ਜਿਓਂ ਹੀ ਨਰਾਇਣ ਗਾਇਕਵੜ ਦਾ ਧਿਆਨ ਆਪਣੇ ਖੇਤਾਂ ਵਿੱਚ ਉੱਗੇ ਅਰੰਡੀ ਦੇ ਕੁਝ ਕੁ ਬੂਟਿਆਂ ਵੱਲ ਜਾਂਦਾ ਹੈ ਉਨ੍ਹਾਂ ਦੇ ਚੇਤਿਆਂ ਵਿੱਚ ਉਨ੍ਹਾਂ ਦੀ ਕੋਲ੍ਹਾਪੁਰੀ ਚੱਪਲ ਘੁੰਮਣ ਲੱਗਦੀ ਹੈ ਜੋ 20 ਸਾਲਾਂ ਤੋਂ ਵੀ ਵੱਧ ਹੰਢੀ ਸੀ। ''ਅਸੀਂ ਕੋਲ੍ਹਾਪੁਰੀ ਚੱਪਲ ਨੂੰ ਅਰੰਡੀ ਦਾ ਤੇਲ ਲਾਇਆ ਕਰਦੇ। ਇੰਝ ਉਹਦੀ ਉਮਰ ਵੱਧ ਜਾਂਦੀ,'' 77 ਸਾਲਾ ਕਿਸਾਨ ਕਹਿੰਦਾ ਹੋਇਆ ਇਸ ਇਲਾਕੇ ਵਿੱਚ ਤੇਲ ਤੇ ਚੱਪਲਾਂ ਵਿਚਾਲੇ ਇਸ ਅਲੱਗ ਜਿਹੇ ਰਿਸ਼ਤੇ ਨੂੰ ਚਿਤਰਣ ਲੱਗਦਾ ਹੈ।
ਕੋਲ੍ਹਾਪੁਰ ਜ਼ਿਲ੍ਹੇ ਵਿੱਚ ਅਰੰਡੀ ਦਾ ਤੇਲ ਕੋਲ੍ਹਾਪੁਰੀ ਚੱਪਲਾਂ ਨੂੰ ਦੇਣ ਵਾਸਤੇ ਹੀ ਕੱਢਿਆ ਜਾਂਦਾ ਹੈ। ਮੱਝ ਜਾਂ ਫਿਰ ਗਾਂ ਦੇ ਚਮੜੇ ਤੋਂ ਬਣੀ ਇਸ ਚੱਪਲ ਨੂੰ ਥੋੜ੍ਹਾ ਨਰਮ ਕਰਨ ਵਾਸਤੇ ਤੇ ਬੇਢੱਬੀ ਹੋਣ ਤੋਂ ਬਚਾਉਣ ਵਾਸਤੇ ਤੇਲ ਮਲ਼ਿਆ ਜਾਂਦਾ ਤੇ ਇਸ ਕੰਮ ਵਾਸਤੇ ਅਰੰਡੀ ਦੇ ਤੇਲ ਨੂੰ ਹੀ ਤਰਜੀਹ ਦਿੱਤੀ ਜਾਂਦੀ।
ਕੋਲ੍ਹਾਪੁਰ ਦੀ ਮੂਲ਼ ਫ਼ਸਲ ਨਾ ਹੋਣ ਦੇ ਬਾਵਜੂਦ ਵੀ, ਅਰੰਡੀ (ਰਿਕੀਨਸ ਕੋਮਿਯੂਨਿਸ) ਇੱਥੋਂ ਦੀ ਮਨਪਸੰਦ ਫ਼ਸਲ ਬਣ ਗਈ। ਮੋਟੀ ਟਾਹਣੀ ਵਾਲ਼ਾ ਹਰਿਆ-ਭਰਿਆ ਇਹ ਬੂਟਾ ਪੂਰਾ ਸਾਲ ਹੀ ਉਗਾਇਆ ਜਾ ਸਕਦਾ ਹੈ। ਆਲਮੀ ਪੱਧਰ 'ਤੇ ਅਰੰਡ ਦੀ ਸਭ ਤੋਂ ਵੱਧ ਪੈਦਾਵਾਰ ਭਾਰਤ ਵਿੱਚ ਹੁੰਦੀ ਹੈ ਤੇ ਸਾਲ 2021-22 ਦੀ ਗੱਲ ਕਰੀਏ ਤਾਂ ਇਹਦੀ 16.5 ਲੱਖ ਟਨ ਪੈਦਾਵਾਰ ਹੋਈ ਹੋਣ ਦਾ ਅਨੁਮਾਨ ਹੈ। ਭਾਰਤ ਵਿਖੇ ਗੁਜਰਾਤ, ਆਂਧਰਾ ਪ੍ਰਦੇਸ਼, ਤਮਿਲਨਾਡੂ, ਓੜੀਸ਼ਾ ਤੇ ਰਾਜਸਥਾਨ ਅਰੰਡ-ਪੈਦਾਵਾਰ ਵਿੱਚ ਮੋਹਰੀ ਭੂਮਿਕਾ ਵਿੱਚ ਹਨ।
''
ਮਾਝੇ ਵਾਦਿਲ 96 ਵਰਸ਼ ਜਾਗਲੇ
(ਮੇਰੇ ਪਿਤਾ 96 ਸਾਲ ਦੀ ਉਮਰ ਭੋਗ ਕੇ ਗਏ) ਅਤੇ ਹਰ ਸਾਲ ਅਰੰਡੀ ਬੀਜਿਆ ਕਰਦੇ,'' ਨਰਾਇਣ ਕਹਿੰਦੇ ਹਨ ਜੋ ਖੁਦ ਵੀ ਸਾਲਾਂ ਤੋਂ ਇਸ ਪਰੰਪਰਾ ਨੂੰ
