30 ਸਾਲ ਹੋ ਗਏ ਹਨ ਜਦੋਂ ਅਬਦੁਲ ਕੁਮਾਰ ਮਾਗਰੇ ਨੇ ਆਖਰੀ ਵਾਰ ਪੱਟੂ ਬੁਣਿਆ ਸੀ। ਉਹ ਉਸ ਉੱਨੀ ਕੱਪੜੇ ਬੁਣਨ ਵਾਲੇ ਆਖ਼ਰੀ ਕਾਰੀਗਰਾਂ ਵਿੱਚੋਂ ਇੱਕ ਹਨ ਜੋ ਕਸ਼ਮੀਰ ਦੀਆਂ ਕਠੋਰ ਸਰਦੀਆਂ ਦਾ ਸਾਹਮਣਾ ਕਰਨ ਲਈ ਜਾਣਿਆ ਜਾਂਦਾ ਹੈ ਜਦੋਂ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲਾ ਜਾਂਦਾ ਹੈ।
“ਮੈਂ ਇੱਕ ਦਿਨ ਵਿੱਚ 11 ਮੀਟਰ ਤੱਕ ਬੁਣ ਦਿੰਦਾ ਸੀ,” 82 ਸਾਲਾ ਬਜ਼ੁਰਗ ਯਾਦ ਕਰਦੇ ਹਨ ਜਿਨ੍ਹਾਂ ਨੇ ਆਪਣੀ ਜ਼ਿਆਦਾਤਰ ਨਜ਼ਰ ਗੁਆ ਲਈ ਹੈ। ਕਮਰੇ ਵਿੱਚ ਆਪਣਾ ਰਾਸਤਾ ਬਣਾਉਂਦੇ ਹੋਏ ਉਹ ਆਪਣੇ ਹੱਥ ਦਾ ਸਹਾਰਾ ਲੈ ਕੇ ਕੰਧ ਦੇ ਨਾਲ ਨਾਲ ਤੁਰਦੇ ਹਨ। “ਜ਼ਿਆਦਾ ਬੁਣਨ ਕਾਰਨ 50 ਕੁ ਵਰ੍ਹਿਆਂ ਦੀ ਉਮਰੇ ਮੇਰੀ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ।”
ਅਬਦੁਲ ਬੰਦੀਪੋਰ ਜ਼ਿਲ੍ਹੇ ਦੇ 4,253 (ਜਣਗਣਨਾ 2011) ਆਬਾਦੀ ਵਾਲੇ ਪਿੰਡ ਦਾਵਰ ਵਿੱਚ ਹੱਬਾ ਖਾਤੂਨ ਚੋਟੀ ਦੇ ਦ੍ਰਿਸ਼ ਵਿੱਚਕਾਰ ਰਹਿੰਦੇ ਹਨ। ਉਹ ਦੱਸਦੇ ਹਨ ਕਿ ਹੁਣ ਇਸ ਸਮੇਂ ਇੱਥੇ ਕੋਈ ਵੀ ਪੱਟੂ ਕਾਰੀਗਰ ਨਹੀਂ ਹੈ, “ਲਗਭਗ ਇੱਕ ਦਹਾਕਾ ਪਹਿਲਾਂ ਸਰਦੀਆਂ ਦੇ ਮਹੀਨਿਆਂ ਵਿੱਚ ਪਿੰਡ ਦਾ ਹਰੇਕ ਘਰ, ਬਸੰਤ ਅਤੇ ਗਰਮੀਆਂ ਵਿੱਚ ਵੇਚਣ ਲਈ ਕਪੜੇ ਬੁਣਿਆ ਕਰਦਾ ਸੀ।”
ਅਬਦੁਲ ਅਤੇ ਉਹਨਾਂ ਦਾ ਪਰਿਵਾਰ ਸ੍ਰੀਨਗਰ ਅਤੇ ਹੋਰ ਰਾਜਾਂ ਵਿੱਚ ਵੇਚਣ ਲਈ ਕੱਪੜੇ ਬੁਣਿਆ ਕਰਦੇ ਸੀ ਜਿਸ ਵਿੱਚ ਪਹਿਰਾਨ (ਇੱਕ ਰਵਾਇਤੀ ਚੋਗੇ ਵਰਗਾ ਕੱਪੜਾ ਜਿਹੜਾ ਉਪਰ ਦੀ ਪਾਇਆ ਜਾਂਦਾ ਹੈ), ਦੋਪਾਠੀ (ਕੰਬਲ), ਜੁਰਾਬਾਂ ਅਤੇ ਦਸਤਾਨੇ ਸ਼ਾਮਿਲ ਸਨ।
