“ਮਿਰਚੀ ਮੇਂ ਆਗ ਲਗ ਗਈ”

2 ਦਸੰਬਰ 1984 ਦੀ ਰਾਤ ਸੀ ਜਦੋਂ ਭੋਪਾਲ ਦੀ ਰਹਿਣ ਵਾਲੀ ਨੁਸਰਤ ਜਹਾਂ ਦੀ ਔਖੇ ਸਾਹ ਹੋਣ ਕਾਰਨ ਅੱਖ ਖੁੱਲ੍ਹੀ, ਉਹਨਾਂ ਦੀਆਂ ਅੱਖਾਂ ਵਿੱਚ ਜਲਣ ਕਾਰਨ ਪਾਣੀ ਆ ਰਿਹਾ ਸੀ। ਥੋੜ੍ਹੀ ਦੇਰ ਬਾਅਦ ਉਹਨਾਂ ਦਾ ਛੇ-ਸਾਲਾ ਬੇਟਾ ਰੋਣ ਲੱਗ ਪਿਆ। ਰੌਲ਼ੇ ਕਾਰਨ ਉਹਨਾਂ ਦੇ ਪਤੀ ਮੁਹੰਮਦ ਸ਼ਫੀਕ ਉੱਠ ਗਏ।

“ਕਿਆਮਤ ਕਾ ਮੰਜ਼ਰ ਥਾ,” 70 ਸਾਲਾ ਸ਼ਫੀਕ ਕਹਿੰਦੇ ਹਨ, ਜੋ ਨਵਾਬ ਕਲੋਨੀ ਵਿਚਲੇ ਆਪਣੇ ਘਰ ਵਿੱਚ ਬੈਠੇ ਉਸ ਦੁਰਘਟਨਾ ਨੂੰ ਯਾਦ ਕਰਦੇ ਹਨ ਜਿਸਨੂੰ ਭੋਪਾਲ ਗੈਸ ਦੁਖਾਂਤ ਦਾ ਨਾ ਦਿੱਤਾ ਜਾਂਦਾ ਹੈ ਜੋ ਇਸੇ ਦਿਨ 40 ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਰਾਜਧਾਨੀ ਸ਼ਹਿਰ ਵਿੱਚ ਵਾਪਰੀ ਸੀ।

ਇੱਕ ਪੇਪਰ ਮਿੱਲ ਦੇ ਦਿਹਾੜੀਦਾਰ ਮਜ਼ਦੂਰ, ਸ਼ਫੀਕ ਅਗਲੇ ਕਈ ਸਾਲ ਜ਼ਹਿਰੀਲੀਆਂ ਗੈਸਾਂ ਦੇ ਰਿਸਾਵ ਤੋਂ ਪ੍ਰਭਾਵਿਤ ਆਪਣੇ ਪਰਿਵਾਰ ਦੇ ਇਲਾਜ ਲਈ ਜੂਝਦੇ ਰਹੇ, ਜਿਨ੍ਹਾਂ ਦੀ ਹਾਲਤ 18 ਸਾਲ ਤੱਕ ਇੱਕ ਦੂਸ਼ਿਤ ਖੂਹ ਦਾ ਪਾਣੀ ਪੀਣ ਨਾਲ ਹੋਰ ਜ਼ਿਆਦਾ ਵਿਗੜਦੀ ਗਈ ਜੋ ਕਿ ਪਾਣੀ ਦਾ ਇੱਕੋ-ਇੱਕ ਸੋਮਾ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਪਾਣੀ ਨਾਲ ਉਹਨਾਂ ਦੀਆਂ ਅੱਖਾਂ ਵਿੱਚ ਖਾਰਸ਼ ਹੋਣ ਲੱਗ ਜਾਂਦੀ ਸੀ ਪਰ ਹੋਰ ਕੋਈ ਸੋਮਾ ਵੀ ਨਹੀਂ ਸੀ। ਸਾਲ 2012 ਵਿੱਚ ਜਦੋਂ ਸੰਭਾਵਨਾ ਟਰਸੱਟ ਨੇ ਪਾਣੀ ਦੀ ਜਾਂਚ ਕੀਤੀ ਤਾਂ ਜਹਿਰੀਲੇ ਪਦਾਰਥਾਂ ਦਾ ਪਤਾ ਲੱਗਿਆ। ਇਸ ਤੋਂ ਬਾਅਦ ਰਾਜ ਸਰਕਾਰ ਵੱਲੋਂ ਇਲਾਕੇ ਦੇ ਬੋਰਵੈੱਲ ਬੰਦ ਕਰ ਦਿੱਤੇ ਗਏ।

