ਪੂਰਬੀ ਭਾਰਤ ਦੇ ਸਮੁੰਦਰੀ ਕੰਢੇ ਇਸ ਵੇਲ਼ੇ ਤੜਕੇ 3 ਵਜੇ ਦਾ ਸਮਾਂ ਹੈ। ਰਾਮੋਲੂ ਲਕਸ਼ਮੱਯਾ ਫਲੈਸ਼ਲਾਈਟ ਦੀ ਵਰਤੋਂ ਕਰਕੇ ਓਲਿਵ ਰਿਡਲੇ ਕੱਛੂ ਦੇ ਆਂਡਿਆਂ ਦੀ ਭਾਲ਼ ਕਰ ਰਹੇ ਹਨ। ਆਪਣੇ ਹੱਥ ਵਿੱਚ ਇੱਕ ਡੰਡਾ ਅਤੇ ਬਾਲਟੀ ਫੜ੍ਹੀ ਉਹ ਹੌਲ਼ੀ-ਹੌਲ਼ੀ ਜਲਾਰੀਪੇਟਾ ਵਿਖੇ ਆਪਣੇ ਘਰ ਅਤੇ ਆਰ.ਕੇ. ਬੀਚ ਵਿਚਾਲੇ ਇਸ ਛੋਟੇ ਅਤੇ ਰੇਤਲੇ ਰਸਤੇ ਨੂੰ ਪਾਰ ਕਰ ਰਹੇ ਹਨ।
ਮਾਦਾ ਓਲਿਵ ਰਿਡਲੇ ਕੱਛੂ ਆਂਡੇ ਦੇਣ ਲਈ ਸਮੁੰਦਰੀ ਕੰਢੇ 'ਤੇ ਆਉਂਦੀਆਂ ਹਨ। ਵਿਸ਼ਾਖਾਪਟਨਮ ਦਾ ਰੇਤੀਲਾ ਢਲਾਣ ਵਾਲ਼ਾ ਇਹ ਸਮੁੰਦਰੀ ਤੱਟ ਉਨ੍ਹਾਂ ਦੇ ਆਂਡੇ ਦੇਣ ਲਈ ਸਭ ਤੋਂ ਵਧੀਆ ਜਗ੍ਹਾ ਹੈ। ਉਹ 1980 ਦੇ ਦਹਾਕੇ ਤੋਂ ਇੱਥੇ ਆਉਂਦੇ ਰਹੇ ਹਨ। ਹਾਲਾਂਕਿ, ਕੁਝ ਕਿਲੋਮੀਟਰ ਉੱਤਰ ਵਿੱਚ ਓੜੀਸ਼ਾ ਦੇ ਤਟੀ ਇਲਾਕਿਆਂ ਵਿੱਚ ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਥਾਵਾਂ ਦੇਖਣ ਨੂੰ ਮਿਲ਼ਦੀਆਂ ਹਨ, ਜਿੱਥੇ ਮਾਦਾ ਕਛੂਏ ਸਮੂਹਿਕ ਤੌਰ 'ਤੇ ਆਂਡੇ ਦਿੰਦੀਆਂ ਹਨ। ਮਾਦਾ ਕੱਛੂਆ ਇੱਕ ਵਾਰ ਵਿੱਚ 100-150 ਆਂਡੇ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਰੇਤ ਅੰਦਰ ਡੂੰਘਾ ਕਰਕੇ ਦਬਾ ਦਿੰਦੀਆਂ ਹਨ।
ਸੋਟੀ ਨਾਲ਼ ਨਰਮ ਰੇਤ ਨੂੰ ਧਿਆਨ ਨਾਲ਼ ਜਾਂਚਦਿਆਂ ਲਕਸ਼ਮੱਯਾ ਦੱਸਦੇ ਹਨ,"ਜਿੱਥੇ ਮਾਦਾ ਕੱਛੂਏ ਨੇ ਆਪਣੇ ਆਂਡੇ ਦਿੱਤੇ ਹਨ, ਉੱਥੇ-ਉੱਥੇ ਰੇਤ ਢਿੱਲੀ ਹੈ।" ਲਕਸ਼ਮੱਯਾ ਦੇ ਨਾਲ਼ ਕਰਰੀ ਜੱਲੀਬਾਬੂ, ਪੁੱਟੀਯਾਪਾਨਾ ਯੇਰੰਨਾ ਅਤੇ ਪੁੱਲਾ ਪੋਲਾਰਾਮ ਵੀ ਹਨ, ਜੋ ਜਾਲਾਰੀ ਭਾਈਚਾਰੇ (ਆਂਧਰਾ ਪ੍ਰਦੇਸ਼ ਵਿਖੇ ਹੋਰ ਪੱਛੜੇ ਵਰਗ ਦੇ ਅਧੀਨ ਸੂਚੀਬੱਧ) ਦੇ ਮਛੇਰੇ ਹਨ। 