ਮਈ ਦੇ ਪਹਿਲੇ ਹਫ਼ਤੇ ਅਬਦੁਲ ਲਤੀਫ਼ ਬਾਜਰਾਨ ਰਾਜੌਰੀ ਜ਼ਿਲ੍ਹੇ ਦੇ ਪੇਰੀ ਤੋਂ ਆਪਣੇ ਪਸ਼ੂਆਂ ਭੇਡਾਂ, ਬੱਕਰੀਆਂ, ਘੋੜਿਆਂ ਅਤੇ ਕੁੱਤੇ ਨਾਲ਼ ਕਸ਼ਮੀਰ ਦੀਆਂ ਪਹਾੜੀਆਂ 'ਚ ਚਰਾਂਦਾਂ ਦੀ ਭਾਲ਼ 'ਚ ਨਿਕਲ਼ੇ ਸਨ। ਉਨ੍ਹਾਂ ਦੇ ਨਾਲ਼ ਉਨ੍ਹਾਂ ਦਾ ਬੇਟਾ ਤਾਰਿਕ ਅਤੇ ਕੁਝ ਹੋਰ ਵੀ ਸਨ। ਜੰਮੂ ਦੇ 65 ਸਾਲਾ ਪਸ਼ੂ ਪਾਲਕ ਨੇ ਕਿਹਾ, "ਮੈਂ ਆਪਣੇ ਪਰਿਵਾਰ (ਪਤਨੀ ਅਤੇ ਨੂੰਹ) ਨੂੰ ਇੱਕ ਮਿੰਨੀ ਟਰੱਕ ਵਿੱਚ ਭੇਜਿਆ ਸੀ, ਜਿਸ ਵਿੱਚ ਕੁਝ ਕਮਜ਼ੋਰ ਪਸ਼ੂ, ਭੋਜਨ, ਪਨਾਹ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਭੇਜੀਆਂ ਸਨ।''
ਪਰ ਦੋ ਹਫ਼ਤਿਆਂ ਬਾਅਦ, ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਵਈਲ ਵਿਖੇ ਦੇਖ ਕੇ ਦੰਗ ਰਹਿ ਗਿਆ।'' ਉਨ੍ਹਾਂ ਨੇ ਸੋਚਿਆ ਕਿ ਹੁਣ ਤੱਕ ਤਾਂ ਉਹ ਆਪਣੀ ਮੰਜ਼ਿਲ, ਮਿਨੀਮਾਰਗ (ਭਾਰਤ-ਪਾਕਿਸਤਾਨ ਸਰਹੱਦ) ਪਹੁੰਚ ਗਏ ਹੋਣਗੇ ਅਤੇ ਉੱਥੇ ਗਰਮੀਆਂ ਵਾਲ਼ਾ ਆਪਣਾ ਤੰਬੂ ਵੀ ਗੱਡ ਚੁੱਕੇ ਹੋਣਗੇ।
ਹਾਲੇ ਉਹ ਆਪਣੀ ਮੰਜ਼ਲ ਤੋਂ 15 ਦਿਨ ਦੂਰ ਸਨ। ਅਬਦੁਲ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਤੇ ਪਸ਼ੂਆਂ ਨੂੰ ਖ਼ਰਾਬ ਮੌਸਮ ਕਾਰਨ ਰੁੱਕਣਾ ਪਿਆ। ਉਹ ਜ਼ੋਜਿਲਾ ਪਾਸ ਵਿਖੇ ਜੰਮੀ ਬਰਫ਼ ਦੇ ਪਿਘਲਣ ਦੀ ਉਡੀਕ ਕਰ ਰਹੇ ਸਨ, ਜਿਹਨੂੰ ਪਾਰ ਕੀਤੇ ਬਗ਼ੈਰ ਮਿਨੀਮਾਰਗ ਅਪੜਨਾ ਅਸੰਭਵ ਸੀ।
ਹਰ ਸਾਲ, ਜਿਵੇਂ ਹੀ ਗਰਮੀਆਂ ਆਉਂਦੀਆਂ ਹਨ, ਜੰਮੂ ਵਿੱਚ ਘਾਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ, ਬਕਰਵਾਲ ਵਰਗੇ ਆਜੜੀ ਭਾਈਚਾਰੇ ਚਾਰੇ ਦੀ ਭਾਲ਼ ਵਿੱਚ ਕਸ਼ਮੀਰ ਦੀਆਂ ਘਾਟੀਆਂ ਵੱਲ ਚਲੇ ਜਾਂਦੇ ਹਨ। ਫਿਰ ਉਹ ਅਕਤੂਬਰ ਦੇ ਆਸ ਪਾਸ ਵਾਪਸ ਆਉਂਦੇ ਹਨ, ਜਦੋਂ ਮੌਸਮ ਦੁਬਾਰਾ ਠੰਡਾ ਹੋਣ ਲੱਗਦਾ ਹੈ।
