ਬੀਤੇ ਸਾਲ ਤੱਕ ਹਰ ਵਾਰੀ ਅਬਦੁਲ ਵਾਹਦ ਠੋਕੇਰ ਉਤਸ਼ਾਹ ਨਾਲ਼ ਭਰੀਆਂ ਸਵਾਰੀਆਂ ਨੂੰ ਆਪਣੇ ਸਲੈਜ 'ਤੇ ਬਿਠਾਈ ਗੁਲਮਰਗ ਦੀਆਂ ਬਰਫ਼ ਲੱਦੀਆਂ ਢਲਾਣਾਂ 'ਤੇ ਘੁਮਾਉਂਦੇ ਰਹੇ। 14 ਜਨਵਰੀ 2024 ਆਉਂਦੇ-ਆਉਂਦੇ ਨਜ਼ਾਰਾ ਐਨ ਬਦਲ ਗਿਆ। ਹੁਣ ਅਬਦੁਲ ਆਪਣੀ ਸਲੈਜ 'ਤੇ ਬੈਠੇ ਲੰਬੇ-ਲੰਬੇ ਹਊਕੇ ਭਰੀ ਭੂਰੀ ਤੇ ਬੰਜਰ ਜ਼ਮੀਨ ਵੱਲ ਦੇਖ ਰਹੇ ਹਨ।
43 ਸਾਲਾ ਅਬਦੁਲ ਦੀ ਹੈਰਾਨੀ ਦੀ ਹੱਦ ਨਾ ਰਹੀ ਤੇ ਉਨ੍ਹਾਂ ਕਿਹਾ,''ਇਹ ਸਮਾਂ ਚਿਲਾ-ਏ-ਕਲਾਂ (ਅੱਤ ਦੀ ਠੰਡ) ਦਾ ਹੁੰਦਾ ਹੈ ਤੇ ਗੁਲਮਰਗ ਵਿੱਚ ਮਾਸਾ ਬਰਫ਼ ਨਹੀਂ ਹੈ।'' ਉਹ ਪਿਛਲੇ 25 ਸਾਲਾਂ ਤੋਂ ਸਲੈਜ ਖਿੱਚਣ ਦਾ ਕੰਮ ਕਰਦੇ ਆਏ ਹਨ ਤੇ ਉਨ੍ਹਾਂ ਮੁਤਾਬਕ ਇਹੋ-ਜਿਹੀ ਭਿਆਨਕ ਹਾਲਤ ਕਦੇ ਨਾ ਦੇਖੀ ਨਾ ਸੁਣੀ: ''ਜੇ ਇੰਝ ਹੀ ਹੁੰਦਾ ਰਿਹਾ ਤਾਂ ਸਾਨੂੰ ਕਰਜਈ ਹੋਣੋਂ ਕੋਈ ਨਹੀਂ ਰੋਕ ਸਕਦਾ।''
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦਾ ਪ੍ਰਸਿੱਧ ਪਹਾੜੀ ਸਟੇਸ਼ਨ ਗੁਲਮਰਗ ਆਪਣੇ ਬਰਫ਼ ਨਾਲ਼ ਢਕੇ ਆਲ਼ੇ-ਦੁਆਲ਼ੇ ਲਈ ਦੁਨੀਆ ਭਰ ਤੋਂ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਹ ਸੈਰ-ਸਪਾਟਾ ਲਗਭਗ 2,000 ਸਥਾਨਕ ਲੋਕਾਂ ਦੀ ਆਰਥਿਕਤਾ (ਮਰਦਮਸ਼ੁਮਾਰੀ 2011) ਦਾ ਸਮਰਥਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਅਤੇ ਥੋਕਰ ਵਰਗੇ ਹੋਰ ਲੋਕੀਂ ਜੋ ਕੰਮ ਲਈ ਇੱਥੇ ਆਉਂਦੇ ਹਨ, ਨੇ ਵੀ ਸੈਲਾਨੀਆਂ ਦੇ ਆਗਮਨ ਤੋਂ ਰੋਜ਼ੀ-ਰੋਟੀ ਕਮਾਈ ਹੈ।
