ਮਹਿੰਦਰਾ ਜੀਪ-MH34AB6880 ਪਿੰਡ ਦੇ ਭੀੜ-ਭੜੱਕੇ ਵਾਲ਼ੇ ਚੌਰਾਹੇ 'ਤੇ ਰੁਕਦੀ ਹੈ। ਚੰਦਰਪੁਰ ਦੀ ਸਰਹੱਦ 'ਤੇ ਸਥਿਤ ਇਹ ਛੋਟਾ ਜਿਹਾ ਪਿੰਡ 2920 ਮੈਗਾਵਾਟ ਦੇ ਸੁਪਰ ਥਰਮਲ ਪਾਵਰ ਸਟੇਸ਼ਨ, ਕੋਲ਼ਾ ਧੋਣ ਵਾਲੇ ਕਈ ਛੋਟੇ ਪਲਾਂਟਾਂ, ਸੁਆਹ ਦੇ ਢੇਰਾਂ ਅਤੇ ਸੰਘਣੀਆਂ ਝਾੜੀਆਂ ਦੇ ਜੰਗਲ ਦੇ ਵਿਚਕਾਰ ਸਥਿਤ ਹੈ।
ਵਾਹਨ ਦੇ ਦੋਵੇਂ ਪਾਸੇ ਨਾਅਰੇ ਅਤੇ ਤਸਵੀਰਾਂ ਵਾਲ਼ੇ ਰੰਗੀਨ ਅਤੇ ਆਕਰਸ਼ਕ ਪੋਸਟਰ ਚਿਪਕਾਏ ਗਏ ਸਨ। ਅਕਤੂਬਰ 2023 ਦੇ ਸ਼ੁਰੂਆਤੀ ਦਿਨਾਂ ਵਿੱਚ ਇਹ ਇੱਕ ਸੁਸਤ ਜਿਹਾ ਐਤਵਾਰ ਸੀ। ਇਸ ਸਮੇਂ ਆਈ ਅਤੇ ਰੁਕੀ ਗੱਡੀ ਨੇ ਪਿੰਡ ਦੇ ਬੱਚਿਆਂ, ਮਰਦਾਂ ਅਤੇ ਔਰਤਾਂ ਦਾ ਧਿਆਨ ਖਿੱਚਿਆ। ਤੁਰੰਤ ਉਹ ਸਾਰੇ ਇਹ ਦੇਖਣ ਲਈ ਗੱਡੀ ਵੱਲ ਭੱਜ ਗਏ ਕਿ ਕੌਣ ਆਇਆ ਹੈ।
70 ਸਾਲਾ ਵਿਠਲ ਬਡਖਲ ਇੱਕ ਹੱਥ 'ਚ ਮਾਈਕ੍ਰੋਫੋਨ ਅਤੇ ਦੂਜੇ ਹੱਥ 'ਚ ਭੂਰੇ ਰੰਗ ਦੀ ਡਾਇਰੀ ਲੈ ਕੇ ਗੱਡੀ 'ਚੋਂ ਬਾਹਰ ਨਿਕਲੇ। ਚਿੱਟੀ ਧੋਤੀ, ਚਿੱਟਾ ਕੁਰਤਾ ਅਤੇ ਚਿੱਟੀ ਨਹਿਰੂ ਟੋਪੀ ਪਹਿਨੇ ਇਸ ਵਿਅਕਤੀ ਨੇ ਗੱਡੀ ਦੇ ਸਾਹਮਣੇ ਵਾਲ਼ੇ ਦਰਵਾਜ਼ੇ ਨਾਲ਼ ਜੁੜੇ ਲਾਊਡ ਸਪੀਕਰ ਨਾਲ਼ ਜੁੜਿਆ ਮਾਈਕ ਫੜ੍ਹ ਕੇ ਬੋਲਣਾ ਸ਼ੁਰੂ ਕੀਤਾ।
ਉਨ੍ਹਾਂ ਨੇ ਮਾਈਕ 'ਤੇ ਸਮਝਾਉਣਾ ਸ਼ੁਰੂ ਕੀਤਾ ਕਿ ਉਹ ਇੱਥੇ ਕਿਉਂ ਆਇਆ ਸੀ। 5,000 ਲੋਕਾਂ ਦੀ ਆਬਾਦੀ ਵਾਲ਼ੇ ਇਸ ਪਿੰਡ ਦੇ ਕੋਨੇ-ਕੋਨੇ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜਣ ਲੱਗੀ। ਇਸ ਪਿੰਡ ਦੇ ਜ਼ਿਆਦਾਤਰ ਲੋਕ ਕਿਸਾਨ ਹਨ, ਜਦਕਿ ਬਾਕੀ ਨੇੜਲੇ ਕੋਲ਼ਾ ਪਲਾਂਟਾਂ ਜਾਂ ਛੋਟੇ ਉਦਯੋਗਾਂ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦਾ ਭਾਸ਼ਣ ਪੰਜ ਮਿੰਟਾਂ ਵਿੱਚ ਖਤਮ ਹੋ ਗਿਆ। ਫਿਰ ਦੋ ਬਜ਼ੁਰਗ ਪਿੰਡ ਵਾਸੀਆਂ ਨੇ ਮੁਸਕਰਾਉਂਦੇ ਹੋਏ ਉਨ੍ਹਾਂ ਦਾ ਪਿੰਡ ਵਿੱਚ ਸਵਾਗਤ ਕੀਤਾ।
ਪਿੰਡ ਦੇ ਮੁੱਖ ਚੌਕ ਵਿੱਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲ਼ੇ 65 ਸਾਲਾ ਕਿਸਾਨ ਹੇਮਰਾਜ ਮਹਾਦੇਵ ਦਿਵਾਸੇ ਨੇ ਕਿਹਾ, "ਆਰੇ ਮਾਮਾ, ਨਮਸਕਾਰ, ਯਾ ਬਾਸਾ [ਨਮਸਕਾਰ ਮਾਮਾ, ਆਓ, ਬੈਠ ਜਾਓ]।'
"ਨਮਸਕਾਰ ਜੀ," ਬਡਖਲ ਮਾਮਾ ਨੇ ਹੱਥ ਜੋੜ ਕੇ ਕਿਹਾ।
ਪਿੰਡ ਦੇ ਲੋਕਾਂ ਨਾਲ਼ ਘਿਰੇ ਹੋਏ , ਉਹ ਚੁੱਪਚਾਪ ਪਿੰਡ ਦੇ ਚੌਕ ਵੱਲ ਪੁਲਾਂਘਾਂ ਪੁੱਟਦੇ ਹੋਏ ਕਰਿਆਨੇ ਦੀ ਦੁਕਾਨ ਵੱਲ ਜਾਂਦੇ ਹਨ। ਜਿੱਥੇ ਉਹ ਪਲਾਸਟਿਕ ਦੀ ਕੁਰਸੀ ' ਤੇ ਚੌਕ ਵੱਲ ਨੂੰ ਮੂੰਹ ਕਰਕੇ ਬੈਠ ਜਾਂਦੇ ਹਨ ਤੇ ਦੁਕਾਨ ਦੇ ਮਾਲਕ, ਦਿਵਾਸੇ ਦੇ ਚਿਹਰੇ ' ਤੇ ਇੱਕ ਉਮੀਦ ਝਲਕ ਰਹੀ ਹੈ।
ਸਥਾਨਕ ਤੌਰ ' ਤੇ ਮਾਮਾ ਵਜੋਂ ਜਾਣੇ ਜਾਂਦੇ , ਵਿਠਲ ਨੇ ਨਰਮ ਚਿੱਟੇ ਸੂਤੀ ਤੌਲੀਏ ਨਾਲ਼ ਆਪਣੇ ਚਿਹਰੇ ਤੋਂ ਪਸੀਨਾ ਪੂੰਝਿਆ ਅਤੇ ਲੋਕਾਂ ਨੂੰ ਆਪਣੇ ਕੋਲ਼ ਬੈਠਣ ਜਾਂ ਖੜ੍ਹੇ ਹੋ ਕੇ ਉਨ੍ਹਾਂ ਦੀ ਗੱਲ ਸੁਣਨ ਲਈ ਕਿਹਾ। ਇਹ 20 ਮਿੰਟ ਦੀ ਵਰਕਸ਼ਾਪ ਸੀ।
ਇਹ ਕਦਮ-ਦਰ-ਕਦਮ ਮਾਰਗ ਦਰਸ਼ਨ ਪ੍ਰਦਾਨ ਕਰਦੇ ਹਨ ਕਿ ਕਿਸਾਨ ਆਪਣੇ ਖੇਤਾਂ ਵਿੱਚ ਫ਼ਸਲਾਂ ਦੇ ਨੁਕਸਾਨ , ਜੰਗਲੀ ਜਾਨਵਰਾਂ ਦੇ ਹਮਲਿਆਂ , ਸੱਪ ਦੇ ਡੰਗਣ ਦੇ ਵੱਧ ਰਹੇ ਮਾਮਲਿਆਂ ਅਤੇ ਸ਼ੇਰਾਂ ਦੇ ਹਮਲਿਆਂ ਕਾਰਨ ਮਨੁੱਖੀ ਮੌਤਾਂ ਲਈ ਮੁਆਵਜ਼ਾ ਕਿਵੇਂ ਪ੍ਰਾਪਤ ਕਰ ਸਕਦੇ ਹਨ। ਉਹ ਇਨ੍ਹਾਂ ਗੁੰਝਲਦਾਰ ਅਤੇ ਬੋਝਲ ਪ੍ਰਕਿਰਿਆਵਾਂ ਨੂੰ ਸਰਲ ਬਣਾਉਂਦੇ ਹਨ ਅਤੇ ਸਿਖਾਉਂਦੇ ਹਨ। ਉਹ ਉਨ੍ਹਾਂ ਨੂੰ ਇਹ ਵੀ ਸਿਖਾਉਂਦੇ ਹਨ ਕਿ ਬਰਸਾਤ ਦੇ ਮੌਸਮ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਮੇਂ ਬਿਜਲੀ ਤੋਂ ਕਿਵੇਂ ਬਚਣਾ ਹੈ।
" ਜੰਗਲੀ ਜਾਨਵਰ , ਸ਼ੇਰ , ਸੱਪਾਂ ਅਤੇ ਬਿਜਲੀ ਦੀਆਂ ਸਮੱਸਿਆਵਾਂ ਸਾਨੂੰ ਪਰੇਸ਼ਾਨ ਕਰ ਰਹੀਆਂ ਹਨ। ਅਸੀਂ ਇਨ੍ਹਾਂ ਮੁੱਦਿਆਂ ਨੂੰ ਸਰਕਾਰ ਦੇ ਕੰਨੀਂ ਕਿਵੇਂ ਪਾ ਸਕਦੀ ਹਾਂ ? '' ਜਦੋਂ ਤੱਕ ਅਸੀਂ ਸਰਕਾਰ ਦਾ ਦਰਵਾਜ਼ਾ ਨਹੀਂ ਖੜਕਾਉਂਦੇ , ਉਦੋਂ ਤੱਕ ਸਰਕਾਰ ਨਹੀਂ ਜਾਗਦੀ ," ਬਡਖਲ ਨੇ ਖਰ੍ਹਵੀ ਆਵਾਜ਼ ਵਿੱਚ ਕਿਹਾ ਉੱਥੇ ਬੈਠੇ ਲੋਕ ਸੁਣਨ ਲੱਗੇ।
ਇਸ ਸਬੰਧ ਵਿੱਚ , ਉਹ ਚੰਦਰਪੁਰ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਯਾਤਰਾ ਕਰਦੇ ਹਨ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਦਿੰਦੇ ਹਨ। ਜਿਸ ਨਾਲ਼ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਦੇ ਹਮਲਿਆਂ ਕਾਰਨ ਫ਼ਸਲਾਂ ਦੇ ਨੁਕਸਾਨ ਤੋਂ ਮੁਆਵਜ਼ਾ ਕਿਵੇਂ ਪ੍ਰਾਪਤ ਕਰਨਾ ਹੈ , ਬਾਰੇ ਸਮਝਾਇਆ ਜਾਂਦਾ ਹੈ।
ਉਨ੍ਹਾਂ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਜਲਦੀ ਹੀ ਭਦਰਾਵਤੀ ਕਸਬੇ ਵਿੱਚ ਕਿਸਾਨਾਂ ਦਾ ਮਾਰਚ ਕੱਢਿਆ ਜਾਵੇਗਾ। ਆਪਣੀ ਗੱਡੀ ' ਚ ਅਗਲੇ ਪਿੰਡ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ, '' ਤੁਸੀਂ ਸਾਰੇ ਉੱਥੇ ਜ਼ਰੂਰ ਹਾਜ਼ਰ ਹੋਇਓ। ''
*****
ਨੌਜਵਾਨ ਵਿਦਿਆਰਥੀ ਉਨ੍ਹਾਂ ਨੂੰ ' ਗੁਰੂ ਜੀ ' ਕਹਿੰਦੇ ਹਨ। ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ' ਮਾਮਾ ' ਕਹਿੰਦੇ ਹਨ। ਵਿਠਲ ਬਡਖਲ ਨੂੰ ਖੇਤੀ ਵਾਲ਼ੀ ਜ਼ਮੀਨ ' ਤੇ ਜੰਗਲੀ ਜਾਨਵਰਾਂ , ਖ਼ਾਸ ਕਰਕੇ ਜੰਗਲੀ ਸੂਰਾਂ ਦੇ ਵਿਆਪਕ ਖ਼ਤਰੇ ਵਿਰੁੱਧ ਅਣਥੱਕ ਲੜਾਈ ਲਈ ਪਿਆਰ ਨਾਲ਼ ' ਡੁੱਕਰ ਵਾਲ਼ੇ ਮਾਮਾ ' ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਮਿਸ਼ਨ ਸਰਕਾਰ ਨੂੰ ਸਮੱਸਿਆ ਸਵੀਕਾਰ ਕਰਾਉਣਾ , ਮੁਆਵਜਾ ਦੇਣਾ/ਦਵਾਉਣਾ ਅਤੇ ਇਸ ਸਮੱਸਿਆ ਦਾ ਹੱਲ ਲੱਭਣਾ ਹੈ।
ਬਡਖਲ ਦਾ ਮਿਸ਼ਨ ਇੱਕ-ਮੈਂਬਰੀ ਫੌਜ ਨਾਲ਼ ਲੈਸ ਹੈ ਜੋ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਉਹ ਸਾਈਟ ਦੀ ਤਸਦੀਕ ਵਰਗੀਆਂ ਮੁਸ਼ਕਲ ਪ੍ਰਕਿਰਿਆਵਾਂ ਤੋਂ ਲੈ ਕੇ ਮੁਆਵਜ਼ੇ ਲਈ ਅਰਜ਼ੀ ਕਿਵੇਂ ਦੇਣੀ ਹੈ ਤੱਕ ਹਰ ਚੀਜ਼ ਦੀ ਸਿਖਲਾਈ ਦਿੰਦੇ ਹਨ।
ਉਨ੍ਹਾਂ ਦੇ ਕੰਮ ਦਾ ਖੇਤਰ ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ (ਟੀਏਟੀਆਰ), ਪੂਰੇ ਚੰਦਰਪੁਰ ਜ਼ਿਲ੍ਹੇ ਵਿੱਚ ਫੈਲਿਆ ਹੋਇਆ ਹੈ।
ਇਸ ਮੁੱਦੇ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਬਹੁਤ ਸਾਰੇ ਦਾਅਵੇਦਾਰ ਹਨ। ਪਰ ਇਸ ਆਦਮੀ ਦੇ ਅੰਦੋਲਨ ਕਾਰਨ ਹੀ ਮਹਾਰਾਸ਼ਟਰ ਸਰਕਾਰ ਨੇ ਪਹਿਲੀ ਵਾਰ ਇਸ ਸਮੱਸਿਆ ਨੂੰ ਸਵੀਕਾਰ ਕੀਤਾ; ਇਸ ਨੇ (ਸਰਕਾਰ) 2003 ਵਿੱਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਜੰਗਲੀ ਜਾਨਵਰਾਂ ਦੇ ਹਮਲਿਆਂ ਕਾਰਨ ਫ਼ਸਲਾਂ ਦੇ ਨੁਕਸਾਨ ਲਈ ਕਿਸਾਨਾਂ ਲਈ ਨਕਦ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੀ ਤੁਲਨਾ ਲੋਕ "ਨਵੀਂ ਕਿਸਮ ਦੇ ਸੋਕੇ" ਨਾਲ਼ ਕਰਦੇ ਹਨ। ਬਡਖਲ ਦਾ ਕਹਿਣਾ ਹੈ ਕਿ ਇਹ ਪੰਜ-ਛੇ ਸਾਲ ਬਾਅਦ ਸੰਭਵ ਹੋਇਆ ਜਦੋਂ ਉਨ੍ਹਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸੰਘਰਸ਼ ਲਈ ਤਿਆਰ ਕਰਨਾ ਅਤੇ ਵਾਰ-ਵਾਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ।