ਜਾਰੀ ਰੱਖੇ ਹੋਏ ਹਨ ਤੇ ਆਪਣੀ 3.25 ਏਕੜ ਪੈਲ਼ੀ ਵਿੱਚ ਅਰੰਡ ਬੀਜਦੇ ਹਨ। ਉਨ੍ਹਾਂ ਦਾ ਮੰਨਣਾ ਹੈ
ਕਿ ਉਨ੍ਹਾਂ ਦਾ ਪਰਿਵਾਰ ਕਰੀਬ 150 ਸਾਲਾਂ ਤੋਂ ਅਰੰਡ ਬੀਜਦਾ ਆਇਆ ਹੈ। ਅਖ਼ਬਾਰ ਦੀ ਕਾਤਰ ਵਿੱਚ
ਬੜੇ ਧਿਆਨ ਨਾਲ਼ ਵਲ੍ਹੇਟੇ ਬੀਜਾਂ ਵੱਲ ਇਸ਼ਾਰਾ ਕਰਦਿਆਂ ਨਰਾਇਣ ਕਹਿੰਦੇ ਹਨ,''ਅਸੀਂ ਅਰੰਡੀ ਦੇ ਦੇਸੀ ਬੀਜਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।
ਇਹ ਕੋਈ 100 ਸਾਲ ਪੁਰਾਣੇ ਹੋਣਗੇ।'' ਉਹ ਅੱਗੇ ਕਹਿੰਦੇ ਹਨ,''
ਫਾਤਕ ਬਾਇਕੋ ਅਣੀ ਮੀ ਸ਼ੇਵਕਿਨ
(ਹੁਣ ਇਨ੍ਹਾਂ ਨੂੰ ਸੰਭਾਲ਼ਣ ਵਾਲ਼ੇ ਸਿਰਫ਼ ਮੈਂ ਤੇ ਮੇਰੀ ਪਤਨੀ ਹੀ ਹਾਂ)।''
ਨਰਾਇਣ ਤੇ ਉਨ੍ਹਾਂ ਦੀ 66 ਸਾਲਾ ਪਤਨੀ, ਕੁਸੁਮ ਅਰੰਡੀ ਦੇ ਬੀਜਾਂ ਦਾ ਤੇਲ ਹੱਥੀਂ ਕੱਢਦੇ ਹਨ। ਆਸਪਾਸ ਕੋਹਲੂ ਲੱਗੇ ਹੋਣ ਦੇ ਬਾਵਜੂਦ ਵੀ ਉਹ ਬੀਜਾਂ ਨੂੰ ਹੱਥੀਂ ਕੁੱਟਦੇ ਤੇ ਤੇਲ ਕੱਢਦੇ ਹਨ। ''ਪਹਿਲਾਂ, ਅਸੀਂ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰੀਂ ਤੇਲ਼ ਕੱਢਿਆ ਕਰਦੇ,'' ਨਰਾਇਣ ਕਾਕਾ ਕਹਿੰਦੇ ਹਨ।
''ਜਦੋਂ ਮੈਂ ਛੋਟਾ ਹੁੰਦਾ ਸਾਂ ਤਾਂ ਹਰ ਪਰਿਵਾਰ ਅਰੰਡ ਬੀਜਦਾ ਤੇ ਤੇਲ ਕੱਢਦਾ ਹੁੰਦਾ। ਪਰ ਹੁਣ ਹਰ ਕਿਸੇ ਨੇ ਅਰੰਡੀ ਬੀਜਣੀ ਛੱਡ ਕੇ ਕਮਾਦ ਲਾਉਣੀ ਸ਼ੁਰੂ ਕਰ ਦਿੱਤੀ ਹੈ,'' ਕੁਸੁਮ ਕਾਕੀ ਕਹਿੰਦੀ ਹਨ ਜਿਨ੍ਹਾਂ ਨੂੰ ਅਰੰਡੀ ਦਾ ਤੇਲ ਕੱਢਣ ਦਾ ਹੁਨਰ ਉਨ੍ਹਾਂ ਦੀ ਸੱਸ ਨੇ ਸਿਖਾਇਆ ਸੀ।
