"ਸਾਡੇ ਲਈ ਆਪਣੇ ਸਰੀਰ ਨੂੰ ਰੰਗਣਾ ਇੱਕ ਮੁਸ਼ਕਲ ਕੰਮ ਹੈ। ਇਸ ਦੇ ਲਈ, ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ," ਆਯੁਸ਼ ਨਾਇੱਕ ਕਹਿੰਦੇ ਹਨ, ਜੋ ਪਹਿਲੀ ਵਾਰ ਆਪਣੇ ਸਰੀਰ 'ਤੇ ਤੇਲ ਪੇਂਟ ਲਗਾ ਰਹੇ ਹਨ। "ਪੇਂਟਿੰਗ ਤੋਂ ਬਾਅਦ, ਇੰਝ ਜਾਪਦਾ ਹੈ ਜਿਵੇਂ ਸਾਡੀ ਚਮੜੀ ਸੜ ਰਹੀ ਹੋਵੇ। ਇਸ ਲਈ ਸਾਨੂੰ ਜਿੰਨੀ ਜਲਦੀ ਹੋ ਸਕੇ ਪੇਂਟ ਸੁਕਾਉਣਾ ਪੈਂਦਾ ਹੈ," 17 ਸਾਲਾ ਆਯੁਸ਼ ਕਹਿੰਦੇ ਹਨ।
ਆਯੁਸ਼ ਤੱਟਵਰਤੀ ਕਰਨਾਟਕ ਦੇ ਬਹੁਤ ਸਾਰੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚੋਂ ਇੱਕ ਹਨ ਜੋ ਪੀਲ਼ੀ ਵੇਸ਼ਾ (ਜਿਸ ਨੂੰ ਹੁਲੀ ਵੇਸ਼ਾ ਵੀ ਕਿਹਾ ਜਾਂਦਾ ਹੈ) ਦੀ ਤਿਆਰੀ ਲਈ ਆਪਣੇ ਸਰੀਰ 'ਤੇ ਚਮਕਦਾਰ ਰੰਗ ਦੀਆਂ ਪੱਟੀਆਂ ਪੇਂਟ ਕਰਦੇ ਹਨ। ਇਹ ਲੋਕ ਨਾਚ ਦੁਸਹਿਰੇ ਅਤੇ ਜਨਮਅਸ਼ਟਮੀ ਦੇ ਸਮੇਂ ਕੀਤਾ ਜਾਂਦਾ ਹੈ। ਪ੍ਰਦਰਸ਼ਨ ਦੌਰਾਨ, ਕਲਾਕਾਰ ਨਗਾੜਿਆਂ ਦੀ ਉੱਚੀ ਥਾਪ 'ਤੇ ਟਾਈਗਰ ਮੁਖੌਟੇ ਪਹਿਨ ਕੇ ਨੱਚਦੇ ਹਨ।
ਕਰਨਾਟਕ ਦੇ ਤੱਟਵਰਤੀ ਖੇਤਰ ਵਿੱਚ ਬੋਲੀ ਜਾਣ ਵਾਲ਼ੀ ਤੁਲੂ ਭਾਸ਼ਾ ਵਿੱਚ, ਪੀਲ਼ੀ ਦਾ ਮਤਲਬ ਹੈ ਸ਼ੇਰ, ਅਤੇ ਵੇਸ਼ਾ ਦਾ ਮਤਲਬ ਹੈ ਮੇਕਅਪ। "ਤੁਹਾਨੂੰ ਕਿਸੇ ਤੋਂ ਕੁਝ ਵੀ ਸਿੱਖਣ ਦੀ ਲੋੜ ਨਹੀਂ ਹੈ। ਇਹ ਸਾਡੀ ਆਤਮਾ ਵਿੱਚ ਹੈ," ਵਿਰੇਂਦਰ ਸ਼ੇਟੀਗਰ ਕਹਿੰਦੇ ਹਨ, ਜੋ ਪਿਛਲੇ 22 ਸਾਲਾਂ ਤੋਂ ਪੀਲ਼ੀ ਵੇਸ਼ਾ ਪੇਸ਼ ਕਰ ਰਹੇ ਹਨ। "ਨਗਾੜੇ ਦੀ ਆਵਾਜ਼ ਅਤੇ ਆਲ਼ੇ-ਦੁਆਲ਼ੇ ਦੀ ਊਰਜਾ ਰਲ਼ ਕੇ ਅਜਿਹਾ ਮਾਹੌਲ ਬਣਾਉਂਦੀ ਹੈ ਕਿ ਤੁਸੀਂ ਨੱਚਣ ਤੋਂ ਬਿਨਾਂ ਨਹੀਂ ਰਹਿ ਸਕਦੇ," ਉਹ ਅੱਗੇ ਕਹਿੰਦੇ ਹਨ। 