ਐੱਨ. ਸ਼ੰਕਰਾਇਆ ਨੇ 15 ਨਵੰਬਰ 2023 ਨੂੰ ਆਖਰੀ ਸਾਹ ਲਏ। ਉਹ 102 ਸਾਲ ਦੇ ਸਨ; ਉਹ ਆਪਣੇ ਪਿੱਛੇ ਆਪਣੇ ਬੇਟੇ ਚੰਦਰਸ਼ੇਖਰ ਅਤੇ ਨਰਸਿਮਹਾ, ਅਤੇ ਬੇਟੀ ਚਿਤਰਾ ਨੂੰ ਛੱਡ ਗਏ ਹਨ।

ਦਸੰਬਰ 2019 ਵਿੱਚ ਪੀ. ਸਾਈਨਾਥ ਅਤੇ PARI ਨਾਲ ਇੱਕ ਇੰਟਰਵਿਊ ਦੌਰਾਨ ਸ਼ੰਕਰਾਇਆ ਨੇ ਆਪਣੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ – ਜਿਸਦਾ ਵੱਡਾ ਹਿੱਸਾ ਪ੍ਰਦਰਸ਼ਨਾਂ ਵਿੱਚ ਬੀਤਿਆ ਸੀ। ਪੜ੍ਹੋ: ਸ਼ੰਕਰਾਇਆ: ਇਨਕਲਾਬੀ ਦੇ ਨੌਂ ਦਹਾਕੇ

ਇੰਟਰਵਿਊ ਦੇ ਸਮੇਂ ਉਹ 99 ਸਾਲ ਦੇ ਸਨ ਅਤੇ ਉਮਰ ਦਾ ਅਜੇ ਤੱਕ ਉਹਨਾਂ ਦੇ ਸਿਰੜ ’ਤੇ ਕੋਈ ਅਸਰ ਨਹੀਂ ਸੀ। ਉਹਨਾਂ ਦੀ ਆਵਾਜ਼ ਦ੍ਰਿੜ੍ਹ ਅਤੇ ਉਹਨਾਂ ਦੀ ਯਾਦਦਾਸ਼ਤ ਲਾਜਵਾਬ ਸੀ। ਉਹ ਬਹੁਤ ਹੀ ਜ਼ਿੰਦਾਦਿਲ ਸਨ। ਉਮੀਦ ਨਾਲ ਭਰਪੂਰ।

ਆਜ਼ਾਦੀ ਦੀ ਲੜਾਈ ਦੌਰਾਨ ਸ਼ੰਕਰਾਇਆ ਨੇ ਅੱਠ ਸਾਲ ਜੇਲ੍ਹ ਵਿੱਚ ਬਿਤਾਏ ਸਨ – ਇੱਕ ਵਾਰ 1941 ਵਿੱਚ, ਜਦ ਉਹ ਮਦੁਰਾਈ ਦੇ ਅਮਰੀਕਨ ਕਾਲਜ ਦੇ ਵਿਦਿਆਰਥੀ ਸਨ, ਅਤੇ ਬਾਅਦ ਵਿੱਚ 1946 ਵਿੱਚ, ਮਦੁਰਾਈ ਸਾਜਿਸ਼ ਕੇਸ ਦੇ ਇੱਕ ਮੁਲਜ਼ਮ ਵਜੋਂ। ਭਾਰਤ ਸਰਕਾਰ ਨੇ ਮਦੁਰਾਈ ਸਾਜਿਸ਼ ਕੇਸ ਨੂੰ ਆਜ਼ਾਦੀ ਦੀ ਲੜਾਈ ਦੇ ਹਿੱਸੇ ਵਜੋਂ ਮਾਨਤਾ ਦਿੱਤੀ ਹੈ।

ਭਾਵੇਂ ਕਿ ਉਹ ਇੱਕ ਚੰਗੇ ਵਿਦਿਆਰਥੀ ਸਨ, ਪਰ 1941 ਵਿੱਚ ਬੀਏ ਫਾਈਨਲ ਦੇ ਇਮਤਿਹਾਨਾਂ ਤੋਂ ਮਹਿਜ਼ 15 ਦਿਨ ਪਹਿਲਾਂ ਅੰਗਰੇਜ਼ ਸਾਮਰਾਜ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਹੋਈ ਉਹਨਾਂ ਦੀ ਗ੍ਰਿਫ਼ਤਾਰੀ ਕਾਰਨ ਸ਼ੰਕਰਾਇਆ ਆਪਣੀ ਡਿਗਰੀ ਪੂਰੀ ਨਾ ਕਰ ਸਕੇ।

ਉਹਨਾਂ ਨੂੰ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ – 14 ਅਗਸਤ 1947 ਨੂੰ – ਰਿਹਾਅ ਕੀਤਾ ਗਿਆ। 1948 ਵਿੱਚ ਕਮਿਊਨਿਸਟ ਪਾਰਟੀ ਦੇ ਬੈਨ ਹੋਣ ਤੋਂ ਬਾਅਦ ਸ਼ੰਕਰਾਇਆ ਤਿੰਨ ਸਾਲ ਅੰਡਰਗ੍ਰਾਊਂਡ ਰਹੇ। ਰਾਜਨੀਤਕ ਆਲੇ-ਦੁਆਲੇ ਵਿੱਚ ਵੱਡੇ ਹੁੰਦਿਆਂ – ਉਹਨਾਂ ਦੇ ਨਾਨਾ ਪੈਰੀਯਾਰਵਾਦੀ ਸਨ – ਸ਼ੰਕਰਾਇਆ ਆਪਣੇ ਕਾਲਜ ਦੇ ਦਿਨਾਂ ਵਿੱਚ ਖੱਬੇਪੱਖੀ ਵਿਚਾਰਧਾਰਾ ਤੋਂ ਜਾਣੂੰ ਹੋਏ। ਜੇਲ੍ਹ ਤੋਂ ਰਿਹਾਅ ਹੋਣ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਸ਼ੰਕਰਾਇਆ ਕਮਿਊਨਿਸਟ ਲਹਿਰ ਵਿੱਚ ਸਰਗਰਮ ਰਹੇ। ਉਹ ਤਮਿਲਨਾਡੂ ਵਿੱਚ ਕਿਸਾਨ ਲਹਿਰ ਖੜ੍ਹੀ ਕਰਨ ਵਿੱਚ ਸਹਾਈ ਰਹੇ ਅਤੇ ਹੋਰ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ।

ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੁੰਦਿਆਂ ਹੋਇਆਂ ਵੀ, ਸ਼ੰਕਰਾਇਆ, ਬਹੁਤ ਸਾਰੇ ਹੋਰ ਕਮਿਊਨਿਸਟ ਆਗੂਆਂ ਦੀ ਤਰ੍ਹਾਂ, ਹੋਰਨਾਂ ਮੁੱਦਿਆਂ ’ਤੇ ਵੀ ਲੜੇ। “ਅਸੀਂ ਬਰਾਬਰ ਤਨਖਾਹ, ਛੂਤਛਾਤ ਦੇ ਮੁੱਦੇ ਅਤੇ ਮੰਦਰਾਂ ਵਿੱਚ ਦਾਖਲੇ ਲਈ ਲੜੇ,” ਉਹਨਾਂ ਨੇ PARI ਨੂੰ ਇੰਟਰਵਿਊ ਦੌਰਾਨ ਕਿਹਾ। “ਜ਼ਿੰਮੀਦਾਰੀ ਪ੍ਰਥਾ ਨੂੰ ਖ਼ਤਮ ਕਰਨਾ ਇੱਕ ਅਹਿਮ ਕਦਮ ਸੀ। ਕਮਿਊਨਿਸਟਾਂ ਨੇ ਇਸਦੇ ਲਈ ਲੜਾਈ ਲੜੀ।”

ਪੀ. ਸਾਈਨਾਥ ਨਾਲ ਉਹਨਾਂ ਦਾ ਇੰਟਰਵਿਊ ਪੜ੍ਹੋ, ਸ਼ੰਕਰਾਇਆ: ਇਨਕਲਾਬੀ ਦੇ ਨੌਂ ਦਹਾਕੇ ਅਤੇ ਵੀਡੀਓ ਵੇਖੋ।

ਤਰਜਮਾ: ਅਰਸ਼ਦੀਪ ਅਰਸ਼ੀ

Translator : Arshdeep Arshi

अर्शदीप अर्शी, चंडीगढ़ की स्वतंत्र पत्रकार व अनुवादक हैं, और न्यूज़ 18 व हिन्दुस्तान टाइम्स के लिए काम कर चुकी हैं. उन्होंने पटियाला के पंजाबी विश्वविद्यालय से अंग्रेज़ी साहित्य में एम.फ़िल किया है.

की अन्य स्टोरी Arshdeep Arshi