ਮਮਤਾ ਪਰੇਡ ਪਾਰੀ ਦੀ ਸਾਡੀ ਸਹਿਕਰਮੀ ਸਨ। ਇੱਕ ਸ਼ਾਨਦਾਰ ਪੱਤਰਕਾਰ ਜਿਨ੍ਹਾਂ ਦੇ ਆਪਣੇ ਮਨ ਅੰਦਰ ਭਵਿੱਖ ਦੀਆਂ ਕਈ ਯੋਜਨਾਵਾਂ ਉਲੀਕ ਰੱਖੀਆਂ ਸਨ, 11 ਦਸੰਬਰ 2022 ਨੂੰ ਅਚਾਨਕ ਇਸ ਜਹਾਨੋਂ ਰੁਖਸਤ ਹੋ ਗਈ।
ਮਮਤਾ ਦੀ ਪਹਿਲੀ ਬਰਸੀ ਮੌਕੇ ਅਸੀਂ ਖ਼ਾਸ ਪੌਡਕਾਸਟ ਲੈ ਕੇ ਆਏ ਹਾਂ ਜਿੱਥੇ ਤੁਸੀਂ ਮਮਤਾ ਨੂੰ ਆਪਣੇ ਲੋਕਾਂ ਭਾਵ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਾੜਾ ਤਾਲੁਕਾ ਦੇ ਵਰਲੀ ਆਦਿਵਾਸੀ ਭਾਈਚਾਰੇ ਬਾਰੇ ਗੱਲ ਕਰਦਿਆਂ ਸੁਣ ਸਕਦੇ ਹੋ। ਉਨ੍ਹਾਂ ਨੇ ਇਹ ਰਿਕਾਰਡਿੰਗ ਆਪਣੀ ਮੌਤ ਤੋਂ ਕੁਝ ਕੁ ਮਹੀਨੇ ਪਹਿਲਾਂ ਕੀਤੀ ਸੀ।
ਮਮਤਾ ਦੀ ਕਲਮ ਨੇ ਉਨ੍ਹਾਂ ਲੋਕਾਂ ਨੂੰ ਆਪਣੀਆਂ ਬੁਨਿਆਦੀ ਸੁਵਿਧਾਵਾਂ ਤੇ ਹੱਕਾਂ ਲਈ ਸੰਘਰਸ਼ ਕਰਦਿਆਂ ਦੀ ਕਹਾਣੀ ਲਿਖੀ। ਇੱਕ ਨਿਡਰ ਪੱਤਰਕਾਰ ਹੋਣ ਦੀ ਗਵਾਹੀ ਭਰਦਿਆਂ ਮਮਤਾ ਨੇ ਉਨ੍ਹਾਂ ਛੋਟੀਆਂ ਬਸਤੀਆਂ ਬਾਰੇ ਵੀ ਲਿਖਿਆ ਜਿਨ੍ਹਾਂ ਨੂੰ ਕਦੇ ਨਕਸ਼ੇ ਵਿੱਚ ਵੀ ਥਾਂ ਨਾ ਮਿਲ਼ੀ। ਉਨ੍ਹਾਂ ਨੇ ਭੁੱਖ ਨਾਲ਼ ਵਿਲ਼ਕਦੀਆਂ ਜ਼ਿੰਦਗੀਆਂ, ਬਾਲ ਮਜ਼ਦੂਰੀ, ਬੰਧੂਆ ਮਜ਼ਦੂਰੀ, ਸਕੂਲ ਜਾਣ ਲਈ ਤਰਸਦੇ ਬਾਲ, ਜ਼ਮੀਨੀ ਹੱਕ, ਉਜਾੜੇ, ਰੋਜ਼ੀਰੋਟੀ ਤੇ ਹੋਰ ਵੀ ਕਈ ਮੁੱਦਿਆਂ ਨੂੰ ਸਾਹਮਣੇ ਲਿਆਂਦਾ।
ਇਸ ਐਪੀਸੋਡ ਵਿੱਚ, ਮਮਤਾ ਆਪਣੇ ਪਿੰਡ ਨਿੰਬਾਵਲੀ ਦੀ ਬੇਇਨਸਾਫ਼ੀ ਭਰੀ
