ਆਓ ਮੁਦੂਮਲਾਈ ਟਾਈਗਰ ਰਿਜ਼ਰਵ ਚੱਲੀਏ ਜਿੱਥੇ ਅੱਖਾਂ ਤਾਂ ਸੌਂਦੀਆਂ ਨੇ ਪਰ ਕੰਨ ਨਹੀਂ। ਇੱਥੇ ਪੰਛੀ ਤੇ ਜਾਨਵਰ ਆਪਣੀ ਹੀ ਭਾਸ਼ਾ ਵਿੱਚ ਗੱਲਾਂ ਕਰਦੇ ਸੁਣੀਂਦੇ ਨੇ ਜੋ ਸਾਡੇ ਪੱਲੇ ਨਹੀਂ ਪੈਂਦੀ। ਬਿਲਕੁਲ ਕੁਝ ਅਜਿਹੀਆਂ ਹੀ ਸਮਝੋਂ-ਬਾਹਰੀ ਭਾਸ਼ਾਵਾਂ ਦਾ ਸੁਮੇਲ ਵੀ ਇਸੇ ਥਾਵੇਂ ਮਿਲ਼ਦਾ ਹੈ ਜੋ ਤਮਿਲਨਾਡੂ ਦੇ ਨੀਲਗਿਰੀ ਪਹਾੜੀਆਂ ਵਿੱਚ ਵੱਸੇ ਵੰਨ-ਸੁਵੰਨੇ ਕਬੀਲੇ ਬੋਲਦੇ ਹਨ।
'' ਨਲਾਈਯਾਵੋਦੁਤੂ '' (ਕੀ ਹਾਲ ਆ ਤੇਰਾ)? ਬੇੱਟਾਕੁਰੁੰਬਸ ਪੁੱਛਦੇ ਹਨ। ਇਰੂਲੂਰਾਂ ਦਾ ਜਵਾਬ ਹੈ '' ਸੰਧਾਕਿਤਾਈਯਾ ? ''
ਸਵਾਲ ਉਹੀ ਪਰ ਭਾਵ ਹੋਰ ਨੇ।
ਪੱਛਮੀ ਘਾਟ ਦੇ ਇਸ ਦੱਖਣੀ ਖਿੱਤੇ ਵਿਖੇ ਜਾਨਵਰਾਂ ਤੇ ਲੋਕਾਂ ਦੀਆਂ ਗੱਲਾਂ ਦਾ ਇਹ ਸੰਗੀਤ ਕੁਝ ਕੁਝ ਉਲਟ ਹੈ ਕਿਸੇ ਹੋਰ ਥਾਂ ਦੇ ਵਾਹਨਾਂ ਤੇ ਮਸ਼ੀਨਾਂ ਦੇ ਸ਼ੋਰਗੁਲ ਨਾਲ਼ੋਂ। ਇਹ ਘਰਾਂ ਦੀਆਂ ਅਵਾਜ਼ਾਂ ਹਨ।
ਮੈਂ ਪੋਕਾਪੁਰਮ (ਅਧਿਕਾਰਤ ਤੌਰ 'ਤੇ ਬੋਕਾਪੁਰਮ) ਪਿੰਡ ਦੇ ਮੁਦੂਮਲਾਈ ਟਾਈਗਰ ਰਿਜ਼ਰਵ ਦੀ ਇੱਕ ਛੋਟੀ ਜਿਹੀ ਗਲੀ ਕੁਰੂੰਬਰਪੜੀ ਤੋਂ ਹਾਂ। ਫਰਵਰੀ ਦੇ ਅਖੀਰ ਤੋਂ ਮਾਰਚ ਦੀ ਸ਼ੁਰੂਆਤ ਤੱਕ, ਇਹ ਸ਼ਾਂਤ ਜਗ੍ਹਾ ਥੂੰ ਗਾ ਨਗਰਮ [ਇੱਕ ਅਜਿਹਾ ਸ਼ਹਿਰ ਜੋ ਕਦੇ ਨਹੀਂ ਸੌਂਦਾ] ਵਾਂਗਰ ਇੱਕ ਸ਼ੋਰ-ਸ਼ਰਾਬੇ ਵਾਲ਼ੇ ਕਸਬੇ ਵਿੱਚ ਬਦਲ ਜਾਂਦਾ ਹੈ, ਇੱਕ ਨਾਮ ਜੋ ਮਦੁਰਈ ਦੇ ਵੱਡੇ ਸ਼ਹਿਰ ਲਈ ਵੀ ਵਰਤਿਆ ਜਾਂਦਾ ਹੈ। ਇਹ ਤਬਦੀਲੀ ਪੋਕਾਪੁਰਮ ਮਰੀਅੰਮਨ ਦੇਵੀ ਨੂੰ ਸਮਰਪਿਤ ਮੰਦਰ ਦੇ ਤਿਉਹਾਰ ਦੇ ਕਾਰਨ ਹੈ। ਛੇ ਦਿਨਾਂ ਲਈ, ਸ਼ਹਿਰ ਭੀੜ, ਤਿਉਹਾਰਾਂ ਅਤੇ ਸੰਗੀਤ ਦੇ ਸ਼ੋਰ ਵਿੱਚ ਡੁੱਬਿਆ ਰਹੇਗਾ। ਫਿਰ ਵੀ, ਜਦੋਂ ਮੈਂ ਆਪਣੇ ਜੱਦੀ ਸ਼ਹਿਰ ਦੀ ਜ਼ਿੰਦਗੀ ਬਾਰੇ ਸੋਚਦਾ ਹਾਂ, ਤਾਂ ਇਹ ਕਹਾਣੀ ਦਾ ਸਿਰਫ਼ ਇੱਕ ਹਿੱਸਾ ਬਣ ਸਾਹਮਣੇ ਆਉਂਦਾ ਹੈ।
ਇਹ ਕਿਸੇ ਟਾਈਗਰ ਰਿਜ਼ਰਵ ਜਾਂ ਮੇਰੇ ਪਿੰਡ ਦੀ ਕਹਾਣੀ ਨਹੀਂ ਹੈ। ਇਹ ਕਿਸੇ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਮੇਰੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇੱਕ ਔਰਤ ਦੀ ਕਹਾਣੀ ਜਿਸ ਨੇ ਆਪਣੇ ਪਤੀ ਦੇ ਛੱਡਣ ਤੋਂ ਬਾਅਦ ਪੰਜ ਬੱਚਿਆਂ ਨੂੰ ਇਕੱਲੇ ਪਾਲਿਆ। ਇਹ ਮੇਰੀ ਮਾਂ ਦੀ ਕਹਾਣੀ ਹੈ।
*****
ਮੇਰਾ ਪੱਕਾ (ਅਧਿਕਾਰਤ) ਨਾਮ ਕ. ਰਵੀਕੁਮਾਰ ਹੈ, ਪਰ ਮੇਰੇ ਪਿੰਡ ਦੇ ਲੋਕ ਮੈਨੂੰ ਮਾਰਨ ਕਹਿੰਦੇ ਹਨ। ਸਾਡਾ ਭਾਈਚਾਰਾ ਆਪਣੇ ਆਪ ਨੂੰ ਪੇਟਾਕੁਰੰਬਰ ਕਹਿੰਦਾ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਅਸੀਂ ਬੇਟਾਕੁਰੰਬਾ ਵਜੋਂ ਸੂਚੀਬੱਧ ਹਾਂ।
