"ਮੈਂ ਛੋਟੀ ਉਮਰੇ ਹੀ ਡਰਾਇੰਗ ਦਾ ਅਨੰਦ ਲੈਂਦਾ ਸੀ। ਕੋ ਸ਼੍ਰੇਣੀ (ਪਹਿਲੀ ਜਮਾਤ) ਵਿੱਚ ਪੜ੍ਹਦੇ ਸਮੇਂ, ਅਧਿਆਪਕ ਨੇ ਸਾਨੂੰ ਸੰਤਰਾ ਜਾਂ ਹਲਵਾ ਕੱਦੂ ਵਾਹੁਣ ਲਈ ਕਿਹਾ। ਮੈਂ ਇੱਕ-ਇੱਕ ਕਰਕੇ ਚਿੱਤਰਕਾਰੀ ਕੀਤੀ," ਰਮੇਸ਼ ਦੱਤ ਕਹਿੰਦੇ ਹਨ ਤੇ ਇੱਕ ਮੁਸਕਰਾਨ ਉਨ੍ਹਾਂ ਦੇ ਚਿਹਰੇ 'ਤੇ ਫਿਰ ਗਈ। "ਇਸ ਤਰ੍ਹਾਂ ਇਹ ਸਭ ਸ਼ੁਰੂ ਹੋਇਆ।"
ਅੱਜ, ਉਹ ਅਸਾਮ ਦੇ ਗਰਮੂਰ ਸਰੂ ਸਤਰਾ ਦੇ ਥੀਏਟਰ ਗਤੀਵਿਧੀਆਂ ਵਾਸਤੇ ਪ੍ਰਾਇਮਰੀ ਸੈੱਟ ਡਿਜ਼ਾਈਨਰ ਤੇ ਮਾਸਕ ਬਣਾਉਂਦੇ ਹਨ। ਇਹ ਥਾਂ ਅਸਾਮ ਦੇ ਕਈ ਵੈਸ਼ਣਵ ਮੱਠਾਂ ਵਿੱਚੋਂ ਇੱਕ ਹੈ। 52 ਸਾਲਾ ਰਮੇਸ਼ ਦੱਤ ਨੂੰ ਸਾਰੇ ਪਿਆਰ ਨਾਲ਼ ਰਮੇਸ਼ ਦਾ ਕਹਿ ਕੇ ਬੁਲਾਉਂਦੇ ਹਨ। ਬ੍ਰਹਮਪੁੱਤਰ ਦੇ ਸਭ ਤੋਂ ਵੱਡੇ ਨਦੀ ਟਾਪੂ ਮਾਜੁਲੀ ਵਿੱਚ, ਰਮੇਸ਼ ਦਾ ਨੂੰ ਘੱਟ ਬੋਲਣ ਵਾਲ਼ੇ ਇਨਸਾਨ ਵਜੋਂ ਪਰ ਗੁਣਾਂ ਦੀ ਖਾਨ ਵਜੋਂ ਜਾਣਿਆ ਜਾਂਦਾ ਹੈ। ਉਹ ਸਥਾਨਕ ਥੀਏਟਰ, ਕਲਾ ਤੇ ਸੰਗੀਤ ਲਈ ਜਾਣੇ ਜਾਂਦੇ ਹਨ।
ਬੀਤੇ ਨੂੰ ਯਾਦ ਕਰਦਿਆਂ, ਉਹ ਕਹਿੰਦੇ ਹਨ, "ਬਚਪਨ ਵਿੱਚ, ਮੈਂ ਬੜੇ ਮਜ਼ੇ ਨਾਲ਼ ਕਠਪੁਤਲੀ ਸ਼ੋਅ ਦੇਖਿਆ ਕਰਦਾ। ਮੈਂ ਅਤੀਤ ਵਿੱਚ ਹੋਰ ਲੋਕਾਂ ਨੂੰ ਕਠਪੁਤਲੀਆਂ ਬਣਾਉਂਦੇ ਵੇਖਦਾ ਅਤੇ ਇਸ ਤਰ੍ਹਾਂ ਮੈਨੂੰ ਵੀ ਇਸ ਕਲਾ ਵਿੱਚ ਦਿਲਚਸਪੀ ਹੋ ਗਈ। ਉਸ ਸਮੇਂ, ਮੈਂ ਦੂਜੀ ਜਮਾਤ ਵਿੱਚ ਸਾਂ। ਮੈਨੂੰ ਲੱਗਿਆ ਕਿ ਮੈਂ ਕਠਪੁਤਲੀਆਂ ਬਣਾਵਾਂਗਾ ਅਤੇ ਸਕੂਲ ਵਿੱਚ ਦਿਖਾਵਾਂਗਾ।"