1984 ਦੀ ਉਸ ਰਾਤ ਸ਼ਫੀਕ ਦੇ ਘਰ ਵਿੱਚ ਉਥਲ-ਪੁਥਲ ਕਰਨ ਵਾਲੀ ਗੈਸ ਯੂਨੀਅਨ ਕਾਰਬਾਈਡ ਇੰਡੀਆ ਲਿਮਿਟਡ (UCIL) ਦੀ ਇੱਕ ਫੈਕਟਰੀ ਤੋਂ ਆਈ ਸੀ, ਜੋ ਉਸ ਸਮੇ ਬਹੁਰਾਸ਼ਟਰੀ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ (UCC) ਦੀ ਮਲਕੀਅਤ ਸੀ। ਇਹ ਰਿਸਾਵ 2 ਦਸੰਬਰ ਦੀ ਰਾਤ ਨੂੰ ਵਾਪਰਿਆ ਸੀ – ਯੂਸੀਆਈਐੱਲ ਫੈਕਟਰੀ ਤੋਂ ਬਹੁਤ ਜ਼ਿਆਦਾ ਜ਼ਹਿਰੀਲੀ ਮਿਥਾਈਲ ਆਈਸੋਸਾਈਨੇਟ ਲੀਕ ਹੋਈ ਸੀ ਜਿਸਨੂੰ ਦੁਨੀਆ ਦਾ ਸਭ ਤੋਂ ਵੱਡਾ ਉਦਯੋਗਿਕ ਹਾਦਸਾ ਮੰਨਿਆ ਜਾਂਦਾ ਹੈ।

PHOTO • Juned Kamal

ਮੁਹੰਮਦ ਸ਼ਫੀਕ (ਚਿੱਟੇ ਕੁੜਤੇ ਪਜਾਮੇ ਵਿੱਚ) ਨਵਾਬ ਕਲੋਨੀ ਵਿਚਲੇ ਆਪਣੇ ਘਰ ਵਿੱਚ ਸੰਭਾਵਨਾ ਟਰਸੱਟ ਕਲੀਨਿਕ ਅਤੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਭੋਪਾਲ ਦੇ ਵਿਦਿਆਰਥੀਆਂ ਨਾਲ। ਸ਼ਫੀਕ ਦਾ ਪਰਿਵਾਰ ਯੂਨੀਅਨ ਕਾਰਬਾਈਡ ਇੰਡੀਆ ਲਿਮਿਟਡ ਫੈਕਟਰੀ ਕੋਲ ਰਹਿੰਦਾ ਸੀ ਅਤੇ ਦਸੰਬਰ 1984 ਦੇ ਇਸ ਰਿਸਾਵ ਤੋਂ ਉਹਨਾਂ ਦੇ ਬੇਟਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ

“ਸਰਕਾਰੀ ਸ੍ਰੋਤਾਂ ਅਨੁਸਾਰ ਇਸ ਹਾਦਸੇ ਵਿੱਚ ਤਤਕਾਲ ਹੋਈਆਂ ਮੌਤਾਂ ਦੀ ਗਿਣਤੀ 2,500 ਦੱਸੀ ਗਈ, ਪਰ ਦੂਜੇ ਸ੍ਰੋਤਾਂ (ਦਿੱਲੀ ਸਾਇੰਸ ਫੋਰਮ ਦੀ ਰਿਪੋਰਟ) ਅਨੁਸਾਰ ਇਹ ਗਿਣਤੀ ਘੱਟੋ-ਘੱਟ ਦੁਗਣੀ ਸੀ,” ਦਿ ਲੀਫਲੈਟ (The Leaflet) ਦੀ ਇਹ ਰਿਪੋਰਟ ਦੱਸਦੀ ਹੈ।