ਇਸ ਕਹਾਣੀ ਦੀ ਨਾਇਕਾ, ਮੇਰੀ ਮਾਂ; ਜਿਸਨੂੰ ਅਧਿਕਾਰਤ ਤੌਰ 'ਤੇ ਅਤੇ ਸਾਡੇ ਲੋਕੀਂ 'ਮੇਥੀ' ਕਹਿੰਦੇ ਹਨ। ਮੇਰੇ ਅੱਪਾ , ਕ੍ਰਿਸ਼ਣਨ, ਨੂੰ ਸਾਡੇ ਭਾਈਚਾਰੇ ਦੁਆਰਾ ਕੇਤਨ ਵਜੋਂ ਜਾਣਿਆ ਜਾਂਦਾ ਹੈ। ਮੈਂ ਪੰਜ ਭੈਣ-ਭਰਾਵਾਂ ਵਿੱਚੋਂ ਇੱਕ ਹਾਂ: ਮੇਰੀ ਵੱਡੀ ਭੈਣ, ਚਿਤਰਾ (ਸਾਡੇ ਭਾਈਚਾਰੇ ਵਿੱਚ ਕਿਰਕਲੀ); ਮੇਰਾ ਵੱਡਾ ਭਰਾ ਰਵੀਚੰਦਰਨ (ਮਾਧਨ); ਮੇਰੀ ਦੂਜੀ ਭੈਣ ਸ਼ਸ਼ੀਕਲਾ (ਕੇਤੀ); ਅਤੇ ਮੇਰੀ ਛੋਟੀ ਭੈਣ ਕੁਮਾਰੀ (ਕਿਨਮਾਰੀ)। ਮੇਰਾ ਵੱਡਾ ਭਰਾ ਅਤੇ ਵੱਡੀ ਭੈਣ ਵਿਆਹੇ ਹੋਏ ਹਨ ਅਤੇ ਤਾਮਿਲਨਾਡੂ ਦੇ ਕੁਡਲੋਰ ਜ਼ਿਲ੍ਹੇ ਦੇ ਇੱਕ ਪਿੰਡ ਪਲਾਵੜੀ ਵਿੱਚ ਆਪਣੇ ਪਰਿਵਾਰਾਂ ਨਾਲ਼ ਰਹਿੰਦੇ ਹਨ।
ਅੰਮਾ ਜਾਂ ਅੱਪਾ ਦੀਆਂ ਮੇਰੀਆਂ ਸਭ ਤੋਂ ਪੁਰਾਣੀਆਂ ਯਾਦਾਂ ਹਨ, ਜਦੋਂ ਉਹ ਮੈਨੂੰ ਆਂਗਣਵਾੜੀ ਲੈ ਕੇ ਜਾਂਦੇ ਸਨ, ਇੱਕ ਸਰਕਾਰੀ ਬਾਲ ਸੰਭਾਲ ਕੇਂਦਰ, ਜਿੱਥੇ ਮੈਂ ਆਪਣੇ ਦੋਸਤਾਂ ਨਾਲ ਹਰ ਤਰ੍ਹਾਂ ਦੀਆਂ ਭਾਵਨਾਵਾਂ ਦਾ ਅਨੁਭਵ ਕੀਤਾ - ਖੁਸ਼ੀ, ਚਾਅ, ਗੁੱਸਾ ਅਤੇ ਗਮੀ। ਦੁਪਹਿਰ 3 ਵਜੇ, ਮੇਰੇ ਮਾਤਾ-ਪਿਤਾ ਮੈਨੂੰ ਵਾਪਿਸ ਲਿਜਾਂਦੇ ਅਤੇ ਅਸੀਂ ਘਰ ਚਲੇ ਜਾਂਦੇ।
ਸ਼ਰਾਬ ਦੀ ਲੱਤ ਲੱਗਣ ਤੋਂ ਪਹਿਲਾਂ,
ਅੱਪਾ
(
ਅੱਪਾ
) ਬਹੁਤ ਪਿਆਰ ਕਰਨ ਵਾਲ਼ੇ ਆਦਮੀ ਸਨ। ਲਹੂ ਵਿੱਚ ਸ਼ਰਾਬ ਰਚਦਿਆਂ ਹੀ, ਉਹ ਇੱਕ ਗੈਰ-ਜ਼ਿੰਮੇਵਾਰ ਅਤੇ ਹਿੰਸਕ ਵਿਅਕਤੀ ਬਣ ਗਏ। ਮੇਰੀ ਮਾਂ ਕਹਿੰਦੀ ਸੀ, "ਉਹਦੀ ਮਾੜੀ ਸੰਗਤ ਹੀ ਉਸਨੂੰ ਲੈ ਬੈਠੀ।''
ਘਰ ਦੀ ਕਲੇਸ਼ ਦੀ ਗੱਲ ਚੇਤੇ ਕਰਾਂ ਤਾਂ ਉਹ ਘੜੀ ਮੇਰੇ ਜ਼ੇਹਨ ਵਿੱਚ ਘੁੰਮਦੀ ਹੈ ਜਦੋਂ ਅੱਪਾ ਸ਼ਰਾਬੀ ਹੋ ਕੇ ਆਏ ਅਤੇ ਅੰਮਾ 'ਤੇ ਚੀਕਣਾ ਸ਼ੁਰੂ ਕਰ ਦਿੱਤਾ। ਅੱਪਾ ਨੇ ਅੰਮਾ 'ਤੇ ਹਮਲਾ ਕੀਤਾ ਅਤੇ ਅੰਮਾ ਦੇ ਮਾਪਿਆਂ ਅਤੇ ਭੈਣਾਂ-ਭਰਾਵਾਂ ਬਾਰੇ ਅਵਾ-ਤਵਾ ਬੋਲਣ ਲੱਗੇ ਜੋ ਉਸ ਸਮੇਂ ਸਾਡੇ ਘਰ ਹੀ ਮੌਜੂਦ ਸਨ। ਹਾਲਾਂਕਿ ਉਨ੍ਹਾਂ ਨੂੰ ਮਜ਼ਬੂਰੀਵੱਸ ਅੱਪਾ ਦੀ ਬਕਵਾਸ ਸੁਣਨੀ ਪਈ ਤੇ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਬੱਸ ਉਸ ਦਿਨ ਤੋਂ ਬਾਅਦ ਇਹ ਨਿੱਤ ਦਾ ਡਰਾਮਾ ਬਣ ਗਿਆ।
