“ਲੈ ਦੇ ਵੇ ਜੁੱਤੀ ਮੈਨੂੰ,
ਮੁਕਤਸਰੀ ਕਢਾਈ ਵਾਲੀ,
ਪੈਰਾਂ ਵਿੱਚ ਮੇਰੇ ਚੰਨਾ,
ਜਚੂਗੀ ਪਾਈ ਬਾਹਲੀ”
ਹੰਸ ਰਾਜ ਮੋਟੇ ਸੂਤੀ ਧਾਗੇ ਨੂੰ ਹੱਥ ਵਿੱਚ ਕਸ ਕੇ ਫੜਦਾ ਹੈ। ਲੰਬੇ ਸਮੇਂ ਤੋਂ ਮੋਚੀ ਦਾ ਕੰਮ ਕਰਦਾ ਹੰਸ ਰਾਜ ਸਟੀਲ ਦੇ ਸੁੰਬੇ (ਤਿੱਖੀ ਸੂਈ) ਨਾਲ ਕਰੜੇ ਚਮੜੇ ਵਿੱਚੋਂ ਧਾਗਾ ਲੰਘਾਉਂਦਾ ਹੈ, ਮੁਹਾਰਤ ਨਾਲ ਕਰੀਬ 400 ਵਾਰ ਸੂਈ ਲੰਘਾ ਕੇ ਪੰਜਾਬੀ ਜੁੱਤੀ ਹੱਥੀਂ ਤਿਆਰ ਕਰਦਾ ਹੈ। ਜਿਓਂ ਹੀ ਉਹ ਸੁੰਬੇ ਨੂੰ ਚਮੜੇ ਵਿੱਚ ਵਾੜ੍ਹਦਾ ਹੈ ਨਾਲ਼ ਹੀ ਲੰਬਾ ਸਾਹ ਛੱਡਦਾ ਹੈ।
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਵਿੱਚ ਹੰਸ ਰਾਜ ਇਕਲੌਤਾ ਕਾਰੀਗਰ ਹੈ ਜੋ ਰਵਾਇਤੀ ਤਰੀਕੇ ਨਾਲ ਇਹ ਜੁੱਤੀਆਂ ਤਿਆਰ ਕਰਦਾ ਹੈ।
“ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਪੰਜਾਬੀ ਜੁੱਤੀ ਕਿਵੇਂ ਤਿਆਰ ਹੁੰਦੀ ਹੈ ਤੇ ਕੌਣ ਇਸਨੂੰ ਤਿਆਰ ਕਰਦਾ ਹੈ। ਆਮ ਗਲਤਫਹਿਮੀ ਹੈ ਕਿ ਇਹਨਾਂ ਨੂੰ ਮਸ਼ੀਨਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਪਰ ਤਿਆਰੀ ਤੋਂ ਲੈ ਕੇ ਸਿਲਾਈ ਤੱਕ ਸਭ ਕੁਝ ਹੱਥ ਨਾਲ ਕੀਤਾ ਜਾਂਦਾ ਹੈ,” 63 ਸਾਲਾ ਕਾਰੀਗਰ ਨੇ ਕਿਹਾ ਜੋ ਤਕਰੀਬਨ ਅੱਧੀ ਸਦੀ ਤੋਂ ਜੁੱਤੀਆਂ ਤਿਆਰ ਕਰ ਰਿਹਾ ਹੈ। “ਜਿੱਥੇ ਮਰਜ਼ੀ ਚਲੇ ਜਾਓ, ਮੁਕਤਸਰ, ਮਲੋਟ, ਗਿੱਦੜਬਾਹਾ ਜਾਂ ਪਟਿਆਲਾ, ਮੇਰੇ ਜਿੰਨੀ ਕੁਸ਼ਲਤਾ ਨਾਲ ਕੋਈ ਜੁੱਤੀ ਤਿਆਰ ਨਹੀਂ ਕਰ ਸਕਦਾ,” ਹੰਸ ਰਾਜ ਨੇ ਜ਼ੋਰ ਪਾਉਂਦਿਆਂ ਕਿਹਾ।
ਹਰ ਦਿਨ ਸਵੇਰੇ 7 ਵਜੇ ਤੋਂ ਉਹ ਆਪਣੀ ਕਿਰਾਏ ਦੀ ਵਰਕਸ਼ਾਪ, ਜਿਸ ਦੀਆਂ ਕੰਧਾਂ ਦਾ ਕੁਝ ਹਿੱਸਾ ਪੁਰਸ਼ਾਂ ਤੇ ਮਹਿਲਾਵਾਂ ਲਈ ਪੰਜਾਬੀ ਜੁੱਤੀਆਂ ਨਾਲ ਭਰਿਆ ਹੋਇਆ ਹੈ, ਦੇ ਦਾਖਲੇ ਨੇੜੇ ਫਰਸ਼ ’ਤੇ ਗੱਦਾ ਵਿਛਾ ਕੇ ਬਹਿ ਜਾਂਦਾ ਹੈ। ਜੁੱਤੀ ਦੀ ਜੋੜੀ ਦੀ ਕੀਮਤ 400 ਤੋਂ 1600 ਰੁਪਏ ਦੇ ਵਿਚਕਾਰ ਹੈ, ਤੇ ਉਸਦਾ ਕਹਿਣਾ ਹੈ ਕਿ ਉਹ ਇਸ ਕਿੱਤੇ ਤੋਂ ਮਹੀਨੇ ਦਾ 10,000 ਕੁ ਰਪਏ ਕਮਾ ਲੈਂਦਾ ਹੈ।
