"ਮੈਂ ਕਈ ਵਾਰ 108 [ਐਂਬੂਲੈਂਸ ਸੇਵਾ] 'ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਲਾਈਨ ਜਾਂ ਤਾਂ ਰੁੱਝੀ ਹੋਈ ਰਹੀ ਜਾਂ ਪਹੁੰਚ ਤੋਂ ਬਾਹਰ ਹੀ ਆਉਂਦੀ ਰਹੀ।'' ਉਨ੍ਹਾਂ ਦੀ ਪਤਨੀ ਬੱਚੇਦਾਨੀ ਦੀ ਲਾਗ ਤੋਂ ਪੀੜਤ ਸੀ, ਦਵਾਈ ਤਾਂ ਲਈ ਸੀ ਪਰ ਫ਼ਰਕ ਨਹੀਂ ਸੀ ਪਿਆ ਤੇ ਸਿਹਤ ਵਿਗੜ ਗਈ। ਢਲ਼ਦੀ ਰਾਤ ਨਾਲ਼ ਦਰਦ ਹੋਰ ਅਸਹਿ ਹੁੰਦਾ ਗਿਆ। ਗਣੇਸ਼ ਪਹਾੜੀਆ ਨੇ ਡਾਕਟਰੀ ਸਹਾਇਤਾ ਲੈਣ ਲਈ ਆਪਣੀ ਪੂਰੀ ਵਾਹ ਲਾਈ ਹੋਈ ਸੀ।

"ਅਖ਼ੀਰ, ਮੈਂ ਸਥਾਨਕ ਮੰਤਰੀ ਦੇ ਇੱਕ ਸਹਾਇਕ ਨਾਲ਼ ਸੰਪਰਕ ਕੀਤਾ, ਮਦਦ ਮਿਲ਼ਣ ਦੀ ਉਮੀਦ ਵਿੱਚ। ''ਆਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਸਾਡੀ ਮਦਦ ਕਰਨ ਦਾ ਵਾਅਦਾ ਕੀਤਾ ਸੀ," ਗਣੇਸ਼ ਯਾਦ ਕਰਦੇ ਹਨ। ਪਰ ਸਹਾਇਕ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਹੀ ਨਹੀਂ ਸੀ। "ਸਾਫ਼ ਸੀ ਉਹ ਸਾਡੀ ਮਦਦ ਕਰਨ ਤੋਂ ਭੱਜ ਰਹੇ ਸਨ।''

ਗਣੇਸ਼ ਕਹਿੰਦੇ ਹਨ, "ਜੇ ਉਸ ਦਿਨ ਉਨ੍ਹਾਂ ਨੂੰ ਐਂਬੂਲੈਂਸ ਮਿਲ਼ ਗਈ ਹੁੰਦੀ, ਤਾਂ ਪਤਨੀ ਨੂੰ ਬੋਕਾਰੋ ਜਾਂ ਰਾਂਚੀ (ਵੱਡੇ ਸ਼ਹਿਰਾਂ) ਦੇ ਵਧੀਆ ਸਰਕਾਰੀ ਹਸਪਤਾਲ ਲਿਜਾਇਆ ਜਾ ਸਕਦਾ ਸੀ।'' ਜਦੋਂ ਕਿਤੇ ਹੱਥ ਨਾ ਪਿਆ ਤਾਂ ਉਨ੍ਹਾਂ ਨੇ ਇੱਕ ਰਿਸ਼ਤੇਦਾਰ ਤੋਂ 60,000 ਰੁਪਏ ਦਾ ਕਰਜ਼ਾ ਲਿਆ ਅਤੇ ਆਪਣੀ ਪਤਨੀ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

''ਚੋਣਾਂ ਦੌਰਾਨ ਉਹ ਵੱਧ-ਚੜ੍ਹ ਕੇ ਵਾਅਦੇ ਕਰਦੇ ਨੇ- ਆਹ ਕਰ ਦਿਆਂਗੇ... ਔਹ ਕਰ ਦਿਆਂਗੇ... ਬੱਸ ਸਾਨੂੰ ਜਿਤਾ ਦਿਓ। ਜਿੱਤਣ ਤੋਂ ਬਾਅਦ ਤੁਸੀਂ ਲੱਖ ਹੱਥ-ਪੈਰ ਮਾਰ ਲਓ ਉਹ ਹੱਥ ਨਹੀਂ ਆਉਂਦੇ," 42 ਸਾਲਾ ਗਣੇਸ਼ ਕਹਿੰਦੇ ਹਨ, ਜੋ ਪਿੰਡ ਦੇ ਮੁਖੀਆ ਵੀ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੂਬਾ ਸਰਕਾਰ ਪਹਾੜੀਆ ਭਾਈਚਾਰੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਦੇਣ ਤੋਂ ਕੰਨੀਂ ਕਤਰਾਉਂਦੀ ਹੈ।

ਧਨਗੜ੍ਹ, ਪਾਕੁੜ ਜ਼ਿਲ੍ਹੇ ਦੇ ਹੀਰਾਨਪੁਰ ਬਲਾਕ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਸ ਵਿੱਚ ਪਹਾੜੀਆ ਕਬੀਲੇ ਨਾਲ਼ ਸਬੰਧਤ 50 ਪਰਿਵਾਰ ਹਨ। ਇੱਥੇ ਪਹੁੰਚਣ ਦਾ ਇੱਕੋ-ਇੱਕ ਰਾਹ ਹੈ ਜੋ ਰਾਜਮਹਿਲ ਰੇਂਜ ਦੇ ਪਹਾੜੀ ਪਾਸਿਓਂ ਦੀ ਹੁੰਦਾ ਹੋਇਆ ਇਸ ਬਸਤੀ ਤੱਕ ਪਹੁੰਚਦਾ ਹੈ ਤੇ ਇਸ ਰਾਹ ਦੇ ਪੱਲੇ ਕੁਝ ਵੀ ਨਹੀਂ।

"ਸਾਡੇ ਪਿੰਡ ਦਾ ਸਰਕਾਰੀ ਸਕੂਲ ਬੜੀ ਮਾੜੀ ਹਾਲਤ ਵਿੱਚ ਹੈ। ਅਸੀਂ ਨਵੇਂ ਸਕੂਲ ਦੀ ਮੰਗ ਕੀਤੀ ਸੀ, ਇਹ ਕਿੱਥੇ ਹੈ?'' ਗਣੇਸ਼ ਪੁੱਛਦੇ ਹਨ। ਕਿਉਂਕਿ ਭਾਈਚਾਰੇ ਦੇ ਜ਼ਿਆਦਾਤਰ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲਾ ਨਹੀਂ ਮਿਲ਼ਦਾ, ਇਸ ਲਈ ਉਨ੍ਹਾਂ ਨੂੰ ਸਰਕਾਰ ਦੁਆਰਾ ਲਾਜ਼ਮੀ ਮਿਡ-ਡੇਅ ਮੀਲ ਸਕੀਮ ਦਾ ਲਾਭ ਨਹੀਂ ਮਿਲ਼ ਰਿਹਾ।

PHOTO • Ashwini Kumar Shukla
PHOTO • Ashwini Kumar Shukla

ਖੱਬੇ : ਗਣੇਸ਼ ਪਹਾੜੀਆ ਧਨਗੜ੍ਹ ਪਿੰਡ ਦੇ ਮੁਖੀਆ ਹਨ ਉਹ ਕਹਿੰਦੇ ਹਨ ਕਿ ਸਿਆਸਤਦਾਨ ਵੋਟ ਮੰਗਣ ਆਉਂਦੇ ਹਨ ਤਾਂ ਬਹੁਤ ਸਾਰੇ ਵਾਅਦੇ ਕਰਦੇ ਹਨ , ਜਦੋਂ ਪੂਰਾ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹ ਗਾਇਬ ਹੋ ਜਾਂਦੇ ਹਨ ਸੱਜੇ : 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਿੰਡ ਦੇ ਲੋਕਾਂ ਨੂੰ ਸੜਕ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਮਹੀਨੇ ਬੀਤ ਗਏ ਪਰ ਕੀਤਾ ਕੁਝ ਨਹੀਂ ਗਿਆ

ਭਾਈਚਾਰੇ ਨੇ ਆਪਣੇ ਪਿੰਡ ਅਤੇ ਗੁਆਂਢੀ ਪਿੰਡ ਨੂੰ ਜੋੜਨ ਲਈ ਸੜਕ ਬਣਾਉਣ ਦੀ ਮੰਗ ਕੀਤੀ ਸੀ। "ਤੁਸੀਂ ਆਪੇ ਹੀ ਦੇਖ ਲਓ," ਛੋਟੇ ਪੱਥਰਾਂ ਦੀ ਕੱਚੀ ਪਗਡੰਡੀ ਵੱਲ ਇਸ਼ਾਰਾ ਕਰਦਿਆਂ ਗਣੇਸ਼ ਨੇ ਸ਼ਿਕਾਇਤ ਕੀਤੀ। ਪੂਰੇ ਪਿੰਡ ਵਿੱਚ ਇੱਕੋ ਹੀ ਨਲ਼ਕਾ ਹੈ ਤੇ ਆਪਣੀ ਵਾਰੀ ਆਉਣ ਲਈ ਔਰਤਾਂ ਨੂੰ ਵਾਰੀ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਗਣੇਸ਼ ਕਹਿੰਦੇ ਹਨ,''ਉਸ ਵੇਲ਼ੇ ਸਾਡੀ ਹਰ ਮੰਗ ਮੰਨੇ ਜਾਣ ਦਾ ਭਰੋਸਾ ਦਵਾਇਆ ਗਿਆ ਸੀ। ਵੋਟਾਂ ਤੋਂ ਬਾਅਦ ਕਿਸੇ ਨੂੰ ਕੁਝ ਚੇਤਾ ਹੀ ਨਹੀਂ!" ਗਣੇਸ਼ ਕਹਿੰਦੇ ਹਨ।

ਗਣੇਸ਼, ਹੀਰਾਨਪੁਰ ਬਲਾਕ ਦੇ ਧਨਗੜ੍ਹ ਪਿੰਡ ਦੇ ਮੁਖੀ ਵਜੋਂ ਪ੍ਰਧਾਨ ਦਾ ਅਹੁਦਾ ਰੱਖਦੇ ਹਨ। ਉਹ ਕਹਿੰਦੇ ਹਨ ਕਿ ਹਾਲ ਹੀ ਵਿੱਚ ਪਈਆਂ 2024 ਦੀਆਂ ਆਮ ਚੋਣਾਂ ਦੌਰਾਨ, ਨੇਤਾਵਾਂ ਨੇ ਝਾਰਖੰਡ ਰਾਜ ਦੇ ਸੰਥਾਲ ਪਰਗਨਾ ਖੇਤਰ ਦੇ ਪਾਕੁੜ ਜ਼ਿਲ੍ਹੇ ਵਿੱਚ ਚੋਣ-ਪ੍ਰਚਾਰ ਦੇ ਵੱਟ ਜ਼ਰੂਰ ਕੱਢੇ ਪਰ ਇਸ ਨੇ ਭਾਈਚਾਰੇ ਦੀ ਕੋਈ ਮਦਦ ਨਹੀਂ ਕੀਤੀ।

