ਆਪਣੀ ਸਾਰੀ ਉਮਰ ਮੈਂ ਪਸ਼ੂਆਂ ਦੀ ਸਾਂਭ-ਸੰਭਾਲ਼ ਕੀਤੀ ਹੈ। ਇਹ ਸਾਡੇ ਰਾਇਕਾ ਸਮਾਜ ਦਾ ਕੰਮ ਹੈ: ਅਸੀਂ ਪਸ਼ੂ ਪਾਲ਼ਦੇ ਹਾਂ।
ਮੇਰਾ ਨਾਂ ਸੀਤਾ ਦੇਵੀ ਹੈ ਅਤੇ ਮੈਂ 40 ਵਰ੍ਹਿਆਂ ਦੀ ਹੈ। ਰਵਾਇਤੀ ਤੌਰ ’ਤੇ ਸਾਡਾ ਭਾਈਚਾਰਾ ਪਸ਼ੂਆਂ ਦੀ ਦੇਖ਼ਭਾਲ ਲਈ ਜਾਣਿਆ ਜਾਂਦਾ ਹੈ— ਖ਼ਾਸਕਰ ਊਠਾਂ ਅਤੇ ਹਾਲ ਹੀ ਵਿੱਚ ਭੇਡਾਂ, ਬੱਕਰੀਆਂ, ਗਾਵਾਂ ਅਤੇ ਮੱਝਾਂ ਲਈ। ਸਾਡੀ ਬਸਤੀ ਨੂੰ ਤਾਰਾਮਗਰੀ ਪੁਕਾਰਿਆ ਜਾਂਦਾ ਹੈ ਅਤੇ ਇਹ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ ਪੈਂਦੇ ਜੈਤਾਰਨ ਬਲਾਕ ਦੇ ਕੁੜਕੀ ਪਿੰਡ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ।
ਮੇਰਾ ਵਿਆਹ ਹਰੀ ਰਾਮ ਦੇਵਸੀ [46] ਨਾਲ਼ ਹੋਇਆ ਹੈ ਅਤੇ ਅਸੀਂ ਆਪਣੇ ਦੋ ਪੁੱਤਰਾਂ- ਸਵਾਈ ਰਾਮ ਦੇਵਸੀ ਅਤੇ ਜਮਤਾ ਰਾਮ ਦੇਵਸੀ ਅਤੇ ਉਹਨਾਂ ਦੀਆਂ ਪਤਨੀਆਂ ਕ੍ਰਮਵਾਰ ਆਸ਼ੂ ਦੇਵੀ ਅਤੇ ਸੰਜੂ ਦੇਵੀ ਨਾਲ਼ ਰਹਿੰਦੇ ਹਾਂ। ਆਸ਼ੂ ਅਤੇ ਸਵਾਈ ਕੋਲ਼ 10 ਮਹੀਨਿਆਂ ਦਾ ਬੇਟਾ ਹੈ। ਮੇਰੇ ਮਾਤਾ ਜੀ, ਸ਼ਾਇਰੀ ਦੇਵੀ,64, ਵੀ ਸਾਡੇ ਨਾਲ਼ ਹੀ ਰਹਿੰਦੇ ਹਨ।
ਮੇਰਾ ਦਿਨ ਸਵੇਰੇ 6 ਕੁ ਵਜੇ ਮੇਰੇ ਜਾਂ ਮੇਰੀਆਂ ਨੂੰਹਾਂ ਦੁਆਰਾ ਬਣਾਈ ਗਈ ਬੱਕਰੀ ਦੇ ਦੁੱਧ ਦੀ ਚਾਹ ਨਾਲ਼ ਸ਼ੁਰੂ ਹੁੰਦਾ ਹੈ। ਫ਼ਿਰ ਅਸੀਂ ਭੋਜਨ ਬਣਾਉਂਦੇ ਹਾਂ ਅਤੇ ਵਾੜੇ [ਪਸ਼ੂਆਂ ਨੂੰ ਰੱਖਣ ਵਾਲੀ ਜਗ੍ਹਾ] ਵੱਲ ਜਾਂਦੇ ਹਾਂ ਜਿੱਥੇ ਅਸੀਂ ਆਪਣੀਆਂ ਭੇਡਾਂ ਅਤੇ ਬੱਕਰੀਆਂ ਰੱਖੀਆਂ ਹੋਈਆਂ ਹਨ। ਇੱਥੇ ਮੈਂ ਚਿੱਕੜ ਭਰੇ ਫ਼ਰਸ਼ ਨੂੰ ਸਾਫ਼ ਕਰਦੀ ਹਾਂ ਅਤੇ ਪਸ਼ੂਆਂ ਦੇ ਮਲ਼ ਨੂੰ ਇੱਕ ਪਾਸੇ ਇਕੱਠਾ ਕਰਦੀ ਹਾਂ ਤਾਂ ਕਿ ਇਸਨੂੰ ਬਾਅਦ ਵਿੱਚ ਵਰਤਿਆ ਜਾ ਸਕੇ।
ਇਹ ਵਾੜਾ ਸਾਡੇ ਘਰ ਦੇ ਬਿਲਕੁਲ ਪਿਛਲੇ ਪਾਸੇ ਹੈ ਅਤੇ ਇੱਥੇ ਸਾਡੇ 60 ਪਸ਼ੂ, ਦੋਵੇਂ ਭੇਡਾਂ ਅਤੇ ਬੱਕਰੀਆਂ ਰਹਿੰਦੀਆਂ ਹਨ। ਇਸਦੇ ਅੰਦਰ ਇੱਕ ਛੋਟਾ ਜਿਹਾ ਘੇਰਾ ਹੈ ਜਿੱਥੇ ਅਸੀਂ ਲੇਲੇ ਅਤੇ ਬੱਚੇ ਰੱਖਦੇ ਹਾਂ। ਵਾੜੇ ਦੇ ਇੱਕ ਪਾਸੇ ਅਸੀਂ ਸੁੱਕਾ ਚਾਰਾ ਸਟੋਰ ਕਰਦੇ ਹਾਂ— ਇਹ ਜ਼ਿਆਦਾਤਰ ਸੁੱਕੀ ਗੁਆਰੇ ਦੀ ਪਰਾਲੀ ਹੁੰਦੀ ਹੈ। ਭੇਡਾਂ ਅਤੇ ਬੱਰਰੀਆਂ ਤੋਂ ਇਲਾਵਾ ਅਸੀਂ ਦੋ ਗਾਵਾਂ ਵੀ ਰੱਖੀਆਂ ਹੋਈਆਂ ਹਨ ਅਤੇ ਘਰ ਦੇ ਮੁੱਖ ਦੁਆਰ ਕੋਲ਼ ਇਹਨਾਂ ਲਈ ਇੱਕ ਵੱਖਰਾ ਸ਼ੈੱਡ ਹੈ।
ਕਿਰਿਆਨੇ ਦਾ ਸਮਾਨ, ਹਸਪਤਾਲ, ਬੈਂਕ, ਸਕੂਲ ਆਦਿ, ਹਰ ਚੀਜ਼ ਦੀ ਸੁਵਿਧਾ ਲਈ ਸਾਨੂੰ ਕੁੜਕੀ ਪਿੰਡ ਜਾਣਾ ਪੈਂਦਾ ਹੈ। ਪਹਿਲਾਂ ਅਸੀਂ ਆਪਣੇ ਵੱਗ ਨਾਲ਼ ਜਮਨਾ ਜੀ (ਯਮੁਨਾ ਨਦੀ) ਵੱਲ ਜਾਇਆ ਕਰਦੇ ਸੀ ਅਤੇ ਰਸਤੇ ਵਿੱਚ ਕਿਤੇ ਡੇਰਾ ਲਾ ਲੈਂਦੇ ਸਾਂ। ਪਰ ਹੁਣ ਵੱਗ ਛੋਟੇ ਹੋ ਗਏ ਹਨ ਅਤੇ ਇੰਨੀ ਦੂਰ ਸਫ਼ਰ ਕਰਨਾ ਬਹੁਤਾ ਲਾਭਦਾਇਕ ਨਹੀਂ ਰਿਹਾ ਅਤੇ ਅਸੀਂ ਵੀ ਬਜ਼ੁਰਗ ਹੋ ਰਹੇ ਹਾਂ। ਇਸ ਲਈ ਅਸੀਂ ਪਸ਼ੂਆਂ ਨੂੰ ਜ਼ਿਆਦਾ ਦੂਰ ਚਰਾਉਣ ਲਈ ਨਹੀਂ ਲੈ ਕੇ ਜਾਂਦੇ।