30 ਸਾਲਾ ਵਰਿੰਦਰ ਐਮਾਜ਼ਾਨ ਵਿੱਚ ਡਿਸਟ੍ਰੀਬਿਊਟਰ ਹਨ ਅਤੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਡਾਂਸ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਨੱਚਣ ਵਾਲ਼ੇ ਆਪਣੇ ਸਾਰੇ ਸਰੀਰ 'ਤੇ ਐਕ੍ਰਿਲਿਕ ਪੇਂਟ ਦੀਆਂ ਪੀਲ਼ੇ ਅਤੇ ਭੂਰੇ ਰੰਗ ਦੀਆਂ ਪੱਟੀਆਂ ਬਣਾਉਂਦੇ ਹਨ ਤਾਂ ਜੋ ਉਹ ਸ਼ੇਰ, ਚੀਤੇ ਅਤੇ ਬਾਘ ਵਾਂਗਰ ਜਾਪਣ। ਇਸ ਤੋਂ ਪਹਿਲਾਂ, ਇਹ ਕਲਾਕਾਰ ਸ਼ੇਰਾਂ ਵਰਗੇ ਦਿੱਸਣ ਲਈ ਰੰਗਾਂ ਵਾਸਤੇ ਚਾਰਕੋਲ, ਗਿੱਲੀ ਮਿੱਟੀ, ਜੜ੍ਹਾਂ ਅਤੇ ਫੰਗਸ ਦੀ ਵਰਤੋਂ ਕਰਦੇ ਸਨ।
ਸਮੇਂ ਦੇ ਬੀਤਣ ਦੇ ਨਾਲ਼, ਰਵਾਇਤੀ ਨਾਚ ਦੇ ਇਸ਼ਾਰਿਆਂ ਦੀ ਥਾਂ ਬਹੁਤ ਸਾਰੀਆਂ ਚਾਲਾਂ/ਕਰਤੱਬਾਂ, ਜਿਵੇਂ ਕਿ ਪਿੱਛੇ ਅਤੇ ਸੱਜੇ-ਖੱਬੇ ਪਲਟੀ ਮਾਰਨਾ, ਮੱਥਾ ਮਾਰ ਕੇ ਇੱਕੋ ਝਟਕੇ ਵਿੱਚ ਨਾਰੀਅਲ ਤੋੜਨਾ, ਮੂੰਹ ਤੋਂ ਅੱਗ ਦੀਆਂ ਲਪਟਾਂ ਉਗਲਣਾ ਅਤੇ ਹੋਰ ਕਲਾਬਾਜ਼ੀਆਂ ਨੇ ਲੈ ਲਈ ਹੈ। ਪੂਰੇ ਡਾਂਸ-ਸੰਯੋਜਨ ਲਈ ਇੰਨੀ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ ਕਿ ਹੁਣ ਬਜ਼ੁਰਗ ਕਲਾਕਾਰਾਂ ਨੇ ਇਸ ਰਵਾਇਤੀ ਨਾਚ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ 'ਤੇ ਪਾ ਦਿੱਤੀ ਹੈ।