ਮੈਨੂੰ ਇੱਕ ਘਟਨਾ ਚੰਗੀ ਤਰ੍ਹਾਂ ਯਾਦ ਹੈ ਜੋ ਉਦੋਂ ਵਾਪਰੀ ਸੀ ਜਦੋਂ ਮੈਂ ਦੂਜੀ ਜਮਾਤ ਵਿੱਚ ਸੀ। ਹਮੇਸ਼ਾ ਦੀ ਤਰ੍ਹਾਂ, ਅੱਪਾ ਸ਼ਰਾਬੀ ਹੋ ਗੁੱਸੇ ਵਿੱਚ ਘਰ ਆਏ, ਮਾਂ ਨੂੰ ਕੁੱਟਿਆ, ਫਿਰ ਮੇਰੇ ਭੈਣ-ਭਰਾ ਅਤੇ ਮੈਨੂੰ। ਉਨ੍ਹਾਂ ਸਾਡੇ ਕੱਪੜੇ ਅਤੇ ਸਾਮਾਨ ਗਲ਼ੀ ਵਿੱਚ ਸੁੱਟ ਦਿੱਤਾ ਅਤੇ ਚੀਕ-ਚੀਕ ਕੇ ਸਾਨੂੰ ਆਪਣਾ ਘਰ ਛੱਡਣ ਨੂੰ ਕਿਹਾ। ਸਰਦੀਆਂ ਦੀ ਉਸ ਰਾਤ, ਅਸੀਂ ਸੜਕ ਕੰਢੇ ਬੈਠੇ ਮਾਂ ਨਾਲ਼ ਇੰਝ ਚਿਪਕ ਗਏ ਜਿਓਂ ਨਿੱਘ ਖਾਤਰ ਜਾਨਵਰਾਂ ਦੇ ਬੱਚੇ ਆਪਣੀਆਂ ਮਾਵਾਂ ਨੂੰ ਚਿਪਕਦੇ ਹਨ।
ਕਿਉਂਕਿ ਜੀਟੀਆਰ ਸੈਕੰਡਰੀ ਸਕੂਲ ਵਿੱਚ- ਕਬਾਇਲੀ ਸਰਕਾਰੀ ਸੰਸਥਾ, ਜਿੱਥੇ ਅਸੀਂ ਪੜ੍ਹਦੇ ਸਾਂ, ਰਿਹਾਇਸ਼ ਤੇ ਭੋਜਨ ਮਿਲ਼ਦਾ ਸੀ ਸੋ ਮੇਰੇ ਵੱਡੇ ਭਰਾ ਅਤੇ ਭੈਣ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ। ਉਨ੍ਹੀਂ ਦਿਨੀਂ, ਸਾਡੇ ਕੋਲ਼ ਸਿਰਫ਼ ਹਾੜੇ ਤੇ ਹੰਝੂ ਹੀ ਸਨ ਜੋ ਮੁਕਾਇਆ ਨਾ ਮੁੱਕਦੇ। ਅਸੀਂ ਆਪਣੇ ਘਰ ਵਿੱਚ ਹੀ ਰਹਿੰਦੇ ਰਹੇ, ਅੱਪਾ ਨੂੰ ਘਰ ਛੱਡਣਾ ਪਿਆ।
ਅਸੀਂ ਹਰ ਆਉਣ ਵਾਲ਼ੀ ਘੜੀ ਇਸੇ ਸਹਿਮ ਨਾਲ਼ ਕੱਢਦੇ ਕਿ ਅੱਗੇ ਕੀ ਹੋਵੇਗਾ। ਇੱਕ ਦਿਨ ਮੇਰੇ ਅੱਪਾ ਸ਼ਰਾਬੀ ਹੋ ਕੇ ਆਏ ਅਤੇ ਮੇਰੀ ਮਾਂ ਦੇ ਭਰਾ ਨਾਲ਼ ਖਹਿਬੜ ਪਏ ਅਤੇ ਅੱਪਾ ਨੇ ਮਾਮੇ 'ਤੇ ਚਾਕੂ ਨਾਲ਼ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਵੱਢਭਾਗੀਂ ਚਾਕੂ ਖੁੰਡਾ ਹੋਣ ਕਾਰਨ ਕੋਈ ਬਹੁਤੀ ਮੰਦਭਾਗੀ ਘਟਨਾ ਹੋਣੋ ਬਚਾਅ ਹੀ ਰਿਹਾ। ਬਾਕੀਆਂ ਨੇ ਰੋਕਣ ਦੀ ਕੋਸ਼ਿਸ਼ ਕਰਦਿਆ ਅੱਪਾ 'ਤੇ ਹਮਲਾ ਬੋਲ ਦਿੱਤਾ। ਇਸੇ ਖਿੱਚਧੂਹ ਵਿੱਚ ਅੰਮਾ ਦੇ ਕੁੱਛੜ ਚੁੱਕੀ ਮੇਰੀ ਛੋਟੀ ਭੈਣ ਹੇਠਾਂ ਡਿੱਗ ਗਈ ਤੇ ਉਹਦਾ ਸਿਰ ਪਾਟ ਗਿਆ। ਮੈਂ ਥਾਵੇਂ ਹੀ ਯਖ਼ ਹੋ ਗਿਆ ਤੇ ਬੇਵੱਸ ਖੜ੍ਹਾ ਹੋ ਸਭ ਦੇਖਦਾ ਰਿਹਾ।
ਅਗਲੇ ਦਿਨ, ਜਦੋਂ ਮੈਂ ਵਿਹੜੇ ਵਿੱਚ ਗਿਆ, ਤਾਂ ਉੱਥੇ ਆਪਣੇ ਅੱਪਾ ਅਤੇ ਮਾਮੇ ਦੇ ਖ਼ੂਨ ਦੇ ਨਿਸ਼ਾਨ ਦੇਖੇ ਜੋ ਲਾਲ ਤੋਂ ਕਾਲ਼ੇ ਹੋ ਚੁੱਕੇ ਸਨ। ਅੱਧੀ ਰਾਤ ਦੇ ਕਰੀਬ, ਅੱਪਾ ਨੇ ਮੈਨੂੰ ਤੇ ਮੇਰੀ ਭੈਣ ਨੂੰ ਬਾਹੋਂ ਫੜ੍ਹ ਦਾਦਾ ਜੀ ਦੇ ਘਰੋਂ ਬਾਹਰ ਕੱਢ ਦਿੱਤਾ ਤੇ ਸਾਨੂੰ ਖੇਤਾਂ ਵਿੱਚ ਬਣੇ ਛੋਟੇ ਜਿਹੇ ਕਮਰੇ ਵਿੱਚ ਲੈ ਗਏ। ਕੁਝ ਮਹੀਨਿਆਂ ਬਾਅਦ, ਮੇਰੇ ਮਾਪੇ ਅਲਹਿਦਾ ਹੋ ਗਏ ਜੋ ਕਿ ਚੰਗੀ ਖ਼ਬਰ ਸੀ।
ਗੁਡਾਲੂਰ ਦੀ ਪਰਿਵਾਰਕ ਅਦਾਲਤ ਵਿੱਚ, ਮੈਂ ਅਤੇ ਮੇਰੇ ਭੈਣ-ਭਰਾਵਾਂ ਨੇ ਅੰਮਾ ਨਾਲ਼ ਰਹਿਣ ਦੀ ਇੱਛਾ ਜ਼ਾਹਰ ਕੀਤੀ। ਕੁਝ ਕੁ ਦਿਨ ਅਸੀਂ ਨਾਨਕੇ ਘਰ ਖੁਸ਼ੀ ਨਾਲ਼ ਬਿਤਾਏ, ਨਾਨੀ ਦਾ ਘਰ ਵੀ ਸਾਡੇ ਮਾਪਿਆਂ ਦੇ ਘਰ ਵਾਲ਼ੀ ਗਲ਼ੀ ਵਿੱਚ ਹੀ ਸੀ।
