ਜਨਵਰੀ 2005 ਤੋਂ ਹੁਣ ਤੀਕਰ ਭੋਲੀ ਦੇਵੀ ਵਿਸ਼ਨੋਈ ਨੂੰ ਚੁੜੇਲ ਐਲਾਨਿਆਂ 15 ਸਾਲ ਬੀਤ ਚੁੱਕੇ ਹਨ। ਰਾਜਸਥਾਨ ਦੇ ਦਰੀਬਾ ਪਿੰਡ ਵਿਖੇ ਉਸ ਦਿਨ ਤਿੰਨ ਔਰਤਾਂ ਨੇ ਭੋਲੀ 'ਤੇ ਚੁੜੇਲ ਹੋਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬੀਮਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਭੋਲੀ ਨੂੰ ਪੂਰੇ ਪਿੰਡ ਸਾਹਮਣੇ ਚੁੜੇਲ ਕਿਹਾ ਤੇ ਦੋਸ਼ ਲਾਇਆ ਕਿ ਉਹ ਦੂਜਿਆਂ ਦੇ ਸਰੀਰ ਵਿੱਚ ਦਾਖ਼ਲ ਹੁੰਦੀ ਹੈ ਤੇ ਲੋਕਾਂ ਨੂੰ ਬੀਮਾਰ ਕਰਦੀ ਹੈ।
ਘਟਨਾ ਦੇ ਚਾਰ ਮਹੀਨਿਆਂ ਬਾਅਦ ਭੋਲੀ ਦੇਵੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਛੱਡਣ ਲਈ ਮਜ਼ਬੂਰ ਕੀਤਾ ਗਿਆ। ਉਹ ਭੀਲਵਾੜਾ ਜ਼ਿਲ੍ਹੇ ਦੀ ਸੁਵਾਨਾ ਤਹਿਸੀਲ ਵਿਖੇ ਕਰੀਬ 500 ਪਰਿਵਾਰਾਂ ਦੇ ਪਿੰਡ, ਦਰੀਬਾ ਤੋਂ 14 ਕਿਲੋਮੀਟਰ ਦੂਰ ਭੀਲਵਾੜਾ ਸ਼ਹਿਰ ਵਿੱਚ ਰਹਿਣ ਲਈ ਆ ਗਏ।
ਕਰੀਬ 50 ਸਾਲਾ ਕਿਸਾਨ ਅਤੇ ਘਰੇਲੂ ਔਰਤ, ਭੋਲੀ ਕਹਿੰਦੀ ਹਨ ਕਿ ਉਹ ਚੁੜੇਲ ਪ੍ਰਥਾ ਵਿੱਚ ਯਕੀਨ ਨਹੀਂ ਕਰਦੀ। ਪਰ ਚੁੜੇਲ ਦਾ ਕਲੰਕ ਉਨ੍ਹਾਂ ਦੇ ਸਿਰ 'ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਦੋਸ਼ ਮੜ੍ਹਨ ਵਾਲ਼ੀਆਂ ਤੇ ਉਨ੍ਹਾਂ ਨੂੰ ਛੇਕਣ ਵਾਲ਼ੀਆਂ ਔਰਤਾਂ ਉਨ੍ਹਾਂ ਦੇ ਹੱਥੋਂ ਪ੍ਰਸਾਦ ਨਹੀਂ ਲੈਂਦੀਆਂ, ਉਹ ਦੱਸਦੀ ਹਨ।
ਆਪਣੇ ਉੱਪਰ ਲੱਗੇ ਚੁੜੇਲ ਦੇ ਕਲੰਕ ਨੂੰ ਦੂਰ ਕਰਨ ਲਈ ਭੋਲੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹਨ। ਰਿਸ਼ਤੇਦਾਰਾਂ ਤੇ ਪਿੰਡ ਵਾਲ਼ਿਆਂ ਦੇ ਕਹਿਣ 'ਤੇ ਉਹ ਪੁਸ਼ਕਰ, ਹਰਿਦੁਆਰ ਤੇ ਕੇਦਾਰਨਾਥ ਦੀਆਂ ਤੀਰਥ ਯਾਤਰਾਵਾਂ ਤੋਂ ਲੈ ਕੇ ਗੰਗਾ ਇਸ਼ਨਾਨ ਅਤੇ ਵਰਤ ਤੱਕ ਰੱਖ ਚੁੱਕੀ ਹਨ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਇਨ੍ਹਾਂ ਕੰਮਾਂ ਕਰਕੇ ਹੀ ਉਨ੍ਹਾਂ ਨੂੰ ਚੁੜੇਲ ਦੇ ਕਲੰਕ ਤੋਂ ਮੁਕਤੀ ਮਿਲ਼ ਜਾਊਗੀ।