ਸਾਲ 2000 ਤੱਕ, ਨਰਾਇਣ ਗਾਇਕਵਾੜ ਦੇ ਖੇਤਾਂ ਵਿੱਚ ਅਰੰਡ ਦੇ ਕੋਈ 100 ਬੂਟੇ ਹੋਇਆ ਕਰਦੇ ਸਨ। ਅੱਜ 3.25 ਵਿੱਚ ਸਿਰਫ਼ 15 ਬੂਟੇ ਹੀ ਬਚੇ ਹਨ। ਇਹ ਪਰਿਵਾਰ ਕੋਲ੍ਹਾਪੁਰ ਜਿਲ੍ਹੇ ਦੇ ਜੰਭਾਲੀ ਦੇ ਕੁਝ ਗਿਣੇ-ਚੁਣੇ ਪਰਿਵਾਰਾਂ ਵਿੱਚੋਂ ਇੱਕ ਹੈ ਜੋ ਹਾਲੇ ਵੀ ਅਰੰਡੀ ਬੀਜਦੇ ਹਨ। ਪਰ ਅਰੰਡੀ ਦੀ ਘੱਟਦੀ ਪੈਦਾਵਾਰ ਕਾਰਨ, ''ਹੁਣ ਅਸੀਂ ਚਾਰ ਸਾਲਾਂ ਵਿੱਚ ਇੱਕ ਵਾਰੀਂ ਹੀ ਤੇਲ ਕੱਢ ਪਾਉਂਦੇ ਹਾਂ,'' ਕਾਕੀ ਗੱਲ ਪੂਰੀ ਕਰਦੀ ਹਨ।
ਬੀਤੇ ਕੁਝ ਵਰ੍ਹਿਆਂ ਦੌਰਾਨ ਕੋਲ੍ਹਾਪੁਰ ਚੱਪਲ ਦੀ ਮੰਗ ਵਿੱਚ ਆਈ ਗਿਰਾਵਟ ਕਾਰਨ ਇਲਾਕੇ ਵਿੱਚ ਅਰੰਡੀ ਦੇ ਤੇਲ ਦੇ ਉਤਪਾਦਨ 'ਤੇ ਵੀ ਡੂੰਘਾ ਅਸਰ ਪਿਆ। ''ਅੱਜ ਦੀ ਤਰੀਕ ਵਿੱਚ ਕੋਲ੍ਹਾਪੁਰ ਚੱਪਲ ਮਹਿੰਗੀ ਹੈ ਤੇ ਘੱਟੋ-ਘੱਟ 2,000 ਰੁਪਏ ਦੀ ਮਿਲ਼ਦੀ ਹੈ,'' ਨਰਾਇਣ ਕਾਕਾ ਦੱਸਦੇ ਹਨ। ਇੱਕ ਤਾਂ ਉਹ ਚੱਪਲ ਕੋਈ ਦੋ ਕਿਲੋ ਦੀ ਹੁੰਦੀ ਹੈ ਤੇ ਦੂਜਾ, ਸਮੇਂ ਦੇ ਨਾਲ਼ ਕਿਸਾਨਾਂ ਦੀ ਪਸੰਦ ਵੀ ਬਦਲਦੀ ਗਈ ਹੈ। ਰਬੜ ਦੇ ਸਲਿਪਰ ਸਸਤੇ ਤੇ ਹਲਕੇ ਵੀ ਹੁੰਦੇ ਹਨ ਤੇ ਵੱਧ ਪਸੰਦ ਕੀਤੇ ਜਾਂਦੇ ਹਨ। ਬਾਕੀ,''ਮੇਰੇ ਪੁੱਤਰਾਂ ਨੇ ਵੀ ਵੱਡੇ ਪੱਧਰ 'ਤੇ ਕਮਾਦ ਬੀਜਣੀ ਸ਼ੁਰੂ ਕਰ ਦਿੱਤੀ,'' ਨਰਾਇਣ ਕਾਕਾ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਅਰੰਡ ਬੀਜਣਾ ਛੱਡਿਆ।
10 ਸਾਲ ਦੀ ਉਮਰੇ ਨਰਾਇਣ ਕਾਕਾ ਨੇ ਅਰੰਡੀ ਦਾ ਤੇਲ ਕੱਢਣਾ ਸਿੱਖ ਲਿਆ ਸੀ। ਉਹ ਆਪਣੀ ਮਾਂ ਦੀ ਯਾਦ ਵਿੱਚ ਗੁਆਚਦੇ ਹੋਏ ਦੱਸਦੇ ਹਨ ਕਿਵੇਂ ਉਨ੍ਹਾਂ ਦੀ ਮਾਂ ਆਪਣੇ ਖੇਤਾਂ ਵਿੱਚ ਕਰੀਬ ਪੰਜ ਕਿਲੋਗ੍ਰਾਮ ਅਰੰਡਾਂ ਵੱਲ ਇਸ਼ਾਰਾ ਕਰਦੀ ਉਨ੍ਹਾਂ ਨੂੰ ਕਿਹਾ ਕਹਿੰਦੀ,''ਹਰ ਚੀਜ਼ ਹੂੰਝ ਲੈ, ਇਕੱਠੀ ਕਰ ਲੈ।'' ਪੌਦਾ ਬੀਜਣ ਦੇ 3-4 ਮਹੀਨਿਆਂ ਬਾਅਦ ਅਰੰਡ ਦੇ ਫਲ਼ੀਆਂ ਪੈਂਦੀਆਂ ਹਨ ਤੇ ਫਿਰ ਇਨ੍ਹਾਂ ਫਲ਼ੀਆਂ ਨੂੰ ਤੋੜ ਕੇ ਤਿੰਨ ਦਿਨਾਂ ਲਈ ਧੁੱਪੇ ਸੁਕਾਇਆ ਜਾਂਦਾ ਹੈ।
ਸੁੱਕੀਆਂ ਫਲ਼ੀਆਂ ਵਿੱਚੋਂ ਤੇਲ ਕੱਢਣਾ ਕਾਫ਼ੀ ਮੁਸ਼ੱਕਤ ਭਰਿਆ ਕੰਮ ਹੈ। ''ਅਸੀਂ ਪੈਰਾਂ ਨਾਲ਼ ਸੱਟਾਂ ਮਾਰ-ਮਾਰ ਕੇ ਫਲ਼ੀਆਂ ਤੋੜਦੇ ਹਾਂ। ਇੰਝ ਕਰਨ ਨਾਲ਼ ਕੰਢੇਦਾਰ ਤਾਰਫਲ (ਖੋਲ਼੍ਹ) ਉੱਤਰ ਜਾਂਦਾ ਹੈ ਤੇ ਬੀਜ ਵੱਖ ਹੋ ਜਾਂਦੇ ਹਨ,'' ਨਰਾਇਣ ਕਾਕਾ ਦੱਸਦੇ ਹਨ। ਫਿਰ ਇਨ੍ਹਾਂ ਬੀਜਾਂ ਨੂੰ ਚੁੱਲੀ (ਮਿੱਟੀ ਦਾ ਚੁੱਲ੍ਹਾ) 'ਤੇ ਭੁੰਨਿਆ ਜਾਂਦਾ ਹੈ।
ਇੱਕ ਵਾਰ ਭੁੱਜਣ ਤੋਂ ਬਾਅਦ ਅਰੰਡ ਦੇ ਇਹ ਸੁੱਕੇ ਬੀਜ ਕੁੱਟੇ ਜਾਣ ਲਈ ਤਿਆਰ ਹਨ।
ਇੰਝ ਨਰਾਇਣ ਕਾਕਾ ਵੀ ਹਰ ਬੁੱਧਵਾਰ ਦੇ ਬੁੱਧਵਾਰ ਹੱਥੀਂ ਅਰੰਡੀ ਦੀ ਕੁਟਾਈ ਵਿੱਚ ਆਪਣੀ ਮਾਂ, ਕਾਸਾਬਾਈ ਦੀ ਮਦਦ ਕਰਿਆ ਕਰਦੇ। ''ਅਸੀਂ ਐਤਵਾਰ ਤੋਂ ਮੰਗਲਵਾਰ ਤੱਕ ਖੇਤੀਂ ਕੰਮ ਕਰਿਆ ਕਰਦੇ ਤੇ ਵੀਰਵਾਰ ਤੋਂ ਸ਼ਨੀਵਾਰ ਨੇੜਲੀ ਹਫ਼ਤਾਵਰੀ ਮੰਡੀ ਜਾਂਦੇ ਤੇ ਆਪਣਾ ਉਤਪਾਦ (ਸਬਜ਼ੀਆਂ ਤੇ ਦਾਲ਼ਾਂ ਵਗੈਰਾ) ਵੇਚਿਆ ਕਰਦੇ,'' ਉਹ ਚੇਤੇ ਕਰਦੇ ਹਨ,''ਸਿਰਫ਼ ਬੁੱਧਵਾਰ ਦਾ ਦਿਨ ਹੀ ਥੋੜ੍ਹਾ ਫ਼ੁਰਸਤ ਵਾਲ਼ਾ ਹੁੰਦਾ।''
ਇਸ ਗੱਲ ਨੂੰ ਛੇ ਦਹਾਕੇ ਲੰਘੇ ਹੋਣ ਦੇ ਬਾਵਜੂਦ ਅੱਜ ਵੀ ਗਾਇਕਵਾੜ ਸਿਰਫ਼ ਬੁੱਧਵਾਰ ਨੂੰ ਹੀ ਕੁਟਾਈ ਦਾ ਕੰਮ ਕਰਦੇ ਹਨ। ਅਕਤੂਬਰ ਦੀ ਇਹ ਸਵੇਰ ਕੁਸੁਮ ਕਾਕੀ ਆਪਣੀ ਗੁਆਂਢਣ ਤੇ ਰਿਸ਼ਤੇਦਾਰ, ਵੰਦਨਾ ਮੁਗਦੁਮ ਦੇ ਘਰ ਹਨ ਤੇ ਦੋਵੇਂ ਰਲ਼ ਕੇ ਉਖਲ-ਮੂਸਲ ਨਾਲ਼ ਹੱਥੀਂ ਬੀਜ ਕੁੱਟਣ ਦੇ ਕੰਮ ਵਿੱਚ ਰੁਝੀਆਂ ਹਨ।
ਉਖਲ , ਕਾਲ਼ੇ ਪੱਥਰਾਂ ਦਾ ਬਣਿਆ ਇੱਕ ਕੂੰਡਾ ਹੈ ਜਿਹਨੂੰ ਦਲਾਨ ਦੇ ਫ਼ਰਸ਼ 'ਤੇ ਗੱਡਿਆ ਗਿਆ ਹੈ। ਇਹ ਕੋਈ 6-8 ਇੰਚ ਡੂੰਘਾ ਹੈ। ਕੁਸੁਮ ਕਾਕੀ ਭੁੰਜੇ ਬੈਠੀ ਹਨ ਤੇ ਲੰਬੇ ਮੂਸਲ, ਜਿਹਨੂੰ ਉੱਪਰੋਂ ਵੰਦਨਾ ਨੇ ਫੜ੍ਹਿਆ ਹੋਇਆ ਹੈ, ਨੂੰ ਉੱਪਰ-ਹੇਠਾਂ ਕਰਨ ਵਿੱਚ ਵੰਦਨਾ ਦੀ ਮਦਦ ਕਰਦੀ ਹਨ। ਸਾਗਵਾਨ ਦਾ ਬਣਿਆ ਇਹ ਸੋਟਾ ਅਰੰਡੀ ਦੇ ਬੀਜਾਂ ਨੂੰ ਸੱਟਾਂ ਮਾਰ-ਮਾਰ ਕੇ ਕੁੱਟਦਾ ਹੈ।