ਪਰ ਜਦੋਂ ਉੱਚੇ ਇਲਾਕਿਆਂ ਦੇ ਮੈਦਾਨ ਬਰਫ਼ ਨਾਲ਼ ਢੱਕੇ ਜਾਂਦੇ ਹਨ, ਤਾਂ ਅਬਦੁਲ ਵਰਗੇ ਆਜੜੀਆਂ ਨੂੰ ਰਾਹ ਵਿਚਾਲੇ ਹੀ ਰੁਕਣਾ ਪੈਂਦਾ ਹੈ। ਅਜਿਹੇ ਸਮੇਂ ਉਹ ਕਸੂਤੇ ਫਸ ਜਾਂਦੇ ਹਨ, ਕਿਉਂਕਿ ਨਾ ਤਾਂ ਉਹ ਦੋਬਾਰਾ ਪਿੰਡ ਵਾਪਸ ਮੁੜ ਸਕਦੇ ਹਨ ਜਿੱਥੇ ਡੰਗਰਾਂ ਲਈ ਚਾਰਾ ਨਹੀਂ ਤੇ ਨਾ ਹੀ ਉਹ ਉੱਚਾਈਆਂ ਵੱਲ ਮੌਜੂਦ ਹਰੀਆਂ-ਭਰੀਆਂ ਚਰਾਂਦਾਂ ਤੱਕ ਹੀ ਅਪੜ ਸਕਦੇ ਹਨ।
ਮੁਹੰਮਦ ਕਾਸਿਮ, ਅਬਦੁਲ ਵਾਂਗ ਦੁਬਿਧਾ ਵਿੱਚ ਹਨ, ਜਿਨ੍ਹਾਂ ਨੇ ਉੱਚੀਆਂ ਚਰਾਂਦਾਂ 'ਤੇ ਪਹੁੰਚਣ ਤੋਂ ਪਹਿਲਾਂ ਹੀ ਬੇਵਕਤੀ ਧੁੱਪ ਕਾਰਨ ਆਪਣੇ ਬਹੁਤ ਸਾਰੇ ਪਸ਼ੂ ਗੁਆ ਲਏ ਹਨ। "ਜਿਵੇਂ-ਜਿਵੇਂ ਗਰਮੀ ਵੱਧਦੀ ਹੈ, ਸਾਡੀਆਂ ਭੇਡਾਂ ਅਤੇ ਬੱਕਰੀਆਂ ਨੂੰ ਤੇਜ਼ ਬੁਖਾਰ ਅਤੇ ਦਸਤ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਬੇਹੱਦ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ਼ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ," 65 ਸਾਲਾ ਬਜ਼ੁਰਗ ਕਹਿੰਦੇ ਹਨ
ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਹੀ ਅੰਧ ਪਿੰਡ ਦੇ ਰਹਿਣ ਵਾਲੇ, ਬਕਰਵਾਲ ਭਾਈਚਾਰੇ ਦੇ ਇਸ ਆਜੜੀ ਦੇ ਬਹੁਤ ਸਾਰੇ ਪਸ਼ੂ ਗਰਮੀਆਂ ਦੀ ਸ਼ੁਰੂਆਤ ਵਿੱਚ ਤੇਜ਼ ਧੁੱਪ ਲੱਗਣ ਨਾਲ਼ ਬਿਮਾਰ ਹੋ ਗਏ ਅਤੇ ਉਨ੍ਹਾਂ ਦੀਆਂ 50 ਬੱਕਰੀਆਂ ਅਤੇ ਭੇਡਾਂ ਮਰ ਗਈਆਂ, ਇਸ ਲਈ ਉਨ੍ਹਾਂ ਨੂੰ ਤੁਰਨ ਵਿੱਚ ਦੇਰੀ ਹੋ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਇੰਤਜ਼ਾਰ ਕਰਦੇ ਸਮੇਂ ਵੀ ਉਹ ਲਿਆਕਤ ਨਾਲ਼ ਫ਼ੋਨ 'ਤੇ ਸੰਪਰਕ 'ਚ ਰਹੇ ਅਤੇ ਮੌਸਮ ਬਾਰੇ ਪੁੱਛਦੇ ਰਹੇ। ਲਿਆਕਤ ਵੀ ਉਨ੍ਹਾਂ ਵਾਂਗਰ ਖ਼ਾਨਾਬਦੋਸ਼ ਹੀ ਹਨ, ਜੋ ਇਤਫਾਕ ਨਾਲ਼ ਉਨ੍ਹਾਂ ਤੋਂ ਪਹਿਲਾਂ ਕਸ਼ਮੀਰ ਘਾਟੀ ਪਹੁੰਚ ਗਏ ਸਨ। "ਜਵਾਬ ਹਮੇਸ਼ਾ ਇਹੀ ਆਉਂਦਾ ਕਿ ਮੌਸਮ ਖ਼ਰਾਬ ਹੈ।'' ਮੋਬਾਇਲ ਨੈਟਵਰਕ ਦੀ ਹਾਲਤ ਮਾੜੀ ਹੋਣ ਕਾਰਨ ਲਿਆਕਤ ਨਾਲ਼ ਸੰਪਰਕ ਬਣਾਈ ਰੱਖਣ ਸੁਖਾਲਾ ਕੰਮ ਨਹੀਂ ਸੀ।