''ਤੀਰਥ, ਵਰਤ ਤੇ ਹੋਰ ਸਾਰੇ ਰਿਵਾਜਾਂ ਨੂੰ ਨਿਭਾਉਣ ਤੋਂ ਬਾਅਦ ਅਸੀਂ ਕੁਝ ਜੋੜਿਆਂ ਨੂੰ ਦਾਅਵਤ 'ਤੇ ਸੱਦਿਆ, ਪਰ ਕੋਈ ਵੀ ਮੇਰੇ ਘਰ ਆਇਆ ਹੀ ਨਹੀਂ,'' ਭੋਲੀ ਕਹਿੰਦੀ ਹਨ। ਬਾਈਕਾਟ ਮੁੱਕਣ ਦੀ ਉਮੀਦ ਵਿੱਚ ਭੋਲੀ ਦੇ ਪਰਿਵਾਰ ਨੇ ਆਪਣੇ ਘਰ ਤੇ ਪਿੰਡ ਵਿੱਚ ਤੀਜ-ਤਿਓਹਾਰਾਂ ਮੌਕੇ ਕਈ ਵਾਰ ਖਾਣ-ਪੀਣ ਦਾ ਅਯੋਜਨ ਕੀਤਾ। ਭੋਲੀ ਦਾ ਅੰਦਾਜ਼ਾ ਹੈ ਕਿ ਇਸ ਸਭ ਕਾਸੇ 'ਤੇ ਉਹ ਹੁਣ ਤੱਕ 10 ਲੱਖ ਰੁਪਏ ਤੱਕ ਖ਼ਰਚ ਚੁੱਕੇ ਹਨ।
ਭੀਲਵਾੜਾ ਵਿਖੇ ਸਮਾਜਿਕ ਕਾਰਕੁੰਨ ਤਾਰਾ ਆਹੂਲਵਾਲੀਆ ਕਹਿੰਦੀ ਹਨ,''ਭੋਲੀ ਜੋ ਛੇਕੇ ਜਾਣ ਦਾ ਸੰਤਾਪ ਹੰਢਾ ਰਹੀ ਹੈ, ਉਹ ਭੀਲਵਾੜਾ ਜ਼ਿਲ੍ਹੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ।'' 2005 ਵਿੱਚ ਘਟਨਾ ਤੋਂ ਬਾਅਦ ਤਾਰਾ ਨੇ ਵੀ ਭੋਲੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਦਾਲਤ ਜ਼ਰੀਏ ਮਾਮਲਿਆਂ ਦੀ ਐੱਫ਼ਆਈਆਰ ਦਰਜ ਕਰਵਾਈ ਸੀ।
28 ਜਨਵਰੀ 2005 ਨੂੰ ਦਾਇਰ ਹੋਈ ਐੱਫ਼ਆਈਆਰ ਮੁਤਾਬਕ, ਦਰੀਬਾ ਵਿੱਚ ਭੋਲੀ ਦੇ ਪਰਿਵਾਰ ਦੀ ਤਿੰਨ ਵਿਘਾ (1.2 ਏਕੜ) ਜ਼ਮੀਨ ਹੜਪਣ ਦੇ ਮਕਸਦ ਨਾਲ਼ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਨੇ ਉਨ੍ਹਾਂ ਨੂੰ ਚੁੜੇਲ ਐਲਾਨ ਦਿੱਤਾ। ਭੋਲੀ ਵਾਂਗਰ ਦੋਸ਼ੀ ਪਰਿਵਾਰ ਵੀ ਵਿਸ਼ਨੋਈ ਭਾਈਚਾਰੇ ਨਾਲ਼ ਹੀ ਤਾਅਲੁੱਕ ਰੱਖਦਾ ਹੈ। ਇਹ ਭਾਈਚਾਰੇ ਰਾਜਸਥਾਨ ਵਿੱਚ ਹੋਰ ਪਿਛੜੇ ਵਰਗ (ਓਬੀਸੀ) ਹੇਠ ਆਉਂਦਾ ਹੈ। ਭੋਲੀ ਦੇ ਪਤੀ, ਪਿਆਰਚੰਦ ਵਿਸ਼ਨੋਈ ਦੱਸਦੇ ਹਨ ਕਿ ਕਈ ਸਾਲਾਂ ਤੋਂ ਉਹ ਪਰਿਵਾਰ ਆਪਣੇ ਖੇਤ ਵਿੱਚ ਜਾਣ ਲਈ, ਉਨ੍ਹਾਂ ਦੇ ਖੇਤਾਂ ਵਿੱਚੋਂ ਲੰਘਣ ਵਾਸਤੇ ਇੱਕ ਵੱਟ ਮੰਗਦਾ ਆਇਆ ਸੀ, ਪਰ ਉਸ ਖੇਤ ਨੂੰ ਉਨ੍ਹਾਂ ਨੇ ਠੇਕੇ 'ਤੇ ਚਾੜ੍ਹਿਆ ਹੋਇਆ ਹੈ। ਜਦੋਂ ਪਿਆਰਚੰਦ ਨੇ ਰਾਹ ਦੇਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਦਰਮਿਆਨ ਝਗੜਾ ਹੋਇਆ ਤੇ ਓਦੋਂ ਤੋਂ ਹੀ ਉਨ੍ਹਾਂ ਨੇ ਭੋਲੀ ਨੂੰ ਚੁੜੇਲ ਐਲਾਨ ਦਿੱਤਾ।