ਇਸ ਪੁਰਾਣੇ ਤੇ ਪਸੰਦੀਦਾ ਸੰਦ ਬਾਰੇ ਦੱਸਦਿਆਂ ਕੁਸੁਮ ਕਾਕੀ ਕਹਿੰਦੀ ਹਨ,''ਪਹਿਲਾਂ ਮਿਕਸਰ-ਗ੍ਰਾਇੰਡਰ ਕਿੱਥੇ ਹੁੰਦੇ ਸੀ।'' ਬੀਜਾਂ ਨੂੰ ਕੁਟਦਿਆਂ ਅਜੇ ਅੱਧਾ ਕੁ ਘੰਟਾ ਬੀਤਦਾ ਹੈ ਕਿ ਉਹ ਅਰੰਡੀ ਦੇ ਤੇਲ ਦੀਆਂ ਬੂੰਦਾਂ ਦਿਖਾਉਂਦੀ ਹਨ। ਆਪਣੇ ਅੰਗੂਠੇ ਨੂੰ ਲੱਗੇ ਸਿਆਹ ਰੰਗੇ ਚਿਪਚਿਪੇ ਮਿਸ਼ਰਣ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹਨ,'' ਆਤਾ ਯਾਚਾ ਰਾਬਡਾ ਤਯਾਰ ਹੋਤੋ (ਛੇਤੀ ਹੀ ਰਬੜਨੁਮਾ ਚੀਜ਼ ਜਿਹੀ ਬਣ ਜਾਵੇਗੀ)।''
ਦੋ ਘੰਟਿਆਂ ਦੀ ਕੁਟਾਈ ਤੋਂ ਬਾਅਦ, ਕਾਕੀ ਉਖਲ ਵਿੱਚੋਂ ਸਾਰਾ ਗੁਦਾ ਕੱਢ ਕੇ ਇੱਕ ਭਾਂਡੇ ਅੰਦਰ ਪਾ ਕੇ ਉਤੋਂ ਦੀ ਉਬਲਦਾ ਪਾਣੀ ਪਾਉਂਦੀ ਹਨ। ਜੇ ਤੁਹਾਡੇ ਕੋਲ਼ ਦੋ ਕਿਲੋ ਗੁਦਾ ਹੈ, ਤਾਂ ਤੁਹਾਨੂੰ ਪੰਜ ਲੀਟਰ ਉਬਲਦੇ ਪਾਣੀ ਦੀ ਲੋੜ ਹੈ, ਉਹ ਦੱਸਦੀ ਹਨ। ਮਿਸ਼ਰਣ ਨੂੰ ਖੁੱਲ੍ਹੀ ਥਾਵੇਂ ਰੱਖੇ ਚੁੱਲ੍ਹੇ 'ਤੇ ਉਬਾਲਿਆ ਜਾਂਦਾ ਹੈ। ਧੂੰਏਂ ਕਾਰਨ ਕਾਕੀ ਨੂੰ ਅੱਖਾਂ ਖੋਲ੍ਹਣ ਤੱਕ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ,"ਹੁਣ ਸਾਨੂੰ ਇਹਦੀ ਆਦਤ ਬਣ ਗਈ ਹੈ," ਉਹ ਖੰਘਦੇ ਹੋਏ ਕਹਿੰਦੀ ਹਨ।
ਜਿਓਂ ਹੀ ਮਿਸ਼ਰਣ ਉਬਾਲ਼ੇ ਖਾਣ ਲੱਗਦਾ ਹੈ, ਕਾਕੀ ਮੇਰੀ ਕਮੀਜ਼ ਦਾ ਇੱਕ ਧਾਗਾ ਖਿੱਚ ਕੇ ਇਸਨੂੰ ਭਾਂਡੇ ਵਿੱਚ ਪਾ ਦਿੰਦੀ ਹੈ। "ਕੌਮ ਬਾਹੇਰਚਾ ਆਲਾ ਤਾਰ ਤਯਾਚਾ ਚਿੰਨਦੁਕ ਘੇਯੂੰ ਤਾਕਾਯਚਾ, ਨਾਹੀ ਤਾਰ ਤੇ ਤੇਲ ਘੇਯੂੰ ਜਾਤੇ (ਸਾਡੇ ਤੇਲ ਕੱਢਣ ਦੌਰਾਨ ਜੇਕਰ ਕੋਈ ਬਾਹਰੀ ਵਿਅਕਤੀ ਘਰੇ ਆਵੇ ਤਾਂ ਅਸੀਂ ਉਹਦੇ ਕੱਪੜੇ ਦਾ ਧਾਗਾ ਖਿੱਚ ਲਈਦਾ ਹੈ। ਨਹੀਂ ਤਾਂ ਉਹ ਤੇਲ ਚੋਰੀ ਕਰ ਸਕਦਾ ਹੈ)," ਉਹ ਕਹਿੰਦੀ ਹਨ। ਇਹ ਦੇਖ ਕਾਕਾ ਯਕਦਮ ਜਵਾਬ ਦਿੰਦੇ ਹਨ,"ਅੰਧਵਿਸ਼ਵਾਸ ਹੈ। ਪੁਰਾਣੇ ਦਿਨਾਂ ਵਿੱਚ, ਲੋਕਾਂ ਨੂੰ ਡਰ ਹੁੰਦਾ ਸੀ ਕਿ ਬਾਹਰੋਂ ਕੋਈ ਆ ਕੇ ਤੇਲ ਲੈ ਲਵੇਗਾ। ਬੱਸ ਇਸੇ ਲਈ ਉਹ ਧਾਗਾ ਪੁੱਟਣ ਦੀ ਰਵਾਇਤ ਸ਼ੁਰੂ ਹੋਈ।‘‘
ਕਾਕੀ ਅਰੰਡੀ ਬੀਜ ਤੇ ਪਾਣੀ ਦੇ ਮਿਸ਼ਰਣ ਨੂੰ ਦਾਵ (ਲੱਕੜ ਦੇ ਚਪਟੇ) ਨਾਲ਼ ਹਿਲਾਉਂਦੀ ਰਹਿੰਦੀ ਹਨ। ਦੋ ਘੰਟਿਆਂ ਬਾਅਦ ਤੇਲ ਵੱਖ ਹੋ ਜਾਂਦਾ ਹੈ ਅਤੇ ਇਹ ਉੱਪਰ ਆਉਣਾ ਸ਼ੁਰੂ ਹੋ ਜਾਂਦਾ ਹੈ।
"ਅਸੀਂ ਕਦੇ ਤੇਲ ਨਹੀਂ ਵੇਚਿਆ, ਜਦੋਂ ਵੀ ਦਿੱਤਾ ਬੱਸ ਮੁਫ਼ਤ ਹੀ ਦਿੱਤਾ," ਕਾਕਾ ਕਹਿੰਦੇ ਹਨ। ਉਨ੍ਹਾਂ ਨੂੰ ਅਜੇ ਵੀ ਯਾਦ ਹੈ ਕਿ ਜੰਭਾਲੀ ਪਿੰਡ ਦੇ ਲੋਕੀਂ ਅਰੰਡੀ ਦਾ ਤੇਲ ਲੈਣ ਲਈ ਉਨ੍ਹਾਂ ਦੇ ਘਰ ਆਉਂਦੇ ਸਨ। "ਪਿਛਲੇ ਚਾਰ ਸਾਲਾਂ ਵਿੱਚ, ਕੋਈ ਵੀ ਤੇਲ ਲੈਣ ਨਹੀਂ ਆਇਆ," ਕਾਕੀ ਕਹਿੰਦੀ ਹਨ ਅਤੇ ਨਾਲ਼ ਹੀ ਸੋਡਨਾ (ਪੋਣੀ) ਨਾਲ਼ ਤੇਲ ਪੁਣਨ ਲੱਗਦੀ ਹਨ।
ਅੱਜ ਤੱਕ ਕਦੇ ਵੀ ਉਨ੍ਹਾਂ ਨੇ ਚਾਰ ਪੈਸੇ ਕਮਾਉਣ ਦੇ ਮਕਸਦ ਨਾਲ਼ ਅਰੰਡੀ ਦਾ ਤੇਲ ਵੇਚਣ ਬਾਰੇ ਨਹੀਂ ਸੋਚਿਆ।
ਕਿਸੇ ਵੀ ਸਥਿਤੀ ਵਿੱਚ, ਅਰੰਡੀ ਪੈਦਾ ਕਰਨ ਵਿੱਚ ਕੋਈ ਲਾਭ ਨਹੀਂ ਹੈ। "ਗੁਆਂਢੀ ਜੈਸਿੰਘਪੁਰਾ ਦੇ ਵਪਾਰੀ ਅਰੰਡੀ ਦੇ ਇੱਕ ਕਿੱਲੋ ਬੀਜਾਂ ਲਈ 20-25 ਰੁਪਏ ਦਿੰਦੇ ਹਨ," ਕਾਕੀ ਕਹਿੰਦੀ ਹਨ। ਅਰੰਡੀ ਦੇ ਤੇਲ ਦੀ ਵਰਤੋਂ ਬਹੁਤ ਸਾਰੇ ਉਦਯੋਗਾਂ ਵਿੱਚ ਕੋਟਿੰਗ, ਲੁਬਰੀਕੇਸ਼ਨ, ਮੋਮ ਅਤੇ ਰੰਗਾਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਾਬਣ ਅਤੇ ਕਾਸਮੈਟਿਕਸ ਵਿੱਚ ਵੀ ਕੀਤੀ ਜਾਂਦੀ ਹੈ।