2023 ਵਿੱਚ, ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਜੰਗਲਾਤ ਵਿਭਾਗ (ਏਪੀਐੱਫਡੀ) ਵਿੱਚ ਗਾਰਡ ਵਜੋਂ ਪਾਰਟ-ਟਾਈਮ ਨੌਕਰੀ ਕੀਤੀ, ਜੋ ਸਮੁੰਦਰੀ ਕੱਛੂਆ ਸੰਭਾਲ਼ ਪ੍ਰੋਜੈਕਟ ਦੇ ਤਹਿਤ ਓਲਿਵ ਰਿਡਲੇ ਕੱਛੂ ਆਂਡਿਆਂ ਦੀ ਸੰਭਾਲ਼ ਕਰਨ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹੈ।
ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ (ਆਈ.ਯੂ.ਸੀ.ਐੱਨ.) ਨੇ ਓਲਿਵ ਰਿਡਲੇ ਕੱਛੂਆਂ (ਲੇਪੀਡੋਚੇਲਿਸ ਓਲੀਵਾਸੀਆ) ਨੂੰ ਰੈੱਡ ਲਿਸਟ ਅੰਦਰ 'ਖ਼ਤਰੇ ਹੇਠ ਪ੍ਰਜਾਤੀਆਂ' ਦੇ ਰੂਪ 'ਚ ਸ਼੍ਰੇਣੀਬੱਧ ਕੀਤਾ ਹੈ ਅਤੇ ਉਹ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ, 1972 (ਸੋਧ 1991) ਦੀ ਅਨੁਸੂਚੀ-1 ਦੇ ਤਹਿਤ ਸੁਰੱਖਿਅਤ ਹਨ।
ਵਿਸ਼ਾਖਾਪਟਨਮ ਦੇ ਕੰਬਾਲਾਕੋਂਡਾ ਜੰਗਲੀ ਜੀਵ ਅਭਿਆਨ ਦੇ ਪ੍ਰੋਜੈਕਟ ਵਿਗਿਆਨੀ ਯਜਨਾਪਤੀ ਅਡਾਰੀ ਕਹਿੰਦੇ ਹਨ ਕਿ ਤੱਟੀ ਇਲਾਕਿਆਂ ਵਿੱਚ ਨਸ਼ਟ ਹੋਣ ਜਿਹੀਆਂ ਥਾਵਾਂ ਕਾਰਨ ਕਛੂਏ ਖ਼ਤਰੇ ਹੇਠ ਹਨ,"ਮੁੱਖ ਤੌਰ 'ਤੇ ਵਿਕਾਸ ਦੇ ਨਾਮ 'ਤੇ ਆਂਡਿਆਂ ਦੇ ਅਵਾਸ ਦੇ ਨਾਲ਼-ਨਾਲ਼ ਜਲਵਾਯੂ ਤਬਦੀਲੀ ਕਾਰਨ ਸਮੁੰਦਰੀ ਨਿਵਾਸ ਸਥਾਨ ਬਰਬਾਦ ਹੋ ਗਏ ਹਨ।'' ਸਮੁੰਦਰੀ ਕੱਛੂਏ ਮਾਸ ਅਤੇ ਆਂਡਿਆਂ ਲਈ ਸ਼ਿਕਾਰ ਬਣਦੇ ਹਨ।