ਪਰ ਸਾਡਾ ਚਾਅ ਥੋੜ੍ਹ-ਚਿਰਾ ਰਿਹਾ। ਕੁਝ ਹੀ ਦਿਨਾਂ ਵਿੱਚ, ਰੋਟੀ ਪੂਰੀ ਕਰਨ ਦੇ ਲਾਲੇ ਪੈਣ ਲੱਗੇ। ਮੇਰੇ ਨਾਨਾ ਜੀ ਨੇ ਜੋ 40 ਕਿਲੋ ਰਾਸ਼ਨ ਸੁਟਾਇਆ ਸੀ ਉਸ ਨਾਲ਼ ਸਾਰਿਆਂ ਦਾ ਢਿੱਡ ਬਹੁਤੇ ਦਿਨ ਨਾ ਭਰਿਆ। ਮੇਰੇ ਨਾਨਾ ਜੀ ਨੇ ਕਈ-ਕਈ ਰਾਤਾਂ ਫਾਕੇ ਕੱਟੇ ਤਾਂ ਜੋ ਅਸੀਂ ਭੁੱਖੇ ਨਾ ਸੌਂਈਏ। ਵਿਚਾਰੇ ਨਾਨਾ ਜੀ ਨੇ ਸਾਡਾ ਢਿੱਡ ਭਰਨ ਲਈ ਮੰਦਰਾਂ ‘ਚੋਂ ਪ੍ਰਸਾਧਮ (ਪ੍ਰਸਾਦ) ਖਰੀਦ ਘਰ ਲਿਆਉਣਾ ਸ਼ੁਰੂ ਕਰ ਦਿੱਤਾ। ਬੱਸ ਉਦੋਂ ਹੀ ਮੇਰੀ ਮਾਂ ਨੇ ਮਜ਼ਦੂਰੀ ਲਈ ਘਰੋਂ ਪੈਰ ਪੁੱਟਣ ਦਾ ਫ਼ੈਸਲਾ ਕੀਤਾ।
*****
ਮੇਰੀ ਮਾਂ ਨੇ ਤੀਜੀ ਜਮਾਤ ਤੱਕ ਪੜ੍ਹਾਈ ਕੀਤੀ ਸੀ। ਉਸਨੇ ਸਕੂਲ ਛੱਡ ਦਿੱਤਾ ਸੀ ਕਿਉਂਕਿ ਉਹਦਾ ਪਰਿਵਾਰ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਿਆ। ਉਸਨੇ ਆਪਣਾ ਬਚਪਨ ਆਪਣੇ ਛੋਟੇ ਭੈਣ-ਭਰਾਵਾਂ ਦੀ ਦੇਖਭਾਲ਼ ਕਰਨ ਵਿੱਚ ਬਿਤਾਇਆ। ਬਾਅਦ ਵਿੱਚ, ਜਦੋਂ ਉਹ 18 ਸਾਲਾਂ ਦਾ ਹੋਈ ਤਾਂ ਉਸਦਾ ਵਿਆਹ ਮੇਰੇ ਅੱਪਾ ਨਾਲ਼ ਕਰ ਦਿੱਤਾ ਗਿਆ।
ਮੇਰੇ ਅੱਪਾ ਇੱਕ ਕੰਟੀਨ ਲਈ ਲੱਕੜ ਇਕੱਠੀ ਕਰਿਆ ਕਰਦੇ ਸਨ। ਇਹ ਕੰਟੀਨ ਨੀਲਗਿਰੀ ਦੇ ਗੁਡਾਲੂਰ ਬਲਾਕ ਦੇ ਬੋਕਾਪੁਰਮ ਨੇੜੇ ਸਿੰਗਾਰਾ ਪਿੰਡ ਦੇ ਇੱਕ ਵੱਡੇ ਕੌਫੀ ਅਸਟੇਟ ਵਿੱਚ ਸੀ।
ਇਸ ਖੇਤਰ ਦੇ ਜ਼ਿਆਦਾਤਰ ਲੋਕੀਂ ਉੱਥੇ ਹੀ ਕੰਮ ਕਰਦੇ ਸਨ। ਵਿਆਹ ਤੋਂ ਬਾਅਦ, ਅੰਮਾ ਘਰੇ ਰਹਿ ਕੇ ਸਾਡੇ ਸਾਰਿਆਂ ਦੀ ਦੇਖਭਾਲ਼ ਕਰਦੀ। ਅਲਹਿਦਗੀ ਤੋਂ ਬਾਅਦ, ਅੰਮਾ ਨੇ ਸਿੰਗਾਰਾ ਕੌਫੀ ਅਸਟੇਟ ਵਿੱਚ 150 ਰੁਪਏ ਦਿਹਾੜੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਮੇਰੀ ਮਾਂ ਹਰ ਰੋਜ਼ ਸਵੇਰੇ 7 ਵਜੇ ਕੰਮ ਲਈ ਨਿਕਲ਼ਦੀ ਸੀ, ਧੁੱਪ ਤੇ ਮੀਂਹ ਦੀ ਪਰਵਾਹ ਕੀਤੇ ਬਗ਼ੈਰ ਕੰਮ ਕਰਦੀ। "ਦੁਪਹਿਰ ਦੇ ਖਾਣੇ ਦੌਰਾਨ ਵੀ ਉਹ ਕਦੇ ਆਰਾਮ ਨਾ ਕਰਦੀ," ਮੈਂ ਮਾਂ ਦੀਆਂ ਸਹੇਲੀਆਂ (ਸਹਿਕਰਮੀ) ਨੂੰ ਕਹਿੰਦੇ ਸੁਣਿਆ। ਲਗਭਗ ਅੱਠ ਸਾਲਾਂ ਤੱਕ, ਅੰਮਾ ਨੇ ਉਸੇ ਮਿਹਨਤ ਨਾਲ਼ ਘਰ ਦੀ ਗੱਡੀ ਚਲਾਈ। ਮੈਂ ਉਸ ਨੂੰ ਹਰ ਰੋਜ਼ ਸ਼ਾਮੀਂ 7:30 ਵਜੇ ਕੰਮ ਤੋਂ ਘਰ ਆਉਂਦੇ ਦੇਖਿਆ ਹੈ, ਉਹਦੀ ਭਿੱਜੀ ਸਾੜੀ, ਕੰਬਦੀ ਦੇਹ ਤੇ ਗਿੱਲੇ ਤੌਲ਼ੀਏ ਵਿੱਚ ਸੁੰਗੜਦੀ ਜਾਂਦੀ ਮੇਰੀ ਮਾਂ। ਬਰਸਾਤ ਦੇ ਅਜਿਹੇ ਦਿਨਾਂ ਵਿੱਚ ਸਾਡਾ ਘਰ ਚੋਣ ਲੱਗਦਾ। ਮਾਂ ਇੱਕ ਖੂੰਜੇ ਤੋਂ ਦੂਜੇ ਖੂੰਜੇ ਭੱਜਦੀ ਫਿਰਦੀ ਬੂੰਦਾਂ ਹੇਠ ਭਾਂਡੇ ਰੱਖਦੀ ਰਹਿੰਦੀ।
