''ਆਪਣੇ ਵਿਦਿਆਰਥੀਆਂ ਨੂੰ ਬਗ਼ੈਰ ਕਿਸੇ ਸ਼ਰਤ ਤੋਂ ਪਿਆਰ ਕਰਨਾ ਤੇ ਉਨ੍ਹਾਂ ਨੂੰ ਹਰ ਹਾਲਤ ਪ੍ਰਵਾਨ ਕਰਨਾ। ਅਧਿਆਪਕ ਰਹਿੰਦਿਆਂ ਮੈਂ ਬੱਸ ਇਹੀ ਤਾਂ ਸਿੱਖਿਆ ਏ!''
ਮੇਧਾ ਤੇਂਗਸ਼ੇ ਨਰਮੀ ਪਰ ਦ੍ਰਿੜਤਾ ਭਰੇ ਲਹਿਜੇ ਵਿੱਚ ਆਪਣੀ ਗੱਲ ਰੱਖਦੀ ਹਨ। ਇੱਕ ਸਪੈਸ਼ਲ ਅਧਿਆਪਕਾ, ਮੇਧਾ ਸਾਧਨਾ ਪਿੰਡ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ ਜਿੱਥੇ ਉਹ ਅੱਡੋ-ਅੱਡ ਉਮਰ ਵਰਗ ਅਤੇ ਬੌਧਿਕ ਯੋਗਤਾਵਾਂ ਦੇ ਵੱਖ-ਵੱਖ ਪੱਧਰਾਂ ਵਾਲ਼ੇ 30 ਤੋਂ ਵੱਧ ਲੋਕਾਂ ਨੂੰ ਜੀਵਨ ਦੇ ਬੁਨਿਆਦੀ ਢੰਗ ਸਿਖਾਉਣ ਦੇ ਨਾਲ਼ ਕੁਝ ਕਲਾ, ਸੰਗੀਤ ਤੇ ਨਾਚ ਵੀ ਸਿਖਾਉਂਦੀ ਹਨ।
ਸਾਧਨਾ ਪਿੰਡ ਪੁਣੇ ਜ਼ਿਲ੍ਹੇ ਦੇ ਮੁਲਸ਼ੀ ਬਲਾਕ ਵਿੱਚ ਪੈਂਦਾ ਹੈ। ਇਸ ਰਿਹਾਇਸ਼ੀ ਸੰਸਥਾ, ਜਿੱਥੇ ਬੌਧਿਕ ਅਪੰਗਤਾਵਾਂ ਵਾਲ਼ੇ ਬਾਲਗ਼ ਵਿਦਿਆਰਥੀਆਂ ਨੂੰ 'ਸਪੈਸ਼ਲ ਫਰੈਂਡਜ਼' ਕਿਹਾ ਜਾਂਦਾ ਹੈ ਅਤੇ ਮੇਧਾ ਤਾਈ , ਸਿਖਲਾਈ ਪ੍ਰਾਪਤ ਪੱਤਰਕਾਰ, ਵਰਗੇ ਅਧਿਆਪਕ ਆਪਣੇ-ਆਪ ਨੂੰ 10 ਵਿਦਿਆਰਥੀਆਂ ਲਈ ਗ੍ਰਹਿਮਾਤਾ (ਘਰੇਲੂ ਮਾਂ) ਵਜੋਂ ਤਸਲੀਮ ਕਰਦੀ ਹਨ,''ਇੱਕ ਮਾਂ ਜੋ ਅਧਿਆਪਕਾ ਵੀ ਹੈ।''