ਇਨ੍ਹੀਂ ਦਿਨੀਂ ਉਹ ਜੋ ਕਲਾ (ਕਲਾਕ੍ਰਿਤੀ) ਬਣਾਉਂਦੇ ਹਨ, ਜਿੰਨਾ ਚਿਰ ਮਾਜੁਲੀ ਵਿਖੇ ਸਟੇਜ 'ਤੇ ਪ੍ਰਦਰਸ਼ਿਤ ਨਹੀਂ ਕੀਤੀ ਜਾਣੀ ਹੁੰਦੀ, ਓਨਾ ਚਿਰ ਉਨ੍ਹਾਂ ਦੇ ਘਰ ਦੇ ਨੇੜੇ ਖੁੱਲ੍ਹੇ ਵਿੱਚ ਰੱਖੀ ਜਾਂਦੀ ਹੈ। ਜਦੋਂ ਅਸੀਂ ਉਨ੍ਹਾਂ ਦੇ ਨੇੜੇ ਪਹੁੰਚੇ ਤਾਂ ਅਸੀਂ ਅੰਦਰ ਇੱਕ ਪੁੱਠੀ ਰੱਖੀ ਕਿਸ਼ਤੀ ਵੇਖੀ। ਉਹਦੇ ਨਾਲ਼ ਕਰਕੇ ਹੀ ਰਮੇਸ਼ ਦਾ ਦੁਆਰਾ ਬਣਾਏ ਗਏ ਮਾਸਕ, ਬੁਰਸ਼ ਅਤੇ ਰੰਗ ਦੇ ਡੱਬੇ ਰੱਖੇ ਗਏ ਹਨ। ਇਨ੍ਹਾਂ ਮਾਸਕਾਂ ਵਿੱਚ ਰਾਸ ਮਹਾਂਉਤਸਵ ਲਈ ਤਿਆਰ ਕੀਤੇ ਗਏ ਬਗਲੇ ਦੇ ਮਾਸਕ ਵੀ ਸ਼ਾਮਲ ਹਨ। (ਪੜ੍ਹੋ: ਵੰਨ-ਸੁਵੰਨੇ ਮਖੌਟੇ ਮਾਜੁਲੀ ਦੇ )
ਹਾਲਾਂਕਿ ਉਹ ਪਹਿਲਾਂ ਵਾਂਗ ਮਾਸਕ ਨਹੀਂ ਬਣਾਉਂਦੇ, ਪਰ ਰਮੇਸ਼ ਦਾ ਕਲਾ ਦੇ ਪ੍ਰਸ਼ੰਸਕ ਹਨ ਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਹੇਮ ਚੰਦਰ ਗੋਸਵਾਮੀ ਵਰਗੇ ਕਲਾਕਾਰਾਂ ਦੀ ਰੱਜ ਕੇ ਪ੍ਰਸ਼ੰਸਾ ਕਰਦੇ ਹਨ। ਉਹ ਕਹਿੰਦੇ ਹਨ, "ਉਨ੍ਹਾਂ ਦੇ ਬਣਾਏ ਮਾਸਕ ਅੱਖਾਂ ਵੀ ਝਮੱਕਦੇ ਹਨ ਤੇ ਬੁੱਲ੍ਹ ਵੀ ਹਿਲਾਉਂਦੇ ਹਨ। ਉਨ੍ਹਾਂ ਨੇ ਮਾਸਕ ਦੀ ਕਲਾ ਨੂੰ ਵਿਸ਼ਵ ਪ੍ਰਸਿੱਧ ਬਣਾਇਆ ਹੈ। ਬਹੁਤ ਸਾਰੇ ਲੋਕ ਹੁਣ ਉਨ੍ਹਾਂ ਅਧੀਨ ਸਿੱਖ ਰਹੇ ਹਨ।"
