‘ਗਾਂਧੀ ਅਤੇ ਨਹਿਰੂ ਨੂੰ ਪਤਾ ਲੱਗ ਗਿਆ ਸੀ ਕਿ ਅੰਬੇਡਕਰ ਤੋਂ ਬਿਨਾਂ ਉਹ ਕਾਨੂੰਨ ਅਤੇ ਸੰਵਿਧਾਨ ਨਹੀਂ ਘੜ ਸਕਦੇ।
ਇਸ ਮਕਸਦ ਲਈ ਉਹ ਇਕੱਲਾ ਸਮਰੱਥ ਸੀ।
ਭੂਮਿਕਾ ਵਾਸਤੇ ਉਸਨੇ ਖੈਰ ਨਹੀਂ ਮੰਗੀ।’
ਸ਼ੋਭਾਰਾਮ
ਗਹਿਰਵਾਰ, ਜਾਦੂਗਰ
ਬਸਤੀ, ਅਜਮੇਰ,
ਰਾਜਸਥਾਨ
‘ਅੰਗਰੇਜ਼ਾਂ ਨੇ ਉਸ ਥਾਂ ਘੇਰਾ ਪਾ ਲਿਆ ਜਿੱਥੇ ਉਹ ਬੰਬ ਬਣਾਇਆ ਕਰਦਾ ਸੀ। ਅਜਮੇਰ ਨੇੜੇ ਜੰਗਲ ਵਿੱਚ ਇਹ ਪਹਾੜੀ ਉੱਪਰ ਸੀ। ਨੇੜਿਉਂ ਦੀ ਨਦੀ ਲੰਘਦੀ ਸੀ ਜਿਸ ਵਿੱਚੋਂ ਇੱਕ ਚੀਤਾ ਪਾਣੀ ਪੀਣ ਆਇਆ ਕਰਦਾ। ਚੀਤਾ ਆਉਂਦਾ ਤੇ ਚਲਾ ਜਾਂਦਾ। ਆਉਂਦਾ ਜਾਂਦਾ ਰਹਿੰਦਾ। ਬੇਸ਼ੱਕ ਅਸੀਂ ਕਦੀ ਕਦਾਈ ਹਵਾਈ ਫਾਇਰ ਕਰ ਦਿੰਦੇ ਤਾਂ ਵੀ ਜਾਣ ਗਿਆ ਸੀ ਕੋਈ ਖਤਰਾ ਨਹੀਂ। ਇਹੇ ਵੀ ਹੋ ਸਕਦਾ ਸੀ ਅਸੀਂ ਫਾਇਰ ਕਰ ਵੀ ਦਿੰਦੇ, ਹਵਾਈ ਨਹੀਂ, ਉਸ ਵੱਲ ਸੇਧ ਕੇ।
‘ਪਰ ਉਸ ਦਿਨ ਅੰਗਰੇਜ਼ਾਂ ਨੂੰ ਸੂਹ ਲੱਗ ਗਈ ਸੀ ਤੇ ਸਾਡੀ ਛੁਪਣਗਾਹ ਵੱਲ ਸਰਕਦੇ ਆ ਰਹੇ ਸਨ। ਬਾਈ ਉਨ੍ਹਾਂ ਦਾ ਰਾਜ ਸੀ ਆਖਰ। ਮੈਂ ਨਹੀਂ, ਮੇਰੇ ਸਾਥੀਆਂ ਨੇ ਕੁਝ ਧਮਾਕੇ ਕੀਤੇ। ਮੈਂ ਤਾਂ ਅਜੇ ਬਹੁਤ ਛੋਟਾ ਸਾਂ। ਉਸ ਵੇਲੇ ਚੀਤਾ ਪਾਣੀ ਪੀਣ ਆ ਗਿਆ।
‘ਉਸ ਦਿਨ ਚੀਤੇ ਨੇ ਪਾਣੀ ਤਾਂ ਪੀਤਾ ਨਾ, ਭੱਜਣ ਲੱਗਾ ਤੇ ਭੱਜਿਆ ਵੀ ਅੰਗਰੇਜ਼ੀ ਪੁਲਿਸ ਮਗਰ। ਉਹ ਸਾਰੇ ਅੱਗੇ-ਅੱਗੇ ਭੱਜਣ ਲੱਗੇ। ਉਹ ਅੱਗੇ-ਅੱਗੇ, ਚੀਤਾ ਪਿੱਛੇ-ਪਿੱਛੇ। ਕੁਝ ਪਹਾੜੀ ਤੋਂ ਹੇਠਾਂ ਡਿੱਗ ਪਏ ਕੁਝ ਸੜਕ ਉੱਪਰ। ਇਸ ਭਗਦੜ ਵਿੱਚ ਦੋ ਪੁਲਸੀਏ ਮਾਰੇ ਗਏ। ਉਸ ਥਾਂ ਵੱਲ ਫਿਰ ਕਦੀ ਆਉਣ ਦਾ ਪੁਲਿਸ ਦਾ ਹੌਂਸਲਾ ਨਹੀਂ ਪਿਆ। ਉਹ ਇੰਨੇ ਡਰ ਗਏ ਕਿ ਸਾਡੇ ਵੱਲ ਰੁਖ ਕਰਨ ਤੋਂ ਤੌਬਾ ਕਰ ਲਈ।’
ਚੀਤਾ ਇਸ ਖਲਜਗਣ ਵਿੱਚੋਂ ਬਿਨਾਂ ਕੋਈ ਝਰੀਟ ਖਾਧੇ ਬਚ ਗਿਆ ਤੇ ਅਗਲੇ ਦਿਨ ਪਾਣੀ ਪੀਣ ਫੇਰ ਆ ਗਿਆ।
ਇਹ ਪੁਰਾਣਾ ਆਜ਼ਾਦੀ ਘੁਲਾਟੀਆ, 96 ਸਾਲ ਦੀ ਉਮਰ ਦਾ ਸ਼ੋਭਾਰਾਮ ਗਹਿਰੇਵਾਰ ਜੋ 14 ਅਪ੍ਰੈਲ 2022 ਨੂੰ ਗੱਲਾਂ ਬਾਤਾਂ ਕਰਦਾ ਹੋਇਆ ਆਪਣੇ ਘਰ ਲੈ ਗਿਆ। ਦਲਿਤਾਂ ਦੀ ਉਸੇ ਬਸਤੀ ਵਿੱਚ ਰਹਿੰਦਾ ਹੈ ਜਿੱਥੇ ਲਗਭਗ ਇੱਕ ਸਦੀ ਪਹਿਲਾਂ ਜੰਮਿਆ ਸੀ। ਕਦੀ ਹੋਰ ਆਰਾਮਦਾਇਕ ਰਿਹਾਇਸ਼ ਦੀ ਤਲਾਸ਼ ਨਹੀਂ ਕੀਤੀ। ਦੋ ਵਾਰ ਮਿਉਨਸਿਪਲ ਕੌਂਸਲ ਰਿਹਾ। ਚਾਹੁੰਦਾ ਤਾਂ ਕੋਈ ਘਾਟ ਨਹੀਂ ਰਹਿਣੀ ਸੀ। ਉਨੀ ਸੌ ਤੀਹਵਿਆਂ ਅਤੇ ਚਾਲੀਵਿਆਂ ਵਿੱਚ ਉਸਨੇ ਅੰਗਰੇਜ਼ਾਂ ਵਿਰੁੱਧ ਜਿਹੜੀਆਂ ਜੰਗਾਂ ਲੜੀਆਂ, ਉਨ੍ਹਾਂ ਦੀ ਵੰਨ-ਸੁਵੰਨੀ ਤਸਵੀਰ ਚਿਤ੍ਰਦਾ ਹੈ।
ਜਿਸ ਬਾਰੇ ਉਹ ਗੱਲਬਾਤ ਕਰ ਰਿਹਾ ਹੈ, ਕੀ ਇਹ ਬੰਬ ਬਣਾਉਣ ਵਾਲੀ ਕੋਈ ਅੰਡਰਗਰਾਉਂਡ ਫੈਕਟਰੀ ਸੀ?
‘ਅਰੇ ਫੈਕਟਰੀ ਕਹਾਂ, ਯੇ ਤੋ ਜੰਗਲ ਥਾ। ਫੈਕਟਰੀ ਮੇਂ ਤੋ ਕੈਂਚੀਆਂ ਬਨਤੀ ਹੈ। ਯਹਾਂ ਹਮ ਬੰਬ ਬਨਾਇਆ ਕਰਦੇ ਥੇ।’
‘ਇੱਕ ਵਾਰ,’ ਉਸਨੇ ਦੱਸਿਆ, ‘ਇੱਥੇ ਚੰਦਰਸ਼ੇਖਰ ਆਜ਼ਾਦ ਆਏ।’ ਇਹ 1930 ਸਾਲ ਦਾ ਅਖੀਰ ਹੋਏਗਾ ਜਾਂ 1931 ਦੇ ਸ਼ੁਰੂ ਦੇ ਦਿਨ। ਤਰੀਕਾਂ ਹੁਣ ਯਾਦ ਨਹੀਂ। ‘ਮੈਥੋਂ ਸਹੀ ਤਰੀਕਾ ਨਾ ਪੁੱਛਿਓ। ਕਿਸੇ ਸਮੇਂ ਮੇਰੇ ਕੋਲ ਸਾਰੇ ਕਾਗਜ਼ ਪੱਤਰ ਹੈਗੇ ਸਨ, ਘਰ ਵਿੱਚ ਪੂਰਾ ਰਿਕਾਰਡ ਸੀ, ਇਸੇ ਘਰ ਵਿੱਚ। 1975 ਵਿੱਚ ਅਜਿਹਾ ਹੜ੍ਹ ਆਇਆ ਕਿ ਸਭ ਕੁਝ ਰੁੜ੍ਹ ਗਿਆ।’
ਚੰਦਰਸ਼ੇਖਰ ਆਜ਼ਾਦ ਉਨ੍ਹਾਂ ਵਿਚੋਂ ਸੀ ਜਿਨ੍ਹਾਂ ਨੇ ਭਗਤ ਸਿਘ ਨਾਲ਼ ਰਲਕੇ 1928 ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸਿਏਸ਼ਨ ਮੁੜ ਤੋਂ ਸੰਗਠਿਤ ਕੀਤੀ ਸੀ। ਸਤਾਈ ਫਰਵਰੀ 1931 ਨੂੰ ਅਲਾਹਾਬਾਦ ਦੇ ਅਲਫਰੈਡ ਪਾਰਕ ਵਿੱਚ ਜਦੋਂ ਅੰਗਰੇਜ਼ਾਂ ਦੀ ਪੁਲਿਸ ਦੇ ਘੇਰੇ ਵਿੱਚ ਆ ਗਿਆ, ਉਸਦੇ ਪਿਸਤੌਲ ਵਿੱਚ ਆਖ਼ਰੀ ਗੋਲੀ ਬਚ ਗਈ। ਤਦ ਇਹ ਉਸਨੇ ਖ਼ੁਦਕੁਸ਼ੀ ਕਰਨ ਲਈ ਵਰਤ ਲਈ। ਉਸਨੇ ਪ੍ਰਣ ਕੀਤਾ ਹੋਇਆ ਸੀ ਕਿ ਉਹ ਜਿਉਂਦਿਆਂ ਪੁਲਿਸ ਦੀ ਗ੍ਰਿਫ਼ਤ ਵਿੱਚ ਨਹੀਂ ਆਏਗਾ। ਉਦੋਂ 24 ਸਾਲ ਦਾ ਸੀ ਜਦ ਆਪਣਾ ਵਚਨ ਨਿਭਾਉਂਦਾ ਹੋਇਆ ਚੱਲ ਵਸਿਆ।