ਜ਼ਹਿਰੀਲੀ ਗੈਸ ਪੂਰੇ ਭੋਪਾਲ ਵਿੱਚ ਫੈਲ ਗਈ ਸੀ ਅਤੇ ਸ਼ਫੀਕ ਦੇ ਪਰਿਵਾਰ ਵਾਂਗ ਜੋ ਫੈਕਟਰੀ ਦੇ ਨੇੜੇ ਰਹਿੰਦੇ ਸੀ ਇਸ ਹਾਦਸੇ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਸ਼ਹਿਰ ਦੇ 36 ਵਾਰਡਾਂ ਵਿੱਚ ਲਗਭਗ 6 ਲੱਖ ਲੋਕ ਪ੍ਰਭਾਵਿਤ ਹੋਏ।

ਆਪਣੇ ਬੱਚੇ ਦੇ ਇਲਾਜ ਲਈ ਚਿੰਤਤ ਸ਼ਫੀਕ ਨੇ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਹਮੀਦਾ ਹਸਪਤਾਲ ਤੱਕ ਪਹੁੰਚ ਕੀਤੀ।

“ਲਾਸ਼ੇਂ ਪੜੀ ਹੁਈ ਥੀ ਵਹਾਂ ਪੇ [ਉੱਥੇ ਸਭ ਜਗ੍ਹਾ ਲਾਸ਼ਾਂ ਪਈਆਂ ਸਨ],” ਉਹ ਯਾਦ ਕਰਦੇ ਹਨ। ਸੈਂਕੜੇ ਲੋਕ ਇਲਾਜ ਲਈ ਆਏ ਹੋਏ ਸਨ ਅਤੇ ਮੈਡੀਕਲ ਸਟਾਫ ਖਿੱਚੋ-ਤਾਣ ਵਿੱਚ ਸੀ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀਤਾ ਕੀ ਜਾਵੇ।

“ਮਾਥੇ ਪੇ ਨਾਮ ਲਿਖ ਦੇਤੇ ਥੇ [ਉਹ ਮਰੇ ਹੋਏ ਲੋਕਾਂ ਦੇ ਮੱਥੇ ਉੱਤੇ ਹੀ ਉਹਨਾਂ ਦੇ ਨਾਮ ਲਿਖ ਦਿੰਦੇ ਸੀ],” ਲਾਸ਼ਾਂ ਦੇ ਵੱਧਦੇ ਢੇਰ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ।

PHOTO • Smita Khator
PHOTO • Prabhu Mamadapur

ਖੱਬੇ: ਭੋਪਾਲ ਦੀ ਯੂਨੀਅਨ ਕਾਰਬਾਈਡ ਇੰਡੀਆ ਲਿਮਿਟਡ ਫੈਕਟਰੀ. ਸੱਜੇ: ਥੋੜ੍ਹੀ ਦੂਰ ਸਥਿਤ ਸ਼ਕਤੀ ਨਗਰ ਤੋਂ ਫੈਕਟਰੀ ਦਾ ਦ੍ਰਿਸ਼

ਜਦੋਂ ਸ਼ਫੀਕ ਇਮਾਮੀ ਗੇਟ ਨੇੜੇ ਸੜਕ ਪਾਰ ਖਾਣਾ ਖਾਣ ਲਈ ਹਸਪਤਾਲ ਤੋਂ ਨਿਕਲੇ ਤਾਂ ਉਨ੍ਹਾਂ ਨੇ ਇੱਕ ਅਜੀਬ ਨਜ਼ਾਰਾ ਦੇਖਿਆ: ਉਹਨਾਂ ਦੀ ਮੰਗਾਈ ਹੋਈ ਦਾਲ ਆਈ, ਪਰ ਇਹ ਨੀਲੀ ਸੀ। “ਰਾਤ ਕੀ ਦਾਲ ਹੈ ਭਈਆ [ਇਹ ਬੀਤੀ ਰਾਤ ਦੀ ਹੈ, ਭਾਈ]।” ਜ਼ਹਿਰੀਲੀ ਗੈਸ ਨੇ ਇਸਦਾ ਰੰਗ ਬਦਲ ਦਿੱਤਾ ਸੀ ਅਤੇ ਇਸਦਾ ਸਵਾਦ ਖੱਟਾ ਸੀ।