ਰਾਸ ਉਤਸਵ ਦੇ ਸਮੇਂ ਗਰਮੂਰ ਸਾਰੂ ਸਤਰਾ ਵਿੱਚ ਹੋਣ ਵਾਲ਼ੀਆਂ ਪੇਸ਼ਕਾਰੀਆਂ ਵਾਸਤੇ ਸੈੱਟ ਬਣਾਉਣ ਤੇ ਰੰਗਮੰਚ ਲਈ ਹੋਰ ਸਮੱਗਰੀਆਂ ਨੂੰ ਬਣਾਉਣ ਦੇ ਨਾਲ਼-ਨਾਲ਼ ਦੱਤਾ ਮੁਖੌਟਿਆਂ ਦੀ ਮੁਰੰਮਤ ਕਰਨ ਦਾ ਕੰਮ ਵੀ ਕਰਦੇ ਹਨ। ਵਿਸ਼ਵਾਸ ਨਾਲ਼ ਭਰੇ ਸੁਰ ਵਿੱਚ ਉਹ ਕਹਿੰਦੇ ਹਨ,''ਮੰਨ ਲਓ ਕਿ ਜੇ ਕੱਲ੍ਹ ਰਾਸ ਹੁੰਦਾ ਹੈ ਤਾਂ ਮੈਂ ਅੱਜ ਹੀ ਉਹਦੇ ਲਈ ਸੈੱਟ ਤਿਆਰ ਕਰ ਦਿਆਂਗਾ।'' (ਪੜ੍ਹੋ: ਰਾ ਸ ਮਹੋਤਸਵ ਅਤੇ ਮਾਜੁਲੀ ਦੇ ਸਤਰਾ )।
ਦੱਤ ਸਤਰਾ ਵਿੱਚ ਆਯੋਜਿਤ ਵੱਖ-ਵੱਖ ਵੈਸ਼ਣਵ ਸਤ੍ਰੀਆ ਸਮਾਰੋਹਾਂ ਵਿੱਚ ਵੀ ਹਿੱਸਾ ਲੈਂਦੇ ਹਨ, ਜਿਵੇਂ ਕਿ ਗਾਯਨ-ਬਾਯਨ, ਭਾਓਨਾ ਆਦਿ। ਪਹਿਲਾ ਇੱਕ ਲੋਕ ਪ੍ਰਦਰਸ਼ਨ ਹੈ ਜੋ ਗਾਇਕਾਂ ਅਤੇ ਸੰਗੀਤਕਾਰਾਂ ਨਾਲ਼ ਬਣਿਆ ਹੈ, ਜਦੋਂ ਕਿ ਦੂਜਾ ਨਾਟਕ ਦਾ ਇੱਕ ਰੂਪ ਹੈ। ਸਤਰੀਆ ਸਭਿਆਚਾਰ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਪ੍ਰਦਰਸ਼ਨ 15ਵੀਂ ਸਦੀ ਵਿੱਚ ਸਮਾਜ ਸੁਧਾਰਕ ਮਹਾਪੁਰਸ਼ ਸ਼੍ਰੀਮੰਤ ਸ਼ੰਕਰਦੇਵ ਦੁਆਰਾ ਪੇਸ਼ ਕੀਤੇ ਗਏ ਸਨ। ਸਤਰਾ ਵਿਖੇ ਆਯੋਜਿਤ ਸਮਾਗਮਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦੀ ਜ਼ਿੰਮੇਵਾਰੀ ਗਾਯਨਾਂ ਅਤੇ ਬਾਯਨਾਂ ਦੀ ਹੈ।