ਮੈਂ ਅੱਗ ਬਾਲ਼ਣ ਵਿੱਚ ਉਹਦੀ ਮਦਦ ਕਰਿਆ ਕਰਦਾ, ਫਿਰ ਬਾਕੀ ਪਰਿਵਾਰ ਰਾਤ ਦੇ ਗਿਆਰਾਂ ਵਜੇ ਤੱਕ ਅੱਗ ਦੁਆਲ਼ੇ ਬੈਠ ਗੱਲਾਂ ਕਰਦਾ ਰਹਿੰਦਾ।
ਕਈ ਰਾਤਾਂ ਨੀਂਦ ਆਉਣ ਤੋਂ ਪਹਿਲਾਂ ਅੰਮਾ ਸਾਡੇ ਨਾਲ਼ ਗੱਲਾਂ ਕਰਦੀ ਤੇ ਸਾਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੀ ਸੀ। ਕਈ ਵਾਰੀਂ ਯਾਦਾਂ ਵਿੱਚ ਡੁੱਬੀ ਮਾਂ ਸਿਸਕੀਆਂ ਭਰਨ ਲੱਗਦੀ। ਜੇ ਅਸੀਂ ਵੀ ਰੋਣ ਲੱਗਦੇ ਤਾਂ ਉਹ ਸਾਡਾ ਧਿਆਨ ਵੰਡਾਉਣ ਲਈ ਅਚਾਨਕ ਕਹਾਣੀ ਦਾ ਰੁਖ ਬਦਲਦੇ ਹੋਏ ਹਸਾਉਣੀਆਂ ਗੱਲਾਂ ਕਰਨ ਲੱਗਦੀ। ਆਖ਼ਰ ਦੁਨੀਆਂ ਦੀ ਕਿਹੜੀ ਮਾਂ ਹੈ ਜੋ ਆਪਣੇ ਬੱਚਿਆਂ ਨੂੰ ਰੋਂਦੇ ਹੋਏ ਦੇਖ ਸਕਦੀ ਹੋਊ?
ਬਾਅਦ ਵਿੱਚ ਮੈਂ ਮਸੀਨਾਗੁੜੀ ਦੇ ਸ਼੍ਰੀ ਸ਼ਾਂਤੀ ਵਿਜੇ ਹਾਈ ਸਕੂਲ ਵਿੱਚ ਦਾਖਲ ਹੋ ਗਿਆ। ਇਹ ਮੇਰੀ ਮਾਂ ਦੇ ਮਾਲਕ ਦੁਆਰਾ ਚਲਾਇਆ ਜਾਂਦਾ ਸੀ। ਇਹ ਸਕੂਲ ਉਨ੍ਹਾਂ ਲੋਕਾਂ ਦੇ ਬੱਚਿਆਂ ਲਈ ਬਣਾਇਆ ਗਿਆ ਸੀ ਜੋ ਉੱਥੇ ਕੰਮ ਕਰਦੇ ਸਨ। ਮਾਹੌਲ ਮੈਨੂੰ ਜੇਲ੍ਹ ਵਰਗਾ ਜਾਪਦਾ ਸੀ। ਮੇਰੀ ਮਾਂ ਨੇ ਮੇਰੇ ਇਤਰਾਜ਼ਾਂ ਦੇ ਬਾਵਜੂਦ ਉੱਥੇ ਪੜ੍ਹਨ 'ਤੇ ਜ਼ੋਰ ਦਿੱਤਾ ਤੇ ਮੇਰੇ ਜ਼ਿੱਦ ਫੜ੍ਹਨ 'ਤੇ ਮੇਰੀ ਛਿੱਤਰ-ਪਰੇਡ ਵੀ ਕੀਤੀ। ਬਾਅਦ ਵਿੱਚ, ਅਸੀਂ ਆਪਣਾ ਨਾਨਕਾ ਘਰ ਛੱਡ ਦਿੱਤਾ ਅਤੇ ਆਪਣੀ ਭੈਣ ਦੇ ਸਹੁਰੇ ਘਰ ਰਹਿਣ ਚਲੇ ਗਏ। ਇਹ ਦੋ ਕਮਰੇ ਦੀ ਝੌਂਪੜੀ ਸੀ। ਮੇਰੀ ਭੈਣ, ਕੁਮਾਰੀ ਨੇ ਜੀਟੀਆਰ, ਮਿਡਲ ਸਕੂਲ ਜਾਣਾ ਜਾਰੀ ਰੱਖਿਆ।
ਮੇਰੀ ਵੱਡੀ ਭੈਣ, ਸ਼ਸ਼ੀਕਲਾ ਨੇ ਸਕੂਲ ਛੱਡ ਦਿੱਤਾ ਕਿਉਂਕਿ ਉਹ ਆਪਣੀ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਦਬਾਅ ਸਹਿਣ ਨਹੀਂ ਕਰ ਸਕੀ। ਇਸ ਤੋਂ ਬਾਅਦ ਉਸ ਨੇ ਘਰ ਦੇ ਕੰਮਾਂ 'ਚ ਆਪਣੀ ਮਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇੱਕ ਸਾਲ ਬਾਅਦ ਸ਼ਸ਼ੀਕਲਾ ਨੂੰ ਤਿਰੂਪੁਰ ਦੀ ਇੱਕ ਟੈਕਸਟਾਈਲ ਫੈਕਟਰੀ 'ਚ ਨੌਕਰੀ ਮਿਲ ਗਈ। ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਘਰ ਆਉਂਦੀ ਸੀ। ਉਹਦੀ 6,000 ਰੁਪਏ ਦੀ ਮਹੀਨਾ ਤਨਖਾਹ ਨੇ ਸਾਨੂੰ ਪੰਜ ਸਾਲਾਂ ਤੱਕ ਘਰ ਚਲਾਉਣ ਵਿੱਚ ਮਦਦ ਕੀਤੀ। ਅੰਮਾ ਅਤੇ ਮੈਂ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਉਸ ਨੂੰ ਮਿਲ਼ਣ ਜਾਂਦੇ ਸੀ। ਫਿਰ ਉਹ ਆਪਣੇ ਬਚਾਏ ਪੈਸੇ ਵੀ ਸਾਨੂੰ ਫੜ੍ਹਾ ਦਿਆ ਕਰਦੀ। ਆਪਣੀ ਵੱਡੀ ਭੈਣ ਦੇ ਕੰਮ ਕਰਨਾ ਸ਼ੁਰੂ ਕਰਨ ਦੇ ਇੱਕ ਸਾਲ ਬਾਅਦ, ਅੰਮਾ ਨੇ ਕੌਫੀ ਅਸਟੇਟ ਵਿੱਚ ਕੰਮ ਕਰਨਾ ਛੱਡ ਦਿੱਤਾ। ਫਿਰ ਅੰਮਾ ਸਾਡੀ ਵੱਡੀ ਭੈਣ ਚਿਤਰਾ ਦੇ ਬੱਚਿਆਂ ਦੀ ਦੇਖਭਾਲ਼ ਕਰਨ ਅਤੇ ਘਰ ਸੰਭਾਲ਼ਣ ਵਿੱਚ ਸਮਾਂ ਬਿਤਾਉਣ ਲੱਗੀ।