“ਜਿਸ ਤਰ੍ਹਾਂ ਯੂਨੀਅਨ ਕਾਰਬਾਈਡ ਕੰਪਨੀ ਦੇ ਅਧਿਕਾਰੀਆਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਨੇ UCIL ਵਿਖੇ ਅਤਿ-ਖਤਰਨਾਕ ਜ਼ਹਿਰੀਲੇ ਰਸਾਇਣਾ ਦੇ ਵੱਡੇ ਭੰਡਾਰਨ ਕਾਰਨ ਭੋਪਾਲ ਵਿੱਚ ਇੱਕ ਸੰਭਾਵੀ ਤਬਾਹੀ ਬਾਰੇ ਅਗੇਤੀ ਚੇਤਾਵਨੀਆਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ, ਇਹ ਹੈਰਾਨੀਜਨਕ ਸੀ, ਇਸ ਵਿੱਚ ਕੋਈ ਦੋਰਾਏ ਨਹੀਂ,” ਐਨ. ਡੀ. ਜੈਅਪ੍ਰਕਾਸ਼ ਦਿ ਲੀਫਲੈਟ ਵਿੱਚ ਲਿਖਦੇ ਹਨ। ਜੈਅਪ੍ਰਕਾਸ਼ ਦਿੱਲੀ ਸਾਇੰਸ ਫੋਰਮ ਦੇ ਸੰਯੁਕਤ ਸਕੱਤਰ ਹਨ ਅਤੇ ਸ਼ੁਰੂ ਤੋਂ ਹੀ ਇਸ ਕੇਸ ਦੀ ਪੈਰਵੀ ਕਰ ਰਹੇ ਹਨ।

ਭੋਪਾਲ ਗੈਸ ਦੁਰਘਟਨਾ ਤੋਂ ਬਾਅਦ ਦਹਾਕਿਆਂ ਤੋਂ ਕਾਨੂੰਨੀ ਲੜਾਈਆਂ ਚੱਲ ਰਹੀਆਂ ਹਨ ਜਿਸ ਵਿੱਚ ਮੁੱਖ ਤੌਰ ’ਤੇ ਇਸ ਤਬਾਹੀ ਤੋਂ ਪੀੜਿਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਅਤੇ ਇਸ ਤੋ ਪ੍ਰਭਾਵਿਤ ਲੋਕਾਂ ਦੇ ਮੈਡੀਕਲ ਰਿਕਾਰਡਾਂ ਨੂੰ ਡਿਜੀਟਲ ਕਰਨ ਦੀ ਮੰਗ ਅੱਗੇ ਰਹੀ ਹੈ। ਦੋ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਹਨ: 1992 ਵਿੱਚ ਡਾਓ ਕੈਮੀਕਲ ਕੰਪਨੀ (Dow Chemical Company) ਵਿਰੁੱਧ ਜੋ ਹੁਣ ਪੂਰੀ ਤਰ੍ਹਾਂ UCC ਦੀ ਮਾਲਕ ਹੈ ਅਤੇ 2010 ਵਿੱਚ UCIL ਅਤੇ ਇਸਦੇ ਅਧਿਕਾਰੀਆਂ ਖਿਲਾਫ਼। ਜੈਅਪ੍ਰਕਾਸ਼ ਦਾ ਕਹਿਣਾ ਹੈ ਕਿ ਦੋਵੇਂ ਮਾਮਲੇ ਭੋਪਾਲ ਜ਼ਿਲ੍ਹਾ ਅਦਾਲਤ ਵਿੱਚ ਵਿਚਾਰ ਅਧੀਨ ਹਨ।