ਝਾਰਖੰਡ ਦੀ 81 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵਾਂ 'ਚ ਚੋਣਾਂ ਹੋਣਗੀਆਂ ਅਤੇ ਪਹਿਲੇ ਪੜਾਅ ਦੀ ਵੋਟਿੰਗ 13 ਨਵੰਬਰ ਨੂੰ ਹੋਵੇਗੀ ਅਤੇ ਪਾਕੁੜ ਦੀ ਵਾਰੀ 20 ਨਵੰਬਰ ਨੂੰ ਭਾਵ ਦੂਜੇ ਪੜਾਅ ਦੌਰਾਨ ਆਵੇਗੀ। ਚੋਣ ਮੁਕਾਬਲਾ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਹੇਠ ਇੰਡੀਆ ਗੱਠਬੰਧਨ ਅਤੇ ਭਾਜਪਾ ਦੀ ਅਗਵਾਈ ਵਾਲ਼ੇ ਐੱਨਡੀਏ ਧੜੇ ਵਿਚਾਲੇ ਹੈ।

ਇਹ ਪਿੰਡ ਲਿੱਟੀਪਾੜਾ ਹਲਕੇ ਦਾ ਹਿੱਸਾ ਹੈ, ਜਿੱਥੇ 2019 ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਦਿਨੇਸ਼ ਵਿਲੀਅਮ ਮਾਰੰਡੀ ਨੂੰ 66,675 ਵੋਟਾਂ ਮਿਲ਼ੀਆਂ ਸਨ ਜਦਕਿ ਭਾਜਪਾ ਦੇ ਡੈਨੀਅਲ ਕਿਸਕੂ ਨੂੰ 52,772 ਵੋਟਾਂ ਹੀ ਪਈਆਂ। ਇਸ ਵਾਰ ਜੇਐੱਮਐੱਮ ਨੇ ਹੇਮਲਾਲ ਮੁਰਮੂ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਭਾਜਪਾ ਨੇ ਬਾਬੂਧਨ ਮੁਰਮੂ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਸਾਡਾ ਅਤੀਤ ਵਾਅਦਿਆਂ ਨਾਲ਼ ਭਰਿਆ ਪਿਆ ਹੈ। "2022 ਵਿੱਚ ਹੋਈ ਗ੍ਰਾਮ ਕੌਂਸਲ ਦੀ ਮੀਟਿੰਗ ਵਿੱਚ, ਉਮੀਦਵਾਰਾਂ ਨੇ ਪਿੰਡ ਦੇ ਕਿਸੇ ਵੀ ਵਿਆਹ ਮੌਕੇ ਖਾਣਾ ਪਕਾਉਣ ਦੇ ਭਾਂਡੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ," ਇੱਕ ਵਸਨੀਕ ਮੀਨਾ ਪਹਾੜਿਨ ਕਹਿੰਦੇ ਹਨ। ਉਦੋਂ ਤੋਂ ਲੈ ਕੇ ਵਾਅਦਾ ਸਿਰਫ਼ ਇੱਕੋ ਵਾਰੀ ਹੀ ਪੂਰਾ ਹੋਇਆ ਹੈ।

ਲੋਕ ਸਭਾ ਵੇਲ਼ੇ ਦੀ ਗੱਲ ਕਰਦਿਆਂ ਉਹ ਕਹਿੰਦੇ ਹਨ,"ਉਨ੍ਹਾਂ ਸਾਨੂੰ ਸਿਰਫ਼ 1,000 ਰੁਪਏ ਦਿੱਤੇ ਅਤੇ ਗਾਇਬ ਹੋ ਗਏ। ਹੇਮੰਤ (ਜੇਐੱਮਐੱਮ ਪਾਰਟੀ ਵਰਕਰ) ਆਏ ਅਤੇ ਹਰ ਮਰਦ ਅਤੇ ਔਰਤ ਨੂੰ 1,000-1,000 ਰੁਪਏ ਦਿੱਤੇ, ਚੋਣ ਜਿੱਤੀ ਅਤੇ ਹੁਣ ਸਿਰਫ਼ ਸੱਤਾ ਦਾ ਸੁਆਦ ਮਾਣ ਰਹੇ ਹਨ।''

PHOTO • Ashwini Kumar Shukla
PHOTO • Ashwini Kumar Shukla

ਖੱਬੇ : ਮੀਨਾ ਪਹਾੜਿਨ , ਜੋ ਲੱਕੜ ਅਤੇ ਚਿਰੋਤਾ ਇਕੱਠਾ ਕਰਕੇ ਵੇਚਦੇ ਹਨ , ਇਸ ਵਾਸਤੇ ਉਨ੍ਹਾਂ ਨੂੰ ਹਰ ਰੋਜ਼ 10-12 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਸੱਜੇ : ਔਰਤਾਂ ਪਿੰਡ ਦੇ ਇਕਲੌਤੇ ਸੂਰਜੀ ਊਰਜਾ ਨਾਲ਼ ਚੱਲਣ ਵਾਲ਼ੇ ਹੈਂਡ ਪੰਪ ਤੋਂ ਪਾਣੀ ਭਰ ਰਹੀਆਂ ਹਨ