ਪੁਰਾਣੀ ਜਿਹੀ ਕੰਧ ਨਾਲ ਲੱਗ ਕੇ ਉਹ ਅਗਲੇ 12 ਘੰਟੇ ਹੱਥੀਂ ਜੁੱਤੀਆਂ ਗੰਢਣ ਵਿੱਚ ਲਾ ਦਿੰਦਾ ਹੈ। ਕੰਧ ਦੇ ਜਿਸ ਹਿੱਸੇ ਨਾਲ ਉਹ ਆਪਣੀ ਥੱਕੀ-ਟੁੱਟੀ ਪਿੱਠ ਲਾ ਕੇ ਬਹਿੰਦਾ ਹੈ ਉਸ ਦੇ ਖਲੇਪੜ ਲਹਿ ਰਹੇ ਹਨ – ਸੀਮੇਂਟ ਲਹਿ ਕੇ ਹੇਠੋਂ ਇੱਟਾਂ ਨਜ਼ਰ ਆਉਣ ਲੱਗੀਆਂ ਹਨ। “ਸਰੀਰ ਦੁਖਦਾ ਹੈ, ਖ਼ਾਸ ਕਰਕੇ ਲੱਤਾਂ,” ਆਪਣੇ ਗੋਡਿਆਂ ਦੀ ਮਾਲਸ਼ ਕਰਦਿਆਂ ਹੰਸ ਰਾਜ ਨੇ ਕਿਹਾ। ਉਸਦਾ ਕਹਿਣਾ ਹੈ ਕਿ ਗਰਮੀਆਂ ਵਿੱਚ, “ਪਸੀਨੇ ਨਾਲ ਪਿੱਠ ਉੱਤੇ ਦਾਣੇ ਜਿਹੇ ਜਿਹੇ ਹੋ ਜਾਂਦੇ ਨੇ ਜੋ ਦੁਖਦੇ ਰਹਿੰਦੇ ਹਨ।”
ਹੰਸ ਰਾਜ ਨੇ ਇਹ ਕਲਾ 15 ਸਾਲ ਦੀ ਉਮਰ ਵਿੱਚ ਸਿੱਖੀ, ਤੇ ਉਸਨੂੰ ਇਹ ਉਸਦੇ ਪਿਤਾ ਨੇ ਸਿਖਾਈ। “ਮੇਰੀ ਦਿਲਚਸਪੀ ਬਾਹਰੀ ਦੁਨੀਆ ਦੇਖਣ ਵਿੱਚ ਸੀ। ਕਈ ਵਾਰ ਮੈਂ ਸਿੱਖਣ ਲਈ ਬਹਿ ਜਾਂਦਾ ਸੀ, ਕਈ ਵਾਰ ਨਹੀਂ ਬਹਿੰਦਾ ਸੀ।” ਪਰ ਜਿਵੇਂ-ਜਿਵੇਂ ਉਹ ਵੱਡਾ ਹੋਇਆ ਤੇ ਕੰਮ ਦਾ ਦਬਾਅ ਵਧਿਆ, ਬਹਿਣ ਦੇ ਘੰਟੇ ਵੀ ਵਧਦੇ ਗਏ।
ਪੰਜਾਬੀ-ਹਿੰਦੀ ਮਿਲਾ ਕੇ ਗੱਲ ਕਰਦਿਆਂ ਉਸ ਨੇ ਕਿਹਾ, “ਇਸ ਕੰਮ ਵਿੱਚ ਬਰੀਕੀ ਦੀ ਲੋੜ ਪੈਂਦੀ ਹੈ।” ਹੰਸ ਰਾਜ ਸਾਲਾਂ ਬੱਧੀਂ ਬਿਨ੍ਹਾਂ ਐਨਕਾਂ ਦੇ ਕੰਮ ਕਰਦਾ ਰਿਹਾ ਹੈ,” ਪਰ ਹੁਣ ਮੇਰੀ ਨਿਗ੍ਹਾ ਵਿੱਚ ਫ਼ਰਕ ਮਹਿਸੂਸ ਹੋਣ ਲੱਗਿਆ ਹੈ। ਜੇ ਮੈਂ ਕਈ ਘੰਟੇ ਕੰਮ ਕਰਾਂ, ਮੇਰੀਆਂ ਅੱਖਾਂ ’ਤੇ ਜ਼ੋਰ ਪੈਂਦਾ ਹੈ। ਮੈਨੂੰ ਸਭ ਕੁਝ ਦੋ-ਦੋ ਨਜ਼ਰ ਆਉਣ ਲਗਦਾ ਹੈ।”
ਕੰਮ ਦੇ ਆਮ ਦਿਨਾਂ ਦੌਰਾਨ ਉਹ ਚਾਹ ਪੀਂਦੇ ਹੋਏ ਆਪਣੇ ਰੇਡੀਓ ’ਤੇ ਖ਼ਬਰਾਂ, ਗੀਤ ਅਤੇ ਕ੍ਰਿਕਟ ਦੀ ਕਮੈਂਟਰੀ ਸੁਣਦਾ ਹੈ। “ਫਰਮਾਇਸ਼ੀ ਪ੍ਰੋਗਰਾਮ” ਉਸਦਾ ਪਸੰਦੀਦਾ ਪ੍ਰੋਗਰਾਮ ਹੈ, ਜਿਸ ਵਿੱਚ ਦਰਸ਼ਕਾਂ ਦੀ ਪਸੰਦ ਦੇ ਪੁਰਾਣੇ ਹਿੰਦੀ ਤੇ ਪੰਜਾਬੀ ਗੀਤ ਸੁਣਾਏ ਜਾਂਦੇ ਹਨ। ਉਸਨੇ ਖੁਦ ਕਦੇ ਰੇਡੀਓ ਸਟੇਸ਼ਨ ’ਤੇ ਕੋਈ ਗੀਤ ਚਲਾਉਣ ਲਈ ਫੋਨ ਨਹੀਂ ਕੀਤਾ, “ਮੈਨੂੰ ਨੰਬਰ ਸਮਝ ਨਹੀਂ ਆਉਂਦੇ ਤੇ ਇਸ ਲਈ ਮੈਂ ਫੋਨ ਨਹੀਂ ਮਿਲਾ ਸਕਦਾ।”
ਹੰਸ ਰਾਜ ਕਦੇ ਸਕੂਲ ਨਹੀਂ ਗਿਆ ਪਰ ਉਸਨੂੰ ਆਪਣੇ ਪਿੰਡੋਂ ਦੂਰ ਜਗ੍ਹਾਵਾਂ ’ਤੇ ਜਾ ਕੇ ਬੜੀ ਖੁਸ਼ੀ ਮਿਲਦੀ ਹੈ, ਖ਼ਾਸ ਕਰਕੇ ਗੁਆਂਢੀ ਪਿੰਡੋਂ ਆਪਣੇ ਦੋਸਤ ਸਾਧੂ ਨਾਲ: “ਅਸੀਂ ਹਰ ਸਾਲ ਘੁੰਮਣ ਜਾਂਦੇ ਹਾਂ। ਉਹਦੇ ਕੋਲ ਆਪਣੀ ਕਾਰ ਹੈ ਅਤੇ ਉਹ ਅਕਸਰ ਆਪਣੀਆਂ ਫੇਰੀਆਂ ’ਤੇ ਮੈਨੂੰ ਸੱਦ ਲੈਂਦਾ ਹੈ। ਇੱਕ-ਦੋ ਹੋਰ ਲੋਕਾਂ ਨਾਲ ਅਸੀਂ ਹਰਿਆਣਾ ਅਤੇ ਰਾਜਸਥਾਨ ਵਿੱਚ ਅਲਵਰ ਤੇ ਬੀਕਾਨੇਰ ਘੁੰਮੇ ਹਾਂ।”