ਭੀਲਵਾੜਾ ਜ਼ਿਲ੍ਹੇ ਦੇ ਪੁਲਿਸ ਨਿਗਰਾਨ, ਹਰੇਂਦਰ ਕੁਮਾਰ ਮਹਾਵਰ ਦਾ ਮੰਨਣਾ ਹੈ ਕਿ ਚੁੜੇਲ ਕਰਾਰ ਦੇਣ ਜਿਹੇ ਕੇਸ ਹਮੇਸ਼ਾ ਉਵੇਂ ਨਹੀਂ ਹੁੰਦੇ ਜਿਵੇਂ ਦਿਖਾਈ ਦਿੰਦੇ ਹਨ। ''ਉਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਰਜੀ ਤੇ ਭੂਮੀ-ਵਿਵਾਦ ਨਾਲ਼ ਜੁੜੇ ਹੁੰਦੇ ਹਨ। ਇਸ ਇਲਾਕੇ ਵਿੱਚ ਇਹ ਪ੍ਰਥਾ ਸਮਾਜਿਕ ਪਰੰਪਰਾਵਾਂ 'ਚੋਂ ਨਿਕਲ਼ੀ ਹੈ,'' ਉਹ ਕਹਿੰਦੇ ਹਨ।
ਅਕਸਰ ਪਿੰਡ ਦੇ ਰਸੂਖ਼ਵਾਨ ਲੋਕ ਕਿਸੇ ਅਜਿਹੇ ਵਿਧਵਾ ਜਾਂ ਇਕੱਲੀ ਔਰਤ ਨੂੰ ਚੁੜੇਲ ਐਲਾਨ ਦਿੰਦੇ ਹਨ, ਜੋ ਆਰਥਿਕ ਤੇ ਕਨੂੰਨੀ ਰੂਪ ਨਾਲ਼ ਆਪਣੀ ਲੜਾਈ ਲੜਨ ਵਿੱਚ ਅਸਰਥ ਹੁੰਦੀ ਹੈ, ਆਹੂਵਾਲੀਆ ਕਹਿੰਦੀ ਹਨ ਤੇ ਬਹੁਤੇਰੇ ਮਾਮਲਿਆਂ ਵਿੱਚ ਇਹ ਉਨ੍ਹਾਂ ਦੀ ਜ਼ਮੀਨ ਹੜਪਣ ਲਈ ਕੀਤਾ ਜਾਂਦਾ ਹੈ। ਆਹਲੂਵਾਲੀਆ 1980 ਤੋਂ ਭੀਲਵਾੜਾ ਜ਼ਿਲ੍ਹੇ ਵਿਖੇ ਚੁੜੇਲ ਪ੍ਰਥਾ ਦੇ ਖ਼ਿਲਾਫ਼ ਮੁਹਿੰਮ ਚਲਾ ਰਹੀ ਹਨ। ਇਨ੍ਹਾਂ ਨੇ ਬਾਲ ਏਵਮ ਮਹਿਲਾ ਚੇਤਨਾ ਸਮਿਤੀ ਨਾਮ ਹੇਠ ਐੱਨਜੀਓ ਵੀ ਬਣਾਇਆ ਹੈ।
ਪਰਿਵਾਰਾਂ ਦੀ ਆਪਸੀ ਦੁਸ਼ਮਣੀ ਅਤੇ ਲਾਗਤਬਾਜ਼ੀ ਕਾਰਨ ਕਰਕੇ ਵੀ ਔਰਤਾਂ ਖ਼ਿਲਾਫ਼ ਅਜਿਹੇ ਦੋਸ਼ ਮੜ੍ਹੇ ਜਾਂਦੇ ਹਨ। ਕਿਉਂਕਿ ਇਨ੍ਹਾਂ ਮਾਮਲਿਆਂ ਨੂੰ ਪਹਿਲਾਂ ਸਮਾਜਿਕ ਸਮੱਸਿਆਵਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਇਸਲਈ ਪਿੰਡ ਦੀਆਂ ਪੰਚਾਇਤਾਂ (ਪੰਚ) ਇਨ੍ਹਾਂ ਨੂੰ ਨਿਯੰਤਰਿਤ ਕਰਦੀਆਂ ਸਨ। ''ਔਰਤਾਂ ਨੂੰ ਚੁੜੇਲ ਐਲਾਨਨ ਅਤੇ ਇਸ ਪ੍ਰਥਾ ਨੂੰ ਹੱਲ੍ਹਾਸ਼ੇਰੀ ਦੇਣ ਵਿੱਚ ਪੰਚਾਇਤ ਮੈਂਬਰਾਂ ਯਾਨਿ ਪੰਚਾਂ ਨੇ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ,'' ਤਾਰਾ ਆਹਲੂਵਾਲੀਆ ਕਹਿੰਦੀ ਹਨ।
ਸਮਾਜਿਕ ਕਾਰਕੁੰਨਾਂ ਨੇ 25 ਸਾਲ ਦੇ ਲੰਬੇ ਅਭਿਆਨ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਅਪ੍ਰੈਲ 2015 ਵਿੱਚ ਰਾਜਸਥਾਨ ਚੁੜੇਲ ਪ੍ਰਥਾ ਰੋਕਥਾਮ ਐਕਟ ਪਾਸ ਕੀਤਾ। ਕਨੂੰਨ ਵਿੱਚ ਚੁੜੇਲ ਪ੍ਰਥਾ ਨੂੰ ਅਪਰਾਧ ਐਲਾਨਿਆ ਗਿਆ। ਇਨ੍ਹਾਂ ਵਿੱਚ 1 ਤੋਂ 5 ਸਾਲ ਤੱਕ ਦੀ ਸਜ਼ਾ, 50,000 ਰੁਪਏ ਦਾ ਜ਼ੁਰਮਾਨਾ ਜਾਂ ਦੋਵਾਂ ਦਾ ਪ੍ਰੋਵੀਜ਼ਨ ਹੈ।