ਮੈਂ ਕਿਸੇ ਤਰ੍ਹਾਂ ਸ਼ਾਂਤੀ ਵਿਜੇ ਹਾਈ ਸਕੂਲ ਵਿੱਚ 10ਵੀਂ ਜਮਾਤ ਪੂਰੀ ਕਰਨ ਵਿੱਚ ਕਾਮਯਾਬ ਰਿਹਾ। ਉਸ ਤੋਂ ਬਾਅਦ ਮੈਂ ਕੋਟਾਗਿਰੀ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਵਿੱਚ ਉੱਚ ਸੈਕੰਡਰੀ ਜਮਾਤਾਂ ਵਿੱਚ ਦਾਖਲ ਹੋ ਗਿਆ। ਮੇਰੀ ਮਾਂ ਗਾਂ ਦੇ ਗੋਹੇ ਦੀਆਂ ਪਾਥੀਆਂ ਵੇਚ ਮੇਰੀ ਪੜ੍ਹਾਈ ਦਾ ਖਰਚਾ ਚੁੱਕਦੀ। ਉਹ ਮੈਨੂੰ ਬਿਹਤਰ ਮੌਕਾ ਦੇਣ ਲਈ ਦ੍ਰਿੜ ਸੀ।
ਅੱਪਾ ਨੇ ਨਾ ਸਿਰਫ਼ ਸਾਨੂੰ ਛੱਡਿਆ ਬਲਕਿ ਸਾਡਾ ਘਰ ਵੀ ਤੋੜ ਦਿੱਤਾ ਤੇ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ। ਅਸੀਂ ਸ਼ਰਾਬ ਦੀ ਇੱਕ ਬੋਤਲ ਮਿੱਟੀ ਦੇ ਤੇਲ ਨਾਲ਼ ਭਰੀ ਅਤੇ ਦੀਵਾ ਬਣਾਇਆ। ਫਿਰ ਅਸੀਂ ਦੋ ਸੇਂਬੂ (ਤਾਂਬੇ) ਦੀਵੇ ਲੈ ਕੇ ਆਏ। ਇਨ੍ਹਾਂ ਦੀਵਿਆਂ ਨੇ ਦਸ ਸਾਲਾਂ ਤੱਕ ਸਾਡਾ ਘਰ ਰੌਸ਼ਨ ਕੀਤਾ। ਅਖ਼ੀਰ, ਜਦੋਂ ਮੈਂ 12ਵੀਂ ਜਮਾਤ ਵਿੱਚ ਹੋਇਆ ਤਾਂ ਮੇਰੇ ਘਰ ਦੀ ਬਿਜਲੀ ਮੁੜ ਬਹਾਲ ਹੋਈ।
ਅੰਮਾ ਨੇ ਬਿਜਲੀ ਬਹਾਲੀ ਲਈ ਬਹੁਤ ਸੰਘਰਸ਼ ਕੀਤਾ ਹੈ। ਇਸ ਲੜਾਈ ਵਿੱਚ ਅਧਿਕਾਰੀਆਂ ਨਾਲ਼ ਲੜਨ ਦੇ ਨਾਲ਼-ਨਾਲ਼ ਆਪਣੇ ਡਰ (ਕਰੰਟ ਲੱਗਣ ਦੇ) 'ਤੇ ਕਾਬੂ ਪਾਉਣਾ ਵੀ ਸ਼ਾਮਲ ਸੀ। ਜਦੋਂ ਘਰ ਕੋਈ ਨਾ ਹੁੰਦਾ ਤਾਂ ਉਹ ਸਾਰੀਆਂ ਬੱਤੀਆਂ ਬੰਦ ਕਰਕੇ ਸਿਰਫ਼ ਦੀਵਾ ਬਾਲ਼ ਬਹਿ ਜਾਂਦੀ। ਜਦੋਂ ਮੈਂ ਇੱਕ ਵਾਰ ਆਪਣੀ ਮਾਂ ਨੂੰ ਪੁੱਛਿਆ ਕਿ ਉਹ ਇੰਝ ਕਿਉਂ ਕਰਦੀ ਹੈ, ਤਾਂ ਉਸਨੇ ਮੈਨੂੰ ਇੱਕ ਔਰਤ ਦੀ ਕਹਾਣੀ ਸੁਣਾਈ ਜਿਸਦੀ ਪਿਛਲੇ ਦਿਨੀਂ ਸਿੰਗਾਰਾ ਵਿੱਚ ਕਰੰਟ ਲੱਗਣ ਨਾਲ਼ ਮੌਤ ਹੋ ਗਈ ਸੀ।
ਮੈਂ ਆਪਣੀ ਅੱਗੇ ਦੀ ਪੜ੍ਹਾਈ ਲਈ ਆਪਣੇ ਜ਼ਿਲ੍ਹਾ ਹੈੱਡਕੁਆਰਟਰ, ਉਧਗਮੰਡਲਮ (ਊਟੀ) ਦੇ ਆਰਟਸ ਕਾਲਜ ਵਿੱਚ ਦਾਖਲ ਹੋ ਗਿਆ। ਮਾਂ ਨੇ ਮੇਰੀ ਪੜ੍ਹਾਈ ਪੂਰੀ ਕਰਨ ਲਈ ਕਰਜ਼ਾ ਲਿਆ। ਉਸੇ ਪੈਸੇ ਨਾਲ਼, ਉਸਨੇ ਮੈਨੂੰ ਕਿਤਾਬਾਂ ਅਤੇ ਕੱਪੜੇ ਦੁਆਏ। ਇਸ ਕਰਜ਼ੇ ਨੂੰ ਚੁਕਾਉਣ ਲਈ, ਉਸਨੇ ਸਬਜ਼ੀਆਂ ਦੀਆਂ ਬਗ਼ੀਚੀਆਂ ਵਿੱਚ ਕੰਮ ਕਰਨਾ ਅਤੇ ਸੁੱਕਾ ਗੋਹਾ ਇਕੱਠਾ ਕਰਨਾ ਸ਼ੁਰੂ ਕੀਤਾ। ਪਹਿਲਾਂ-ਪਹਿਲ ਮਾਂ ਮੈਨੂੰ ਪੈਸੇ ਭੇਜਿਆ ਕਰਦੀ ਫਿਰ ਮੈਂ ਇੱਕ ਕੈਟਰਿੰਗ ਸਰਵਿਸ ਵਿੱਚ ਪਾਰਟ-ਟਾਈਮ ਕੰਮ ਕਰਨ ਲੱਗਿਆ ਤੇ ਆਪਣਾ ਖਰਚਾ ਕੱਢ ਬਾਕੀ ਪੈਸੇ ਘਰੇ ਵੀ ਭੇਜ ਦਿੰਦਾ। 50 ਸਾਲਾਂ ਨੂੰ ਢੁਕ ਚੁੱਕੀ ਅੰਮਾ ਨੇ ਅੱਜ ਤੱਕ ਕਿਸੇ ਤੋਂ ਵਿੱਤੀ ਮਦਦ ਨਹੀਂ ਮੰਗੀ। ਪੈਸੇ ਖਾਤਰ ਉਹ ਹਮੇਸ਼ਾ ਕੰਮ ਕਰਨ ਲਈ ਤਿਆਰ ਰਹਿੰਦੀ ਸੀ।