*****
ਸ਼ਾਮ ਦੇ 4 ਵੱਜਿਆਂ ਕਾਫ਼ੀ ਸਮਾਂ ਹੋ ਗਿਆ ਹੈ ਤੇ ਰੁਪਾਣਾ ਪਿੰਡ ਵਿੱਚ ਮੱਧ ਨਵੰਬਰ ਦੇ ਸੂਰਜ ਦੀ ਲਾਲੀ ਖਿੱਲਰੀ ਹੋਈ ਹੈ। ਹੰਸ ਰਾਜ ਦਾ ਇੱਕ ਪੱਕਾ ਗਾਹਕ ਆਪਣੇ ਦੋਸਤ ਨਾਲ ਪੰਜਾਬੀ ਜੁੱਤੀ ਦੀ ਜੋੜੀ ਲੈਣ ਆਇਆ ਹੈ। “ਤੁਸੀਂ ਇਹਦੇ ਲਈ ਵੀ ਕੱਲ੍ਹ ਤੱਕ ਜੁੱਤੀ ਤਿਆਰ ਕਰ ਦਿਉਗੇ?” ਉਸਨੇ ਹੰਸ ਰਾਜ ਨੂੰ ਪੁੱਛਿਆ। ਉਸਦਾ ਦੋਸਤ ਉੱਥੋਂ 175 ਕਿਲੋਮੀਟਰ ਦੂਰ, ਹਰਿਆਣੇ ਦੇ ਟੋਹਾਣੇ ਤੋਂ ਆਇਆ ਹੈ।
ਗਾਹਕ ਦੇ ਕਹੇ ’ਤੇ ਮੁਸਕੁਰਾਉਂਦਿਆਂ ਹੰਸ ਰਾਜ ਨੇ ਪਿਆਰ ਨਾਲ ਜਵਾਬ ਦਿੱਤਾ, “ਯਾਰ, ਕੱਲ੍ਹ ਤੱਕ ਨਹੀਂ ਬਣ ਸਕਣੀ।” ਪਰ ਗਾਹਕ ਨੇ ਜ਼ਿੱਦ ਫੜ ਲਈ: “ਮੁਕਤਸਰ ਪੰਜਾਬੀ ਜੁੱਤੀਆਂ ਲਈ ਜਾਣਿਆ ਜਾਂਦਾ ਹੈ।” ਫੇਰ ਗਾਹਕ ਸਾਡੇ ਵੱਲ ਮੂੰਹ ਕਰਕੇ ਕਹਿੰਦਾ ਹੈ, “ਸ਼ਹਿਰ ’ਚ ਜੁੱਤੀਆਂ ਦੀਆਂ ਹਜ਼ਾਰਾਂ ਦੁਕਾਨਾਂ ਹਨ। ਪਰ ਰੁਪਾਣਾ ਵਿੱਚ ਸਿਰਫ਼ ਇਹੀ ਹੈ ਜੋ ਹੱਥੀਂ ਜੁੱਤੀਆਂ ਬਣਾਉਂਦਾ ਹੈ। ਅਸੀਂ ਇਹਦਾ ਕੰਮ ਜਾਣਦੇ ਹਾਂ।”
ਗਾਹਕ ਨੇ ਸਾਨੂੰ ਦੱਸਿਆ ਕਿ ਦੀਵਾਲੀ ਤੱਕ ਪੂਰੀ ਦੁਕਾਨ ਜੁੱਤੀਆਂ ਨਾਲ ਭਰੀ ਹੋਈ ਸੀ। ਇੱਕ ਮਹੀਨੇ ਬਾਅਦ, ਨਵੰਬਰ ਵਿੱਚ, 14 ਜੋੜੇ ਹੀ ਬਚੇ ਹਨ। ਹੰਸ ਰਾਜ ਦੀ ਜੁੱਤੀ ਵਿੱਚ ਅਜਿਹਾ ਕੀ ਖ਼ਾਸ ਹੈ? “ਜਿਹੜੀਆਂ ਇਹ ਬਣਾਉਂਦਾ ਹੈ, ਉਹ ਵਿਚਕਾਰੋਂ ਪੱਧਰੀਆਂ ਹੁੰਦੀਆਂ ਹਨ,” ਕੰਧ ’ਤੇ ਲੱਗੀਆਂ ਜੁੱਤੀਆਂ ਵੱਲ ਇਸ਼ਾਰਾ ਕਰਦਿਆਂ ਗਾਹਕ ਨੇ ਕਿਹਾ, “ਫ਼ਰਕ (ਕਾਰੀਗਰ) ਦੇ ਹੱਥਾਂ ਵਿੱਚ ਹੁੰਦਾ ਹੈ।”
ਹੰਸ ਰਾਜ ਇਕੱਲਿਆਂ ਕੰਮ ਨਹੀਂ ਕਰਦਾ – ਉਹ ਕੁਝ ਜੁੱਤੀਆਂ 12 ਕਿਲੋਮੀਟਰ ਦੂਰ ਆਪਣੇ ਜੱਦੀ ਪਿੰਡ, ਖੂੰਨਣ ਖੁਰਦ ਦੇ ਮਾਹਰ ਕਾਰੀਗਰ, ਸੰਤ ਰਾਮ ਤੋਂ ਗੰਢਾਉਂਦਾ ਹੈ। ਦੀਵਾਲੀ ਵੇਲੇ ਜਾਂ ਝੋਨੇ ਦੀ ਕਟਾਈ ਵੇਲੇ, ਜਦ ਮੰਗ ਵਧ ਜਾਂਦੀ ਹੈ, ਜੋੜੀ ਦੇ 80 ਰੁਪਏ ਦੇ ਹਿਸਾਬ ਨਾਲ ਉਹ ਹੋਰਾਂ ਨੂੰ ਕੰਮ ਦੇ ਦਿੰਦਾ ਹੈ।
ਉਸਤਾਦ ਕਾਰੀਗਰ ਸਾਨੂੰ ਕਾਰੀਗਰ ਤੇ ਕਾਮੇ ਵਿੱਚ ਫ਼ਰਕ ਸਮਝਾਉਂਦਾ ਹੈ: “ਮੈਂ ਹਮੇਸ਼ਾ ਤਲੇ ਦੇ ਉੱਤੋਂ ਜੁੱਤੀ ਦਾ ਪੰਨਾ ਗੰਢਣ ਤੋਂ ਸ਼ੁਰੂਆਤ ਕਰਦਾ ਹਾਂ। ਜੁੱਤੀਆਂ ਤਿਆਰ ਕਰਨ ਦੇ ਕੰਮ ਦਾ ਇਹ ਸਭ ਤੋਂ ਔਖਾ ਹਿੱਸਾ ਹੈ। ਜਿਹੜਾ ਸ਼ਖਸ ਇਹ ਕਰ ਲੈਂਦਾ ਹੈ, ਉਹੀ ਮਿਸਤਰੀ ਹੈ, ਬਾਕੀ ਨਹੀਂ।”