ਅਜ਼ਾਦੀ ਮਿਲ਼ਣ ਮਗਰੋਂ, ਐਲਫਰਡ ਪਾਰਕ ਦਾ ਨਾਮ ਚੰਦਰਸ਼ੇਖਰ ਆਜ਼ਾਦ ਪਾਰਕ ਪੈ ਗਿਆ।
98 ਸਾਲਾ ਅਜ਼ਾਦੀ ਸੈਲਾਨੀ ਆਪਣੇ ਆਪ ਨੂੰ ਗਾਂਧੀ ਤੇ ਅੰਬੇਦਕਰ ਦੋਵਾਂ ਦਾ ਮੁਰੀਦ ਮੰਨਦਾ ਹੈ। ਉਹ ਕਹਿੰਦੇ ਹਨ,'ਜਿਨ੍ਹਾਂ ਨਾਲ਼ ਸਹਿਮਤੀ ਹੋਵੇ ਮੈਂ ਸਿਰਫ਼ ਉਨ੍ਹਾਂ ਵਿਚਾਰਾਂ ਦੀ ਪਾਲਣਾ ਕਰਦਾਂ'
‘ਆਜ਼ਾਦ ਉਸ ਥਾਂ ਤੇ ਆਇਆ ਜਿੱਥੇ ਅਸੀਂ ਬੰਬ ਬਣਾਇਆ ਕਰਦੇ ਸਾਂ, ਵਾਪਸ ਅਜਮੇਰ ਆ ਕੇ ਸ਼ੋਭਾਰਾਮ ਦੱਸਣ ਲੱਗਾ। ਉਸਨੇ ਦੱਸਿਆ ਅਸੀਂ ਹੋਰ ਵਧੀਆ ਤਰੀਕੇ ਨਾਲ਼ ਬੰਬ ਕਿਵੇਂ ਬਣਾ ਸਕਦੇ ਹਾਂ। ਉਸਨੇ ਬਿਹਤਰ ਫਾਰਮੁਲਾ ਦਿੱਤਾ। ਜਿੱਥੇ ਆਜ਼ਾਦੀ ਘੁਲਾਟੀਏ ਕੰਮ ਕਰਦੇ ਸਨ ਉਸ ਮਿੱਟੀ ਦਾ ਆਪਣੇ ਮੱਥੇ ਤਿਲਕ ਲਾਇਆ। ਫਿਰ ਸਾਨੂੰ ਕਹਿੰਦਾ ਮੈਂ ਚੀਤਾ ਦੇਖਣਾ ਹੈ। ਅਸੀਂ ਕਿਹਾ ਜੇ ਚੀਤੇ ਦਾ ਨਜ਼ਾਰਾ ਲੈਣਾ ਹੈ ਫਿਰ ਸਾਡੇ ਕੋਲ ਰਾਤ ਠਹਿਰ ਜਾ।
‘ਚੀਤਾ ਆਇਆ, ਚਲਾ ਗਿਆ, ਅਸੀਂ ਹਵਾਈ ਫਾਇਰ ਕੀਤਾ। ਚੰਦਰ ਸ਼ੇਖਰ ਨੇ ਪੁੱਛਿਆ - ਤੁਸੀਂ ਫਾਇਰ ਕਿਉਂ ਕਰਦੇ ਹੁੰਨੇ ਓਂ? ਅਸੀਂ ਕਿਹਾ ਚੀਤੇ ਨੂੰ ਇਹ ਵੀ ਤਾਂ ਦੱਸਣਾ ਹੈ ਅਸੀਂ ਉਸਦਾ ਨੁਕਸਾਨ ਕਰ ਸਕਦੇ ਹਾਂ, ਇਸ ਕਰਕੇ ਖਿਸਕ ਜਾਂਦਾ ਹੈ।’ ਇਹ ਸਾਡਾ ਆਪਸ ਵਿੱਚ ਹੋਇਆ ਸਮਝੌਤਾ ਸਮਝੋ ਕਿ ਅਸੀਂ ਤੈਨੂੰ ਪਾਣੀ ਪੀਣ ਦੀ ਆਗਿਆ ਦਿੰਦੇ ਹਾਂ ਪਰ ਸਾਡੀ ਸੁਰੱਖਿਆ ਵੀ ਬਣੀ ਰਹਿਣੀ ਚਾਹੀਦੀ ਹੈ।
‘ਪਰ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜੰਗਲ ਵਿੱਚ ਅੰਗਰੇਜ਼ੀ ਪੁਲਿਸ ਆ ਵੜੀ ਤਾਂ ਫਿਰ ਕਾਫ਼ੀ ਗੜਬੜ ਹੋਈ।’
ਇਸ ਮੁੱਠਭੇੜ ਵਿੱਚ ਸ਼ੋਭਾਰਾਮ ਦੀ ਕੋਈ ਭੂਮਿਕਾ ਨਹੀਂ ਸੀ, ਬਸ ਆਪਣੀਆਂ ਅੱਖਾਂ ਨਾਲ਼ ਨਾਜ਼ਾਰਾ ਦੇਖਿਆ ਸੀ। ਜਦੋਂ ਆਜ਼ਾਦ ਮਿਲਣ ਆਇਆ ਸੀ ਉਦੋਂ ਸ਼ੋਭਾਰਾਮ ਪੰਜ ਸਾਲ ਦਾ ਵੀ ਨਹੀਂ ਹੋਣਾ। ਸਾਡਾ ਕੰਮ ਤਾਂ ਭੇਖ ਬਦਲੇ ਹੋਏ ਚੰਦਰਸ਼ੇਖਰ ਨੂੰ ਜੰਗਲ ਵਿੱਚ ਲਿਆ ਕੇ ਬੰਬ ਬਣਾਉਣ ਵਾਲੀ ਥਾਂ ਦਿਖਾਉਣੀ ਸੀ।
ਇਹ ਡਾਕੂਆਂ ਵਰਗੀ ਚੁਸਤ ਫੁਰਤ ਖੇਡ ਸੀ, ਜਿਵੇਂ ਕੋਈ ਭੋਲਾ-ਭਾਲਾ ਦਿੱਸਣਵਾਲਾ ਅੰਕਲ ਆਪਣੇ ਭਾਈ ਭਤੀਜਿਆਂ ਨੂੰ ਮਿਲਣ ਆਇਆ ਹੋਵੇ।
ਸਾਨੂੰ ਬੱਚਿਆਂ ਨੂੰ ਉਸਨੇ ਕਿਹਾ - ਆਪ ਤੋਂ ਸ਼ੇਰ ਦੇ ਬੱਚੇ ਹੈਂ, ਤੁਮ ਬਹਾਦਰ ਹੋ, ਮੌਤ ਸੇ ਨਹੀਂ ਡਰਤੇ। ਮੇਰੇ ਘਰ ਵਾਲ਼ੇ ਕਹਿ ਦਿਆ ਕਰਦੇ ਸਨ - ਜੇ ਤੂੰ ਸ਼ਹੀਦ ਜਾਵੇਂ ਤਾਂ ਵੀ ਠੀਕ ਹੈ। ਆਖਰਕਾਰ ਆਜ਼ਾਦੀ ਵਾਸਤੇ ਲੜ ਰਹੇ ਹੋ।
*****
‘ਗੋਲੀ ਵੱਜੀ ਤਾਂ ਪਰ ਨਾ ਮੈਂ ਮਰਿਆ ਨਾ ਲੰਗੜਾ ਹੋਇਆ। ਮੇਰੀ ਲੱਤ ਤੇ ਵੱਜੀ, ਪਾਰ ਲੰਘ ਗਈ ਦੇਖੋ?’ ਉਸਨੇ ਆਪਣੀ ਲੱਤ ਉੱਪਰ ਗੋਲੀ ਦੇ ਜ਼ਖਮ ਦਾ ਨਿਸ਼ਾਨ ਦਿਖਾਇਆ, ਗੋਡੇ ਤੋਂ ਰਤਾ ਕੁ ਹੇਠਾਂ। ਦੁਖਦਾਈ ਸੱਟ ਸੀ। ‘ਮੈਨੂੰ ਬੇਹੋਸ਼ ਹੋਏ ਨੂੰ ਹਸਪਤਾਲ ਲੈ ਗਏ।
1942 ਦੇ ਆਸਪਾਸ ਉਹ ਵੱਡਾ ਹੋ ਗਿਆ, ਯਾਨੀ ਕਿ ਸੋਲਾਂ ਸਾਲ ਦੇ ਆਸ-ਪਾਸ ਤੇ ਸਿੱਧੇ ਹਮਲਿਆਂ ਵਿੱਚ ਹਿੱਸਾ ਲੈਣ ਲੱਗ ਪਿਆ। ਹੁਣ ਵੀ 96 ਸਾਲ ਦੀ ਉਮਰੇ ਗਹਿਰਵੇ ਛੇ ਫੁੱਟ ਲੰਮਾ, ਤਣੇ ਸਰੀਰ ਵਾਲ਼ਾ ਚੁਸਤ ਦਰੁਸਤ ਸਿਹਤਵੰਤ ਮਨੁੱਖ ਹੈ। ਰਾਜਸਥਾਨ ਵਿੱਚ ਅਜਮੇਰ ਵਿਖੇ ਸਾਡੇ ਨਾਲ਼ ਗੱਲ ਕਰਦਾ ਰਿਹਾ। ਦੱਸਦਾ ਰਿਹਾ ਨੌ ਦਹਾਕੇ ਜੀਵਨ ਜੱਦੋ-ਜਹਿਦ ਵਿੱਚ ਹੀ ਰਿਹਾ। ਹੁਣੇ ਆਪਣੇ ਜ਼ਖ਼ਮ ਦਾ ਨਿਸ਼ਾਨ ਦਿਖਾ ਕੇ ਹਟਿਆ ਸੀ।
