ਥੰਗਕਾ, ਰੇਸ਼ਮੀ ਜਾਂ ਸੂਤੀ ਕੱਪੜੇ ’ਤੇ ਕੀਤੀ ਜਾਂਦੀ ਕਲਾ ਜੋ ਬੋਧੀ ਦੇਵਤਿਆਂ ਨੂੰ ਦਰਸਾਉਂਦੀ ਹੈ, ਨੂੰ ਰਿਸਟੋਰ ਕਰਨਾ ਛੋਟੇ ਜਿਗਰੇ ਵਾਲਿਆਂ ਦਾ ਕੰਮ ਨਹੀਂ ਹੈ। “ਜੇਕਰ ਰਿਸਟੋਰ ਕਰਨ ਵੇਲੇ ਮਾਮੂਲੀ ਜਿਹੀ ਵੀ ਗਲਤੀ ਹੋ ਜਾਵੇ, ਜਿਵੇਂ ਕਿ ਕੰਨ ਦਾ ਅਕਾਰ ਅਸਲ ਨਾਲੋਂ ਥੋੜ੍ਹਾ ਮੁੜ ਜਾਵੇ (ਜਾਂ ਵੱਖਰਾ ਬਣ ਜਾਵੇ), ਲੋਕ ਇਸ ਨੂੰ ਅਪਰਾਧ ਮੰਨ ਸਕਦੇ ਹੁੰਦੇ ਹਨ,” ਦੋਰਜੇ ਅੰਗਚੋਕ ਕਹਿੰਦੀ ਹਨ ਜੋ ਕਿ ਮਾਥੋ ਪਿੰਡ ਦੀ ਨਿਵਾਸੀ ਹਨ।
“ਇਹ ਇੱਕ ਨਾਜ਼ੁਕ ਕੰਮ ਹੈ,” ਲੇਹ ਤੋਂ 26 ਕਿਲੋਮੀਟਰ ਦੂਰ ਪੈਂਦੇ ਮਾਥੋ ਪਿੰਡ ਦੇ ਇੱਕ ਨਿਵਾਸੀ ਦਾ ਕਹਿਣਾ ਹੈ। ਇਸ ਪਿੰਡ ਦੀ 1,165 ਲੋਕਾਂ ਦੀ ਲਗਭਗ ਸਾਰੀ ਅਬਾਦੀ ਬੋਧੀਆਂ ਦੀ ਹੈ।
ਅੰਗਚੋਕ ਅਤੇ ਉਹਨਾਂ ਦੇ ਭਾਈਚਾਰੇ ਦੇ ਹੋਰ ਲੋਕਾਂ ਦੇ ਇਸ ਡਰ ਨੂੰ ਨੋਂ ਥੰਗਕ (ਜਿਸ ਨੂੰ ਥੰਕ ਵੀ ਕਿਹਾ ਜਾਂਦਾ ਹੈ) ਮਾਹਿਰ ਕਾਰੀਗਰਾਂ ਦੇ ਸਮੂਹ ਨੇ ਘਟਾ ਦਿੱਤਾ ਹੈ ਜਿਨ੍ਹਾਂ ਨੇ ਇਸ ਸਦੀਆਂ ਪੁਰਾਣੀ ਚਿੱਤਰਕਲਾ ਵਿੱਚ ਛੁਪੇ ਹੋਏ ਪੈਟਰਨ ਨੂੰ ਸਮਝਣ, ਪਛਾਣਨ ਅਤੇ ਉਹਨਾਂ ਦੇ ਅਰਥ ਨਿਰਧਾਰਨ ਲਈ ਪਿਛਲੇ ਕਈ ਸਾਲਾਂ ਦਾ ਅਧਿਐਨ ਕੀਤਾ ਹੈ। ਹਰੇਕ ਸਦੀ ਦੇ ਆਪੋ-ਆਪਣੇ ਤੱਤ, ਸ਼ੈਲੀ ਅਤੇ ਚਿੱਤਰ ਹੋਇਆ ਕਰਦੇ ਸਨ।
ਫਰਾਂਸ ਦੀ ਰਿਸਟੋਰਰ ਨੈਲੀ ਰੂਫ਼ ਜਿਨ੍ਹਾਂ ਨੇ ਇਹਨਾਂ ਔਰਤਾਂ ਨੂੰ ਰਿਸਟੋਰਸ਼ੇਨ ਕੰਮ ਦੀ ਸਿਖਲਾਈ ਦਿੱਤੀ ਸੀ ਦਾ ਕਹਿਣਾ ਹੈ ਕਿ ਮਾਥੋ ਦੀਆਂ ਔਰਤਾਂ ਜਿਨ੍ਹਾਂ ਥੰਗਕਾ ਨੂੰ ਰਿਸਟੋਰ ਕਰ ਰਹੀਆਂ ਹਨ ਸਾਰੀਆਂ 15-16ਵੀਂ ਸਦੀ ਦੀਆਂ ਹਨ। ਸੈਰਿੰਗ ਸਪੈਲਡਨ ਕਹਿੰਦੀ ਹਨ, “ਸ਼ੁਰੂ-ਸ਼ੁਰੂ ਵਿੱਚ ਪਿੰਡ ਦੇ ਲੋਕ ਔਰਤਾਂ ਦੁਆਰਾ ਥੰਗਕਾ ਨੂੰ ਰਿਸਟੋਰ ਕਰਨ ਦੇ ਵਿਰੁੱਧ ਸਨ। ਪਰ ਅਸੀਂ ਜਾਣਦੇ ਸੀ ਅਸੀਂ ਕੁਝ ਗਲਤ ਨਹੀਂ ਕਰ ਰਹੀਆਂ; ਅਸੀਂ ਬਸ ਆਪਣੇ ਇਤਿਹਾਸ ਲਈ ਕੁਝ ਕਰ ਰਹੀਆਂ ਸਾਂ।”
ਬੋਧੀ ਭਿਕਸ਼ੁਣੀ ਥੁਕਚੇ ਡੋਲਮਾ ਦਾ ਕਹਿਣਾ ਹੈ, “ਥੰਗਕਾ ਬੁੱਧ ਅਤੇ ਦੂਜੇ ਪ੍ਰਭਾਵਸ਼ਾਲੀ ਲਾਮਾ ਅਤੇ ਬੋਧੀ ਭਗਤਾਂ ਦੇ ਜੀਵਨ ਬਾਰੇ ਦੱਸਣ ਲਈ ਚੰਗੇ ਸਿੱਖਿਆ ਸਾਧਨ ਹਨ।” ਡੋਲਮਾ ਨਵੇਂ ਬਣਾਏ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਦੇ ਕਾਰਗਿੱਲ ਜ਼ਿਲ੍ਹੇ ਦੀ ਜ਼ੰਸਕਰ ਤਹਿਸੀਲ ਦੇ ਕਾਰਸ਼ਾ ਭਿਕਸ਼ੂ ਮੱਠ ਵਿੱਚ ਰਹਿੰਦੀ ਹਨ।
ਸੈਰਿੰਗ ਅਤੇ ਦੂਜੇ ਕਾਰੀਗਰ ਜੋ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ, ਸਾਰੇ ਹਿਮਾਲਿਅਨ ਆਰਟ ਪਰਜ਼ਰਵਰਜ਼ (Himalayan Art Preservers) ਨਾਮਕ ਸੰਸ਼ਥਾ ਦੇ ਮੈਂਬਰ ਹਨ ਅਤੇ ਇਹਨਾਂ ਨੂੰ ਥੰਗਕਾ ਨੂੰ ਰਿਸਟੋਰ ਕਰਨ ਵਿੱਚ ਮੁਹਾਰਤ ਹਾਸਲ ਹੈ। “ਦੂਜੇ ਇਤਿਹਾਸਕ ਚਿੱਤਰਾਂ ਦੇ ਮੁਕਬਲੇ ਥੰਗਕਾ ਨੂੰ ਰਿਸਟੋਰ ਕਰਨਾ ਮੁਸ਼ਕਿਲ ਕੰਮ ਹੈ ਕਿਉਂਕਿ ਰੇਸ਼ਮੀ ਕੱਪੜਾ ਦੁਰਲੱਬ ਮਿਲਦਾ ਹੈ ਅਤੇ ਅਤੇ ਬੇਹੱਦ ਸ਼ੁੱਧ ਗੁਣਵੱਤਾ ਵਾਲਾ ਹੁੰਦਾ ਹੈ। ਰੰਗ ਜਾਂ ਕੱਪੜੇ ਨੂੰ ਬਿਨਾ ਨੁਕਸਾਨ ਪਹੁੰਚਾਏ ਸਿਰਫ਼ ਗੰਦਗੀ ਸਾਫ਼ ਕਰਨੀ ਬਹੁਤ ਹੀ ਔਖਾ ਕੰਮ ਹੈ,” ਨੈਲੀ ਕਹਿੰਦੀ ਹਨ।
“ਅਸੀਂ 2010 ਵਿੱਚ ਮਾਥੋਂ ਗੋਂਪਾ(ਮੱਠ) ਵਿਖੇ ਸੁਰੱਖਿਆ ਕਾਰਜ ਸਿੱਖਣਾ ਸ਼ੁਰੂ ਕੀਤਾ ਸੀ। ਦਸਵੀਂ ਜਮਾਤ ਖ਼ਤਮ ਕਰਨ ਤੋਂ ਬਾਅਦ ਘਰ ਬੈਠਣ ਨਾਲੋਂ ਇਹ ਕੰਮ ਬਿਹਤਰ ਸੀ,” ਸੈਰਿੰਗ ਕਹਿੰਦੀ ਹਨ।
ਸੈਰਿੰਗ ਤੋਂ ਇਲਾਵਾ ਹੋਰ ਵੀ ਦੂਜੀਆਂ ਔਰਤਾਂ ਹਨ: ਥੀਨਲਸ ਅੰਗਮੋ, ਉਰਗੈਨ ਸ਼ੋਡੋਲ, ਸਟਾਂਜ਼ਿਨ ਲਾਡੋਲ, ਕੁਨਜ਼ੰਗ ਅੰਗਮੋ, ਰਿਨਸਨ ਡੋਲਮਾ, ਇਸ਼ੇ ਡੋਲਮਾ, ਸਟਾਂਜ਼ਿਨ ਅੰਗਮੋ ਅਤੇ ਸ਼ੁਨਜ਼ਿਨ ਅੰਗਮੋ। ਉਹਨਾਂ ਨੂੰ ਦਿਨ ਦੇ 270 ਰੁਪਏ ਦਿੱਤੇ ਜਾਂਦੇ ਸਨ, “ਖ਼ਾਸਕਰ ਸਾਡੇ ਵਰਗੇ ਪਰੋਖ ਇਲਾਕੇ ਵਿੱਚ ਇਹ ਰਾਸ਼ੀ ਕਾਫ਼ੀ ਮੰਨੀ ਜਾਂਦੀ ਹੈ ਜਿੱਥੇ ਨੌਕਰੀ ਦੇ ਅਵਸਰ ਬਹੁਤ ਘੱਟ ਹਨ,” ਸੈਰਿੰਗ ਕਹਿੰਦੀ ਹਨ। ਸਮੇਂ ਦੇ ਚਲਦੇ, “ਅਸੀਂ ਇਸ ਚਿੱਤਰਕਲਾ ਨੂੰ ਰਿਸਟੋਰ ਕਰਨ ਦੀ ਅਹਿਮੀਅਤ ਸਮਝੀ। ਫਿਰ ਅਸੀਂ ਕਲਾ ਅਤੇ ਇਤਿਹਾਸ ਨੂੰ ਹੋਰ ਵੀ ਜ਼ਿਆਦਾ ਸਮਝਣਾ ਸ਼ੁਰੂ ਕਰ ਦਿੱਤਾ।”
2010 ਵਿੱਚ ਮਾਥੋ ਮੱਠ ਅਜਾਇਬ-ਘਰ ਨੇ ਨੁਕਸਾਨ-ਗ੍ਰਸਤ ਥੰਗਕਾਵਾਂ ਦੀ ਮੁਰੰਮਤ ਲਈ ਮਦਦ ਕੀਤੀ। “ਥੰਗਕਾ ਅਤੇ ਧਾਰਮਿਕ ਰੂਪ ਤੋਂ ਮਹੱਤਤਾ ਰੱਖਦੀਆਂ ਦੂਜੀਆਂ ਕਲਾਕ੍ਰਿਤੀਆਂ ਨੂੰ ਰਿਸਟੋਰ ਕਰਨਾਂ ਸਮੇਂ ਦੀ ਮੰਗ ਸੀ। ਅਸੀਂ ਰਿਸਟੋਰੇਸ਼ਨ ਦਾ ਕੰਮ 2010 ਦੇ ਲਗਭਗ ਸਿੱਖਣਾ ਸ਼ੁਰੂ ਕੀਤਾ ਸੀ,” ਸੈਰਿੰਗ ਕਹਿੰਦੀ ਹਨ। ਉਹ ਅਤੇ ਬਾਕੀ ਦੂਜਿਆਂ ਨੇ ਮੌਕਾ ਸੰਭਾਲਦੇ ਹੋਏ ਰਿਸਟੋਰੇਸ਼ਨ ਦੀ ਸਿੱਖਿਆ ਲੈਣੀ ਸ਼ੁਰੂ ਦਿੱਤੀ ਸੀ।