ਜਦੋਂ ਮੈਂ ਵਾੜਾ ਸਾਫ਼ ਕਰਦੀ ਹਾਂ, ਮੇਰੀ ਨੂੰਹ, ਸੰਜੂ ਬੱਕਰੀਆਂ ਦੀ ਧਾਰ ਕੱਢਦੀ ਹੈ। ਨੌਜਵਾਨਾਂ ਨੂੰ ਧਾਰ ਕੱਢਦੇ ਸਮੇਂ ਪਸ਼ੂਆਂ ਨੂੰ ਫ਼ੜਨ ਲਈ ਕਿਸੇ ਨਾ ਕਿਸੇ ਦੀ ਲੋੜ ਪੈਂਦੀ ਹੈ ਕਿਉਂਕਿ ਬੱਕਰੀਆਂ ਹੁਸ਼ਿਆਰ ਹੁੰਦੀਆਂ ਹਨ ਅਤੇ ਉਹਨਾਂ ਦੀ ਪਕੜ ’ਚੋਂ ਨਿਕਲ ਜਾਂਦੀਆਂ ਹਨ। ਮੇਰੇ ਪਤੀ ਜਾਂ ਮੈਂ ਉਸਦੀ ਮਦਦ ਕਰਦੇ ਹਾਂ ਜਾਂ ਫਿਰ ਆਪ ਹੀ ਧਾਰ ਕੱਢ ਲੈਂਦੇ ਹਾਂ; ਪਸ਼ੂ ਸਾਡੇ ਤੋਂ ਜਾਣੂ ਹਨ।
ਮੇਰੇ ਪਤੀ ਪਸ਼ੂਆਂ ਨੂੰ ਬਾਹਰ ਚਰਾਉਣ ਲਈ ਲੈ ਕੇ ਜਾਂਦੇ ਹਨ। ਅਸੀਂ ਨੇੜੇ ਦਾ ਇੱਕ ਖ਼ੇਤ ਕਿਰਾਏ ’ਤੇ ਲਿਆ ਹੋਇਆ ਹੈ ਅਤੇ ਦਰੱਖ਼ਤ ਵੀ ਖ਼ਰੀਦੇ ਹਨ, ਜਿੱਥੇ ਸਾਡੇ ਪਸ਼ੂ ਘਾਹ ਚਰਨ ਜਾਂਦੇ ਹਨ। ਮੇਰੇ ਪਤੀ ਦਰੱਖ਼ਤਾਂ ਦੀਆਂ ਟਾਹਣੀਆਂ ਵੀ ਤੋੜ ਕੇ ਪਸ਼ੂਆਂ ਦੇ ਖਾਣ ਲਈ ਜ਼ਮੀਨ ’ਤੇ ਵਿਛਾ ਦਿੰਦੇ ਹਨ। ਉਹ ਖੇਜਰੀ (ਪ੍ਰੋਸੋਪਿਸ ਸਿਨਰੇਰੀਆ) ਦੇ ਪੱਤੇ ਖਾਣਾ ਪਸੰਦ ਕਰਦੇ ਹਨ।
ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਛੋਟੇ ਬੱਚੇ ਵੱਗ ਨਾਲ਼ ਬਾਹਰ ਨਾ ਜਾਣ ਕਿਉਂਕਿ ਇਹ ਉਹਨਾਂ ਲਈ ਸੁਰੱਖਿਅਤ ਨਹੀਂ ਹੈ। ਪਸ਼ੂਆਂ ਨੂੰ ਵਾੜੇ ’ਚੋਂ ਅੰਦਰ-ਬਾਹਰ ਕਰਨ ਲਈ ਅਸੀਂ ਬਹੁਤ ਸਾਰੀਆਂ ਅਵਾਜ਼ਾਂ ਦੀ ਵਰਤੋਂ ਕਰਦੇ ਹਾਂ। ਜੇਕਰ ਕਦੇ-ਕਦਾਈਂ ਕੋਈ ਛੋਟਾ ਬੱਚਾ ਆਪਣੀ ਮਾਂ ਦੇ ਪਿੱਛੇ-ਪਿੱਛੇ ਬਾਹਰ ਆ ਜਾਂਦਾ ਹੈ ਤਾਂ ਅਸੀਂ ਇਸ ਨੂੰ ਚੁੱਕ ਕੇ ਅੰਦਰ ਲੈ ਆਉਂਦੇ ਹਾਂ। ਸਾਡੇ ਵਿੱਚੋਂ ਕੋਈ ਇੱਕ ਜਾਣਾ ਵਾੜੇ ਦੇ ਬਾਹਰ ਖੜ੍ਹ ਕੇ ਹੱਥ ਹਿਲਾਉਂਦਾ ਹੈ ਅਤੇ ਪਸ਼ੂਆਂ ਨੂੰ ਵਾੜੇ ਵਿੱਚ ਦੁਬਾਰਾ ਅੰਦਰ ਜਾਣ ਤੋਂ ਰੋਕਣ ਲਈ ਅਵਾਜ਼ਾਂ ਕੱਢਦਾ ਰਹਿੰਦਾ ਹੈ। ਲਗਭਗ 10 ਮਿੰਟਾਂ ਬਾਅਦ ਸਾਰੇ ਪਸ਼ੂ ਮੁੱਖ ਦੁਆਰ ਤੋਂ ਬਾਹਰ ਹੁੰਦੇ ਹਨ ਅਤੇ ਜਾਣ ਲਈ ਤਿਆਰ ਹੁੰਦੇ ਹਨ।
ਵਾੜੇ ਵਿੱਚ ਸਿਰਫ਼ ਸੂਈਆਂ ਹੋਈਆਂ ਭੇਡਾਂ-ਬੱਕਰੀਆਂ, ਬਿਮਾਰ ਜਾਂ ਛੋਟੇ ਬੱਚਿਆਂ ਦੇ ਰਹਿ ਜਾਣ ਨਾਲ਼ ਮਾਹੌਲ ਥੋੜ੍ਹਾ ਸ਼ਾਂਤ ਹੋ ਜਾਂਦਾ ਹੈ। ਮੈਂ ਇੱਕ ਵਾਰ ਫ਼ਿਰ ਮਲ਼ ਨੂੰ ਸਾਫ਼ ਕਰਦੀ ਹਾਂ ਅਤੇ ਸਾਡੇ ਘਰ ਤੋਂ 100 ਕੁ ਮੀਟਰ ਦੂਰ ਇੱਕ ਖਾਲੀ ਜਿਹੀ ਜਗ੍ਹਾ ’ਤੇ ਸੁੱਟਦੀ ਹਾਂ। ਇੱਥੇ ਅਸੀਂ ਇਸ ਨੂੰ ਉਦੋਂ ਤੱਕ ਇਕੱਠਾ ਕਰਦੇ ਰਹਿੰਦੇ ਹਾਂ ਜਦੋਂ ਤੱਕ ਇਹ ਵੇਚਣਯੋਗ ਨਹੀਂ ਹੋ ਜਾਂਦਾ— ਇਹ ਇੱਕ ਕੀਮਤੀ ਖ਼ਾਦ ਹੈ। ਇੱਕ ਸਾਲ ਵਿੱਚ ਅਸੀਂ ਦੋ ਟਰੱਕ ਭਰ ਕੇ ਵੇਚ ਦਿੰਦੇ ਹਾਂ। ਇੱਕ ਟਰੱਕ ਤੋਂ ਸਾਨੂੰ 8,000- 10,000 ਰੁਪਏ ਤੱਕ ਦੀ ਕਮਾਈ ਹੋ ਜਾਂਦੀ ਹੈ।
ਭੇਡਾਂ ਦੀ ਵਿਕਰੀ ਸਾਡੀ ਆਮਦਨੀ ਦੇ ਹੋਰ ਸ੍ਰੋਤਾਂ ਵਿੱਚੋਂ ਇੱਕ ਹੈ ਜਿਸ ਤੋਂ ਸਾਨੂੰ ਇੱਕ ਪਸ਼ੂ ਪਿੱਛੇ 12,000 ਤੋਂ 15,000 ਰੁਪਏ ਤੱਕ ਦੀ ਆਮਦਨ ਹੁੰਦੀ ਹੈ। ਲੇਲਿਆਂ ਅਤੇ ਬੱਚਿਆਂ ਨੂੰ ਵੇਚ ਕੇ ਲਗਭਗ 6,000 ਰੁਪਏ ਪ੍ਰਾਪਤ ਹੁੰਦੇ ਹਨ। ਅਸੀਂ ਇਹਨਾਂ ਨੂੰ ਸਿਰਫ਼ ਉਦੋਂ ਹੀ ਵੇਚਦੇ ਹਾਂ ਜਦੋਂ ਸਾਨੂੰ ਪੈਸਿਆਂ ਦੀ ਤੁਰੰਤ ਲੋੜ ਹੁੰਦੀ ਹੈ। ਵਪਾਰੀ ਇਹਨਾਂ ਨੂੰ ਲੈ ਜਾਂਦੇ ਹਨ ਅਤੇ ਦਿੱਲੀ ਤੱਕ ਵੱਡੇ ਥੋਕ ਬਜ਼ਾਰਾਂ ਵਿੱਚ ਵੇਚ ਦਿੰਦੇ ਹਨ।
ਭੇਡਾਂ ਦੀ ਉੱਨ ਸਾਡੀ ਆਮਦਨ ਦਾ ਇੱਕ ਚੰਗਾ ਸ੍ਰੋਤ ਸੀ, ਪਰ ਕੁਝ ਥਾਵਾਂ ’ਤੇ ਉੱਨ ਦੀਆਂ ਕੀਮਤਾਂ 2 ਰੁਪਏ ਪ੍ਰਤੀ ਕਿੱਲੋ ਤੱਕ ਡਿੱਗ ਗਈਆਂ ਹਨ ਅਤੇ ਸਾਨੂੰ ਹੁਣ ਬਹੁਤੇ ਖ਼ਰੀਦਦਾਰ ਨਹੀਂ ਮਿਲਦੇ।
ਜਦੋਂ ਮੈਂ ਮੀਂਗਣਾ ਨੂੰ ਢੇਰੀ ਕਰ ਕੇ ਵਾੜੇ ਵੱਲ ਵਾਪਸ ਆਉਂਦੀ ਹਾਂ, ਭੁੱਖੇ ਛੋਟੇ ਮੂੰਹ ਮੇਰੇ ਵੱਲ ਊਮੀਦ ਭਰੀਆਂ ਅੱਖਾਂ ਨਾਲ਼ ਵੇਖਦੇ ਹਨ। ਮੈਂ ਪਸ਼ੂਆਂ ਲਈ ਟਾਹਣੀਆਂ (ਹਰੀਆਂ ਪੱਤੇਦਾਰ) ਲੈ ਕੇ ਆਉਂਦੀ ਹਾਂ। ਸਰਦੀਆਂ ਦੌਰਾਨ ਕੁਝ ਦਿਨ ਨੀਮੜਾ (ਨਿੰਮ, ਅਜ਼ਾਡੀਰਾਚਟਾ ਇੰਡੀਕਾ) ਅਤੇ ਬਾਕੀ ਦਿਨ ਬੋਰਡੀ (ਬੇਰ, ਜ਼ੀਜ਼ੀਫਸ ਨੁਮੂਲਾਰੀਆ) ਦੀਆਂ ਟਾਹਣੀਆਂ ਹੁੰਦੀਆਂ ਹਨ। ਮੈਂ ਖ਼ੇਤਾਂ ਵਿੱਚੋਂ ਬਾਲਣ ਵੀ ਲੈ ਕੇ ਆਉਂਦੀ ਹਾਂ।
ਇਹ ਟਾਹਣੀਆਂ ਮੇਰੇ ਬੇਟੇ ਜਾਂ ਮੇਰੇ ਪਤੀ ਦੁਆਰਾ ਕੱਟੀਆਂ ਜਾਂਦੀਆਂ ਹਨ, ਪਰ ਕਦੇ-ਕਦਾਈਂ ਮੈਂ ਆਪ ਕੱਟ ਕੇ ਲਿਆਉਂਦੀ ਹਾਂ। ਘਰ ਤੋਂ ਬਾਹਰ ਦੇ ਸਾਰੇ ਕੰਮ ਅਕਸਰ ਆਦਮੀਆਂ ਦੁਆਰਾ ਕੀਤੇ ਜਾਂਦੇ ਹਨ। ਉਹ ਸਾਰੇ ਕੰਮ ਜਿਵੇਂ ਕਿ ਦਰੱਖ਼ਤ ਖ਼ਰੀਦਣ, ਖ਼ੇਤਾਂ ਨੂੰ ਕਿਰਾਏ ਤੇ ਦੇਣ-ਲੈਣ, ਖ਼ਾਦ ਦੀਆਂ ਕੀਮਤਾਂ ’ਤੇ ਗੱਲਬਾਤ ਅਤੇ ਦਵਾਈਆਂ ਖ਼ਰੀਦਣ ਵਰਗੇ ਸਾਰੇ ਸੌਦੇ ਆਪ ਹੀ ਕਰਦੇ ਹਨ। ਖ਼ੇਤਾਂ ਵਿੱਚ ਉਹਨਾਂ ਨੂੰ ਵੱਗ ਦੇ ਚਾਰੇ ਲਈ ਟਾਹਣੀਆਂ ਵੀ ਕੱਟਣੀਆਂ ਪੈਂਦੀਆਂ ਹਨ ਅਤੇ ਕਿਸੇ ਜ਼ਖ਼ਮੀ ਪਸ਼ੂ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ।
ਜੇਕਰ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ ਤਾਂ ਮੈ ਉਸ ਦੀ ਦੇਖਭਾਲ ਕਰਦੀ ਹਾਂ। ਮੈਂ ਗਾਵਾਂ ਨੂੰ ਸੁੱਕਾ ਚਾਰਾ ਪਾਉਂਦੀ ਹਾਂ ਅਤੇ ਅਸੀਂ ਰਸੋਈ ਦੀ ਰਹਿੰਦ-ਖੁਹੰਦ ਵੀ ਉਹਨਾਂ ਦੇ ਚਾਰੇ ਨਾਲ਼ ਪਾ ਦਿੰਦੇ ਹਾਂ। ਮੇਰੇ ਮਾਤਾ ਜੀ ਵੀ ਮੇਰੇ ਨਾਲ਼ ਇਸ ਕੰਮ ਵਿੱਚ ਹੱਥ ਵਟਾਉਂਦੀ ਹਨ। ਉਹ ਪਿੰਡ ਦੀ ਹੱਟੀ ਤੋਂ ਰਾਸ਼ਨ ਲਿਆਉਣ ਵਿੱਚ ਵੀ ਮਦਦ ਕਰਦੀ ਹਨ।
ਇੱਕ ਵਾਰ ਪਸ਼ੂਆਂ ਨੂੰ ਖਵਾਉਣ ਤੋਂ ਬਾਅਦ ਅਸੀ ਆਪ ਖਾਣ ਬੈਠਦੇ ਹਾਂ। ਅਸੀਂ ਜ਼ਿਆਦਾਤਰ ਬਾਜਰਾ, ਕਣਕ (ਰਾਸ਼ਨ ਦੀ ਦੁਕਾਨ ਤੋਂ) ਮੂੰਗੀ ਜਾਂ ਕੋਈ ਹੋਰ ਦਾਲ, ਜਾਂ ਫ਼ਿਰ ਕੋਈ ਮੌਸਮੀ ਸਬਜ਼ੀ ਅਤੇ ਬੱਕਰੀ ਦੇ ਦੁੱਧ ਦੀ ਦਹੀਂ ਖਾਂਦੇ ਹਾਂ। ਸਾਡੇ ਕੋਲ਼ ਦੋ ਵਿੱਘੇ ਜ਼ਮੀਨ ਹੈ ਜਿਸ ਵਿੱਚ ਅਸੀਂ ਆਪਣੇ ਲਈ ਮੂੰਗੀ ਅਤੇ ਬਾਜਰਾ ਬੀਜਦੇ ਹਾਂ।
ਮੈਂ ਕੁੜਕੀ ਅਤੇ ਸਾਡੀ ਬਸਤੀਆਂ ਦੀਆਂ ਹੋਰ ਔਰਤਾਂ ਵਾਂਗ ਨਰੇਗਾ ਵਿੱਚ ਵੀ ਕੰਮ ਕਰਦੀ ਹਾਂ। ਨਰੇਗਾ ਤੋਂ ਸਾਨੂੰ ਪ੍ਰਤੀ ਹਫ਼ਤੇ ਦੋ ਹਜ਼ਾਰ ਰੁਪਏ ਪ੍ਰਾਪਤ ਹੁੰਦੇ ਹਨ। ਇਹ ਪੈਸੇ ਸਾਡੇ ਘਰ ਦੇ ਖ਼ਰਚਿਆਂ ਵਿੱਚ ਸਹਾਈ ਹੁੰਦੇ ਹਨ।