ਅਜਿਹੀ ਭਾਵਨਾ ਨਾਲ਼ ਹੀ, ਪੁਣੇ ਦੇ ਧਯਾਰੀ ਸਕੂਲ ਫ਼ਾਰ ਦਿ ਹੀਅਰਿੰਗ ਇੰਪੇਅਰਡ ਦੀ ਇੱਕ ਸਪੈਸ਼ਲ ਅਧਿਆਪਕਾ, ਸੱਤਿਆਭਾਮਾ ਅਲਹਤ ਸਹਿਮਤ ਹਨ। ''ਸਾਡੇ ਵਰਗੇ ਰਿਹਾਇਸ਼ੀ ਸਕੂਲ ਵਿੱਚ ਇੱਕ ਅਧਿਆਪਕ ਹੀ ਬੱਚਿਆਂ ਦੇ ਮਾਪੇ ਵੀ ਹਨ ਅਤੇ ਅਸੀਂ ਨਹੀਂ ਚਾਹਾਂਗੇ ਕਿ ਸਾਡਾ ਬੱਚਾ ਸਕੂਲੋਂ ਦੂਰ ਰਹੇ,'' ਉਹ ਪਾਰੀ ਨੂੰ ਦੱਸਦੀ ਹੋਈ ਫੁਗੜੀ ਖੇਡਣ ਕੁਝ ਕੁੜੀਆਂ ਵੱਲ ਮੁੜਦੀ ਹਨ। ਫੁਗੜੀ ਨਾਗ-ਪੰਚਮੀ ਅਧਾਰਤ ਇੱਕ ਰਵਾਇਤੀ ਖੇਡ ਹੈ, ਇੱਕ ਤਿਓਹਾਰ ਜੋ ਸਾਉਣ ਦੇ ਪੰਜਵੇਂ ਦਿਨ ਮਨਾਇਆ ਜਾਂਦਾ ਹੈ। ਧਯਾਰੀ ਇੱਕ ਪ੍ਰਾਇਮਰੀ ਸਕੂਲ ਹੈ ਜਿਸ ਵਿੱਚ 40 ਰੈਜ਼ੀਡੈਂਟ ਵਿਦਿਆਰਥੀ ਅਤੇ 12 ਬੱਚੇ ਹਰ ਰੋਜ਼ ਸਕੂਲ ਆਉਂਦੇ-ਜਾਂਦੇ ਹਨ। ਇਹ ਬੱਚੇ ਮਹਾਰਾਸ਼ਟਰ, ਕਰਨਾਟਕ, ਦਿੱਲੀ, ਪੱਛਮੀ ਬੰਗਾਲ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਆਉਂਦੇ ਹਨ।
ਸੱਤਿਆਭਾਮਾ ਨੇ ਪਾਰੀ ਨੂੰ ਦੱਸਿਆ ਕਿ ਮਾਪੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਇਸ ਲਈ ਵੀ ਪੜ੍ਹਾਉਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਇੱਥੋਂ ਪੜ੍ਹ ਕੇ ਗਏ ਬੱਚਿਆਂ ਕੋਲ਼ੋਂ ਇੱਥੇ ਮੌਜੂਦ ਸੁਵਿਧਾਵਾਂ ਤੇ ਅਧਿਆਪਕਾਂ ਬਾਰੇ ਚੰਗੀਆਂ-ਚੰਗੀਆਂ ਗੱਲਾਂ ਸੁਣੀਆਂ ਹਨ। ਮੁਫ਼ਤ ਸਿੱਖਿਆ ਤੇ ਰਿਹਾਇਸ਼ ਦਾ ਬੰਦੋਬਸਤ ਹੋਣਾ ਇਹਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ, ਇੱਥੇ ਸਾਢੇ ਚਾਰ ਸਾਲ ਦੇ ਬੱਚੇ ਵੀ ਆ ਸਕਦੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਸੁਣਨ ਤੋਂ ਅਸਰੱਥ ਬੱਚਿਆਂ ਕੋਲ਼ੋਂ ਦਾਖ਼ਲੇ ਬਾਬਤ ਕੋਈ ਪੁੱਛ-ਗਿੱਛ ਵੀ ਨਹੀਂ ਕੀਤੀ ਜਾਂਦੀ। ''ਸੁਣ ਸਕਣ ਵਾਲ਼ੇ ਬੱਚਿਆਂ ਦੇ ਮਾਪੇ ਵੀ ਇੱਥੇ ਆਉਂਦੇ ਹਨ ਤੇ ਦਾਖ਼ਲੇ ਬਾਰੇ ਪੁੱਛ-ਪੜਤਾਲ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਾਡਾ ਸਕੂਲ ਪਸੰਦ ਹੈ। ਸਾਨੂੰ ਉਨ੍ਹਾਂ ਨੂੰ ਵਾਪਸ ਭੇਜਣਾ ਪੈਂਦਾ ਹੈ,'' ਸੱਤਿਆਭਾਮਾ ਕਹਿੰਦੀ ਹਨ।
ਅਪੰਗ ਬੱਚਿਆਂ ਦੇ ਅਧਿਆਪਕਾਂ ਨੂੰ 'ਸਪੈਸ਼ਲ ਐਜੁਕੇਟਰਸ' ਆਖਿਆ ਜਾਂਦਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ਼ ਸਿੱਖਿਅਤ ਕਰਦੇ ਹਨ ਕਿ ਉਨ੍ਹਾਂ ਦੇ ਵਿਅਕਤੀਗਤ ਮਤਭੇਦਾਂ, ਅਸਮਰੱਥਾਵਾਂ, ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਿਆ ਜਾ ਸਕੇ ਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਇਆ ਜਾ ਸਕੇ। ਇਨ੍ਹਾਂ ਵਿੱਚੋਂ ਬਹੁਤੇਰੇ ਅਧਿਆਪਕਾਂ ਤੇ ਸਿਖਲਾਇਕਾਂ ਦਾ ਇਹ ਮੰਨਣਾ ਹੈ ਕਿ ਸਪੈਸ਼ਲ ਸਿੱਖਿਆ ਤਕਨੀਕਾਂ ਤੇ ਵਿਧੀਆਂ ਨਾਲ਼ੋਂ ਕਿਤੇ ਵੱਧ ਕੇ ਹੈ। ਇਹ ਤਾਂ ਅਧਿਆਪਕ ਤੇ ਬੱਚੇ ਵਿਚਾਲੇ ਆਪਸੀ ਵਿਸ਼ਵਾਸ ਅਤੇ ਰਿਸ਼ਤੇ ਦਾ ਅਹਿਸਾਸ ਹੈ।