ਇਹ ਅਜਿਹੀ ਮੁਹਾਰਤ ਨਹੀਂ ਜੋ ਉਸਨੇ ਛੇਤੀ ਹਾਸਲ ਕਰ ਲਈ। “ਸ਼ੁਰੂ ਵਿੱਚ ਮੈਂ ਧਾਗੇ ਨਾਲ ਜੁੱਤੀ ਗੰਢਣ ਦਾ ਕੰਮ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦਾ ਸੀ,” ਹੰਸ ਰਾਜ ਨੇ ਯਾਦ ਕਰਦਿਆਂ ਕਿਹਾ। “ਪਰ ਜਦ ਮੈਂ ਇਸਨੂੰ ਸਿੱਖਣ ਦਾ ਇਰਾਦਾ ਕੀਤਾ ਤਾਂ ਦੋ ਮਹੀਨਿਆਂ ਵਿੱਚ ਮੁਹਾਰਤ ਹਾਸਲ ਕਰ ਲਈ। ਬਾਕੀ ਦਾ ਹੁਨਰ ਪਹਿਲਾਂ ਪਿਤਾ ਨੂੰ ਪੁੱਛ-ਪੁੱਛ ਕੇ ਤੇ ਫੇਰ ਉਹਨਾਂ ਨੂੰ ਦੇਖ-ਦੇਖ ਕੇ ਸਿੱਖ ਲਿਆ,” ਉਸਨੇ ਦੱਸਿਆ।
ਸਾਲਾਂ ਬੱਧੀ ਕੰਮ ਕਰਦਿਆਂ ਉਸਨੇ ਸਾਰੇ ਜੋੜ ਸਫਾਈ ਨਾਲ ਜੋੜਨ ਲਈ ਜੁੱਤੀ ਦੇ ਦੋਵੇਂ ਪਾਸੇ ਚਮੜੇ ਦੀਆਂ ਛੋਟੀਆਂ ਕਾਤਰਾਂ ਗੰਢਣ ਦਾ ਢੰਗ ਘੜਿਆ ਹੈ। “ਇਹਨਾਂ ਛੋਟੀਆਂ ਕਾਤਰਾਂ ਨਾਲ ਜੁੱਤੀ ਮਜ਼ਬੂਤ ਬਣ ਜਾਂਦੀ ਹੈ। ਜੁੱਤੀਆਂ ਛੇਤੀ ਨਹੀਂ ਟੁੱਟਦੀਆਂ,” ਉਸਨੇ ਦੱਸਿਆ।
*****
ਹੰਸ ਰਾਜ ਤੇ ਉਸਦੀ ਪਤਨੀ ਵੀਰਪਾਲ ਕੌਰ, ਦੋ ਬੇਟੇ ਤੇ ਇੱਕ ਬੇਟੀ – ਜਿਹਨਾਂ ਦਾ ਵਿਆਹ ਹੋ ਚੁੱਕਿਆ ਹੈ – ਸਮੇਤ ਉਸਦਾ ਚਾਰ ਜੀਆਂ ਦਾ ਪਰਿਵਾਰ ਕਰੀਬ 18 ਸਾਲ ਪਹਿਲਾਂ ਖੂੰਨਣ ਖੁਰਦ ਤੋਂ ਰੁਪਾਣੇ ਆ ਗਏ ਸਨ। ਉਸ ਸਮੇਂ ਉਹਨਾਂ ਦਾ ਵੱਡਾ ਬੇਟਾ, ਜੋ ਹੁਣ 36 ਸਾਲ ਦਾ ਹੈ, ਇਸ ਪਿੰਡ ਵਿੱਚ ਪੇਪਰ ਮਿਲ ਵਿੱਚ ਕੰਮ ਕਰਨ ਲੱਗ ਪਿਆ ਸੀ।
“ਖੂੰਨਣ ਖੁਰਦ ਵਿੱਚ ਜ਼ਿਆਦਾਤਰ (ਦਲਿਤ) ਪਰਿਵਾਰ ਹੀ, ਆਪਣੇ ਘਰੋਂ ਕੰਮ ਕਰਦਿਆਂ, ਜੁੱਤੀਆਂ ਤਿਆਰ ਕਰਦੇ ਸਨ। ਜਿਵੇਂ-ਜਿਵੇਂ ਸਮਾਂ ਬੀਤਿਆ, ਨਵੀਂ ਪੀੜ੍ਹੀ ਨੇ ਇਹ ਕਲਾ ਨਹੀਂ ਸਿੱਖੀ। ਤੇ ਜੋ ਜਾਣਦੇ ਸਨ, ਉਹ ਦੁਨੀਆ ਤੋਂ ਚਲੇ ਗਏ,” ਹੰਸ ਰਾਜ ਨੇ ਕਿਹਾ।
ਅੱਜ-ਕੱਲ੍ਹ ਉਸਦੇ ਪੁਰਾਣੇ ਪਿੰਡ ਵਿੱਚ ਸਿਰਫ਼ ਤਿੰਨ ਹੀ ਕਾਰੀਗਰ ਹੱਥੀਂ ਪੰਜਾਬੀ ਜੁੱਤੀ ਤਿਆਰ ਕਰਦੇ ਹਨ, ਜੋ ਉਸੇ ਦੇ ਰਾਮਦਾਸੀਏ ਚਮਾਰ ਭਾਈਚਾਰੇ ਵਿੱਚੋਂ ਹਨ, ਜਦ ਕਿ ਰੁਪਾਣਾ ਵਿੱਚ ਹੰਸ ਰਾਜ ਇਕਲੌਤਾ ਕਾਰੀਗਰ ਹੈ।