ਥੰਗਕਾ ਦੀ ਮੁਰੰਮਤ ਦਾ ਸਮਾਂ ਇਸਦੇ ਅਕਾਰ ’ਤੇ ਨਿਰਭਰ ਕਰਦਾ ਹੈ। ਇਹ ਸਮਾਂ ਕੁਝ ਦਿਨਾਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਹੋ ਸਕਦਾ ਹੈ। “ਥੰਗਕਾ ਰਿਸਟੋਰਰੇਸ਼ਨ ਰੋਕਨਾ ਪੜਤਾ ਹੈ ਸਰਦੀਓਂ ਮੇਂ ਕਿਉਂਕਿ ਫੈਬਰਿਕ ਠੰਡ ਮੇਂ ਖਰਾਬ ਹੋ ਜਾਤਾ ਹੈ [ਸਰਦੀਆਂ ਵਿੱਚ ਥੰਗਕਾ ਰਿਸਟੋਰੇਸ਼ਨ ਦਾ ਕੰਮ ਰੋਕਣਾ ਪੈਂਦਾ ਹੈ ਕਿਉਂਕਿ ਠੰਡ ਵਿੱਚ ਕੱਪੜਾ ਖਰਾਬ ਹੋ ਜਾਂਦਾ ਹੈ]”
ਸਟਾਂਜ਼ਿਨ ਲਾਡੋਲ ਕੰਮ ਦੇ ਨਮੂਨਿਆਂ ਨਾਲ ਚੰਗੀ ਤਰ੍ਹਾਂ ਸੂਚੀਬੱਧ ਕੀਤਾ ਇੱਕ ਵੱਡਾ ਰਜਿਸਟਰ ਖੋਲ੍ਹਦੀ ਹਨ। ਹਰੇਕ ਪੰਨੇ ’ਤੇ ਨਾਲ-ਨਾਲ ਦੋ ਚਿੱਤਰ ਲਗਾਏ ਗਏ ਹਨ – ਇੱਕ ਰਿਸਟੋਰੇਸ਼ਨ ਤੋਂ ਪਹਿਲਾਂ ਦਾ ਅਤੇ ਦੂਜਾ ਰਿਸਟੋਰੇਸ਼ਨ ਤੋਂ ਬਾਅਦ ਦਾ।
“ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਹ ਕੰਮ ਕਰਨਾ ਸਿੱਖਿਆ; ਇਸ ਨੇ ਸਾਨੂੰ ਅੱਗੇ ਵੱਧਣ ਲਈ ਇੱਕ ਵੱਖਰਾ ਰਾਹ ਪ੍ਰਦਾਨ ਕੀਤਾ ਹੈ। ਅਸੀਂ ਸਾਰੀਆ ਵਿਆਹੀਆਂ ਹੋਈਆਂ ਹਾਂ, ਸਾਡੇ ਬੱਚੇ ਆਪੋ-ਆਪਣਾ ਕੰਮ ਕਰਦੇ ਹਨ, ਇਸ ਲਈ ਅਸੀਂ ਆਪਣੇ ਸਮੇਂ ਦਾ ਵੱਡਾ ਹਿੱਸਾ ਇਸ ਰਿਸਟੋਰੇਸ਼ਨ ਦੇ ਕੰਮ ਵਿੱਚ ਲਗਾਉਂਦੇ ਹਾਂ,” ਰਾਤ ਦੇ ਖਾਣੇ ਲਈ ਸਬਜ਼ੀਆਂ ਕੱਟਦੀ ਹੋਈ ਥੀਨਲਸ ਕਹਿੰਦੀ ਹਨ।
“ਅਸੀਂ ਸਵੇਰੇ 5 ਵਜੇ ਉੱਠਦੇ ਹਾਂ ਅਤੇ ਆਪਣਾ ਸਾਰਾ ਘਰ ਦਾ ਕੰਮ ਅਤੇ ਖੇਤਾਂ ਦਾ ਕੰਮ ਖਤਮ ਕਰਦੇ ਹਾਂ,” ਥੀਨਲਸ ਕਹਿੰਦੀ ਹਨ। ਉਹਨਾਂ ਦੇ ਸਹਿਕਰਮੀ ਸੈਰਿੰਗ ਵਿੱਚ ਬੋਲਦੀ ਹਨ, ”ਖੇਤੀ ਬਹੁਤ ਜ਼ਰੂਰੀ ਹੈ, ਸੈਲਫ-ਸ਼ਫਿਸ਼ੈਂਟ ਰਹਿਨੇ ਕੇ ਲੀਏ। ”
ਔਰਤਾਂ ਲਈ ਦਿਨ ਬਹੁਤ ਲੰਮਾ ਹੁੰਦਾ ਹੈ। “ਅਸੀਂ ਗਾਵਾਂ ਦੀਆਂ ਧਾਰਾਂ ਕੱਢਦੀਆਂ ਹਾਂ, ਖਾਣਾ ਬਣਾਉਂਦੀਆਂ ਹਾਂ, ਬੱਚਿਆਂ ਨੂੰ ਸਕੂਲ ਤੋਰਦੀਆਂ ਹਾਂ ਅਤੇ ਫਿਰ ਸਾਨੂੰ ਪਸ਼ੂਆਂ ’ਤੇ ਨਿਗ੍ਹਾਂ ਰੱਖਣੀ ਪੈਂਦੀ ਹੈ ਜੋ ਬਾਹਰ ਚਰਨ ਜਾਂਦੀਆਂ ਹਨ। ਇਸ ਸਭ ਦੇ ਬਾਵਜੂਦ ਵੀ, ਅਸੀਂ HAP ਆਉਂਦੇ ਹਾਂ ਅਤੇ ਕੰਮ ਕਰਦੇ ਹਾਂ,” ਥਿਨਲਸ ਕਹਿੰਦੀ ਹਨ।
ਰਿਸਟੋਰ ਕਲਾਕਾਰਾਂ ਦਾ ਕਹਿਣਾ ਹੈ ਕਿ ਲਗਭਗ ਸਾਰੀ ਰਾਸ਼ੀ ਨਵੇਂ ਥੰਗਕਾਵਾਂ ਨੂੰ ਬਣਾਉਣ ਵਿੱਚ ਚਲੀ ਜਾਂਦੀ ਹੈ। “ਅੱਜਕਲ੍ਹ ਕੋਈ ਵਿਰਲਾ ਹੀ ਇਹਨਾਂ ਸਦੀਆਂ ਪੁਰਾਣੀਆਂ ਥੰਗਕਾਵਾਂ ਦੀ ਕੀਮਤ ਸਮਝਦਾ ਹੈ ਅਤੇ ਜ਼ਿਆਦਾਤਰ ਇਹਨਾਂ ਨੂੰ ਰਿਸਟੋਰ ਕਰਨ ਦੀ ਬਜਾਏ ਤਿਆਗ ਦਿੱਤਾ ਜਾਂਦਾ ਹੈ,” ਡਾ. ਸੋਨਮ ਵੰਗਚੋਕ ਦਾ ਕਹਿਣਾ ਹੈ ਜੋ ਕਿ ਇੱਕ ਬੋਧੀ ਬੁੱਧੀਜੀਵੀ ਹਨ ਅਤੇ ਲੇਹ ਦੇ Himalayan Cultural Heritage Foundation ਦੀ ਸੰਸਥਾਪਕ ਹਨ।
“ਹੁਣ ਕੋਈ ਵੀ ਸਾਨੂੰ ਕੁਝ ਵੀ ਨਹੀਂ ਕਹਿੰਦਾ ਕਿਉਂਕਿ ਕਿੰਨੇ ਸਾਲ ਬੀਤ ਚੁੱਕੇ ਹਨ ਅਸੀਂ ਇਸ ਕੰਮ ਵਿੱਚ ਲਗਾਤਾਰ ਲੱਗੇ ਹੋਏ ਹਾਂ,” ਸ਼ੁਰੂਆਤ ਵਿੱਚ ਪਿੰਡ ਦੇ ਲੋਕਾਂ ਦੁਆਰਾ ਪ੍ਰਤੀਰੋਧ ਬਾਰੇ ਗੱਲ ਕਰਦੇ ਹੋਏ ਸੈਰਿੰਗ ਕਹਿੰਦੀ ਹਨ। “ਕੋਈ ਵਿਰਲਾ ਆਦਮੀ ਹੀ ਇਸ ਕੰਮ ਵਿੱਚ ਪੈਂਦਾ ਹੈ,” ਨੂਰ ਜਹਾਂ ਆਖਦੀ ਹਨ ਜੋ ਲੇਹ ਦੇ ਸ਼ੇਸਰਿਗ ਲੱਦਾਖ ਵਿੱਚ ਸਥਿਤ ਕਲਾ ਸਾਂਭ-ਸੰਭਾਲ ਵਰਕਸ਼ਾਪ ਦੀ ਸੰਸਥਾਪਕ ਹਨ। “ਇੱਥੇ ਲੱਦਾਖ ਵਿੱਚ ਜ਼ਿਆਦਾਤਰ ਔਰਤਾਂ ਹੀ ਕਲਾ ਰਿਸਟੋਰੇਸ਼ਨ ਦੇ ਕੰਮ ਵਿੱਚ ਹਨ।” ਅਤੇ ਉਹਨਾਂ ਦਾ ਕੰਮ ਸਿਰਫ਼ ਥੰਗਕਾ ਦੀ ਰਿਸਟੋਰੇਸ਼ਨ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਉਹ ਹੁਣ ਸਮਾਰਕਾਂ ਅਤੇ ਦੀਵਾਰ ਚਿੱਤਰਾਂ ਦੀ ਵੀ ਰਿਸਟੋਰੇਸ਼ਨ ਦਾ ਕੰਮ ਵੀ ਕਰਨ ਲੱਗੀਆਂ ਹਨ।
“ਅਸੀਂ ਚਾਹੁੰਦੇ ਹਾਂ ਕਿ ਲੋਕ ਇੱਥੇ ਆਉਣ ਅਤੇ ਸਾਡਾ ਕੰਮ ਵੇਖਣ,” ਸੈਰਿੰਗ ਕਹਿੰਦੀ ਹਨ। ਪਹਾੜਾਂ ਵਿੱਚ ਸੂਰਜ ਢਲ ਰਿਹਾ ਹੈ ਅਤੇ ਉਹ ਅਤੇ ਦੂਜੀਆਂ ਔਰਤਾਂ ਜਲਦੀ ਆਪਣੇ ਘਰ ਵਾਪਸ ਚਲੀਆਂ ਜਾਣ ਗਈਆਂ। ਸਟਾਂਜ਼ਨ ਲਾਡੋਲ ਦੇ ਅਨੁਸਾਰ ਮਹਿੰਗੇ ਰਿਸਟੋਰੇਸ਼ਨ ਸਮੱਗਰੀ ਦੀ ਘਾਟ ਵੱਡਾ ਵਿਸ਼ਾ ਬਣਦਾ ਜਾ ਰਿਹਾ ਹੈ। ਉਹ ਮਹਿਸੂਸ ਕਰਦੀ ਹੋਈ ਕਹਿੰਦੀ ਹਨ, “ਇਹ ਕੰਮ ਸਾਡੇ ਲਈ ਅਹਿਮ ਹੈ, ਇਸ ਲਈ ਨਹੀਂ ਕਿ ਇਸ ਨਾਲ ਸਾਨੂੰ ਬਹੁਤ ਲਾਭ ਹੁੰਦਾ ਹੈ ਬਲਕਿ ਇਸ ਲਈ ਕਿ ਇਸ ਕੰਮ ਨਾਲ ਸਾਨੂੰ ਸੰਤੁਸ਼ਟੀ ਮਿਲਦੀ ਹੈ।”
ਇਸ ਕੰਮ ਨੇ ਉਹਨਾਂ ਨੂੰ ਇਹਨਾਂ ਪ੍ਰਾਚੀਨ ਚਿੱਤਰਾਂ ਨੂੰ ਰਿਸਟੋਰ ਕਰਨ ਦੀ ਕਲਾ ਤੋਂ ਵੱਧ ਕੇ ਬਹੁਤ ਕੁਝ ਦਿੱਤਾ ਹੈ। ਇਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਨਾਲ ਭਰ ਦਿੱਤਾ ਹੈ। “ਸਾਡੀ ਗੱਲਬਾਤ ਕਰਨ ਦੇ ਢੰਗ ਵੀ ਹੋਲੀ-ਹੋਲੀ ਬਦਲ ਗਏ ਹਨ – ਪਹਿਲਾਂ ਅਸੀਂ ਸਿਰਫ਼ ਲੱਦਾਖੀ ਵਿੱਚ ਗੱਲ ਕਰਦੇ ਹੁੰਦੇ ਸੀ, ਪਰ ਹੁਣ ਅਸੀਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਚੰਗੀ ਤਰ੍ਹਾਂ ਗੱਲ ਕਰਨਾ ਸਿੱਖ ਲਿਆ ਹੈ।”
ਤਰਜਮਾ: ਇੰਦਰਜੀਤ ਸਿੰਘ