PHOTO • Smita Khator
PHOTO • Smita Khator

ਖੱਬੇ ਅਤੇ ਸੱਜੇ: ਫੈਕਟਰੀ ਪਰਿਖੇਤਰ ਬਾਹਰ ਲੱਗੀ ਮਾਂ ਅਤੇ ਬੱਚੇ ਦੀ ਮੂਰਤੀ, ਜੋ 1985 ਵਿੱਚ ਇੱਕ ਡੱਚ ਮੂਰਤੀਕਾਰ ਅਤੇ ਹੋਲੋਕੋਸਟ ਸਰਵਾਈਵਰ ਰੁੱਥ ਵਾਟਰਮੈਨ ਦੁਆਰਾ ਬਣਾਈ ਗਈ ਸੀ। ਇਹ ਯੂਨੀਅਨ ਕਾਰਬਾਈਡ ਫੈਕਟਰੀ ਦੇ ਬਿਲਕੁਲ ਬਾਹਰ ਪਹਿਲੀ ਜਨਤਕ ਯਾਦਗਾਰ ਹੈ। ਇਸ ਮੂਰਤੀ ’ਤੇ ਇਹ ਸ਼ਬਦ ਉਕਰੇ ਹਨ: No More Bhopal, No More Hiroshima' [ਕੋਈ ਹੋਰ ਭੋਪਾਲ ਨਹੀਂ, ਕੋਈ ਹੋਰ ਹੀਰੋਸ਼ੀਮਾ ਨਹੀਂ]

PHOTO • Smita Khator
PHOTO • Smita Khator

ਖੱਬੇ: ਫੈਕਟਰੀ ਦੇ ਨੇੜੇ ਦੀਵਾਰ ਚਿਤਰਕਾਰੀ (ਗ੍ਰੈਫਟੀ)   ਸੱਜੇ: ਇਹ ਮੂਰਤੀ ਫੈਕਟਰੀ ਦੀ ਚਾਰਦੀਵਾਰੀ ਦੇ ਸਾਹਮਣੇ ਲੱਗੀ ਹੋਈ ਹੈ

ਸ਼ਫੀਕ ਨੇ ਭੋਪਾਲ ਗੈਸ ਦੁਖਾਂਤ ਦੇ ਪੀੜਿਤਾਂ ਦੁਆਰਾ 2010 ਵਿੱਚ ਕੱਢੀ ਗਈ ਪੈਦਲ ਯਾਤਰਾ ‘ਦਿੱਲੀ ਚਲੋ ਅੰਦੋਲਨ’ ਵਿੱਚ ਵੀ ਹਿੱਸਾ ਲਿਆ ਸੀ। “ਇਲਾਜ, ਮੁਆਵਜਾ ਔਰ ਸਾਫ ਪਾਣੀ ਕੇ ਲੀਏ ਥਾ,” ਉਹ ਕਹਿੰਦੇ ਹਨ। ਉਹ ਰਾਜਧਾਨੀ ਵਿੱਚ 38 ਦਿਨਾਂ ਤੱਕ ਬੈਠੇ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿੱਚ ਵੀ ਵੜਨ ਦੀ ਕੋਸ਼ਿਸ਼ ਕੀਤੀ ਜਿੱਥੇ ਉਹਨਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਸੀ।

“ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੁਆਰਾ ਦੋ ਕੇਸ ਮੁੱਖ ਤੌਰ ’ਤੇ ਲੜੇ ਜਾ ਰਹੇ ਹਨ। ਪਹਿਲਾ ਕੇਸ ਸੁਪਰੀਮ ਕੋਰਟ ਵਿੱਚ ਅਤੇ ਦੂਜਾ ਜਬਲਪੁਰ ਦੇ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ,” ਭੋਪਾਲ ਗੈਸ ਪੀੜਿਤ ਸੰਘਰਸ਼ ਸਹਿਯੋਗ ਸਮਿਤੀ ਦੇ ਸਹਿ-ਸੰਯੋਜਕ ਐਨ.ਡੀ. ਜੈਯਪ੍ਰਕਾਸ਼ ਦੱਸਦੇ ਹਨ।

*****

“ਪੇੜ ਕਾਲੇ ਹੋ ਗਏ ਥੇ, ਪੱਤੇ ਜੋ ਹਰੇ ਥੇ, ਨੀਲੇ ਹੋ ਗਏ, ਧੂੰਆਂ ਥਾ ਹਰ ਤਰਫ਼,” ਤਾਹਿਰਾ ਬੇਗਮ ਕਹਿੰਦੇ ਹਨ ਜੋ ਯਾਦ ਕਰਦੇ ਹਨ ਕਿ ਕਿਵੇਂ ਸਾਰਾ ਸ਼ਹਿਰ ਇੱਕ ਕਬਰਿਸਤਾਨ ਵਿੱਚ ਬਦਲ ਗਿਆ ਸੀ।