2015 ਦੇ ਕਨੂੰਨ ਬਣਨ ਤੋਂ ਬਾਅਦ ਰਾਜਸਥਾਨ ਵਿੱਚ ਚੁੜੇਲ ਪ੍ਰਥਾ ਦੇ 261 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਪੁਲਿਸ ਨੇ ਸਿਰਫ਼ 109 ਕੇਸਾਂ ਵਿੱਚ ਹੀ ਚਾਰਜਸ਼ੀਟ ਦਾਇਰ ਕੀਤੀ ਹੈ ਤੇ ਅੱਜ ਤੱਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋ ਸਕੀ ਹੈ
ਰਾਜਸਥਾਨ ਪੁਲਿਸ ਕੋਲ਼ੋਂ ਮਿਲ਼ੇ ਅੰਕੜਿਆਂ ਮੁਤਾਬਕ ਜਦੋਂ ਤੋਂ ਕਨੂੰਨ ਪ੍ਰਭਾਵੀ ਹੋਇਆ ਹੈ ਉਦੋਂ ਤੋਂ ਇਕੱਲੇ ਭੀਲਵਾੜਾ ਜ਼ਿਲ੍ਹੇ ਵਿੱਚ 75 ਮਾਮਲੇ ਦਰਜ਼ ਹੋਏ ਹਨ। (ਹਰੇਂਦਰ ਮਹਾਵਰ ਦੱਸਦੇ ਹਨ ਕਿ ਹਰ ਮਹੀਨੇ ਇੱਥੇ 10-15 ਅਜਿਹੀਆਂ ਸ਼ਿਕਾਇਤਾਂ ਮਿਲ਼ਦੀਆਂ ਹਨ ਪਰ ਸਾਰੇ ਦੀਆਂ ਸਾਰੀਆਂ ਕੇਸ ਨਹੀਂ ਬਣ ਪਾਉਂਦੀਆਂ।) ਕਨੂੰਨ ਬਣਨ ਤੋਂ ਬਾਅਦ ਰਾਜਸਥਾਨ ਵਿੱਚ ਚੁੜੇਲ ਐਲਾਨੇ ਜਾਣ ਦੇ 261 ਮਾਮਲੇ ਸਾਹਮਣੇ ਆਏ ਹਨ। 2015 ਵਿੱਚ 12 ਮਾਮਲੇ, 2016 ਵਿੱਚ 61, 2017 ਵਿੱਚ 116, 2018 ਵਿੱਚ 27 ਤੇ 2019 ਵਿੱਚ ਨਵੰਬਰ ਤੱਕ 45 ਕੇਸ ਦਰਜ ਹੋਏ ਹਨ। ਹਾਲਾਂਕਿ, ਪੁਲਿਸ ਮਹਿਜ 109 ਮਾਮਲਿਆਂ ਵਿੱਚ ਹੀ ਚਾਰਜਸ਼ੀਟ ਦਾਇਰ ਕਰ ਸਕੀ ਹੈ।
''ਕਨੂੰਨ ਜ਼ਮੀਨੀ ਪੱਧਰ 'ਤੇ ਪ੍ਰਭਾਵੀ ਤਰੀਕੇ ਨਾਲ਼ ਲਾਗੂ ਨਹੀਂ ਹੋ ਰਿਹਾ ਹੈ। ਇਸਲਈ ਰਾਜਸਥਾਨ ਵਿਖੇ ਅੱਜ ਤੱਕ ਚੁੜੇਲ ਕਰਾਰੇ ਜਾਣ ਦੇ ਮਾਮਲੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੋਈ ਹੈ,'' ਆਹਲੂਵਾਲੀਆ ਕਹਿੰਦੀ ਹਨ। ਉਹ ਅੱਗੇ ਦੱਸਦੀ ਹਨ ਕਿ ਪੇਂਡੂ ਇਲਾਕਿਆਂ ਵਿੱਚ ਪੁਲਿਸ ਵਾਲੇ ਕਨੂੰਨ ਬਾਰੇ ਘੱਟ ਜਾਣਕਾਰੀ ਰੱਖਦੇ ਹਨ ਤੇ ਚੁੜੇਲ ਕਰਾਰੇ ਜਾਣ ਦੇ ਕੇਸਾਂ ਨੂੰ ਸਿਰਫ਼ ਝਗੜੇ ਦਾ ਕੇਸ ਬਣਾ ਕੇ ਸ਼ਿਕਾਇਤ ਦਰਜ ਕਰ ਲੈਂਦੇ ਹਨ।
ਰਾਜਸਥਾਨ ਦੇ ਦਲਿਤ, ਆਦਿਵਾਸੀ ਅਤੇ ਨੋਮੈਡਿਕ ਅਧਿਕਾਰ ਮੁਹਿੰਮ ਨਾਲ਼ ਜੁੜੇ ਭੀਲਵਾੜਾ ਦੇ ਸਮਾਜ ਸੇਵੀ ਰਾਕੇਸ਼ ਸ਼ਰਮਾ, ਆਹਲੂਵਾਲੀਆ ਨਾਲ਼ ਸਹਿਮਤ ਹਨ ਕਿ ਪੁਲਿਸ ਅਜਿਹੇ ਮਾਮਲਿਆਂ ਦੀ ਸਹੀ ਢੰਗ ਨਾਲ਼ ਜਾਂਚ ਨਹੀਂ ਕਰਦੀ ਅਤੇ ਭਾਰਤੀ ਦੰਡਾਵਲੀ ਦੀਆਂ ਸਹੀ ਧਾਰਾਵਾਂ ਤਹਿਤ ਅਜਿਹੇ ਮਾਮਲੇ ਵੀ ਦਰਜ ਨਹੀਂ ਕਰਦੀ। ਸ਼ਰਮਾ ਦਾ ਦੋਸ਼ ਹੈ ਕਿ ਕੁਝ ਪੁਲਿਸ ਮੁਲਾਜ਼ਮ ਮਾਮਲੇ ਨੂੰ ਕਮਜ਼ੋਰ ਕਰਨ ਲਈ ਦੋਸ਼ੀ ਧਿਰ ਤੋਂ ਰਿਸ਼ਵਤ ਵੀ ਲੈਂਦੇ ਹਨ। "ਇਸ ਪ੍ਰਥਾ ਦੇ ਦੋ ਤੱਥ ਹਨ - ਸਮਾਜਿਕ ਅਤੇ ਕਾਨੂੰਨੀ। ਜੇਕਰ ਸਮਾਜਿਕ ਬੁਰਾਈਆਂ ਔਰਤ ਨੂੰ ਚੁੜੇਲ ਬਣਾ ਦਿੰਦੀਆਂ ਹਨ ਤਾਂ ਕਾਨੂੰਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਪਰ, ਬਦਕਿਸਮਤੀ ਨਾਲ਼, ਇੰਝ ਨਹੀਂ ਹੋ ਰਿਹਾ ਹੈ। ਪੁਲਿਸ ਆਪਣਾ ਕੰਮ ਸਹੀ ਢੰਗ ਨਾਲ਼ ਨਹੀਂ ਕਰ ਰਹੀ। ਇਸੇ ਲਈ ਕਿਸੇ ਵੀ ਪੀੜਤ ਦਾ ਮੁੜ ਵਸੇਬਾ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਦੋਸ਼ੀ ਦੋਸ਼ੀ ਸਾਬਤ ਹੋਇਆ ਹੈ। "
ਭੋਲੀ ਦਾ ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਕੇਸ ਹੇਠਲੀ ਅਦਾਲਤ ਵਿੱਚ ਵਿਚਾਰ ਅਧੀਨ ਹੈ। "ਅਸੀਂ 4-5 ਵਾਰ ਭੀਲਵਾੜਾ ਸੈਸ਼ਨ ਕੋਰਟ ਗਏ। ਸ਼ੁਰੂ ਵਿੱਚ, ਸਾਨੂੰ ਇੱਕ ਸਰਕਾਰੀ ਵਕੀਲ ਪ੍ਰਦਾਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਸੁਣਵਾਈ ਰੋਕ ਦਿੱਤੀ ਗਈ ਸੀ ਕਿਉਂਕਿ ਦੋਸ਼ੀ ਧਿਰ ਇੱਕ ਵੀ ਸੁਣਵਾਈ ਵਿੱਚ ਅਦਾਲਤ ਵਿੱਚ ਨਹੀਂ ਪਹੁੰਚੀ," ਪ੍ਰੇਡਚੰਦ ਕਹਿੰਦੇ ਹਨ। ਭੋਲੀ ਦੇ ਕੇਸ ਦੀ ਆਖਰੀ ਵਾਰ ਅਪ੍ਰੈਲ 2019 ਵਿੱਚ ਅਦਾਲਤ ਵਿੱਚ ਸੁਣਵਾਈ ਹੋਈ ਸੀ।
68 ਸਾਲਾ ਪਿਆਰਚੰਦ 2006 ਵਿੱਚ ਇੱਕ ਅਧਿਆਪਕ (ਵੀਆਰਐਸ) ਦੀ ਨੌਕਰੀ ਤੋਂ ਸੇਵਾਮੁਕਤ ਹੋਏ ਸਨ। ਉਹ ਦਰਿਬਾ ਤੋਂ 18 ਕਿਲੋਮੀਟਰ ਦੂਰ ਕੁਮਰੀਆ ਖੇੜਾ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸਨ। ਉਨ੍ਹਾਂ ਨੇ ਆਪਣੀ ਪਤਨੀ 'ਤੇ ਜਾਦੂ-ਟੂਣੇ ਦੇ ਕਲੰਕ ਤੋਂ ਛੁਟਕਾਰਾ ਪਾਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ। ਰਿਟਾਇਰਮੈਂਟ ਦੇ ਸਮੇਂ, ਪਿਆਰਚੰਦ ਇੱਕ ਮਹੀਨੇ ਵਿੱਚ 35,000 ਰੁਪਏ ਕਮਾਉਂਦੇ ਸਨ। ਉਨ੍ਹਾਂ ਨੇ ਅਤੇ ਭੋਲੀ ਨੇ ਸਮਾਜ ਵਿੱਚ ਮਾਨਤਾ ਪ੍ਰਾਪਤ ਕਰਨ ਲਈ ਜੋ ਭੋਜਨ ਦਾ ਪ੍ਰਬੰਧ ਕੀਤਾ ਸੀ, ਉਹ ਪੈਸਾ ਪਿਆਰਚੰਦ ਦੀ ਬਚਤ ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਦੀ ਕਮਾਈ ਤੋਂ ਆਇਆ ਸੀ।