ਅਪੰਗ ਲੋਕਾਂ ਨੂੰ ਲੈ ਕੇ 2018 ਦੀ ਰਾਜ ਨੀਤੀ ਦਾ ਉਦੇਸ਼ ਹਰ ਸਕੂਲ ਵਿੱਚ ਘੱਟੋ ਘੱਟ ਇੱਕ ਸਪੈਸ਼ਲ ਅਧਿਆਪਕ ਤਾਇਨਾਤ ਕਰਨਾ ਹੈ ਤਾਂ ਜੋ ਸਿੱਖਿਆ ਤੱਕ ਪਹੁੰਚ ਬਣਾਉਣ ਵਿੱਚ ਸਪੈਸ਼ਲ ਬੱਚਿਆਂ ਦੀ ਸਹਾਇਤਾ ਕੀਤੀ ਜਾ ਸਕੇ। ਪਰ ਮੇਧਾ ਤਾਈ ਦੇ ਅਨੁਸਾਰ, 2018 ਵਿੱਚ 96 ਪਿੰਡਾਂ ਵਾਲੇ ਪੂਰੇ ਮੁਲਸ਼ੀ ਬਲਾਕ ਲਈ ਸਿਰਫ ਨੌਂ ਹੀ ਸਪੈਸ਼ਲ ਅਧਿਆਪਕ ਨਿਯੁਕਤ ਕੀਤੇ ਗਏ ਸਨ।
ਅਪੰਗ ਲੋਕਾਂ ਦੇ ਅਧਿਆਪਕ ਉਨ੍ਹਾਂ ਦੇ ਵਿਅਕਤੀਗਤ ਮਤਭੇਦਾਂ, ਅਸਮਰੱਥਾਵਾਂ ਤੇ ਵਿਸ਼ੇਸ਼ ਲੋੜਾਂ ਨੂੰ ਪੂਰਿਆਂ ਕਰਦੇ ਹਨ ਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਂਦੇ ਹਨ
*****
ਇੱਕ ਸਪੈਸ਼ਲ ਸਿਖਲਾਇਕ ਨੂੰ ਵੀ ਵਿਸ਼ੇਸ਼ ਅਧਿਆਪਨ ਢੰਗ-ਤਰੀਕਿਆਂ ਦੀ ਲੋੜ ਹੁੰਦੀ ਹੈ। ਇਹ ਕੰਮ ਸੌਖ਼ਾ ਨਹੀਂ, ''ਖ਼ਾਸ ਕਰਕੇ ਜਦੋਂ ਵਿਦਿਆਰਥੀ ਤੁਹਾਡੇ ਮਾਪਿਆਂ ਦੀ ਉਮਰ ਦੇ ਹੋਣ,'' 26 ਸਾਲਾ ਰਾਹੁਲ ਵਾਨਖੇੜੇ ਕਹਿੰਦੇ ਹਨ ਜੋ ਸਮਾਜ ਸੇਵੀ ਹਨ ਤੇ ਪਿਛਲੇ ਸਾਲ ਤੋਂ ਇੱਥੇ ਹੀ ਤਾਇਨਾਤ ਹਨ। ਉਨ੍ਹਾਂ ਦੀ ਸੀਨੀਅਰ ਸਹਿਕਰਮੀ, ਵਰਧਾ ਦੀ ਰਹਿਣ ਵਾਲ਼ੀ 27 ਸਾਲਾ ਕੰਚਨ ਯੇਸੰਕਰ ਨੇ ਪੰਜ ਸਾਲ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਲੇਖੇ ਲਾਏ, ਜਿਨ੍ਹਾਂ ਤੋਂ ਕੰਚਨ ਨੇ ਸਿੱਖਿਆ ਕਿ ਜੀਵਨ ਵਿੱਚ ਖ਼ੁਸ਼ ਕਿਵੇਂ ਰਹੀਦਾ ਹੈ।