ਪਰ ਅਬਦੁਲ ਦੇ ਆਪਣੀ ਕਲਾ ਲਈ ਪਿਆਰ ਦੇ ਬਾਵਜੂਦ ਵੀ ਇਸ ਨੂੰ ਕਾਇਮ ਰੱਖਣਾ ਆਸਾਨ ਨਹੀਂ ਹੈ ਕਿਉਂਕਿ ਇਸਦਾ ਕੱਚਾ ਮਾਲ- ਉੱਨ ਹੁਣ ਅਸਾਨੀ ਨਾਲ ਨਹੀਂ ਮਿਲਦੀ। ਅਬਦੁਲ ਵਰਗੇ ਜੁਲਾਹੇ ਭੇਡਾਂ ਪਾਲ਼ਿਆ ਕਰਦੇ ਸਨ ਅਤੇ ਉਨ੍ਹਾਂ ਭੇਡਾਂ ਤੋਂ ਪੱਟੂ ਬੁਣਨ ਲਈ ਉੱਨ ਪ੍ਰਾਪਤ ਕਰਿਆ ਕਰਦੇ ਸਨ। ਉਹ ਦੱਸਦੇ ਹਨ ਕਿ ਲਗਭਗ 20 ਸਾਲ ਪਹਿਲਾਂ ਉੱਨ ਪ੍ਰਾਪਤ ਕਰਨੀ ਸਸਤੀ ਅਤੇ ਅਸਾਨ ਹੁੰਦੀ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਕੋਲ 40-45 ਭੇਡਾਂ ਸਨ। ਉਹ ਦੱਸਦੇ ਹਨ,“ਅਸੀਂ ਚੰਗਾ ਮੁਨਾਫ਼ਾ ਕਮਾਇਆ ਕਰਦੇ ਸੀ।” ਵਰਤਮਾਨ ਵਿੱਚ ਇਸ ਪਰਿਵਾਰ ਕੋਲ ਸਿਰਫ਼ ਛੇ ਭੇਡਾਂ ਹਨ।
ਬੰਦੀਪੋਰ ਜ਼ਿਲ੍ਹੇ ਦੀ ਤੁਲੈਲ ਘਾਟੀ ਦੇ ਦੰਗੀ ਥਲ ਪਿੰਡ ਦੇ ਹਬੀਬੁਲਾਹ ਸ਼ੇਖ਼ ਅਤੇ ਉਹਨਾਂ ਦੇ ਪਰਿਵਾਰ ਨੇ ਪੱਟੂ ਦਾ ਕਿੱਤਾ ਇੱਕ ਦਹਾਕਾ ਪਹਿਲਾਂ ਹੀ ਛੱਡ ਦਿੱਤਾ ਸੀ। ਉਹ ਕਹਿੰਦੇ ਹਨ, “ਪਹਿਲਾਂ ਇੱਥੇ ਭੇਡਾਂ ਪਾਲਣ ਦਾ ਰਿਵਾਜ ਹੁੰਦਾ ਸੀ। ਹਰੇਕ ਘਰ ਵਿੱਚ ਘੱਟੋ-ਘੱਟ 15-20 ਭੇਡਾਂ ਹੋਇਆ ਕਰਦੀਆਂ ਸੀ ਜੋ ਪਰਿਵਾਰ ਨਾਲ ਹੀ ਜ਼ਮੀਨੀ ਮੰਜ਼ਿਲ ’ਤੇ ਰਹਿੰਦੀਆਂ ਸਨ।”