‘ਸਾਡੀ ਮੀਟਿੰਗ ਸੀ, ਕੋਈ ਜਣਾ ਅੰਗਰੇਜ਼ਾਂ ਖ਼ਿਲਾਫ਼ ਕੁਝ ਵਧੇਰੇ ਹੀ ਤਿੱਖਾ ਬੋਲ ਗਿਆ। ਪੰਜਾਬ ਨੇ ਕੁਝ ਆਜ਼ਾਦੀ ਸੰਗਰਾਮੀਏਂ ਫੜ੍ਹ ਲਏ। ਉਨ੍ਹਾਂ ਨੇ ਜਵਾਬੀ ਹਮਲਾ ਕਰਕੇ ਪੁਲਿਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾ ਸੁਤੰਤਰਤਾ ਸੈਨਾਨੀ ਭਵਨ ਦੇ ਦਫ਼ਤਰ ਵਿਖੇ ਘਟੀ। ਇਹ ਨਾਮ ਅਸੀਂ ਆਜ਼ਾਦੀ ਤੋਂ ਬਾਅਦ ਰੱਖਿਆ ਦਫ਼ਤਰ ਦਾ। ਉਦੋਂ ਇਸਦਾ ਕੋਈ ਨਾਮ ਨਹੀਂ ਹੋਇਆ ਕਰਦਾ ਸੀ।
‘ਲੋਕਾਂ ਨਾਲ਼ ਮੀਟਿੰਗਾਂ ਕਰਕੇ ਆਜ਼ਾਦੀ ਸੰਗਰਾਮੀਏਂ ਦੱਸਿਆ ਕਰਦੇ ਸਨ ਕਿ ਭਾਰਤ ਛੱਡੋ ਲਹਿਰ ਦਾ ਕੀ ਮਤਲਬ ਹੈ। ਬਰਤਾਨਵੀ ਰਾਜ ਦੇ ਪਾਜ ਉਘਾੜਦੇ। ਸ਼ਾਮੀ ਤਿੰਨ ਵਜੇ ਸਾਰੇ ਅਜਮੇਰ ਵਿੱਚੋਂ ਲੋਕ ਉਥੇ ਪੁੱਜਦੇ। ਕਿਸੇ ਨੂੰ ਸੱਦਣਾ ਨਹੀਂ ਪੈਂਦਾ ਸੀ, ਆਪੇ ਆ ਜਾਂਦੇ। ਇੱਥੇ ਗਰਮ ਭਾਸ਼ਣ ਦਿੱਤਾ ਗਿਆ। ਪੁਲਿਸ ਨੇ ਫਾਇਰਿੰਗ ਕਰ ਦਿੱਤੀ।
‘ਜਦ ਮੈਨੂੰ ਹੋਸ਼ ਆਈ, ਹਸਪਤਾਲ ਵਿੱਚ ਪੁਲਿਸ ਆਈ। ਉਨ੍ਹਾਂ ਨੇ ਆਪਣਾ ਕੰਮ ਕਰਨਾ ਸੀ, ਲਿਖਤ ਪੜ੍ਹਤ ਕੀਤੀ ਪਰ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕਹਿੰਦੇ ਇਹਨੂੰ ਗੋਲ਼ੀ ਤਾਂ ਵੱਜ ਗਈ ਹੈ, ਇਹੀ ਸਜ਼ਾ ਕਾਫ਼ੀ ਹੈ।
ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਨਾ ਕਰਕੇ ਹਮਦਰਦੀ ਦਾ ਸਬੂਤ ਨਹੀਂ ਦਿੱਤਾ। ਜੋ ਮੇਰੇ ਖ਼ਿਲਾਫ਼ ਕੇਸ ਦਰਜ ਕਰ ਲੈਂਦੀ ਫਿਰ ਮੰਨਣਾ ਪੈਣਾ ਸੀ ਕਿ ਉਨ੍ਹਾਂ ਨੇ ਸ਼ੋਭਾਰਾਮ ਉੱਪਰ ਗੋਲ਼ੀ ਦਾਗੀ ਹੈ ਜਦੋਂ ਕਿ ਉਸਨੇ ਕੋਈ ਧੁਆਂਧਾਰ ਭਾਸ਼ਣ ਵੀ ਨਹੀਂ ਸੀ ਦਿੱਤਾ, ਕਿਸੇ ਖ਼ਿਲਾਫ਼ ਹਿੰਸਾ ਨਹੀਂ ਕੀਤੀ।
‘ਸਰਕਾਰ ਨੇ ਆਪਣੇ ਆਪ ਨੂੰ ਦਾਗੀ ਹੋਣ ਤੋਂ ਬਚਾਉਣਾ ਸੀ। ਅਸੀਂ ਮਰ ਮੁਰ ਜਾਂਦੇ ਤਾਂ ਕਿਹੜਾ ਉਨ੍ਹਾਂ ਨੂੰ ਫ਼ਰਕ ਪੈਣਾ ਸੀ? ਲੱਖਾਂ ਸ਼ਹਾਦਤਾਂ ਹੋਈਆਂ ਤਾਂ ਕਿਤੇ ਜਾ ਕੇ ਦੇਸ਼ ਆਜ਼ਾਦ ਹੋਇਆ। ਕੁਰੂਖੇਤਰ ਦਾ ਸੂਰਜਕੁੰਡ ਵੀ ਤਾਂ ਯੋਧਿਆਂ ਦੇ ਖ਼ੂਨ ਨਾਲ਼ ਭਰ ਗਿਆ ਸੀ। ਆਜ਼ਾਦੀ ਦੀ ਲਹਿਰ ਸਾਰੇ ਕਿਤੇ ਚੱਲ ਪਈ ਸੀ, ਇਕੱਲੇ ਅਜਮੇਰ ਵਿੱਚ ਥੋੜ੍ਹਾ ਸੀ। ਮੁੰਬਈ, ਕਲਕੱਤੇ, ਸਾਰੇ ਕਿਤੇ ਸੰਘਰਸ਼ ਹੋ ਰਿਹਾ ਸੀ।
‘ਗੋਲ਼ੀ ਖਾਣ ਪਿੱਛੋਂ ਮੈਂ ਫੈਸਲਾ ਕਰ ਲਿਆ ਕਿ ਵਿਆਹ ਨਹੀਂ ਕਰਵਾਣਾ। ਕਿਸ ਨੂੰ ਪਤੈ ਸੰਘਰਸ਼ ਵਿੱਚ ਮੌਤ ਦਾ ਕਦ ਆ ਜਾਵੇ? ਗ੍ਰਹਿਸਥ ਅਤੇ ਦੇਸ਼ ਭਗਤੀ ਵਾਲ਼ਾ ਸੰਘਰਸ਼, ਦੋਵੇਂ ਨਹੀਂ ਚੱਲ ਸਕਦੇ। ਸ਼ੋਭਾਰਾਮ ਆਪਣੀ ਭੈਣ ਸ਼ਾਂਤੀ ਉਸਦੇ ਪੁੱਤ ਪੋਤਿਆਂ ਨਾਲ਼ ਰਹਿੰਦਾ ਹੈ। ਹੁਣ 75 ਸਾਲ ਦੀ ਸ਼ਾਂਤੀ ਉਸ ਤੋਂ 21 ਸਾਲ ਛੋਟੀ ਹੈ।
‘ਤੁਹਾਨੂੰ ਇੱਕ ਗੱਲ ਦੱਸਾਂ?’ ਉਹ ਪੁੱਛਦੀ ਹੈ, ਫਿਰ ਠੰਢੇ ਆਤਮੀ ਵਿਸ਼ਵਾਸੀ ਲਹਿਜੇ ਵਿੱਚ ਬੋਲਦੀ ਹੈ, ‘ਅੱਜ ਇਹ ਮਨੁੱਖ ਜਿਉਂਦਾ ਹੈ ਤਾਂ ਮੇਰੇ ਕਰਕੇ। ਸਾਰੀ ਉਮਰ ਮੈਂ ਅਤੇ ਮੇਰੇ ਬੱਚਿਆਂ ਨੇ ਇਸ ਦੀ ਸਾਂਭ ਸੰਭਾਲ ਕੀਤੀ। ਮੇਰੀ ਸ਼ਾਦੀ 20 ਸਾਲ ਦੀ ਉਮਰ ਵਿੱਚ ਹੋ ਗਈ ਸੀ ਤੇ ਕੁਝ ਸਾਲਾਂ ਬਾਅਦ ਵਿਧਵਾ ਹੋ ਗਈ। ਮੌਤ ਵਕਤ ਮੇਰਾ ਪਤੀ 45 ਸਾਲ ਦਾ ਸੀ। ਮੈਂ ਸ਼ੋਭਾਰਾਮ ਦੀ ਦੇਖਭਾਲ ਕੀਤੀ ਜਿਸਦਾ ਮੈਨੂੰ ਫਖ਼ਰ ਹੈ। ਹੁਣ ਮੇਰੇ ਪੋਤੇ, ਪੋਤਨੂੰਹਾਂ ਸੇਵਾ ਕਰਦੀਆਂ ਨੇ।’
‘ਕੁੱਝ ਸਾਲ ਪਹਿਲਾਂ ਬਹੁਤ ਬਿਮਾਰ ਹੋ ਗਿਆ ਸੀ, ਸਮਝੋ ਮਰ ਹੀ ਚੱਲਿਆ ਸੀ, ਇਹ 2020 ਦੀ ਗੱਲ ਹੈ। ਉਸਨੂੰ ਆਪਣੀਆਂ ਬਾਹਵਾਂ ਵਿੱਚ ਲੈ ਕੇ ਪ੍ਰਾਰਥਨਾ ਕੀਤੀ। ਦੇਖ ਲਉ, ਹੁਣ ਬਿਲਕੁਲ ਠੀਕ ਠਾਕ ਹੈ।’
*****
ਜੰਗਲ ਵਿੱਚ ਬਣਾਏ ਹੋਏ ਬੰਬਾਂ ਦਾ ਕੀ ਬਣਿਆ?
‘ਜਿੱਥੇ ਇਨ੍ਹਾਂ ਦੀ ਮੰਗ ਹੁੰਦੀ, ਅਸੀਂ ਉਥੇ ਪੁਚਾ ਆਉਂਦੇ ਤੇ ਮੰਗ ਬੜੇ ਥਾਂ ਹੁੰਦੀ ਹੀ ਰਹਿੰਦੀ। ਬੰਬ ਲੈ ਕੇ ਮੇਰਾ ਖ਼ਿਆਲ ਐ ਮੈਂ ਦੇਸ ਦੇ ਕੋਨੇ-ਕੋਨੇ ਵਿੱਚ ਗਿਆ ਸਾਂ। ਜ਼ਿਆਦਾਤਰ ਰੇਲ ਰਾਹੀਂ ਸਫ਼ਰ ਕਰਦੇ। ਸਟੇਸ਼ਨ ਤੋਂ ਹੋਰ ਸਵਾਰੀ ਲੈ ਲੈਂਦੇ। ਅੰਗਰੇਜ਼ੀ ਪੁਲਿਸ ਸਾਡੇ ਤੋਂ ਖੌਫਜ਼ਦਾ ਸੀ।’
ਇਹ ਹੁੰਦੇ ਕਿਹੋ ਜਿਹੇ ਸਨ?
