ਹੇ ਮਾਂ, ਮੈਨੂੰ ਇਹ ਜ਼ਿੰਦਗੀ
ਤੁਹਾਡੇ ਤੋਂ ਮਿਲੀ
ਪਹਿਲਾ ਸ਼ਬਦ ਵੀ
ਮੈਂ ਤੁਹਾਡੀ ਜ਼ੁਬਾਨੋਂ ਬੋਲਿਆ
ਤੁਹਾਡਾ ਹੀ ਪਿਆਰ ਹੈ
ਜਿਸ ਸਹਾਰੇ ਮੈਂ ਪਹਿਲੀ ਵਾਰ ਤੁਰੀ
ਹੇ ਮਾਂ, ਤੁਹਾਡਾ ਹੱਥ ਫੜ੍ਹ ਕੇ
ਤੁਰਨਾ ਸਿੱਖਿਆ
ਤੁਹਾਡਾ ਹੀ ਹੱਥ ਫੜ੍ਹ ਕੇ ਮਾਂ
ਮੈਂ ਲਿਖਣਾ ਸਿੱਖਿਆ
ਇਹ ਕਵਿਤਾ ਕਲਕੱਤਾ ਦੇ ਗਡੀਆਹਾਟ (ਗੋਡੀਆਹਾਟ) ਬਜ਼ਾਰ ਵਿਖੇ ਮੋਹਨ ਦਾਸ, ਇੱਕ ਕਿਤਾਬ ਵਿਕਰੇਤਾ, ਦੀ ਸਟਾਲ (ਖੋਖੇ) ਵਿੱਚ ਲੱਗੀ ਹੋਈ ਹੈ। ਇਤਫ਼ਾਕ ਨਾਲ਼ ਉਹ ਕਵੀ ਵੀ ਹਨ ਜਿਨ੍ਹਾਂ ਨੇ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹੋਈਆਂ ਹਨ।
“ ਨਿਜਰ ਕਾਜਕੇ ਭਾਲੋਭਾਸ਼ੀ ਖੂਬੀ ਜੋਰੂਰੀ ਅਰ ਜੋਨ ਅਮਾਰ ਪ੍ਰਥਮ ਭਾਲੋਭਾਸ਼ੀ ਹੋਚੇ ਅਮਾਰ ਬੋਏ ” [ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਕਿਰਤ ਨੂੰ ਪਿਆਰ ਕਰੋ ਅਤੇ ਮੇਰੀਆਂ ਕਿਤਾਬਾਂ ਮੇਰਾ ਪਹਿਲਾ ਪਿਆਰ ਹਨ],” 52 ਸਾਲਾ ਮਨੀ ਮੋਹਨ ਦਾਸ ਕਹਿੰਦੇ ਹਨ।
ਹੇਰੰਬਾ ਚੰਦਰ ਕਾਲਜ ਤੋਂ ਕਾਮਰਸ ਵਿੱਚ ਬੈਚੁਲਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਮੋਹਨ ਕੋਈ ਰਸਮੀ ਨੌਕਰੀ ਨਾ ਪ੍ਰਾਪਤ ਕਰ ਸਕੇ। ਇਸ ਲਈ ਉਹਨਾਂ ਨੂੰ ਗਡੀਆਹਾਟ ਦੀਆਂ ਸੜਕਾਂ ’ਤੇ ਕਿਤਾਬਾਂ, ਰਸਾਲੇ ਵੇਚਣ ਦਾ ਕੰਮ ਸ਼ੁਰੂ ਕਰਨਾ ਪਿਆ। ਇਹ ਲਗਭਗ ਤਿੰਨ ਸਾਲ ਪਹਿਲਾਂ ਦੀ ਗੱਲ ਹੈ।