"ਮੈਂ 1984 ਵਿੱਚ ਪੀਤੰਬਰ ਦੇਵ ਕਲਚਰਲ ਸਕੂਲ ਵਿੱਚ ਗਾਯਨ ਅਤੇ ਬਾਯਨ ਸਿਖਾਉਣਾ ਸ਼ੁਰੂ ਕੀਤਾ। ਉਸ ਸਮੇਂ ਮੈਂ 13 ਸਾਲਾਂ ਦਾ ਸੀ," ਉਹ ਕਹਿੰਦੇ ਹਨ। "ਮੈਂ ਪਹਿਲਾਂ ਗਾਯਨ ਅਤੇ ਬਾਯਨ ਦੋਵੇਂ ਸਿੱਖੇ ਸਨ, ਪਰ ਫਿਰ ਮੈਂ ਗਾਯਨ ਵਾਲ਼ੇ ਪਾਸੇ ਨੂੰ ਹੱਥ ਅਜਮਾਉਣ ਲਈ ਚਲਾ ਗਿਆ। ਮੈਂ ਅਧਿਐਨ 'ਤੇ ਧਿਆਨ ਕੇਂਦਰਿਤ ਕਰਦਾ ਰਿਹਾ।"
*****
ਜਿਸ ਕਮਰੇ ਵਿੱਚ ਅਸੀਂ ਬੈਠੇ ਹਾਂ ਉੱਥੇ ਮੱਧਮ ਜਿਹੀ ਰੌਸ਼ਨੀ ਹੈ। ਕੰਧਾਂ ਨੂੰ ਰੇਤ ਅਤੇ ਸੀਮੈਂਟ ਨਾਲ਼ ਪਲੱਸਤਰ ਕੀਤਾ ਗਿਆ ਹੈ ਅਤੇ ਹਰੇ ਰੰਗ ਨਾਲ਼ ਰੰਗਿਆ ਗਿਆ ਹੈ। ਰਮੇਸ਼ ਦਾ ਦੇ ਪਿੱਛੇ ਇੱਕ ਕੁਦਰਤੀ ਦ੍ਰਿਸ਼ ਵਾਲ਼ਾ ਚਿੱਤਰ ਟੰਗਿਆ ਹੈ। ਉਨ੍ਹਾਂ ਦੀ ਛੇ ਸਾਲਾ ਬੇਟੀ ਅਨੁਸ਼ਕਾ ਦੱਸਦੀ ਹੈ ਕਿ ਕੰਧ 'ਤੇ ਸਾਰੀਆਂ ਤਸਵੀਰਾਂ ਉਸ ਦੇ ਪਿਤਾ ਨੇ ਪੇਂਟ ਕੀਤੀਆਂ ਹਨ।
ਘਰ ਵਿੱਚ ਉਨ੍ਹਾਂ ਦੀ ਗਊਸ਼ਾਲਾ ਦਾ ਇੱਕ ਹਿੱਸ਼ਾ ਉਨ੍ਹਾਂ ਦੇ ਸਟੂਡੀਓ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਹੈ। ਅਸੀਂ ਉਨ੍ਹਾਂ ਨੂੰ ਪੂਰਾ ਦਿਨ ਉਨ੍ਹਾਂ ਦੋ ਮੂਰਤੀਆਂ ਨੂੰ ਤਿਆਰ ਕਰਦੇ ਦੋਏ ਦੇਖਦੇ ਹਾਂ ਜਿਨ੍ਹਾਂ ਨੂੰ ਉਹ ਆਰਡਰ 'ਤੇ ਬਣਾ ਰਹੇ ਹਨ। ਇਹ ਜਯ-ਬਿਜਯ ਦੀਆਂ ਮੂਰਤੀਆਂ ਹਨ ਜੋ ਨਾਮਘਰ (ਪ੍ਰਾਰਥਨਾ ਘਰ) ਦੇ ਮੁੱਖ ਦੁਆਰ 'ਤੇ ਸਥਾਪਤ ਕੀਤੇ ਜਾਣ ਲਈ ਬਣਾਈਆਂ ਜਾ ਰਹੀਆਂ ਹਨ। ਰਮੇਸ਼ ਦਾ ਇਸ ਤਰੀਕੇ ਦੀਆਂ ਮੂਰਤੀਆਂ ਪਿਛਲ਼ੇ 20 ਸਾਲਾਂ ਤੋਂ ਬਣਾ ਰਹੇ ਹਨ। ਉਹ ਦੱਸਦੇ ਹਨ ਕਿ ਅਜਿਹੀ ਇੱਕ ਮੂਰਤੀ ਬਣਾਉਣ ਵਿੱਚ ਉਨ੍ਹਾਂ ਨੂੰ ਲਗਭਗ 20 ਦਿਨ ਲੱਗ ਜਾਂਦੇ ਹਨ।
"ਪਹਿਲਾਂ, ਮੈਂ ਲੱਕੜ ਦੀ ਵਰਤੋਂ ਕਰਕੇ ਫਰੇਮ ਬਣਾਉਂਦਾ ਹਾਂ। ਫਿਰ ਰੇਤ ਅਤੇ ਸੀਮੈਂਟ ਦੇ ਮਿਸ਼ਰਣ ਨੂੰ ਇੱਕ ਫਰੇਮ ਵਿੱਚ ਪਾਉਂਦਾ ਹਾਂ ਤੇ ਇਸ ਨੂੰ ਸੁੱਕਣ ਦਿੰਦਾ ਹਾਂ," ਉਹ ਜਯ-ਬਿਜਯ ਦੀ ਮੂਰਤੀ 'ਤੇ ਕੰਮ ਕਰਦੇ ਹੋਏ ਦੱਸਦੇ ਹਨ। "ਕੁਝ ਦਿਨਾਂ ਬਾਅਦ, ਮੈਂ ਮੂਰਤੀਆਂ ਨੂੰ ਆਕਾਰ ਦੇਣਾ ਸ਼ੁਰੂ ਕਰ ਦਿੰਦਾ ਹਾਂ। ਬਾਰੀਕੀ ਦਾ ਕੰਮ ਸਭ ਤੋਂ ਅਖੀਰ 'ਤੇ ਕੀਤਾ ਜਾਂਦਾ ਹੈ।"
ਕੁਝ ਹਿੱਸੇ ਜਿਵੇਂ ਕਿ ਮੂਰਤੀਆਂ ਦੇ ਕੁਝ ਅੰਗ ਕੇਲੇ ਦੇ ਬੂਟੇ ਦੇ ਡੰਡਿਆਂ ਤੋਂ ਤਿਆਰ ਸਾਂਚਿਆਂ ਦੀ ਮਦਦ ਨਾਲ਼ ਤਿਆਰ ਕੀਤੇ ਜਾਂਦੇ ਹਨ। "ਮੈਂ ਮੂਰਤੀਆਂ [ਮੂਰਤੀਆਂ] ਬਣਾਉਣ ਲਈ ਇੱਕ ਸਥਾਨਕ ਦੁਕਾਨ ਤੋਂ ਸਮੱਗਰੀ ਖਰੀਦਦਾ ਹਾਂ। ਅੱਜ-ਕੱਲ੍ਹ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਪਲਾਸਟਿਕ ਪੇਂਟ ਦੀ ਵਰਤੋਂ ਕਰਦੇ ਹਨ। ਪਹਿਲਾਂ ਅਸੀਂ ਡਿਸਟੈਂਪਰ ਪੇਂਟ ਦੀ ਵਰਤੋਂ ਕਰਦੇ ਸੀ, ਪਰ ਉਹ ਜਲਦੀ ਫਿੱਕੇ ਪੈ ਜਾਂਦੇ ਹਨ।"
ਉਹ ਮੂਰਤੀਆਂ ਤੋਂ ਕੁਝ ਦੂਰੀ 'ਤੇ ਜਾਂਦੇ ਹਨ ਇਹ ਅੰਦਾਜ਼ਾ ਲਗਾਉਣ ਲਈ ਕਿ ਦੋਵੇਂ ਪਾਸੇ ਬਰਾਬਰ ਹਨ ਜਾਂ ਨਹੀਂ। ਫਿਰ ਉਹ ਦੁਬਾਰਾ ਸੀਮੈਂਟ ਅਤੇ ਰੇਤ ਨੂੰ ਮਿਲਾਉਂਦੇ ਹਨ ਅਤੇ ਮੂਰਤੀ ਦੇ ਕੰਮ 'ਤੇ ਲੱਗ ਜਾਂਦੇ ਹਨ। "ਜਦੋਂ ਉਹ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਬਿਲਕੁਲ ਗੱਲ ਨਹੀਂ ਕਰਦੇ। ਕੰਮ ਦੌਰਾਨ ਕੋਈ ਵਿਘਨ ਪਾਵੇ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਹੈ," ਉਨ੍ਹਾਂ ਦੀ ਪਤਨੀ, ਨੀਤਾ ਮੁਸਕਰਾਉਂਦਿਆਂ ਕਹਿੰਦੀ ਹਨ, ਜੋ ਇਸ ਕੰਮ ਵਿੱਚ ਮਦਦ ਕਰਦੀ ਹਨ। "ਜਦੋਂ ਉਹ ਕੰਮ ਵਿੱਚ ਡੁੱਬੇ ਹੁੰਦੇ ਹਨ, ਤਾਂ ਉਨ੍ਹਾਂ ਦਾ ਦਾ ਮੂਡ ਵੱਖਰਾ ਹੁੰਦਾ ਹੈ।''
ਦੱਤਾ ਨੂੰ ਗਰਮੂਰ ਨੇੜੇ ਖਰਜਨਪਾਰ ਖੇਤਰ ਵਿੱਚ ਨਾਮਘਰ ਲਈ ਬਣਾਏ ਗਏ ਗੁਰੂ ਆਖਣ (ਆਸਨ) 'ਤੇ ਵਿਸ਼ੇਸ਼ ਤੌਰ 'ਤੇ ਮਾਣ ਹੈ। ਗੁਰੂ ਆਸਨ ਨਾਮਘਰ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਨਾਮਘਰ ਦੇ ਸਭ ਤੋਂ ਅੰਦਰਲੇ ਪਾਸੇ ਰੱਖਿਆ ਗਿਆ ਹੈ। "ਮੈਂ ਉਸ ਗੁਰੂ ਆਸਨ ਨੂੰ ਕੰਕਰੀਟ ਨਾਲ਼ ਬਣਾਇਆ ਹੈ ਅਤੇ ਇਸ ਨੂੰ ਲੱਕੜ ਜਾਪਣ ਵਾਲ਼ੇ ਰੰਗ ਵਿੱਚ ਰੰਗਿਆ ਹੈ। ਇਸ ਆਸਨ ਦਾ ਸ਼ੁੱਧੀਕਰਨ ਤੇ ਸਥਾਪਨਾ ਸਤਰਾਧੀਕਰ (ਸਤਰਾ ਦੇ ਪ੍ਰਮੁੱਖ) ਦੁਆਰਾ ਕੀਤੀ ਗਈ ਹੈ। ਉਨ੍ਹਾਂ ਨੂੰ ਇਹ ਆਸਨ ਲੱਕੜ ਦਾ ਜਾਪਿਆ," ਮੁਸਕਰਾਉਂਦੇ ਚਿਹਰੇ ਨਾਲ਼ ਉਹ ਕਹਿੰਦੇ ਹਨ।
ਹੁਣ ਉਹ ਆਪਣੇ ਪਰਿਵਾਰ ਲਈ ਆਪਣਾ ਘਰ ਬਣਾਉਣ ਵਿੱਚ ਰੁੱਝੇ ਹੋਏ ਹਨ। "ਬਰਸਾਤ ਦਾ ਮੌਸਮ ਹੋਣ ਕਾਰਨ, ਕੰਮ ਪੂਰਾ ਕਰਨ ਵਿੱਚ ਸਮਾਂ ਲੱਗ ਗਿਆ ਹੈ," ਨੀਤਾ ਕਹਿੰਦੀ ਹਨ।
ਦੱਤਾ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੇ ਹਨ। ਉਹ ਇਸ ਕਲਾ ਨੂੰ ਅਪਣਾਉਣ ਵਾਲ਼ੇ ਪਰਿਵਾਰ ਦੇ ਇੱਕਲੌਤੇ ਵਿਅਕਤੀ ਹਨ। ਉਨ੍ਹਾਂ ਨੇ ਇਸ ਕੰਮ 'ਤੇ ਉਦੋਂ ਤੋਂ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ ਜਦੋਂ ਉਹ 8ਵੀਂ ਜਮਾਤ ਵਿੱਚ ਸਨ। "ਇਹ ਮੇਰੀ ਰੋਜ਼ੀ-ਰੋਟੀ ਹੈ। ਮੇਰੇ ਕੋਲ਼ ਕੋਈ ਖੇਤ ਨਹੀਂ ਹੈ," ਉਹ ਕਹਿੰਦੇ ਹਨ,"ਜਦੋਂ ਕੋਈ ਕੰਮ ਨਹੀਂ ਹੁੰਦਾ, ਤਾਂ ਸਾਨੂੰ ਆਪਣੇ ਬਚਤ 'ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਹੈ। ਕਈ ਵਾਰ ਲੋਕ ਮੈਨੂੰ ਭਾਓਨਾ (ਰਵਾਇਤੀ ਨਾਟਕ) ਪੇਸ਼ ਕਰਨ ਲਈ ਬੁਲਾਉਂਦੇ ਹਨ। ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਮੈਂ ਉਨ੍ਹਾਂ ਦੀ ਮਦਦ ਕਰਦਾ ਹਾਂ।''
ਉਹ ਅੱਗੇ ਕਹਿੰਦੇ ਹਨ, "ਕੋਈ 1,000 ਰੁਪਏ ਦਿੰਦਾ ਹੈ, ਕੋਈ 1,500 ਰੁਪਏ ਦਿੰਦਾ ਹੈ। ਕੁਝ ਤਾਂ 300 ਰੁਪਏ ਵੀ ਦਿੰਦੇ ਹਨ। ਤੁਸੀਂ ਕੀ ਕਹਿ ਸਕਦੇ ਓ? ਇਹ ਇੱਕ ਰਾਜਹੁਆ ਕਾਮ (ਭਾਈਚਾਰਕ ਸੇਵਾ) ਹੈ। ਮੈਂ ਆਪਣਾ ਲੱਗਿਆ ਮਿਹਨਤਾਨਾ ਦੱਸ ਦਿੰਦਾ ਹਾਂ, ਪਰ ਲੋਕ ਆਪਣੀ ਸਮਰੱਥਾ ਮੁਤਾਬਕ ਭੁਗਤਾਨ ਕਰਦੇ ਹਨ।''
ਹਾਲਾਂਕਿ ਉਹ ਆਪਣੀਆਂ ਸੀਮਾਵਾਂ ਨੂੰ ਬਾਖੂਬੀ ਸਮਝਦੇ ਹਨ। ਉਹ ਕਹਿੰਦੇ ਹਨ, "ਬਿਨਾ ਅਰਥ [ਪੈਸੇ] ਦੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਕੋਈ ਵੀ ਕੰਮ ਸ਼ੁਰੂ ਕਰਨ ਲਈ ਵੀ ਪੈਸੇ ਦੀ ਲੋੜ ਹੁੰਦੀ ਹੈ। ਕਈ ਵਾਰ ਇੰਨੀ ਰਕਮ ਇਕੱਠੀ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।"