ਇਹ ਸਮਾਂ ਮੇਰੇ ਅਰਾਮ ਕਰਨ ਦਾ ਹੁੰਦਾ ਹੈ ਅਤੇ ਦੂਜੇ ਕੰਮ ਵੀ ਕਰਨੇ ਹੁੰਦੇ ਹਨ ਜਿਵੇਂ ਕਿ ਕੱਪੜੇ ਧੋਣੇ, ਭਾਂਡੇ ਮਾਂਜਣੇ ਆਦਿ। ਅਕਸਰ ਆਸ-ਪਾਸ ਘਰਾਂ ਦੀਆਂ ਔਰਤਾਂ ਆ ਜਾਂਦੀਆਂ ਹਨ ਅਤੇ ਅਸੀਂ ਬੈਠ ਕੇ ਇਕੱਠੀਆਂ ਕੰਮ ਕਰਦੀਆਂ ਹਾਂ। ਸਰਦੀਆਂ ਦੇ ਦਿਨਾਂ ਵਿੱਚ ਕਈ ਵਾਰ ਅਸੀਂ ਖੀਚੀਆਂ ਅਤੇ ਰਾਬੋਡੀ (ਮੱਕੀ ਦੇ ਆਟੇ ਦੇ ਲੱਸੀ ਨਾਲ਼ ਬਣਾਏ ਗਏ ਪਕੋੜੇ) ਬਣਾ ਲੈਂਦੇ ਹਾਂ।
ਬਹੁਤੇ ਨੌਜਵਾਨਾਂ ਕੋਲ਼ ਇਸ ਚਰਾਗਾਹੀ ਕੰਮ ਕਰਨ ਲਈ ਯੋਗ ਹੁਨਰ ਨਹੀਂ ਹੈ। ਮੈਂ ਛੋਟੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਨ ਲਈ ਕਹਿੰਦੀ ਰਹਿੰਦੀ ਹਾਂ। ਕਦੇ ਨਾ ਕਦੇ ਸਾਨੂੰ ਸਾਡੇ ਸਾਰੇ ਪਸ਼ੂ ਵੇਚਣੇ ਪੈ ਸਕਦੇ ਹਨ ਅਤੇ ਫ਼ਿਰ ਉਹਨਾਂ ਨੂੰ ਕਿਸੇ ਹੋਰ ਕੰਮ ਦੀ ਭਾਲ ਕਰਨੀ ਪਵੇਗੀ। ਸਮਾਂ ਹੁਣ ਪਹਿਲਾ ਜਿਹਾ ਨਹੀਂ ਰਿਹਾ।
ਸ਼ਾਮ ਦੇ ਸਮੇਂ ਮੈਂ ਸਾਰਿਆਂ ਲਈ ਖਾਣਾ ਬਣਾਉਂਦੀ ਹਾਂ ਅਤੇ ਸਾਡੇ ਪਸ਼ੂਆਂ ਦੇ ਮੁੜਨ ਦਾ ਇੰਤਜ਼ਾਰ ਕਰਦੀ ਹਾਂ। ਸ਼ਾਮ ਢਲਣ ਤੋਂ ਬਾਅਦ ਸਾਡੇ ਪਸ਼ੂ ਵਾਪਸ ਆ ਕੇ ਵਾੜੇ ਵਿੱਚ ਪਹਿਲਾਂ ਵਾਂਗ ਚਹਿਲ-ਪਹਿਲ ਕਰ ਦਿੰਦੇ ਹਨ। ਮੈਂ ਦਿਨ ਦੀ ਆਖ਼ਰੀ ਧਾਰ ਕੱਢਦੀ ਹਾਂ, ਉਹਨਾਂ ਨੂੰ ਸੁੱਕਾ ਚਾਰਾ ਪਾਉਂਦੀ ਹਾਂ ਅਤੇ ਇਸ ਤਰ੍ਹਾਂ ਮੇਰੇ ਦਿਨ ਦੀ ਸਮਾਪਤੀ ਹੁੰਦੀ ਹੈ।
ਤਰਜਮਾ: ਇੰਦਰਜੀਤ ਸਿੰਘ