'ਸਵਾਮੀਨਾਥਨ ਰਿਪੋਰਟ' ਜਾਂ 'ਸਵਾਮੀਨਾਥਨ ਕਮਿਸ਼ਨ ਰਿਪੋਰਟ' ਅੰਗਰੇਜ਼ੀ ਭਾਸ਼ਾ ਦੇ ਉਨ੍ਹਾਂ ਕੁਝ ਸ਼ਬਦਾਂ ਵਿੱਚੋਂ ਇੱਕ ਹੈ ਜੋ ਭਾਰਤ ਦੇ ਲਗਭਗ ਸਾਰੇ ਕਿਸਾਨਾਂ ਨੂੰ ਪਤਾ ਹੈ। ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੇ ਹਿੱਤ ਵਿੱਚ ਇਹਦੀ ਮੁੱਖ ਸਿਫ਼ਾਰਸ਼ ਕੀ ਹੈ: ਘੱਟੋ ਘੱਟ ਸਮਰਥਨ ਮੁੱਲ = ਉਤਪਾਦਨ ਦੀ ਏਕੀਕ੍ਰਿਤ ਲਾਗਤ + 50 ਪ੍ਰਤੀਸ਼ਤ (ਜਿਸ ਨੂੰ C2 + 50 ਪ੍ਰਤੀਸ਼ਤ ਵੀ ਕਿਹਾ ਜਾਂਦਾ ਹੈ)।
ਪ੍ਰੋਫ਼ੈਸਰ ਐੱਮ.ਐੱਸ. ਸਵਾਮੀਨਾਥਨ ਨੂੰ ਨਾ ਸਿਰਫ਼ ਸਰਕਾਰ ਅਤੇ ਇਸ ਦੀ ਨੌਕਰਸ਼ਾਹੀ ਜਾਂ ਵਿਗਿਆਨ ਸੰਸਥਾਵਾਂ ਦੁਆਰਾ ਯਾਦ ਕੀਤਾ ਜਾਵੇਗਾ, ਬਲਕਿ ਰਾਸ਼ਟਰੀ ਕਿਸਾਨ ਕਮਿਸ਼ਨ (ਐੱਨਸੀਐੱਫ) ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਕਿਸਾਨ ਵੀ ਹਮੇਸ਼ਾ ਯਾਦ ਰੱਖਣਗੇ।
ਰਿਪੋਰਟ ਦਾ ਨਾਮ ਜੋ ਵੀ ਹੋਵੇ, ਭਾਰਤ ਦੇ ਕਿਸਾਨ ਇਸ ਨੂੰ 'ਸਵਾਮੀਨਾਥਨ ਰਿਪੋਰਟ' ਕਹਿੰਦੇ ਹਨ। ਐੱਨਸੀਐੱਫ਼ ਰਿਪੋਰਟ, ਜਿਸ ਦੇ ਉਹ ਪ੍ਰਧਾਨ ਸਨ, ਵਿੱਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ, ਇਸ 'ਤੇ ਉਨ੍ਹਾਂ ਦਾ ਪ੍ਰਭਾਵ ਕਦੇ ਨਹੀਂ ਮਿਟਾਇਆ ਜਾਵੇਗਾ।
ਇਨ੍ਹਾਂ ਰਿਪੋਰਟਾਂ ਦਾ ਵਰਣਨ ਇਹ ਹੈ ਕਿ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਅਤੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨਡੀਏ) ਦੋਵਾਂ ਸਰਕਾਰਾਂ ਨੇ ਰਿਪੋਰਟਾਂ ਨੂੰ ਦਬਾਇਆ ਅਤੇ ਕਮਿਸ਼ਨ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ। ਪਹਿਲੀ ਰਿਪੋਰਟ 2004 ਵਿੱਚ ਪੇਸ਼ ਕੀਤੀ ਗਈ ਸੀ ਅਤੇ ਪੰਜਵੀਂ ਜਾਂ ਅੰਤਮ ਰਿਪੋਰਟ ਅਕਤੂਬਰ 2006 ਵਿੱਚ ਸੌਂਪੀ ਗਈ। ਦਰਅਸਲ, ਜਦੋਂ ਖੇਤੀ ਸੰਕਟ 'ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਤਾਂ ਖੇਤੀਬਾੜੀ 'ਤੇ ਇੱਕ ਘੰਟੇ ਲਈ ਵੀ ਵਿਸ਼ੇਸ਼ ਚਰਚਾ ਨਾ ਹੋਈ। ਕਮਿਸ਼ਨ ਨੂੰ ਪਹਿਲੀ ਰਿਪੋਰਟ ਪੇਸ਼ ਕੀਤਿਆਂ 19 ਸਾਲ ਹੋ ਗਏ ਹਨ।
ਮੋਦੀ ਸਰਕਾਰ 2014 ਵਿੱਚ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਦੇ ਵਾਅਦਿਆਂ ਕਾਰਨ ਸੱਤਾ ਵਿੱਚ ਆਈ ਸੀ। ਹਾਲਾਂਕਿ ਸੱਤਾ 'ਚ ਆਉਂਦਿਆਂ ਹੀ ਇਸ ਸਰਕਾਰ ਨੇ ਕਾਹਲੀ ਤੋਂ ਕੰਮ ਲਿਆ ਅਤੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਕਿ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਬਾਜ਼ਾਰ ਕੀਮਤ 'ਚ ਉਤਰਾਅ-ਚੜ੍ਹਾਅ ਹੋਵੇਗਾ ਅਤੇ ਇਸ ਲਈ ਸਰਕਾਰ ਇਸ ਫਾਰਮੂਲੇ ਦੀ ਵਰਤੋਂ ਨਹੀਂ ਕਰ ਸਕੇਗੀ।
ਸ਼ਾਇਦ ਐੱਨਡੀਏ ਅਤੇ ਯੂਪੀਏ ਸਰਕਾਰਾਂ ਸੋਚਦੀਆਂ ਹਨ ਕਿ ਇਹ ਰਿਪੋਰਟਾਂ ਜ਼ਿਆਦਾ ਹੀ 'ਕਿਸਾਨ-ਪੱਖੀ' ਹਨ। ਕਿਉਂਕਿ ਦੋਵੇਂ ਸਰਕਾਰਾਂ ਖੇਤੀਬਾੜੀ ਨੂੰ ਕਾਰਪੋਰੇਟ ਸੈਕਟਰ ਦੀ ਗੋਦ ਵਿੱਚ ਧਰਨ ਦੀ ਦਿਲਚਸਪੀ ਰੱਖਦੀਆਂ ਸਨ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਿਪੋਰਟ ਵਿੱਚ ਖੇਤੀਬਾੜੀ ਖੇਤਰ ਲਈ ਇੱਕ ਮਜ਼ਬੂਤ ਅਤੇ ਸਕਾਰਾਤਮਕ ਯੋਜਨਾ ਪੇਸ਼ ਕੀਤੀ ਗਈ। ਕਿਉਂਕਿ ਜਿਹੜਾ ਵਿਅਕਤੀ ਇਸ ਕਮਿਸ਼ਨ ਲਈ ਵੱਖਰਾ ਢਾਂਚਾ ਬਣਾਉਣਾ ਚਾਹੁੰਦਾ ਸੀ ਉਹ ਆਪ ਚੇਅਰਮੈਨ ਸੀ। ਖੇਤੀਬਾੜੀ ਖੇਤਰ ਦੇ ਵਿਕਾਸ ਨੂੰ ਮਾਪਦੇ ਹੋਏ ਡਾ. ਸਵਾਮੀਨਾਥਨ ਦਾ ਮੰਨਣਾ ਸੀ ਕਿ ਖੇਤੀਬਾੜੀ ਖੇਤਰ ਦੇ ਵਾਧੇ ਨੂੰ ਮਾਪਣ ਲਈ ਨਾ ਸਿਰਫ਼ ਫ਼ਸਲ ਦੀ ਪੈਦਾਵਾਰ ਬਲਕਿ ਕਿਸਾਨ ਦੀ ਆਮਦਨ ਵਿੱਚ ਵਾਧੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਸਾਲ 2005 ਹਮੇਸ਼ਾ ਮੇਰੀਆਂ ਯਾਦਾਂ ਵਿੱਚ ਤਾਜ਼ਾ ਹੀ ਰਹੇਗਾ। ਉਸ ਸਮੇਂ ਉਹ ਰਾਸ਼ਟਰੀ ਖੇਤੀਬਾੜੀ ਕਮਿਸ਼ਨ ਦੇ ਚੇਅਰਮੈਨ ਸਨ। ਮੈਂ ਉਨ੍ਹਾਂ ਨੂੰ ਵਿਦਰਭ ਆਉਣ ਦੀ ਬੇਨਤੀ ਕੀਤੀ। ਇਹ ਉਹ ਸਮਾਂ ਸੀ ਜਦੋਂ ਵਿਦਰਭ ਦੇ ਕੁਝ ਹਿੱਸਿਆਂ ਵਿੱਚ ਇੱਕ ਦਿਨ ਵਿੱਚ 6-8 ਖੁਦਕੁਸ਼ੀਆਂ ਹੋ ਰਹੀਆਂ ਸਨ। ਹਾਲਾਂਕਿ ਇਹ ਅਤਿ ਗੰਭੀਰ ਸਥਿਤੀ ਸੀ, ਪਰ ਮੀਡੀਆ ਵਿੱਚ ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਸੀ। (2006 ਵਿੱਚ, ਛੇ ਜ਼ਿਲ੍ਹਿਆਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਵਿਦਰਭ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ। ਹਾਲਾਂਕਿ, ਉਸ ਸਮੇਂ ਬਾਹਰੋਂ ਵਿਦਰਭ ਆਉਣ ਵਾਲ਼ੇ ਤੇ ਇਸ ਮਾਮਲੇ ਨੂੰ ਕਵਰ ਕਰਨ ਵਾਲ਼ੇ ਪੱਤਰਕਾਰਾਂ ਦੀ ਗਿਣਤੀ ਲਗਭਗ 6 ਸੀ। ਇਸ ਦੇ ਨਾਲ਼ ਹੀ ਦੂਜੇ ਪਾਸੇ ਮੁੰਬਈ 'ਚ ਚੱਲ ਰਹੇ ਲੈਕਮੇ ਫੈਸ਼ਨ ਵੀਕ ਸਮਾਰੋਹ ਨੂੰ ਕਵਰ ਕਰਨ ਲਈ 512 ਰਜਿਸਟਰਡ ਪੱਤਰਕਾਰ ਅਤੇ 100 ਹੋਰ ਪੱਤਰਕਾਰ ਰੋਜ਼ਾਨਾ ਯਾਤਰਾ-ਪਾਸ ਰਾਹੀਂ ਆਉਣ-ਜਾਣ ਲਈ ਤਿਆਰ ਸਨ। ਮੰਦਭਾਗੀ ਗੱਲ ਇਹ ਵੀ ਹੈ ਕਿ ਉਸ ਸਾਲ ਦੇ ਲੈਕਮੇ ਫੈਸ਼ਨ ਵੀਕ ਦਾ ਥੀਮ - ਸੂਤੀ ਕੱਪੜਾ ਸੀ। ਜਿਸ ਸਮੇਂ ਸਟੇਜ 'ਤੇ ਸੂਤੀ ਕੱਪੜਿਆਂ ਵਿੱਚ ਮਲਬੂਸ ਮਾਡਲ ਝੂਮ-ਝੂਮ ਕੇ ਚੱਲ ਰਹੇ ਸਨ, ਓਸੇ ਸਮੇਂ ਕਪਾਹ ਉਗਾਉਣ ਵਾਲ਼ੀਆਂ ਔਰਤਾਂ, ਮਰਦ ਅਤੇ ਬੱਚੇ ਆਪੋ-ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਸਨ।)
ਹਾਲਾਂਕਿ, 2005 ਵਿੱਚ, ਪ੍ਰੋ. ਸਵਾਮੀਨਾਥਨ ਨੇ ਵਿਦਰਭ ਨੂੰ ਕਵਰ ਕਰਨ ਵਾਲ਼ੇ ਪੱਤਰਕਾਰਾਂ ਦੀ ਅਪੀਲ ਦਾ ਜਵਾਬ ਸਾਡੀ ਸੋਚ ਨਾਲ਼ੋਂ ਵੀ ਕਿਤੇ ਤੇਜ਼ੀ ਨਾਲ਼ ਦਿੱਤਾ ਅਤੇ ਇੰਨਾ ਹੀ ਨਹੀਂ ਉਹ ਰਾਸ਼ਟਰੀ ਖੇਤੀਬਾੜੀ ਕਮਿਸ਼ਨ ਦੀ ਇੱਕ ਟੀਮ ਨਾਲ਼ ਵਿਦਰਭ ਪਹੁੰਚ ਵੀ ਗਏ।
ਉਸ ਸਮੇਂ ਦੀ ਵਿਲਾਸਰਾਓ ਦੇਸ਼ਮੁਖ ਸਰਕਾਰ ਉਨ੍ਹਾਂ ਦੀ ਫੇਰੀ ਬਾਰੇ ਜਾਣ ਕੇ ਚੌਕੰਨੀ ਹੋ ਗਈ ਤੇ ਉਨ੍ਹਾਂ ਨੂੰ ਇੱਕ ਮਾਰਗਦਰਸ਼ਕ ਦੌਰਾ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਜੁੱਟ ਗਈ। ਇਸ ਮਕਸਦ ਨਾਲ਼ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਟੈਕਨੀਸ਼ੀਅਨਾਂ ਨਾਲ਼ ਉਨ੍ਹਾਂ ਦੀਆਂ ਚਰਚਾਵਾਂ ਤੋਂ ਲੈ ਕੇ ਖੇਤੀਬਾੜੀ ਕਾਲਜਾਂ ਵਿੱਚ ਅਯੋਜਿਤ ਸਮਾਰੋਹਾਂ ਅਤੇ ਵੱਖ-ਵੱਖ ਪ੍ਰੋਗਰਾਮ ਦਾ ਕੀਤਾ ਜਾਣਾ ਸ਼ਾਮਲ ਸੀ। ਡਾ. ਸਵਾਮੀਨਾਥਨ ਇੰਨੇ ਨਿਮਰ ਸਨ ਕਿ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਕਿ ਉਹ ਸਿਰਫ਼ ਉਨ੍ਹਾਂ ਥਾਵਾਂ 'ਤੇ ਹੀ ਜਾਣਗੇ ਜਿੱਥੇ ਉਹ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਮੇਰੇ ਅਤੇ ਜੈਦੀਪ ਹਾਰਦਿਕਰ ਵਰਗੇ ਸਾਥੀ ਪੱਤਰਕਾਰਾਂ ਨਾਲ਼ ਸਮਾਂ ਬਿਤਾਉਣ ਅਤੇ ਸਾਡੇ ਵੱਲੋਂ ਦੱਸੀਆਂ ਥਾਵਾਂ 'ਤੇ ਦੌਰਾ ਕਰਨ ਨੂੰ ਤਰਜੀਹ ਦਿੱਤੀ।
ਅਸੀਂ ਉਨ੍ਹਾਂ ਨੂੰ ਵਰਧਾ ਵਿਖੇ ਪੈਂਦੇ ਸ਼ਿਆਮਰਾਓ ਖਟਾਲੇ ਦੇ ਘਰ ਲੈ ਗਏ। ਉਨ੍ਹਾਂ ਦੇ ਪੁੱਤਰਾਂ, ਜੋ ਕਿਸਾਨ ਸਨ, ਨੇ ਖੁਦਕੁਸ਼ੀ ਕਰ ਲਈ ਸੀ। ਸਾਡੇ ਘਰ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਸ਼ਿਆਮਰਾਓ ਦੀ ਵੀ ਮੌਤ ਹੋ ਗਈ। ਭੁੱਖ, ਬਿਮਾਰੀ ਅਤੇ ਬੱਚਿਆਂ ਦੀ ਮੌਤ ਦੇ ਸਦਮੇ ਨੇ ਸ਼ਿਆਮਰਾਓ ਨੂੰ ਮਾਰ ਮੁਕਾਇਆ। ਰਾਜ ਸਰਕਾਰ ਨੇ ਉਨ੍ਹਾਂ ਨੂੰ ਉਸ ਜਗ੍ਹਾ ਜਾਣ ਤੋਂ ਇਹ ਕਹਿੰਦਿਆਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਬੰਧਤ ਵਿਅਕਤੀ ਦੀ ਤਾਂ ਮੌਤ ਹੋ ਗਈ ਹੈ। ਪਰ ਸਵਾਮੀਨਾਥਨ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ ਅਤੇ ਮ੍ਰਿਤਕਾਂ ਨੂੰ ਘੱਟੋ ਘੱਟ ਸ਼ਰਧਾਂਜਲੀ ਤਾਂ ਦੇਣੀ ਹੀ ਚਾਹੀਦੀ ਹੈ। ਅਤੇ ਉਨ੍ਹਾਂ ਨੇ ਇੰਝ ਹੀ ਕੀਤਾ।
ਅਗਲੇ ਕੁਝ ਘਰਾਂ ਦੇ ਦੌਰਿਆਂ 'ਤੇ, ਸਵਾਮੀਨਾਥਨ ਦੀਆਂ ਅੱਖਾਂ ਭਰ ਆਈਆਂ, ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਜਿਨ੍ਹਾਂ ਦੇ ਪਿਆਰਿਆਂ ਨੇ ਖੁਦਕੁਸ਼ੀ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਵਰਧਾ ਵਿਖੇ ਵਾਈਫੜ ਵਿੱਚ ਆਯੋਜਿਤ ਇੱਕ ਕਾਨਫਰੰਸ ਵਿੱਚ ਹਿੱਸਾ ਲਿਆ। ਕਾਨਫਰੰਸ ਦਾ ਆਯੋਜਨ ਵਿਜੇ ਜਵੰਦੀਆ ਨੇ ਕੀਤਾ ਸੀ, ਜੋ ਉਨ੍ਹਾਂ ਕੁਝ ਬੁੱਧੀਜੀਵੀਆਂ ਵਿੱਚੋਂ ਇੱਕ ਸਨ ਜੋ ਖੇਤੀਬਾੜੀ ਦਾ ਸਪੱਸ਼ਟ ਅਤੇ ਸਹੀ ਵਿਸ਼ਲੇਸ਼ਣ ਕਰ ਸਕਦੇ ਸਨ। ਅਚਾਨਕ ਇੱਕ ਪਲ ਆਇਆ ਜਦੋਂ ਇੱਕ ਬਜ਼ੁਰਗ ਕਿਸਾਨ ਖੜ੍ਹਾ ਹੋਇਆ ਅਤੇ ਹਿਰਖੇ ਮਨ ਨਾਲ਼ ਪੁੱਛਿਆ ਕਿ ਸਰਕਾਰ ਕਿਸਾਨਾਂ ਨਾਲ਼ ਇੰਨੀ ਨਫ਼ਰਤ ਕਿਉਂ ਕਰਦੀ ਹੈ। ਕੀ ਸਾਨੂੰ ਆਪਣੀ ਗੱਲ ਸੁਣਵਾਉਣ ਲਈ ਅੱਤਵਾਦੀ ਬਣਨਾ ਪਵੇਗਾ? ਇਹ ਸੁਣ ਕੇ ਪ੍ਰੋ. ਸਵਾਮੀਨਾਥਨ ਬਹੁਤ ਪਰੇਸ਼ਾਨ ਹੋ ਉੱਠੇ ਤੇ ਉਨ੍ਹਾਂ ਨੇ ਬਜ਼ੁਰਗਾਂ ਅਤੇ ਸਾਰਿਆਂ ਨਾਲ਼ ਬਹੁਤ ਸ਼ਾਂਤ, ਸਮਝਦਾਰ ਤੇ ਹਲੀਮੀ ਭਰੀ ਆਵਾਜ਼ ਵਿੱਚ ਗੱਲਬਾਤ ਕੀਤੀ।
ਸਵਾਮੀਨਾਥਨ ਉਸ ਸਮੇਂ ਆਪਣੀ ਉਮਰ ਦੇ 80ਵਿਆਂ ਵਿੱਚ ਸਨ। ਪਰ ਉਹ ਥੱਕੇ ਨਹੀਂ। ਉਨ੍ਹਾਂ ਦਾ ਸੁਭਾਅ ਸ਼ਾਂਤ ਅਤੇ ਦਿਆਲੂ ਸੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ਼ ਵੀ ਬਹੁਤ ਇਮਾਨਦਾਰੀ ਨਾਲ਼ ਗੱਲਬਾਤ ਕੀਤੀ ਜੋ ਉਨ੍ਹਾਂ ਦੇ ਵਿਚਾਰਾਂ ਅਤੇ ਕੰਮ ਦੀ ਸਖ਼ਤ ਆਲੋਚਨਾ ਕਰਦੇ ਸਨ। ਉਹ ਚੁੱਪਚਾਪ ਉਨ੍ਹਾਂ ਦੀਆਂ ਆਲੋਚਨਾਵਾਂ ਸੁਣਦੇ ਰਹੇ ਤੇ ਕੁਝ ਕੁ ਗੱਲਾਂ ਨਾਲ਼ ਸਹਿਮਤੀ ਵੀ ਰੱਖਦੇ ਰਹੇ। ਜੇ ਕੋਈ ਵਿਅਕਤੀਗਤ ਤੌਰ 'ਤੇ ਆਪਣੇ ਇਤਰਾਜ਼ ਜ਼ਾਹਰ ਕਰਦਾ ਸੀ, ਤਾਂ ਉਹ ਅਜਿਹੇ ਵਿਅਕਤੀ ਨੂੰ ਸਮਾਗਮਾਂ ਅਤੇ ਸੈਮੀਨਾਰਾਂ ਵਿੱਚ ਬੁਲਾ ਲੈਂਦੇ ਅਤੇ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਬੋਲਣ ਨੂੰ ਕਹਿੰਦੇ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਸਖ਼ਸ਼ੀਅਤ ਨੂੰ ਕਦੇ ਨਹੀਂ ਦੇਖਿਆ।
ਉਨ੍ਹਾਂ ਦੇ ਕੰਮ ਦਾ ਸਭ ਤੋਂ ਪ੍ਰਭਾਵਸ਼ਾਲੀ ਗੁਣ ਇਹ ਸੀ ਕਿ ਉਹ ਆਪਣੀ ਜ਼ਿੰਦਗੀ 'ਤੇ ਪਿੱਛਲਝਾਤ ਮਾਰ ਸਕਦੇ ਸਨ ਅਤੇ ਆਪਣੇ ਕੰਮ ਦੀਆਂ ਅਸਫਲਤਾਵਾਂ ਅਤੇ ਕਮੀਆਂ ਨੂੰ ਸਮਝ ਸਕਦੇ ਸਨ ਅਤੇ ਸੁਧਾਰ ਵੀ ਸਕਦੇ ਸਨ। ਹਰੇ ਇਨਕਲਾਬ ਤੋਂ ਬਾਅਦ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਜਿਸ ਪੱਧਰ 'ਤੇ ਬੇਰੋਕ ਵਾਧਾ ਹੋਇਆ ਉਹਨੂੰ ਵੇਖ ਕੇ ਦੰਗ ਰਹਿ ਗਏ ਜੋ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਸੀ। ਸਮਾਂ ਬੀਤਣ ਨਾਲ਼, ਉਹ ਸਥਿਤੀ, ਵਾਤਾਵਰਣ ਅਤੇ ਪਾਣੀ ਦੀ ਸਹੀ ਵਰਤੋਂ ਪ੍ਰਤੀ ਵਧੇਰੇ ਜਾਗਰੂਕ ਅਤੇ ਸੰਵੇਦਨਸ਼ੀਲ ਹੁੰਦੇ ਗਏ। ਪਿਛਲੇ ਕੁਝ ਸਾਲਾਂ ਤੋਂ ਉਹ ਬੀਟੀ ਜਾਂ ਜੈਨੇਟਿਕ ਤੌਰ 'ਤੇ ਸੋਧੇ ਹੋਏ ਬੀਜਾਂ ਦੀ ਅਨਿਯਮਿਤ ਵਰਤੋਂ ਦੀ ਆਲੋਚਨਾ ਕਰਦੇ ਰਹੇ ਹਨ।
ਮਨਕੋਂਬੂ ਸੰਬਾਸਿਵਮ ਸਵਾਮੀਨਾਥਨ ਦੇ ਦੇਹਾਂਤ ਨਾਲ਼ ਇਸ ਦੇਸ਼ ਨੇ ਨਾ ਸਿਰਫ਼ ਇੱਕ ਮਹਾਨ ਖੇਤੀਬਾੜੀ ਵਿਗਿਆਨੀ ਬਲਕਿ ਇੱਕ ਮਹਾਨ ਸ਼ਖਸੀਅਤ ਵੀ ਗੁਆ ਦਿੱਤੀ ਹੈ।
ਇਹ ਲੇਖ ਸਭ ਤੋਂ ਪਹਿਲਾਂ 29 ਸਤੰਬਰ , 2023 ਨੂੰ ਦਿ ਵਾਇਰ ਦੀ ਮਲਟੀਮੀਡੀਆ ਸਾਈਟ ' ਤੇ ਛਪਿਆ ਹੈ।
ਤਰਜਮਾ: ਕਮਲਜੀਤ ਕੌਰ