ਵੀਹ ਸਾਲਾ ਕੁਨਾਲ ਗੁਜਰ ਦੀ ਬੌਧਿਕਤਾ ਇੱਕ ਸੀਮਾ ਤੱਕ ਹੈ ਤੇ ਉਨ੍ਹਾਂ ਨੂੰ ਖੱਬੇ ਹੱਥ ਦੀ ਕਮਜ਼ੋਰੀ ਵੀ ਹੈ। ਕਮਿਊਨਿਟੀ ਵਰਕਰ, 34 ਸਾਲਾ ਮਯੂਰੀ ਗਾਇਕਵਾੜ ਤੇ ਉਨ੍ਹਾਂ ਦੇ ਸਹਿਯੋਗੀ ਨੇ ਕੁਨਾਲ ਤੇ ਸੱਤ ਹੋਰ ਸਪੈਸ਼ਲ ਬੱਚਿਆਂ ਲਈ ਕਲਾਸਾਂ ਅਯੋਜਿਤ ਕੀਤੀਆਂ। ''ਉਹਨੇ ਮੈਨੂੰ ਗੀਤ ਤੇ ਪਹਾੜੇ ਸਿਖਾਏ ਤੇ ਕਸਰਤ ਕਰਨਾ ਵੀ। ਹਾਤਾ ਸੇ ਕਾਰਾਯਚੇ, ਮਗ ਅਸੇ, ਮਗ ਤਸੇ (ਆਪਣੇ ਹੱਥ ਨੂੰ ਇੰਝ ਹਿਲਾਓ ਤੇ ਇੰਝ ਹਿਲਾਓ),'' ਕੁਨਾਲ ਪੁਣੇ ਨੇੜੇ ਹਦਸ਼ੀ ਦੇ ਕਾਲੇਕਾਰ ਵਾੜੀ ਦੇ ਦੇਵਰਾਈ ਕੇਂਦਰ ਵਿਖੇ ਆਪਣੇ ਅਧਿਆਪਕਾਂ ਬਾਰੇ ਗੱਲ ਕਰਦਿਆਂ ਕਹਿੰਦੇ ਹਨ।
ਕਾਤਕਾਰੀ ਆਦਿਵਾਸੀ ਬੱਚਿਆਂ ਦੇ ਨਾਲ਼ ਕੰਮ ਕਰਨ ਵਾਲ਼ੀ ਤੇ ਲਾਈਬ੍ਰੇਰੀ ਚਲਾਉਣ ਵਾਲ਼ੀ ਮਯੂਰੀ ਕਹਿੰਦੀ ਹਨ ਕਿ ਇਸ ਭੂਮਿਕਾ ਵਾਸਤੇ ਇਨ੍ਹਾਂ ਬੱਚਿਆਂ ਪ੍ਰਤੀ ਮੋਹ ਤੇ ਅਪਣੱਤ ਦਾ ਅਹਿਸਾਸ ਹੋਣਾ ਬੇਹੱਦ ਜ਼ਰੂਰੀ ਹੈ। ਉਹ ਇੱਕ ਕਿਸਾਨ ਹਨ ਤੇ ਭਾਈਚਾਰਕ ਕਾਰਕੁੰਨ ਵੀ। ਇਹ ਅਪੰਗ ਬੱਚਿਆਂ ਪ੍ਰਤੀ ਉਨ੍ਹਾਂ ਦਾ ਲਗਾਅ ਅਤੇ ਸਹਿਜਤਾ ਹੀ ਸੀ ਜਿਸ ਸਦਕਾ ਉਹ ਦੇਵਰਾਏ ਕੇਂਦਰ ਵਿਖੇ ਬਤੌਰ ਅਧਿਆਪਕਾ ਸਮਾਂ ਦੇਣ ਨੂੰ ਪ੍ਰੇਰਿਤ ਹੋਈ।
ਸੰਗੀਤਾ ਕਾਲੇਲਰ ਦੇ ਬੇਟੇ ਸੋਹਮ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਤੇ ਉਹੀ ਉਹਦੀ ਇਕਲੌਤੀ ਅਧਿਆਪਕਾ ਵੀ ਰਹੀ ਹਨ- ਜੋ ਉਹਨੂੰ ਬੈਠਣ ਤੋਂ ਲੈ ਕੇ ਗੱਲ ਕਰਨ ਤੱਕ ਹਰ ਗੱਲ ਸਿਖਾਉਂਦੀ ਹਨ। ਉਹ ਦੱਸਦੀ ਹਨ,''ਉਹ ਹੁਣ ' ਆਈ, ਆਈ ' ਕਹਿੰਦਾ ਹੈ।'' ਦੱਸ ਸਾਲਾ ਸੋਹਮ ਚਾਬੀ ਨਾਲ਼ ਖੇਡ ਰਿਹਾ ਹੈ, ਉਹਨੂੰ ਭੁੰਜੇ ਡਿੱਗਦਿਆਂ ਦੇਖ ਰਿਹਾ ਹੈ ਤੇ ਅਵਾਜ਼ਾਂ ਕੱਢ ਰਿਹਾ ਹੈ।''