ਝਾਰਖੰਡ 32 ਕਬੀਲਿਆਂ ਦਾ ਘਰ ਹੈ, ਅਤੇ ਬਹੁਤ ਸਾਰੇ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ ਹਨ - ਅਸੂਰ, ਬਿਰਹੋਰ, ਬਿਰਜੀਆ, ਕੋਰਵਾ, ਮਲ ਪਹਾੜੀਆ, ਪਰਹੈਆ, ਸੌਰੀਆ ਪਹਾੜੀਆ ਅਤੇ ਸਾਵਰ। 2013 ਦੀ ਇਸ ਰਿਪੋਰਟ ਦੇ ਅਨੁਸਾਰ, ਝਾਰਖੰਡ ਵਿੱਚ ਕੁੱਲ ਪੀਵੀਟੀਜੀ ਆਬਾਦੀ ਚਾਰ ਲੱਖ ਤੋਂ ਵੱਧ ਹੈ।

ਇੱਕ ਤਾਂ ਉਨ੍ਹਾਂ ਦੀ ਘੱਟ ਗਿਣਤੀ, ਦੂਜਾ ਬੀਹੜ ਪਿੰਡਾਂ ਦਾ ਵਾਸੀ ਹੋਣਾ ਤੇ ਤੀਜਾ ਅਨਪੜ੍ਹਤਾ, ਆਰਥਿਕ ਚੁਣੌਤੀਆਂ ਅਤੇ ਪੁਰਾਣੀ ਖੇਤੀਬਾੜੀ ਤਕਨਾਲੋਜੀ 'ਤੇ ਉਨ੍ਹਾਂ ਦੀ ਨਿਰਭਰਤਾ ਨੂੰ ਪਕੇਰਿਆਂ ਕਰਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਇੱਥੇ ਸਥਿਤੀ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਆਇਆ ਹੈ। ਪੜ੍ਹੋ: The hills of hardship ,ਇਹ ਸਟੋਰੀ ਪੀ.ਸਾਈਨਾਥ ਦੀ ਕਿਤਾਬ Everybody loves a good drought ਦਾ ਹੀ ਇੱਕ ਅੰਸ਼ ਹੈ।

" ਗਾਓਂ ਮੇਂ ਜਿਆਦਾਤਰ ਲੋਕ ਮਜ਼ਦੂਰੀ ਹੀ ਕਰਤਾ ਹੈ , ਸਰਵਿਸ ਮੇਂ ਤੋ ਨਹੀਂ ਹੈ ਕੋਈ। ਔਰ ਯਹਾਂ ਧਨ ਕਾ ਖੇਤ ਭੀ ਨਹੀਂ ਹੈ। ਖਾਲੀ ਪਹਾੜ ਪਹਾੜ ਹੈਂ ," ਗਣੇਸ਼ ਨੇ ਪਾਰੀ ਨੂੰ ਦੱਸਿਆ। ਔਰਤਾਂ ਜੰਗਲ ਵਿੱਚ ਲੱਕੜ ਅਤੇ ਚਿਰੋਤਾ ਇਕੱਠਾ ਕਰਨ ਜਾਂਦੀਆਂ ਹਨ, ਜਿਸ ਨੂੰ ਉਹ ਫਿਰ ਬਾਜ਼ਾਰ ਵਿੱਚ ਵੇਚਦੀਆਂ ਹਨ।

ਪਹਾੜੀਆ ਕਬੀਲਾ ਝਾਰਖੰਡ ਰਾਜ ਦੇ ਸੰਥਾਲ ਪਰਗਨਾ ਖੇਤਰ ਦੇ ਮੂਲ਼ ਵਸਨੀਕਾਂ ਵਿੱਚੋਂ ਇੱਕ ਹੈ। ਭਾਈਚਾਰੇ ਨੂੰ ਤਿੰਨ ਸ਼ਾਖਾਵਾਂ ਵਿੱਚ ਵੰਡਿਆ ਗਿਆ ਹੈ: ਸੌਰੀਆ ਪਹਾੜੀਆ, ਮੱਲ ਪਹਾੜੀਆ ਅਤੇ ਕੁਮਾਰਬਾਗ ਪਹਾੜੀਆ। ਇਹ ਤਿੰਨੇ ਭਾਈਚਾਰੇ ਸਦੀਆਂ ਤੋਂ ਰਾਜਮਹਿਲ ਪਹਾੜੀਆਂ ਦੀ ਲੜੀ ਵਿੱਚ ਰਹਿੰਦੇ ਆਏ ਹਨ।