"ਇਨ੍ਹੀਂ ਦਿਨੀਂ ਲੋਕਾਂ ਕੋਲ਼ ਹੱਥੀਂ ਤੇਲ ਕੱਢਣ ਦਾ ਸਮਾਂ ਨਹੀਂ ਹੈ। ਲੋੜ ਪੈਣ ‘ਤੇ ਲੋਕੀਂ ਬਾਜ਼ਾਰੋਂ ਤੇਲ ਖਰੀਦ ਲਿਆਉਣਗੇ," ਕਾਕੀ ਕਹਿੰਦੀ ਹਨ।
ਬੀਤਦੇ ਸਮੇਂ ਦੇ ਬਾਵਜੂਦ, ਗਾਇਕਵਾੜਾਂ ਨੇ ਅਰੰਡੀ ਨੂੰ ਸੁਰੱਖਿਅਤ ਰੱਖਣਾ ਬੰਦ ਨਹੀਂ ਕੀਤਾ ਹੈ ਕਿਉਂਕਿ ਉਹ ਅਰੰਡੀ ਦੇ ਫਾਇਦਿਆਂ ਨੂੰ ਜਾਣਦੇ ਹਨ। ਕਾਕਾ ਕਹਿੰਦੇ ਹਨ, " ਦੋਕਯਾਵਾਰ ਅਰੰਡੀ ਥੇਵਲਯਵਾਰ, ਦੋਕਾ ਸ਼ਾਂਤ ਰਹਤੇ (ਸਿਰ 'ਤੇ ਅਰੰਡੀ ਰੱਖਣ ਨਾਲ਼ ਸਿਰ ਸ਼ਾਂਤ ਰਹਿੰਦਾ ਹੈ)। ਨਾਸ਼ਤੇ ਤੋਂ ਪਹਿਲਾਂ ਅਰੰਡੀ ਦੇ ਤੇਲ ਦੀ ਇੱਕ ਬੂੰਦ ਪੀਓ। ਪੇਟ ਦੇ ਸਾਰੇ ਕੀਟਾਣੂ ਮਰ ਜਾਂਦੇ ਹਨ।''
"ਅਰੰਡੀ ਦਾ ਬੂਟਾ ਕਿਸਾਨ ਦੀ ਛੱਤਰੀ ਹੈ," ਕਾਕਾ ਕਹਿੰਦੇ ਹਨ। ਉਹ ਇਸ ਦੇ ਚਮਕਦਾਰ ਪੱਤਿਆਂ ਦੇ ਪਤਲੇ ਹੇਠਾਂ ਨੂੰ ਮੁੜੇ ਸਿਰਿਆਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਜੋ ਆਪਣੇ ਉੱਪਰ ਪਾਣੀ ਨੂੰ ਟਿਕਣ ਨਹੀਂ ਦਿੰਦੇ। ਇਹ ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ ਲੰਬੇ ਬਰਸਾਤ ਦੇ ਮੌਸਮ ਦੌਰਾਨ ਵਿਸ਼ੇਸ਼ ਤੌਰ 'ਤੇ ਲਾਭਦਾਇਕ ਰਹਿੰਦੇ ਹਨ। ਨਾਰਾਇਣ ਕਹਿੰਦੇ ਹਨ, "ਕੁਚਲੇ ਹੋਏ ਅਰੰਡੀ ਦੇ ਬੀਜ ਵੀ ਬਹੁਤ ਵਧੀਆ ਜੈਵਿਕ ਖਾਦਾਂ ਹਨ।''
ਇੰਨੇ ਗੁਣਾਂ ਨਾਲ਼ ਲਬਰੇਜ਼ ਹੋਣ ਦੇ ਬਾਵਜੂਦ ਵੀ, ਅਰੰਡੀ ਦੇ ਪੌਦੇ ਕੋਲ੍ਹਾਪੁਰ ਦੇ ਖੇਤਾਂ ਨੂੰ ਵਿਦਾ ਆਖ ਗਏ ਹਨ।
ਜਿਵੇਂ-ਜਿਵੇਂ ਗੰਨੇ ਦੀ ਪ੍ਰਸਿੱਧੀ ਵਧਦੀ ਗਈ, ਅਸੀਂ ਵੇਖਦੇ ਹਾਂ ਕਿ ਅਰੰਡੀ ਦੀ ਕਾਸ਼ਤ ਵਿੱਚ ਗਿਰਾਵਟ ਆਈ ਹੈ। ਮਹਾਰਾਸ਼ਟਰ ਸਰਕਾਰ ਦੇ ਗਜ਼ਟ ਵਿਭਾਗ ਦੇ ਰਿਕਾਰਡ ਅਨੁਸਾਰ, 1955-56 ਵਿੱਚ ਕੋਲ੍ਹਾਪੁਰ ਵਿੱਚ 48,361 