ਆਪਣੇ ਖੇਤ ਦੀ ਵੱਟ 'ਤੇ ਖੜ੍ਹੇ ਉਹ ਇੱਕਟੱਕ ਆਪਣੇ ਫ਼ਸਲ ਨੂੰ ਘੂਰ ਰਹੇ ਸਨ, ਜੋ ਹੁਣ ਮੋਹਲੇਧਾਰ ਮੀਂਹ ਕਾਰਨ ਗੋਡੇ-ਗੋਡੇ ਪਾਣੀ ਵਿੱਚ ਡੁੱਬ ਕੇ ਚਾਂਦੀ ਰੰਗੀ ਹੋ ਚੁੱਕੀ ਹੈ। ਵਿਦਰਭ ਦੇ ਇਲਾਕੇ ਵਿੱਚ ਵਿਜੈ ਮਾਰੋਤਰ ਦੀ ਕਪਾਹ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। 25 ਸਾਲਾ ਵਿਜੈ ਕਹਿੰਦੇ ਹਨ,''ਮੈਂ ਇਸ ਫ਼ਸਲ ਵਿੱਚ ਕਰੀਬ 1.25 ਲੱਖ ਰੁਪਏ ਲਾਏ ਸਨ। ਮੇਰੀ ਫ਼ਸਲ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।'' ਸਾਲ 2022 ਦਾ ਸਤੰਬਰ ਮਹੀਨਾ ਸੀ ਤੇ ਵਿਜੈ ਵਾਸਤੇ ਖੇਤੀ ਦਾ ਪਹਿਲਾ ਸੀਜ਼ਨ ਵੀ। ਮੰਦਭਾਗੀਂ ਅਜਿਹਾ ਕੋਈ ਨਹੀਂ ਸੀ ਜਿਹਦੇ ਨਾਲ਼ ਵਿਜੈ ਆਪਣੇ ਦੁੱਖ ਵੰਡ ਪਾਉਂਦੇ।
ਉਨ੍ਹਾਂ ਦੇ ਪਿਤਾ ਘਣਸ਼ਿਆਮ ਮਾਰੋਤਰ ਨੇ ਪੰਜ ਮਹੀਨੇ ਪਹਿਲਾਂ ਹੀ ਆਤਮਹੱਤਿਆ ਕਰ ਲਈ ਸੀ ਤੇ ਉਨ੍ਹਾਂ ਦੀ ਮਾਂ ਕੋਈ ਦੋ ਸਾਲ ਪਹਿਲਾਂ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਨਾ ਰਹੀ। ਮੌਸਮ ਦੀ ਬੇਯਕੀਨੀ ਅਤੇ ਕਰਜੇ ਦੇ ਵੱਧਦੇ ਭਾਰ ਕਾਰਨ ਉਨ੍ਹਾਂ ਦੇ ਮਾਪੇ ਡੂੰਘੇ ਤਣਾਓ ਤੇ ਚਿੰਤਾ ਦੀ ਹਾਲਤ ਦਾ ਸਾਹਮਣਾ ਕਰ ਰਹੇ ਸਨ। ਵਿਦਰਭ ਇਲਾਕੇ ਦੇ ਹੋਰ ਕਾਫ਼ੀ ਕਿਸਾਨ ਵੀ ਇਨ੍ਹਾਂ ਮਾਨਸਿਕ ਪਰੇਸ਼ਾਨੀਆਂ ਵਿੱਚੋਂ ਦੀ ਲੰਘ ਰਹੇ ਸਨ ਤੇ ਉਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ਼ ਪਾ ਰਹੀ ਸੀ।
ਹਾਲਾਂਕਿ, ਵਿਜੈ ਜਾਣਦੇ ਸਨ ਕਿ ਆਪਣੇ ਪਿਤਾ ਵਾਂਗਰ ਦਿਲ ਛੱਡਿਆਂ ਉਨ੍ਹਾਂ ਦਾ ਕੰਮ ਨਹੀਂ ਚੱਲ਼ਣ ਵਾਲ਼ਾ। ਅਗਲੇ ਦੋ ਮਹੀਨਿਆਂ ਤੱਕ ਉਨ੍ਹਾਂ ਨੇ ਖ਼ੁਦ ਨੂੰ ਖੇਤ ਵਿੱਚੋਂ ਪਾਣੀ ਕੱਢਣ ਦੇ ਕੰਮ ਵਿੱਚ ਲਾਈ ਰੱਖਿਆ। ਰੋਜ਼ ਦੋ ਘੰਟੇ ਬਾਲਟੀ ਫੜ੍ਹੀ ਖੇਤ ਵਿੱਚੋਂ ਚਿੱਕੜ (ਪਾਣੀ) ਕੱਢਣ ਵਿੱਚ ਮਸ਼ਰੂਫ਼ ਰਹੇ। ਉਨ੍ਹਾਂ ਨੇ ਆਪਣੀ ਟ੍ਰੈਕ ਪੈਂਟ ਗੋਡਿਆਂ ਤੀਕਰ ਚੜ੍ਹਾਈ ਹੁੰਦੀ ਤੇ ਉਨ੍ਹਾਂ ਦੀ ਟੀ-ਸ਼ਰਟ ਮੁੜ੍ਹਕੇ ਨਾਲ਼ ਗੜੁੱਚ ਹੁੰਦੀ। ਹੱਥੀਂ ਪਾਣੀ ਕੱਢਦਿਆਂ ਲੱਕ ਦੂਹਰਾ ਹੁੰਦਾ ਜਾਂਦਾ। ਵਿਜੈ ਦੱਸਦੇ ਹਨ,''ਮੇਰਾ ਖੇਤ ਢਲ਼ਾਣ 'ਤੇ ਹੈ। ਇਸਲਈ ਵੱਧ ਮੀਂਹ ਪੈਣ ਨਾਲ਼ ਮੈਂ ਵੱਧ ਪ੍ਰਭਾਵਤ ਹੁੰਦਾ ਹਾਂ। ਨੇੜਲੇ ਖੇਤਾਂ ਦਾ ਪਾਣੀ ਵੀ ਮੇਰੇ ਹੀ ਖੇਤ ਵਿੱਚ ਆ ਵੜ੍ਹਦਾ ਹੈ ਤੇ ਇਸ ਸਮੱਸਿਆਂ ਵਿੱਚੋਂ ਨਿਕਲ਼ ਸਕਣਾ ਮੁਸ਼ਕਲ ਕੰਮ ਹੈ।'' ਇਸ ਤਜ਼ਰਬੇ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੋਇਆ ਹੈ।
ਵਿਤੋਂਵੱਧ ਮੀਂਹ, ਲੰਬੇ ਸਮੇਂ ਤੱਕ ਸੋਕਾ ਤੇ ਗੜ੍ਹੇਮਾਰੀ ਜਿਹੀ ਮੌਸਮ ਦੀ ਮਾਰ ਨੇ ਜਦੋਂ ਖੇਤੀ ਨੂੰ ਭਿਅੰਕਰ ਸੰਕਟ ਨਾਲ਼ ਜੂਝਣਾ ਪੈਂਦਾ ਹੋਵੇ, ਤਦ ਮਾਨਸਿਕ ਸਿਹਤ ਜਿਹੇ ਗੰਭੀਰ ਮੁੱਦਿਆਂ ਨੂੰ ਸਰਕਾਰ ਵੱਲ਼ੋਂ ਅੱਖੋਂ-ਪਰੋਖੇ ਕੀਤਾ ਜਾਣਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾਉਣ ਦਾ ਹੀ ਕੰਮ ਕਰਦਾ ਹੈ (ਪੜ੍ਹੋ- ਵਿਦਰਭ ਵਿਖੇ: ਖੇਤੀ ਸੰਕਟ ਸਿਰਫ਼ ਖੇਤੀ ਦਾ ਸੰਕਟ ਨਹੀਂ ਮਾਨਸਿਕ ਸੰਕਟ ਵੀ ਹੈ )। ਮਾਨਸਿਕ ਤਣਾਵਾਂ ਤੇ ਮਾਨਸਿਕ ਸੰਤੁਲਨ ਦੇ ਵਿਗਾੜ ਨਾਲ਼ ਜੂਝ ਰਹੇ ਲੋਕਾਂ ਤੱਕ ਮਾਨਸਿਕ ਸਿਹਤ ਐਕਟ, 2017 ਤਹਿਤ ਮਿਲ਼ਣ ਵਾਲ਼ੀਆਂ ਸਿਹਤ ਸੇਵਾਵਾਂ ਦੀ ਕੋਈ ਸੂਚਨਾ ਜਾਂ ਉਸ ਨਾਲ਼ ਜੁੜੇ ਪ੍ਰੋਵੀਜ਼ਨਾਂ ਦੀ ਕੋਈ ਜਾਣਕਾਰੀ ਵਿਜੈ ਜਾਂ ਉਨ੍ਹਾਂ ਦੇ ਪਿਤਾ, ਘਣਸ਼ਿਆਮ ਨੂੰ ਕਦੇ ਨਾ ਮਿਲ਼ ਸਕੀ। ਨਾ ਹੀ ਕਦੇ ਉਨ੍ਹਾਂ ਨੂੰ 1996 ਵਿੱਚ ਸ਼ੁਰੂ ਹੋਏ ਜ਼ਿਲ੍ਹਾ ਮਾਨਸਿਕ ਸਿਹਤ ਯੋਜਨਾ ਤਹਿਤ ਅਯੋਜਿਤ ਸਿਹਤ ਕੈਂਪਾਂ ਵਿੱਚ ਹੀ ਲਿਜਾਇਆ ਗਿਆ।
ਨਵੰਬਰ 2014 ਵਿੱਚ ਮਹਾਰਾਸ਼ਟਰ ਸਰਕਾਰ ਨੇ 'ਪ੍ਰੇਰਣਾ ਪ੍ਰਕਲਪ ਫਾਰਮਰ ਕਾਊਂਸਲਿੰਗ ਹੈਲਥ ਸਰਵਿਸ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਸੀ। ਇਹ ਪਹਿਲ ਜ਼ਿਲ੍ਹਾ ਕਲੈਕਟਰ ਦਫ਼ਤਰ ਤੇ ਯਵਤਮਾਲ ਦੇ ਇੱਕ ਗ਼ੈਰ-ਸਰਕਾਰੀ ਸੰਗਠਨ ਇੰਦਰਾਬਾਈ ਸੀਤਾਰਾਮ ਦੇਸ਼ਮੁਖ ਬਹੁ-ਉਦੇਸ਼ੀ ਸੰਸਥਾ ਜ਼ਰੀਏ ਹੋਈ ਤੇ ਇਹਦਾ ਟੀਚਾ ਪੇਂਡੂ ਇਲਾਕਿਆਂ ਵਿਖੇ ਇਲਾਜ ਦੀਆਂ ਕਮੀਆਂ ਨੂੰ ਨਿੱਜੀ-ਜਨਤਕ (ਸਿਵਲ ਸੋਸਾਇਟੀ) ਸਾਂਝੇਦਾਰੀ ਦੇ ਮਾਡਲ ਦੀ ਤਰਜ਼ 'ਤੇ ਪੂਰਾ ਕਰਨਾ ਹੈ। ਪਰ 2022 ਵਿੱਚ ਜਦੋਂ ਵਿਜੈ ਨੇ ਆਪਣੇ ਪਿਤਾ ਨੂੰ ਗੁਆਇਆ, ਉਦੋਂ ਤੱਕ ਉਸ ਅਖੌਤੀ ਰੂਪ ਵਿੱਚ ਚਰਚਾ ਵਿੱਚ ਆਈ ਪ੍ਰੇਰਣਾ ਯੋਜਨਾ ਦੀ ਹਵਾ ਵੀ ਨਿਕਲ਼ ਚੁੱਕੀ ਸੀ।
ਇਸ ਇਲਾਕੇ ਦੇ ਮੰਨੇ-ਪ੍ਰਮੰਨੇ ਮਨੋਵਿਗਿਆਨੀ ਪ੍ਰਸ਼ਾਤ ਚੱਕਰਵਾਰ, ਜਿਨ੍ਹਾਂ ਨੇ ਇਸ ਪ੍ਰੋਜੈਕਟ ਦੀ ਕਲਪਨਾ ਕੀਤੀ ਸੀ, ਕਹਿੰਦੇ ਹਨ,''ਅਸੀਂ ਰਾਜ ਸਰਕਾਰ ਨੂੰ ਸੰਕਟ ਤੋਂ ਰਾਹਤ ਦੀ ਬਹੁ-ਅਯਾਮੀ ਰਣਨੀਤੀ ਮੁਹੱਈਆ ਕਰਵਾਈ ਸੀ। ਅਸੀਂ ਆਪਣਾ ਪੂਰਾ ਧਿਆਨ ਪ੍ਰੋਜੈਕਟ ਨੂੰ ਅਮਲੀ-ਜਾਮਾ ਪਾਉਣ ਵਿੱਚ ਲਾਇਆ ਹੋਇਆ ਸੀ ਤੇ ਭਾਵਨਾਤਮਕ ਰੂਪ ਨਾਲ਼ ਸਿੱਖਿਅਤ ਹੋਏ ਉਨ੍ਹਾਂ ਕਾਰਕੁੰਨਾਂ ਨੂੰ ਟ੍ਰੇਨਿੰਗ ਦਿੱਤੀ ਜੋ ਗੰਭੀਰ ਮਾਮਲਿਆਂ ਦੀ ਪਛਾਣ ਕਰਕੇ ਉਹਦੀ ਰਿਪੋਰਟ ਜ਼ਿਲ੍ਹਾ ਕਮੇਟੀ ਨੂੰ ਦੇ ਦਿੰਦੇ ਸਨ। ਅਸੀਂ ਇਸ ਮਾਮਲੇ ਵਿੱਚ 'ਆਸ਼ਾ' ਵਰਕਰਾਂ ਦੀ ਵੀ ਮਦਦ ਲਈ, ਕਿਉਂਕਿ ਉਹ ਭਾਈਚਾਰੇ ਦੇ ਸਿੱਧੇ ਸੰਪਰਕ ਵਿੱਚ ਰਹਿੰਦੀਆਂ ਹਨ। ਸਲਾਹ ਤੋਂ ਇਲਾਵਾ ਸਾਡੇ ਯਤਨਾਂ ਵਿੱਚ ਇਲਾਜ ਤੇ ਦਵਾਈਆਂ ਵੀ ਸ਼ਾਮਲ ਸਨ।''