ਨਾ ਚਾਹੁੰਦੇ ਹੋਏ ਵੀ ਇਸ ਕਿੱਤੇ ਵਿੱਚ ਪੈਣ ਤੋਂ ਬਾਅਦ, ਉਹਨਾਂ ਨੇ ਕਦੇ ਇਸ ਨੂੰ ਬਦਲਣ ਬਾਰੇ ਨਹੀਂ ਸੋਚਿਆ। “ਇਹ [ਕਿਤਾਬਾਂ ਵੇਚਣਾ] ਸਿਰਫ਼ ਪੈਸੇ ਕਮਾਉਣ ਦਾ ਇੱਕ ਸਾਧਨ ਹੀ ਨਹੀਂ ਹੈ। ਇਹ ਇਸ ਤੋਂ ਵੀ ਵੱਧ ਕੇ ਬਹੁਤ ਕੁਝ ਹੈ,” ਉਹ ਕਹਿੰਦੇ ਹਨ, “ਮੇਰੇ ਲਈ ਕਿਤਾਬਾਂ ਇੱਕ ਜਨੂੰਨ ਹਨ।”
ਦੱਖਣੀ ਕਲਕੱਤਾ ਵਿੱਚ ਗੋਲਪਾਰਕ ਇਲਾਕੇ ਨੇੜੇ ਇੱਕ ਭੀੜ ਭਰੇ ਚੌਰਾਹੇ ’ਤੇ ਸਥਿਤ ਮੋਹਨ ਦਾ ਕਿਤਾਬਾਂ ਦਾ ਖੋਖਾ ਗਡੀਆਹਾਟ ਬਜ਼ਾਰ ਦੀਆਂ ਲਗਭਗ 300 ਦੁਕਾਨਾਂ ਵਿੱਚੋਂ ਇੱਕ ਹੈ। ਇਹ ਬਜ਼ਾਰ ਸਥਾਈ ਦੁਕਾਨਾਂ ਅਤੇ ਅਸਥਾਈ ਸਟਾਲਾਂ ਦਾ ਇਕੱਠ ਹੈ ਜਿੱਥੇ ਸਨੈਕਸ, ਫ਼ਲ ਅਤੇ ਸਬਜ਼ੀਆਂ, ਮੱਛੀ, ਕੱਪੜੇ, ਕਿਤਾਬਾਂ, ਖਿਡੌਣੇ ਅਤੇ ਹੋਰ ਵਸਤਾਂ ਵੇਚੀਆਂ ਜਾਂਦੀਆਂ ਹਨ।
ਮੋਹਨ ਕਹਿੰਦੇ ਹਨ ਕਿ ਉਹਨਾਂ ਵਰਗੇ ਦੂਜੇ ਵਿਕਰੇਤਾ ਅਤੇ ਦੁਕਾਨ ਮਾਲਕ ਪਰਿਵਾਰ ਵਾਂਗ ਹਨ। ਉਹ ਕਹਿੰਦੇ ਹਨ, “ਲੋਕਾਂ ਵਿੱਚ ਇਹ ਗ਼ਲਤ ਧਾਰਨਾ ਹੈ ਕਿ ਦੁਕਾਨ ਮਾਲਕ ਸਾਨੂੰ ਇੱਥੇ ਸੜਕਾਂ ’ਤੇ ਚੀਜ਼ਾਂ ਵੇਚਣ ਨਹੀ ਦੇਣਾ ਚਾਹੁੰਦੇ, ਪਰ ਇਹ ਸੱਚ ਨਹੀਂ ਹੈ।” ਉਹ ਸਾਰੇ ਇੱਕ-ਦੂਜੇ ਨਾਲ਼ ਦੁਪਹਿਰ ਦਾ ਖਾਣਾ ਸਾਂਝਾ ਕਰਦੇ ਹਨ ਅਤੇ ਇੱਕ-ਦੂਜੇ ਦੇ ਚੰਗੇ ਦੋਸਤ ਹਨ।
ਮੋਹਨ ਦੇ ਦਿਨ ਲੰਮੇ ਹੁੰਦੇ ਹਨ। ਉਹ ਆਪਣੀ ਦੁਕਾਨ ਸਵੇਰੇ 10 ਵਜੇ ਖੋਲ੍ਹਦੇ ਹਨ ਅਤੇ ਰਾਤ ਨੂੰ 9 ਵਜੇ ਬੰਦ ਕਰਦੇ ਹਨ— ਭਾਵ ਕਿ ਹਫ਼ਤੇ ਦੇ ਹਰ ਦਿਨ 11 ਘੰਟੇ ਕੰਮ। ਭਾਵੇਂ ਕਿ ਉਹਨਾਂ ਨੂੰ ਆਪਣਾ ਕੰਮ ਪਸੰਦ ਹੈ, ਪਰ ਇਸ ਤੋਂ ਹੋਣ ਵਾਲੀ ਆਮਦਨੀ ਤੋਂ ਉਹ ਖੁਸ਼ ਨਹੀਂ ਹਨ ਕਿਉਂਕਿ ਇਸ ਨਾਲ਼ ਉਹਨਾਂ ਦੇ ਘਰ ਦੇ ਖ਼ਰਚੇ ਪੂਰੇ ਨਹੀਂ ਹੁੰਦੇ। “ ਕੋਹੋਨੋ ਟਕਾ ਪੇ ਕੋਹੋਨੋ ਅਬਾਰ ਏਕ ਬੇਲਾ ਖਬਾਰੇਰ ਮੋਤੋਨੋ ਟਕਾ ਪੇਨਾ ” [ਕਈ ਵਾਰ ਅਸੀਂ ਚੰਗੀ ਕਮਾਈ ਕਰ ਲੈਂਦੇ ਹਾਂ ਪਰ ਕਈ ਵਾਰ ਤਾਂ ਇੱਕ ਵਕਤ ਦੀ ਰੋਟੀ ਲਈ ਵੀ ਪੈਸੇ ਨਹੀਂ ਬਣਦੇ],” ਮੋਹਨ ਕਹਿੰਦੇ ਹਨ, ਜਿਹਨਾਂ ਦੇ ਪਰਿਵਾਰ ਵਿੱਚ 5 ਮੈਂਬਰ ਹਨ।
ਇਹ ਕਿਤਾਬ ਵਿਕਰੇਤਾ ਅਤੇ ਕਵੀ ਆਪਣੀ ਬੇਟੀ ਪੌਲੋਮੀ ਲਈ ਇੱਕ ਚੰਗੇ ਭਵਿੱਖ ਦੀ ਆਸ ਕਰਦੇ ਹਨ ਜੋ ਇਸ ਸਮੇਂ ਯੂਨੀਵਰਸਿਟੀ ਆਫ਼ ਕਲਕੱਤਾ ਤੋਂ ਰਾਜਨੀਤੀ ਸ਼ਾਸਤਰ ਵਿਸ਼ੇ ਵਿੱਚ ਬੈਚੁਲਰ ਦੀ ਪੜ੍ਹਾਈ ਕਰ ਰਹੀ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀਆਂ ਭੈਣਾਂ, ਪ੍ਰੋਤੀਮਾ ਅਤੇ ਪੁਸ਼ਪਾ ਦੇ ਵਿਆਹਾਂ ਲਈ ਵੀ ਵਿੱਤੀ ਪ੍ਰਬੰਧ ਕਰਨੇ ਪੈਣਗੇ।
ਆਪਣੀ ਰੋਜ਼ੀ-ਰੋਟੀ ਦੀ ਅਨਿਸ਼ਚਿਤਤਾ ਦੇ ਬਾਵਜੂਦ ਵੀ ਉਹਨਾਂ ਨੇ ਉਮੀਦ ਕਾਇਮ ਰੱਖੀ ਹੋਈ ਹੈ, “ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਕੋਈ ਸਾਨੂੰ ਇੱਥੋਂ ਹਟਾ ਸਕਦਾ ਹੈ। ਅਸੀਂ [ਸੜਕ ਵਿਕਰੇਤਾ] ਗਿਣਤੀ ਵਿੱਚ ਬਹੁਤ ਸਾਰੇ ਹਾਂ ਅਤੇ ਸਾਡੀ ਰੋਜ਼ੀ-ਰੋਟੀ ਇਸ ਸੜਕ ’ਤੇ ਹੀ ਨਿਰਭਰ ਹੈ। ਸਾਨੂੰ ਇੱਥੋਂ ਹਟਾਉਣਾ ਸੌਖਾ ਨਹੀ ਹੈ।” ਪਰ ਕੋਸ਼ਿਸ ਕਈ ਵਾਰ ਕੀਤੀ ਜਾ ਚੁੱਕੀ ਹੈ।
1996 ਵਿੱਚ ਰਾਜ ਸਰਕਾਰ ਅਤੇ ਮਿਉਂਸੀਪਲ ਅਧਿਕਾਰੀਆਂ ਦੁਆਰਾ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਫੁੱਟਪਾਥਾਂ ਤੋਂ ਵਿਕਰੇਤਾਵਾਂ ਨੂੰ ਹਟਾਉਣ ਲਈ ਵਿੱਢੇ ਗਏ ‘ਆਪਰੇਸ਼ਨ ਸ਼ਨਸ਼ਾਈਨ’ ਨੂੰ ਯਾਦ ਕਰਦੇ ਹੋਏ ਮੋਹਨ ਕਹਿੰਦੇ ਹਨ, “ਮੈਨੂੰ ਕੁਝ ਨਹੀਂ ਪਤਾ ਸੀ ਕਿ ਕੀ ਕੀਤਾ ਜਾਵੇ।”