ਇਸ ਰਵਾਇਤੀ ਨਾਚ ਦੀਆਂ ਤਿਆਰੀਆਂ ਸਮਾਗਮ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੁੰਦੀਆਂ ਹਨ। ਸਰੀਰ ਅਤੇ ਚਿਹਰੇ ਨੂੰ ਰੰਗਣ ਲਈ ਘੰਟਿਆਂ-ਬੱਧੀ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਇਹ ਰੰਗ ਲਗਭਗ ਦੋ ਦਿਨਾਂ ਤੱਕ ਇੱਕੋ ਜਿਹਾ ਰਹਿੰਦਾ ਹੈ ਜਦੋਂ ਤੱਕ ਜਸ਼ਨ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। 12ਵੀਂ ਜਮਾਤ ਦੇ ਵਿਦਿਆਰਥੀ ਆਯੁਸ਼ ਕਹਿੰਦੇ ਹਨ, "ਸ਼ੁਰੂ ਵਿੱਚ ਇਹ ਇੱਕ ਮੁਸ਼ਕਲ ਕੰਮ ਲੱਗ ਸਕਦਾ ਹੈ, ਪਰ ਜਿਵੇਂ ਹੀ ਨਗਾੜਿਆਂ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ, ਤੁਹਾਡੇ ਪੈਰ ਆਪਣੇ ਆਪ ਥਿੜਕਣ ਲੱਗਦੇ ਹਨ।''
ਤਾਸੇ ਦੀ ਥਾਪ 'ਤੇ ਪੀਲ਼ੀ ਵਰਗੇ ਰੰਗੇ ਕਲਾਕਾਰ ਆਪਣੀ ਸ਼ਰਧਾ ਦਿਖਾਉਣ ਦੇ ਨਾਲ਼-ਨਾਲ਼ ਲੋਕਾਂ ਦਾ ਮਨੋਰੰਜਨ ਕਰਨ ਲਈ ਵੀ ਨੱਚਦੇ ਹਨ। ਮੁੰਡੇ ਬਾਘ ਵਰਗਾ ਦਿਖਾਉਣ ਲਈ ਆਪਣੇ ਪੂਰੇ ਸਰੀਰ ਨੂੰ ਪੇਂਟ ਕਰਦੇ ਹਨ, ਜਦੋਂ ਕਿ ਕੁੜੀਆਂ ਸਿਰਫ਼ ਆਪਣੇ ਚਿਹਰੇ ਨੂੰ ਰੰਗਦੀਆਂ ਹਨ ਅਤੇ ਬਾਘ ਵਰਗੇ ਕੱਪੜੇ ਪਹਿਨਦੀਆਂ ਹਨ। ਪੀਲ਼ੀ ਵੇਸ਼ਾ ਵਿੱਚ ਕੁੜੀਆਂ ਦੀ ਭਾਗੀਦਾਰੀ ਹਾਲ ਹੀ ਦੇ ਸਾਲਾਂ ਵਿੱਚ ਸ਼ੁਰੂ ਹੋਈ ਹੈ।
ਪਹਿਲੇ ਸਮਿਆਂ ਵਿੱਚ, ਪ੍ਰਦਰਸ਼ਨ ਕਰਨ ਵਾਲ਼ੇ ਕਲਾਕਾਰਾਂ ਦੇ ਸਮੂਹਾਂ ਨੂੰ ਇਨਾਮ ਜਾਂ ਮਾਣਭੱਤੇ ਵਜੋਂ ਚਾਵਲ ਅਤੇ ਝੋਨਾ- ਜਾਂ ਤੱਟੀ ਕਰਨਾਟਕ ਵਿੱਚ ਆਮ ਤੌਰ 'ਤੇ ਉਗਾਈਆਂ ਜਾਣ ਵਾਲ਼ੀਆਂ ਫਸਲਾਂ- ਦਿੱਤੀਆਂ ਜਾਂਦੀਆਂ ਸਨ। ਅੱਜ ਅਨਾਜ ਦੀ ਥਾਂ ਪੈਸੇ ਨੇ ਲੈ ਲਈ ਹੈ। ਦੋ-ਰੋਜ਼ਾ ਸਮਾਗਮ ਲਈ 2,500 ਰੁਪਏ ਲਏ ਜਾਂਦੇ ਹਨ। ਸਟੰਟ ਕਰਨ ਵਾਲ਼ੇ ਕਲਾਕਾਰਾਂ ਨੂੰ ਤਿਉਹਾਰ ਦੇ ਦੋ ਦਿਨਾਂ ਲਈ 6,000 ਰੁਪਏ ਵਾਧੂ ਮਿਲ਼ਦੇ ਹਨ। ਆਯੁਸ਼ ਕਹਿੰਦੇ ਹਨ, "ਇੰਨੇ ਸਾਰੇ ਲੋਕਾਂ ਨੂੰ ਇਕੱਠੇ ਨੱਚਦਿਆਂ ਵੇਖ ਕੇ ਤੁਹਾਨੂੰ ਪੀਲ਼ੀ ਵੇਸ਼ਾ ਪੇਸ਼ਕਾਰੀ ਕਰਨ ਦੀ ਇੱਛਾ ਹੋਣ ਲੱਗਦੀ ਹੈ।''