ਪੁਣੇ ਦੀ ਇੱਕ ਹੋਰ ਰਿਹਾਇਸ਼ੀ ਸੰਸਥਾ, ਧਯਾਰੀ ਸਕੂਲ ਫ਼ਾਰ ਦਿ ਹੀਅਰਿੰਗ ਇੰਪੇਅਰਡ ਵਿਖੇ ਹਰ ਵਾਰੀਂ ਜਦੋਂ ਵੀ ਕੋਈ ਬੱਚਾ ਜਮਾਤ ਵਿੱਚ ਕਿਸੇ ਵੀ ਤਰ੍ਹਾਂ ਦੀ ਅਵਾਜ਼ ਕੱਢਦਾ ਹੈ ਤਾਂ ਅਧਿਆਪਕਾਂ ਵਾਸਤੇ ਇਹ ਬੋਲਣ ਦੀ ਦਿਸ਼ਾ ਵਿੱਚ ਇੱਕ ਕਦਮ ਹੀ ਹੁੰਦਾ ਹੈ। ਇਨ੍ਹਾਂ ਅਵਾਜ਼ਾਂ ਤੇ ਇਸ਼ਾਰਿਆਂ ਤੋਂ ਛੁੱਟ, ''ਉਹ ਵੀ 'ਸਧਾਰਣ' ਬੱਚਿਆਂ ਨਾਲ਼ੋਂ ਕਿਸੇ ਵੀ ਤਰ੍ਹਾਂ ਅੱਡ ਨਹੀਂ ਹਨ,'' ਸੱਤਿਆਭਾਮਾ ਅਲਹਤ ਕਹਿੰਦੀ ਹਨ ਜੋ ਪਿਛਲੇ 24 ਸਾਲਾਂ ਤੋਂ ਇੱਥੇ ਕੰਮ ਕਰਦੀ ਆਈ ਹਨ।
ਇਹ ਸਕੂਲ ਪਿਛਲੇ 50 ਸਾਲਾਂ ਤੋਂ ਸਪੈਸ਼ਲ ਅਧਿਆਪਕਾਂ ਨੂੰ ਸਿਖਲਾਈ ਦੇਣ ਵਾਲ਼ੀ ਪੁਣੇ ਸਥਿਤ ਸੰਸਥਾ ਸੁਹਰੁਦ ਮੰਡਲ ਦੁਆਰਾ ਸੁਣਨ ਤੋਂ ਅਸਮਰੱਥ ਬੱਚਿਆਂ ਸ਼ੁਰੂ ਕੀਤੇ ਗਏ 38 ਸਕੂਲਾਂ ਵਿੱਚੋਂ ਇੱਕ ਹੈ। ਇਨ੍ਹਾਂ ਅਧਿਆਪਕਾਂ ਨੇ ਜਾਂ ਤਾਂ ਬੀਐੱਡ (ਹੀਅਰਿੰਗ ਇੰਪੇਅਰਡ) ਜਾਂ ਡਿਪਲੋਮਾ ਕੋਰਸ ਕੀਤੇ ਹੋਏ ਹਨ ਅਤੇ ਸਪੈਸ਼ਲ ਅਧਿਆਪਕ ਬਣਨ ਦੀ ਚੋਣ ਉਨ੍ਹਾਂ ਨੇ ਜਾਣਬੁੱਝ ਕੇ ਆਪਣੀ ਮਰਜ਼ੀ ਨਾਲ਼ ਕੀਤੀ ਹੈ।