ਬਾਰਾਮੂਲਾ ਦੇ ਕਲਾਂਤਾਰਾ ਪਿੰਡ ਦੇ ਇੱਕ ਵਸਨੀਕ ਕੰਮ ਦੀ ਭਾਲ਼ ਵਿੱਚ ਹਰ ਰੋਜ਼ 30 ਕਿਲੋਮੀਟਰ ਦਾ ਪੈਂਡਾ ਮਾਰ ਕੇ ਗਲਮਰਗ ਇਲਾਕੇ ਵਿੱਚ ਆਉਂਦੇ ਹਨ। "ਇਨ੍ਹੀਂ ਦਿਨੀਂ, ਜੇ ਸਾਨੂੰ ਗਾਹਕ ਮਿਲ਼ ਵੀ ਜਾਣ ਪਰ ਬਰਫ਼ ਨਾ ਹੋਣ ਕਾਰਨ ਅਸੀਂ ਸਵਾਰੀ ਨਹੀਂ ਕਰਾ ਸਕਦੇ। ਨਤੀਜੇ ਵਜੋਂ, ਮੇਰੀ ਆਮਦਨ (ਦਿਹਾੜੀ) ਸਿਰਫ਼ 150-200 ਰੁਪਏ ਰਹਿ ਗਈ ਹੈ। ਹੁਣ ਅਸੀਂ ਸੈਲਾਨੀਆਂ ਨੂੰ ਸਿਰਫ਼ ਜੰਮੇ ਹੋਏ ਪਾਣੀ ਦੀ ਹੀ ਸੈਰ ਕਰਾ ਸਕਦੇ ਹਾਂ (ਪੁਰਾਣੀ ਪਿਘਲੀ ਬਰਫ਼ ਤੋਂ ਬਣੇ ਪਾਣੀ)।''
ਜੰਮੂ-ਕਸ਼ਮੀਰ ਦੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ ਗਿਆ ਹੈ, "ਸਰਦੀਆਂ 'ਚ ਗੁਲਮਰਗ ਪਹਾੜੀ ਸਟੇਸ਼ਨ ਦਾ ਦੌਰਾ ਕਰਨਾ ਇੱਕ 'ਸ਼ਾਨਦਾਰ ਤਜ਼ਰਬਾ' ਮੰਨਿਆ ਜਾਂਦਾ ਹੈ। ਚੁਫ਼ੇਰਿਓਂ ਬਰਫ਼ ਨਾਲ਼ ਢੱਕਿਆ ਇਲਾਕਾ ਸਵਰਗ ਤੋਂ ਘੱਟ ਨਹੀਂ ਜਾਪਦਾ। ਇੱਥੋਂ ਦੀਆਂ ਕੁਦਰਤੀ ਢਲਾਨਾਂ ਛੂਹਣੀਆਂ ਮੁਸ਼ਕਲ ਹਨ ਅਤੇ ਸਕੀਅਰਾਂ ਲਈ ਚੁਣੌਤੀ ਪੈਦਾ ਕਰਦੀਆਂ ਹਨ!"
ਗੁਲਮਰਗ ਦੇ ਮਾਮਲੇ ਵਿੱਚ ਵੈੱਬਸਾਈਟ ਜੋ ਕਹਿ ਰਹੀ ਹੈ ਉਹ ਝੂਠ ਨਹੀਂ ਹੈ। ਪਰ ਹੁਣ ਜਲਵਾਯੂ ਤਬਦੀਲੀ ਨੇ ਹਿਮਾਲਿਆ ਦੀਆਂ ਇਨ੍ਹਾਂ ਢਲਾਨਾਂ ਤੋਂ ਰੋਜ਼ੀ-ਰੋਟੀ ਕਮਾਉਣਾ ਮੁਸ਼ਕਲ ਬਣਾ ਦਿੱਤਾ ਹੈ। ਇਸ ਤਬਦੀਲੀ ਦਾ ਉਨ੍ਹਾਂ ਪਸ਼ੂ ਪਾਲਕਾਂ 'ਤੇ ਵੀ ਮਹੱਤਵਪੂਰਨ ਅਸਰ ਪਵੇਗਾ ਜੋ ਆਪਣੇ ਪਸ਼ੂਆਂ ਨੂੰ ਇੱਥੇ ਚਰਾਉਣ ਲਈ ਲਿਆਉਂਦੇ ਹਨ। ਕਿਉਂਕਿ ਜੇ ਇੱਥੇ ਬਰਫ਼ ਪੈਂਦੀ ਹੈ ਤਾਂ ਹੀ ਇਸ ਖੇਤਰ ਵਿੱਚ ਘਾਹ ਉੱਗ ਸਕਦਾ ਹੈ। ਕਸ਼ਮੀਰ ਯੂਨੀਵਰਸਿਟੀ ਦੇ ਵਾਤਾਵਰਣ ਅਤੇ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਡਾਕਟਰ ਮੁਹੰਮਦ ਮੁਸਲਿਮ ਕਹਿੰਦੇ ਹਨ,''ਵਿਸ਼ਵ ਪੱਧਰ 'ਤੇ ਜਲਵਾਯੂ ਦੀ ਸਥਿਤੀ ਬਦਲ ਰਹੀ ਹੈ ਅਤੇ ਇਹ ਕਸ਼ਮੀਰ ਖੇਤਰ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।''
ਹੁਣ ਥੋਕਰ ਦੇ ਮਾਮਲੇ ਵਿੱਚ. ਉਨ੍ਹਾਂ ਸਾਲਾਂ ਵਿੱਚ ਜਦੋਂ ਚੰਗੀ ਬਰਫ਼ਬਾਰੀ ਅਤੇ ਸੈਲਾਨੀ ਹੁੰਦੇ ਸਨ, ਉਹ ਇੱਕ ਦਿਨ ਵਿੱਚ 1,200 ਰੁਪਏ ਕਮਾਉਂਦੇ ਸਨ। ਪਰ ਇਨ੍ਹੀਂ ਦਿਨੀਂ ਉਨ੍ਹਾਂ ਦੀ ਕਮਾਈ ਘਰੇਲੂ ਖਰਚਿਆਂ ਅਤੇ ਯਾਤਰਾ ਦੇ ਖਰਚਿਆਂ ਨੂੰ ਹੀ ਪੂਰਾ ਨਹੀਂ ਕਰ ਪਾਉਂਦੀ ਹੈ। "ਇੱਥੇ, ਮੈਂ ਇੱਕ ਦਿਨ ਵਿੱਚ ਸਿਰਫ਼ 200 ਰੁਪਏ ਕਮਾ ਸਕਦਾ ਹਾਂ। ਪਰ ਮੇਰਾ ਦਿਹਾੜੀ ਦਾ ਖ਼ਰਚਾ ਹੀ 300 ਰੁਪਏ ਆਉਂਦਾ ਹੈ," ਉਹ ਉਦਾਸ ਹੋ ਕੇ ਕਹਿੰਦੇ ਹਨ। ਥੋਕਰ ਅਤੇ ਉਨ੍ਹਾਂ ਦੀ ਪਤਨੀ ਆਪਣੇ ਦੋ ਕਿਸ਼ੋਰ ਬੱਚਿਆਂ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਣ ਆਪਣੀ ਬਚਤ ਨੂੰ ਹੀ ਤਿਲ-ਤਿਲ ਕਰਕੇ ਖਾਣ ਨੂੰ ਮਜ਼ਬੂਰ ਹਨ।
ਡਾ. ਮੁਸਲਿਮ ਦਾ ਕਹਿਣਾ ਹੈ ਕਿ ਇਸ ਸਾਲ ਬਰਫ਼ ਦੀ ਕਮੀ 'ਪੱਛਮੀ ਗੜਬੜ' ਵਿੱਚ ਤਬਦੀਲੀਆਂ ਕਾਰਨ ਹੈ। ਇਹ ਇੱਕ ਜਲਵਾਯੂ ਵਰਤਾਰਾ ਹੈ ਜਿਸ ਵਿੱਚ ਮੈਡੀਟੇਰੀਅਨ ਖੇਤਰ ਵਿੱਚ ਉਪ-ਗਰਮ ਤੂਫਾਨ ਜੈੱਟ ਸਟ੍ਰੀਮਾਂ (ਤੇਜ਼ ਹਵਾਵਾਂ) ਰਾਹੀਂ ਪੂਰਬ ਵੱਲ ਵਧਦੇ ਹਨ ਅਤੇ ਆਖ਼ਰਕਾਰ ਪਾਕਿਸਤਾਨ ਅਤੇ ਉੱਤਰੀ ਭਾਰਤ ਵਿੱਚ ਬਰਫ਼ ਅਤੇ ਬਾਰਸ਼ ਦਾ ਕਾਰਨ ਬਣਦੇ ਹਨ। ਪੱਛਮੀ ਗੜਬੜੀ ਖੇਤਰ ਦੀ ਜਲ ਸੁਰੱਖਿਆ, ਖੇਤੀਬਾੜੀ ਅਤੇ ਸੈਰ-ਸਪਾਟਾ ਲਈ ਮਹੱਤਵਪੂਰਨ ਹੈ।
ਸ੍ਰੀਨਗਰ 'ਚ 13 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਦੋ ਦਹਾਕਿਆਂ 'ਚ ਸਭ ਤੋਂ ਵੱਧ ਹੈ। ਇਸ ਦੇ ਨਾਲ਼ ਹੀ ਉੱਤਰ ਭਾਰਤ ਦੇ ਬਾਕੀ ਹਿੱਸਿਆਂ 'ਚ ਤਾਪਮਾਨ ਬਹੁਤ ਘੱਟ ਦਰਜ ਕੀਤਾ ਗਿਆ।