ਉਸ ਸਮੇਂ ਮੋਹਨ ਭਾਰਤੀ ਕਮਿਊਨਿਸਟ(ਮਾਰਕਸਵਾਦੀ) ਪਾਰਟੀ ਦੇ ਮੈਂਬਰ ਸਨ ਜੋ ਉਸ ਵੇਲ਼ੇ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਖੱਬੇ-ਪੱਖੀ ਮੋਰਚੇ ਦੇ ਸਹਿਯੋਗੀਆਂ ਵਿੱਚੋਂ ਇੱਕ ਸੀ। ਉਹ ਯਾਦ ਕਰਦੇ ਹਨ ਕਿ ਉਹ ਕਿਵੇਂ ਪਾਰਟੀ ਦਫ਼ਤਰ ਗਏ ਅਤੇ ਅਧਿਕਾਰੀਆਂ ਨੂੰ ਆਪਣੀਆਂ ਯੋਜਨਾਵਾਂ ਨੂੰ ਨਾ ਲਾਗੂ ਕਰਨ ਦੀ ਤਾਕੀਦ ਕੀਤੀ, ਪਰ ਅਧਿਕਾਰੀ ਕੋਈ ਗੱਲਬਾਤ ਕਰਨ ਦੇ ਹੱਕ ਵਿੱਚ ਨਹੀਂ ਸਨ। ਉਹ ਉਹਨਾਂ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਸਨ ਜੋ ਸਰਕਾਰ ਅਤੇ ਮਿਉਂਸੀਪਲ ਅਧਿਕਾਰੀਆਂ ਦੁਆਰਾ ਇਲਾਕੇ ਦੇ ਜ਼ਿਆਦਾਤਰ ਵਿਕਰੇਤਾਵਾਂ ਦੀਆਂ ਸਟਾਲਾਂ ਨੂੰ ਜ਼ਬਰਨ ਹਟਾਉਣ ਤੋਂ ਪਹਿਲਾਂ ਹੀ ਆਪਣਾ ਸਮਾਨ ਵਲ੍ਹੇਟਣ ’ਚ ਕਾਮਯਾਬ ਹੋ ਗਏ ਸਨ।
ਉਹਨਾਂ ਦਾ ਕਹਿਣਾ ਹੈ, “ਇਹ ਸਰਕਾਰ ਦਾ ਅਚਾਨਕ ਲਿਆ ਗਿਆ ਫ਼ੈਸਲਾ ਸੀ। ਉਹਨਾਂ ਨੂੰ ਕਦੇ ਇਹ ਅਹਿਸਾਸ ਨਹੀ ਹੋਇਆ ਹੋਵੇਗਾ ਕਿ ਉਸ ਇੱਕ ਰਾਤ ਕਿੰਨੇ ਲੋਕਾਂ ਨੇ ਆਪਣਾ ਸਭ ਕੁਝ ਗੁਆ ਲਿਆ।” ਕਈ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਅਤੇ ਕਲਕੱਤਾ ਉੱਚ-ਅਦਾਲਤ ਵਿੱਚ ਪਟੀਸ਼ਨ ਪਾਉਣ ਤੋਂ ਬਾਅਦ ਬਾਕੀਆਂ ਵਾਂਗਰ ਮੋਹਨ ਵੀ ਦੁਬਾਰਾ ਆਪਣੀ ਦੁਕਾਨ ਸਥਾਪਿਤ ਕਰਨ ਵਿੱਚ ਕਾਮਯਾਬ ਹੋਏ। ਇਹ 3 ਦਸੰਬਰ 1996 ਵਿੱਚ ਦੱਖਣੀ ਕਲਕੱਤਾ ਹਾਕਰਜ਼ ਯੂਨੀਅਨ ਵੱਲੋਂ ਕੀਤਾ ਗਿਆ ਸੀ ਜੋ ਕਿ ਹਾਕਰਜ਼ ਸੰਗਰਾਮ ਕਮੇਟੀ ਦਾ ਇੱਕ ਅੰਗ ਹੈ, ਮੋਹਨ ਜਿਹਦੇ ਮੈਂਬਰ ਹਨ। ਉਹ ਅੱਗੇ ਦੱਸਦੇ ਹਨ ਕਿ ਉਸ ਘਟਨਾ ਤੋਂ ਬਾਅਦ ਉਹਨਾਂ ਨੇ ਪਾਰਟੀ ਨੂੰ ਛੱਡ ਦਿੱਤਾ ਅਤੇ ਫਿਰ ਕਦੇ ਵੀ ਕਿਸੇ ਰਾਜਨੀਤਿਕ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹੋਏ।
*****
“ ਆਜਕਲ ਅਰ ਕੇਉ ਬੋਏ ਪੋਰੇਨਾ [ਅੱਜ-ਕੱਲ੍ਹ ਕੋਈ ਕਿਤਾਬ ਪੜ੍ਹ ਕੇ ਰਾਜੀ ਨਹੀਂ]” ਮੋਹਨ ਦਾ ਕਹਿਣਾ ਹੈ ਕਿ ਗੂਗਲ ਕਾਰਨ ਉਹਨਾਂ ਦੇ ਗਾਹਕਾਂ ਵਿੱਚ ਕਮੀ ਹੋਈ ਹੈ। “ਹੁਣ ਸਾਡੇ ਕੋਲ਼ ਗੂਗਲ ਨਾਮ ਦੀ ਇੱਕ ਚੀਜ਼ ਹੈ। ਲੋਕਾਂ ਨੂੰ ਜਿਸ ਜਾਣਕਾਰੀ ਦੀ ਲੋੜ ਹੁੰਦੀ ਹੈ ਉਹ ਖ਼ੋਜ ਕਰਦੇ ਹਨ ਅਤੇ ਸਿਰਫ਼ ਉਹੀ ਜਾਣਕਾਰੀ ਪ੍ਰਾਪਤ ਕਰਦੇ ਹਨ।” ਕੋਵਿਡ-19 ਦੇ ਆਉਣ ਨਾਲ਼ ਹਾਲਾਤ ਹੋਰ ਵੀ ਬਦਤਰ ਹੋ ਗਏ।
“ਮੈਂ ਪਹਿਲਾਂ ਕਦੇ ਵੀ ਆਪਣੀ ਮਰਜ਼ੀ ਨਾਲ਼ ਦੁਕਾਨ ਬੰਦ ਨਹੀਂ ਕੀਤੀ ਪਰ ਕੋਵਿਡ ਦੌਰਾਨ ਮੇਰੇ ਕੋਲ਼ ਵਿਹਲੇ ਬੈਠਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ।” ਮੋਹਨ ਦੀ ਸਾਰੀ ਬੱਚਤ ਕੋਵਿਡ ਦੌਰਾਨ ਖ਼ਰਚ ਹੋ ਗਈ। ਜਨਵਰੀ 2023 ਵਿੱਚ PARI ਨਾਲ਼ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ,“ਕੰਮ-ਕਾਜ ਦਾ ਪੱਧਰ ਬਹੁਤ ਹੇਠਾਂ ਡਿੱਗ ਗਿਆ ਹੈ।”
ਮੋਹਨ ਦਾ ਮੰਨਣਾ ਹੈ ਕਿ ਸਰਕਾਰ ਦੁਆਰਾ ਜਾਰੀ ਕੀਤੇ ਜਾਣ ਵਾਲਾ ਵਿਕਰੀ ਲਾਇਸੈਂਸ ਉਹਨਾਂ ਦੇ ਰੁਜ਼ਗਾਰ ਦੀ ਅਨਿਸ਼ਚਿਤਤਾ ਨੂੰ ਘੱਟ ਕਰਨ ਵਿੱਚ ਸਹਾਈ ਹੋ ਸਕਦਾ ਹੈ। ਉਹਨਾਂ ਨੇ ਪੰਜ ਸਾਲ ਪਹਿਲਾਂ ਇੱਕ ਲਾਇਸੈਂਸ ਲਈ ਅਰਜੀ ਦਿੱਤੀ ਸੀ ਪਰ ਅਜੇ ਤੱਕ ਉਹਨਾਂ ਨੂੰ ਇਹ ਪ੍ਰਾਪਤ ਨਹੀਂ ਹੋਇਆ। ਇਸ ਦੀ ਗ਼ੈਰ-ਮੌਜੂਦਗੀ ਵਿੱਚ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਕੋਲ਼ ਜੋ ਥੋੜ੍ਹੀ-ਬਹੁਤ ਸੁਰੱਖਿਆ ਹੈ ਉਹ ਉਹਨਾਂ ਨੂੰ ਹਾਕਰਜ਼ ਯੂਨੀਅਨ ਦਾ ਮੈਂਬਰ ਹੋਣ ਕਰਕੇ ਹੀ ਮਿਲੀ ਹੋਈ ਹੈ ਜਿਸਦੇ ਲਈ ਉਹਨਾਂ ਨੂੰ ਹਰ ਹਫ਼ਤੇ 50 ਰੁਪਏ ਅਦਾ ਕਰਨੇ ਪੈਂਦੇ ਹਨ। ਇਹ ਉਹਨਾਂ ਨੂੰ ਮਾਰਕਿਟ ਵਿੱਚ ਸਟਾਲ (ਖੋਖੇ) ਲਗਾਉਣ ਲਈ ਇੱਕ ਜਗ੍ਹਾ ਵੀ ਯਕੀਨੀ ਬਣਾਉਂਦਾ ਹੈ।
ਮੋਹਨ ਕਹਿੰਦੇ ਹਨ ਕਿ 2022 ਦੇ ਅਖ਼ੀਰ ਵਿੱਚ ਕਲਕੱਤਾ ਮਿਉਂਸੀਪਲ ਕਾਰਪੋਰੇਸ਼ਨ ਨੇ ਵੈਸਟ ਬੰਗਾਲ ਅਰਬਨ ਸਟ੍ਰੀਟ ਵੈਂਡਰ (ਪ੍ਰੋਟੈਕਸ਼ਨ ਆਫ ਲਿਵਲੀਹੁੱਡ ਐਂਡ ਰੈਗੂਲੇਸ਼ਨ ਆਫ ਸਟ੍ਰੀਟ ਵੈਂਡਿੰਗ) ਨਿਯਮ 2018 ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਸਾਰੇ ਸੜਕ ਵਿਕਰੇਤਾਵਾਂ ਨੂੰ ਆਪਣੀਆਂ ਦੁਕਾਨਾਂ ਨੂੰ ਢੱਕਣ ਵਾਲੀਆਂ ਪਲਾਸਟਿਕ ਦੀਆਂ ਚਾਦਰਾਂ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਮੋਹਨ ਕਹਿੰਦੇ ਹਨ, “ਹੁਣ ਲਈ ਤਾਂ ਇਹ ਠੀਕ ਹੈ, ਪਰ ਜਦੋਂ ਬਰਸਾਤ ਹੋਵੇਗੀ ਤਾਂ ਅਸੀਂ ਕੀ ਕਰਾਂਗੇ।”
মা আমার মা
সবচে কাছের তুমিই মাগো
আমার যে আপন
তোমার তরেই পেয়েছি মা
আমার এ জীবন
প্রথম কথা বলি যখন
তোমার বোলেই বলি
তোমার স্নেহের হাত ধরে মা
প্রথম আমি চলি
হাতটি তোমার ধরেই মাগো
চলতে আমার শেখা
হাতটি তোমার ধরেই আমার
লিখতে শেখা লেখা
করতে মানুষ রাত জেগেছ