“ਸਾਨੂੰ ਖੂੰਨਣ ਖੁਰਦ ਵਿੱਚ ਆਪਣੇ ਬੱਚਿਆਂ ਲਈ ਕੋਈ ਭਵਿੱਖ ਨਜ਼ਰ ਨਹੀਂ ਆਇਆ, ਇਸ ਕਰਕੇ ਅਸੀਂ ਉੱਥੋਂ ਆਪਣੀ ਜਾਇਦਾਦ ਵੇਚ ਕੇ ਇੱਥੇ ਖਰੀਦ ਲਈ,” ਇਹ ਕਹਿੰਦਿਆਂ ਵੀਰਪਾਲ ਕੌਰ ਦੀ ਆਵਾਜ਼ ਵਿੱਚ ਦ੍ਰਿੜ੍ਹਤਾ ਤੇ ਉਮੀਦ ਦਾ ਰਲੇਵਾਂ ਸੀ। ਗੁਆਂਢ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵੱਖ-ਵੱਖ ਲੋਕ, ਜਿਹਨਾਂ ਵਿੱਚੋਂ ਜ਼ਿਆਦਾਤਰ ਪੇਪਰ ਮਿਲ ਵਿੱਚ ਕੰਮ ਕਰਦੇ ਹਨ ਤੇ ਨੇੜੇ ਹੀ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੇ ਹਨ, ਹੋਣ ਦੇ ਨਤੀਜੇ ਵਜੋਂ ਉਹ ਪੂਰੀ ਚੰਗੀ ਹਿੰਦੀ ਬੋਲ ਲੈਂਦੀ ਹੈ।
ਇਹ ਪਹਿਲੀ ਵਾਰ ਨਹੀਂ ਜਦ ਹੰਸ ਰਾਜ ਦੇ ਪਰਿਵਾਰ ਨੇ ਪਰਵਾਸ ਕੀਤਾ ਹੈ। “ਮੇਰੇ ਪਿਤਾ ਹਰਿਆਣੇ ਦੇ ਨਾਰਨੌਲ ਤੋਂ ਪੰਜਾਬ ਆ ਕੇ ਜੁੱਤੀਆਂ ਬਣਾਉਣ ਲੱਗੇ ਸਨ,” ਹੰਸ ਰਾਜ ਨੇ ਕਿਹਾ।
2017 ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਨਾਨਕ ਕਾਲਜ (ਲੜਕੀਆਂ) ਵੱਲੋਂ ਕੀਤੀ ਖੋਜ ਮੁਤਾਬਕ ਜੁੱਤੀ ਬਣਾਉਣ ਵਾਲਿਆਂ ਦੇ ਹਜ਼ਾਰਾਂ ਪਰਿਵਾਰ 1950 ਵਿੱਚ ਰਾਜਸਥਾਨ ਤੋਂ ਪੰਜਾਬ ਆ ਗਏ ਸਨ। ਹੰਸ ਰਾਜ ਦਾ ਜੱਦੀ ਪਿੰਡ ਨਾਰਨੌਲ ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ’ਤੇ ਪੈਂਦਾ ਹੈ।
*****
“ਜਦ ਮੈਂ ਸ਼ੁਰੂਆਤ ਕੀਤੀ ਸੀ, ਜੋੜੀ ਦੀ 30 ਰੁਪਏ ਕੀਮਤ ਹੁੰਦੀ ਸੀ। ਹੁਣ ਤਾਂ ਕਢਾਈ ਵਾਲੀ ਜੁੱਤੀ ਦਾ ਮੁੱਲ 2500 ਰੁਪਏ ਤੱਕ ਹੋ ਸਕਦਾ ਹੈ,” ਹੰਸ ਰਾਜ ਨੇ ਕਿਹਾ।
ਆਪਣੀ ਵਰਕਸ਼ਾਪ ਵਿੱਚ ਖਿੰਡੇ ਛੋਟੇ-ਵੱਡੇ ਚਮੜੇ ਦੇ ਟੁਕੜਿਆਂ ਵਿੱਚੋਂ ਹੰਸ ਰਾਜ ਸਾਨੂੰ ਦੋ ਟੁਕੜੇ ਦਿਖਾਉਂਦਾ ਹੈ: ਗਾਂ ਦਾ ਚਮੜਾ ਤੇ ਮੱਝ ਦਾ ਚਮੜਾ। “ਮੱਝ ਦਾ ਚਮੜਾ ਤਲਾ ਬਣਾਉਣ ਲਈ ਵਰਤਿਆ ਜਾਂਦਾ ਹੈ, ਅਤੇ ਜੁੱਤੀ ਦਾ ਉੱਪਰਲਾ ਹਿੱਸਾ ਗਾਂ ਦੇ ਚਮੜੇ ਤੋਂ ਬਣਦਾ ਹੈ,” ਕੱਚੇ ਮਾਲ ਨੂੰ ਹੱਥ ਨਾਲ ਥਪਥਪਾਉਂਦਿਆਂ ਉਸਨੇ ਸਮਝਾਇਆ, ਜੋ ਕਿਸੇ ਵੇਲੇ ਇਸ ਕਾਰੀਗਰੀ ਦਾ ਆਧਾਰ ਸੀ।
ਗਾਂ ਦੇ ਰੰਗੇ ਹੋਏ ਚਮੜੇ ਨੂੰ ਫੜ ਕੇ ਉਹ ਪੁੱਛਦਾ ਹੈ ਕਿ ਕੀ ਸਾਨੂੰ ਜਾਨਵਰ ਦੀ ਚਮੜੀ ਨੂੰ ਹੱਥ ਲਾਉਣ ਤੋਂ ਦਿੱਕਤ ਤਾਂ ਨਹੀਂ। ਜਦ ਅਸੀਂ ਇੱਛਾ ਜਤਾਉਂਦੇ ਹਾਂ ਤਾਂ ਉਹ ਸਿਰਫ਼ ਰੰਗਿਆ ਚਮੜਾ ਨਹੀਂ ਸਗੋਂ ਬਾਕੀ ਵੀ ਮਹਿਸੂਸ ਕਰਨ ਲਈ ਕਹਿੰਦਾ ਹੈ। ਮੱਝ ਦਾ ਚਮੜਾ ਐਨਾ ਮੋਟਾ ਜਾਪਦਾ ਹੈ ਜਿਵੇਂ ਕਾਗਜ਼ ਦੀਆਂ 80 ਤਹਿਆਂ ਲਾਈਆਂ ਹੋਣ। ਦੂਜੇ ਪਾਸੇ ਗਾਂ ਦਾ ਚਮੜਾ ਕਾਫੀ ਪਤਲਾ ਹੈ, ਸ਼ਾਇਦ ਕਾਗਜ਼ ਦੀਆਂ 10 ਤਹਿਆਂ ਜਿੰਨਾ ਮੋਟਾ। ਬਣਾਵਟ ਦੇ ਮਾਮਲੇ ’ਚ ਮੱਝ ਦਾ ਚਮੜਾ ਜ਼ਿਆਦਾ ਕੂਲਾ ਤੇ ਸਖ਼ਤ ਹੈ, ਜਦ ਕਿ ਗਾਂ ਦਾ ਚਮੜਾ ਭਾਵੇਂ ਥੋੜ੍ਹਾ ਜਿਹਾ ਖਰ੍ਹਵਾ ਹੈ ਪਰ ਜ਼ਿਆਦਾ ਲਚਕੀਲਾ ਤੇ ਛੇਤੀ ਮੁੜਨ ਵਾਲਾ ਹੈ।
ਚਮੜੇ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ – ਜੋ ਉਸ ਲਈ ਸਭ ਤੋਂ ਲੋੜੀਂਦੀ ਸਮੱਗਰੀ ਹੈ – ਅਤੇ ਜੁੱਤਿਆਂ ਤੇ ਚੱਪਲਾਂ ਵੱਲ ਨੂੰ ਰੁਝਾਨ, ਜਿਸਨੂੰ ਉਹ “ਬੂਟ-ਚੱਪਲ” ਕਹਿੰਦਾ ਹੈ, ਕਾਰਨ ਇਸ ਕਿੱਤੇ ਨੂੰ ਅਪਣਾਉਣ ਵਾਲੇ ਲੋਕ ਘਟਦੇ ਜਾ ਰਹੇ ਹਨ।
ਹੰਸ ਰਾਜ ਆਪਣੇ ਸੰਦਾਂ ਦੀ ਬਹੁਤ ਸੰਭਾਲ ਰੱਖਦਾ ਹੈ। ਜੁੱਤੀ ਨੂੰ ਆਕਾਰ ਦੇਣ ਲਈ ਚਮੜੇ ਨੂੰ ਤਰਾਸ਼ਣ ਲਈ ਉਹ ਰੰਬੀ ਦਾ ਇਸਤੇਮਾਲ ਕਰਦਾ ਹੈ; ਸਖ਼ਤ ਬਣਾਉਣ ਲਈ ਮੋਰਗੇ (ਲੱਕੜ ਦੀ ਹਥੌੜੀ) ਦਾ ਇਸਤੇਮਾਲ ਕਰਦਾ ਹੈ। ਲੱਕੜ ਦਾ ਮੋਰਗਾ ਤੇ ਹਿਰਨ ਦਾ ਇੱਕ ਸਿੰਗ, ਜਿਸਨੂੰ ਉਹ ਜੁੱਤੀ ਦੇ ਸਿਰੇ ਨੂੰ ਅੰਦਰੋਂ ਆਕਾਰ ਦੇਣ ਲਈ ਵਰਤਦਾ ਹੈ ਕਿਉਂਕਿ ਹੱਥ ਨਾਲ ਅਜਿਹਾ ਕਰਨਾ ਮੁਸ਼ਕਿਲ ਹੈ, ਉਸਦੇ ਪਿਤਾ ਦੇ ਸਨ।
ਰੰਗਿਆ ਚਮੜਾ ਖਰੀਦਣ ਲਈ ਇਹ ਮੋਚੀ ਆਪਣੇ ਪਿੰਡ ਤੋਂ 170 ਕਿਲੋਮੀਟਰ ਦੂਰ ਜਲੰਧਰ ਦੇ ਜੁੱਤੀ ਬਜ਼ਾਰ ਜਾਂਦਾ ਹੈ। ਉਹ ਮੰਡੀ ਪਹੁੰਚਣ ਲਈ ਪਹਿਲਾਂ ਮੋਗੇ ਨੂੰ ਤੇ ਫੇਰ ਮੋਗੇ ਤੋਂ ਜਲੰਧਰ ਨੂੰ ਬੱਸ ਲੈਂਦਾ ਹੈ। ਇੱਕ ਪਾਸੇ ਦਾ ਉਸਦਾ 200 ਰੁਪਏ ਕਿਰਾਇਆ ਲੱਗ ਜਾਂਦਾ ਹੈ।
ਹਾਲ ਹੀ ਵਿੱਚ ਉਹ ਦੀਵਾਲੀ ਤੋਂ ਦੋ ਮਹੀਨੇ ਪਹਿਲਾਂ ਬਜ਼ਾਰ ਗਿਆ ਸੀ ਜਦ ਉਸਨੇ 20,000 ਰੁਪਏ ਵਿੱਚ 150 ਕਿਲੋ ਰੰਗਿਆ ਚਮੜਾ ਖਰੀਦਿਆ ਸੀ। ਅਸੀਂ ਉਸਨੂੰ ਪੁੱਛਿਆ ਕਿ ਕਦੇ ਉਹਨੂੰ ਚਮੜਾ ਲਿਆਉਂਦਿਆਂ ਕੋਈ ਮੁਸ਼ਕਿਲ ਤਾਂ ਨਹੀਂ ਆਈ। “ਰੰਗੇ ਚਮੜੇ ਨਾਲੋਂ ਜ਼ਿਆਦਾ ਮਸਲਾ ਬਿਨ-ਰੰਗਿਆ ਚਮੜਾ ਲਿਆਉਣ ਦਾ ਹੈ,” ਉਸਨੇ ਕਿਹਾ।
ਆਪਣੇ ਪਸੰਦ ਦੀ ਗੁਣਵੱਤਾ ਵਾਲਾ ਚਮੜਾ ਚੁਣਨ ਲਈ ਉਹ ਮੰਡੀ ਜਾਂਦਾ ਹੈ ਅਤੇ ਵਪਾਰੀ ਇਸਨੂੰ ਨੇੜਲੇ ਸ਼ਹਿਰ, ਮੁਕਤਸਰ ਭੇਜਣ ਦਾ ਪ੍ਰਬੰਧ ਕਰ ਦਿੰਦੇ ਹਨ ਜਿੱਥੋਂ ਉਹ ਚਮੜਾ ਲੈ ਆਉਂਦਾ ਹੈ। “ਐਨਾ ਭਾਰਾ ਮਾਲ ਬੱਸ ’ਤੇ ਲਿਆਉਣਾ ਵੈਸੇ ਵੀ ਮੁਮਕਿਨ ਨਹੀਂ,” ਉਸਨੇ ਕਿਹਾ।
ਸਾਲ ਦਰ ਸਾਲ ਜੁੱਤੀਆਂ ਬਣਾਉਣ ਦੀ ਸਮੱਗਰੀ ਬਿਹਤਰ ਹੁੰਦੀ ਗਈ ਅਤੇ ਮਲੋਟ ਦੀ ਰਵੀਦਾਸ ਕਲੋਨੀ ਦੇ ਰਹਿਣ ਵਾਲੇ ਰਾਜ ਕੁਮਾਰ ਤੇ ਮਹਿੰਦਰ ਕੁਮਾਰ ਵਰਗੇ ਨੌਜਵਾਨ ਮੋਚੀਆਂ ਦਾ ਕਹਿਣਾ ਹੈ ਕਿ ਹੁਣ ਰੈਕਸੀਨ (ਨਕਲੀ ਚਮੜਾ) ਤੇ ਰਬੜ ਜ਼ਿਆਦਾ ਵਰਤੀ ਜਾਂਦੀ ਹੈ। ਰਾਜ ਤੇ ਮਹਿੰਦਰ ਜਿਹੜੇ ਕਰੀਬ ਚਾਲੀ-ਬਿਆਲੀ ਸਾਲ ਦੇ ਹਨ, ਦਲਿਤ ਜਾਟਵ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
“ਰਬੜ ਦੀ ਸ਼ੀਟ 130 ਰੁਪਏ ਕਿਲੋ ਮਿਲਦੀ ਹੈ, ਜਦ ਕਿ ਇਸ ਵੇਲੇ ਗਾਂ ਦੇ ਚਮੜੇ ਦੀ ਕੀਮਤ 160 ਰੁਪਏ ਕਿਲੋ ਤੋਂ ਲੈ ਕੇ 200 ਰੁਪਏ ਕਿਲੋ ਤੱਕ ਹੈ,” ਮਹਿੰਦਰ ਨੇ ਕਿਹਾ। ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਚਮੜਾ ਦੁਰਲੱਭ ਵਸਤੂ ਬਣ ਗਿਆ ਹੈ। “ਪਹਿਲਾਂ ਕਲੋਨੀ ਵਿੱਚ ਚਮੜੇ ਦੇ ਕਾਰਖਾਨਿਆਂ ਦੀ ਭਰਮਾਰ ਸੀ ਤੇ ਕੱਚੇ ਚਮੜੇ ਦੀ ਬਦਬੂ ਮਾਰਦੀ ਸੀ। ਪਰ ਜਿਵੇਂ-ਜਿਵੇਂ ਬਸਤੀ ਦਾ ਪਸਾਰ ਹੋਇਆ, ਕਾਰਖਾਨੇ ਬੰਦ ਹੋ ਗਏ,” ਰਾਜ ਨੇ ਕਿਹਾ।
ਨੌਜਵਾਨ ਇਸ ਕਿੱਤੇ ਵਿੱਚ ਨਹੀਂ ਪੈਣਾ ਚਾਹੁੰਦੇ, ਉਹਨਾਂ ਨੇ ਕਿਹਾ, ਤੇ ਇਸਦਾ ਕਾਰਨ ਸਿਰਫ਼ ਘੱਟ ਕਮਾਈ ਨਹੀਂ ਹੈ। “ਬਦਬੂ ਕੱਪੜਿਆਂ ਵਿੱਚ ਵੜ ਜਾਂਦੀ ਹੈ,” ਮਹਿੰਦਰ ਨੇ ਕਿਹਾ, “ਤੇ ਕਈ ਵਾਰ ਉਹਨਾਂ ਦੇ ਦੋਸਤ ਉਹਨਾਂ ਨਾਲ ਹੱਥ ਵੀ ਨਹੀਂ ਮਿਲਾਉਂਦੇ।”
“ਮੇਰੇ ਆਪਣੇ ਪਰਿਵਾਰ ਦੇ ਬੱਚੇ ਜੁੱਤੀਆਂ ਨਹੀਂ ਬਣਾਉਂਦੇ,” ਹੰਸ ਰਾਜ ਨੇ ਕਿਹਾ, “ਮੇਰੇ ਬੱਚੇ ਇਹ ਕਲਾ ਸਮਝਣ ਲਈ ਕਦੇ ਦੁਕਾਨ ’ਚ ਨਹੀਂ ਵੜੇ, ਉਹਨਾਂ ਨੇ ਇਹ ਕਿਵੇਂ ਸਿੱਖਣੀ ਸੀ? ਸਾਡੀ ਪੀੜ੍ਹੀ ਉਹ ਆਖਰੀ ਪੀੜ੍ਹੀ ਹੈ ਜੋ ਇਹ ਕੰਮ ਜਾਣਦੀ ਹੈ। ਮੈਂ ਸ਼ਾਇਦ ਹੋਰ ਪੰਜ ਸਾਲ ਇਹ ਕੰਮ ਕਰਦਾ ਰਹਾਂ, ਮੇਰੇ ਬਾਅਦ ਕੌਣ ਕਰੇਗਾ?” ਉਹਨੇ ਪੁੱਛਿਆ।
ਰਾਤ ਦੇ ਖਾਣੇ ਲਈ ਸਬਜ਼ੀ ਚੀਰਦਿਆਂ ਵੀਰਪਾਲ ਕੌਰ ਨੇ ਕਿਹਾ, “ਸਿਰਫ਼ ਜੁੱਤੀਆਂ ਬਣਾ ਕੇ ਘਰ ਨਹੀਂ ਬਣਦਾ। ਤਕਰੀਬਨ ਦੋ ਸਾਲ ਪਹਿਲਾਂ ਉਹਨਾਂ ਨੇ ਪੇਪਰ ਮਿਲ ਤੋਂ ਆਪਣੇ ਵੱਡੇ ਬੇਟੇ ਨੂੰ ਕਰਜ਼ਾ ਮਿਲਣ ’ਤੇ ਪੱਕਾ ਘਰ ਪਾਇਆ।
“ਮੈਂ ਤਾਂ ਇਹਨੂੰ ਵੀ ਕਢਾਈ ਸਿੱਖਣ ਲਈ ਕਿਹਾ ਸੀ, ਪਰ ਇਹਨੇ ਨਹੀਂ ਸਿੱਖੀ,” ਆਪਣੀ ਪਤਨੀ ਨੂੰ ਚਿੜਾਉਂਦਿਆਂ ਹੰਸ ਰਾਜ ਨੇ ਕਿਹਾ। ਦੋਵਾਂ ਦਾ ਵਿਆਹ ਹੋਏ ਨੂੰ 38 ਸਾਲ ਹੋ ਚੁੱਕੇ ਹਨ। “ਮੇਰੀ ਇਸ ਵਿੱਚ ਦਿਲਚਸਪੀ ਨਹੀਂ ਸੀ,” ਵੀਰਪਾਲ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ। ਆਪਣੀ ਸੱਸ ਤੋਂ ਜੋ ਸਿੱਖਿਆ ਸੀ, ਉਹਦੇ ਜ਼ਰੀਏ ਉਹ ਜ਼ਰੀ ਦੇ ਧਾਗੇ ਨਾਲ ਘੰਟੇ ਵਿੱਚ ਇੱਕ ਜੋੜੇ ’ਤੇ ਕਢਾਈ ਕਰ ਸਕਦੀ ਹੈ।