ਪਰ ਹੁਣ ਇਹ ਸਭ ਬਦਲ ਗਿਆ ਹੈ, 70 ਸਾਲਾ ਗੁਲਾਮ ਕਾਦਰ ਲੋਨ ਦਾ ਕਹਿਣਾ ਹੈ ਕਿ ਜੋ ਬੰਦੀਪੋਰਾ ਜ਼ਿਲ੍ਹੇ ਦੇ ਅਛੁਰਾਛੋਰਬਨ (ਜਿਸ ਨੂੰ ਸ਼ਾਹ ਪੋਰਾ ਵੀ ਕਿਹਾ ਜਾਂਦਾ ਹੈ), ਦੇ ਕੁਝ ਸਰਗਰਮ ਜੁਲਾਹਿਆਂ ਵਿੱਚੋਂ ਇੱਕ ਹਨ। “ਪਿਛਲੇ ਇੱਕ ਦਹਾਕੇ ਦੌਰਾਨ ਗੁਰੇਜ਼ ਵਿੱਚ ਮੌਸਮ ਬਦਲ ਰਿਹਾ ਹੈ। ਸਰਦੀਆਂ ਬਹੁਤ ਜ਼ਿਆਦਾ ਕਠੋਰ ਹੋ ਗਈਆਂ ਹਨ। ਇਸ ਨੇ ਘਾਹ ਦੇ ਵਾਧੇ ’ਤੇ ਅਸਰ ਪਾਇਆ ਹੈ ਜੋ ਭੇਡਾਂ ਲਈ ਮੁਢਲਾ ਚਾਰਾ ਹੁੰਦਾ ਹੈ। ਲੋਕਾਂ ਨੇ ਵੱਡੇ ਇੱਜੜ ਪਾਲਣੇ ਛੱਡ ਦਿੱਤੇ ਹਨ।”
*****
ਅਬਦੁਲ ਕੁਮਾਰ ਲਗਭਗ 25 ਵਰ੍ਹਿਆਂ ਦੇ ਸਨ ਜਦੋਂ ਉਹਨਾਂ ਨੇ ਪੱਟੂ ਬੁਣਨਾ ਸ਼ੁਰੂ ਕਰ ਦਿੱਤਾ ਸੀ। “ਮੈਂ ਆਪਣੇ ਪਿਤਾ ਜੀ ਦੀ ਮਦਦ ਕਰਿਆ ਕਰਦਾ ਸੀ ਅਤੇ ਹੌਲੀ-ਹੌਲੀ ਇਸ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ,” ਉਹ ਕਹਿੰਦੇ ਹਨ। ਇਹ ਕਲਾ ਪੀੜ੍ਹੀਆਂ ਤੋਂ ਉਹਨਾਂ ਦੇ ਪਰਿਵਾਰ ਵਿੱਚ ਚੱਲ ਰਹੀ ਸੀ, ਪਰ ਉਹਨਾਂ ਦੇ ਤਿੰਨ ਪੁੱਤਰਾਂ ਵਿੱਚੋਂ ਕਿਸੇ ਨੇ ਵੀ ਇਸ ਨੂੰ ਨਹੀਂ ਸੰਭਾਲਿਆ। “ਪੱਟੂ ਮੇਂ ਆਜ ਭੀ ਉਤਨੀ ਹੀ ਮਿਹਨਤ ਹੈ ਜਿਤਨੀ ਪਹਿਲੇ ਥੀ, ਪਰ ਅਬ ਮੁਨਾਫ਼ਾ ਨਾ ਹੋਨੇ ਕੇ ਬਰਾਬਰ ਹੈ [ਪੱਟੂ ਵਿੱਚ ਅੱਜ ਵੀ ਉਨੀ ਹੀ ਮਿਹਨਤ ਲੱਗਦੀ ਹੈ ਜਿੰਨੀ ਪਹਿਲਾਂ ਲੱਗਦੀ ਸੀ ਪਰ ਹੁਣ ਮੁਨਾਫ਼ਾ ਨਾ ਦੇ ਬਰਾਬਰ ਹੁੰਦਾ ਹੈ],” ਉਹ ਬਿਆਨ ਕਰਦੇ ਹਨ।
ਜਦੋਂ ਅਬਦੁਲ ਨੇ ਬੁਣਨਾ ਸ਼ੁਰੂ ਕੀਤਾ ਸੀ ਉਦੋਂ ਇੱਕ ਮੀਟਰ ਪੱਟੂ ਦੀ ਕੀਮਤ 100 ਰੁਪਏ ਹੁੰਦੀ ਸੀ। ਸਮੇਂ ਦੇ ਨਾਲ-ਨਾਲ ਕੀਮਤ ਵਧਦੀ ਗਈ ਹੈ। ਅੱਜਕਲ੍ਹ ਇੱਕ ਮੀਟਰ ਦੀ ਕੀਮਤ ਲਗਭਗ 7,000 ਹੋ ਗਈ ਹੈ। ਪਰ ਤਿਆਰ ਉਤਪਾਦਨ ਦੀਆਂ ਉੱਚੀਆਂ ਕੀਮਤਾਂ ਦੇ ਬਾਵਜੂਦ ਵੀ ਜੁਲਾਹਿਆਂ ਨੂੰ ਮੁਨਾਫ਼ਾ ਸਿਰਫ਼ ਨਾ-ਮਾਤਰ ਹੋ ਰਿਹਾ ਹੈ ਕਿਉਂਕਿ ਭੇਡਾਂ ਪਾਲਣ ਦਾ ਸਲਾਨਾ ਖਰਚਾ ਪੱਟੂ ਦੀ ਸਲਾਨਾ ਵਿਕਰੀ ਤੋਂ ਕਿਤੇ ਜ਼ਿਆਦਾ ਹੁੰਦਾ ਹੈ।
“ਪੱਟੂ ਬੁਣਨਾ ਬਹੁਤ ਬਰੀਕੀ ਕਲਾ ਹੈ। ਇੱਕ ਵੀ ਧਾਗੇ ਦੀ ਗ਼ਲਤੀ ਸਾਰੇ ਟੁਕੜੇ ਨੂੰ ਖਰਾਬ ਕਰ ਸਕਦੀ ਹੈ। ਫਿਰ ਤੋਂ ਨਵੀਂ ਸ਼ੁਰੂਆਤ ਕਰਨੀ ਪੈਂਦੀ ਹੈ,” ਅਬਦੁਲ ਕਹਿੰਦੇ ਹਨ। “[ਪਰ] ਕੀਤੀ ਹੋਈ ਮਿਹਨਤ ਦਾ ਮੁੱਲ ਪੈਂਦਾ ਹੈ ਕਿਉਂਕਿ ਗੁਰੇਜ਼ ਵਰਗੇ ਠੰਡੇ ਇਲਾਕੇ ਵਿੱਚ ਇਸ ਕਪੜੇ ਦੀ ਨਿੱਘ ਬੇਮਿਸਾਲ ਹੈ।”
ਉੱਨ ਨੂੰ ਧਾਗੇ ਵਿੱਚ ਬਦਲਣ ਲਈ ਕਾਰੀਗਰ ਇੱਕ ਚੱਕੂ, ਇੱਕ ਲੱਕੜ ਦੇ ਤੱਕਲੇ ਦੀ ਵਰਤੋਂ ਕਰਦੇ ਹਨ ਜੋ ਵਿਅਕਤੀ ਦੇ ਹੱਥ ਦੇ ਅਕਾਰ ਦਾ ਹੁੰਦਾ ਹੈ। ਚੱਕੂ ਇੱਕ ਡੰਡੇ ਵਰਗਾ ਹੁੰਦਾ ਹੈ ਜਿਸਦੇ ਸਿਰੇ ਤਿਰਛੇ ਕੀਤੇ ਹੁੰਦੇ ਹਨ। ਇਸ ਤਰ੍ਹਾਂ ਕੱਤੇ ਹੋਏ ਧਾਗੇ ਨੂੰ ਖੱਡੀ ’ਤੇ ਵਿੱਚ ਬੁਣਿਆ ਜਾਂਦਾ ਹੈ- ਜਿਸ ਨੂੰ ਸਥਾਨਕ ਲੋਕ ਵਾਨ ਕਹਿੰਦੇ ਹਨ।
ਪੱਟੂ ਕੱਪੜਾ ਬੁਣਨਾ ਕਦੇ ਵੀ ਇੱਕ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਅਕਸਰ ਸਾਰਾ ਹੀ ਪਰਿਵਾਰ ਇਸ ਪ੍ਰਕਿਰਿਆ ਵਿੱਚ ਯੋਗਦਾਨ ਪਾਉਂਦਾ ਹੈ। ਸਾਧਾਰਨ ਤੌਰ ’ਤੇ ਆਦਮੀਆਂ ਨੂੰ ਭੇਡਾਂ ਤੋਂ ਉੱਨ ਇੱਕਠੀ ਕਰਨ ਦਾ ਕੰਮ ਦਿੱਤਾ ਜਾਂਦਾ ਹੈ ਜਦਕਿ ਔਰਤਾਂ ਉੱਨ ਤੋਂ ਧਾਗਾ ਕੱਤਦੀਆਂ ਹਨ। “ਉਹ ਘਰ ਦੇ ਕੰਮ ਸੰਭਾਲਣ ਦੇ ਨਾਲ-ਨਾਲ ਸਭ ਤੋਂ ਔਖਾ ਕੰਮ ਕਰਦੀਆਂ ਹਨ,” ਅਨਵਰ ਲੋਨ ਕਹਿੰਦੇ ਹਨ। ਖੱਡੀ ਜਾਂ ਵਾਨ ਦਾ ਕੰਮ ਆਮ ਤੌਰ ’ਤੇ ਪਰਿਵਾਰ ਦੇ ਮਰਦਾਂ ਦੁਆਰਾ ਕੀਤਾ ਜਾਂਦਾ ਹੈ।
85 ਸਾਲਾ ਜ਼ੂਨੀ ਬੇਗਮ ਦਾਰਦ-ਸ਼ੀਨ ਭਾਈਚਾਰੇ ਨਾਲ ਸਬੰਧਤ ਹਨ ਅਤੇ ਘਾਟੀ ਦੀਆਂ ਉਹਨਾਂ ਕੁਝ ਕੁ ਔਰਤਾਂ ਵਿੱਚੋਂ ਹਨ ਜੋ ਪੱਟੂ ਬੁਣਨਾ ਜਾਣਦੀਆਂ ਹਨ। “ਮੈਨੂੰ ਸਿਰਫ਼ ਇਹੀ ਕਲਾ ਆਉਂਦੀ ਹੈ,” ਸਥਾਨਕ ਸ਼ੀਨਾ ਭਾਸ਼ਾ ਵਿੱਚ ਬੋਲਦੀ ਉਹ ਦੱਸਦੀ ਹਨ। ਉਹਨਾਂ ਦੇ ਬੇਟੇ ਇਸ਼ਤਿਆਕ ਲੋਨ ਜੋ ਕਿ ਇੱਕ 36 ਸਾਲਾ ਕਿਸਾਨ ਹਨ, ਸਾਨੂੰ ਅਨੁਵਾਦ ਕਰਕੇ ਦੱਸਦੇ ਹਨ।
“ਪੱਟੂ ਦਾ ਵਪਾਰ ਹੁਣ ਬੰਦ ਹੋ ਗਿਆ ਹੈ ਪਰ ਮੈਂ ਅਜੇ ਵੀ ਮਹੀਨਿਆਂ ਵਿੱਚ ਕੁਝ ਚੀਜਾਂ ਜਿਵੇਂ ਕਿ ਖੋਈਹ [ਔਰਤਾਂ ਦੇ ਸਿਰ ’ਤੇ ਪਹਿਨਣ ਵਾਲੀਆਂ ਪਰੰਪਰਾਗਤ ਟੋਪੀਆਂ] ਆਦਿ ਬਣਾਉਂਦੀ ਹਾਂ,” ਆਪਣੇ ਬੇਟੇ ਨੂੰ ਆਪਣੀ ਗੌਦੀ ਵਿੱਚ ਲੈ ਕੇ ਜ਼ੂਨੀ ਸਾਨੂੰ ਤੱਕਲੇ ਦੀ ਮਦਦ ਨਾਲ ਭੇਡਾਂ ਦੀ ਉੱਨ, ਜਿਸਨੂੰ ਸ਼ੀਨਾ ਭਾਸ਼ਾ ਵਿੱਚ ਪਾਸ਼ ਕਿਹਾ ਜਾਂਦਾ ਹੈ, ਕੱਤਣ ਦੀ ਪ੍ਰਕਿਰਿਆ ਦਿਖਾਉਂਦੀ ਹਨ। “ਮੈ ਇਹ ਕਲਾ ਆਪਣੀ ਮਾਂ ਤੋਂ ਸਿੱਖੀ ਸੀ। ਮੈਨੂੰ ਇਹ ਸਾਰੀ ਪ੍ਰਕਿਰਿਆ ਬਹੁਤ ਪਸੰਦ ਹੈ,” ਉਹ ਕਹਿੰਦੀ ਹਨ। “ਜਿਨ੍ਹਾ ਚਿਰ ਮੇਰੇ ਹੱਥ ਚਲਦੇ ਹਨ ਮੈਂ ਇਸ ਕਲਾ ਨੂੰ ਜਾਰੀ ਰੱਖਣਾ ਚਾਹੁੰਦੀ ਹਾਂ।”