ਆਂਡੇ ਬਚਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਲਕਸ਼ਮੱਯਾ ਕਹਿੰਦੇ ਹਨ,''ਭਾਵੇਂ ਮਾਂ ਆਂਡਿਆਂ ਨੂੰ ਕਿੰਨਾ ਵੀ ਡੂੰਘਾ ਕਿਉਂ ਨਾ ਦੱਬ ਦੇਵੇ, ਉਨ੍ਹਾਂ ਨੂੰ ਲੱਭ ਕੇ ਕੱਢਿਆ ਜਾ ਸਕਦਾ ਹੈ। ਲੋਕਾਂ ਦੇ ਪੈਰ ਉਨ੍ਹਾਂ 'ਤੇ ਆ ਸਕਦੇ ਹਨ ਜਾਂ ਫਿਰ ਕੁੱਤਿਆਂ ਦੇ ਪੰਜਿਆਂ ਦਾ ਸ਼ਿਕਾਰ ਹੋ ਸਕਦੇ ਹਨ,'' ਲਕਸ਼ਮੱਯਾ (32) ਮੁਤਾਬਕ ''ਹੈਚਰੀ (ਕਛੂਏ ਪਾਲਣ ਦੀ ਥਾਂ) ਵਿੱਚ ਹੀ ਉਹ ਸੁਰੱਖਿਅਤ ਹੁੰਦੇ ਹਨ।''
ਇਸਲਈ ਲਕਸ਼ਮੱਯਾ ਜਿਹੇ ਗਾਰਡ ਇਨ੍ਹਾਂ ਆਂਡਿਆਂ ਦੇ ਵਜੂਦ ਵਾਸਤੇ ਜ਼ਰੂਰੀ ਹਨ। ਓਲਿਵ ਰਿਡਲੇ ਸਮੁੰਦਰੀ ਕਛੂਆਂ ਦੀ ਸਭ ਤੋਂ ਛੋਟੀ ਪ੍ਰਜਾਤੀ ਹੈ ਤੇ ਉਨ੍ਹਾਂ ਦਾ ਨਾਮ ਜੈਤੂਨੀ-ਹਰੇ ਖੋਲ ਕਾਰਨ ਪਿਆ ਹੈ।
ਗਾਰਡਾਂ ਨੂੰ ਕੱਛੂਆਂ ਦੇ ਆਂਡੇ ਲੱਭਣ ਅਤੇ ਉਨ੍ਹਾਂ ਨੂੰ ਹੈਚਰੀ ਵਿੱਚ ਰੱਖਣ ਲਈ ਭਰਤੀ ਕੀਤਾ ਜਾਂਦਾ ਹੈ। ਆਂਡੇ ਸੇਕਣ ਤੋਂ ਬਾਅਦ, ਉਨ੍ਹਾਂ ਨੂੰ ਦੁਬਾਰਾ ਸਮੁੰਦਰ ਵਿੱਚ ਛੱਡ ਦਿੱਤਾ ਜਾਂਦਾ ਹੈ। ਆਰ.ਕੇ. ਬੀਚ 'ਤੇ ਹੈਚਰੀ ਆਂਧਰਾ ਪ੍ਰਦੇਸ਼ ਦੀਆਂ ਚਾਰ ਹੈਚਰੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਸਾਗਰ ਨਗਰ, ਪੇਡਨਾਗਮੱਯਾਪਾਲੇਮ ਅਤੇ ਚੇਪਲੌਪਾੜਾ ਹਨ।
ਸਾਗਰ ਨਗਰ ਹੈਚਰੀ ਦੇ ਸਾਰੇ ਗਾਰਡ ਮਛੇਰੇ ਨਹੀਂ ਹਨ। ਉਨ੍ਹਾਂ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ ਜਿਨ੍ਹਾਂ ਨੇ ਵਾਧੂ ਆਮਦਨੀ ਲਈ ਇਹ ਪਾਰਟ-ਟਾਈਮ ਨੌਕਰੀ ਕੀਤੀ ਹੈ। ਰਘੂ ਇੱਕ ਡਰਾਈਵਰ ਹਨ ਜਿਨ੍ਹਾਂ ਨੇ ਆਪਣੇ ਰਹਿਣ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਇਹ ਨੌਕਰੀ ਕੀਤੀ ਹੈ। ਸ਼੍ਰੀਕਾਕੁਲਮ ਦੇ ਰਹਿਣ ਵਾਲ਼ੇ ਰਘੂ 22 ਸਾਲ ਦੀ ਉਮਰੇ ਵਿਸ਼ਾਖਾਪਟਨਮ ਚਲੇ ਗਏ ਸਨ। ਉਨ੍ਹਾਂ ਕੋਲ਼ ਆਪਣਾ ਕੋਈ ਵਾਹਨ ਨਹੀਂ ਹੈ, ਪਰ ਉਹ ਡਰਾਈਵਰ ਵਜੋਂ ਕੰਮ ਕਰਕੇ 7,000 ਰੁਪਏ ਕਮਾਉਂਦੇ ਹਨ।
ਇਸ ਪਾਰਟ-ਟਾਈਮ ਕੰਮ ਨੂੰ ਕਰਨ ਨਾਲ਼ ਉਨ੍ਹਾਂ ਨੂੰ ਮਦਦ ਵੀ ਮਿਲੀ ਹੈ। "ਹੁਣ ਮੈਂ ਘਰ ਵਿੱਚ ਆਪਣੇ ਮਾਪਿਆਂ ਨੂੰ 5,000-6,000 [ਰੁਪਏ] ਭੇਜ ਪਾਉਂਦਾ ਹਾਂ," ਉਹ ਕਹਿੰਦੇ ਹਨ।
ਹਰ ਸਾਲ ਦਸੰਬਰ ਤੋਂ ਮਈ ਤੱਕ, ਗਾਰਡ ਆਰ.ਕੇ. ਬੀਚ ਦੇ ਨਾਲ਼-ਨਾਲ਼ ਸੱਤ-ਅੱਠ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਹਰ ਕੁਝ ਮਿੰਟਾਂ ਬਾਅਦ ਆਂਡੇ ਲੱਭਣ ਲਈ ਰੁਕਦੇ ਹਨ। ਭਾਰਤ ਵਿੱਚ ਓਲਿਵ ਰਿਡਲੇ ਕੱਛੂਆਂ ਦੇ ਆਂਡੇ ਦੇਣ ਦਾ ਮੌਸਮ ਆਮ ਤੌਰ 'ਤੇ ਨਵੰਬਰ ਤੋਂ ਮਈ ਤੱਕ ਚੱਲਦਾ ਹੈ, ਪਰ ਜ਼ਿਆਦਾਤਰ ਆਂਡੇ ਫਰਵਰੀ ਅਤੇ ਮਾਰਚ ਵਿੱਚ ਪਾਏ ਜਾਂਦੇ ਹਨ।
ਜੱਲੀਬਾਬੂ ਕਹਿੰਦੇ ਹਨ,"ਕਈ ਵਾਰ ਅਸੀਂ ਮਾਂ ਦੇ ਪੈਰਾਂ ਦੇ ਨਿਸ਼ਾਨ ਦੇਖਦੇ ਜਾਂਦੇ ਹਾਂ ਤੇ ਕਈ ਵਾਰ ਸਾਨੂੰ ਮਾਂ (ਕੱਛੂ) ਦੀ ਝਲਕ ਵੀ ਮਿਲ਼ ਜਾਂਦੀ ਹੈ।''
ਇੱਕ ਵਾਰ ਆਂਡੇ ਮਿਲਣ ਤੋਂ ਬਾਅਦ, ਉਨ੍ਹਾਂ ਨੂੰ ਮੁੱਠੀ ਕੁ ਰੇਤ ਦੇ ਨਾਲ਼ ਬੜੇ ਧਿਆਨ ਨਾਲ਼ ਬੈਗ ਵਿੱਚ ਰੱਖਿਆ ਜਾਂਦਾ ਹੈ। ਇਸ ਰੇਤ ਦੀ ਵਰਤੋਂ ਹੈਚਰੀ ਵਿੱਚ ਆਂਡਿਆਂ ਨੂੰ ਦੁਬਾਰਾ ਦਬਾਉਣ ਲਈ ਕੀਤੀ ਜਾਂਦੀ ਹੈ।