''ਹੁਣ, ਅਸੀਂ ਕਸ਼ਮੀਰ 'ਚ ਕਿਤੇ ਵੀ ਭਾਰੀ ਬਰਫ਼ਬਾਰੀ ਨਹੀਂ ਵੇਖਦੇ ਹੈ। ਇਸ ਤੋਂ ਇਲਾਵਾ ਵਾਤਾਵਰਣ 'ਚ ਤਾਪਮਾਨ ਵੀ ਵੱਧ ਰਿਹਾ ਹੈ। 15 ਜਨਵਰੀ ਨੂੰ ਪਹਿਲਗਾਮ 'ਚ ਤਾਪਮਾਨ 14.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2018 ਵਿੱਚ 13.8 ਡਿਗਰੀ ਤਾਪਮਾਨ ਰਿਹਾ ਸੀ ਜੋ ਵੱਧ ਤੋਂ ਵੱਧ ਮੰਨਿਆ ਗਿਆ ਸੀ,'' ਸ੍ਰੀਨਗਰ ਦੇ ਸੈਂਟਰ ਫਾਰ ਐਟਮੋਸਫੀਅਰਿਕ ਸਾਇੰਸਜ਼ ਦੇ ਡਾਇਰੈਕਟਰ ਡੀ ਮੁਖਤਾਰ ਅਹਿਮਦ ਨੇ ਦੱਸਿਆ।
ਸੋਨਮਰਗ ਅਤੇ ਪਹਿਲਗਾਮ ਵਿੱਚ ਜ਼ਿਆਦਾ ਬਰਫ਼ਬਾਰੀ ਨਹੀਂ ਹੋਈ। ਇੱਥੇ ਤਾਪਮਾਨ ਵੱਧ ਰਿਹਾ ਹੈ ਅਤੇ ਇੱਥੇ ਸਰਦੀਆਂ ਵਿੱਚ ਓਨੀ ਠੰਡ ਨਹੀਂ ਰਹੀ। ਪਿਛਲੇ ਦਹਾਕੇ ਵਿੱਚ, ਵੱਖ-ਵੱਖ ਅਧਿਐਨ ਕਹਿੰਦੇ ਹਨ ਕਿ ਹਿਮਾਲਿਆ ਵਿੱਚ ਗਰਮੀ ਦੀ ਦਰ ਗਲੋਬਲ ਔਸਤ ਨਾਲ਼ੋਂ ਵੱਧ ਰਹੀ ਹੈ, ਜਿਸ ਨਾਲ਼ ਇਹ ਸਥਾਨ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਕਮਜ਼ੋਰ ਥਾਂ ਬਣ ਗਿਆ ਹੈ।
ਸਥਾਨਕ ਲੋਕ ਇਸ ਬਰਫ਼ ਮੁਕਤ ਧਰਤੀ ਨੂੰ 'ਮਾਰੂਥਲ' ਕਹਿੰਦੇ ਹਨ। ਇਹ ਇੱਥੇ ਸੈਰ-ਸਪਾਟੇ ਲਈ ਇੱਕ ਵੱਡਾ ਝਟਕਾ ਹੈ। ਹੋਟਲ ਮਾਲਕ, ਗਾਈਡ, ਸਲੈਜ ਪੁਲਰ, ਸਕੀ ਟ੍ਰੇਨਰ ਅਤੇ ਏਟੀਵੀ ਡਰਾਈਵਰ ਬਿਨਾਂ ਕੰਮ ਦੇ ਸੰਘਰਸ਼ ਕਰ ਰਹੇ ਹਨ।