ਉਹਨਾਂ ਦੇ ਘਰ ਵਿੱਚ, ਜਿਸ ਵਿੱਚ ਉਹਨਾਂ ਦੇ ਵੱਡੇ ਬੇਟੇ ਦਾ ਤਿੰਨ ਜੀਆਂ ਦਾ ਪਰਿਵਾਰ ਵੀ ਰਹਿੰਦਾ ਹੈ, ਦੋ ਕਮਰੇ, ਰਸੋਈ, ਤੇ ਬੈਠਕ, ਅਤੇ ਬਾਹਰ ਪਖਾਨਾ ਹੈ। ਕਮਰਿਆਂ ਤੇ ਹਾਲ ਵਿੱਚ ਭੀਮ ਰਾਓ ਅੰਬੇਦਕਰ ਤੇ ਸੰਤ ਰਵੀਦਾਸ ਦੀਆਂ ਤਸਵੀਰਾਂ ਲੱਗੀਆਂ ਹਨ। ਇਹੋ ਜਿਹੀ ਹੀ ਤਸਵੀਰ ਹੰਸ ਰਾਜ ਦੀ ਵਰਕਸ਼ਾਪ ਵਿੱਚ ਲੱਗੀ ਹੋਈ ਹੈ।
“ਪਿਛਲੇ 10-15 ਸਾਲ ਤੋਂ ਲੋਕ ਮੁੜ ਜੁੱਤੀਆਂ ਪਾਉਣ ਲੱਗੇ ਹਨ,” ਵੀਰਪਾਲ ਨੇ ਕਿਹਾ, “ਉਸ ਤੋਂ ਪਹਿਲਾਂ ਬਹੁਤੇ ਲੋਕ ਮੋਚੀਆਂ ਨੂੰ ਭੁੱਲ ਹੀ ਗਏ ਸਨ।”
ਉਸ ਦੌਰਾਨ ਹੰਸ ਰਾਜ ਨੇ ਖੇਤ ਮਜ਼ਦੂਰ ਵਜੋਂ ਕੰਮ ਕੀਤਾ ਅਤੇ ਕਦੇ-ਕਦਾਈਂ ਜਦ ਗਾਹਕ ਆ ਜਾਂਦਾ, ਤਾਂ ਇੱਕ-ਦੋ ਦਿਨ ਵਿੱਚ ਜੁੱਤੀਆਂ ਗੰਢ ਕੇ ਦਿੱਤੀਆਂ।
“ਹੁਣ ਕਾਲਜ ਜਾਣ ਵਾਲੇ ਲੜਕੇ-ਲੜਕੀਆਂ ਜੁੱਤੀਆਂ ਪਾਉਣ ਵਿੱਚ ਦਿਲਚਸਪੀ ਲੈਣ ਲੱਗੇ ਹਨ,” ਵੀਰਪਾਲ ਨੇ ਕਿਹਾ।
ਗਾਹਕ ਲੁਧਿਆਣਾ, ਰਾਜਸਥਾਨ, ਗੁਜਰਾਤ ਤੇ ਉੱਤਰ ਪ੍ਰਦੇਸ਼ ਤੱਕ ਵੀ ਜੁੱਤੀਆਂ ਲੈ ਕੇ ਗਏ ਹਨ। ਹੰਸ ਰਾਜ ਖੁਸ਼ ਹੋ ਕੇ ਯਾਦ ਕਰਦਾ ਹੈ ਕਿ ਆਖਰੀ ਵਾਰ ਜਦ ਉਸਨੂੰ ਵੱਡਾ ਕੰਮ ਮਿਲਿਆ ਸੀ ਤਾਂ ਉਸਨੇ ਮਿਲ ਦੇ ਕਾਮੇ ਲਈ ਪੰਜਾਬੀ ਜੁੱਤੀਆਂ ਦੇ ਅੱਠ ਜੋੜੇ ਤਿਆਰ ਕੀਤੇ ਸੀ। ਮਿਲ ਦਾ ਕਾਮਾ ਇਹਨਾਂ ਜੁੱਤੀਆਂ ਨੂੰ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਲਈ ਖਰੀਦ ਕੇ ਲੈ ਗਿਆ ਸੀ।
ਕਿਉਂਕਿ ਇਸ ਜਗ੍ਹਾ ਉਸਦੀ ਕਾਰੀਗਰੀ ਲਈ ਲਗਾਤਾਰ ਮੰਗ ਰਹਿੰਦੀ ਹੈ, “ਮੇਰੇ ਲਈ ਹਰ ਦਿਨ ਦੀਵਾਲੀ ਵਰਗਾ ਹੈ,” ਹੰਸ ਰਾਜ ਨੇ ਖੁਸ਼ੀ ਵਿੱਚ ਕਿਹਾ।
ਇਸ ਰਿਪੋਰਟ ਦੇ ਕੁਝ ਹਫ਼ਤਿਆਂ ਬਾਅਦ, ਨਵੰਬਰ 2023 ਵਿੱਚ ਹੰਸ ਰਾਜ ਨੂੰ ਦਿਲ ਦਾ ਅੰਸ਼ਿਕ ਦੌਰਾ ਪਿਆ। ਇਸ ਵੇਲੇ ਉਹ ਸਿਹਤਮੰਦ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਰਿਪੋਰਟ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (MMF) ਦੀ ਫੈਲੋਸ਼ਿਪ ਦੇ ਤਹਿਤ ਪ੍ਰਕਾਸ਼ਿਤ ਕੀਤੀ ਗਈ ਹੈ।
ਤਰਜਮਾ: ਅਰਸ਼ਦੀਪ ਅਰਸ਼ੀ