ਚੌਥੀ ਕਲਾਸ ਦਾ ਬਲੈਕਬੋਰਡ ਇਮਾਰਤ, ਘੋੜੇ, ਕੁੱਤੇ ਤੇ ਤਲਾਅ ਦੇ ਸੋਹਣੇ ਚਿੱਤਰਾਂ ਨਾਲ਼ ਭਰਿਆ ਪਿਆ ਹੈ, ਇਹੀ ਉਹ ਸ਼ਬਦ ਹਨ ਜੋ ਮੋਹਨ ਕਾਨੇਕਰ ਆਪਣੇ ਵਿਦਿਆਰਥੀਆਂ ਨੂੰ ਸਿਖਾਉਣਾ ਚਾਹੁੰਦੇ ਹਨ। 54 ਸਾਲਾ ਸਿਖਿਅਤ ਅਧਿਆਪਕ, ਜਿਨ੍ਹਾਂ ਨੂੰ 21 ਸਾਲ ਦਾ ਤਜ਼ਰਬਾ ਹੈ, ਟੋਟਲ ਕਮਿਊਨੀਕੇਸ਼ਨ ਤਰੀਕਾ- ਜੋ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਸਿਖਾਉਣ ਦੌਰਾਨ ਬੋਲਣ, ਹਿੱਲਦੇ ਬੁੱਲ੍ਹਾਂ ਨੂੰ ਪੜ੍ਹਨ, ਸੰਕੇਤ ਤੇ ਲਿਖਣ ਢੰਗ ਸਿਖਾਉਣਾ ਹੈ- ਅਪਣਾਉਂਦੇ ਹਨ। ਉਨ੍ਹਾਂ ਦੇ ਵਿਦਿਆਰਥੀ ਹਰੇਕ ਚਿੰਨ੍ਹ ਦਾ ਜਵਾਬ ਦਿੰਦੇ ਹਨ ਤੇ ਸ਼ਬਦਾਂ ਨੂੰ ਵੱਖੋ-ਵੱਖ ਨੋਟਾਂ ਤੇ ਸੁਰਾਂ ਵਿੱਚ ਦਹੁਰਾਉਣ ਦੀ ਕੋਸ਼ਿਸ਼ ਕਰਦੇ ਹਨ। ਅਵਾਜ਼ਾਂ ਸੁਣ ਕਾਨੇਕਰ ਦੇ ਚਿਹਰੇ 'ਤੇ ਖ਼ੁਸ਼ੀ ਦੇ ਭਾਵ ਆ ਜਾਂਦੇ ਹਨ ਤੇ ਉਹ ਹਰ ਬੱਚੇ ਦਾ ਉਚਾਰਣ ਦਰੁੱਸਤ ਕਰਨ ਲੱਗਦੇ ਹਨ।
ਇੱਕ ਦੂਜੀ ਕਲਾਸ ਵਿੱਚ, ਆਦਿਤੀ ਸਾਠੇ ਦਾ ਆਪਣਾ ਸੰਚਾਰ ਵਿਕਾਰ (ਬੋਲਣ ਦੀ ਅਸਮਰੱਥਾ) ਵੀ 'ਪੜਾਅ 3' ਜਮਾਤ ਦੇ ਸੱਤ ਬੱਚਿਆਂ ਨੂੰ ਪੜ੍ਹਾਉਣ ਦੇ ਰਾਹ ਵਿੱਚ ਅੜਿਕਾ ਨਹੀਂ ਬਣਦਾ। ਉਨ੍ਹਾਂ ਨੇ 1999 ਤੋਂ ਬਤੌਰ ਸਹਾਇਕ ਸਕੂਲ ਵਿੱਚ ਕੰਮ ਕੀਤਾ ਹੈ।
ਉਹ ਅਤੇ ਉਨ੍ਹਾਂ ਦੇ ਵਿਦਿਆਰਥੀ ਉਸੇ ਹਾਲ ਵਿੱਚ ਪੜ੍ਹ ਰਹੀ ਇੱਕ ਹੋਰ ਕਲਾਸ ਵੱਲੋਂ ਪਾਏ ਜਾਂਦੇ 'ਰੌਲ਼ੇ' ਤੋਂ ਪਰੇਸ਼ਾਨ ਨਹੀਂ ਹੁੰਦੇ, ਜਿੱਥੇ ਸੁਨੀਤਾ ਜ਼ੀਨ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹਨ। 