ਗਾਰਡ ਆਂਡਿਆਂ ਦੀ ਗਿਣਤੀ, ਉਨ੍ਹਾਂ ਦੇ ਮਿਲ਼ਣ ਦਾ ਸਮਾਂ ਤੇ ਉਨ੍ਹਾਂ ਨੂੰ ਸੇਕਣ ਦੀ ਅਨੁਮਾਨਤ ਤਾਰੀਖ਼ ਰਿਕਾਰਡ ਕਰਦੇ ਜਾਂਦੇ ਹਨ, ਜਿਸ ਨੂੰ ਉਹ ਇੱਕ ਡੰਡੇ ਨਾਲ਼ ਜੋੜ ਕੇ ਉਨ੍ਹਾਂ ਨੂੰ ਦਬਾਉਣ ਵਾਲ਼ੀ ਥਾਂ 'ਤੇ ਲਗਾ ਦਿੰਦੇ ਹਨ। ਇੰਝ ਇਹ ਤਰੀਕਾ ਆਂਡੇ ਸੇਕਣ ਦੇ ਸਮੇਂ 'ਤੇ ਨਜ਼ਰ ਰੱਖਣ ਵਿੱਚ ਮਦਦ ਕਰਦਾ ਹੈ। ਇਨਕਿਊਬੇਸ਼ਨ ਪੀਰੀਅਡ (ਆਂਡੇ ਦੀ ਸਿਕਾਈ) ਆਮ ਤੌਰ 'ਤੇ 45 ਤੋਂ 65 ਦਿਨਾਂ ਦਾ ਹੁੰਦਾ ਹੈ।
ਗਾਰਡ ਆਪਣੀ ਆਮਦਨੀ ਦੇ ਮੁੱਖ ਵਸੀਲੇ ਭਾਵ ਮੱਛੀ ਫੜ੍ਹਨ ਲਈ ਸਮੁੰਦਰ ਵਿੱਚ ਜਾਣ ਤੋਂ ਪਹਿਲਾਂ ਸਵੇਰੇ 9 ਵਜੇ ਤੱਕ ਹੈਚਰੀ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਸੰਭਾਲ਼ ਕਾਰਜਾਂ ਲਈ ਦਸੰਬਰ ਤੋਂ ਮਈ ਤੱਕ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਸਾਲ 2021-22 'ਚ ਆਂਡੇ ਸੇਕਣ ਦਾ ਚੱਕਰ ਪੂਰਾ ਹੋਣ ਤੱਕ ਇਹ ਰਕਮ 5,000 ਰੁਪਏ ਸੀ। ਜੱਲੀਬਾਬੂ ਕਹਿੰਦੇ ਹਨ, "ਕਛੂਏ ਦੇ ਬੱਚਿਆਂ ਦੀ ਮਦਦ ਕਰਨ ਤੋਂ ਮਿਲ਼ਣ ਵਾਲ਼ਾ ਇਹ ਪੈਸਾ ਬੜੇ ਕੰਮ ਸੁਆਰਦਾ ਹੈ।''
ਲਕਸ਼ਮੱਯਾ ਹਾਂ ਵਿੱਚ ਹਾਂ ਮਿਲ਼ਾਉਂਦਿਆਂ ਕਹਿੰਦੇ ਹਨ,"ਇਹ ਕਮਾਈ ਅਸਲ ਵਿੱਚ ਹਰ ਸਾਲ ਪ੍ਰਜਨਨ ਸੀਜ਼ਨ ਦੌਰਾਨ 61 ਦਿਨਾਂ ਤੱਕ ਮੱਛੀ ਫੜ੍ਹਨ 'ਤੇ ਪਾਬੰਦੀ ਦੌਰਾਨ ਸੱਚੀ ਮਦਦਗਾਰ ਸਾਬਤ ਹੋਵੇਗੀ, ਜੋ ਸਮਾਂ 15 ਅਪ੍ਰੈਲ ਤੋਂ 14 ਜੂਨ ਤੱਕ ਚੱਲਦਾ ਹੈ।" ਹਾਲਾਂਕਿ ਇਨ੍ਹਾਂ ਮਹੀਨਿਆਂ ਵਿੱਚ ਗਾਰਡਾਂ ਨੂੰ ਉਨ੍ਹਾਂ ਦੇ ਕੰਮ ਬਦਲੇ ਭੁਗਤਾਨ ਨਹੀਂ ਮਿਲ਼ਿਆ ਸੀ। ਜਦੋਂ ਪਾਰੀ ਨੇ ਜੂਨ ਵਿੱਚ ਉਨ੍ਹਾਂ ਨਾਲ਼ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੂੰ ਸਿਰਫ਼ ਪਹਿਲੇ ਤਿੰਨ ਮਹੀਨਿਆਂ - ਦਸੰਬਰ, ਜਨਵਰੀ ਅਤੇ ਫ਼ਰਵਰੀ ਦਾ ਹੀ ਬਕਾਇਆ ਮਿਲਿਆ ਸੀ।