ਮੇਰੀ ਭੈਣ ਦੇ ਬੱਚੇ ਵੱਡੇ ਹੋ ਗਏ ਅਤੇ ਆਂਗਨਵਾੜੀ ਜਾਣ ਲੱਗੇ। ਉਨ੍ਹਾਂ ਨੂੰ ਆਂਗਨਵਾੜੀ ਛੱਡ ਕੇ ਅੰਮਾ ਜੰਗਲਾਂ-ਖੇਤਾਂ ਵਿੱਚ ਸੁੱਕਾ ਗੋਹਾ ਇਕੱਠਾ ਕਰਨ ਨਿਕਲ਼ ਜਾਂਦੀ। ਪੂਰੇ ਹਫ਼ਤੇ ਇਕੱਠੇ ਕੀਤੇ ਗੋਹੇ ਦੀ ਇੱਕ ਬਾਲਟੀ ਉਹ 80 ਰੁਪਏ ਦੀ ਵੇਚਦੀ। ਉਹ ਸਵੇਰੇ 9 ਵਜੇ ਰਵਾਨਾ ਹੁੰਦੀ ਅਤੇ ਸ਼ਾਮ 4 ਵਜੇ ਘਰ ਮੁੜਦੀ। ਢਿੱਡ ਭਰਨ ਲਈ ਉਹ ਜੰਗਲੀ ਫਲ, ਕਡਾਲੀਪਾਲਮ (ਇੱਕ ਕਿਸਮ ਦਾ ਕੈਕਟਸ) ਖਾਂਦੀ।
ਜਦੋਂ ਮੈਂ ਮਾਂ ਨੂੰ ਪੁੱਛਦਾ ਕਿ ਇੰਨਾ ਘੱਟ ਖਾ ਕੇ ਵੀ ਤੁਹਾਨੂੰ ਇੰਨੀ ਊਰਜਾ ਕਿੱਥੋਂ ਮਿਲਦੀ ਹੈ। ਉਹ ਕਹਿੰਦੀ,"ਜਦੋਂ ਮੈਂ ਛੋਟੀ ਸਾਂ, ਮੈਂ ਬਹੁਤ ਮਾਸ ਖਾਂਦੀ, ਹਰੀਆਂ ਸਬਜ਼ੀਆਂ, ਤਣੇ ਤੇ ਕੰਦਮੂਲ਼ ਖਾਂਦੀ। ਉਨ੍ਹਾਂ ਦਿਨਾਂ ਵਿੱਚ ਖਾਧੀ ਖੁਰਾਕ ਨਾਲ਼ ਮੈਂ ਅੱਜ ਤੱਕ ਊਰਜਾਵਾਨ ਹਾਂ।'' ਉਹਨੂੰ ਜੰਗਲੀ ਹਰੀਆਂ ਸਬਜ਼ੀਆਂ ਪਸੰਦ ਸਨ! ਪਰ ਕਈ ਵਾਰ ਮੈਂ ਮਾਂ ਨੂੰ ਸਿਰਫ਼ ਕਣੀਆਂ ਦਾ ਦਲਿਆ- ਲੂਣ ਤੇ ਪਾਣੀ ਵਿੱਚ ਉਬਲ਼ਿਆ-ਖਾਂਦੇ ਦੇਖਿਆ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਮੈਂ ਮਾਂ ਨੂੰ ਕਦੇ ਇਹ ਕਹਿੰਦੇ ਨਹੀਂ ਸੁਣਿਆ,''ਮੈਨੂੰ ਭੁੱਖ ਲੱਗੀ ਹੈ।'' ਉਹਦਾ ਪੂਰਾ ਧਿਆਨ ਸਾਡੀ ਭੁੱਖ ਮਿਟਾਉਣ ਤੇ ਢਿੱਡ ਭਰਨ ਵੱਲ ਲੱਗਿਆ ਰਹਿੰਦਾ।
ਸਾਡੇ ਘਰ ਵਿੱਚ ਤਿੰਨ ਕੁੱਤੇ ਹਨ। ਉਨ੍ਹਾਂ ਦੇ ਨਾਮ ਦੀਆ, ਦੇਵ ਅਤੇ ਰਾਸਤੀ ਹਨ। ਇੱਥੇ ਬੱਕਰੀਆਂ ਵੀ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਰੰਗ ਦੇ ਆਧਾਰ 'ਤੇ ਬੁਲਾਇਆ ਜਾਂਦਾ ਹੈ। ਇਹ ਜਾਨਵਰ ਵੀ ਸਾਨੂੰ ਪਰਿਵਾਰ ਵਾਂਗਰ ਅਜੀਜ਼ ਹਨ। ਮਾਂ ਉਨ੍ਹਾਂ ਦੀ ਓਨੀ ਹੀ ਪਰਵਾਹ ਕਰਦੀ ਹੈ ਜਿੰਨੀ ਉਹ ਸਾਡੀ ਦੇਖਭਾਲ਼ ਕਰਦੀ ਹੈ। ਉਹ ਵੀ ਉਹਨੂੰ ਓਨਾ ਹੀ ਪ੍ਰੇਮ ਕਰਦੇ ਹਨ। ਹਰ ਸਵੇਰ, ਅੰਮਾ ਉਨ੍ਹਾਂ ਨੂੰ ਪਾਣੀ ਦਿੰਦੀ ਹੈ ਅਤੇ ਉਨ੍ਹਾਂ ਨੂੰ ਖੁਆਉਂਦੀ ਹੈ। ਬੱਕਰੀਆਂ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਚੌਲ਼ਾਂ ਦਾ ਦਲਿਆ ਪਾਣੀ ਖੁਆਇਆ ਜਾਂਦਾ ਹੈ।