ਇਕੱਲੇ ਜਨਵਰੀ 'ਚ ਹੀ 150 ਬੁਕਿੰਗਾਂ ਰੱਦ ਕੀਤੀਆਂ ਗਈਆਂ। ਗੁਲਮਰਗ ਇਲਾਕੇ ਦੇ ਹੋਟਲ ਖਲੀਲ ਪੈਲੇਸ ਦੇ ਮੈਨੇਜਰ ਮੁਦਾਸਿਰ ਅਹਿਮਦ ਨੇ ਕਿਹਾ ਕਿ ਜੇਕਰ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਸ ਗਿਣਤੀ 'ਚ ਹੋਰ ਵਾਧਾ ਹੋ ਸਕਦਾ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਇੰਨਾ ਖਰਾਬ ਮੌਸਮ ਕਦੇ ਨਹੀਂ ਦੇਖਿਆ," 29 ਸਾਲਾ ਅਹਿਮਦ ਦਾ ਕਹਿਣਾ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਇਸ ਸੀਜ਼ਨ ਵਿੱਚ ਪਹਿਲਾਂ ਹੀ ਲਗਭਗ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਹਿੱਲਟੋਪ ਹੋਟਲ ਵਿਚ, ਸਟਾਫ਼ ਨੇ ਮਹਿਮਾਨਾਂ ਨੂੰ ਜਲਦੀ ਹੋਟਲ ਛੱਡਦੇ ਦੇਖਿਆ। 90 ਲੋਕਾਂ ਨੂੰ ਰੁਜ਼ਗਾਰ ਦੇਣ ਵਾਲ਼ੇ ਹਿੱਲਟੋਪ ਹੋਟਲ ਦੇ ਮੈਨੇਜਰ ਏਜਾਜ਼ ਭੱਟ (35) ਦਾ ਕਹਿਣਾ ਹੈ ਕਿ ਇੱਥੇ ਬਰਫ਼ ਦੇਖਣ ਆਉਣ ਵਾਲ਼ੇ ਮਹਿਮਾਨ ਨਿਰਾਸ਼ ਹੁੰਦੇ ਹਨ। "ਹਰ ਰੋਜ਼ ਉਹ ਉਮੀਦ ਤੋਂ ਪਹਿਲਾਂ ਚਲੇ ਜਾਂਦੇ ਹਨ।'' ਗੁਲਮਰਗ ਦੇ ਜ਼ਿਆਦਾਤਰ ਹੋਟਲਾਂ ਦਾ ਵੀ ਇਹੋ ਹਾਲ ਹੈ। ਉਹ ਅੱਗੇ ਕਹਿੰਦੇ ਹਨ,"ਪਿਛਲੇ ਸਾਲ, ਇਸ ਸਮੇਂ ਦੌਰਾਨ ਇੱਥੇ ਲਗਭਗ 5-6 ਫੁੱਟ ਬਰਫ਼ ਪਈ ਸੀ, ਪਰ ਇਸ ਸਾਲ, ਸਿਰਫ਼ ਕੁਝ ਕੁ ਇੰਚ ਹੀ ਬਰਫ਼ ਡਿੱਗੀ ਹੈ।''
ਇੱਕ ਸਕੀ ਗਾਈਡ, ਜਾਵੇਦ ਅਹਿਮਦ ਰੇਸ਼ੀ, ਇਨ੍ਹਾਂ ਅਣਸੁਖਾਵੀਂਆਂ ਵਾਤਾਵਰਣ ਤਬਦੀਲੀਆਂ ਲਈ ਸਥਾਨਕ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, "ਮੈਂ ਇਸ ਤਬਾਹੀ ਲਈ ਗੁਲਮਰਗ ਖੇਤਰ ਵਿੱਚ ਆਉਣ ਵਾਲ਼ੇ ਸੈਲਾਨੀਆਂ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ," 41 ਸਾਲਾ ਕਹਿੰਦੇ ਹਨ। ''ਅਸੀਂ ਗੁਲਮਰਗ ਇਲਾਕੇ ਨੂੰ ਆਪਣੇ ਹੱਥੀਂ ਤਬਾਹ ਕਰ ਦਿੱਤਾ ਹੈ।''
ਏਟੀਵੀ ਡਰਾਈਵਰ ਮੁਸ਼ਤਾਕ ਅਹਿਮਦ ਭੱਟ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਫ-ਰੋਡ ਵਾਹਨ ਚਲਾ ਰਹੇ ਹਨ। ਸਰਦੀਆਂ ਵਿੱਚ, ਜਦੋਂ ਭਾਰੀ ਬਰਫ਼ਬਾਰੀ ਹੁੰਦੀ ਹੈ, ਏਟੀਵੀ ਵਾਹਨ ਇੱਥੇ ਆਵਾਜਾਈ ਦਾ ਇੱਕੋ ਇੱਕ ਉਪਲਬਧ ਸਾਧਨ ਰਹਿੰਦੇ ਹਨ। ਡੇਢ ਘੰਟੇ ਦੀ ਸਵਾਰੀ ਬਦਲੇ ਡਰਾਈਵਰ 1500 ਰੁਪਏ ਤੱਕ ਲੈਂਦੇ ਹਨ।
ਮੁਸ਼ਤਾਕ ਦਾ ਵਿਚਾਰ ਹੈ ਕਿ ਵਾਹਨਾਂ ਵਿੱਚ ਵਾਧਾ ਖੇਤਰ ਦੇ ਸੰਵੇਦਨਸ਼ੀਲ ਮਾਹੌਲ ਨੂੰ ਖ਼ਰਾਬ ਕਰ ਰਿਹਾ ਹੈ। "ਅਧਿਕਾਰੀਆਂ ਨੂੰ ਗੁਲਮਰਗ ਕਟੋਰੇ (ਉਚਾਈ ਤੋਂ ਵੇਖਣ 'ਤੇ ਇਹ ਜਗ੍ਹਾ ਇੱਕ ਕਟੋਰੇ ਵਾਂਗ ਦਿਖਾਈ ਦਿੰਦੀ ਹੈ)ਦੇ ਅੰਦਰ ਵਾਹਨਾਂ ਦੀ ਆਗਿਆ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ । ਇਹ ਜਗ੍ਹਾ ਦੀ ਹਰਿਆਲੀ ਨੂੰ ਤਬਾਹ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਇੱਥੇ ਬਰਫ਼ਬਾਰੀ ਨਹੀਂ ਹੁੰਦੀ। ਇਸ ਨੇ ਸਾਡੀ ਕਮਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ," 40 ਸਾਲਾ ਮੁਸ਼ਤਾਕ ਕਹਿੰਦੇ ਹਨ।
ਉਨ੍ਹਾਂ ਦੀ ਗੱਡੀ ਨੂੰ ਸਵਾਰੀ ਮਿਲ਼ਿਆਂ ਤਿੰਨ ਦਿਨ ਬੀਤ ਚੁੱਕੇ ਸਨ। ਉਦਾਸ ਮਨ ਨਾਲ਼ ਮੁਸ਼ਤਾਕ ਨੇ ਵਿਦਾ ਲੈਂਦਿਆਂ ਆਪਣੀ ਏਟੀਵੀ ਨੂੰ ਦੇਖਿਆ ਜੋ ਉਨ੍ਹਾਂ ਨੇ 10 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਖਰੀਦੀ ਸੀ। ਮੁਸ਼ਤਾਕ ਨੇ ਇਹ ਗੱਡੀ ਇਸ ਉਮੀਦ ਨਾਲ਼ ਖਰੀਦੀ ਸੀ ਕਿ ਅਗਲਾ ਸਾਲ ਚੰਗਾ ਰਹੇਗਾ ਅਤੇ ਕਰਜ਼ਾ ਜਲਦੀ ਹੀ ਵਾਪਸ ਕਰ ਦਿੱਤਾ ਜਾਵੇਗਾ। "ਹਾਲ ਦੀ ਘੜੀ ਤਾਂ ਕਰਜ਼ਾ ਚੁਕਾਉਣਾ ਮੁਸ਼ਕਲ ਜਾਪ ਰਿਹਾ ਹੈ। ਸ਼ਾਇਦ ਮੈਨੂੰ ਇਸ ਗਰਮੀਆਂ ਵਿੱਚ ਗੱਡੀ ਵੇਚਣੀ ਪਵੇਗੀ।''