ਮੱਛੀ ਫੜ੍ਹਨ 'ਤੇ ਪਾਬੰਦੀ ਕਾਰਨ ਇਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ ਨਾਮਾਤਰ ਰਹਿ ਗਈ ਹੈ। "ਅਸੀਂ ਆਮ ਤੌਰ 'ਤੇ ਉਸਾਰੀ ਵਾਲ਼ੀਆਂ ਥਾਵਾਂ ਅਤੇ ਹੋਰ ਥਾਵਾਂ 'ਤੇ ਦਿਹਾੜੀਆਂ ਲਾਉਣ ਜਾਂਦੇ ਹਾਂ। ਹਾਲਾਂਕਿ, ਇਸ ਸਾਲ ਵਾਧੂ ਪੈਸਾ ਕੰਮ ਆਇਆ ਹੈ। ਮੈਨੂੰ ਉਮੀਦ ਹੈ ਕਿ ਬਾਕੀ ਦੇ ਪੈਸੇ ਵੀ ਜਲਦੀ ਹੀ ਮਿਲ਼ ਜਾਣਗੇ।''
ਉਨ੍ਹਾਂ ਵਿੱਚੋਂ ਕੁਝ ਨੂੰ ਹਾਲ ਹੀ ਵਿੱਚ ਸਤੰਬਰ ਮਹੀਨੇ ਭੁਗਤਾਨ ਮਿਲ਼ਿਆ ਸੀ, ਜਦੋਂ ਕਿ ਕੁਝ ਨੂੰ ਮੱਛੀ ਫੜ੍ਹਨ 'ਤੇ ਲੱਗੀ ਪਾਬੰਦੀ ਦੇ ਮਹੀਨਿਆਂ ਬਾਅਦ ਅਗਸਤ ਵਿੱਚ ਭੁਗਤਾਨ ਕੀਤਾ ਗਿਆ ਸੀ।
ਰਘੂ ਦਾ ਕਹਿਣਾ ਹੈ ਕਿ ਕੰਮ ਦਾ ਉਨ੍ਹਾਂ ਦਾ ਮਨਪਸੰਦ ਹਿੱਸਾ ਆਂਡਿਆਂ ਤੋਂ ਕੱਛੂਏ ਨਿਕਲ਼ਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਗਾਰਡ ਮਲ੍ਹਕੜੇ ਜਿਹੇ ਉਨ੍ਹਾਂ ਨੂੰ ਇੱਕ ਬੁੱਟਾ (ਟੋਕਰੀ) ਵਿੱਚ ਪਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਮੁੰਦਰ ਕੰਢੇ ਛੱਡ ਆਉਂਦੇ ਹਨ।
ਉਹ ਕਹਿੰਦੇ ਹਨ, "ਇਹ ਨੰਨ੍ਹੇ ਬੱਚੇ ਤੇਜ਼ੀ ਨਾਲ਼ ਰੇਤ ਪੁੱਟਦੇ ਹਨ। ਉਨ੍ਹਾਂ ਦੀਆਂ ਲੱਤਾਂ ਬਹੁਤ ਛੋਟੀਆਂ ਹਨ। ਉਹ ਤੇਜ਼ੀ ਨਾਲ਼ ਛੋਟੇ-ਛੋਟੇ ਕਦਮ ਚੁੱਕਦੇ ਹਨ ਅਤੇ ਉਦੋਂ ਤੱਕ ਨਹੀਂ ਰੁਕਦੇ ਜਦੋਂ ਤੱਕ ਉਹ ਸਮੁੰਦਰ ਤੱਕ ਨਹੀਂ ਪਹੁੰਚ ਜਾਂਦੇ। ਫਿਰ ਲਹਿਰਾਂ ਉਨ੍ਹਾਂ ਬੱਚਿਆਂ ਨੂੰ ਵਹਾ ਲੈ ਜਾਂਦੀਆਂ ਹਨ।''