ਅੰਮਾ ਬਹੁਤ ਧਾਰਮਿਕ ਹੈ। ਉਹ ਸਾਡੇ ਰਵਾਇਤੀ ਦੇਵਤਿਆਂ ਨਾਲ਼ੋਂ ਵੀ ਵੱਧ ਸ਼ਰਧਾ ਦੇਵਤੇ ਜੇਡਾਸਵਾਮੀ ਅਤੇ ਅਯੱਪਨ ਪ੍ਰਤੀ ਰੱਖਦੀ ਹੈ। ਉਹ ਅੰਮਾ ਜੇਡਾਸਵਾਮੀ ਮੰਦਰ ਵੀ ਜਾਂਦੀ ਹੈ, ਹਫ਼ਤੇ ਵਿੱਚ ਇੱਕ ਵਾਰ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਦੀ ਹੈ। ਉੱਥੇ ਉਹ ਆਪਣੇ ਮਨਪਸੰਦ ਪਰਮੇਸ਼ੁਰ ਦੇ ਸਾਹਮਣੇ ਆਪਣੇ ਦੁੱਖ ਅਤੇ ਸੁੱਖ ਫਰੋਲਦੀ ਹੈ।
ਮੈਂ ਕਦੇ ਵੀ ਆਪਣੀ ਮਾਂ ਨੂੰ ਆਪਣੇ ਲਈ ਸਾੜੀ ਖਰੀਦਦੇ ਨਹੀਂ ਦੇਖਿਆ। ਉਹਦੇ ਕੋਲ਼ ਸਿਰਫ਼ ਅੱਠ ਸਾੜੀਆਂ ਹਨ। ਉਹ ਵੀ ਮੇਰੀ ਮਾਸੀ ਤੇ ਵੱਡੀਆਂ ਭੈਣਾਂ ਨੇ ਲੈ ਕੇ ਦਿੱਤੀਆਂ ਹਨ। ਉਹ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਕਦੇ ਇੱਕ ਕਦੇ ਦੂਜੀ ਸਾੜੀ ਪਹਿਨਦੀ ਰਹਿੰਦੀ ਹੈ।
ਪਹਿਲਾਂ ਪਿੰਡ ਦੇ ਲੋਕ ਸਾਡੇ ਪਰਿਵਾਰ ਵਿੱਚ ਰਹਿੰਦੀ ਕਲੇਸ਼ ਬਾਬਤ ਗੱਲਾਂ ਕਰਿਆਂ ਕਰਦੇ। ਅੱਜ ਉਹ ਇਹ ਵੇਖ ਹੈਰਾਨ ਹਨ ਕਿ ਮੈਂ ਅਤੇ ਮੇਰੇ ਭੈਣ-ਭਰਾ ਇਸ ਸਾਰੇ ਸੰਘਰਸ਼ ਵਿਚਕਾਰ ਵੱਡੇ ਹੋਏ ਹਾਂ। ਹੁਣ ਪਿੰਡ ਦੇ ਲੋਕ ਅੰਮਾ ਨੂੰ ਵਧਾਈ ਦਿੰਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਆਪਣੇ ਬੱਚਿਆਂ ਨੂੰ ਦਿਖਾਏ ਬਿਨਾਂ ਦੇਹੀਂ ਝੱਲਿਆ।
ਅੱਜ ਜਦੋਂ ਮੈਂ ਬੈਠ ਕੇ ਸੋਚਦਾ ਹਾਂ, ਤਾਂ ਮੈਨੂੰ ਚੰਗਾ ਲੱਗਦਾ ਹੈ ਕਿ ਮੇਰੀ ਮਾਂ ਨੇ ਮੈਨੂੰ ਸਕੂਲ ਜਾਣ ਲਈ ਮਜ਼ਬੂਰ ਕੀਤਾ। ਜੇ ਮੈਂ ਉਸ ਸਮੇਂ ਸ਼ਾਂਤੀ ਵਿਜੇ ਹਾਈ ਸਕੂਲ ਨਾ ਗਿਆ ਹੁੰਦਾ, ਤਾਂ ਮੈਂ ਅੱਜ ਅੰਗਰੇਜ਼ੀ ਨਾ ਸਿਖ ਪਾਉਂਦਾ। ਇਹੀ ਉਹ ਥਾਂ ਹੈ ਜਿੱਥੇ ਮੈਂ ਅੰਗਰੇਜ਼ੀ ਸਿੱਖੀ। ਜੇ ਮੇਰੀ ਮਾਂ ਦੀ ਜ਼ਿੱਦ ਨਾ ਹੁੰਦੀ, ਤਾਂ ਮੇਰੀ ਉੱਚ ਸੈਕੰਡਰੀ ਪੜ੍ਹਾਈ ਇੱਕ ਸੰਘਰਸ਼ ਬਣ ਜਾਂਦੀ। ਮੈਂ ਆਪਣੀ ਮਾਂ ਦਾ ਕਰਜ਼ਾ ਕਦੇ ਨਹੀਂ ਮੋੜ ਸਕਦਾ। ਮੈਂ ਆਪਣੀ ਰਹਿੰਦੀ ਜ਼ਿੰਦਗੀ ਆਪਣੀ ਮਾਂ ਦਾ ਰਿਣੀ ਰਹੂੰਗਾ।
ਹੁਣ ਜਦੋਂ ਸਾਰੇ ਮੁਸ਼ਕਲ ਦਿਨ ਖਤਮ ਹੋ ਗਏ ਹਨ, ਮੇਰੀ ਮਾਂ ਕੋਲ਼ ਆਪਣੀਆਂ ਲੱਤਾਂ ਪਸਾਰ ਕੇ ਬੈਠਣ ਲਈ ਕੁਝ ਸਮਾਂ ਹੈ। ਜਦੋਂ ਉਹ ਇੰਝ ਬਹਿੰਦੀ ਹੈ ਤਾਂ ਮੈਂ ਉਹਦੇ ਪੈਰਾਂ ਵੱਲ ਵੇਖਦਾ ਹਾਂ। ਪੈਰ, ਜਿੰਨ੍ਹਾਂ ਸਾਲਾਂ ਤੱਕ ਬਿਨਾਂ ਧੁੱਪ ਅਤੇ ਮੀਂਹ ਦੀ ਪਰਵਾਹ ਕੀਤਿਆਂ ਮਜ਼ਦੂਰੀ ਕੀਤੀ। ਇਹੀ ਉਹ ਲੱਤਾਂ ਹਨ ਜਿਨ੍ਹਾਂ ਨੂੰ ਘੰਟਿਆਂ ਬੱਧੀ ਪਾਣੀ ਵਿੱਚ ਖੜ੍ਹੇ ਰਹਿਣਾ ਪੈਂਦਾ। ਉਹਦੇ ਪੈਰ ਬੰਜਰ ਜ਼ਮੀਨ ਵਰਗੇ ਹਨ, ਤਰੇੜਾਂ ਮਾਰੀਆਂ ਅੱਡੀਆਂ। ਇਹੀ ਉਹ ਤਰੇੜਾਂ ਹੀ ਹਨ ਜਿਨ੍ਹਾਂ ਸਾਨੂੰ ਅੱਜ ਇਸ ਮੁਕਾਮ 'ਤੇ ਲੈ ਆਂਦਾ ਹੈ।
ਤਰਜ਼ਮਾ: ਕਮਲਜੀਤ ਕੌਰ