ਜਰਨਲ ਦਾ ਕਹਿਣਾ ਹੈ ਕਿ ਇਤਿਹਾਸਕ ਰਿਕਾਰਡ ਦਰਸਾਉਂਦੇ ਹਨ ਕਿ 302 ਈ. ਪੂ. ਵਿੱਚ ਚੰਦਰਗੁਪਤ ਮੌਰਿਆ ਦੇ ਰਾਜ ਦੌਰਾਨ ਭਾਰਤ ਆਏ ਯੂਨਾਨੀ ਡਿਪਲੋਮੈਟ ਅਤੇ ਇਤਿਹਾਸਕਾਰ ਮੈਗਾਸਥੀਨਜ਼ ਨੇ ਜ਼ਿਕਰ ਕੀਤਾ ਸੀ ਕਿ ਉਹ ਮੱਲੀ ਕਬੀਲੇ ਨਾਲ਼ ਸਬੰਧਤ ਸਨ। ਉਨ੍ਹਾਂ ਦਾ ਇਤਿਹਾਸ ਸੰਘਰਸ਼ਾਂ ਨਾਲ਼ ਭਰਿਆ ਹੋਇਆ ਹੈ, ਜਿਸ ਵਿੱਚ ਸੰਥਾਲ ਅਤੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮੈਦਾਨੀਂ ਇਲਾਕਿਆਂ ਤੋਂ ਪਹਾੜੀਆਂ ਵੱਲ ਜਾਣ ਲਈ ਮਜ਼ਬੂਰ ਕੀਤਾ ਜਿੱਥੇ ਉਨ੍ਹਾਂ ਦੇ ਪੁਰਖੇ ਰਹਿੰਦੇ ਸਨ। ਉਨ੍ਹਾਂ ਨੂੰ ਲੁਟੇਰੇ ਅਤੇ ਪਸ਼ੂ ਚੋਰ ਵੀ ਕਿਹਾ ਜਾਂਦਾ ਸੀ।

''ਪਹਾੜੀਆ ਭਾਈਚਾਰੇ ਨੂੰ ਜਿਓਂ ਹਾਸ਼ੀਏ 'ਤੇ ਸੁੱਟ ਦਿੱਤਾ ਗਿਆ। ਸੰਥਾਲ ਅਤੇ ਅੰਗਰੇਜ਼ਾਂ ਨਾਲ਼ ਸੰਘਰਸ਼ ਵਿੱਚ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਤੇ ਅੱਜ ਤੱਕ ਵੀ ਉਹ ਇਸ ਸਦਮੇ ਤੋਂ ਉੱਭਰ ਨਹੀਂ ਪਾਏ ਹਨ,'' ਝਾਰਖੰਡ ਦੇ ਦੁਮਕਾ ਸਥਿਤ ਸੀਡੋ-ਕਾਨੋ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਸੰਜੀਵ ਕੁਮਾਰ ਇਸ ਰਿਪੋਰਟ ਵਿੱਚ ਲਿਖਦੇ ਹਨ।

PHOTO • Ashwini Kumar Shukla
PHOTO • Ashwini Kumar Shukla

ਖੱਬੇ : ਮੀਨਾ ਦੇ ਘਰ ਦੇ ਬਾਹਰ ਰੱਖੀ ਲੱਕੜ ਦਾ ਢੇਰ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ ਅਤੇ ਥੋੜ੍ਹਾ ਵੇਚਿਆ ਜਾਂਦਾ ਹੈ। ਸੱਜੇ : ਚਿਰੋਤਾ ਜੰਗਲ ਤੋਂ ਇਕੱਠਾ ਕੀਤਾ ਜਾਂਦਾ ਹੈ , ਸੁਕਾਇਆ ਜਾਂਦਾ ਹੈ ਅਤੇ ਫਿਰ ਨੇੜਲੇ ਬਾਜ਼ਾਰਾਂ ਵਿੱਚ 20 ਰੁਪਏ ਪ੍ਰਤੀ ਕਿਲੋਗ੍ਰਾਮ ਵੇਚਿਆ ਜਾਂਦਾ ਹੈ

*****

ਸਰਦੀਆਂ ਦੀ ਹਲਕੀ ਧੁੱਪ ਵਿੱਚ ਧਨਗੜ੍ਹ ਪਿੰਡ ਵਿਖੇ ਬੱਚਿਆਂ ਦੇ ਖੇਡਣ, ਬੱਕਰੀਆਂ ਦੇ ਚੀਕਣ ਅਤੇ ਕਦੇ-ਕਦਾਈਂ ਮੁਰਗੇ ਦੀ ਬਾਂਗ ਅਤੇ ਕਾਵਾਂ ਦੀ ਆਵਾਜ਼ ਸੁਣੀ ਜਾ ਸਕਦੀ ਸੀ।

ਮੀਨਾ ਪਹਾੜਿਨ ਆਪਣੇ ਘਰ ਦੇ ਬਾਹਰ ਹੋਰ ਔਰਤਾਂ ਨਾਲ਼ ਖੜ੍ਹੇ ਹਨ ਤੇ ਆਪਣੀ ਮੂਲ਼ ਮਾਲਟੋ ਭਾਸ਼ਾ ਵਿੱਚ ਸਾਡੇ ਨਾਲ਼ ਗੱਲ ਕਰ ਰਹੇ ਹਨ। "ਅਸੀਂ ਜੁਗਾਬਾਸਿਸ ਹਾਂ। ਕੀ ਤੁਸੀਂ ਜਾਣਦੇ ਹੋ ਕਿ ਇਸਦਾ ਕੀ ਮਤਲਬ ਹੈ?" ਉਨ੍ਹਾਂ ਨੇ ਇਸ ਰਿਪੋਰਟਰ ਤੋਂ ਪੁੱਛਿਆ। "ਇਸਦਾ ਮਤਲਬ ਹੈ ਕਿ ਇਹ ਪਹਾੜ ਅਤੇ ਜੰਗਲ ਹੀ ਸਾਡਾ ਘਰ ਹੈ," ਉਨ੍ਹਾਂ ਸਮਝਾਇਆ।