ਕਹਾਣੀ
ਸੁਣਾਉਂਦੀ ਹਨ। ਉਹ ਦੱਸਦੀ ਹਨ ਕਿ ਕਿਵੇਂ
ਸਰਕਾਰੀ ਅਧਿਕਾਰੀਆਂ ਨੇ ਬੜੀ ਚਲਾਕੀ ਖੇਡੀ ਤੇ ਮੁੰਬਈ-ਵਡੋਦਰਾ ਐਕਸਪ੍ਰੈੱਸਵੇਅ ਲਈ ਪਾਣੀ
ਪ੍ਰੋਜੈਕਟ ਦੀ ਉਸਾਰੀ ਵਾਸਤੇ ਪਿੰਡ ਵਾਸੀਆਂ ਤੋਂ ਧੋਖੇ ਨਾਲ਼ ਉਨ੍ਹਾਂ ਦੀਆਂ ਜੱਦੀ ਜ਼ਮੀਨਾਂ ਛੁਡਵਾ
ਲਈਆਂ।
ਇਸ ਪ੍ਰੋਜੈਕਟ ਨੇ ਪਿੰਡ ਨੂੰ ਦੋ ਹਿੱਸਿਆਂ ਵਿੱਚ ਤੋੜ ਦਿੱਤਾ ਅਤੇ ਬਦਲੇ ਵਿੱਚ ਮਿਲ਼ਣ ਵਾਲ਼ੇ ਮੁਆਵਜ਼ੇ ਦੀ ਤਾਂ ਗੱਲ ਹੀ ਛੱਡੋ।
ਪਾਰੀ ਵਿਖੇ ਕੰਮ ਕਰਦਿਆਂ ਸਾਨੂੰ ਮਮਤਾ ਨੂੰ ਜਾਣਨ ਤੇ ਉਨ੍ਹਾਂ ਨਾਲ਼ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਾਰੀ ਵਿੱਚ ਛਪੀਆਂ ਉਨ੍ਹਾਂ ਦੀਆਂ ਨੌ ਕਹਾਣੀਆਂ ਦੀ ਸੂਚੀ ਇੱਥੇ ਹੈ।
ਉਨ੍ਹਾਂ ਦੀ ਲੇਖਣੀ ਤੇ ਭਾਈਚਾਰੇ ਲਈ ਕੀਤੇ ਕੰਮ ਮਮਤਾ ਨੂੰ ਹਮੇਸ਼ਾ ਜਿਊਂਦੇ ਰੱਖਣਗੇ। ਹਰ ਲੰਘਦੇ ਪਲ ਨਾਲ਼ ਉਨ੍ਹਾਂ ਦਾ ਜਾਣ ਦਾ ਦੁੱਖ ਹੋਰ ਗਹਿਰਾਉਂਦਾ ਜਾਵੇਗਾ।
ਅਸੀਂ ਇਸ ਪੌਡਕਾਸਟ ਵਾਸਤੇ ਮਦਦ ਦੇਣ ਲਈ ਹਿਮਾਂਸ਼ੂ ਸਾਈਕੀਆ ਦੇ ਸ਼ੁਕਰਗੁਜ਼ਾਰ ਹਾਂ।
ਕਵਰ ਚਿੱਤਰ ' ਤੇ ਮਮਤਾ ਦੀ ਫ਼ੋਟੋ ਸਿਟੀਜ਼ਨ ਫਾਰ ਜਸਟਿਸ ਐਂਡ ਪੀਸ ਦੀ ਵੈੱਬਸਾਈਟ ਤੋਂ ਲਈ ਹੈ ਜਿੱਥੋਂ ਦੀ ਉਹ ਫੈਲੋ ਸਨ। ਇਸ ਤਸਵੀਰ ਨੂੰ ਵਰਤਣ ਦੇਣ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
ਤਰਜਮਾ: ਕਮਲਜੀਤ ਕੌਰ