1996 ਵਿੱਚ, ਜਦੋਂ ਭਦਰਾਵਤੀ ਅਤੇ ਇਸ ਦੇ ਆਲ਼ੇ-ਦੁਆਲ਼ੇ ਕੋਲੇ ਅਤੇ ਲੋਹੇ ਦੀਆਂ ਖਾਣਾਂ ਦਾ ਵਿਕਾਸ ਹੋਇਆ, ਤਾਂ ਇੱਥੋਂ ਦੇ ਕਿਸਾਨਾਂ ਨੂੰ ਆਪਣਾ ਸਾਰਾ ਖੇਤ ਵੈਸਟਰਨ ਕੋਲਫੀਲਡਜ਼ ਲਿਮਟਿਡ (ਡਬਲਯੂਸੀਐੱਲ) ਦੀ ਓਪਨ ਕਾਸਟ ਖਾਨ ਨੂੰ ਦੇਣਾ ਪਿਆ, ਜੋ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ ਦੀ ਸਹਾਇਕ ਕੰਪਨੀ ਹੈ। ਬਡਖਲ ਸਥਿਤ ਤੇਲਵਾਸਾ-ਧੋਰਵਾਸਾ ਦੇ ਜੁੜਵਾਂ ਪਿੰਡਾਂ ਨੇ ਆਪਣੀਆਂ ਖੇਤੀ ਵਾਲ਼ੀਆਂ ਜ਼ਮੀਨਾਂ ਗੁਆ ਦਿੱਤੀਆਂ।
ਉਦੋਂ ਤੱਕ, ਖੇਤਾਂ ਵਿੱਚ ਜੰਗਲੀ ਜਾਨਵਰਾਂ ਦੇ ਹਮਲੇ ਚਿੰਤਾਜਨਕ ਬਣੇ ਹੋਏ ਸਨ। ਉਹ ਕਹਿੰਦੇ ਹਨ ਕਿ ਦੋ ਜਾਂ ਤਿੰਨ ਦਹਾਕਿਆਂ ਵਿੱਚ ਜੰਗਲਾਂ ਦੀ ਗੁਣਵੱਤਾ ਵਿੱਚ ਹੌਲ਼ੀ ਹੌਲ਼ੀ ਤਬਦੀਲੀ, ਜ਼ਿਲ੍ਹੇ ਭਰ ਵਿੱਚ ਨਵੇਂ ਮਾਈਨਿੰਗ ਪ੍ਰੋਜੈਕਟਾਂ ਦੇ ਵਿਸਫੋਟ ਅਤੇ ਥਰਮਲ ਪਾਵਰ ਪਲਾਂਟਾਂ ਦੇ ਵਿਸਥਾਰ ਨੇ ਜੰਗਲੀ-ਜਾਨਵਰਾਂ ਅਤੇ ਮਨੁੱਖੀ ਟਕਰਾਅ ਨੂੰ ਸਮੁੱਚੇ ਤੌਰ 'ਤੇ ਵਧਾ ਦਿੱਤਾ ਹੈ।
ਬਡਕਲ 2002 ਦੇ ਆਸ ਪਾਸ ਆਪਣੀ ਪਤਨੀ ਮੰਦਾਤਾਈ ਨਾਲ਼ ਭਦਰਾਵਤੀ ਚਲੇ ਗਏ ਅਤੇ ਬਾਅਦ ਵਿੱਚ ਕੁੱਲਵਕਤੀ ਸਮਾਜ ਸੇਵਕ ਬਣ ਗਏ। ਉਹ ਨਸ਼ਾ ਵਿਰੋਧੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ, ਜਿਨ੍ਹਾਂ ਸਾਰਿਆਂ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਸਾਰੇ ਆਪਣੇ ਪਿਤਾ ਦੇ ਮੁਕਾਬਲੇ ਨੀਵੇਂ ਪੱਧਰ ਦੀ ਜ਼ਿੰਦਗੀ ਜੀਉਂਦੇ ਹਨ।
ਆਪਣੇ ਗੁਜ਼ਾਰੇ ਲਈ ਮਾਮਾ ਛੋਟੇ ਜਿਹੇ ਖੇਤ 'ਤੇ ਨਿਰਭਰ ਰਹਿੰਦੇ ਹਨ- ਉਹ ਹਰੀਆਂ ਮਿਰਚਾਂ, ਹਲਦੀ ਪਾਊਡਰ, ਦੇਸੀ ਗੁੜ ਤੇ ਮਸਾਲੇ ਵੇਚਦੇ ਹਨ।
ਅਣਥੱਕ ਮਾਮਾ ਨੇ ਚੰਦਰਪੁਰ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਆਲ਼ੇ-ਦੁਆਲ਼ੇ ਦੇ ਕਿਸਾਨਾਂ ਨੂੰ ਸ਼ਾਕਾਹਾਰੀ ਜਾਨਵਰਾਂ ਅਤੇ ਪਸ਼ੂਆਂ ਦੁਆਰਾ ਫ਼ਸਲਾਂ ਦੇ ਵਿਆਪਕ ਨੁਕਸਾਨ ਅਤੇ ਮਾਸਾਹਾਰੀ ਜਾਨਵਰਾਂ ਦੇ ਹਮਲਿਆਂ ਕਾਰਨ ਮਨੁੱਖੀ ਨੁਕਸਾਨ ਦੇ ਮੁਆਵਜ਼ੇ ਦੇ ਰੂਪ ਵਿੱਚ ਸਰਕਾਰ ਦੇ ਬਜਟ ਖਰਚੇ ਵਿੱਚ ਵਾਧਾ ਕਰਨ ਲਈ ਲਾਮਬੰਦ ਕੀਤਾ ਹੈ।
ਜਦੋਂ 2003 ਵਿੱਚ ਸਰਕਾਰ ਦਾ ਪਹਿਲਾ ਮਤਾ ਜਾਰੀ ਕੀਤਾ ਗਿਆ ਸੀ, ਤਾਂ ਮੁਆਵਜ਼ਾ ਸਿਰਫ਼ ਕੁਝ ਸੌ ਰੁਪਏ ਸੀ - ਹੁਣ ਇੱਕ ਪਰਿਵਾਰ ਲਈ ਇੱਕ ਸਾਲ ਵਿੱਚ ਵੱਧ ਤੋਂ ਵੱਧ 2 ਹੈਕਟੇਅਰ ਜ਼ਮੀਨ ਲਈ ਇਹ 25,000 ਰੁਪਏ ਪ੍ਰਤੀ ਹੈਕਟੇਅਰ ਹੋ ਗਿਆ ਹੈ। ਇਹ ਕਾਫ਼ੀ ਨਹੀਂ ਹੈ, ਪਰ ਬਡਖਲ ਮਾਮਾ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਮੁਆਵਜ਼ੇ ਦੀ ਰਕਮ ਵਿੱਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਨੇ ਖ਼ੁਦ ਇਸ ਸਮੱਸਿਆ ਨੂੰ ਸਵੀਕਾਰ ਕਰ ਲਿਆ ਹੈ। "ਸਮੱਸਿਆ ਇਹ ਹੈ ਕਿ ਰਾਜ ਭਰ ਦੇ ਜ਼ਿਆਦਾਤਰ ਕਿਸਾਨ ਮੁਆਵਜ਼ੇ ਲਈ ਦਾਅਵਾ ਨਹੀਂ ਕਰਦੇ," ਉਹ ਕਹਿੰਦੇ ਹਨ। ਅੱਜ, ਉਨ੍ਹਾਂ ਦੀ ਮੰਗ ਹੈ ਕਿ ਮੁਆਵਜ਼ਾ ਵਧਾ ਕੇ 70,000 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ "ਇਹੀ ਵਾਜਬ ਮੁਆਵਜ਼ਾ ਰਾਸ਼ੀ ਰਹੇਗੀ"।
ਮਹਾਰਾਸ਼ਟਰ 'ਚ ਤਤਕਾਲੀ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਵਣ (ਜੰਗਲਾਤ ਫੋਰਸ ਦੇ ਮੁਖੀ) ਸੁਨੀਲ ਲਿਮਯੇ ਨੇ ਮਾਰਚ 2022 'ਚ ਪਾਰੀ ਨੂੰ ਦੱਸਿਆ ਸੀ ਕਿ ਜੰਗਲਾਤ ਵਿਭਾਗ ਪਸ਼ੂਆਂ ਦੀ ਮੌਤ, ਫ਼ਸਲਾਂ ਦੇ ਨੁਕਸਾਨ ਅਤੇ ਵੱਡੇ ਮਾਸਾਹਾਰੀ ਜਾਨਵਰਾਂ ਦੇ ਹਮਲਿਆਂ ਕਾਰਨ ਮਨੁੱਖੀ ਮੌਤਾਂ ਦੇ ਮੁਆਵਜ਼ੇ ਲਈ ਸਾਲਾਨਾ 80-100 ਕਰੋੜ ਰੁਪਏ ਦਾ ਬਜਟ ਰੱਖਦਾ ਹੈ।
"ਇਹ ਬਹੁਤ ਛੋਟੀ ਜਿਹੀ ਰਕਮ ਹੈ," ਮਾਮਾ ਕਹਿੰਦੇ ਹਨ। "ਸਾਡੀ ਜਾਗਰੂਕਤਾ ਮੁਹਿੰਮ ਕਾਰਨ ਇਕੱਲੇ ਭਦਰਾਵਤੀ [ਉਨ੍ਹਾਂ ਦਾ ਪਿੰਡ] ਪਿੰਡ ਹੀ ਸਾਲਾਨਾ ਔਸਤਨ 2 ਕਰੋੜ ਰੁਪਏ ਦੇ ਫ਼ਸਲੀ ਮੁਆਵਜ਼ੇ ਲਈ ਦਾਅਵਾ ਰੱਖਦਾ ਹੈ; ਇੱਥੋਂ ਦੇ ਕਿਸਾਨਾਂ ਨੂੰ ਸਿੱਖਿਅਤ ਅਤੇ ਜਾਗਰੂਕ ਕੀਤਾ ਜਾਂਦਾ ਰਿਹਾ ਹੈ," ਉਹ ਕਹਿੰਦੇ ਹਨ। "ਹੋਰ ਥਾਵਾਂ 'ਤੇ, ਇਸ ਵਿਸ਼ੇ ਬਾਰੇ ਜ਼ਿਆਦਾ ਜਾਗਰੂਕਤਾ ਨਹੀਂ ਹੈ," ਉਹ ਕਹਿੰਦੇ ਹਨ।