ਇੱਥੋਂ ਤੱਕ ਕਿ ਇੱਥੇ ਕਿਰਾਏ ਦੀਆਂ ਦੁਕਾਨਾਂ ਵਿੱਚ ਵੀ ਸਟਾਫ ਤੋਂ ਇਲਾਵਾ ਕੋਈ ਹੋਰ ਨਹੀਂ ਦਿੱਸਦਾ। "ਸਾਡਾ ਪੂਰਾ ਕਾਰੋਬਾਰ ਹੀ ਬਰਫ਼ਬਾਰੀ ‘ਤੇ ਨਿਰਭਰ ਹੈ, ਅਸੀਂ ਗੁਲਮਰਗ ਆਉਣ ਵਾਲ਼ੇ ਸੈਲਾਨੀਆਂ ਨੂੰ ਕੋਟ ਅਤੇ ਸਨੋ ਸ਼ੂ ਵੇਚ ਕੇ ਗੁਜ਼ਾਰਾ ਕਰਦੇ ਹਾਂ। ਹੁਣ ਤਾਂ ਸਾਡੇ ਲਈ ਦਿਹਾੜੀ ਦੇ 500-1,000 ਰੁਪਏ ਕਮਾਉਣਾ ਵੀ ਮੁਸ਼ਕਲ ਹੈ," 30 ਸਾਲਾ ਫਯਾਜ਼ ਅਹਿਮਦ ਕਹਿੰਦੇ ਹਨ। ਉਹ ਗੁਲਮਰਗ ਇਲਾਕੇ ਤੋਂ ਲਗਭਗ ਅੱਧੇ ਘੰਟੇ ਦੀ ਦੂਰੀ 'ਤੇ ਤਨਮਰਗ ਵਿੱਚ ਇੱਕ ਕਿਰਾਏ ਦੀ ਦੁਕਾਨ ਵਿੱਚ ਕੰਮ ਕਰਦੇ ਹਨ, ਜਿਸ ਨੂੰ ਸਥਾਨਕ ਤੌਰ 'ਤੇ ਕੋਟ ਅਤੇ ਬੂਟ ਦੀਆਂ ਦੁਕਾਨਾਂ ਵਜੋਂ ਜਾਣਿਆ ਜਾਂਦਾ ਹੈ।
ਡੇਡੇ ਅਤੇ 11 ਹੋਰ ਕਰਮਚਾਰੀ ਬਰਫ਼ ਪੈਣ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ 200 ਕੋਟ ਤੇ 200 ਜੈਕੇਟਾਂ ਕਿਰਾਏ 'ਤੇ ਦੇ ਕੇ ਦਿਹਾੜੀ ਦਾ 40,000 ਰੁਪਏ ਦਾ ਕਾਰੋਬਾਰ ਚਲਾ ਪਾਉਣ। ਉਹ ਇੱਕ ਜੈਕਟ ਤੇ ਇੱਕ ਕੋਟ ਉਧਾਰ ਦੇਣ ਬਦਲੇ 200 ਰੁਪਏ ਲੈਂਦੇ ਹਨ। ਪਰ ਅੱਜ ਦੇ ਮਾਹੌਲ ਵਿੱਚ ਸੈਲਾਨੀਆਂ ਨੂੰ ਇਨ੍ਹਾਂ ਕੱਪੜਿਆਂ ਦੀ ਲੋੜ ਨਹੀਂ ਹੈ।
ਬਰਫ਼ ਦੀ ਕਮੀ ਨਾ ਸਿਰਫ਼ ਸੈਰ-ਸਪਾਟਾ ਸੀਜ਼ਨ ਨੂੰ ਪ੍ਰਭਾਵਿਤ ਕਰੇਗੀ, ਬਲਕਿ ਬਾਅਦ ਵਿੱਚ ਵੀ ਇਸਦਾ ਅਸਰ ਪਵੇਗਾ। "ਪੂਰੀ ਘਾਟੀ ਬਰਫ਼ ਦੀ ਕਮੀ ਦਾ ਅਨੁਭਵ ਕਰੇਗੀ। ਪੀਣ ਜਾਂ ਖੇਤੀ ਲਈ ਪਾਣੀ ਨਹੀਂ ਰਹੇਗਾ। ਤਨਮਰਗ ਖੇਤਰ ਦੇ ਪਿੰਡ ਪਹਿਲਾਂ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ," ਸਕੀ ਗਾਈਡ, ਰੇਸ਼ੀ ਕਹਿੰਦੀ ਹਨ।