ਗੁਰੇਜ਼ ਘਾਟੀ ਦੇ ਪੱਟੂ ਬੁਣਨ ਵਾਲੇ ਜੁਲਾਹੇ ਦਾਰਦ-ਸ਼ੀਨ (ਜਿਸਨੂੰ ਦਾਰਦ ਵੀ ਕਿਹਾ ਜਾਂਦਾ ਹੈ) ਭਾਈਚਾਰੇ ਨਾਲ ਸਬੰਧਿਤ ਹਨ ਜਿਸਨੂੰ ਜੰਮੂ ਅਤੇ ਕਸ਼ਮੀਰ ਵਿੱਚ ‘ਪੱਛੜੇ ਕਬੀਲਿਆਂ’ ਦਾ ਦਰਜਾ ਹਾਸਲ ਹੈ। ਘਾਟੀ ਦੇ ਨਾਲ- ਨਾਲ ਚਲਦੀ ਨਿਯੰਤਰਨ ਰੇਖਾ (ਲਾਈਨ ਆਫ਼ ਕੰਟਰੋਲ) ਦੁਆਰਾ ਵੰਡਿਆ ਇਹ ਭਾਈਚਾਰਾ ਆਪਣੀ ਪੱਟੂ ਬੁਣਨ ਦੀ ਕਲਾ ਸਾਂਝਾ ਕਰਦਾ ਹੈ ਅਤੇ ਇਸਦੀ ਮੰਗ ਵਿੱਚ ਗਿਰਾਵਟ ਕਾਰਨ, ਰਾਜ ਦੁਆਰਾ ਕੋਈ ਮਦਦ ਨਾ ਮਿਲਣ ਅਤੇ ਪ੍ਰਵਾਸ ਆਦਿ ਕਾਰਨਾਂ ਕਰਕੇ ਇਸ ਕਲਾ ਦੇ ਨਿਘਾਰ ਲਈ ਅਫ਼ਸੋਸ ਪ੍ਰਗਟ ਕਰਦਾ ਹੈ।
*****
ਦਾਵਰ ਦੇ 40 ਕਿਲੋਮੀਟਰ ਪੂਰਬ ਵਿੱਚ ਬਦੌਬ ਪਿੰਡ ਵਿੱਚ ਅਨਵਰ ਲੋਨ ਜੁਲਾਹੇ ਰਹਿੰਦੇ ਹਨ ਜਿਹਨਾਂ ਦੀ ਉਮਰ 90 ਕੁ ਵਰ੍ਹਿਆਂ ਦੀ ਹੈ। 15 ਸਾਲ ਪਹਿਲਾਂ ਬਣਾਇਆ ਪੱਟੂ ਵਿਛਾਉਂਦੇ ਉਹ ਕਹਿੰਦੇ ਹਨ, “ਮੈਂ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਕੰਮ ਕਰਦਾ ਰਹਿੰਦਾ ਸੀ। ਪਰ ਜਦੋਂ ਮੈਂ ਬਜ਼ੁਰਗ ਹੋ ਗਿਆ, ਮੈਂ ਮਸਾਂ ਤਿੰਨ ਜਾਂ ਚਾਰ ਘੰਟੇ ਹੀ ਕੰਮ ਕਰਨ ਦੇ ਯੋਗ ਸੀ।” ਇੱਕ ਮੀਟਰ ਕੱਪੜਾ ਬੁਣਨ ਲਈ ਅਨਵਰ ਨੂੰ ਲਗਭਗ ਪੂਰਾ ਦਿਨ ਕੰਮ ਕਰਨਾ ਪਵੇਗਾ।
ਅਨਵਰ ਨੇ ਲਗਭਗ ਚਾਰ ਦਹਾਕਿਆਂ ਪਹਿਲਾਂ ਪੱਟੂ ਵੇਚਣਾ ਸ਼ੁਰੂ ਕੀਤਾ ਸੀ। “ਸਥਾਨਕ ਪੱਧਰ ਅਤੇ ਗੁਰੇਜ਼ ਤੋਂ ਬਾਹਰ ਦੋਵੇ ਜਗ੍ਹਾ ਇਸ ਦੀ ਮੰਗ ਕਾਰਨ ਮੇਰਾ ਕਾਰੋਬਾਰ ਬਹੁਤ ਚੱਲਿਆ। ਮੈਂ ਗੁਰੇਜ਼ ਆਉਣ ਵਾਲੇ ਬਹੁਤ ਸਾਰੇ ਵਿਦੇਸ਼ੀਆਂ ਨੂੰ ਵੀ ਪੱਟੂ ਵੇਚੇ ਹਨ।”