স্তন করেছ দান
ঘুম পাড়াতে গেয়েছে মা
ঘুম পাড়ানি গান
রাত জেগেছ কত শত
চুম দিয়েছ তত
করবে আমায় মানুষ, তোমার
এই ছিল যে ব্রত
তুমি যে মা সেই ব্রততী
যার ধৈয্য অসীম বল
সত্যি করে বলো না মা কী
হল তার ফল
আমার ব্রতের ফসল যেরে
সোনার খুকু তুই
তুই যে আমার চোখের মনি
সদ্য ফোটা জুঁই ।
ਹੇ ਮਾਂ , ਮੇਰੀ ਮਾਂ
ਤੁਹਾਡੇ ਬਾਝੋਂ ਨਾ ਕੋਈ ਹੋਰ ਪਿਆਰਾ ਮੈਨੂੰ,
ਹੇ ਮਾਂ, ਤੁਹਾਡੇ ਤੋਂ ਹੀ ਮੈਂ ਆਪਣੀ
ਇਹ ਜ਼ਿੰਦਗੀ ਹਾਸਲ ਕੀਤੀ,
ਪਹਿਲਾ ਸ਼ਬਦ ਵੀ
ਮੈਂ ਤੁਹਾਡੀ ਜ਼ੁਬਾਨੋਂ ਬੋਲਿਆ,
ਤੁਹਾਡਾ ਹੀ ਪਿਆਰ ਹੈ
ਜਿਸਦੇ ਸਹਾਰੇ ਮੈਂ ਪਹਿਲੀ ਵਾਰ ਤੁਰੀ
ਹੇ ਮਾਂ, ਤੁਹਾਡਾ ਹੀ ਹੱਥ ਫ਼ੜ ਕੇ
ਮੈਂ ਤੁਰਨਾ ਸਿੱਖਿਆ,
ਤੁਹਾਡਾ ਹੱਥ ਫ਼ੜ ਕੇ ਮੈਂ
ਲਿਖ਼ਣਾ ਸਿੱਖਿਆ,
ਕਈ ਰਾਤਾਂ ਜਾਗੇ ਤੁਸੀਂ ਮੇਰੇ ਲਈ
ਮੈਨੂੰ ਆਪਣਾ ਦੁੱਧ ਚੁੰਘਾਇਆ,
ਹੇ ਮਾਂ, ਮੈਨੂੰ ਸਵਾਉਣ ਲਈ
ਤੁਸੀਂ ਲੋਰੀਆਂ ਦਿੱਤੀਆਂ,
ਕਿੰਨੀਆਂ ਹੀ ਉਨੀਂਦਰੀਆਂ ਰਾਤਾਂ ਕੱਟੀਆਂ
ਅਣਗਿਣਤ ਚੁੰਮਣ ਦਿੰਦਿਆਂ,
ਮੈਨੂੰ ਚੰਗਾ ਇਨਸਾਨ ਬਣਾਉਣ ਲਈ
ਤੁਸੀਂ ਕਸਮਾਂ ਖਾਧੀਆਂ,
ਤੁਸੀਂ ਹੀ ਹੋ ਜਿਸ ਨੇ ਮੈਨੂੰ ਸਾਂਭਿਆ
ਤੁਹਾਡੀ ਸਹਿਣਸ਼ੀਲਤਾ ਅਥਾਹ ਹੈ
ਹੇ ਮਾਂ, ਮੈਨੂੰ ਸੱਚ ਦੱਸੋ
ਇਸ ਸਭ ਤੋਂ ਤੁਹਾਨੂੰ ਕੀ ਮਿਲਿਆ?
ਤੂੰ ਮੇਰੀ ਤਪੱਸਿਆ ਦੀ
ਉੱਗੀ ਪੈਦਾਵਾਰ ਹੈਂ, ਮੇਰੀ ਪਿਆਰੀ ਪੁੱਤਰੀ,
ਤੂੰ ਮੇਰੀਆਂ ਅੱਖਾਂ ਦੀ ਰੌਸ਼ਨੀ ਹੈਂ
ਮੇਰੀ ਪਿਆਰੀ ਚਮੇਲੀ ਦੀ ਬੂਟੀ।
ਤਰਜਮਾ: ਇੰਦਰਜੀਤ ਸਿੰਘ