ਚੰਦਰਪੁਰ ਜ਼ਿਲ੍ਹੇ ਦੇ ਭਦਰਾਵਤੀ ਕਸਬੇ ਵਿੱਚ ਆਪਣੇ ਘਰ ਵਿੱਚ ਇੱਕ ਵਿਅਕਤੀ ਨੇ ਸਾਨੂੰ ਦੱਸਿਆ, "ਮੈਂ ਪਿਛਲੇ 25 ਸਾਲਾਂ ਤੋਂ ਇਹ ਕੰਮ ਕਰ ਰਿਹਾ ਹਾਂ। ਮੈਂ ਇਸ ਨੂੰ ਉਦੋਂ ਤੱਕ ਜਾਰੀ ਰੱਖਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।''
ਅੱਜ, ਬਡਖਲ ਮਾਮਾ ਦੀ ਪੂਰੇ ਮਹਾਰਾਸ਼ਟਰ ਵਿੱਚ ਮੰਗ ਹੈ।
ਬਡਖਲ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਮੁਆਵਜ਼ੇ ਦੀ ਰਕਮ ਵਿੱਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਉਸਨੇ ਖੁਦ ਸਮੱਸਿਆ ਨੂੰ ਸਵੀਕਾਰ ਕਰ ਲਿਆ ਹੈ, ਪਰ ਸੂਬੇ ਭਰ ਦੇ ਬਹੁਤੇ ਕਿਸਾਨ ਆਪਣਾ ਦਾਅਵਾ ਪੇਸ਼ ਨਹੀਂ ਕਰ ਰਹੇ ਹਨ। ਉਹ ਮੁਆਵਜਾ ਵਧਾਉਣ ਦੀ ਮੰਗ ਕਰ ਰਹੇ ਹਨ
*****
ਫਰਵਰੀ 2023 ਵਿੱਚ, ਅਸੀਂ ਮਾਮਾ ਨਾਲ਼ ਭਦਰਾਵਤੀ ਤਾਲੁਕਾ ਦੇ ਤਾਡੋਬਾ ਦੇ ਪੱਛਮੀ ਪਿੰਡਾਂ ਦਾ ਦੌਰਾ ਕਰ ਰਹੇ ਸੀ। ਜ਼ਿਆਦਾਤਰ ਕਿਸਾਨ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਵਿੱਚ ਰੁੱਝੇ ਹੋਏ ਸਨ।
ਅਸੀਂ ਪੰਜ ਪਿੰਡਾਂ ਵਿੱਚ ਗਏ। ਸਾਰੇ ਕਿਸਾਨਾਂ ਦੀ ਇੱਕੋ ਸਮੱਸਿਆ ਹੈ - ਜੰਗਲੀ ਜਾਨਵਰਾਂ ਦੁਆਰਾ ਹਮਲੇ। ਚਾਹੇ ਉਹ ਕਿਸੇ ਵੀ ਜਾਤ ਜਾਂ ਵਰਗ ਦਾ ਕਿਸਾਨ ਹੋਵੇ, ਘੱਟ ਜ਼ਮੀਨ ਵਾਲ਼ਾ ਹੋਵੇ ਜਾਂ ਜ਼ਿਆਦਾ ਵਾਲ਼ਾ, ਹਰ ਕੋਈ ਮੁਸੀਬਤ ਵਿੱਚ ਸੀ।
"ਇਸ ਨੂੰ ਦੇਖੋ," ਆਪਣੇ ਖੇਤ ਵਿਚਾਲੇ ਖੜ੍ਹਾ ਇੱਕ ਕਿਸਾਨ ਸਾਨੂੰ ਦੱਸਦਾ ਹੈ। "ਸਾਡੇ ਕੋਲ਼ ਕੀ ਬਚਿਆ ਹੈ?" ਇੱਕ ਰਾਤ ਪਹਿਲਾਂ, ਜੰਗਲੀ ਸੂਰਾਂ ਨੇ ਖੇਤਾਂ ਵਿੱਚ ਖੜ੍ਹੀ ਫ਼ਸਲਾਂ ਨੂੰ ਖਾ ਲਿਆ ਸੀ। ਅੱਜ ਉਹ ਰਾਤੀਂ ਫਿਰ ਵਾਪਸ ਆਉਣਗੇ ਅਤੇ ਬਾਕੀ ਬਚੀ ਫ਼ਸਲ ਵੀ ਖਾ ਜਾਣਗੇ। "ਮੈਂ ਕੀ ਕਰ ਸਕਦਾ ਹਾਂ, ਮਾਮਾ?" ਉਨ੍ਹਾਂ ਦਾ ਸੁਰ ਚਿੰਤਾ ਭਰਿਆ ਸੀ।
ਮਾਮਾ ਖੇਤ ਵਿੱਚ ਫ਼ਸਲ ਦਾ ਨੁਕਸਾਨ ਵੇਖਦੇ ਹਨ। ਉਨ੍ਹਾਂ ਨੇ ਸਿਰ ਹਿਲਾਇਆ, ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਸਕਿਆ। "ਮੈਂ ਕੈਮਰੇ ਨਾਲ਼ ਇੱਕ ਵਿਅਕਤੀ ਨੂੰ ਭੇਜਾਂਗਾ ਅਤੇ ਉਸਨੂੰ ਫੋਟੋਆਂ ਤੇ ਵੀਡੀਓ ਲੈਣ ਦੇਵਾਂਗਾ। ਇਹ ਤੁਹਾਨੂੰ ਫਾਰਮ ਭਰਨ ਵਿੱਚ ਵੀ ਮਦਦ ਕਰੇਗਾ। ਅਰਜ਼ੀ 'ਤੇ ਦਸਤਖਤ ਕਰਨ ਤੋਂ ਬਾਅਦ, ਆਪਣੀ ਅਰਜ਼ੀ ਸਥਾਨਕ ਰੇਂਜ ਵਣ ਅਧਿਕਾਰੀ ਨੂੰ ਜਮ੍ਹਾ ਕਰਾਉਣੀ ਹੈ।
ਇਸ ਕੰਮ ਨੂੰ ਕਰਨ ਲਈ 35 ਸਾਲਾ ਮੰਜੂਲਾ ਬਡਖਲ ਆਉਂਦੀ ਹਨ। ਉਹ ਗੌਰਾਲਾ ਦੀ ਬੇਜ਼ਮੀਨਾ ਵਸਨੀਕ ਹਨ। ਉਹ ਕੱਪੜੇ ਦਾ ਇੱਕ ਛੋਟਾ ਜਿਹਾ ਕਾਰੋਬਾਰ ਕਰਦੀ ਹਨ। ਇਸ ਤੋਂ ਇਲਾਵਾ, ਇਹ ਕਿਸਾਨਾਂ ਨੂੰ ਅਜਿਹੀਆਂ ਸੇਵਾਵਾਂ ਵੀ ਪ੍ਰਦਾਨ ਕਰਦੀ ਹਨ।
ਸਾਲ ਭਰ, ਖ਼ਾਸ ਕਰਕੇ ਸਰਦੀਆਂ ਵਿੱਚ, ਉਹ ਆਪਣੇ ਗੌਰਾਲਾ ਪਿੰਡ ਤੋਂ ਆਪਣੀ ਸਕੂਟੀ 'ਤੇ ਲਗਭਗ 150 ਪਿੰਡਾਂ ਦਾ ਦੌਰਾ ਕਰਦੀ ਹਨ ਅਤੇ ਕਿਸਾਨਾਂ ਨੂੰ ਦਸਤਾਵੇਜ਼ ਇਕੱਠੇ ਕਰਨ ਅਤੇ ਮੁਆਵਜ਼ੇ ਦੀ ਮੰਗ ਦੀਆਂ ਅਰਜ਼ੀਆਂ ਦਾਇਰ ਕਰਨ ਵਿੱਚ ਮਦਦ ਕਰਦੀ ਹਨ।
ਮੰਜੂਲਤਾਈ ਨੇ ਪਾਰੀ ਨੂੰ ਦੱਸਿਆ, "ਮੈਂ ਪਹਿਲਾਂ ਫੋਟੋਆਂ ਖਿੱਚਦੀ ਹਾਂ, ਉਨ੍ਹਾਂ ਦੇ ਫਾਰਮ ਭਰਦੀ ਹਾਂ ਲੋੜ ਪੈਣ 'ਤੇ ਹਲਫਨਾਮਾ ਤਿਆਰ ਕਰਦੀ ਹਾਂ ਅਤੇ ਜ਼ਮੀਨ ਵਿੱਚ ਹਿੱਸੇਦਾਰ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਲੈਣ ਦੀ ਪ੍ਰਕਿਰਿਆ ਪੂਰੀ ਕਰਦੀ ਹਾਂ।
ਉਹ ਇੱਕ ਸਾਲ ਵਿੱਚ ਅਜਿਹੇ ਕਿੰਨੇ ਕਿਸਾਨਾਂ ਨੂੰ ਮਿਲ਼ਦੀ ਹਨ?
"ਜੇ ਅਸੀਂ ਇੱਕ ਪਿੰਡ ਦੇ 10 ਕਿਸਾਨਾਂ ਨੂੰ ਵੀ ਫੜ੍ਹ ਲੈਂਦੇ ਹਾਂ, ਤਾਂ ਵੀ 1,500 ਕਿਸਾਨ ਬਣ ਜਾਂਦੇ," ਉਹ ਕਹਿੰਦੀ ਹਨ। ਉਹ ਆਪਣੇ ਕੰਮ ਲਈ ਪ੍ਰਤੀ ਕਿਸਾਨ 300 ਰੁਪਏ ਲੈਂਦੀ ਹਨ। ਜਿਸ ਵਿੱਚੋਂ 200 ਰੁਪਏ ਆਉਣ-ਜਾਣ ਅਤੇ ਦਸਤਾਵੇਜ਼ ਫ਼ੋਟੋਸਟੇਟ ਕਰਾਉਣ ਲਈ ਤੇ 100 ਰੁਪਏ ਆਪਣੇ ਮਿਹਨਤਾਨੇ ਵਜੋਂ। ਮੰਜੂਲਾ ਦਾ ਕਹਿਣਾ ਹੈ ਕਿ ਲੋਕ ਖੁਸ਼ੀ ਨਾਲ਼ ਇਹ ਪੈਸੇ ਦੇ ਰਹੇ ਹਨ।
ਮਾਮਾ ਸਾਰਿਆਂ ਨੂੰ ਇੱਕੋ ਸਲਾਹ ਦਿੰਦੇ ਹਨ। ਕਿਸਾਨ ਦੇ ਬਿਆਨ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਆ ਕੇ ਪੰਚਨਾਮਾ ਕਰਨਗੇ। ਮਾਮਾ ਦਾ ਕਹਿਣਾ ਹੈ ਕਿ ਤਲਾਥੀ (ਜੰਗਲਾਤ ਗਾਰਡ) ਅਤੇ ਖੇਤ ਸਹਾਇਕ ਆਉਂਦੇ ਹਨ ਅਤੇ ਮੌਕੇ 'ਤੇ ਪੰਚਨਾਮਾ ਕਰਦੇ ਹਨ। "ਤਲਾਥੀ ਜ਼ਮੀਨ ਦਾ ਮਾਪ ਤੇ ਅਕਾਰ ਲੈਂਦੇ ਨੇ, ਫਾਰਮ ਸਹਾਇਕ ਰਿਕਾਰਡ ਕਰਦੇ ਹਨ ਕਿ ਜਾਨਵਰਾਂ ਨੇ ਕਿਹੜੀਆਂ ਫ਼ਸਲਾਂ ਖਾਧੀਆਂ ਹਨ ਅਤੇ ਜੰਗਲਾਤ ਵਿਭਾਗ ਦਾ ਵਿਅਕਤੀ ਜਾਣਦਾ ਹੈ ਕਿ ਕਿਸ ਜਾਨਵਰ ਨੇ ਇਸ ਨੂੰ ਤਬਾਹ ਕੀਤਾ ਹੋਣਾ," ਮਾਮਾ ਦੱਸਦੇ ਹਨ। ਉਹ ਕਹਿੰਦੇ ਹਨ ਕਿ ਇਹ ਨਿਯਮ ਹੈ।
"ਜੇ ਤੁਹਾਨੂੰ ਉਹ ਮੁਆਵਜ਼ਾ ਨਹੀਂ ਮਿਲਿਆ ਜਿਸਦੇ ਤੁਸੀਂ ਹੱਕਦਾਰ ਹੋ, ਤਾਂ ਅਸੀਂ ਲੜਾਂਗੇ," ਮਾਮਾ ਸਪੱਸ਼ਟ ਤੌਰ 'ਤੇ ਕਹਿੰਦੇ ਹਨ। ਉਨ੍ਹਾਂ ਦੀ ਇਹ ਉਮੀਦ ਭਰੀ ਆਵਾਜ਼ ਉੱਥੇ ਇਕੱਠੇ ਹੋਏ ਕਿਸਾਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ। ਅਤੇ ਮਾਮਾ ਵੀ ਅੱਗਿਓਂ ਮਿਲ਼ਣ ਵਾਲ਼ੇ ਸਮਰਥਨ ਕਾਰਨ ਖੁਸ਼ ਹਨ।
"ਪਰ ਜੇ ਅਧਿਕਾਰੀ ਪੰਚਨਾਮਾ ਕਰਨ ਨਹੀਂ ਆਉਂਦੇ ਤਾਂ ਕੀ ਹੋਵੇਗਾ?" ਇੱਕ ਕਿਸਾਨ ਬੇਚੈਨੀ ਨਾਲ਼ ਪੁੱਛਦਾ ਹੈ।
ਬਡਖਲ ਮਾਮਾ ਧੀਰਜ ਨਾਲ਼ ਉਨ੍ਹਾਂ ਨੂੰ ਸਮਝਾਉਂਦੇ ਹਨ। ਮੁਆਵਜ਼ੇ ਦੀ ਮੰਗ 48 ਘੰਟਿਆਂ ਦੇ ਅੰਦਰ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ। ਫਿਰ ਤੁਹਾਨੂੰ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਅਤੇ ਅਧਿਕਾਰੀਆਂ ਦੀ ਇੱਕ ਟੀਮ ਨੂੰ ਸੱਤ ਦਿਨਾਂ ਦੇ ਅੰਦਰ ਆਉਣਾ ਪਏਗਾ ਅਤੇ 10 ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਂਪਣੀ ਪਵੇਗੀ। ਅਤੇ ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਮੁਆਵਜ਼ਾ ਮਿਲ਼ ਜਾਣਾ ਚਾਹੀਦਾ ਹੈ।
"ਜੇ ਉਹ ਤੁਹਾਡੀ ਅਰਜ਼ੀ ਦੇ 30 ਦਿਨਾਂ ਦੇ ਅੰਦਰ ਨਹੀਂ ਆਉਂਦੇ, ਤਾਂ ਵਿਭਾਗ ਨੂੰ ਤੁਹਾਡੇ ਪੰਚਨਾਮਾ ਅਤੇ ਫੋਟੋਆਂ ਨੂੰ ਸਬੂਤ ਵਜੋਂ ਸਵੀਕਾਰ ਕਰਨਾ ਪਵੇਗਾ," ਮਾਮਾ ਸਪੱਸ਼ਟ ਤੌਰ 'ਤੇ ਕਹਿੰਦੇ ਹਨ।
"ਮਾਮਾ, ਮਾਈ ਬਿਸਤ ਤੁਮਚਿਆਵਰ ਹੈ [ਮਾਮਾ, ਮੇਰੀ ਕਿਸਮਤ ਤੁਹਾਡੇ ਹੱਥਾਂ ਵਿੱਚ ਹੈ]," ਇੱਕ ਕਿਸਾਨ ਹੱਥ ਜੋੜ ਕੇ ਕਹਿੰਦਾ ਹੈ। ਉਸ ਦੇ ਮੋਢੇ 'ਤੇ ਥਪਥਪਾਉਂਦੇ ਹੋਏ, ਮਾਮਾ ਸਮਝਾਉਂਦੇ ਹਨ, "ਚਿੰਤਾ ਨਾ ਕਰੋ।''
ਮਾਮਾ ਕਹਿੰਦੇ ਹਨ ਕਿ ਸਾਡੀ ਟੀਮ ਕਿਸਾਨ ਨੂੰ ਸਭ ਸਮਝਾ ਦੇਵੇਗੀ ਤੇ ਉਹ ਖੁਦ ਸਭ ਕਰਨ ਦੇ ਯੋਗ ਹੋ ਜਾਵੇਗਾ।
ਉਹ ਨਾ ਸਿਰਫ਼ ਖੇਤਾਂ ਵਿੱਚ ਜਾਂਦੇ ਹਨ ਅਤੇ ਆਪਣੇ ਆਪ ਜਾਂਚ ਕਰਦੇ ਹਨ, ਬਲਕਿ ਉਹ ਆਪਣੀਆਂ ਮੁਲਾਕਾਤਾਂ ਬਾਰੇ ਸਿਖਲਾਈ ਵੀ ਸ਼ੁਰੂ ਕਰਦੇ ਹਨ। ਉਹ ਪਿੰਡ ਵਾਸੀਆਂ ਨੂੰ ਇੱਕ ਝਲਕ (ਉਦਾਹਰਣ) ਦਿੰਦੇ ਹਨ ਕਿ ਮੁਆਵਜ਼ੇ ਦੀਆਂ ਅਰਜ਼ੀਆਂ ਕਿਵੇਂ ਦਾਇਰ ਕੀਤੀਆਂ ਜਾਂਦੀਆਂ ਹਨ।