ਹਰ ਰੋਜ਼, ਉਹ ਹੋਰ ਔਰਤਾਂ ਨਾਲ਼ ਸਵੇਰੇ 8 ਜਾਂ 9 ਵਜੇ ਜੰਗਲ ਵਿੱਚ ਜਾਂਦੇ ਹਨ ਅਤੇ ਦੁਪਹਿਰ ਤੱਕ ਵਾਪਸ ਆਉਂਦੇ ਹਨ। "ਜੰਗਲ ਵਿੱਚ ਚਿਰੋਤਾ ਹੈ; ਅਸੀਂ ਸਾਰਾ ਦਿਨ ਇਸੇ ਨੂੰ ਸਟੋਰ ਕਰਦੇ ਹਾਂ, ਫਿਰ ਇਸ ਨੂੰ ਸੁਕਾਉਂਦੇ ਹਾਂ ਅਤੇ ਵੇਚਣ ਲਈ ਲੈ ਜਾਂਦੇ ਹਾਂ," ਉਨ੍ਹਾਂ ਨੇ ਆਪਣੇ ਕੱਚੇ ਘਰ ਦੀ ਛੱਤ 'ਤੇ ਸੁੱਕ ਰਹੀਆਂ ਸ਼ਾਖਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ।

"ਕਈ ਵਾਰ ਸਾਨੂੰ ਦਿਨ ਦਾ ਦੋ ਕਿੱਲੋ ਤੱਕ ਚਿਰੋਤਾ ਮਿਲ਼ ਜਾਂਦਾ ਹੈ, ਜੇ ਕਿਸਮਤ ਚੰਗੀ ਹੋਵੇ ਤਾਂ ਤਿੰਨ ਕਿੱਲੋ ਤੇ ਕਈ ਵਾਰ ਪੰਜ ਕਿੱਲੋ ਵੀ," ਉਹ ਕਹਿੰਦੇ ਹਨ। ਇੱਕ ਕਿੱਲੋ ਚਿਰੋਤਾ 20 ਰੁਪਏ ਵਿੱਚ ਵਿਕਦਾ ਹੈ। ਚਿਰੋਟੇ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ ਅਤੇ ਲੋਕ ਇਸ ਦਾ ਕਾੜ੍ਹਾ ਪੀਂਦੇ ਹਨ। ਮੀਨਾ ਨੇ ਕਿਹਾ, "ਬੱਚੇ, ਬਜ਼ੁਰਗ ਸਾਰੇ ਇਸ ਨੂੰ ਪੀ ਸਕਦੇ ਹਨ- ਇਹ ਪੇਟ ਲਈ ਚੰਗਾ ਹੈ,'' ਮੀਨਾ ਨੇ ਕਿਹਾ।

ਹਰ ਰੋਜ਼ 10-12 ਕਿਲੋਮੀਟਰ ਦੀ ਯਾਤਰਾ ਕਰਦੇ ਹੋਏ ਮੀਨਾ ਜੰਗਲ ਤੋਂ ਲੱਕੜ ਵੀ ਇਕੱਠੀ ਕਰਦੇ ਹਨ ਤੇ ਚਿਰੋਤਾ ਵੀ। "ਪੰਡਾਂ ਭਾਰੀਆਂ ਨੇ ਪਰ ਹਰੇਕ ਪੰਡ ਮਹਿਜ਼ 100 ਰੁਪਏ ਵਿੱਚ ਵਿਕਦੀ ਹੈ," ਉਹ ਕਹਿੰਦੇ ਹਨ। ਸੁੱਕੀ ਲੱਕੜ ਦੀਆਂ ਪੰਡਾਂ 15-20 ਕਿਲੋਗ੍ਰਾਮ ਭਾਰੀਆਂ ਹੁੰਦੀਆਂ ਹਨ, ਪਰ ਜੇ ਲੱਕੜ ਗਿੱਲੀ ਹੋਵੇ ਤਾਂ ਇਹ 25-30 ਕਿਲੋਗ੍ਰਾਮ ਤੱਕ ਹੋ ਸਕਦੀਆਂ ਹਨ।

ਮੀਨਾ ਵੀ ਗਣੇਸ਼ ਨਾਲ਼ ਸਹਿਮਤ ਹਨ ਕਿ ਸਰਕਾਰ ਵਾਅਦੇ ਕਰਦੀ ਹੈ ਪਰ ਉਨ੍ਹਾਂ ਨੂੰ ਕਦੇ ਪੂਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਕੋਲ਼ ਕੋਈ ਨਹੀਂ ਆਉਂਦਾ ਸੀ ਪਰ ਹੁਣ ਪਿਛਲੇ ਦੋ ਸਾਲਾਂ ਤੋਂ ਲੋਕ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਈ ਮੁੱਖ ਮੰਤਰੀ ਬਦਲੇ ਤੇ ਪ੍ਰਧਾਨ ਮੰਤਰੀ ਬਦਲੇ ਪਰ ਸਾਡੀ ਹਾਲਤ ਨਹੀਂ ਬਦਲੀ। ਸਾਨੂੰ ਸਿਰਫ਼ ਬਿਜਲੀ ਮਿਲ਼ੀ ਅਤੇ ਰਾਸ਼ਨ ਮਿਲ਼ਿਆ," ਉਹ ਕਹਿੰਦੇ ਹਨ।

"ਝਾਰਖੰਡ ਰਾਜ ਦੇ ਆਦਿਵਾਸੀਆਂ ਨੇ ਕਈ ਉਜਾੜੇ ਵੀ ਝੱਲੇ ਨੇ ਆਪਣੀਆਂ ਜ਼ਮੀਨਾਂ 'ਤੇ ਹੁੰਦੇ ਕਬਜ਼ੇ ਵੀ। ਮੁੱਖ ਧਾਰਾ ਦੇ ਵਿਕਾਸ ਪ੍ਰੋਗਰਾਮ ਇਸ ਸਮੂਹ ਦੀ ਸਮਾਜਿਕ-ਸੱਭਿਆਚਾਰਕ ਵਿਲੱਖਣਤਾ ਨੂੰ ਪਛਾਣਨ ਵਿੱਚ ਅਸਫ਼ਲ ਰਹੇ ਹਨ ਅਤੇ ਉਨ੍ਹਾਂ ਨੇ 'ਜੁੱਤੀ ਦੇ ਹਿਸਾਬ ਨਾਲ਼ ਪੈਰ ਕੱਟਣ' ਦੀ ਪਹੁੰਚ ਅਪਣਾਈ ਰੱਖੀ," ਰਾਜ ਦੀ ਆਦਿਵਾਸੀ ਰੋਜ਼ੀ-ਰੋਟੀ ਕਰਤਾ ਬਾਰੇ 2021 ਦੀ ਰਿਪੋਰਟ ਕਹਿੰਦੀ ਹੈ।

PHOTO • Ashwini Kumar Shukla
PHOTO • Ashwini Kumar Shukla

ਪਹਾੜੀਆ ਆਦਿਵਾਸੀਆਂ ਦੀ ਥੋੜ੍ਹੀ ਜਿਹੀ ਗਿਣਤੀ ਨੇ ਵੀ ਉਨ੍ਹਾਂ ਦੇ ਅਲੱਗ - ਥਲੱਗ ਹੋਣ ਵਿੱਚ ਯੋਗਦਾਨ ਪਾਇਆ ਹੈ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਵਿੱਤੀ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਉਨ੍ਹਾਂ ਦੀ ਸਥਿਤੀ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਆਇਆ ਹੈ। ਸੱਜੇ : ਧਨਗੜ੍ਹ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਆਸਤਦਾਨ ਨਵਾਂ ਸਕੂਲ ਬਣਾਉਣ ਦਾ ਵਾਅਦਾ ਕਰਦੇ ਰਹੇ ਹਨ ਪਰ ਇਹ ਪੂਰਾ ਨਹੀਂ ਹੋਇਆ

"ਕੋਈ ਨੌਕਰੀ ਨਹੀਂ ਹੈ! ਕਿਸੇ ਕੋਲ਼ ਕੋਈ ਕੰਮ ਨਹੀਂ। ਇਸ ਲਈ ਸਾਨੂੰ ਬਾਹਰ ਜਾਣਾ ਪੈਂਦਾ ਹੈ," ਮੀਨਾ ਪ੍ਰਵਾਸ ਕਰਨ ਵਾਲ਼ੇ 250-300 ਲੋਕਾਂ ਤਰਫੋਂ ਬੋਲਦੇ ਹਨ। "ਬਾਹਰ ਜਾਣਾ ਮੁਸ਼ਕਲ ਹੈ; ਉੱਥੇ ਪਹੁੰਚਣ ਵਿੱਚ ਤਿੰਨ ਤੋਂ ਚਾਰ ਦਿਨ ਲੱਗਦੇ ਹਨ। ਜੇ ਇੱਥੇ ਹੀ ਕੰਮ ਮਿਲ਼ਦਾ ਹੁੰਦਾ ਤਾਂ ਸੰਕਟ ਦੀ ਘੜੀ ਵਿੱਚ ਅਸੀਂ ਛੇਤੀ-ਛੇਤੀ ਵਾਪਸ ਤਾਂ ਮੁੜ ਪਾਉਂਦੇ।''

ਪਹਾੜੀਆ ਭਾਈਚਾਰਾ 'ਡਾਕੀਆ ਯੋਜਨਾ' ਰਾਹੀਂ ਆਪਣੇ ਘਰ ਦੇ ਬੂਹੇ 'ਤੇ ਅਨਾਜ ਪ੍ਰਾਪਤ ਕਰਨ ਦਾ ਹੱਕਦਾਰ ਹੈ ਜਿਸ ਵਿੱਚ ਪ੍ਰਤੀ ਪਰਿਵਾਰ 35 ਕਿਲੋਗ੍ਰਾਮ ਰਾਸ਼ਨ ਮਿਲ਼ਦਾ ਹੈ। ਪਰ, ਮੀਨਾ ਦਾ ਕਹਿਣਾ ਹੈ ਕਿ ਇੰਨਾ ਰਾਸ਼ਨ ਉਨ੍ਹਾਂ ਦੇ 12 ਮੈਂਬਰੀ ਪਰਿਵਾਰ ਲਈ ਕਾਫ਼ੀ ਨਹੀਂ ਹੈ। "ਇੱਕ ਛੋਟੇ ਜਿਹੇ ਪਰਿਵਾਰ ਦਾ ਗੁਜ਼ਾਰਾ ਇਸ ਰਾਸ਼ਨ ਨਾਲ਼ ਕੀਤਾ ਜਾ ਸਕਦਾ ਹੈ, ਪਰ ਸਾਡੇ ਘਰ ਤਾਂ ਇਸ ਨਾਲ਼ 10 ਦਿਨ ਵੀ ਨਹੀਂ ਨਿਕਲ਼ਦੇ," ਉਹ ਕਹਿੰਦੇ ਹਨ।