‘ਇਸ ਤਰ੍ਹਾਂ ਦੇ ਉਸਨੇ ਹੱਥ ਜੋੜਕ ਗੋਲਾ ਜਿਹਾ ਬਣਾਕੇ ਦੱਸਿਆ, ਗ੍ਰਨੇਡ ਵਰਗੇ। ਜਿਹੋ ਜਿਹੀ ਸਥਿਤੀ ਹੁੰਦੀ ਉਹੋ ਜਿਹਾ ਬੰਬ ਬਣਾ ਲੈਂਦੇ। ਕੁਝ ਇਹੋ ਜਿਹੇ ਹੁੰਦੇ ਜਿਹੜੇ ਤੁਰਤ ਫਟ ਜਾਂਦੇ। ਇਹੋ ਜਿਹੇ ਵੀ ਹੁੰਦੇ ਜਿਨ੍ਹਾਂ ਨੇ ਚਾਰ ਦਿਨ ਬਾਅਦ ਫਟਣਾ ਹੁੰਦਾ। ਸਾਡੇ ਲੀਡਰ ਦੱਸ ਜਾਂਦੇ ਕਿ ਕਿਹੜਾ ਬੰਬ ਕਿਵੇਂ ਚਲਾਉਣਾ ਹੈ।
‘ਉਦੋਂ ਸਾਡੀ ਬੜੀ ਲੋੜ ਹੋਇਆ ਕਰਦੀ ਸੀ, ਮੈਂ ਕਰਨਾਟਕ ਮੈਸੂਰ, ਬੰਗਲੌਰ ਸਭ ਥਾਂ ਜਾਂਦਾ। ਭਾਰਤ ਛੱਡੋ ਅੰਦੋਲਨ ਦਾ ਅਹਿਮ ਕੇਂਦਰ ਅਜਮੇਰ ਸੀ, ਬਨਾਰਸ, ਬੜੌਦਾ, ਮੱਧ-ਪ੍ਰਦੇਸ ਵਿੱਚ ਦਾਮੋਹ ਵੱਡੇ ਕੇਂਦਰ ਸਨ। ਦੂਰ-ਦੁਰਾਡੇ ਦੇ ਲੋਕ ਅਜਮੇਰ ਵੱਲ ਦੇਖਿਆ ਕਰਦੇ, ਅਜਮੇਰ ਦੇ ਰਸਤੇ ਦੇ ਬੜੇ ਕੇਂਦਰ ਹੋਇਆ ਕਰਦੇ ਸਨ।
ਰੇਲ ਦਾ ਸਫ਼ਰ ਕਿਸ ਵਿਧੀ ਤੈਅ ਕਰਦੇ? ਫੜੇ ਜਾਣ ਤੋਂ ਬਚਣ ਦੇ ਕਿਹੜੇ ਰਸਤੇ ਸਨ? ਸਰਕਾਰ ਸ਼ੱਕ ਕਰਿਆ ਕਰਦੀ ਕਿ ਲੀਡਰਾਂ ਨੂੰ ਇਹ ਆਪਣੇ ਖ਼ਤ ਡਾਕ ਵਿੱਚ ਦੀ ਤਾਂ ਸੈਂਸਰ ਹੋਣ ਦੇ ਡਰੋਂ ਭੇਜਦੇ ਨਹੀਂ। ਜਾਣਦੇ ਸਨ ਕਿ ਬੰਬ ਲਿਜਾਣ ਦਾ ਕੰਮ ਛੋਟੀ ਉਮਰ ਦੇ ਮੁੰਡੇ ਕਰਿਆ ਕਰਦੇ ਹਨ।
‘ਉਨ੍ਹਾਂ ਦਿਨਾਂ ਵਿੱਚ ਖ਼ਤ ਖੋਲ੍ਹੇ ਜਾਂਦੇ ਤੇ ਪੜ੍ਹੇ ਜਾਂਦੇ ਸਨ। ਇਸ ਦੇ ਬਚਾਅ ਲਈ ਸਾਨੂੰ ਸਿਖਲਾਈ ਦਿੱਤੀ ਜਾਇਆ ਕਰਦੀ ਸੀ ਕਿ ਖ਼ਾਸ ਬੰਦੇ ਨੂੰ ਖ਼ਾਸ ਥਾਂ ਚਿੱਠੀ ਕਿਵੇਂ ਦੇਣੀ ਹੈ, ਯਾਨੀ ਕਿ ਬੜੌਦੇ ਜਾ ਕੇ ਡਾ. ਅੰਬੇਡਕਰ ਨੂੰ ਚਿੱਠੀ ਦੇ ਕੇ ਆਉ, ਇਸੇ ਤਰ੍ਹਾਂ ਹੋਰ ਬੰਦਿਆਂ ਨੂੰ ਹੋਰ ਥਾਂ। ਆਪਣੇ ਕੱਛੇ ਹੇਠਾਂ ਛੁਪਾ ਕੇ ਲਿਜਾਇਆ ਕਰਦੇ ਸਾਂ।
‘ਅੰਗਰੇਜ਼ੀ ਪੁਲਿਸ ਅਕਸਰ ਪੁੱਛਦੀ- ਕਿੱਥੇ ਚੱਲੇ ਹੋ? ਅਸੀਂ ਜਾਣਾ ਕਿਸੇ ਹੋਰ ਥਾਂ ਦੱਸਦੇ ਕੁਝ ਹੋਰ, ਇਸ ਕਰਕੇ ਸਟੇਸ਼ਨ ਪੁੱਜਣਾ ਹੁੰਦਾ ਉਸ ਉੱਪਰ ਪੁੱਜਣ ਤੋਂ ਪਹਿਲਾਂ ਕਿਤੇ ਉਤਰ ਜਾਂਦੇ। ਸ਼ਹਿਰ ਪਹੁੰਚਣ ਤੋਂ ਪਹਿਲਾਂ ਜੇ ਗੱਡੀ ਨਾ ਰੁਕਦੀ, ਤਾਂ ਚੇਨ ਖਿੱਚ ਕੇ ਰੋਕ ਲੈਂਦੇ, ਰੁਕਣ ਸਾਰ ਭੱਜ ਜਾਂਦੇ।
‘ਅੰਗਰੇਜ਼ੀ ਪੁਲਿਸ ਅਕਸਰ ਪੁੱਛਦੀ- ਕਿੱਥੇ ਚੱਲੇ ਹੋ? ਅਸੀਂ ਜਾਣਾ ਕਿਸੇ ਹੋਰ ਥਾਂ ਦੱਸਦੇ ਕੁਝ ਹੋਰ, ਇਸ ਕਰਕੇ ਸਟੇਸ਼ਨ ਪੁੱਜਣਾ ਹੁੰਦਾ ਉਸ ਉੱਪਰ ਪੁੱਜਣ ਤੋਂ ਪਹਿਲਾਂ ਕਿਤੇ ਉਤਰ ਜਾਂਦੇ। ‘‘ਸ਼ਹਿਰ ਪਹੁੰਚਣ ਤੋਂ ਪਹਿਲਾਂ ਜੇ ਗੱਡੀ ਨਾ ਰੁਕਦੀ, ਤਾਂ ਚੇਨ ਖਿੱਚ ਕੇ ਰੋਕ ਲੈਂਦੇ, ਰੁਕਣ ਸਾਰ ਭੱਜ ਜਾਂਦੇ।”
‘ਉਦੋਂ ਰੇਲਾਂ ਭਾਫ਼ ਦੇ ਇੰਜਣ ਵਾਲੀਆਂ ਹੁੰਦੀਆਂ ਸਨ। ਕਦੇ-ਕਦੇ ਤਾਂ ਇੰਜਣ ਡ੍ਰਾਇਵਰ ਕੋਲ ਪੁੱਜ ਕੇ ਪਸਤੌਲ ਦਿਖਾ ਕੇ ਕਹਿੰਦੇ - ਮਰਨਾ ਪੈ ਗਿਆ ਤਾਂ ਤੈਨੂੰ ਮਾਰ ਕੇ ਮਰਾਂਗੇ। ਅਸੀਂ ਇੰਜਣ ਵਿੱਚ ਸਫ਼ਰ ਕਰਦੇ, ਪੁਲਿਸ ਡੱਬਿਆਂ ਵਿੱਚ ਆਮ ਸਵਾਰੀਆਂ ਦੀ ਤਲਾਸ਼ੀ ਲੈਂਦੀ ਫਿਰਦੀ ਰਹਿੰਦੀ।
‘ਚੇਨ ਖਿੱਚ ਕੇ ਗੱਡੀ ਰੋਕਦੇ ਤਾਂ ਗੱਡੀ ਦੇਰ ਤੱਕ ਰੁਕੀ ਰਹਿੰਦੀ। ਸਾਡੇ ਸਾਥੀ ਸਾਡੇ ਵਾਸਤੇ ਘੋੜੇ ਲਈ ਖਲੋਤੇ ਹੁੰਦੇ। ਅਸੀਂ ਦੁੜਕੀ ਮਾਰ ਕੇ ਗੱਡੀ ਤੋਂ ਪਹਿਲਾਂ ਮਨਚਾਹੇ ਸਟੇਸ਼ਨ ਤੇ ਪੁੱਜੇ ਹੁੰਦੇ।
‘ਇੱਕ ਵਾਰ ਦੀ ਗੱਲ ਹੈ ਮੇਰੇ ਨਾਉਂ ਦਾ ਵਾਰੰਟ ਨਿਕਲਿਆ ਹੋਇਆ ਸੀ। ਵਿਸਫੋਟਕ ਸਮੱਗਰੀ ਲਿਜਾਂਦੇ ਘਿਰ ਗਏ। ਅਸੀਂ ਸਾਰਾ ਸਮਾਨ ਸੁੱਟਕੇ ਭੱਜ ਗਏ। ਪੁਲਿਸ ਨੇ ਸੁੱਟਿਆ ਮਾਲ ਕਬਜ਼ੇ ਵਿੱਚ ਕਰਕੇ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਕਿਸ ਕਿਸਮ ਦਾ ਸਾਮਾਨ ਵਰਤਦੇ ਹਾਂ। ਮੇਰਾ ਪਿੱਛਾ ਹੋ ਰਿਹਾ ਸੀ। ਇਸ ਕਰਕੇ ਮੈਨੂੰ ਅਜਮੇਰ ਛੱਡ ਕੇ ਮੁੰਬਈ ਜਾਣ ਵਾਸਤੇ ਹੁਕਮ ਹੋ ਗਿਆ।’
ਮੁੰਬਈ ਵਿੱਚ ਕਿਸਨੇ ਸ਼ਰਨ ਦਿੱਤੀ ਤੁਹਾਨੂੰ?