ਅਕਤੂਬਰ 2023 ਵਿੱਚ ਤਾਡਾਲੀ ਦੇ ਦੌਰੇ ਦੌਰਾਨ ਮਾਮਾ ਨੇ ਕਿਹਾ ਸੀ, "ਮੇਰਾ ਪਰਚਾ ਧਿਆਨ ਨਾਲ਼ ਪੜ੍ਹੋ।'' ਉਹ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਪਰਚੇ ਵੰਡਦੇ ਹਨ।
"ਜੇ ਤੁਹਾਨੂੰ ਕੋਈ ਸ਼ੱਕ ਹੈ, ਤਾਂ ਹੁਣੇ ਪੁੱਛੋ, ਅਤੇ ਮੈਂ ਸਭ ਕੁਝ ਦੱਸਾਂਗਾ।'' ਇਸ ਵਿੱਚ ਨਿੱਜੀ ਜਾਣਕਾਰੀ, ਕਿੰਨੀ ਜ਼ਮੀਨ ਦੀ ਮਾਲਕੀ ਹੈ, ਫਸਲ ਆਦਿ ਸ਼ਾਮਲ ਹਨ।
ਇਸ ਅਰਜ਼ੀ, ਆਧਾਰ ਕਾਰਡ, ਬੈਂਕ ਵੇਰਵੇ ਅਤੇ ਫੋਟੋਆਂ ਦੇ ਨਾਲ਼ 7/12 (ਸਤ-ਬਾਰਾ ਜ਼ਮੀਨ ਦਾ ਦਸਤਾਵੇਜ਼) ਜੋੜੋ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਨੇ ਖਾ ਲਿਆ ਹੈ," ਮਾਮਾ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਅਤੇ ਦਾਅਵਾ ਫਾਰਮ 'ਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਅਤੇ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇੱਕੋ ਸੀਜ਼ਨ ਵਿੱਚ ਕਿੰਨੀ ਵਾਰ ਅਰਜ਼ੀ ਦਿੰਦੇ ਹੋ," ਉਹ ਜ਼ੋਰ ਦਿੰਦੇ ਹਨ। "ਬਿਨ ਗੁਆਇਆਂ ਕੁਝ ਨਹੀਂ ਮਿਲ਼ਦਾ," ਉਹ ਹੱਸਦੇ ਹੋਏ ਕਹਿੰਦੇ ਹਨ।
ਕਾਨੂੰਨ ਕਹਿੰਦਾ ਹੈ ਕਿ ਮੁਆਵਜ਼ੇ ਦੀ ਰਕਮ 30 ਦਿਨਾਂ ਦੇ ਅੰਦਰ ਕਿਸਾਨਾਂ ਤੱਕ ਪਹੁੰਚਣੀ ਚਾਹੀਦੀ ਹੈ। ਹਾਲਾਂਕਿ, ਸਰਕਾਰ ਤੋਂ ਪੈਸਾ ਪ੍ਰਾਪਤ ਕਰਨ ਵਿੱਚ ਇੱਕ ਸਾਲ ਲੱਗ ਜਾਂਦਾ ਹੈ। "ਪਹਿਲਾਂ, ਜੰਗਲਾਤ ਅਧਿਕਾਰੀ ਇਸ ਕੰਮ ਲਈ ਰਿਸ਼ਵਤ ਮੰਗਦੇ ਸਨ, ਪਰ ਹੁਣ ਅਸੀਂ ਮੰਗ ਕਰ ਰਹੇ ਹਾਂ ਕਿ ਪੈਸੇ ਸਿੱਧੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਣ," ਉਹ ਕਹਿੰਦੇ ਹਨ।
ਇਸ ਸਮੇਂ , ਜੰਗਲੀ ਜਾਨਵਰਾਂ ਨੂੰ ਖੇਤਾਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਦਾ ਕੋਈ ਤਰੀਕਾ ਨਹੀਂ ਜਾਪਦਾ , ਅਤੇ ਹੁਣ ਕਿਸਾਨਾਂ ਲਈ ਆਪਣੇ ਨੁਕਸਾਨ ਦੀ ਭਰਪਾਈ ਕਰਨ ਦਾ ਇੱਕੋ ਇੱਕ ਤਰੀਕਾ ਉਪਲਬਧ ਹੈ। ਖੇਤੀਬਾੜੀ ਅਤੇ ਫ਼ਸਲਾਂ ਨੂੰ ਹੋਏ ਨੁਕਸਾਨ ਨੂੰ ਮਾਪਣ ਲਈ ਨਿਰਧਾਰਤ ਨਿਯਮਾਂ ਅਨੁਸਾਰ ਮੁਆਵਜ਼ੇ ਦੀਆਂ ਅਰਜ਼ੀਆਂ ਦਾਇਰ ਕਰਨ ਦੀ ਪ੍ਰਕਿਰਿਆ ਇੰਨੀ ਗੁੰਝਲਦਾਰ ਹੈ ਕਿ ਜ਼ਿਆਦਾਤਰ ਲੋਕ ਇਸ ਦੇ ਚੱਕਰਾਂ ਵਿੱਚ ਨਹੀਂ ਫਸਣਾ ਚਾਹੁੰਦੇ।
ਪਰ ਬਡਖਲ ਕਹਿੰਦੇ ਹਨ , " ਸਾਨੂੰ ਇਹ ਕਰਨਾ ਪਵੇਗਾ। ਅਤੇ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਅਗਿਆਨਤਾ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਜਾਣਕਾਰੀ ਅਤੇ ਨਿਯਮਾਂ ਬਾਰੇ ਪੂਰੀ ਤਰ੍ਹਾਂ ਸੂਚਿਤ ਕਰਕੇ ਉਨ੍ਹਾਂ ਦੇ ਕੇਸ ਨੂੰ ਮਜ਼ਬੂਤ ਕਰਨਾ ਹੈ।
ਮਾਮਾ ਦਾ ਫ਼ੋਨ ਵੱਜਦਾ ਰਹਿੰਦਾ ਹੈ। ਵਿਦਰਭ ਦੇ ਹਰ ਕੋਨੇ ਤੋਂ ਲੋਕ ਲਗਾਤਾਰ ਉਨ੍ਹਾਂ ਨੂੰ ਮਦਦ ਲਈ ਬੁਲਾ ਰਹੇ ਹਨ। ਕਈ ਵਾਰ ਉਨ੍ਹਾਂ ਨੂੰ ਰਾਜ ਦੇ ਹੋਰ ਹਿੱਸਿਆਂ ਤੋਂ ਅਤੇ ਕਈ ਵਾਰ ਦੂਜੇ ਰਾਜਾਂ ਤੋਂ ਵੀ ਕਾਲਾਂ ਆਉਂਦੀਆਂ ਹਨ।
ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਕਿ ਅਸਲ ਵਿੱਚ ਕਿੰਨਾ ਨੁਕਸਾਨ ਹੋਇਆ ਹੈ। ਕਿਉਂਕਿ ਕਈ ਵਾਰ ਸਿੱਧੀ ਜਾਂਚ ਤੋਂ ਬਾਅਦ ਵੀ ਇਹ ਸਮਝਣਾ ਸੰਭਵ ਨਹੀਂ ਹੁੰਦਾ ਕਿ ਕਿੰਨਾ ਨੁਕਸਾਨ ਹੋਇਆ ਹੈ। "ਹੁਣ ਜੰਗਲੀ ਜਾਨਵਰ ਆਉਂਦੇ ਹਨ ਅਤੇ ਸਿਰਫ਼ ਕਪਾਹ ਜਾਂ ਸੋਇਆਬੀਨ ਦੇ ਬੀਜ ਖਾਂਦੇ ਹਨ। ਪੌਦਾ ਓਵੇਂ ਹੀ ਖੜ੍ਹਾ ਰਹਿੰਦਾ ਹੈ। ਅਜਿਹੇ ਮੌਕੇ ਅਸੀਂ ਨੁਕਸਾਨ ਦੀ ਗਣਨਾ ਕਿਵੇਂ ਕਰੀਏ ?" ਜੰਗਲਾਤ ਵਿਭਾਗ ਦੇ ਅਧਿਕਾਰੀ ਆਉਂਦੇ ਹਨ ਅਤੇ ਖੇਤਾਂ ਵਿੱਚ ਖੜ੍ਹੇ ਹਰੇ ਪੌਦਿਆਂ ਨੂੰ ਵੇਖਦੇ ਹਨ ਅਤੇ ਆਪਣੇ ਦਫ਼ਤਰ ਵਾਪਸ ਜਾਂਦੇ ਹਨ ਅਤੇ ਰਿਪੋਰਟ ਕਰਦੇ ਹਨ ਕਿ ਕੋਈ ਨੁਕਸਾਨ ਨਹੀਂ ਹੋਇਆ ਹੈ। ਦਰਅਸਲ , ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੁੰਦਾ ਹੈ।
" ਮੁਆਵਜ਼ੇ ਦੇ ਨਿਯਮਾਂ ਵਿੱਚ ਤਬਦੀਲੀ ਦੀ ਲੋੜ ਹੈ ਅਤੇ ਉਹ ਵੀ ਕਿਸਾਨਾਂ ਦੇ ਹੱਕ ਵਿੱਚ ," ਬਡਖਲ ਮਾਮਾ ਕਹਿੰਦੇ ਹਨ।
*****
ਪਿਛਲੇ ਸਾਲ ਫਰਵਰੀ ਤੋਂ , ਰਿਪੋਰਟ ਖ਼ੁਦ ਬਡਖਲ ਮਾਮਾ ਦੇ ਨਾਲ਼ ਤਾਡੋਬਾ-ਅੰਧਾਰੀ ਪ੍ਰੋਜੈਕਟ ਦੇ ਆਲ਼ੇ-ਦੁਆਲ਼ੇ ਦੇ ਜੰਗਲਾਂ ਦੇ ਕਈ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜਾਂਦੇ ਰਹੇ ਹਨ।
ਜਦੋਂ ਉਹ ਕਿਸੇ ਦੌਰੇ ' ਤੇ ਹੁੰਦੇ ਹਨ , ਤਾਂ ਉਨ੍ਹਾਂ ਦਾ ਦਿਨ ਇਸੇ ਤਰ੍ਹਾਂ ਲੰਘਦਾ ਹੈ। ਉਹ ਸਵੇਰੇ 7 ਵਜੇ ਰਵਾਨਾ ਹੁੰਦੇ ਹਨ। ਉਹ ਇੱਕ ਦਿਨ ਵਿੱਚ 5-10 ਪਿੰਡਾਂ ਦਾ ਦੌਰਾ ਕਰਦੇ ਹਨ ਅਤੇ ਸ਼ਾਮੀਂ 7 ਵਜੇ ਵਾਪਸ ਮੁੜਦੇ ਹਨ। ਉਨ੍ਹਾਂ ਦੇ ਦੌਰੇ ਕਿਸਾਨਾਂ , ਸ਼ੁਭਚਿੰਤਕਾਂ ਅਤੇ ਬਹੁਤ ਸਾਰੇ ਦਾਨੀਆਂ ਦੀ ਮਦਦ ਨਾਲ਼ ਕੀਤੇ ਜਾਂਦੇ ਹਨ।
ਹਰ ਸਾਲ, ਬਡਖਲ ਮਾਮਾ ਮਰਾਠੀ ਵਿੱਚ 5,000 ਵਿਸ਼ੇਸ਼ ਕੈਲੰਡਰ ਛਾਪਦੇ ਹਨ। ਇਸ ਵਿੱਚ ਪਿਛਲੇ ਪੰਨਿਆਂ 'ਤੇ ਸਰਕਾਰੀ ਫੈਸਲੇ, ਯੋਜਨਾਵਾਂ, ਫ਼ਸਲੀ ਮੁਆਵਜ਼ੇ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਅਤੇ ਹੋਰ ਲਾਭਦਾਇਕ ਜਾਣਕਾਰੀ ਸ਼ਾਮਲ ਹੈ। ਅਤੇ ਇਹ ਸਾਰੀਆਂ ਚੀਜ਼ਾਂ ਦਾਨ ਦੁਆਰਾ ਪੂਰੀਆਂ ਕੀਤੀਆਂ ਜਾਂਦੀਆਂ ਹਨ। ਕਿਸਾਨਾਂ ਦਾ ਇੱਕ ਸਮੂਹ ਜੋ ਉਨ੍ਹਾਂ ਨਾਲ਼ ਸਵੈ-ਇੱਛਾ ਨਾਲ਼ ਕੰਮ ਕਰਦਾ ਹੈ, ਸੋਸ਼ਲ ਮੀਡੀਆ 'ਤੇ ਜਾਣਕਾਰੀ ਫੈਲਾਉਂਦਾ ਹੈ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ।
ਦਸ ਸਾਲ ਪਹਿਲਾਂ, ਮਾਮਾ ਨੇ ਚੰਦਰਪੁਰ ਜ਼ਿਲ੍ਹੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇਸੇ ਅੰਦੋਲਨ ਨੂੰ ਲਾਗੂ ਕਰਨ ਲਈ ਕਿਸਾਨ ਸੁਰੱਖਿਆ ਕਮੇਟੀ ਦਾ ਗਠਨ ਕੀਤਾ ਸੀ। ਅੱਜ, ਉਨ੍ਹਾਂ ਕੋਲ ਲਗਭਗ 100 ਵਲੰਟੀਅਰ ਕਿਸਾਨਾਂ ਦੀ ਇੱਕ ਟੀਮ ਹੈ ਜੋ ਇਸ ਕੰਮ ਵਿੱਚ ਸਹਾਇਤਾ ਕਰਦੇ ਹਨ।
ਜ਼ਿਲ੍ਹੇ ਦੇ ਖੇਤੀਬਾੜੀ ਕੇਂਦਰ ਫਾਰਮਾਂ ਅਤੇ ਹੋਰ ਦਸਤਾਵੇਜ਼ਾਂ ਲਈ ਮੁਆਵਜ਼ੇ ਦੇ ਦਾਅਵਿਆਂ ਦੇ ਨਮੂਨੇ ਰੱਖਦੇ ਹਨ। ਹਰ ਕਿਸਾਨ ਖੇਤੀ ਕੇਂਦਰਾਂ ਦਾ ਦੌਰਾ ਕਰਦਾ ਹੈ ਅਤੇ ਫਾਰਮ ਸੈਂਟਰਾਂ ਦਾ ਕੰਮ ਵੀ ਕਿਸਾਨਾਂ ਦੇ ਅਧਾਰ 'ਤੇ ਹੁੰਦਾ ਹੈ। ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਕੇਂਦਰਾਂ ਦੀ ਵਰਤੋਂ ਇਸ ਮੁਹਿੰਮ ਵਿੱਚ ਜਾਣਕਾਰੀ ਫੈਲਾਉਣ ਲਈ ਕੀਤੀ ਗਈ ਹੈ ਅਤੇ ਉਹ ਇਸ ਨੂੰ ਪੂਰੇ ਦਿਲ ਨਾਲ਼ ਕਰਦੇ ਹਨ।
ਮਾਮਾ ਨੂੰ ਸਾਰਾ ਦਿਨ ਕਿਸਾਨਾਂ ਦੇ ਫੋਨ ਆਉਂਦੇ ਹਨ। ਕਈ ਵਾਰ ਉਹ ਮਦਦ ਲਈ ਹਾੜੇ ਕੱਢਦੇ ਹਨ, ਕਈ ਵਾਰ ਗੁੱਸਾ ਜ਼ਾਹਰ ਕਰਦੇ ਹਨ। ਜ਼ਿਆਦਾਤਰ ਸਮੇਂ, ਲੋਕ ਉਨ੍ਹਾਂ ਦੀ ਸਲਾਹ ਲੈਣ ਲਈ ਕਾਲ ਕਰਦੇ ਹਨ।