ਏਕੜ ਜ਼ਮੀਨ 'ਤੇ ਗੰਨੇ ਦੀ ਕਾਸ਼ਤ ਕੀਤੀ ਗਈ ਸੀ। ਪਿਛਲੇ 60 ਸਾਲਾਂ ਵਿੱਚ ਇਸ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ 2022-23 ਵਿੱਚ 4.3 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ।
"ਹਾਂ, ਮੇਰੇ ਆਪਣੇ ਬੱਚਿਆਂ ਨੇ ਵੀ ਅਰੰਡੀ ਬੀਜਣਾ ਅਤੇ ਇਸ ਤੋਂ ਤੇਲ ਕੱਢਣਾ ਨਹੀਂ ਸਿੱਖਿਆ," ਕਾਕਾ ਕਹਿੰਦੇ ਹਨ। "ਉਨ੍ਹਾਂ ਲਈ ਸਮਾਂ ਕਿੱਥੇ ਹੈ?" ਉਨ੍ਹਾਂ ਦੇ ਬੇਟੇ, 49 ਸਾਲਾ ਮਾਰੂਤੀ ਅਤੇ 47 ਸਾਲਾ ਭਗਤ ਸਿੰਘ ਕਿਸਾਨ ਹਨ ਤੇ ਵੰਨ-ਸੁਵੰਨੀਆਂ ਫ਼ਸਲਾਂ ਬੀਜਦੇ ਹਨ ਜਿਨ੍ਹਾਂ ਵਿੱਚ ਗੰਨਾ ਵੀ ਇੱਕ ਹੈ। ਉਨ੍ਹਾਂ ਦੀ ਧੀ 48 ਸਾਲਾ, ਮੀਨਾਤਾਈ ਗ੍ਰਹਿਣੀ ਹਨ।
ਇਹ ਪੁੱਛੇ ਜਾਣ 'ਤੇ ਕਿ ਹੱਥ ਨਾਲ਼ ਅਰੰਡੀ ਦਾ ਤੇਲ ਕੱਢਣ ਦੀ ਪੂਰੀ ਪ੍ਰਕਿਰਿਆ 'ਚ ਕੀ ਸਮੱਸਿਆਵਾਂ ਹਨ, ਕਾਕਾ ਨੇ ਮਜ਼ੇਦਾਰ ਜਵਾਬ ਦਿੰਦਿਆਂ ਕਿਹਾ, "ਕੋਈ ਸਮੱਸਿਆ ਨਹੀਂ ਹੈ। ਇਹ ਤਾਂ ਸਗੋਂ ਵਧੀਆ ਕਸਰਤ ਹੈ।''
"ਮੈਂ ਇਨ੍ਹਾਂ ਬੂਟਿਆਂ ਨੂੰ ਸੁਰੱਖਿਅਤ ਰੱਖਣਾ ਪਸੰਦ ਕਰਦਾ ਹਾਂ। ਇਸ ਲਈ ਮੈਂ ਹਰ ਸਾਲ ਅਰੰਡੀ ਦਾ ਬੂਟਾ ਬੀਜਦਾ ਹਾਂ," ਉਹ ਜ਼ੋਰ ਦੇ ਕੇ ਕਹਿੰਦੇ ਹਨ। ਪਤੀ-ਪਤਨੀ ਨੂੰ ਇਸ ਸਾਰੀ ਮਿਹਨਤ ਤੋਂ ਕੋਈ ਮੁਨਾਫ਼ਾ ਨਹੀਂ ਹੁੰਦਾ। ਫਿਰ ਵੀ, ਉਹ ਪਰੰਪਰਾ ਨੂੰ ਜਾਰੀ ਰੱਖਣਾ ਚਾਹੁੰਦੇ ਹਨ।
ਇਸੇ ਕਾਰਨ 10 ਫੁੱਟੀ ਕਮਾਦ ਦੇ ਐਨ ਵਿਚਕਾਰ ਕਰਕੇ ਵੀ ਨਰਾਇਣ ਕਾਕਾ ਅਤੇ ਕੁਸੁਮ ਕਾਕੀ ਨੇ ਅਰੰਡੀ ਦੇ ਪੌਦੇ ਲਾਏ ਹੋਏ ਹਨ।
ਪੇਂਡੂ ਕਾਰੀਗਰਾਂ ਬਾਰੇ ਸੰਕੇਤ ਜੈਨ ਦੁਆਰਾ ਲਿਖੀ ਗਈ ਇਸ ਸਟੋਰੀ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਫੰਡ ਕੀਤਾ ਗਿਆ ਹੈ।
ਤਰਜਮਾ- ਕਮਲਜੀਤ ਕੌਰ