ਸਰਦੀਆਂ ਦੀ ਬਰਫ਼ਬਾਰੀ ਆਮ ਤੌਰ 'ਤੇ ਕ੍ਰਾਇਓਸਫੀਅਰ (ਜਿੱਥੇ ਪਾਣੀ ਬਰਫ਼ ਜਾਂ ਬਰਫ਼ ਦੇ ਰੂਪ ਵਿੱਚ ਰੁਕਦਾ ਹੈ) ਭੰਡਾਰਾਂ ਜਿਵੇਂ ਕਿ ਗਲੇਸ਼ੀਅਰਾਂ ਅਤੇ ਸਮੁੰਦਰੀ ਬਰਫ਼ (ਧਰਤੀ 'ਤੇ ਤਾਜ਼ੇ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਮੰਨਿਆ ਜਾਂਦਾ ਹੈ) ਨੂੰ ਰਿਚਾਰਜ ਕਰਦੀ ਹੈ। ਇਹੀ ਭੰਡਾਰ ਖੇਤਰ ਦੀ ਪਾਣੀ ਦੀ ਸੁਰੱਖਿਆ ਨੂੰ ਨਿਯੰਤਰਿਤ ਕਰਦੇ ਹਨ। "ਗਲੇਸ਼ੀਅਰ ਦੀ ਬਰਫ਼ ਦੀ ਕਿਸੇ ਵੀ ਕਮੀ ਦਾ ਸਾਡੀ ਸਿੰਚਾਈ 'ਤੇ ਗੰਭੀਰ ਅਸਰ ਪਵੇਗਾ। ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਗਰਮੀਆਂ ਵਿੱਚ ਪਿਘਲਣ ਵਾਲ਼ੀ ਬਰਫ਼ ਪਾਣੀ ਦਾ ਮੁੱਖ ਸਰੋਤ ਹੈ," ਮੁਸਲਿਮ ਕਹਿੰਦੇ ਹਨ, "ਪਰ ਅੱਜ ਪਹਾੜਾਂ ਵਿੱਚ ਬਰਫ਼ ਨਹੀਂ ਹੈ। ਇਸ ਦਾ ਸੰਤਾਪ ਘਾਟੀ ਦੇ ਲੋਕਾਂ ਨੂੰ ਹੰਢਾਉਣਾ ਪਵੇਗਾ।''
ਓਧਰ, ਤਨਮਰਗ ਇਲਾਕੇ ਵਿੱਚ ਕੱਪੜਿਆਂ ਦੇ ਸਟੋਰ 'ਤੇ ਕੰਮ ਕਰਨ ਵਾਲ਼ੇ ਡੇਡੇ ਅਤੇ ਉਨ੍ਹਾਂ ਦੇ ਸਾਥੀਆਂ ਕੋਲ਼ ਆਪਣੀਆਂ ਚਿੰਤਾਵਾਂ ਤੋਂ ਬਾਹਰ ਨਿਕਲ਼ਣ ਦਾ ਕੋਈ ਰਸਤਾ ਨਹੀਂ ਹੈ। "ਇੱਥੇ ਬਾਰ੍ਹਾਂ ਲੋਕ ਕੰਮ ਕਰਦੇ ਹਨ। ਸਾਡੇ ਆਪੋ-ਆਪਣੇ ਪਰਿਵਾਰਾਂ ਵਿੱਚ 3-4 ਮੈਂਬਰ ਹਨ।'' ਮੌਜੂਦਾ ਸਥਿਤੀ ਵਿੱਚ, ਉਹ ਦਿਹਾੜੀ ਦਾ 1,000 ਰੁਪਏ ਕਮਾਉਂਦੇ ਹਨ, ਜਿਸ ਨੂੰ ਉਹ ਆਪਸ ਵਿੱਚ ਵੰਡਦੇ ਹਨ। ''ਅਸੀਂ ਇੰਨੇ ਥੋੜ੍ਹੇ ਪੈਸਿਆਂ ਨਾਲ਼ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਸਕਦੇ ਹਾਂ? ਇਹ ਮੌਸਮ ਸਾਨੂੰ ਮਾਰ ਰਿਹਾ ਹੈ," ਵਿਕਰੇਤਾ ਕਹਿੰਦਾ ਹੈ।
ਤਰਜਮਾ: ਕਮਲਜੀਤ ਕੌਰ