ਸਾਲ 2016 ਵਿੱਚ ਯਵਤਮਾਲ ਵਿਖੇ ਇਸ ਯੋਜਨਾ ਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਆਏ ਤੇ ਹੋਰ ਸੰਕਟਗ੍ਰਸਤ ਇਲਾਕਿਆਂ ਦੇ ਮੁਕਾਬਲੇ ਆਤਮਹੱਤਿਆ ਦੇ ਮਾਮਲਿਆਂ ਵਿੱਚ ਚੰਗੀ ਗਿਰਾਵਟ ਦੇਖਣ ਨੂੰ ਮਿਲ਼ੀ। ਰਾਜ ਦੇ ਅੰਕੜੇ ਦੱਸਦੇ ਹਨ ਕਿ 2016 ਤੋਂ ਪਹਿਲਾਂ ਤਿੰਨ ਮਹੀਨਿਆਂ ਵਿੱਚ ਆਤਮਹੱਤਿਆ ਕਰਨ ਵਾਲ਼ਿਆਂ ਦੀ ਗਿਣਤੀ ਬੀਤੇ ਸਾਲ ਦੇ ਉਸੇ ਵਕਫ਼ੇ ਦੇ 96 ਦੇ ਅੰਕੜੇ ਤੋਂ ਘੱਟ ਕੇ 48 ਹੋ ਗਈ। ਹੋਰ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਖੇਤੀ ਨਾਲ਼ ਜੁੜੀਆਂ ਆਤਮਹੱਤਿਆਵਾਂ ਦੀ ਗਿਣਤੀ ਵਿੱਚ ਜਾਂ ਤਾਂ ਵਾਧਾ ਹੋਇਆ ਜਾਂ ਫਿਰ ਗਿਣਤੀ ਓਨੀ ਹੀ ਰਹੀ। ਯਵਤਮਾਲ ਦੀ ਇਸ ਸਫ਼ਲਤਾ ਨੇ ਉਸੇ ਸਾਲ ਪ੍ਰੇਰਣਾ ਪ੍ਰੋਜੈਕਟ ਨੂੰ ਤੇਰ੍ਹਾਂ ਹੋਰਨਾਂ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਵੀ ਲਾਗੂ ਕਰਨ ਲਈ ਸਰਕਾਰ ਨੂੰ ਪ੍ਰੋਤਸਾਹਤ ਕੀਤਾ।
ਹਾਲਾਂਕਿ, ਇਹ ਪ੍ਰੋਜੈਕਟ ਅਤੇ ਇਹਦੀ ਸਫ਼ਲਤਾ ਵੱਧ ਦਿਨਾਂ ਤੱਕ ਜਾਰੀ ਨਾ ਰਹੀ ਤੇ ਦੇਖਦੇ ਹੀ ਦੇਖਦੇ ਇਹਦਾ ਅਸਰ ਵੀ ਮੁੱਕਦਾ ਚਲਾ ਗਿਆ।
ਚੱਕਰਵਾਰ ਕਹਿੰਦੇ ਹਨ,''ਪ੍ਰੋਜੈਕਟ ਦੀ ਸ਼ੁਰੂਆਤ ਇਸ ਲਈ ਚੰਗੀ ਰਹੀ ਕਿ ਸਿਵਲ ਸੋਸਾਇਟੀ ਨੂੰ ਨੌਕਰਸ਼ਾਹੀ ਦੀ ਚੰਗੀ ਮਦਦ ਮਿਲ਼ੀ। ਇਹ ਇੱਕ ਨਿੱਜੀ-ਜਨਤਕ ਸਾਂਝੇਦਾਰੀ ਸੀ। ਪੂਰੇ ਰਾਜ ਅੰਦਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਬਾਅਦ ਛੇਤੀ ਹੀ ਪ੍ਰਸ਼ਾਸਨਿਕ ਅਤੇ ਤਾਲਮੇਲ (ਕੋਆਰਡੀਨੇਸ਼ਨ) ਨਾਲ਼ ਜੁੜੇ ਮਾਮਲਿਆਂ ਉਭਰਣ ਲੱਗੇ। ਆਖ਼ਰਕਾਰ ਸਿਵਲ ਸੋਸਾਇਟੀ ਸੰਗਠਨਾਂ ਨੇ ਵੀ ਇੱਕ-ਇੱਕ ਕਰਕੇ ਆਪਣੇ ਹੱਥ ਖਿੱਚ ਲਏ ਤੇ ਪ੍ਰੇਰਣਾ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ਼ ਇੱਕ ਸਰਕਾਰੀ ਕੰਟਰੋਲ ਪ੍ਰੋਗਰਾਮ ਬਣ ਕੇ ਰਹਿ ਗਿਆ, ਜਿਹਨੇ ਵਿਵਹਾਰ ਦੇ ਪੱਧਰ 'ਤੇ ਆਪਣੇ ਪ੍ਰਭਾਵ ਗੁਆ ਲਏ ਸਨ।''
ਇਸ ਪ੍ਰੋਜੈਕਟ ਨੇ 'ਆਸ਼ਾ' ਵਰਕਰਾਂ ਦੀ ਮਦਦ ਇਸਲਈ ਵੀ ਲਈ ਸੀ, ਤਾਂਕਿ ਤਣਾਓ ਤੇ ਨਿਰਾਸ਼ਾ ਦੇ ਸੰਭਾਵਤ ਮਰੀਜ਼ਾਂ ਦੀ ਭਾਲ਼ ਕੀਤੀ ਜਾ ਸਕੇ ਤੇ ਇਸ ਵਾਧੂ ਦੀ ਜ਼ਿੰਮੇਦਾਰੀ ਬਦਲੇ ਵਰਕਰਾਂ ਨੂੰ ਵਾਧੂ ਭੱਤੇ ਵਗੈਰਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਜਦੋਂ ਸਰਕਾਰ ਨੇ ਉਨ੍ਹਾਂ ਦੀ ਵਾਧੂ ਰਾਸ਼ੀ ਦਾ ਭੁਗਤਾਨ ਕਰਨ ਵਿੱਚ ਦੇਰੀ ਕੀਤੀ, ਤਦ ਆਸ਼ਾ ਵਰਕਰਾਂ ਨੇ ਵੀ ਇਸ ਕੰਮ ਵਿੱਚ ਰੁਚੀ ਲੈਣੀ ਬੰਦ ਕਰ ਦਿੱਤੀ। ਚੱਕਰਵਾਲ ਮੁਤਾਬਕ,''ਅਤੇ ਫਿਰ, ਆਪਣੇ ਇਲਾਕੇ ਵਿੱਚ ਸਹੀ ਢੰਗ ਨਾਲ਼ ਜ਼ਮੀਨੀ ਸਰਵੇਖਣ ਕਰਨ ਦੀ ਥਾਂ ਉਨ੍ਹਾਂ ਨੇ ਫ਼ਰਜ਼ੀ ਮਾਮਲਿਆਂ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ।''
ਸਾਲ 2022 ਵਿੱਚ ਜਿਸ ਸਮੇਂ ਘਣਸ਼ਿਆਮ ਮਾਰੋਤਰ ਦੀ ਆਤਮਹੱਤਿਆ ਨਾਲ਼ ਮੌਤ ਹੋਈ, ਉਸੇ ਸਮੇਂ ਤੱਕ ਪ੍ਰੇਰਣਾ ਪ੍ਰੋਜੈਕਟ ਸਰਕਾਰ ਦਾ ਇੱਕ ਅਸਫ਼ਲਤ ਪ੍ਰੋਜੈਕਟ ਬਣ ਚੁੱਕਿਆ ਸੀ। ਜ਼ਿਆਦਾਤਰ ਮਨੋਵਿਗਿਆਨਕ ਤੇ ਹੋਰ ਪੇਸ਼ੇਵਰਾਂ ਦੇ ਪਦ ਖਾਲੀ ਪਏ ਸਨ। ਮੁਕਾਮੀ ਸਵੈ-ਸੇਵੀ ਤੇ ਟ੍ਰੇਂਡ ਆਸ਼ਾ ਵਰਕਰਾਂ ਨੇ ਵੀ ਪ੍ਰੋਜੈਕਟ ਵਿੱਚ ਰੁਚੀ ਲੈਣੀ ਲਗਭਗ ਬੰਦ ਹੀ ਕਰ ਦਿੱਤੀ ਸੀ। ਦੂਜੇ ਪਾਸੇ, ਯਵਤਮਾਲ ਵਿਖੇ ਕਿਸਾਨ ਫਿਰ ਤੋਂ ਖੇਤੀ ਸਬੰਧੀ ਔਖ਼ਿਆਈਆਂ ਨਾਲ਼ ਘਿਰੇ ਦਿੱਸਣ ਲੱਗੇ, ਜਿਨ੍ਹਾਂ ਤੋਂ ਤੰਗ ਆ ਕੇ ਉਸ ਸਾਲ ਉੱਥੇ ਕੋਈ 355 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ।
ਮਾਨਸਿਕ ਸਿਹਤ ਨਾਲ਼ ਜੁੜੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਵਿੱਚ ਸਰਕਾਰ ਦੀ ਨਾਕਾਮੀ ਦਾ ਸਿੱਧਾ ਅਰਥ ਸੀ ਕਿ ਇਸ ਇਲਾਕੇ ਵਿੱਚ ਇੱਕ ਤੋਂ ਵੱਧ ਗ਼ੈਰ-ਲਾਭਕਾਰੀ ਸੰਗਠਨਾਂ ਦੀ ਘੁਸਪੈਠ ਹੋ ਚੁੱਕੀ ਸੀ। ਟਾਟਾ ਟ੍ਰਸਟ ਨੇ ਮਾਰਚ 2016 ਤੋਂ ਜੂਨ 2019 ਤੱਕ ਯਵਤਮਾਲ ਅਤੇ ਘਾਟੰਜੀ ਤਾਲੁਕਾ ਦੇ 64 ਪਿੰਡਾਂ ਵਿੱਚੋਂ 'ਵਿਦਰਭ ਸਾਈਕੋਲਾਜਿਸਟ ਸਪੋਰਟ ਐਂਡ ਕੇਅਰ ਪ੍ਰੋਗਰਾਮ' ਨਾਮ ਦੇ ਇੱਕ ਪਾਇਲਟ ਪ੍ਰੋਜੈਕਟ ਚਾਲੂ ਕੀਤਾ। ਪ੍ਰੋਜੈਕਟ ਦੇ ਪ੍ਰਮੁਖ ਪ੍ਰਫੁਲ ਕਾਪਸੇ ਕਹਿੰਦੇ ਹਨ,''ਸਾਡੀ ਪਹਿਲ ਨੇ ਲੋਕਾਂ ਵਿੱਚ ਮਦਦ ਮੰਗਣ ਦੀ ਮਾਨਸਿਕਤਾ ਨੂੰ ਹੱਲ੍ਹਾਸ਼ੇਰੀ ਦਿੱਤੀ। ਸਾਡੇ ਕੋਲ਼ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਵੱਧ ਲੋਕ ਆਉਣ ਲੱਗੇ, ਜਦੋਂਕਿ ਪਹਿਲਾਂ ਉਹ ਮਾਨਸਿਕ ਰੋਗਾਂ ਦਾ ਇਲਾਜ ਕਰਵਾਉਣ ਲਈ ਤਾਂਤਰਿਕਾਂ ਕੋਲ਼ ਜਾਇਆ ਕਰਦੇ ਸਨ।''
ਸਾਲ 2018 ਦੇ ਖਰੀਫ਼ ਦੇ ਮੌਸਮ ਵਿੱਚ, ਟਾਟਾ ਟ੍ਰਸਟ ਦੇ ਇੱਕ ਮਨੋਵਿਗਿਆਨੀ 64 ਸਾਲਾ ਕਿਸਾਨ ਸ਼ੰਕਰ ਪਾਤੰਗਵਾਰ ਤੱਕ ਪਹੁੰਚੇ। ਸ਼ੰਕਰ ਦਾਦਾ ਦੇ ਕੋਲ਼ ਘਾਟੰਜੀ ਤਾਲੁਕਾ ਦੇ ਹਾਤਗਾਓਂ ਵਿਖੇ ਤਿੰਨ ਏਕੜ ਖੇਤੀ ਯੋਗ ਜ਼ਮੀਨ ਸੀ। ਉਹ ਅਵਸਾਦ ਨਾਲ਼ ਜੂਝ ਰਹੇ ਸਨ ਤੇ ਉਨ੍ਹਾਂ ਦਾ ਦਿਮਾਗ਼ ਬਾਰ-ਬਾਰ ਆਤਮਹੱਤਿਆ ਦੇ ਵਿਚਾਰਾਂ ਨੂੰ ਉਪਜਾਉਂਦਾ ਰਹਿੰਦਾ। ਉਹ ਚੇਤੇ ਕਰਦੇ ਹਨ,''ਮੈਂ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਆਪਣਾ ਖੇਤ ਨਹੀਂ ਦੇਖਿਆ ਸੀ। ਮੈਂ ਕਈ-ਕਈ ਦਿਨ ਆਪਣੀ ਝੌਂਪੜੀ ਵਿੱਚ ਸੁੱਤਾ ਰਹਿੰਦਾ। ਮੈਂ ਪੂਰੀ ਜ਼ਿੰਦਗੀ ਇੱਕ ਕਿਸਾਨ ਦੇ ਰੂਪ ਵਿੱਚ ਲੰਘਾ ਛੱਡੀ ਤੇ ਮੈਨੂੰ ਚੇਤੇ ਨਹੀਂ ਕਿ ਕਦੇ ਵੀ ਇੰਨਾ ਲੰਬਾ ਸਮਾਂ ਮੈਂ ਆਪਣੇ ਖੇਤ ਨੂੰ ਦੇਖੇ ਬਗ਼ੈਰ ਕੱਢਿਆ ਹੋਊ। ਜਦੋਂ ਅਸੀਂ ਆਪਣੀ ਆਤਮਾ ਤੇ ਦਿਲ ਭਾਵ ਆਪਣਾ ਸਾਰਾ ਕੁਝ ਖੇਤਾਂ ਹਵਾਲੇ ਕਰ ਦਿੰਦੇ ਹੋਈਏ ਤੇ ਬਦਲੇ ਵਿੱਚ ਤੁਹਾਨੂੰ ਕੁਝ ਪੱਲੇ ਨਾ ਪਵੇ ਤਾਂ ਤੁਸੀਂ ਤਣਾਓ ਤੋਂ ਬੱਚ ਹੀ ਕਿਵੇਂ ਸਕਦੇ ਹੋ?''
ਦੋ-ਤਿੰਨ ਮੌਸਮਾਂ ਵਿੱਚ, ਸ਼ੰਕਰ ਨੂੰ ਆਪਣੇ ਖੇਤ ਵਿੱਚ ਕਪਾਹ ਅਤੇ ਅਰਹਰ (ਤੂਰ) ਉਗਾਉਣ ਨਾਲ਼ ਭਾਰੀ ਨੁਕਸਾਨ ਹੋਇਆ ਸੀ। ਮਈ 2018 ਵਿੱਚ, ਫ਼ਸਲ ਨੂੰ ਦੁਬਾਰਾ ਉਗਾਉਣ ਦੀ ਤਿਆਰੀ ਕਰਨ ਦਾ ਵਿਚਾਰ ਡਰਾਉਣਾ ਸੀ। ਉਨ੍ਹਾਂ ਨੂੰ ਫਸਲਾਂ ਉਗਾਉਣ ਦਾ ਕੋਈ ਮਤਲਬ ਨਜ਼ਰ ਨਹੀਂ ਆਇਆ। "ਮੈਂ ਆਪਣੇ-ਆਪ ਨੂੰ ਕਿਹਾ ਕਿ ਉਮੀਦ ਨਾ ਗੁਆ ਬਹੀਂ। ਜੇ ਮੈਂ ਹੀ ਢਹਿ-ਢੇਰੀ ਹੋ ਗਿਆਂ ਤਾਂ ਸਾਡਾ ਸਾਰਾ ਪਰਿਵਾਰ ਵੀ ਢਹਿ-ਢੇਰੀ ਹੋ ਜਾਣਾ ਸੀ," ਬਜ਼ੁਰਗ ਕਿਸਾਨ ਕਹਿੰਦਾ ਹੈ।
ਸ਼ੰਕਰ ਪੰਤੰਗਵਾਰ ਦੀ ਪਤਨੀ ਅਨੁਸ਼ਿਆ ਦੀ ਉਮਰ 60 ਸਾਲ ਹੈ ਅਤੇ ਉਹ ਖ਼ਰਾਬ ਮੌਸਮ ਕਾਰਨ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੀ ਹਨ। ਉਨ੍ਹਾਂ ਦੇ ਦੋ ਬੱਚੇ ਹਨ ਅਤੇ ਵੱਡੀ ਬੇਟੀ ਰੇਣੁਕਾ (22) ਵਿਆਹੀ ਹੋਈ ਹੈ ਅਤੇ ਉਨ੍ਹਾਂ ਦੇ 20 ਸਾਲਾ ਬੇਟੇ ਨੂੰ ਬੌਧਿਕ ਅਪੰਗਤਾ ਹੈ। ਜਿਵੇਂ ਹੀ 2018 ਦਾ ਸਾਉਣੀ ਦਾ ਮੌਸਮ ਨੇੜੇ ਆ ਰਿਹਾ ਸੀ, ਸ਼ੰਕਰ ਨੇ ਆਪਣੇ ਅੰਦਰੂਨੀ ਡਰਾਂ ਨਾਲ਼ ਲੜਨ ਦਾ ਫੈਸਲਾ ਕੀਤਾ।
ਇਸੇ ਦੌਰਾਨ ਉਹ ਇੱਕ ਮਨੋਵਿਗਿਆਨੀ ਦੇ ਸੰਪਰਕ ਵਿੱਚ ਆਏ। ਉਹ ਯਾਦ ਕਰਦੇ ਹਨ, "ਉਹ ਮੇਰੇ ਨਾਲ਼ ਤਿੰਨ-ਚਾਰ ਘੰਟੇ ਆ ਕੇ ਬੈਠਦਾ ਸੀ। ਮੈਂ ਉਨ੍ਹਾਂ ਨੂੰ ਉਹ ਸਾਰੀਆਂ ਸਮੱਸਿਆਵਾਂ ਦੱਸਦਾ ਸੀ, ਜਿਹੜੀਆਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ। ਮੈਂ ਆਪਣਾ ਦਿਲ ਫਰੋਲਿਆ ਤੇ ਬੁਰੇ ਸਮਿਆਂ ਵਿੱਚੋਂ ਬਾਹਰ ਆ ਗਿਆ।" ਅਗਲੇ ਕੁਝ ਮਹੀਨਿਆਂ ਵਿੱਚ ਨਿਯਮਿਤ ਮੁਲਾਕਾਤਾਂ ਉਨ੍ਹਾਂ ਨੂੰ ਉਹ ਰਾਹਤ ਦੇ ਰਹੀਆਂ ਸਨ, ਜਿਸ ਦੀ ਉਨ੍ਹਾਂ ਨੂੰ ਲੋੜ ਸੀ। "ਮੈਂ ਉਸ ਨਾਲ਼ ਖੁੱਲ੍ਹ ਕੇ ਗੱਲ ਕਰਦਾ ਸੀ,'' ਉਹ ਦੱਸਦੇ ਹਨ, "ਬਿਨਾਂ ਝਿਜਕਿਆਂ ਕਿਸੇ ਨਾਲ਼ ਗੱਲ ਕਰਨਾ ਸੱਚਮੁੱਚ ਸੁਖਦ ਅਨੁਭਵ ਹੁੰਦਾ ਹੈ। ਜੇ ਮੈਂ ਇਹ ਸਭ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ਼ ਸਾਂਝਾ ਕੀਤਾ ਹੁੰਦਾ, ਤਾਂ ਉਨ੍ਹਾਂ ਦਬਾਅ ਵਿੱਚ ਆ ਜਾਣਾ ਸੀ।"
ਹੌਲ਼ੀ-ਹੌਲ਼ੀ ਸ਼ੰਕਰ ਨੂੰ ਹਰ ਦੋ ਮਹੀਨਿਆਂ ਬਾਅਦ ਇਸ ਗੱਲਬਾਤ ਦੀ ਉਡੀਕ ਰਹਿਣ ਲੱਗੀ। ਪਰ ਇਹ ਉਡੀਕ ਇੱਕ ਦਿਨ ਅਚਾਨਕ ਬੰਦ ਹੋ ਗਈ- ਉਹ ਵੀ ਉਨ੍ਹਾਂ ਨੂੰ ਬਗ਼ੈਰ ਦੱਸਿਆਂ। ਕਾਪਸੇ ਕਹਿੰਦੇ ਹਨ, ''ਹੋ ਸਕਦਾ ਹੈ ਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਇਹ ਬੰਦ ਹੋ ਗਿਆ ਹੋਵੇ।''
ਉਨ੍ਹਾਂ ਦੀ ਆਖਰੀ ਫੇਰੀ 'ਤੇ ਨਾ ਤਾਂ ਮਨੋਵਿਗਿਆਨੀਆਂ ਨੂੰ ਅਤੇ ਨਾ ਹੀ ਸ਼ੰਕਰ ਨੂੰ ਪਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਫੇਰੀ ਸੀ। ਸ਼ੰਕਰ ਅਜੇ ਵੀ ਇਹ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਨ। ਉਹ ਇਸ ਦੇ ਲਈ ਪ੍ਰਾਰਥਨਾ ਕਰਦੇ ਹਨ। ਫਿਲਹਾਲ ਉਨ੍ਹਾਂ ਨੇ 5 ਫੀਸਦੀ ਪ੍ਰਤੀ ਮਹੀਨਾ ਜਾਂ 60 ਫੀਸਦੀ ਸਾਲਾਨਾ ਦੀ ਵਿਆਜ ਦਰ ਨਾਲ਼ 50,000 ਰੁਪਏ ਉਧਾਰ ਲਏ ਹਨ ਅਤੇ ਇਸ ਬਾਰੇ ਕਿਸੇ ਨਾਲ਼ ਗੱਲ ਕਰਕੇ ਦਿਲ ਹੌਲ਼ਾ ਕਰਨਾ ਚਾਹੁੰਦੇ ਹਨ। ਪਰ ਹੁਣ ਉਨ੍ਹਾਂ ਕੋਲ਼ ਇੱਕੋ ਇੱਕ ਵਿਕਲਪ ਬਚਿਆ ਹੈ ਕਿ ਉਹ ਮਾਨਸਿਕ ਸਿਹਤ ਦੇ ਮੁੱਦਿਆਂ ਲਈ ਟੋਲ-ਫ੍ਰੀ ਸਰਕਾਰੀ ਹੈਲਪਲਾਈਨ ਨੰਬਰ 104 ਡਾਇਲ ਕਰਨ, ਜਿਸ ਨੂੰ 2014 ਵਿੱਚ ਪੇਸ਼ ਕੀਤਾ ਗਿਆ ਸੀ। ਪਰ ਇਹ ਉਹਨਾਂ ਹੋਰ ਸੇਵਾਵਾਂ ਵਿੱਚੋਂ ਵੀ ਇੱਕ ਹੈ ਜੋ ਮੌਜੂਦ ਤਾਂ ਹਨ ਪਰ ਕੰਮ ਨਹੀਂ ਕਰਦੀਆਂ।
ਸਤੰਬਰ 2022 ਵਿੱਚ, ਇੱਕ ਖੇਤਰੀ ਅਖ਼ਬਾਰ, ਦਿਵਿਆ ਮਰਾਠੀ, ਨੇ ਆਤਮਹੱਤਿਆ ਦਾ ਮਨ ਬਣਾ ਚੁੱਕੇ ਇੱਕ ਦੁਖੀ ਕਿਸਾਨ ਦਾ ਰੂਪ ਧਾਰ ਕੇ ਜਦੋਂ ਹੈਲਪਲਾਈਨ ਨੰਬਰ 104 'ਤੇ ਕਾਲ ਕੀਤੀ ਤਾਂ ਅੱਗਿਓਂ ਜਵਾਬ ਮਿਲ਼ਿਆ ਕਿ ਕਾਊਂਸਲਰ ਅਜੇ ਕਿਸੇ ਦੂਸਰੇ ਮਰੀਜ਼ ਨਾਲ਼ ਗੱਲਬਾਤ ਵਿੱਚ ਮਸ਼ਰੂਫ਼ ਹਨ। ਨੁਮਾਇੰਦੇ ਨੇ ਫ਼ੋਨ ਕਰਨ ਵਾਲ਼ੇ ਕਿਸਾਨ ਨੂੰ ਆਪਣਾ ਨਾਮ, ਸ਼ਹਿਰ ਅਤੇ ਜ਼ਿਲ੍ਹਾ ਲਿਖਾਉਣ ਨੂੰ ਕਿਹਾ ਅਤੇ ਉਸਨੂੰ ਅੱਧੇ ਘੰਟੇ ਬਾਅਦ ਕਾਲ ਕਰਨ ਦੀ ਬੇਨਤੀ ਕੀਤੀ। "ਕਈ ਵਾਰ ਕਾਲ ਕਰਨ ਵਾਲੇ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਪੈਂਦੀ ਹੈ ਜੋ ਉਹਨਾਂ ਦੀ ਗੱਲ ਸੁਣੇ। ਜੇ ਉਹ ਉਨ੍ਹਾਂ ਦੀ ਗੱਲ ਸੁਣ ਲੈਣ ਤਾਂ ਉਹ ਸ਼ਾਂਤ ਹੋ ਸਕਦੇ ਹਨ," ਕਾਪਸ ਕਹਿੰਦੇ ਹਨ। "ਪਰ ਜੇ ਮਦਦ ਦੀ ਮੰਗ ਕਰਨ ਵਾਲੇ ਲੋਕ ਡੂੰਘੀ ਮੁਸੀਬਤ ਵਿੱਚ ਹਨ, ਜਿੱਥੇ ਉਹ ਖੁਦਕੁਸ਼ੀ ਕਰਨ ਜਾ ਰਹੇ ਹੋਣ ਤਾਂ ਸਲਾਹਕਾਰ ਨੂੰ ਮਰੀਜ਼ ਨੂੰ ਸਮਝਾਉਂਦਿਆਂ ਇਸ ਗੱਲ ਲਈ ਰਾਜੀ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ 108 ਐਂਬੂਲੈਂਸ ਸੇਵਾ ਨੂੰ ਕਾਲ ਕਰ ਲਵੇ। ਉਹ ਕਹਿੰਦੇ ਹਨ, "ਹੈਲਪਲਾਈਨ ਦਾ ਪ੍ਰਬੰਧਨ ਕਰਨ ਵਾਲੇ ਸਲਾਹਕਾਰਾਂ ਨੂੰ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।''
ਰਾਜ ਸਰਕਾਰ ਦੇ ਅੰਕੜਿਆਂ ਅਨੁਸਾਰ, ਹੈਲਪਲਾਈਨ ਨੂੰ 2015-16 ਤੋਂ ਲੈ ਕੇ ਹੁਣ ਤੱਕ ਮਹਾਰਾਸ਼ਟਰ ਭਰ ਤੋਂ 13,437 ਕਾਲਾਂ ਪ੍ਰਾਪਤ ਹੋਈਆਂ ਹਨ। ਅਗਲੇ ਚਾਰ ਸਾਲਾਂ ਵਿੱਚ, ਔਸਤਨ, ਪ੍ਰਤੀ ਸਾਲ 9,200 ਕਾਲਾਂ ਆਈਆਂ। ਹਾਲਾਂਕਿ, ਅਜਿਹੇ ਸਮੇਂ ਜਦੋਂ ਮਾਨਸਿਕ ਸਿਹਤ ਸੰਕਟ 2020-21 ਵਿੱਚ ਕੋਵਿਡ -19 ਦੀ ਸ਼ੁਰੂਆਤ ਦੇ ਨਾਲ਼ ਸਿਖਰ 'ਤੇ ਸੀ, ਕਾਲਾਂ ਦੀ ਗਿਣਤੀ ਵਿੱਚ ਨਾਟਕੀ ਗਿਰਾਵਟ ਵੇਖੀ ਗਈ, ਇੱਕ ਸਾਲ ਵਿੱਚ 3,575 ਕਾਲਾਂ ਦੇ ਨਾਲ਼ - ਹੈਰਾਨੀ ਦੀ ਗੱਲ ਹੈ ਕਿ 61 ਪ੍ਰਤੀਸ਼ਤ ਦੀ ਗਿਰਾਵਟ ਆਈ। ਅਗਲੇ ਸਾਲ, ਇਹ ਘਟ ਕੇ 1,963 'ਤੇ ਆ ਗਿਆ - ਜੋ ਕਿ ਪਿਛਲੇ ਚਾਰ ਸਾਲਾਂ ਦੀ ਔਸਤ ਨਾਲੋਂ 78 ਪ੍ਰਤੀਸ਼ਤ ਘੱਟ ਹੈ।
ਦੂਜੇ ਪਾਸੇ, ਪੇਂਡੂ ਖੇਤਰਾਂ ਵਿੱਚ ਸੰਕਟ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ ਅਤੇ ਪੂਰੇ ਮਹਾਰਾਸ਼ਟਰ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵੀ ਉਸੇ ਪੱਧਰ 'ਤੇ ਸੀ। ਮਹਾਰਾਸ਼ਟਰ ਸਰਕਾਰ ਦੇ ਅੰਕੜਿਆਂ ਮੁਤਾਬਕ ਜੁਲਾਈ 2022 ਤੋਂ ਜਨਵਰੀ 2023 ਦੇ ਵਿਚਕਾਰ 1,023 ਕਿਸਾਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜੁਲਾਈ 2022 ਤੋਂ ਪਹਿਲਾਂ ਦੇ ਢਾਈ ਸਾਲਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ 1,660 ਸੀ। ਇਸ ਦਾ ਮਤਲਬ ਹੈ ਕਿ ਕਿਸਾਨਾਂ ਦੀਆਂ ਮੌਤਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।
30 ਅਕਤੂਬਰ, 2022 ਨੂੰ, ਕੇਂਦਰ ਸਰਕਾਰ ਨੇ 104 ਨੰਬਰ ਨੂੰ ਹੌਲ਼ੀ-ਹੌਲ਼ੀ ਬਦਲਣ ਲਈ ਇੱਕ ਨਵੀਂ ਹੈਲਪਲਾਈਨ - 14416 - ਦਾ ਐਲਾਨ ਕੀਤਾ। ਹਾਲਾਂਕਿ ਫਿਲਹਾਲ ਨਵੀਂ ਹੈਲਪਲਾਈਨ ਦੇ ਅਸਰ ਦਾ ਅੰਦਾਜ਼ਾ ਲਗਾਉਣਾ ਜਲਦਬਾਜ਼ੀ 'ਚ ਲਿਆ ਗਿਆ ਫੈਸਲਾ ਲੈਣ ਜਿਹਾ ਹੈ। ਇਹ ਸੰਕਟ ਅੱਜ ਵੀ ਜਾਰੀ ਹੈ।
ਸਤੰਬਰ 2022 ਵਿੱਚ, ਮੀਂਹ ਨੇ ਸ਼ੰਕਰ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਹੁਣ ਉਨ੍ਹਾਂ ਦਾ ਕਰਜ਼ਾ ਵੀ ਵੱਧ ਗਿਆ ਹੈ ਜੋ ਹੁਣ ਇੱਕ ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਹੁਣ ਉਹ ਮਜ਼ਦੂਰੀ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂਕਿ ਆਪਣੀ ਪਤਨੀ ਦੀ ਆਮਦਨੀ ਵਿੱਚ ਕੁਝ ਯੋਗਦਾਨ ਪਾ ਸਕਣ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਕੱਠਿਆਂ ਰਲ਼ ਕੇ 2023 ਦੀ ਅਗਲੀ ਖ਼ਰੀਫ ਦੀ ਫ਼ਸਲ ਲਈ ਪੂੰਜੀ ਇਕੱਠੀ ਕਰ ਸਕਦੇ ਹਨ।
ਅਕਪੁਰੀ ਵਿੱਚ, ਜਿੱਥੇ ਵਿਜੈ ਨੇ ਪਹਿਲਾਂ ਹੀ ਆਪਣੀ ਨਿਕਾਸ ਯੋਜਨਾ ਤਿਆਰ ਕਰ ਲਈ ਹੈ, ਉਨ੍ਹਾਂ ਨੇ ਕਪਾਹ ਉਗਾਉਣ ਨੂੰ ਪੜਾਅਵਾਰ ਤਰੀਕੇ ਨਾਲ਼ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਨੇ ਕਪਾਹ ਦੀ ਬਜਾਏ ਸੋਇਆਬੀਨ ਅਤੇ ਚਨੇ [ਚਾਨਾ] ਵਰਗੀਆਂ ਵਧੇਰੇ ਲਚਕਦਾਰ ਫਸਲਾਂ ਉਗਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਮਾਮੂਲੀ ਜਲਵਾਯੂ ਤਬਦੀਲੀਆਂ ਦਾ ਬਿਹਤਰ ਢੰਗ ਨਾਲ਼ ਸਾਹਮਣਾ ਕਰ ਸਕਦੀਆਂ ਹਨ। ਉਨ੍ਹਾਂ ਨੇ ਇੱਕ ਹਾਰਡਵੇਅਰ ਦੀ ਦੁਕਾਨ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਕ ਮਹੀਨੇ ਵਿੱਚ 10,000 ਰੁਪਏ ਕਮਾਉਂਦੇ ਹਨ। ਉਹ ਐੱਮ.