ਆਂਡਿਆਂ ਦੀ ਆਖਰੀ ਖੇਪ ਇਸ ਸਾਲ ਜੂਨ ਵਿੱਚ ਪੈਦਾ ਹੋਈ ਸੀ। ਏ.ਪੀ.ਐਫ.ਡੀ. ਦੇ ਅਨੁਸਾਰ, 21 ਗਾਰਡਾਂ ਦੁਆਰਾ ਸਾਰੀਆਂ ਚਾਰ ਹੈਚਰੀਆਂ ਵਿੱਚ 46,754 ਆਂਡੇ ਇਕੱਠੇ ਕੀਤੇ ਗਏ ਅਤੇ 37,630 ਬੱਚਿਆਂ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਗਿਆ। ਬਾਕੀ 5,655 ਆਂਡਿਆਂ ਵਿੱਚੋਂ ਬੱਚੇ ਨਾ ਨਿਕਲ਼ ਸਕੇ।
ਲਕਸ਼ਮੱਯਾ ਦੁਖੀ ਹਿਰਦੇ ਨਾਲ਼ ਕਹਿੰਦੇ ਹਨ,"ਮਾਰਚ 2023 ਵਿੱਚ ਭਾਰੀ ਬਾਰਸ਼ ਦੌਰਾਨ ਬਹੁਤ ਸਾਰੇ ਆਂਡੇ ਟੁੱਟ ਗਏ ਸਨ। ਇਹ ਸੱਚਮੁੱਚ ਇੱਕ ਦੁਖਦਾਈ ਗੱਲ ਸੀ। ਜਦੋਂ ਮਈ ਵਿੱਚ ਕੁਝ ਬੱਚੇ ਬਾਹਰ ਆਏ, ਤਾਂ ਉਨ੍ਹਾਂ ਦੇ ਖੋਲ਼ ਟੁੱਟੇ ਹੋਏ ਸਨ।''
ਵਿਗਿਆਨੀ ਅਡਾਰੀ ਦੱਸਦੇ ਹਨ ਕਿ ਕੱਛੂ ਆਪਣੇ ਜਨਮ ਦੇ ਭੂਗੋਲਿਕ ਸਥਾਨ ਨੂੰ ਯਾਦ ਰੱਖਦੇ ਹਨ। ਮਾਦਾ ਕੱਛੂ ਪੰਜ ਸਾਲ ਵਿੱਚ ਜਿਣਸੀ ਪਰਿਪੱਕਤਾ ਪ੍ਰਾਪਤ ਕਰਨ ਤੋਂ ਬਾਅਦ ਆਂਡੇ ਦੇਣ ਲਈ ਉਸੇ ਸਮੁੰਦਰੀ ਤਟ ਵੱਲ ਮੁੜਦੀਆਂ ਹਨ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ।
ਉਨ੍ਹਾਂ ਦੇ ਆਂਡੇ ਦੇਣ ਦੇ ਅਗਲੇ ਸੀਜ਼ਨ ਦੀ ਉਡੀਕ ਕਰ ਰਹੇ ਲਕਸ਼ਮੱਯਾ ਕਹਿੰਦੇ ਹਨ,"ਮੈਨੂੰ ਖੁਸ਼ੀ ਹੈ ਕਿ ਮੈਂ ਇਸ ਦਾ ਹਿੱਸਾ ਹਾਂ। ਮੈਂ ਜਾਣਦਾ ਹਾਂ ਕਿ ਕੱਛੂਏ ਦੇ ਆਂਡੇ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ।''
ਇਸ ਸਟੋਰੀ ਵਾਸਤੇ ਲੇਖਿਕਾ ਨੂੰ ਰੰਗ ਦੇ ਤੋਂ ਗ੍ਰਾਂਟ ਮਿਲ਼ੀ ਹੈ।
ਤਰਜਮਾ: ਕਮਲਜੀਤ ਕੌਰ