‘ਪ੍ਰਿਥਵੀ ਰਾਜ ਕਪੂਰ ਨੇ,’ ਉਹ ਫਖ਼ਰ ਨਾਲ਼ ਦੱਸਦਾ ਹੈ। ਉਹ 1941 ਵਿੱਚ ਬੁਲੰਦੀਆਂ ਛੁਹਣ ਦੇ ਰਸਤੇ ਤੇ ਸੀ। ਕੋਈ ਪੱਕਾ ਸਬੂਤ ਤਾਂ ਨਹੀਂ, ਲੋਕਾਂ ਦਾ ਮੰਨਣਾ ਹੈ ਕਿ 1943 ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸਿਏਸ਼ਨ ਦੀ ਬੁਨਿਆਦ ਰੱਖਣ ਵਾਲ਼ੇ ਮੋਢੀ ਮੈਂਬਰਾਂ ਵਿੱਚੋਂ ਉਹ ਵੀ.ਸੀ. ਬੰਬੇ ਥੀਏਟਰ ਅਤੇ ਫ਼ਿਲਮ ਜਗਤ ਦੇ ਕਪੂਰ ਸਮੇਤ ਹੋਰ ਵੀ ਕਈ ਸਿਤਾਰੇ ਆਜ਼ਾਦੀ ਸੰਘਰਸ਼ ਦੇ ਮਦਦਗਾਰ ਸਨ, ਕਈ ਤਾਂ ਖ਼ੁਦ ਸ਼ਾਮਲ ਸਨ।
‘ਉਸਨੇ ਆਪਣੇ ਇੱਕ ਰਿਸ਼ਤੇਦਾਰ ਤ੍ਰਿਲੋਕ ਕਪੂਰ ਕੋਲ ਭੇਜ ਦਿੱਤਾ। ਮੇਰਾ ਖ਼ਿਆਲ ਹੈ ਬਾਅਦ ਵਿੱਚ ਇੱਕ ਫ਼ਿਲਮ, ਹਰ ਹਰ ਮਹਾਂਦੇਵ ਵਿੱਚ ਉਸਨੇ ਕੋਈ ਰੋਲ ਵੀ ਕੀਤਾ ਸੀ।’ ਸ਼ੋਭਾਰਾਮ ਨੂੰ ਨਹੀਂ ਸੀ ਪਤਾ ਤ੍ਰਿਲੋਕ, ਪ੍ਰਿਥਵੀਰਾਜ ਦਾ ਛੋਟਾ ਭਰਾ ਸੀ। ਉਹ ਵੀ ਆਪਣੇ ਜ਼ਮਾਨੇ ਦਾ ਨਾਮਵਰ ਸਫ਼ਲ ਹੀਰੋ ਸੀ। ਹਰ ਹਰ ਮਹਾਂਦੇਵ 1950 ਦੀ ਹਿੱਟ ਫ਼ਿਲਮ ਸੀ।
‘ਕੁੱਝ ਸਮੇਂ ਲਈ ਪ੍ਰਿਥਵੀਰਾਜ ਨੇ ਸਾਨੂੰ ਕਾਰ ਵੀ ਦਿੱਤੀ ਜਿਸ ਵਿੱਚ ਅਸੀਂ ਮੁੰਬਈ ਦੇ ਇਰਦ-ਗਿਰਦ ਘੁੰਮਦੇ ਰਹਿੰਦੇ। ਤਕਰੀਬਨ ਦੋ ਮਹੀਨੇ ਮੈਂ ਸ਼ਹਿਰ ਵਿੱਚ ਰਿਹਾ। ਫਿਰ ਅਸੀਂ ਵਾਪਸੀ ਦਾ ਰੁੱਖ ਕੀਤਾ। ਕਈ ਕੰਮਾਂ ਵਿੱਚ ਸਾਡੀ ਲੋੜ ਜੁ ਸੀ। ਕਿੰਨਾ ਚੰਗਾ ਹੁੰਦਾ ਮੇਰੇ ਕੋਲ ਤੁਹਾਨੂੰ ਦਿਖਾਣ ਲਈ ਵਾਰੰਟ ਹੁੰਦਾ। ਮੇਰੇ ਨਾਮ ਜਾਰੀ ਹੋਇਆ ਸੀ। ਹੋਰ ਵੀ ਕਈ ਜੁਆਨਾਂ ਦੇ ਨਾਮ ਵਾਰੰਟ ਜਾਰੀ ਹੋਏ ਸਨ।
‘ਪਰ 1975 ਦਾ ਹੜ੍ਹ ਸਭ ਕੁਝ ਖ਼ਤਮ ਕਰ ਗਿਆ,’ ਉਹ ਉਦਾਸ ਸੁਰ ਵਿੱਚ ਦੱਸਦਾ ਹੈ। ‘ਕੋਈ ਕਾਗਜ਼ ਨਹੀਂ ਰਿਹਾ, ਕਈ ਸਰਟੀਫ਼ਿਕੇਟ, ਇੱਕ ਤਾਂ ਜਵਾਹਰ ਲਾਲ ਨਹਿਰੂ ਨੇ ਜਾਰੀ ਕੀਤਾ ਸੀ। ਜੇ ਤੁਸੀਂ ਸਾਰੇ ਕਾਗਜ਼ ਦੇਖ ਲੈਂਦੇ ਤੁਹਾਡਾ ਦਿਮਾਗ ਚਕਰਾ ਜਾਣਾ ਸੀ। ਸਾਰਾ ਕੁਝ ਈ ਰੁੜ੍ਹ ਗਿਆ ਜਦੋਂ।’
*****
‘ਗਾਂਧੀ ਅਤੇ ਅੰਬੇਡਕਰ ਦੋਹਾਂ ਵਿੱਚੋਂ ਮੈਂ ਇੱਕ ਕਿਉਂ ਚੁਣਿਆ? ਮੈਂ ਦੋਵਾਂ ਨੂੰ ਚੁਣ ਸਕਦਾ ਸਾਂ। ਨਹੀਂ?’
ਅਜਮੇਰ ਵਿੱਚ ਅਸੀਂ ਦੋਵੇਂ ਅੰਬੇਡਕਰ ਦੇ ਬੁੱਤ ਲਾਗੇ ਖਲੋਤੇ ਸਾਂ। ਇਸ ਮਹਾਨ ਮਨੁੱਖ ਦੀ ਇਹ 131ਵੀਂ ਜਨਮ ਸਾਲ ਗਿਰਹਾ ਸੀ ਤੇ ਅਸੀਂ ਸ਼ੋਭਾਰਾਮ ਨੂੰ ਇਸ ਦਿਨ ਆਪਣੇ ਨਾਲ਼ ਇੱਥੇ ਲਿਆਏ ਸਾਂ। ਬੁਢੇ ਗਾਂਧੀਵਾਦੀ ਨੇ ਸਾਨੂੰ ਕਿਹਾ ਸੀ ਮੈਨੂੰ ਉੱਥੇ ਲੈ ਕੇ ਜਾਉ ਤਾਂ ਕਿ ਉਹ ਆਪਣੇ ਹੱਥੀਂ ਬੁੱਤ ਨੂੰ ਫੁੱਲਾਂ ਦਾ ਹਾਰ ਪਹਿਨਾ ਸਕੇ। ਇਸ ਮੌਕੇ ਅਸੀਂ ਉਸ ਤੋਂ ਪੁੱਛਿਆ ਸੀ ਉਸ ਦਾ ਕਿਸ ਵੱਲ ਝੁਕਾਉ ਹੈ।
ਜੋ ਉਸਨੇ ਆਪਣੇ ਘਰ ਸਾਨੂੰ ਦੱਸਿਆ ਸੀ, ਉਹ ਦੁਹਰਾਂਦਿਆਂ ਕਿਹਾ, ‘ਦੇਖੋ ਗਾਂਧੀ ਅਤੇ ਅੰਬੇਡਕਰ ਦੋਹਾਂ ਨੇ ਬਹੁਤ ਚੰਗਾ ਕੰਮ ਕੀਤਾ। ਦੋ ਪਹੀਏ ਹੋਣ ਤਾਂ ਹੀ ਗੱਡੀ ਚੱਲੇਗੀ ਨਾ। ਕਿਧਰੇ ਕੋਈ ਉਲਝਣ ਨਹੀਂ। ਮਹਾਤਮਾ ਦੇ ਕੁਝ ਅਸੂਲ ਮੈਨੂੰ ਚੰਗੇ ਲੱਗੇ, ਮੈਂ ਅਪਣਾ ਲਏ, ਜਿੱਥੇ ਅੰਬੇਡਕਰ ਚੰਗਾ ਲੱਗਾ ਉਥੇ ਉਸ ਦੇ ਕਦਮ ਚਿੰਨ੍ਹਾਂ ਤੇ ਚੱਲਿਆ।’
ਗਾਂਧੀ ਅਤੇ ਅੰਬੇਡਕਰ ਦੋਵੇਂ ਅਜਮੇਰ ਆਏ ਸਨ। ਅੰਬੇਡਕਰ ਨੇ ਅੱਗੇ ਕਿਤੇ ਹੋਰ ਜਾਣਾ ਸੀ। ਸੋ ਅਸੀਂ ਰੇਲਵੇ ਸਟੇਸ਼ਨ ਤੇ ਉਸ ਨੂੰ ਹਾਰ ਪਹਿਨਾਇਆ। ਸ਼ੋਭਾਰਾਮ ਦੋਵਾਂ ਨੂੰ ਬਹੁਤ ਛੋਟੀ ਉਮਰੇ ਮਿਲ ਚੁੱਕਿਆ ਸੀ।
‘1934 ਵਿੱਚ ਮੈਂ ਬਹੁਤ ਛੋਟਾ ਸਾਂ ਜਦੋਂ ਮਹਾਤਮਾ ਗਾਂਧੀ ਇੱਥੇ ਆਏ। ਜਿੱਥੇ ਆਪਾਂ ਹੁਣ ਬੈਠੇ ਹਾਂ ਇੱਥੇ ਹੀ ਇਸ ਜਾਦੂਬਸਤੀ ਵਿੱਚ ਸੋਭਾਰਾਮ ਉਦੋਂ ਅੱਠ ਸਾਲ ਦੇ ਆਸ ਪਾਸ ਸੀ।
‘ਆਪਣੇ ਲੀਡਰਾਂ ਦੇ ਕੁਝ ਖ਼ਤ ਅੰਬੇਡਕਰ ਨੂੰ ਦੇਣ ਲਈ ਮੈਂ ਬੜੌਦਾ ਗਿਆ ਸਾਂ। ਡਾਕਖਾਨੇ ਵਿੱਚਦੀ ਭੇਜਦੇ ਪੁਲਿਸ ਖੋਲ੍ਹ ਲਿਆ ਕਰਦੀ ਸੀ ਇਸ ਕਰਕੇ ਖ਼ਾਸ ਕਾਗਜ਼ ਜਾਂ ਖ਼ਤ ਅਸੀਂ ਦਸਤੀ ਲੈ ਕੇ ਜਾਂਦੇ। ਇਸ ਵੇਲੇ ਉਸਨੇ ਮੇਰੇ ਹੱਥ ਤੇ ਹੱਥ ਮਾਰ ਕੇ ਪੁੱਛਿਆ,“ਤੁਸੀਂ ਅਜਮੇਰ ਵਿੱਚ ਰਹਿੰਦੇ ਹੋ?”
ਕੀ ਉਸਨੂੰ ਪਤਾ ਸੀ ਸ਼ੋਭਾਰਾਮ ਕੋਲੀ ਬਰਾਦਰੀ ਵਿੱਚੋਂ ਸੀ?