ਏ. ਦੀ ਡਿਗਰੀ ਵੀ ਕਰ ਰਹੇ ਹਨ। ਵਿਜੈ ਆਪਣਾ ਵਿਹਲਾ ਸਮਾਂ ਟੀਵੀ ਦੇਖਣ ਜਾਂ ਖਾਣਾ ਪਕਾਉਣ ਵਿੱਚ ਬਿਤਾਉਂਦੇ ਹਨ।
ਆਪਣੀ 25 ਸਾਲ ਦੀ ਉਮਰ ਦੇ ਹਿਸਾਬ ਨਾਲੋਂ ਕਿਤੇ ਵੱਧ ਹੁਸ਼ਿਆਰ ਵਿਜੈ ਨੂੰ ਇਕੱਲਿਆਂ ਖੇਤ ਅਤੇ ਘਰ ਦੇ ਕੰਮ ਕਰਨੇ ਪੈਂਦੇ ਹਨ। ਵਿਜੈ ਹਮੇਸ਼ਾਂ ਸਾਵਧਾਨ ਰਹਿੰਦੇ ਹਨ ਕਿ ਉਹ ਆਪਣੇ ਵਿਚਾਰਾਂ ਨੂੰ ਇੱਧਰ-ਉੱਧਰ ਭਟਕਣ ਨਾ ਦੇਣ। ਕਿਉਂਕਿ ਜਦੋਂ ਮਨ ਬਹੁਤ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦਾ ਹੈ, ਤਾਂ ਇਕਲਾਪੇ ਵਿੱਚੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ ਨਾਲ਼ ਨਜਿੱਠਣਾ ਮੁਸ਼ਕਲ ਹੁੰਦਾ ਹੈ।
ਉਹ ਕਹਿੰਦੇ ਹਨ, "ਮੈਂ ਸਿਰਫ ਪੈਸੇ ਦੀ ਖਾਤਰ ਨੌਕਰੀ ਸਵੀਕਾਰ ਨਹੀਂ ਕੀਤੀ। ਇਹ ਮੇਰੇ ਦਿਮਾਗ਼ ਨੂੰ ਵਿਅਸਤ ਰੱਖਦਾ ਹੈ। ਮੈਂ ਅਧਿਐਨ ਕਰਨਾ ਚਾਹੁੰਦਾ ਹਾਂ ਅਤੇ ਇੱਕ ਸਥਿਰ ਨੌਕਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ ਤਾਂਕਿ ਮੈਂ ਖੇਤੀ ਦਾ ਕੰਮ ਛੱਡ ਕੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਤੇ ਸੁਖਾਲਾ ਬਣਾ ਸਕਾਂ। ਮੈਂ ਹਰਗਿਜ਼ ਉਹ ਕੰਮ ਨਹੀਂ ਕਰਾਂਗਾ ਜੋ ਮੇਰੇ ਪਿਤਾ ਨੇ ਕੀਤਾ। ਹਾਂ ਪਰ ਮੈਂ ਇਸ ਅਨਿਸ਼ਚਿਤ ਮੌਸਮ ਉੱਤੇ ਭਰੋਸਾ ਕਰ ਕੇ ਆਪਣਾ ਸਾਰਾ ਜੀਵਨ ਬਤੀਤ ਵੀ ਨਹੀਂ ਕਰ ਸਕਦਾ।"
ਪਾਰਥ ਐੱਮ ਐੱਨ ਠਾਕੁਰ ਫੈਮਿਲੀ ਫਾਉਂਡੇਸ਼ਨ ਤੋਂ ਇੱਕ ਸੁਤੰਤਰ ਪੱਤਰਕਾਰੀ ਗ੍ਰਾਂਟ ਰਾਹੀਂ ਜਨਤਕ ਸਿਹਤ ਅਤੇ ਨਾਗਰਿਕ ਆਜ਼ਾਦੀਆਂ ਬਾਰੇ ਰਿਪੋਰਟ ਕਰਦੇ ਹਨ ਹੈ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੇ ਅੰਸ਼ਾਂ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਰੱਖਿਆ ਹੈ।
ਜੇ ਤੁਸੀਂ ਆਤਮਘਾਤੀ ਮਹਿਸੂਸ ਕਰ ਰਹੇ ਹੋ ਜਾਂ ਜੇ ਤੁਸੀਂ ਬਿਪਤਾ ਵਿੱਚ ਕਿਸੇ ਨੂੰ ਜਾਣਦੇ ਹੋ , ਤਾਂ ਕਿਰਪਾ ਕਰਕੇ ਨੈਸ਼ਨਲ ਹੈਲਪਲਾਈਨ ਕਿਰਨ , 1800-599-0019 (24/7 ਟੌਲ-ਫ੍ਰੀ) ' ਤੇ ਕਾਲ ਕਰੋ , ਜਾਂ ਆਪਣੇ ਨੇੜੇ ਇਹਨਾਂ ਹੈਲਪਲਾਈਨਾਂ ਵਿੱਚੋਂ ਕਿਸੇ ਨੂੰ ਵੀ ਕਾਲ ਕਰੋ। ਮਾਨਸਿਕ ਸਿਹਤ ਪੇਸ਼ੇਵਰਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਵਾਸਤੇ , ਕਿਰਪਾ ਕਰਕੇ ਡਾਇਰੈਕਟਰ ਆਫ ਮੈਂਟਲ ਹੈਲਥ , SPIF ਕੋਲ਼ ਜਾਓ।
ਤਰਜਮਾ: ਕਮਲਜੀਤ ਕੌਰ