ਆਪਣੇ ਪਿੰਡ ਦੀ ਹਾਲਤ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗਰੀਬਾਂ ਦੀ ਦੁਰਦਸ਼ਾ ਦੀ ਪਰਵਾਹ ਨਹੀਂ ਹੈ। "ਸਾਡੇ ਇੱਥੇ ਆਂਗਣਵਾੜੀ ਵੀ ਨਹੀਂ ਹੈ," ਮੀਨਾ ਨੇ ਕਿਹਾ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਅਨੁਸਾਰ, ਛੇ ਮਹੀਨਿਆਂ ਤੋਂ ਛੇ ਸਾਲ ਦੀ ਉਮਰ ਦੇ ਬੱਚੇ ਅਤੇ ਗਰਭਵਤੀ ਔਰਤਾਂ ਆਂਗਣਵਾੜੀ ਤੋਂ ਪੂਰਕ ਪੋਸ਼ਣ ਪ੍ਰਾਪਤ ਕਰਨ ਦੇ ਯੋਗ ਹਨ।

ਮੀਨਾ ਆਪਣੇ ਹੱਥ ਨੂੰ ਲੱਕ ਤੱਕ ਉੱਚਾ ਕਰਦਿਆਂ ਕਹਿੰਦੇ ਹਨ, "ਬਾਕੀ ਪਿੰਡਾਂ ਵਿੱਚ, ਇਸ ਕੱਦ ਦੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਮਿਲ਼ਦਾ ਹੈ - ਸੱਤੂ , ਛੋਲੇ, ਚੌਲ਼, ਦਾਲ਼... ਪਰ ਸਾਨੂੰ ਇਸ ਵਿੱਚੋਂ ਕੁਝ ਵੀ ਨਹੀਂ ਮਿਲ਼ਦਾ। ਕੁਝ ਮਿਲ਼ਦਾ ਹੈ ਤਾਂ ਬੱਸ ਪੋਲਿਓ ਬੂੰਦਾਂ।''  ਗੱਲ ਵਿੱਚ ਵਾਧਾ ਕਰਦਿਆਂ ਉਨ੍ਹਾਂ ਕਿਹਾ,"ਦੋ ਪਿੰਡਾਂ ਦੀ ਇੱਕੋ ਆਂਗਨਵਾੜੀ ਹੈ, ਪਰ ਉਹ ਸਾਨੂੰ ਕੁਝ ਨਹੀਂ ਦਿੰਦੇ।''

ਫ਼ਿਲਹਾਲ ਤਾਂ ਗਣੇਸ਼ ਸਿਰ ਆਪਣੀ ਪਤਨੀ ਦੇ ਇਲਾਜ ਲਈ ਲਿਆ ਗਿਆ 60,000 ਰੁਪਏ ਦਾ ਕਰਜ਼ਾ ਸਣੇ ਵਿਆਜ਼ ਚੁਕਾਉਣਾ ਪੈਣਾ ਹੈ। " ਕਾ ਕਾਹੇ ਕੈਸੇ , ਦੇਂਗੇ , ਅਬ ਕਿਸੀ ਸੇ ਲੀਏ ਹੈ ਤੋ ਦੇਂਗੇ ਹੀ ... ਥੋੜ੍ਹਾ ਥੋੜ੍ਹਾ ਕਰ ਕੇ ਚੁਕਾਏਂਗੇ , ਕਿਸੀ ਤਰ੍ਹਾਂ ," ਉਨ੍ਹਾਂ ਰਿਪੋਰਟਰ ਨੂੰ ਦੱਸਿਆ।

ਇਨ੍ਹਾਂ ਚੋਣਾਂ ਨੂੰ ਲੈ ਕੇ ਮੀਨਾ ਦ੍ਰਿੜ ਹਨ,"ਅਸੀਂ ਕਿਸੇ ਤੋਂ ਕੁਝ ਨਹੀਂ ਲਵਾਂਗੇ। ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਨਹੀਂ ਦਹੁਰਾਵਾਂਗੇ; ਇਸ ਵਾਰ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਦੇਵਾਂਗੇ ਜੋ ਸੱਚਮੁੱਚ ਸਾਨੂੰ ਲਾਭ ਪਹੁੰਚਾ ਸਕਦਾ ਹੋਵੇ।''

ਤਰਜਮਾ: ਕਮਲਜੀਤ ਕੌਰ

Ashwini Kumar Shukla

अश्विनी कुमार शुक्ला, झारखंड के स्वतंत्र पत्रकार हैं, और नई दिल्ली के भारतीय जन संचार संस्थान (2018-2019) से स्नातक कर चुके हैं. वह साल 2023 के पारी-एमएमएफ़ फ़ेलो हैं.

की अन्य स्टोरी Ashwini Kumar Shukla
Editor : Priti David

प्रीति डेविड, पारी की कार्यकारी संपादक हैं. वह मुख्यतः जंगलों, आदिवासियों और आजीविकाओं पर लिखती हैं. वह पारी के एजुकेशन सेक्शन का नेतृत्व भी करती हैं. वह स्कूलों और कॉलेजों के साथ जुड़कर, ग्रामीण इलाक़ों के मुद्दों को कक्षाओं और पाठ्यक्रम में जगह दिलाने की दिशा में काम करती हैं.

की अन्य स्टोरी Priti David
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur