ਬੋਲੀ ਬੋਲਦੇ ਹਨ ਜੋ ਇਸ ਇਲਾਕੇ ਦੇ ਤਿੱਖੇ ਵਿਅੰਗ ਨੂੰ ਦਰਸਾਉਂਦੀ ਹੈ।

ਕੋਣ? ਅਸੀਂ ਪੁੱਛਦੇ ਹਾਂ। ਕੋਣ ਹੈ ਜੋ ਬਸ ਗੱਲਾਂ ਕਰਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ?

ਆਦਮੀ ਫਿਰ ਮੁਸਕੁਰਾਉਂਦੇ ਹਨ। “ਤੁਹਾਨੂੰ ਪਤਾ ਹੈ,” ਕਾਵਲੇ ਕਹਿੰਦੇ ਹਨ ਅਤੇ ਚੁੱਪ ਹੋ ਜਾਂਦੇ ਹਨ।

ਉਹਨਾਂ ਦਾ ਤਿੱਖਾ ਵਿਅੰਗ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲ ਇਸ਼ਾਰਾ ਕਰਦਾ ਹੈ ਜਿਸ ਬਾਰੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। 2014 ਵਿੱਚ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਮੋਦੀ ਨੇ ਦਰਵਾਹਾ ਦੇ ਨੇੜਲੇ ਪਿੰਡ ਵਿੱਚ ‘ਚਾਏ-ਪੇ-ਚਰਚਾ’ ਦਾ ਆਯੋਜਨ ਕੀਤਾ ਸੀ ਜਿੱਥੇ ਉਨ੍ਹਾਂ ਨੇ ਗੈਰ-ਰਸਮੀ ਤੌਰ ‘ਤੇ ਕਿਸਾਨਾਂ ਲਈ ਕਰਜਾ-ਮੁਆਫੀ, ਕਪਾਹ ਅਤੇ ਸੋਇਆਬੀਨ ਲਈ ਉੱਚ ਮੁੱਲ ਅਤੇ ਇਲਾਕੇ ਵਿੱਚ ਲਘੂ-ਉਦਯੋਗ ਲਗਾਉਣ ਦਾ ਵਾਅਦਾ ਕੀਤਾ ਸੀ।

2014 ਅਤੇ 2019 ਵਿੱਚ ਇਹਨਾਂ ਲੋਕਾਂ ਨੇ BJP ਨੂੰ ਇਹ ਸੋਚ ਕੇ ਭਾਰੀ ਵੋਟਾਂ ਪਾਈਆਂ ਸਨ ਕਿ ਮੋਦੀ ਆਪਣੇ ਵਾਅਦੇ ਨਿਭਾਉਣਗੇ। ਉਹਨਾਂ ਨੇ 2014 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ UPA ਸਰਕਾਰ ਨੂੰ ਜੜ੍ਹੋਂ ਪੁੱਟਦੇ ਹੋਏ ਬਦਲਾਅ ਲਈ ਵੋਟਾਂ ਪਾਈਆਂ ਸਨ। ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਮੋਦੀ ਦੁਆਰਾ ਕੀਤਾ ਗਏ ਵਾਅਦੇ ਇੱਕ ਗੁਬਾਰੇ ਵਾਂਗ ਸਨ ਜਿਸ ਦੀ  ਹਵਾ ਨਿਕਲ ਗਈ ਹੈ।

ਉਹਨਾਂ ਵਿੱਚੋਂ ਜ਼ਿਆਦਾਤਰ ਨੇ ਪਹਿਲੀ ਵਾਰ ਮਤਦਾਨ ਕੀਤਾ ਸੀ। ਉਹਨਾਂ ਨੂੰ ਊਮੀਦ ਸੀ ਕਿ ਉਹਨਾਂ ਨੂੰ ਨੌਕਰੀ ਮਿਲੇਗੀ, ਆਰਥਿਕਤਾ ਠੀਕ ਹੋਵੇਗੀ, ਖੇਤੀਬਾੜੀ ਲਾਹੇਵੰਦ ਹੋ ਜਾਵੇਗੀ। ਕਿਉਂਕਿ ਮੋਦੀ ਆਪਣੇ ਬਿਆਨਾਂ ਵਿੱਚ ਇੰਨੇ ਦ੍ਰਿੜ ਅਤੇ ਜੋਰਦਾਰ ਸੀ ਕਿ ਕਿਸਾਨਾਂ ਨੇ ਵਧ-ਚੜ੍ਹ ਕੇ ਉਹਨਾਂ ਨੂੰ ਵੋਟਾਂ ਪਾਈਆਂ।

ਦਸ ਸਾਲ ਹੋ ਗਏ ਹਨ ਅਤੇ ਕਪਾਹ ਅਤੇ ਸੋਇਆਬੀਨ ਦਾ ਮੁੱਲ ਅਜੇ ਵੀ ਉੱਥੇ ਹੀ ਖੜ੍ਹਾ ਹੈ। ਉਤਪਾਦਨ ਖਰਚ ਦੁੱਗਣਾ-ਤਿਗੁਣਾ  ਹੋ ਗਿਆ ਹੈ। ਮਹਿੰਗਾਈ ਨਾਲ ਘਰੇਲੂ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਰੁਜ਼ਗਾਰ ਦੇ ਮੌਕਿਆਂ ਦੀ ਘਾਟ ਨੌਜਵਾਨਾਂ ਵਿੱਚ ਗੁੱਸਾ ਅਤੇ ਬੇਚੈਨੀ ਪੈਦਾ ਕਰ ਰਹੀ ਹੈ।

ਇਹ ਸਾਰੇ ਤੱਤ ਇਕੱਠੇ ਹੋ ਕੇ ਉਹਨਾਂ ਨੂੰ ਫਿਰ ਤੋਂ ਖੇਤੀ ਵੱਲ ਧੱਕ ਰਹੇ ਹਨ ਜਿੱਥੋਂ ਉਹ ਅਜ਼ਾਦ ਹੋਣਾ ਚਾਹੁੰਦੇ ਸੀ। ਆਪਣੀਆਂ ਚਿੰਤਾਵਾਂ ਨੂੰ ਦੱਬਦੇ ਹੋਏ ਤੀਖਣ ਹਾਸਿਆਂ ਨਾਲ ਸੇਲੋੜੀ ਅਤੇ ਪੇਂਡੂ ਮਹਾਰਾਸ਼ਟਰ ਦੇ ਨੌਜਵਾਨ ਸਾਨੂੰ ਇੱਕ ਨਵੇਂ ਨਾਅਰੇ ਨਾਲ ਜਾਣੂ ਕਰਵਾਉਂਦੇ ਹਨ: '' ਨੌਕਰੀ ਨਾਹੀਂ ਤਾਰ ਛੋਕਰੀ ਨਾਹੀਂ ! ''

ਤਰਜਮਾ: ਇੰਦਰਜੀਤ ਸਿੰਘ

Jaideep Hardikar

जयदीप हार्दिकर, नागपुर स्थित पत्रकार-लेखक हैं और पारी की कोर टीम के सदस्य भी हैं.

की अन्य स्टोरी जयदीप हरडिकर
Editor : Priti David

प्रीति डेविड, पारी की कार्यकारी संपादक हैं. वह मुख्यतः जंगलों, आदिवासियों और आजीविकाओं पर लिखती हैं. वह पारी के एजुकेशन सेक्शन का नेतृत्व भी करती हैं. वह स्कूलों और कॉलेजों के साथ जुड़कर, ग्रामीण इलाक़ों के मुद्दों को कक्षाओं और पाठ्यक्रम में जगह दिलाने की दिशा में काम करती हैं.

की अन्य स्टोरी Priti David
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

की अन्य स्टोरी Inderjeet Singh