47 ਸਾਲਾ ਹੋਸਟਲ ਸੁਪਰਡੈਂਟ ਬੱਚਿਆਂ ਨੂੰ ਰੰਗਾਂ ਦੀ ਪਛਾਣ ਦੱਸ ਰਹੀ ਹਨ ਅਤੇ ਰੰਗਾਂ ਦੀ ਭਾਲ ਵਿਚ ਬੱਚੇ ਪੂਰੇ ਹਾਲ ਵਿਚ ਖੁੱਲ੍ਹ ਕੇ ਦੌੜ ਵੀ ਰਹੇ ਹਨ। ਇੱਕ ਨੀਲਾ ਬੈਗ, ਇੱਕ ਲਾਲ ਸਾੜੀ, ਕਾਲ਼ੇ ਵਾਲ, ਪੀਲ਼ੇ ਫੁੱਲ... ਵਿਦਿਆਰਥੀ ਖੁਸ਼ੀ ਵਿੱਚ ਚੀਕਦੇ ਹਨ, ਕੁਝ ਆਵਾਜ਼ਾਂ ਕੱਢਦੇ ਹਨ, ਕੁਝ ਸਿਰਫ਼ ਆਪਣੇ ਹੱਥਾਂ ਨਾਲ਼ ਇਸ਼ਾਰੇ ਕਰਦੇ ਹਨ। ਇੱਕ ਸਿਖਲਾਈ ਪ੍ਰਾਪਤ ਅਧਿਆਪਕਾ, ਆਪਣੇ ਚਿਹਰੇ ਦੇ ਭਾਵਾਂ ਨਾਲ਼ ਹੀ ਆਪਣੇ ਵਿਦਿਆਰਥੀਆਂ ਨਾਲ ਗੱਲ ਕਰਦੀ ਹਨ।
''ਅੱਜ ਜਦੋਂ ਸਮਾਜ ਅਤੇ ਸਕੂਲਾਂ ਵਿਚ ਹਿੰਸਾ ਅਤੇ ਹਮਲਾਵਰਤਾ ਦਾ ਮਾਹੌਲ ਪਣਪ ਰਿਹਾ ਹੈ ਤਾਂ ਸਾਨੂੰ ਬੁੱਧੀਮਤਾ ਅਤੇ ਸਫ਼ਲਤਾ ਦੀਆਂ ਆਪਣੀਆਂ ਧਾਰਨਾਵਾਂ 'ਤੇ ਸਵਾਲ ਚੁੱਕਣ ਦੀ ਜ਼ਰੂਰਤ ਹੈ। ਅਨੁਸ਼ਾਸਨ ਅਤੇ ਸਜ਼ਾ ਬਾਰੇ ਵੀ," ਮੇਧਾ ਤਾਈ ਕਹਿੰਦੀ ਹਨ। ਉਹ ਸਾਰੇ ਅਧਿਆਪਕਾਂ ਨੂੰ ਸਪੈਸ਼ਲ ਬੱਚਿਆਂ ਵਾਲ਼ੇ ਘੱਟੋ-ਘੱਟ ਇੱਕ ਸਕੂਲ ਦਾ ਦੌਰਾ ਕਰਨ ਲਈ ਕਹਿੰਦੀ ਹਨ, ਇਹ ਦੇਖਣ ਲਈ ਕਿ "ਆਪਣੇ ਨਰਮ ਲਹਿਜੇ ਨਾਲ਼ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ।"
ਦੋਵੇਂ ਰਿਪੋਰਟਰਾਂ ਸਟੋਰੀ ਰਿਪੋਰਟ ਕਰਦੇ ਸਮੇਂ ਸੁਰਹੁਦ ਮੰਡਲ ਦੀ ਡਾ. ਅਨੁਰਾਧਾ ਫਤਰਫੋੜ ਵੱਲੋਂ ਦਿੱਤੀ ਮਦਦ ਲਈ ਸ਼ੁਕਰੀਆ ਅਦਾ ਕਰਦੀਆਂ ਹਨ।
ਤਰਜਮਾ: ਕਮਲਜੀਤ ਕੌਰ