‘ਹਾਂ, ਮੈਂ ਉਨ੍ਹਾਂ ਨੂੰ ਦੱਸਿਆ ਸੀ ਪਰ ਉਨ੍ਹਾਂ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਨ੍ਹਾਂ ਸਭ ਗੱਲਾਂ ਨੂੰ ਫਜ਼ੂਲ ਸਮਝਦੇ ਸਨ। ਉਹ ਬਹੁਤ ਪੜ੍ਹੇ ਲਿਖੇ ਪੁਰਖ ਸਨ। ਉਨ੍ਹਾਂ ਨੇ ਮੈਨੂੰ ਕਿਹਾ ਸੀ ਲੋੜ ਵੇਲੇ ਮੈਨੂੰ ਚਿੱਠੀ ਲਿਖ ਦਿਆ ਕਰ।’
ਸ਼ੋਭਾਰਾਮ ਵਾਸਤੇ ਦੋਵੇਂ ਵਿਸ਼ੇਸ਼ਣ ਠੀਕ ਹਨ, ਦਲਿਤ ਕਹੋ ਚਾਹੇ ਹਰੀਜਨ। ਜੇ ਕੋਈ ਕੋਲੀ ਕਹੇ ਫਿਰ ਵੀ ਕੀ? ਜਾਤ ਛਿਪਾਣ ਦੀ ਕੀ ਲੋੜ? ਹਰੀਜਨ ਜਾਂ ਦਲਿਤ ਕਹਿਣ ਵਿੱਚ ਕੋਈ ਫ਼ਰਕ ਨਹੀਂ। ਜੋ ਮਰਜ਼ੀ ਕਹੀ ਜਾਵੋ, ਹੈਨ ਤਾਂ ਸ਼ਿਡਿਊਲਡ ਕਾਸਟ ਹੀ।
ਸ਼ੋਭਾਰਾਮ ਦੇ ਮਾਪੇ ਦਿਹਾੜੀਏ ਸਨ। ਰੇਲਵੇ ਉਸਾਰੀ ਦੇ ਕੰਮਾਂ ਵਿੱਚ ਰੁਜ਼ਗਾਰ ਲੱਭਦੇ।
ਉਹ ਦੱਸਦਾ ਹੈ, ਇੱਕ ਜਣਾ ਦਿਨ ਵਿੱਚ ਇੱਕ ਦਫਾ ਰੋਟੀ ਖਾਂਦਾ ਸੀ। ਸ਼ਰਾਬ ਦਾ ਤਾਂ ਕਦੀ ਮਤਲਬ ਹੀ ਨਹੀਂ ਪੀਵੀਏ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਸਾਡੀ ਕੋਲੀ ਜਾਤ ਦਾ ਹੈ। ਇੱਕ ਵਾਰ ਉਹ ਸਾਡੇ ਅਖਿਲ ਭਾਰਤੀ ਕੋਲੀ ਸਮਾਜ ਦਾ ਪ੍ਰਧਾਨ ਵੀ ਬਣਿਆ ਸੀ।
ਸ਼ੋਭਾਰਾਮ ਦੀ ਬਰਾਦਰੀ ਵਿੱਦਿਆ ਤੋਂ ਵੰਚਿਤ ਰਹੀ। ਇਸਦਾ ਕਾਰਨ ਸਕੂਲ ਵਿੱਚ ਲੇਟ ਦਾਖਲਾ ਸੀ। ਹਿੰਦੁਸਤਾਨ ਵਿੱਚ, ਉਹ ਕਹਿੰਦਾ ਹੈ, ਬ੍ਰਾਹਮਣ, ਜੈਨ ਅਤੇ ਹੋਰ ਅੰਗਰੇਜ਼ਾਂ ਦੇ ਗੁਲਾਮ ਹੋ ਗਏ। ਇਨ੍ਹਾਂ ਲੋਕਾਂ ਨੇ ਹੀ ਛੂਤ-ਛਾਤ ਦਾ ਪ੍ਰਚਾਰ ਕੀਤਾ ਸੀ।
‘ਮੈਂ ਤੁਹਾਨੂੰ ਦੱਸਾਂ ਇੱਥੇ ਹਰੀਜਨ ਬਰਾਦਰੀ ਦੇ ਬਹੁਤ ਲੋਕਾਂ ਨੇ ਇਸਲਾਮ ਧਾਰਨ ਕਰ ਲੈਣਾ ਸੀ ਜੇ ਕਿਤੇ ਕਾਂਗਰਸ ਅਤੇ ਆਰੀਆ ਸਮਾਜ ਨਾ ਹੁੰਦੇ। ਉਸ ਵੇਲੇ ਵੀ ਜੇ ਪੁਰਾਣੇ ਵਕਤਾਂ ਵਾਂਗ ਰਹਿਣ ਸਹਿਣ ਜਾਰੀ ਰਹਿੰਦਾ, ਫਿਰ ਆਜ਼ਾਦੀ ਕੋਈ ਨਹੀਂ ਮਿਲਣੀ।
‘ਦੇਖੋ ਜੀ ਅਛੂਤਾਂ ਨੂੰ ਤਾਂ ਉਸ ਵੇਲੇ ਸਕੂਲਾਂ ਵਿੱਚ ਕੋਈ ਦਾਖਲ ਨਹੀਂ ਕਰਿਆ ਕਰਦਾ ਸੀ। ਸਾਨੂੰ ਕੰਜਰ ਜਾਂ ਡੂਮ ਰਿਹਾ ਕਰਦੇ ਸਨ। ਅਸੀਂ ਤਾਂ ਬਾਹਰ ਧੱਕੇ ਹੋਏ ਲੋਕ ਸਾਂ। ਗਿਆਰਾਂ ਸਾਲ ਦੀ ਉਮਰੇ ਮੈਂ ਪਹਿਲੀ ਜਮਾਤ ਵਿੱਚ ਦਾਖਲ ਹੋਇਆ। ਆਰੀਆ ਸਮਾਜੀ ਲੋਕ ਉਦੋਂ ਈਸਾਈਆਂ ਦਾ ਮੁਕਾਬਲਾ ਕਰ ਰਹੇ ਸਨ। ਲਿੰਕ ਏਰੀਆ ਸਾਈਡ ਵਾਲ਼ੇ ਮੇਰੀ ਬਰਾਦਰੀ ਦੇ ਬਹੁਤ ਲੋਕ ਈਸਾਈ ਬਣ ਗਏ ਸਨ। ਇਸ ਕਰਕੇ ਕੁਝ ਹਿੰਦੂ ਧੜੇ ਸਾਨੂੰ ਸਵੀਕਾਰਨ ਲੱਗ ਪਏ ਸਨ, ਸਗੋਂ ਕਹੀਏ ਡੀ.ਏ.ਵੀ. ਸਕੂਲਾਂ ਵਿੱਚ ਦਾਖਲ ਹੋਣ ਵਾਸਤੇ ਉਤਾਹਿਤ ਕਰਨ ਲੱਗੇ ਸਨ।
ਪਰ ਪੱਖਪਾਤ ਰੁਕਦਾ ਨਹੀਂ ਸੀ ਇਸ ਕਰਕੇ ਕੋਲੀ ਸਮਾਜ ਨੇ ਆਪਣਾ ਵੱਖਰਾ ਸਕੂਲ ਸਥਾਪਤ ਕਰ ਲਿਆ।
‘ਇਹ ਸੀ ਉਹ ਥਾਂ ਜਿੱਥੇ ਗਾਂਧੀ ਆਇਆ ਸੀ, ਸਰਸਵਤੀ ਬਾਲਿਕਾ ਵਿਦਿਆਲਾ। ਸਾਡੀ ਬਰਾਦਰੀ ਦੇ ਵਡੇਰਿਆਂ ਨੇ ਚਾਲੂ ਕੀਤਾ ਸੀ। ਇਹ ਸਕੂਲ ਅਜੇ ਚੱਲ ਰਿਹੈ। ਸਾਡੇ ਕੰਮਾਂ ਤੋਂ ਗਾਂਧੀ ਵੀ ਹੈਰਾਨ ਹੋ ਗਿਆ ਸੀ। “ਤੁਸੀਂ ਕਮਾਲ ਕਰ ਦਿੱਤੀ। ਜਿੰਨਾਂ ਕੁ ਮੈਂ ਸੋਚਿਆ ਸੀ ਤੁਸੀਂ ਤਾਂ ਉਸਤੋਂ ਕਿਤੇ ਅੱਗੇ ਲੰਘ ਗਏ,” ਉਸਨੇ ਕਿਹਾ ਸੀ।
‘ਸ਼ੁਰੂ ਤਾਂ ਅਸੀਂ ਕੋਲੀਆਂ ਨੇ ਹੀ ਕੀਤਾ ਸੀ ਪਰ ਬਾਅਦ ਵਿੱਚ ਦੂਜੀਆਂ ਜਾਤਾਂ ਦੇ ਬੱਚੇ ਵੀ ਦਾਖਲ ਹੋਣ ਲੱਗੇ। ਪਹਿਲਾਂ-ਪਹਿਲਾਂ ਸ਼ਿਡਿਊਲਡ ਕਾਸਟ ਬੱਚੇ ਹੀ ਦਾਖਲ ਹੋਇਆ ਕਰਦੇ ਸਨ ਫਿਰ ਬਾਕੀ ਵੀ ਆਉਣ ਲੱਗੇ। ਆਖਰਕਾਰ ਸਵਰਨ ਜਾਤੀ ਅੱਗਰਵਾਲਾ ਦਾ ਸਕੂਲ ਤੇ ਕਬਜ਼ਾ ਹੋ ਗਿਆ। ਰਜਿਸਟੇ੍ਰਸ਼ਨ ਸਾਡੇ ਨਾਮ ਤੇ ਸੀ ਪਰ ਪ੍ਰਬੰਧ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਮੈਂ ਹੁਣ ਵੀ ਸਕੂਲ ਦਾ ਚੱਕਰ ਲਾਇਆ ਕਰਦਾ। ਇਹ ਕਰੋਨਾ ਦੀ ਬਿਮਾਰੀ ਨੇ ਸਾਰੇ ਸਕੂਲ ਬੰਦ ਕਰਾ ਦਿੱਤੇ।
‘ਹਾਂ, ਅਜੇ ਜਾਇਆ ਕਰਦਾਂ ਸਕੂਲ। ਪਰ ਹੁਣ ਇਹਨੂੰ ਉੱਚੀਆਂ ਜਾਤਾਂ ਵਾਲ਼ੇ ਲੋਕ ਚਲਾ ਰਹੇ ਨੇ। ਉਨ੍ਹਾਂ ਨੇ ਤਾਂ ਬੀ.ਐੱਡ. ਕਾਲਜ ਵੀ ਖੋਲ੍ਹ ਲਿਆ।
‘ਮੈਂ ਨੌਵੀਂ ਜਮਾਤ ਤੱਕ ਪੜ੍ਹਿਆ ਬਸ। ਹੁਣ ਬਹੁਤ ਪਛਤਾ ਰਿਹਾ ਹਾਂ। ਆਜ਼ਾਦੀ ਪਿੱਛੋਂ ਮੇਰੇ ਕਈ ਮਿੱਤਰ ਤਾਂ ਆਈ.ਏ.ਐਸ. ਅਫਸਰ ਬਣ ਗਏ। ਬਾਕੀ ਹੋਰ ਉੱਚੀਆਂ ਥਾਵਾਂ ਤੇ। ਮੈਂ ਸੇਵਾਂ ਕਰਨ ਲੱਗਿਆ ਰਿਹਾ।’
ਸ਼ੋਭਾਰਾਮ ਦਲਿਤ ਹੈ ਅਤੇ ਆਪਣੇ ਆਪ ਨੂੰ ਗਾਂਧੀਵਾਦੀ ਕਹਿੰਦਾ ਹੈ। ਅੰਬੇਡਕਰ ਦੀ ਭਰਪੂਰ ਉਸਤਤ ਕਰਦਾ ਹੈ, ਕਹਿੰਦਾ ਹੈ, ਮੈਂ ਦੋਵਾਂ ਨਾਲ਼ ਰਿਹਾ, ਗਾਂਧੀਵਾਦ ਅਤੇ ਕ੍ਰਾਂਤੀਵਾਦ ਦੋਵਾਂ ਨਾਲ। ਦੋਵੇਂ ਇੱਕੋ ਤਾਣਾ ਪੇਟਾ ਹਨ। ਇਉਂ ਬੁਨਿਆਦੀ ਤੌਰ ਤੇ ਗਾਂਧੀਵਾਦੀ ਹੈ ਪਰ ਤਿੰਨੇ ਸਿਆਸੀ ਧਾਰਾਵਾਂ ਨਾਲ਼ ਜੁੜਿਆ ਰਿਹਾ।
ਬੇਸ਼ੱਕ ਗਾਂਧੀ ਦਾ ਉਪਾਸ਼ਕ ਹੈ ਪਰ ਅਜਿਹੀ ਗੱਲ ਵੀ ਨਹੀਂ ਕਿ ਗਾਂਧੀ ਵਿੱਚ ਕੋਈ ਕਮੀ ਹੀ ਨਹੀਂ ਸੀ, ਖ਼ਾਸ ਕਰ ਅੰਬੇਡਕਰ ਦੇ ਸੰਦਰਭ ਵਿੱਚ।
‘ਜਦੋਂ ਅੰਬੇਡਕਰ ਨਾਲ਼ ਮੱਥਾ ਲੱਗਾ, ਗਾਂਧੀ ਡਰ ਗਿਆ ਸੀ। ਇਸ ਗੱਲੋਂ ਡਰਿਆ ਸੀ ਕਿ ਸਾਰੇ ਸ਼ਿਡਿਊਲਡ ਕਾਸਟ ਲੋਕ ਬਾਬਾ ਸਾਹਿਬ ਵੱਲ ਹੋ ਰਹੇ ਸਨ। ਨਹਿਰੂ ਵੀ ਡਰ ਗਿਆ ਸੀ। ਉਨ੍ਹਾਂ ਨੂੰ ਲੱਗਾ ਸੀ ਇਸ ਕਾਰਨ ਵੱਡੀ ਲਹਿਰ ਕਮਜ਼ੋਰ ਹੋ ਜਾਵੇਗੀ ਪਰ ਦੋਵੇਂ ਉਸਦੀ ਕਾਬਲੀਅਤ ਤੋਂ ਵਾਕਫ਼ ਸਨ। ਜਦੋਂ ਦੇਸ਼ ਆਜ਼ਾਦ ਹੋਇਆ, ਇਸ ਟੱਕਰ ਤੋਂ ਸਾਰੇ ਪ੍ਰੇਸ਼ਾਨ ਹਨ।
‘ਉਨ੍ਹਾਂ ਨੂੰ ਅਹਿਸਾਸ ਸੀ ਕਿ ਅੰਬੇਡਕਰ ਤੋਂ ਬਿਨ੍ਹਾਂ ਕੋਈ ਸੰਵਿਧਾਨ ਨਹੀਂ ਲਿਖ ਸਕਦਾ। ਇਸ ਕੰਮ ਲਈ ਉਹੀ ਸਮਰੱਥ ਸੀ ਕੇਵਲ। ਇਹ ਡਿਊਟੀ ਉਸਨੇ ਕੋਈ ਮੰਗ ਕੇ ਨਹੀਂ ਸੀ ਲਈ। ਸਭ ਨੇ ਉਸੇ ਨੂੰ ਕਿਹਾ ਸੀ ਸਾਡੇ ਵਾਸਤੇ ਤੂੰ ਹੀ ਕਾਨੂੰਨ ਘੜ। ਉਹ ਉਵੇਂ ਸੀ ਜਿਵੇਂ ਦਾ ਸੰਸਾਰ ਸਿਰਜਣ ਵਾਲ਼ਾ ਬ੍ਰਹਮਾ ਪੜ੍ਹਿਆ ਲਿਖਿਆ ਰੋਸ਼ਨ ਦਿਮਾਗ। ਪਰ ਅਸੀਂ ਹਿੰਦੁਸਤਾਨੀ ਲੋਕ ਬੜੇ ਖਰਾਬ ਹਾਂ। ਆਜ਼ਾਦੀ ਤੋਂ ਪਹਿਲਾਂ ਅਤੇ ਪਿੱਛੋਂ ਅਸੀਂ ਉਸ ਨਾਲ਼ ਦੁਰਵਿਹਾਰ ਕੀਤਾ। ਉਸਨੂੰ ਤਾਂ ਆਜ਼ਾਦੀ ਦੀ ਗਾਥਾ ਵਿਚੋਂ ਹੀ ਬਾਹਰ ਕੱਢ ਦਿੱਤਾ ਤਾਂ ਵੀ, ਅੱਜ ਤੱਕ ਉਹੀ ਮੇਰਾ ਪ੍ਰੇਰਨਾ ਸ੍ਰੋਤ ਹੈ।’
ਸ਼ੋਭਾਰਾਮ ਦਾ ਇਹ ਵੀ ਕਹਿਣਾ ਹੈ, ‘ਦਿਲੋਂ ਮੈਂ ਪੂਰਨ ਕਾਂਗਰਸੀਆਂ ਹਾਂ।’ ਇਸ ਤੋਂ ਉਸਦਾ ਮਤਲਬ ਹੈ ਉਹ ਪਾਰਟੀ ਦੀ ਅਜੋਕੀ ਦਸ਼ਾ ਦਾ ਆਲੋਚਕ ਹੈ। ਉਸਦਾ ਮੰਨਣਾ ਹੈ ਕਿ ਭਾਰਤ ਦੀ ਸਮਕਾਲੀ ਲੀਡਰਸ਼ਿਪ ਦੇਸ਼ ਨੂੰ ਤਾਨਾਸ਼ਾਹੀ ਵੱਲ ਮੋੜ ਰਹੀ ਹੈ ‘ਇਸ ਕਰਕੇ ਲੋੜ ਹੈ ਕਾਂਗਰਸ ਆਪਣੇ ਆਪ ਨੂੰ ਮੁੜ ਕਾਇਮ ਕਰੇ, ਦੇਸ਼ ਅਤੇ ਸੰਵਿਧਾਨ ਨੂੰ ਬਚਾਏ।’
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਪੂਰਾ ਪ੍ਰਸ਼ੰਸਕ ਹੈ। ‘ਉਹ ਲੋਕਾਂ ਵਾਸਤੇ ਫ਼ਿਕਰਮੰਦ ਹੈ। ਉਹ ਸਾਡਾ ਆਜ਼ਾਦੀ ਘੁਲਾਟੀਆਂ ਦਾ ਖ਼ਿਆਲ ਰੱਖਦਾ ਹੈ।’ ਇਸ ਪ੍ਰਾਂਤ ਵਿੱਚ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਦੇਸ਼ ਵਿੱਚ ਸਭ ਤੋਂ ਵੱਧ ਹੈ। ਮਾਰਚ 2021 ਵਿੱਚ ਵਧਾ ਕੇ ਪੰਜਾਹ ਹਜ਼ਾਰ ਕਰ ਦਿੱਤੀ। ਕੇਂਦਰ ਸਰਕਾਰ ਆਜ਼ਾਦੀ ਘੁਲਾਟੀਆਂ ਨੂੰ ਤੀਹ ਹਜ਼ਾਰ ਦਿੰਦੀ ਹੈ।
ਸ਼ੋਭਾਰਾਮ ਗਾਂਧੀਵਾਦੀ ਹੋਣ ਦਾ ਦਾਅਵਾ ਕਰਦਾ ਹੈ, ਖ਼ਾਸ ਕਰਕੇ ਉਦੋਂ ਵੀ ਜਦੋਂ ਉਹ ਅੰਬੇਡਕਰ ਨੂੰ ਫੁੱਲਮਾਲਾ ਪਹਿਨਾ ਕੇ ਪੌੜੀਓਂ ਉਤਰਦਾ ਹੈ।
‘ਦੇਖੋ ਜੀ ਆਪਾਂ ਤਾਂ ਉਨ੍ਹਾਂ ਪਿੱਛੇ ਲੱਗੇ ਜਿਨ੍ਹਾਂ ਨੂੰ ਪਸੰਦ ਕਰ ਲਿਆ। ਜਿਸ ਨਾਲ਼ ਮੇਰੀ ਮੱਤ ਮਿਲੀ, ਉਸ ਨਾਲ਼ ਸਹਿਮਤ ਹੋ ਗਿਆ। ਬਹੁਤ ਸਾਰੇ ਸਨ ਇਸ ਤਰ੍ਹਾਂ ਦੇ। ਅਜਿਹਾ ਕਰਦਿਆਂ ਮੈਨੂੰ ਤਾਂ ਕੋਈ ਔਖ ਨਹੀਂ ਹੋਈ। ਕਿਸੇ ਨਾਲ਼ ਕੋਈ ਬਖੇੜਾ ਨਹੀਂ।’
*****
ਸ਼ੋਭਾਰਾਮ ਗਹਿਰੇਵਾਰ ਅਜਮੇਰ ਵਿਖੇ ਪੁਰਾਣੀ ਆਜ਼ਾਦੀ ਦੀ ਮੀਟਿੰਗ ਵਾਲੀ ਥਾਂ ਸੁਤੰਤਰਤਾ ਸੈਨਾਨੀ ਭਵਨ ਲਿਜਾ ਰਿਹਾ ਹੈ। ਭੀੜ ਭੜੱਕੇ ਵਾਲੀ ਮਾਰਕਿਟ ਦੇ ਐਨ ਵਿਚਕਾਰ ਹੈ। ਇਸ ਬਜ਼ੁਰਗ ਤੋਂ ਮੈਂ ਰਤਾ ਕੁ ਹਟਵਾਂ ਚੱਲ ਰਿਹਾ ਹਾਂ ਕਿਉਂਕਿ ਭੀੜ ਵਾਲ਼ੇ ਟ੍ਰੈਫਿਕ ਵਿਚ ਇਹ ਧੁੱਸ ਦੇਕੇ ਵੜ ਜਾਂਦਾ ਹੈ। ਹੱਥ ਵਿੱਚ ਕੋਈ ਸੋਟੀ ਨਹੀਂ, ਤੇਜ਼ ਕਦਮੀ ਚੱਲ ਰਿਹੈ।
ਥੋੜੇ ਕੁ ਸਮੇਂ ਵਾਸਤੇ ਬਾਅਦ ਵਿੱਚ ਉਹ ਸਾਨੂੰ ਕੁਝ ਨਿਰਾਸ਼, ਕੁਝ ਦੁਬਿਧਾ ਵਿੱਚ ਨਜ਼ਰ ਆਇਆ ਜਦੋਂ ਅਸੀਂ ਉਸ ਨਾਲ਼ ਉਸ ਸਕੂਲ ਵਿੱਚ ਗਏ ਜਿਸਦਾ ਜ਼ਿਕਰ ਉਹ ਫਖ਼ਰ ਨਾਲ਼ ਕਰਿਆ ਕਰਦਾ ਸੀ। ਉਸਨੇ ਸਕੂਲ ਦੀ ਕੰਧ ਉੱਤੇ ਨੋਟਿਸ ਪੜ੍ਹਿਆ, “ਸਰਸ੍ਵਤੀ ਸਕੂਲ ਬੰਦ ਪੜਾ ਹੈ।” ਸਕੂਲ ਤੇ ਕਾਲਜ ਦੋਵੇਂ ਬੰਦ ਪਏ ਹਨ। ਚੌਂਕੀਦਾਰ ਅਤੇ ਆਲੇ-ਦੁਆਲੇ ਦੇ ਲੋਕ ਦੱਸਦੇ ਹਨ - ਸਦਾ ਲਈ। ਛੇਤੀ ਇਹ ਕੀਮਤੀ ਜਾਇਦਾਦ ਬਣ ਜਾਵੇਗਾ।
ਪਰ ਸੁਤੰਤਰਤਾ ਸੈਨਾਨੀ ਭਵਨ ਅੱਗੇ ਖਲੋ ਜਜ਼ਬਾਤੀ ਹੋ ਕੇ ਉਹ ਸੋਚਾਂ ਵਿੱਚ ਪੈ ਗਿਆ ਸੀ।