“ਉਹ [ਮੇਰੇ ਪਿਤਾ] ਸਾਡੇ ਘਰ ਦੇ ਵਰਾਂਡੇ ਵਿੱਚ ਸੌ ਰਹੇ ਸੀ,” ਉਸ ਰਾਤ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ। “ਜਦੋਂ ਖਰਾਬ ਹਵਾ ਵਗਣ ਲੱਗੀ ਉਹ ਖੰਗਦੇ ਹੋਏ ਉੱਠੇ ਅਤੇ ਉਹਨਾਂ ਨੂੰ ਹਮੀਦੀਆ ਹਸਪਤਾਲ ਲਿਜਾਣਾ ਪਿਆ।” ਭਾਵੇਂ ਤਿੰਨ ਦਿਨਾਂ ਬਾਅਦ ਉਹਨਾਂ ਨੂੰ ਛੁੱਟੀ ਮਿਲ ਗਈ ਪਰ, “ਸਾਹ ਦੀ ਸਮੱਸਿਆ ਕਦੇ ਵੀ ਦੂਰ ਨਹੀਂ ਹੋਈ ਅਤੇ ਤਿੰਨ ਮਹੀਨਿਆਂ ਬਾਅਦ ਉਹਨਾਂ ਦਾ ਇੰਤਕਾਲ ਹੋ ਗਿਆ,” ਤਾਹਿਰਾ ਅੱਗੇ ਦੱਸਦੇ ਹਨ। ਉਹਨਾਂ ਦੇ ਪਰਿਵਾਰ ਨੂੰ ਮੁਆਵਜੇ ਦੇ ਰੂਪ ਵਿੱਚ 50,000 ਰੁਪਏ ਮਿਲੇ, ਪਰ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ।

PHOTO • Nayan Shendre
PHOTO • Prabhu Mamadapur

ਖੱਬੇ: ਤਾਹਿਰਾ ਬੇਗਮ (ਸਿਰ ਕੱਜਿਆ ਹੋਇਆ) ਨੇ ਭੋਪਾਲ ਗੈਸ ਦੁਖਾਂਤ ਵਿੱਚ ਆਪਣੇ ਪਿਤਾ ਨੂੰ ਖੋ ਦਿੱਤਾ ਸੀ। ਉਹ 1985 ਤੋਂ ਸ਼ਕਤੀ ਮਾਰਗ ਦੀ ਇੱਕ ਆਂਗਣਵਾੜੀ ਵਿੱਚ ਕੰਮ ਕਰ ਰਹੇ ਹਨ।   ਸੱਜੇ: ਭੋਪਾਲ ਦੀ ਏਪੀਯੂ ਦੇ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ਕਲੋਨੀ ਦਾ ਨਕਸ਼ਾ, ਜਿਸ ਵਿੱਚ ਗੁਆਂਢੀ ਨਿਵਾਸੀਆਂ ’ਤੇ ਪਏ ਪ੍ਰਭਾਵ ਨੂੰ ਉਭਾਰਿਆ ਗਿਆ ਹੈ

ਇਸ ਦੁਖਾਂਤ ਤੋਂ ਬਾਅਦ ਸ਼ਹਿਰ ਦੇ ਨਿਵਾਸੀਆਂ ਨੇ ਮੁਰਦਿਆਂ ਨੂੰ ਦਫਨਾਉਣ ਲਈ ਵੱਡੀਆਂ-ਵੱਡੀਆਂ ਕਬਰਾਂ ਪੁੱਟੀਆਂ। ਅਜਿਹੀ ਹੀ ਇੱਕ ਕਬਰ ਵਿੱਚ ਉਹਨਾਂ ਦੀ ਭੂਆ ਜਿਓਂਦੀ ਮਿਲੀ। “ਸਾਡੇ ਇੱਕ ਰਿਸ਼ਤੇਦਾਰ ਨੇ ਉਹਨਾਂ ਨੂੰ ਪਛਾਣ ਲਿਆ ਅਤੇ ਬਾਹਰ ਕੱਢ ਲਿਆ,” ਉਹ ਯਾਦ ਕਰਦੇ ਦੱਸਦੇ ਹਨ।