ਅਛੁਰਾਛੋਰਬਨ (ਜਾਂ ਸ਼ਾਹ ਪੋਰਾ) ਪਿੰਡ ਵਿੱਚ ਬਹੁਤ ਲੋਕ ਪੱਟੂ ਬੁਣਨ ਦਾ ਕਿੱਤਾ ਛੱਡ ਗਏ ਹਨ ਪਰ ਇਹ ਦੋ ਭਰਾ ਗੁਲਾਮ ਕਾਦਰ ਲੋਨ, 70 ਅਤੇ ਅਬਦੁਲ ਕਾਦਰ ਲੋਨ, 71 ਅਜੇ ਵੀ ਪੂਰੇ ਜੋਸ਼ ਨਾਲ ਇੱਸ ਕੰਮ ਵਿੱਚ ਲੱਗੇ ਹੋਏ ਹਨ। ਇੱਥੋਂ ਤੱਕ ਕਿ ਅਤਿ ਦੀ ਸਰਦੀ ਵਿੱਚ ਜਦੋਂ ਇਹ ਘਾਟੀ ਬਾਕੀ ਕਸ਼ਮੀਰ ਤੋਂ ਵੱਖ ਹੋ ਜਾਂਦੀ ਹੈ ਅਤੇ ਜ਼ਿਆਦਾਤਰ ਪਰਿਵਾਰ ਹੇਠਾਂ ਆ ਜਾਂਦੇ ਹਨ, ਇਹ ਭਰਾ ਉੱਪਰ ਰਹਿ ਕੇ ਹੀ ਬੁਣਨ ਦਾ ਫੈਸਲਾ ਕਰਦੇ ਹਨ।
“ਮੈਂ ਕੋਈ ਪੱਕਾ ਤਾਂ ਨਹੀਂ ਦੱਸ ਸਕਦਾ ਕਿ ਮੈਂ ਕਿਸ ਉਮਰ ਵਿੱਚ ਬੁਣਨਾ ਸ਼ੁਰੂ ਕੀਤਾ ਸੀ ਪਰ ਉਦੋਂ ਮੈਂ ਬਹੁਤ ਛੋਟਾ ਹੁੰਦਾ ਸੀ,” ਗੁਲਾਮ ਕਹਿੰਦੇ ਹਨ। “ਅਸੀ ਬੁਣਾਈ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾਇਆ ਕਰਦੇ ਸੀ ਜਿਵੇਂ ਕਿ ਚਾਰਖਾਨਾ ਅਤੇ ਚਸ਼ਮ-ਏ-ਬੁਲਬੁਲ।”
ਚਾਰਖਾਨਾ ਇੱਕ ਲਕੀਰਾਂ ਵਾਲਾ ਨਮੂਨਾ ਹੁੰਦਾ ਹੈ ਜਦਕਿ ਚਸ਼ਮ-ਏ-ਬੁਲਬੁਲ ਇੱਕ ਗੁੰਝਲਦਾਰ ਬੁਣਤੀ ਹੁੰਦੀ ਹੈ ਜੋ ਇੱਕ ਬੁਲਬੁਲ ਦੀ ਅੱਖ ਵਾਂਗ ਲੱਗਦੀ ਹੈ। ਸਾਵਧਾਨੀ ਨਾਲ ਤਿਆਰ ਕੀਤੇ ਇਹ ਪੱਟੂ ਮਸ਼ੀਨੀ ਕੱਪੜੇ ਨਾਲੋਂ ਮੋਟੇ ਹੁੰਦੇ ਹਨ।
“ਵਕਤ ਕੇ ਸਾਥ ਪਹਿਨਾਵੇ ਕਾ ਹਿਸਾਬ ਭੀ ਬਦਲ ਗਯਾ [ਸਮੇਂ ਦੇ ਹਿਸਾਬ ਨਾਲ ਕੱਪੜੇ ਪਾਉਣ ਦਾ ਢੰਗ ਵੀ ਬਦਲ ਗਿਆ],” ਗੁਲਾਮ ਕਹਿੰਦੇ ਹਨ। “ਪਰ ਪੱਟੂ ਅਜੇ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਇਹ 30 ਸਾਲ ਪਹਿਲਾਂ ਸੀ।” ਭਰਾਵਾਂ ਦਾ ਕਹਿਣਾ ਹੈ ਕਿ ਹੁਣ ਉਹ ਮੁਸ਼ਕਿਲ ਨਾਲ ਕੋਈ ਮੁਨਾਫ਼ਾ ਕਮਾਉਂਦੇ ਹਨ, ਉਹ ਵੀ ਸਥਾਨਕ ਲੋਕਾਂ ਨੂੰ ਵੇਚ ਕੇ ਜੋ ਸਾਲ ਵਿੱਚ ਮੁਸ਼ਕਿਲ ਨਾਲ ਇੱਕ ਵਾਰ ਖਰੀਦਦਾਰੀ ਕਰਦੇ ਹਨ।