‘15 ਅਗਸਤ 1947 ਨੂੰ ਜਦੋਂ ਲਾਲ ਕਿਲੇ੍ਹ ਉੱਪਰ ਤਿਰੰਗਾ ਲਹਿਰਾਇਆ ਗਿਆ, ਅਸੀਂ ਇਥੇ ਲਹਿਰਾਇਆ ਸੀ। ਇਹ ਭਵਨ ਅਸੀਂ ਨਵੀਂ ਦੁਲਹਨ ਵਾਂਗ ਸ਼ਿੰਗਾਰ ਦਿੱਤਾ ਸੀ। ਅਸੀਂ ਸਾਰੇ ਆਜ਼ਾਦੀ ਘੁਲਾਟੀਏ ਇੱਥੇ ਮੌਜੂਦ ਸਾਂ। ਅਸੀਂ ਅਜੇ ਛੋਟੇ ਹੀ ਸਾਂ ਉਦੋਂ। ਅਸੀਂ ਸਾਰੇ ਬਹੁਤ ਖ਼ੁਸ਼ ਸਾਂ।
‘ਇਹ ਭਵਨ ਖ਼ਾਸ ਸੀ। ਇਸ ਥਾਂ ਦੀ ਮਾਲਕੀ ਕਿਸੇ ਇਕੱਲੇ ਬੰਦੇ ਦੀ ਨਹੀਂ ਸੀ। ਬਹੁਤ ਸਾਰੇ ਆਜ਼ਾਦੀ ਘੁਲਾਟੀਏ ਸਾਂ ਤੇ ਲੋਕ ਸੇਵਾ ਅਰਥ ਅਸੀਂ ਕਈ ਕੁਝ ਕੀਤਾ। ਕਦੇ ਦਿੱਲੀ ਜਾ ਕੇ ਨਹਿਰੂ ਨੂੰ ਮਿਲ ਆਉਂਦੇ। ਬਾਅਦ ਵਿੱਚ ਇੰਦਰਾ ਗਾਂਧੀ ਨੂੰ ਮਿਲਦੇ ਰਹੇ। ਹੁਣ ਤਾਂ ਕੋਈ ਰਿਹਾ ਈ ਨਹੀਂ ਉਨ੍ਹਾਂ ਵਿੱਚੋਂ।
‘ਬਹੁਤ ਮਹਾਨ ਆਜ਼ਾਦੀ ਸੰਗਰਾਮੀਏਂ ਹੋਇਆ ਕਰਦੇ ਸਨ। ਬੜੇ ਕ੍ਰਾਂਤੀਕਾਰੀਆਂ ਨਾਲ਼ ਕੰਮ ਕੀਤਾ। ਸੇਵਾ ਕਰਨ ਵਾਲਿਆਂ ਨਾਲ਼ ਕੰਮ ਕੀਤਾ।’ ਉਸ ਨੇ ਕਈ ਨਾਮ ਗਿਣਾਏ।
‘ਡਾ. ਸਰਧਾਨੰਦ, ਵੀਰ ਸਿੰਘ ਮਹਿਤਾ, ਰਾਮ ਨਾਰਾਇਣ ਚੌਧਰੀ। ਦੈਨਿਕ ਨਵਜਯੋਤੀ ਦਾ ਸੰਪਾਦਕ ਰਾਮ ਨਾਰਾਇਣ, ਦੁਰਗਾ ਪ੍ਰਸਾਦ ਚੌਧਰੀ ਦਾ ਵੱਡਾ ਭਰਾ ਸੀ। ਅਜਮੇਰ ਤੋਂ ਭਾਰਗਵ ਫੈਮਿਲੀ ਹੋਇਆ ਕਰਦੀ ਸੀ। ਅੰਬੇਡਕਰ ਦੀ ਜਿਸ ਕਮੇਟੀ ਨੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ, ਮੁਕਟ ਬਿਹਾਰੀ ਭਾਰਗਵ ਉਸਦਾ ਮੈਂਬਰ ਸੀ। ਇਨ੍ਹਾਂ ਵਿੱਚੋਂ ਹੁਣ ਕੋਈ ਨਹੀਂ ਰਿਹਾ। ਮਹਾਨ ਸੁਤੰਰਤਾ ਸੈਨਾਨੀ ਗੋਕੁਲਭਾਈ ਭੱਟ ਹੁੰਦਾ ਸੀ। ਉਸਨੂੰ ਰਾਜਸਥਾਨ ਦਾ ਗਾਂਧੀ ਸਮਝੋ। ਥੋੜੇ ਸਮੇਂ ਵਾਸਤੇ ਭੱਟ ਧਿਰੋਹੀ ਰਿਆਸਤ ਦਾ ਮੁੱਖ ਮੰਤਰੀ ਲੱਗ ਗਿਆ ਸੀ ਪਰ ਆਜ਼ਾਦੀ ਅਤੇ ਸਮਾਜ ਸੁਧਾਰ ਦੇ ਕੰਮਾਂ ਕਾਰਨ ਇਹ ਰੁਤਬਾ ਛੱਡ ਦਿੱਤਾ ਸੀ।
ਸ਼ੋਭਾਰਾਮ ਜ਼ੋਰ ਦੇ ਕੇ ਆਖਦਾ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ ਵਿੱਚੋਂ ਇੱਕ ਵੀ ਨਹੀਂ ਸੀ ਅਜ਼ਾਦੀ ਸੰਗਰਾਮ ਵਿੱਚ।
‘ਉਨ੍ਹਾਂ? ਉਨ੍ਹਾਂ ਨੇ ਤਾਂ ਚੀਚੀ ਵੀ ਨਹੀਂ ਕਟਵਾਈ।’
ਜਿਹੜੀ ਗੱਲ ਉਸਨੂੰ ਹੁਣ ਸਭ ਤੋਂ ਵਧ ਪ੍ਰੇਸ਼ਾਨ ਕਰਦੀ ਹੈ ਉਹ ਹੈ ਸੁਤੰਤਰਤਾ ਸੰਗਰਾਮੀਆਂ ਦੀ ਹੋਣੀ।
‘ਹੁਣ ਮੈਂ ਬੁੱਢਾ ਹੋ ਗਿਆ ਹਾਂ, ਹਰ ਰੋਜ਼ ਇਸ ਥਾਂ ਨਹੀਂ ਆ ਸਕਦਾ। ਜਦੋਂ ਮੈਂ ਠੀਕ ਠਾਕ ਹੁੰਨਾ ਉਦੋਂ ਆਉਣ ਦਾ ਆਲਸ ਨਹੀਂ ਕਰਦਾ। ਘੰਟਾ ਭਰ ਜ਼ਰੂਰ ਬੈਠਦਾ ਹਾਂ। ਜਿਹੜੇ ਲੋਕ ਉੱਥੇ ਆਉਂਦੇ ਹਨ ਉਨ੍ਹਾਂ ਨੂੰ ਮਿਲਦਾ ਹਾਂ, ਲੋੜਵੰਦਾਂ ਦੀ ਜੋ ਸਹਾਇਤਾ ਕਰ ਸਕਦਾ ਹਾਂ ਕਰਦਾ ਹਾਂ।
‘ਮੇਰੇ ਨਾਲ਼ ਹੁਣ ਕੋਈ ਨਹੀਂ। ਬਿਲਕੁਲ ਇਕੱਲਾ ਰਹਿ ਗਿਆ ਹਾਂ। ਬਾਕੀ ਦੇ ਆਜ਼ਾਦੀ ਘੁਲਾਟੀਏ ਤੁਰ ਗਏ ਹਨ। ਜਿਹੜੇ ਕੁਝ ਕੁ ਬਚੇ ਹੋਏ ਹਨ। ਕਮਜ਼ੋਰ ਹਨ, ਬਿਮਾਰ ਹਨ। ਸੁਤੰਤਰਤਾ ਸੈਨਾਨੀ ਭਵਨ ਦੀ ਦੇਖ ਭਾਲ ਇਕੱਲਾ ਹੀ ਕਰਦਾ ਹਾਂ। ਮੈਂ ਚਾਹੁੰਦਾ ਹਾਂ ਹਿਹ ਭਵਨ ਸਲਾਮਤ ਰਹੇ। ਮੇਰਾ ਕੋਈ ਸਾਥੀ ਇਸ ਵੇਲੇ ਨਹੀਂ ਹੈ, ਇਹ ਗੱਲ ਮੈਨੂੰ ਰੁਆ ਦਿੰਦੀ ਹੈ। ਮੇਰੇ ਨਾਲ ਦਾ ਤਾਂ ਇੱਕ ਵੀ ਨਹੀਂ ਰਿਹਾ।
‘ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖੀ ਹੈ ਕਿ ਭਵਨ ਨੂੰ ਸੰਭਾਲ ਲਵੋ ਨਹੀਂ ਤਾਂ ਕੋਈ ਨਾ ਕੋਈ ਇਸ ਤੇ ਕਬਜ਼ਾ ਜਮਾ ਲਵੇਗਾ।
‘ਇਸ ਥਾਂ ਕਰੋੜਾਂ ਦੀ ਸੰਪਤੀ ਹੈ, ਸ਼ਹਿਰ ਦੇ ਐਨ ਵਿਚਕਾਰ। ਲੋਕ ਕਹਿੰਦੇ ਨੇ ਸ਼ੋਭਾਰਾਮ ਜੀ ਤੁਸੀਂ ਇਕੱਲੇ ਕੀ ਕਰ ਲਉਗੇ? ਸਾਨੂੰ ਇਹ ਜਾਇਦਾਦ ਦੇ ਦਿਉ, ਬਦਲੇ ਵਿੱਚ ਸਾਥੋਂ ਕਰੋੜਾਂ ਲੈ ਲਵੋ। ਮੈਂ ਕਹਿ ਦਿੰਨਾ ਮੇਰੇ ਮਰਨ ਮਗਰੋਂ ਜੋ ਮਰਜ਼ੀ ਕਰਿਓ। ਮੈਂ ਕੀ ਕਰ ਸਕਦਾ? ਉਨ੍ਹਾਂ ਦਾ ਕਿਹਾ ਕਿਵੇਂ ਮੰਨ ਸਕਦਾ ਹਾਂ? ਲੱਖਾਂ ਨੇ ਇਸ ਵਾਸਤੇ ਜਾਨਾਂ ਵਾਰ ਦਿੱਤੀਆਂ, ਆਜ਼ਾਦੀ ਵਾਸਤੇ। ਪੈਸੇ ਮੈਂ ਕੀ ਕਰਨੇ ਨੇ?
‘ਤੁਹਾਡੇ ਧਿਆਨ ਵਿੱਚ ਇਹ ਗੱਲ ਵੀ ਲਿਆ ਦਿੰਨਾ ਕਿ ਕਿਸੇ ਨੂੰ ਸਾਡੀ ਪਰਵਾਹ ਨਹੀਂ। ਆਜ਼ਾਦੀ ਸੰਗਰਾਮੀਆਂ ਨੂੰ ਕੋਈ ਨੀ ਪੁੱਛਦਾ। ਇੱਕ ਵੀ ਕਿਤਾਬ ਅਜਿਹੀ ਨਹੀਂ ਜਿਹੜੀ ਬੱਚਿਆਂ ਨੂੰ ਦੱਸੇ ਅਸੀਂ ਆਜ਼ਾਦੀ ਵਾਸਤੇ ਕਿਵੇਂ ਯੁੱਧ ਲੜਿਆ ਅਤੇ ਕਿਵੇਂ ਜਿੱਤਿਆ। ਸਾਡੇ ਬਾਰੇ ਕੌਣ ਜਾਣਦੇ ਹੁਣ?’
ਇਹ ਅੰਸ਼, ਔਟਮ ਆਰਟ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਤ ਕੀਤੇ ਜਾਣ ਵਾਲ਼ੇ ਪੰਜਾਬੀ ਐਡੀਸ਼ਨ, 'ਅਖੀਰਲੇ ਨਾਇਕ, ਭਾਰਤੀ ਅਜ਼ਾਦੀ ਦੇ ਪੈਦਲ ਸਿਪਾਹੀ' ਵਿੱਚੋਂ ਲਿਆ ਗਿਆ ਹੈ।
ਤਰਜਮਾ: ਡਾ. ਹਰਪਾਲ ਸਿੰਘ ਪੰਨੂ