"ਦੇਖੋ, ਜਿੱਥੇ ਕਿਸਾਨ ਹੋਣਗੇ, ਉੱਥੇ ਜੰਗਲੀ ਜਾਨਵਰ ਵੀ ਹੋਣਗੇ ਹੀ। ਇੱਥੇ ਇੱਕ ਪਾਸੇ ਕਿਸਾਨ ਆਗੂ ਹਨ ਤੇ ਦੂਜੇ ਪਾਸੇ ਜੰਗਲੀ ਜੀਵ ਪ੍ਰੇਮੀ ਵੀ ਹਨ। ਅਤੇ ਇਹ ਉਹ ਥਾਂ ਹੈ ਜਿੱਥੇ ਸਰਕਾਰ ਬੈਠੀ ਹੈ - ਜੰਗਲਾਤ ਵਿਭਾਗ, ਖੇਤੀਬਾੜੀ ਅਤੇ ਮਾਲ ਅਧਿਕਾਰੀ ਸਥਿਤੀ ਨੂੰ ਸੰਭਾਲ਼ ਰਹੇ ਹਨ ਅਤੇ ਅਸਲ ਸਮੱਸਿਆ ਦਾ ਹੱਲ ਕੀਤੇ ਬਿਨਾਂ ਇਸ ਨੂੰ ਟਾਲ਼ੀ ਵੀ ਜਾ ਰਹੇ ਹਨ। ਕਿਸੇ ਕੋਲ਼ ਕੋਈ ਹੱਲ ਨਹੀਂ ਹੈ," ਬਡਖਲ ਕਹਿੰਦੇ ਹਨ।
''ਹੱਲ ਕਿਸੇ ਕੋਲ਼ ਵੀ ਨਹੀਂ।''
ਹੁਣ ਅਸੀਂ ਜੋ ਕਰ ਸਕਦੇ ਹਾਂ ਉਹ ਹੈ ਹੱਲ ਲੱਭਣਾ, ਕਿਉਂਕਿ ਹੁਣ ਸਾਡੇ ਕੋਲ ਇੱਕੋ ਇੱਕ ਹੱਲ ਹੈ।
ਇਸ ਲਈ ਮਾਮਾ ਹਮੇਸ਼ਾ ਪਿੰਡਾਂ ਵਿੱਚ ਘੁੰਮਦੇ ਰਹਿੰਦੇ ਹਨ। ਕਦੇ ਆਪਣੇ ਟੈਂਪੂ ਵਿੱਚ, ਕਦੇ ਬੱਸਾਂ ਵਿੱਚ, ਕਦੇ ਕਿਸੇ ਦੀ ਬਾਈਕ 'ਤੇ, ਉਹ ਪਿੰਡਾਂ ਵਿੱਚ ਪਹੁੰਚਦੇ ਹਨ, ਜਿੱਥੇ ਉਹ ਕਿਸਾਨਾਂ ਨਾਲ਼ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਲੜਨ ਲਈ ਸੰਗਠਿਤ ਹੋਣ ਲਈ ਸਮਝਾਉਂਦੇ ਹਨ।
"ਇੱਕ ਵਾਰ ਜਦੋਂ ਮੈਨੂੰ ਸਾਰੇ ਸਰੋਤ ਮਿਲ ਜਾਂਦੇ ਹਨ, ਤਾਂ ਮੈਂ ਆਪਣੀ ਯਾਤਰਾ ਦਾ ਸਮਾਂ ਤੈਅ ਕਰਦਾ ਹਾਂ," ਉਹ ਕਹਿੰਦੇ ਹਨ।
ਜੁਲਾਈ ਤੋਂ ਅਕਤੂਬਰ 2023 ਤੱਕ, ਉਨ੍ਹਾਂ ਨੇ ਇਕੱਲੇ ਚੰਦਰਪੁਰ ਜ਼ਿਲ੍ਹੇ ਦੇ 1,000 ਪਿੰਡਾਂ ਦਾ ਦੌਰਾ ਕੀਤਾ।
"ਜੇ ਹਰੇਕ ਪਿੰਡ ਦੇ ਸਿਰਫ਼ ਪੰਜ ਕਿਸਾਨ ਵੀ ਆਪਣੇ ਮੁਆਵਜ਼ੇ ਲਈ ਅਰਜ਼ੀ ਦੇਣ, ਤਾਂ ਵੀ ਮੇਰੀ ਮੁਹਿੰਮ ਸਫ਼ਲ ਹੋ ਗਈ ਸਮਝੋ," ਉਹ ਕਹਿੰਦੇ ਹਨ।
ਬਡਖਲ ਮਾਮਾ ਦਾ ਕਹਿਣਾ ਹੈ ਕਿ ਆਪਣੇ ਫਾਇਦੇ ਲਈ ਕਿਸਾਨਾਂ ਨੂੰ ਇਕੱਠੇ ਕਰਨਾ ਬਹੁਤ ਮੁਸ਼ਕਲ ਹੈ। ਰੋਣਾ ਲੋਕਾਂ ਦਾ ਸੁਭਾਅ ਹੈ, ਲੜਨਾ ਨਹੀਂ। ਰੋਣਾ ਓਨਾ ਹੀ ਆਸਾਨ ਹੈ ਜਿੰਨਾ ਕਿ ਸਰਕਾਰ ਨੂੰ ਦੋਸ਼ ਦੇਣਾ। ਪਰ ਅਧਿਕਾਰਾਂ ਲਈ ਲੜਨਾ, ਨਿਆਂ ਦੀ ਮੰਗ ਕਰਨਾ ਅਤੇ ਸਾਰਿਆਂ ਦੇ ਭਲੇ ਲਈ ਆਪਣੇ ਮਤਭੇਦਾਂ ਨੂੰ ਇੱਕ ਪਾਸੇ ਰੱਖਣਾ ਮੁਸ਼ਕਲ ਹੈ।
ਤਾਡੋਬਾ-ਅੰਧਾਰੀ ਟਾਈਗਰ ਰਿਜ਼ਰਵ ਅਤੇ ਇਸ ਦੇ ਆਲ਼ੇ-ਦੁਆਲ਼ੇ ਜੰਗਲੀ ਜੀਵਾਂ ਦੀ ਭਲਾਈ ਲਈ ਕੁਝ ਸੰਭਾਲ਼ਕਰਤਾ, ਪਸ਼ੂ ਪ੍ਰੇਮੀ, ਮਾਹਰ ਅਤੇ ਸ਼ੇਰ ਪ੍ਰੇਮੀ ਅਣਥੱਕ ਕੰਮ ਕਰ ਰਹੇ ਹਨ। ਪਰ ਉਨ੍ਹਾਂ ਦੇ ਕੰਮ ਦਾ ਨਕਾਰਾਤਮਕ ਪੱਖ ਇਹ ਹੈ ਕਿ ਉਹ ਇੱਥੇ ਰਹਿਣ ਵਾਲ਼ੇ ਲੋਕਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਦੀ ਪਰਵਾਹ ਨਹੀਂ ਕਰਦੇ, ਬਡਖਲ ਮਾਮਾ ਕਹਿੰਦੇ ਹਨ।
ਹਾਲਾਂਕਿ, ਉਨ੍ਹਾਂ ਦੀ ਮੁਹਿੰਮ ਨੇ ਇਸ ਦੂਜੇ ਪਹਿਲੂ ਨੂੰ ਸਾਹਮਣੇ ਲਿਆਂਦਾ ਹੈ, ਅਤੇ ਪਿਛਲੇ ਦੋ ਦਹਾਕਿਆਂ ਤੋਂ ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਹੀ ਹੁਣ ਕਿਸਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ।
"ਜੋ ਲੋਕ ਜੰਗਲੀ ਜੀਵਾਂ ਦੀ ਸੰਭਾਲ਼ ਲਈ ਕੰਮ ਕਰਦੇ ਹਨ, ਉਹ ਸਾਡੀ ਗੱਲ ਨੂੰ ਪਸੰਦ ਨਹੀਂ ਕਰਦੇ, ਪਰ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇੱਥੇ ਰਹਿਣ ਵਾਲ਼ੇ ਲੋਕਾਂ ਨੂੰ ਜ਼ਿੰਦਗੀ ਅਤੇ ਮੌਤ ਦੀਆਂ ਸਮੱਸਿਆਵਾਂ ਹਨ," ਬਡਖਲ ਮਾਮਾ ਕਹਿੰਦੇ ਹਨ।
ਅਤੇ ਹਰ ਸਾਲ ਕਿਸਾਨ ਆਪਣੇ ਖੇਤਾਂ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਦੇ ਹਨ।
ਤਰਜਮਾ: ਕਮਲਜੀਤ ਕੌਰ