ਤਾਹਿਰਾ ਲਗਭਗ 40 ਸਾਲਾਂ ਤੋਂ ਸ਼ਕਤੀ ਨਗਰ ਵਿੱਚ ਇੱਕ ਆਂਗਣਵਾੜੀ ਵਿੱਚ ਕੰਮ ਕਰ ਰਹੇ ਹਨ, ਜੋ UCIL ਤੋਂ ਥੋੜ੍ਹੀ ਹੀ ਦੂਰ ਹੈ। ਉਹਨਾਂ ਨੇ ਇੱਥੇ ਉਸ ਦੁਖਾਂਤ ਦੇ ਇੱਕ ਸਾਲ ਬਾਅਦ ਕੰਮ ਸ਼ੁਰੂ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਪਿਤਾ ਨੂੰ ਖੋਇਆ ਸੀ।

ਆਪਣੇ ਪਿਤਾ ਦੇ ਜਨਾਜ਼ੇ ਤੋਂ ਬਾਅਦ ਪਰਿਵਾਰ ਝਾਂਸੀ ਚਲਾ ਗਿਆ ਸੀ। 25 ਦਿਨਾਂ ਬਾਅਦ ਜਦੋਂ ਉਹ ਵਾਪਸ ਆਏ, ਤਾਹਿਰਾ ਦੱਸਦੇ ਹਨ, “ਸਿਰਫ ਮੁਰਗੀਆਂ ਬਚੀ ਥੀ, ਬਾਕੀ ਜਾਨਵਰ ਸਭ ਮਰ ਗਏ ਥੇ [ਸਿਰਫ ਮੁਰਗੀਆਂ ਹੀ ਬਚੀਆਂ ਸਨ, ਬਾਕੀ ਸਾਰੇ ਜਾਨਵਰ ਮਰ ਗਏ ਸੀ]।”

ਕਵਰ ਫੋਟੋ: ਸਮਿਤਾ ਖਟੋਰ

PARI ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਭੋਪਾਲ ਦੇ ਪ੍ਰੋ. ਸੀਮਾ ਸ਼ਰਮਾ ਅਤੇ ਪ੍ਰੋ. ਮੋਹਿਤ ਗਾਂਧੀ ਦਾ ਇਸ ਸਟੋਰੀ ਲਈ ਕੀਤੀ ਮਦਦ ਲਈ ਧੰਨਵਾਦ ਕਰਦੀ ਹੈ।

ਤਰਜਮਾ: ਇੰਦਰਜੀਤ ਸਿੰਘ

Student Reporter : Prabhu Mamadapur

प्रभु ममदापुर, भोपाल के अज़ीम प्रेमजी विश्वविद्यालय से पब्लिक हेल्थ में मास्टर्स की पढ़ाई कर रहे हैं. वह आयुर्वेदिक डॉक्टर हैं, जिनकी दिलचस्पी टेक्नोलॉजी और पब्लिक हेल्थ से जुड़े विषयों में हैं. लिंक्डइन: https://www.linkedin.com/in/dr-prabhu-mamadapur-b159a7143/

की अन्य स्टोरी Prabhu Mamadapur
Editor : Sarbajaya Bhattacharya

सर्वजया भट्टाचार्य, पारी के लिए बतौर सीनियर असिस्टेंट एडिटर काम करती हैं. वह एक अनुभवी बांग्ला अनुवादक हैं. कोलकाता की रहने वाली सर्वजया शहर के इतिहास और यात्रा साहित्य में दिलचस्पी रखती हैं.

की अन्य स्टोरी Sarbajaya Bhattacharya
Editor : Priti David

प्रीति डेविड, पारी की कार्यकारी संपादक हैं. वह मुख्यतः जंगलों, आदिवासियों और आजीविकाओं पर लिखती हैं. वह पारी के एजुकेशन सेक्शन का नेतृत्व भी करती हैं. वह स्कूलों और कॉलेजों के साथ जुड़कर, ग्रामीण इलाक़ों के मुद्दों को कक्षाओं और पाठ्यक्रम में जगह दिलाने की दिशा में काम करती हैं.

की अन्य स्टोरी Priti David
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

की अन्य स्टोरी Inderjeet Singh