ਪਰਿਵਾਰ ਦੇ ਭੀਲਵਾੜਾ ਆਉਣ ਤੋਂ ਬਾਅਦ ਵੀ, ਮੁਸੀਬਤਾਂ ਨੇ ਉਨ੍ਹਾਂ ਨੂੰ ਨਹੀਂ ਛੱਡਿਆ। 14 ਅਗਸਤ, 2016 ਨੂੰ, ਭੋਲੀ ਨੂੰ ਇੱਕ ਗੁਆਂਢੀ ਨੇ ਕੁੱਟਿਆ ਸੀ, ਜਿਸ ਵਿੱਚ ਉਨ੍ਹਾਂ 'ਤੇ ਕਾਲਾ ਜਾਦੂ ਕਰਨ ਅਤੇ ਗੋਡਿਆਂ ਵਿੱਚ ਦਰਦ ਭਰਨ ਦਾ ਦੋਸ਼ ਲਾਇਆ ਗਿਆ ਸੀ। ਗੁਆਂਢੀ ਨੇ ਉਸ ਦਿਨ ਇੱਕ ਸਥਾਨਕ ਅਖਬਾਰ ਵਿੱਚ ਭੋਲੀ ਬਾਰੇ ਇੱਕ ਲੇਖ ਪੜ੍ਹਿਆ ਸੀ, ਜਿਸ ਨੇ ਉਸ ਨੂੰ ਦਰੀਬਾ ਵਿੱਚ ਭੋਲੀ 'ਤੇ ਲਗਾਏ ਗਏ ਜਾਦੂ-ਟੂਣੇ ਦੇ ਕਲੰਕ ਤੋਂ ਜਾਣੂ ਕਰਵਾਇਆ ਸੀ।
"ਪਿੰਡ ਦੇ ਲੋਕਾਂ ਦੇ ਨਾਲ਼-ਨਾਲ਼ ਸ਼ਹਿਰ ਦੇ ਗੁਆਂਢੀਆਂ ਨੇ ਵੀ ਮੇਰੇ 'ਤੇ ਇਹ ਕਲੰਕ ਲਗਾ ਦਿੱਤਾ। ਇਸ ਕਾਰਨ ਮੇਰੀ ਨੂੰਹ ਹੇਮਲਤਾ ਨੂੰ ਵੀ ਚੁੜੇਲ ਕਿਹਾ ਜਾਣ ਲੱਗ ਪਿਆ। ਉਸ ਨੂੰ 12 ਸਾਲਾਂ ਲਈ ਸਮਾਜ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇਸ ਸ਼ਰਤ 'ਤੇ ਸਮਾਜ ਵਿੱਚ ਵਾਪਸ ਲੈ ਜਾਇਆ ਗਿਆ ਸੀ ਕਿ ਉਹ ਮੇਰੇ ਨਾਲ਼ ਸਾਰੇ ਸਬੰਧਾਂ ਨੂੰ ਖਤਮ ਕਰ ਦੇਵੇਗੀ," ਭੋਲੀ ਕਹਿੰਦੀ ਹਨ। ਉਨ੍ਹਾਂ ਦੇ ਬੇਟੇ ਓਮ ਪ੍ਰਕਾਸ਼, ਹੇਮਲਤਾ ਦੇ ਪਤੀ ਅਤੇ ਉਨ੍ਹਾਂ ਦੇ ਚਾਰ ਬੱਚਿਆਂ ਨੂੰ ਵੀ ਭੋਲੀ ਨਾਲ਼ ਮਿਲਣ ਤੋਂ ਰੋਕਿਆ ਗਿਆ।
35 ਸਾਲਾ ਹੇਮਲਤਾ ਨੂੰ ਭੀਲਵਾੜਾ ਵਿੱਚ ਆਪਣੇ ਨਾਨਕੇ ਘਰ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਚੁੜੇਲ ਨਾਮ ਨਾਲ਼ ਬਦਨਾਮੀ ਮਿਲ਼ੀ ਸੀ। "ਜਦੋਂ ਮੈਂ ਉੱਥੇ ਜਾਂਦੀ ਸਾਂ ਤਾਂ ਮੇਰੇ ਨਾਲ਼ ਅਛੂਤ ਵਰਗਾ ਵਿਵਹਾਰ ਕੀਤਾ ਜਾਂਦਾ ਸੀ। ਅਖ਼ਬਾਰ ਵਿੱਚ ਮੇਰੀ ਸੱਸ ਬਾਰੇ ਛਪੀ ਖ਼ਬਰ ਨੇ ਮੇਰੇ ਪਰਿਵਾਰ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ,'' ਹੇਮਲਤਾ ਕਹਿੰਦੀ ਹੈ, "ਕਲੋਨੀ ਦੇ ਲੋਕਾਂ ਨੇ ਮੇਰੇ ਨਾਲ਼ ਸਾਰੇ ਸਬੰਧ ਤੋੜ ਦਿੱਤੇ।'' ਪਰ ਉਨ੍ਹਾਂ ਦਾ ਪਤੀ ਓਮਪ੍ਰਕਾਸ਼ (40) ਹਮੇਸ਼ਾ ਉਨ੍ਹਾਂ ਦੀ ਅਤੇ ਆਪਣੀ ਮਾਂ (ਭੋਲੀ) ਦੀ ਮਦਦ ਕਰਦਾ ਸੀ। ਉਹ ਭੀਲਵਾੜਾ ਵਿੱਚ ਇੱਕ ਟਰੈਕਟਰ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਇੱਕ ਮਹੀਨੇ ਵਿੱਚ 20,000 ਰੁਪਏ ਕਮਾਉਂਦਾ ਹੈ। ਹੇਮਲਤਾ ਖੁਦ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਂਦੀ ਹਨ ਅਤੇ ਹਰ ਮਹੀਨੇ 15,000 ਰੁਪਏ ਕਮਾਉਂਦੀ ਹਨ।
ਹਾਲਾਤਾਂ ਨੇ ਭੋਲੀ ਅਤੇ ਪਿਆਰਚੰਦ ਨੂੰ 2016 ਵਿੱਚ ਭੀਲਵਾੜਾ ਦੇ ਜਵਾਹਰ ਨਗਰ ਵਿੱਚ 3,000 ਰੁਪਏ ਪ੍ਰਤੀ ਮਹੀਨਾ ਵਿੱਚ ਇੱਕ ਮਕਾਨ ਕਿਰਾਏ 'ਤੇ ਲੈਣ ਲਈ ਮਜਬੂਰ ਕੀਤਾ। ਹਾਲਾਂਕਿ ਇਸੇ ਕਾਲੋਨੀ 'ਚ ਪ੍ਰੇਮਚੰਦ ਦਾ ਆਪਣਾ ਘਰ ਹੈ, ਜੋ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਕਿਰਾਏ 'ਤੇ ਮਿਲਿਆ ਸੀ। ਓਮਪ੍ਰਕਾਸ਼ ਅਤੇ ਹੇਮਲਤਾ ਆਪਣੇ ਬੱਚਿਆਂ ਨਾਲ਼ ਇੱਕੋ ਘਰ ਵਿੱਚ ਰਹਿੰਦੇ ਹਨ। ਭੋਲੀ ਅਤੇ ਪਿਆਰਚੰਦ ਪੈਨਸ਼ਨ ਤੋਂ ਆਪਣੇ ਖਰਚੇ ਪੂਰੇ ਕਰਦੇ ਹਨ। ਹਾਲਾਂਕਿ, ਪ੍ਰੇਮਚੰਦ ਭੀਲਵਾੜਾ ਕਸਬੇ ਵਿੱਚ 1.6 ਏਕੜ ਵਾਹੀਯੋਗ ਜ਼ਮੀਨ ਦੇ ਮਾਲਕ ਵੀ ਹਨ, ਜਿਸ ਵਿੱਚ ਉਹ ਸਰ੍ਹੋਂ ਅਤੇ ਚਨੇ ਉਗਾਉਂਦੇ ਹਨ।
ਭੋਲੀ ਕਹਿੰਦੀ ਹਨ, "ਕੋਈ ਵੀ ਰਿਸ਼ਤੇਦਾਰ ਸਾਡੇ ਘਰ ਸਾਨੂੰ ਮਿਲਣ ਨਹੀਂ ਆਉਂਦਾ, ਇੱਥੋਂ ਤੱਕ ਕਿ ਮੇਰਾ ਮਾਮਾ ਵੀ ਨਹੀਂ।'' ਇਸ ਕਲੰਕ ਕਾਰਨ, ਉਨ੍ਹਾਂ ਦੇ ਦੋ ਹੋਰ ਪੁੱਤਰਾਂ - ਪੱਪੂ (30) ਅਤੇ ਸੁੰਦਰਲਾਲ (28) ਦੀਆਂ ਪਤਨੀਆਂ ਵੀ ਉਨ੍ਹਾਂ ਨੂੰ ਛੱਡ ਕੇ ਚਲੀਆਂ ਗਈਆਂ ਹਨ। ਸੁੰਦਰਲਾਲ ਹੁਣ ਜੋਧਪੁਰ ਵਿੱਚ ਰਹਿੰਦੇ ਹਨ ਅਤੇ ਇੱਕ ਕਾਲਜ ਵਿੱਚ ਪੜ੍ਹਾਉਂਦੇ ਹਨ, ਜਦਕਿ ਪੱਪੂ ਆਪਣੇ ਪਿਤਾ ਨਾਲ਼ ਖੇਤੀ ਕਰਦੇ ਹਨ ਅਤੇ ਭੀਲਵਾੜਾ ਵਿੱਚ ਆਪਣੇ ਭਰਾ ਓਮਪ੍ਰਕਾਸ਼ ਨਾਲ਼ ਰਹਿੰਦੇ ਹਨ।
ਭੋਲੀ ਦਾ ਪਰਿਵਾਰ ਭਾਵੇਂ ਉਨ੍ਹਾਂ ਦੇ ਨਾਲ਼ ਖੜ੍ਹਾ ਹੋਵੇ, ਪਰ ਜਾਦੂ-ਟੂਣੇ ਕਰਨ ਦੇ ਲੱਗੇ ਦੋਸ਼ ਹੇਠ ਬਹੁਤ ਸਾਰੇ ਪੀੜਤਾਂ ਨੂੰ ਬਿਨਾਂ ਕਿਸੇ ਪਰਿਵਾਰਕ ਸਹਾਇਤਾ ਦੇ ਇਕੱਲਿਆਂ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈਂਦਾ ਹੈ। ਆਹਲੂਵਾਲੀਆ ਕਹਿੰਦੀ ਹਨ, "ਪਿਛਲੇ ਦੋ ਸਾਲਾਂ ਵਿੱਚ, ਭੀਲਵਾੜਾ ਦੇ ਪਿੰਡਾਂ ਵਿੱਚ ਚੁੜੇਲ ਐਲਾਨੇ ਜਾਣ ਵਾਲ਼ੀਆਂ ਸੱਤ ਔਰਤਾਂ ਦੀ ਮੌਤ ਹੋ ਗਈ।'' ਉਨ੍ਹਾਂ ਦਾ ਮੰਨਣਾ ਹੈ ਕਿ ਭਾਵੇਂ ਉਨ੍ਹਾਂ ਔਰਤਾਂ ਦੀ ਮੌਤ ਕੁਦਰਤੀ ਲੱਗ ਸਕਦੀ ਹੈ ਪਰ ਇਸ ਦੇ ਪਿੱਛੇ ਮਾਨਸਿਕ ਤਣਾਅ, ਇਕੱਲਤਾ ਅਤੇ ਗਰੀਬੀ ਹੈ।
ਹੇਮਲਤਾ ਕਹਿੰਦੀ ਹਨ, ਪੇਂਡੂ ਸਮਾਜ ਵਿੱਚ ਸਮਾਜਿਕ ਅਲਹਿਦਗੀ ਤੋਂ ਵੱਡਾ ਹੋਰ ਕੋਈ ਦਰਦ ਨਹੀਂ ਹੈ।
ਰਾਜਸਥਾਨ ਯੂਨੀਵਰਸਿਟੀ, ਜੈਪੁਰ ਦੇ ਸਮਾਜ ਸ਼ਾਸਤਰ ਵਿਭਾਗ ਤੋਂ ਸੇਵਾ-ਮੁਕਤ ਪ੍ਰੋਫੈਸਰ ਰਾਜੀਵ ਗੁਪਤਾ ਨੇ ਚੁੜੇਲ ਘੋਸ਼ਿਤ ਕਰਨ ਦੀ ਪ੍ਰਕਿਰਿਆ ਅਤੇ ਉਦੇਸ਼ ਬਾਰੇ ਵਿਸਥਾਰ ਨਾਲ਼ ਦੱਸਿਆ। "ਜਾਦੂ-ਟੂਣੇ ਦਾ ਅਭਿਆਸ ਲੋਕਾਂ ਵਿੱਚ ਡਰ ਪੈਦਾ ਕਰਨ ਅਤੇ ਕਹਾਣੀਆਂ ਦੀ ਸਿਰਜਣਾ ਕਰਨ ਦਾ ਕੰਮ ਕਰਦਾ ਹੈ। ਇਸ ਬੁਰਾਈ ਵਿੱਚ ਡਰ ਅਤੇ ਅਸੁਰੱਖਿਆ ਦੇ ਬਹੁਤ ਸਾਰੇ ਤੱਤ ਹਨ। ਇਹੀ ਕਾਰਨ ਹੈ ਕਿ ਸਮਾਜ ਦੇ ਲੋਕ ਵੀ ਪੀੜਤਾ ਨਾਲ਼ ਗੱਲ ਕਰਨ ਤੋਂ ਝਿਜਕਦੇ ਹਨ। ਇਹ ਡਰ ਅਤੇ ਅਸੁਰੱਖਿਆ ਅਗਲੀ ਪੀੜ੍ਹੀ ਤੱਕ ਵੀ ਪਹੁੰਚ ਜਾਂਦੇ ਹਨ," ਉਹ ਕਹਿੰਦੇ ਹਨ।
ਪਰ ਰਾਜਸਥਾਨ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਮਾਸਟਰ ਭੰਵਰਲਾਲ ਮੇਘਵਾਲ ਇਸ ਪ੍ਰਥਾ ਤੋਂ ਅਣਜਾਣ ਹਨ, ਇਸ ਦਲੀਲ ਦੇ ਬਾਵਜੂਦ ਕਿ ਇਹ ਪ੍ਰਥਾ ਲੰਬੇ ਸਮੇਂ ਤੋਂ ਰਾਜ ਵਿੱਚ ਅਭਿਆਸ ਵਿੱਚ ਹੈ ਅਤੇ 2015 ਤੋਂ ਇੱਕ ਐਲਾਨਿਆ ਅਪਰਾਧ ਵੀ ਹੈ। "ਔਰਤਾਂ ਨਾਲ਼ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਠੀਕ ਨਹੀਂ ਹੈ, ਪਰ ਮੈਨੂੰ ਇਸ ਵਿਸ਼ੇ ਬਾਰੇ ਪਤਾ ਨਹੀਂ ਹੈ। ਮੈਂ [ਸਬੰਧਤ] ਵਿਭਾਗ ਨਾਲ਼ ਗੱਲ ਕਰਾਂਗਾ," ਉਹ ਕਹਿੰਦੇ ਹਨ।
ਇਸ ਸਭ ਦੇ ਵਿਚਕਾਰ, ਭੋਲੀ ਦੇਵੀ ਲੰਬੇ ਸਮੇਂ ਤੋਂ ਨਿਆਂ ਦੀ ਉਡੀਕ ਕਰ ਰਹੀ ਹਨ। ਆਪਣੀਆਂ ਸੇਜਲ ਅੱਖਾਂ ਨਾਲ਼ ਉਹ ਪੁੱਛਦੀ ਹਨ, "ਸਿਰਫ਼ ਔਰਤਾਂ ਨੂੰ ਹੀ ਹਮੇਸ਼ਾਂ ਚੁੜੇਲ ਕਹਿ ਕੇ ਕਲੰਕਿਤ ਕਿਉਂ ਕੀਤਾ ਜਾਂਦਾ ਹੈ? ਪੁਰਸ਼ਾਂ ਨੂੰ ਕਿਉਂ ਨਹੀਂ?"
ਤਰਜਮਾ: ਨਿਰਮਲਜੀਤ ਕੌਰ