ਜ਼ਿਆਦਾਤਰ ਸਮਾਗਮ ਹਾਊਸਿੰਗ ਕਲੋਨੀਆਂ ਦੀਆਂ ਕਮੇਟੀਆਂ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਆਯੁਸ਼ ਅਤੇ ਉਨ੍ਹਾਂ ਦੇ ਸਾਥੀ ਯੰਗ ਟਾਈਗਰਜ਼ ਮੰਚੀ ਗਰੁੱਪ ਨਾਲ਼ ਸਬੰਧਤ ਹਨ, ਜੋ ਪੂਰਾ ਸਾਲ ਮਨੀਪਾਲ, ਉਡੁਪੀ ਵਿਖੇ ਪੀਲ਼ੀ ਵੇਸ਼ਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਦੋ ਲੱਖ ਰੁਪਏ ਤੋਂ ਵੱਧ ਦੀ ਲੋੜ ਪੈਂਦੀ ਹੈ। ਇਹ ਪੈਸਾ ਕਲਾਕਾਰਾਂ ਅਤੇ ਚਿੱਤਰਕਾਰਾਂ ਨੂੰ ਭੁਗਤਾਨ ਕਰਨ 'ਤੇ ਖਰਚ ਕੀਤਾ ਜਾਂਦਾ ਹੈ। ਯਾਤਰਾ, ਭੋਜਨ, ਪੇਂਟ ਅਤੇ ਕੱਪੜਿਆਂ 'ਤੇ ਖਰਚ ਵੀ ਇਸੇ ਫੰਡ ਤੋਂ ਕੀਤਾ ਜਾਂਦਾ ਹੈ।
ਹਾਲਾਂਕਿ ਲੋਕਾਂ ਦਾ ਮਨੋਰੰਜਨ ਕਰਨਾ ਕਲਾਕਾਰਾਂ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ, ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਕ੍ਰਮ ਵਿੱਚ ਸਦੀਆਂ ਪੁਰਾਣੀਆਂ ਪਰੰਪਰਾਵਾਂ ਪ੍ਰਤੀ ਸਤਿਕਾਰ ਅਤੇ ਅਨੁਸ਼ਾਸਨ ਦੀ ਭਾਵਨਾ ਵੀ ਸੁਰੱਖਿਅਤ ਰਹੇ। ਜਦੋਂ ਸਭ ਕੁਝ ਖ਼ਤਮ ਹੋ ਜਾਂਦਾ ਹੈ, ਤਾਂ "ਸਾਡਾ ਸਰੀਰ ਪੂਰੀ ਤਰ੍ਹਾਂ ਥੱਕ ਚੁੱਕਿਆ ਹੁੰਦਾ ਹੈ, ਪਰ ਸਾਨੂੰ ਲੋਕਾਂ ਦਾ ਮਨੋਰੰਜਨ ਕਰਨ ਲਈ ਇਸ ਪਰੰਪਰਾ ਨੂੰ ਜਿਉਂਦਾ ਰੱਖਣਾ ਪੈਣਾ ਹੈ,'' ਆਯੂਸ਼ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