ਅਬਦੁਲ ਕਾਦਰ ਕਹਿੰਦੇ ਹਨ ਨੌਜਵਾਨਾਂ ਵਿੱਚ ਇਸ ਕਲਾ ਨੂੰ ਸਿੱਖਣ ਲਈ ਲੋੜੀਂਦੀ ਤਾਕਤ ਅਤੇ ਸਬਰ ਦੀ ਘਾਟ ਹੈ। “ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 10 ਸਾਲਾਂ ਵਿੱਚ ਪੱਟੂ ਦੀ ਹੋਂਦ ਖਤਮ ਹੋ ਜਾਵੇਗੀ,” ਅਬਦੁਲ ਚਿੰਤਾ ਕਰਦੇ ਕਹਿੰਦੇ ਹਨ। “ਇਸ ਨੂੰ ਨਵੀਂ ਉਮੀਦ ਅਤੇ ਸਮੇਂ-ਸਮੇਂ ’ਤੇ ਨਵੀਨਤਾ ਦੀ ਲੋੜ ਹੈ ਜੋ ਸਰਕਾਰ ਦੁਆਰਾ ਸਮੇਂ ਸਿਰ ਦਖਲਅੰਦਾਜ਼ੀ ਨਾਲ ਹੀ ਸੰਭਵ ਹੋ ਸਕਦਾ ਹੈ,” ਉਹ ਕਹਿੰਦੇ ਹਨ।
ਅਬਦੁਲ ਕੁਮਾਰ ਦੇ ਬੇਟੇ ਰਹਿਮਾਨ, ਜੋ ਦਾਵਰ ਮਾਰਕਿਟ ਵਿੱਚ ਇੱਕ ਕਿਰਿਆਨੇ ਦੀ ਦੁਕਾਨ ਚਲਾਉਂਦੇ ਹਨ, ਕਹਿੰਦੇ ਹਨ ਕਿ ਬੁਣਾਈ ਦਾ ਕੰਮ ਹੁਣ ਕੋਈ ਵਿਹਾਰਕ ਵਿਕਲਪ ਨਹੀਂ ਰਿਹਾ। “ਮੁਨਾਫ਼ੇ ਨਾਲੋਂ ਮਿਹਨਤ ਜ਼ਿਆਦਾ ਹੈ,” ਉਹ ਕਹਿੰਦੇ ਹਨ। “ਹੁਣ ਲੋਕਾਂ ਕੋਲ ਕਮਾਉਣ ਦੇ ਹੋਰ ਵਧੇਰੇ ਢੰਗ ਹਨ। ਪਹਿਲੇ ਯਾ ਤੋ ਪੱਟੂ ਥਾ ਯਾ ਜ਼ਮੀਨਦਾਰੀ [ਪਹਿਲਾਂ ਜਾਂ ਤਾਂ ਪੱਟੂ ਹੁੰਦਾ ਸੀ ਜਾਂ ਫਿਰ ਜ਼ਮੀਨਦਾਰੀ]।”
ਗੁਰੇਜ਼ ਇੱਕਲਾ ਜਿਹਾ ਸਰਹੱਦੀ ਇਲਾਕਾ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਰ ਜੁਲਾਹਿਆਂ ਦਾ ਕਹਿਣਾ ਹੈ ਕਿ ਨਵੇਂ ਵਿਚਾਰ ਇਸ ਮਰ ਰਹੀ ਕਲਾ ਵਿੱਚ ਨਵਾਂ ਜੀਵਨ ਫੂਕ ਸਕਦੇ ਹਨ ਅਤੇ ਇਸ ਇਲਾਕੇ ਦੇ ਲੋਕਾਂ ਲਈ ਇਸ ਨੂੰ ਦੁਬਾਰਾ ਤੋਂ ਆਮਦਨ ਦਾ ਇੱਕ ਸਥਿਰ ਸਰੋਤ ਬਣਾ ਸਕਦੇ ਹਨ।
ਤਰਜਮਾ: ਇੰਦਰਜੀਤ ਸਿੰਘ