ਇਨ੍ਹਾਂ ਸਮੱਸਿਆਵਾਂ ਨਾਲ਼ ਨਜਿੱਠਣ ਵਾਸਤੇ ਉਨ੍ਹਾਂ ਕੋਲ਼ ਇੱਕ ਉਪਾਅ ਇਹ ਵੀ ਹੈ ਕਿ ਉਹ 2014 ਵਿੱਚ ਆਪਣੇ ਹੱਥੀਂ ਤਿਆਰ ਵਿਸ਼ਨੂੰ ਦੇ ਮੱਤਸਯ ਤੇ ਹੋਰ ਅਵਤਾਰਾਂ ਦੇ ਮਾਸਕ ਕਿਰਾਏ 'ਤੇ ਦੇਣ ਲੱਗੇ ਹਨ। "ਕਈ ਵਾਰ ਮੈਨੂੰ ਸਾਮਾਨ ਖਰੀਦਣ ਲਈ 400 ਰੁਪਏ ਦੀ ਲੋੜ ਪੈਂਦੀ ਹੈ ਤੇ ਇੰਨੇ ਪੈਸੇ ਇਕੱਠੇ ਕਰਨੇ ਵੀ ਮੁਸ਼ਕਲ ਹੋ ਜਾਂਦੇ ਹਨ।'' ਖੈਰ ਇਨ੍ਹਾਂ ਮਖੌਟਿਆਂ ਨੂੰ ਬਣਾਇਆਂ ਭਾਵੇਂ 6 ਸਾਲ ਬੀਤ ਚੁੱਕੇ ਹਨ ਪਰ ਉਹ ਇਨ੍ਹਾਂ ਨੂੰ ਕਿਰਾਏ 'ਤੇ ਦੇ ਕੇ 50,000 ਰੁਪਏ ਕਮਾ ਚੁੱਕੇ ਹਨ।
ਦੱਤ ਨੂੰ ਉਸ ਕੰਮ ਲਈ ਜੋ ਪੈਸਾ ਮਿਲਦਾ ਹੈ ਉਸ ਦੀ ਕੋਈ ਨਿਸ਼ਚਿਤ ਦਰ ਨਹੀਂ ਹੁੰਦੀ। ਭਾਵੇਂ ਮੂਰਤੀ ਆਕਾਰ ਵਿੱਚ ਛੋਟੀ ਹੋਵੇ, ਪਰ ਇਸ 'ਤੇ ਖਰਚਾ ਵੱਧ ਹੀ ਆਉਂਦਾ ਹੈ। "ਕਈ ਵਾਰ ਸਾਨੂੰ ਉਮੀਦ ਅਨੁਸਾਰ ਪੈਸਾ ਨਹੀਂ ਮਿਲ਼ਦਾ," ਉਹ ਕਹਿੰਦੇ ਹਨ।
"ਇਹ ਤਾਸ਼ ਦੀ ਖੇਡ ਵਾਂਗ ਹੈ। ਸਾਨੂੰ ਨਿਰਾਸ਼ਾ ਦੇ ਵਿਚਕਾਰ ਉਮੀਦ ਦੀ ਭਾਲ ਕਰਨੀ ਪੈਂਦੀ ਹੈ।"
ਇਹ ਰਿਪੋਰਟ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਤੋਂ ਪ੍ਰਾਪਤ ਫੈਲੋਸ਼ਿਪ ਦੇ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