ਇਹ ਸੁਣਦਿਆਂ ਹੀ ਕਿ ਘਾਟੀ ਵਿੱਚ ਅਜੇ ਵੀ ਬਰਫ਼ ਹੈ, ਕਾਸਿਮ ਆਪਣਾ ਪਿੰਡ ਛੱਡਣ ਤੋਂ ਝਿਜਕ ਰਹੇ ਸਨ। ਇੱਥੇ ਵੱਧ ਰਹੀ ਗਰਮੀ ਕਾਰਨ ਉਨ੍ਹਾਂ ਦੇ ਜਾਨਵਰ ਕਮਜ਼ੋਰ ਹੋਣ ਲੱਗੇ। ਉਹ ਦੱਸਦੇ ਹਨ ਕਿ ਬੱਕਰੀਆਂ ਬਹੁਤ ਠੰਡੇ ਮੌਸਮ ਵਿੱਚ ਬਿਮਾਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਮਰ ਵੀ ਜਾਂਦੀਆਂ ਹਨ, ਜਦੋਂ ਕਿ ਭੇਡਾਂ ਆਪਣੀ ਜੱਤ ਕਾਰਨ ਬੱਕਰੀਆਂ ਦੇ ਮੁਕਾਬਲੇ ਸਰਦੀਆਂ ਨੂੰ ਸਹਿਣ ਕਰਨ ਵਿੱਚ ਵਧੇਰੇ ਸਮਰੱਥ ਹੁੰਦੀਆਂ ਹਨ।
ਹਾਲਾਂਕਿ, ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ, ਉਨ੍ਹਾਂ ਕੋਲ਼ ਵੀ ਆਪਣੇ ਜਾਨਵਰਾਂ ਨੂੰ ਟਰੱਕ ਵਿੱਚ ਲੱਦਣ ਅਤੇ ਵਈਲ ਵਿੱਚ ਹੋਰ ਬਕਰਵਾਲ ਪਰਿਵਾਰਾਂ ਨਾਲ਼ ਸ਼ਾਮਲ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਜੰਮੂ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਸੀ ਅਤੇ ਹੁਣ ਉਨ੍ਹਾਂ ਦੀਆਂ ਚਿੰਤਾਵਾਂ ਦਾ ਵੀ ਕੋਈ ਆਰ-ਪਾਰ ਨਾ ਰਿਹਾ। "ਜੇ ਮੈਂ ਉਨ੍ਹਾਂ ਨੂੰ ਜਲਦੀ ਇੱਥੋਂ ਬਾਹਰ ਨਾ ਕੱਢਿਆ ਹੁੰਦਾ, ਤਾਂ ਉਹ ਸਾਰੇ ਮਰ ਜਾਂਦੇ," ਉਹ ਕਹਿੰਦੇ ਹਨ।
ਉਹ ਪਹਿਲਾਂ ਹੀ ਦੋ ਹਫ਼ਤੇ ਲੇਟ ਹੋ ਚੁੱਕੇ ਸਨ, ਪਰ ਹੁਣ ਕਾਸਿਮ ਕੋਈ ਖ਼ਤਰਾ ਚੁੱਕਣ ਦੀ ਸਥਿਤੀ ਵਿੱਚ ਨਹੀਂ ਸਨ: "ਮੈਂ ਆਪਣੇ ਪਸ਼ੂਆਂ ਨੂੰ ਕਾਲਾਕੋਟ ਤੋਂ ਗਾਂਦਰਬਲ [229 ਕਿਲੋਮੀਟਰ] ਲਿਜਾਣ ਲਈ 35,000 ਰੁਪਏ ਭਰੇ ਹਨ।''
ਅਬਦੁਲ, ਜੋ ਆਪਣੇ ਜਾਨਵਰਾਂ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹਨ, ਨੇ ਵੀ ਮੀਨਾਮਾਰਗ ਪਹੁੰਚਣ ਵਿੱਚ ਇੱਕ ਮਹੀਨੇ ਦੀ ਦੇਰੀ ਕੀਤੀ: "ਇਸ ਸਾਲ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਬਰਫ਼ ਅਜੇ ਪਿਘਲੀ ਨਹੀਂ ਹੈ।'' ਉਨ੍ਹਾਂ ਦਾ ਪਰਿਵਾਰ ਤੇ ਪਸ਼ੂਆਂ ਦਾ ਇੱਜੜ 12 ਜੂਨ ਨੂੰ ਅਪੜੇ।
ਅਬਦੁਲ ਦੇ ਪਸ਼ੂਆਂ ਲਈ ਸਿਰਫ਼ ਬਰਫ਼ ਹੀ ਨਹੀਂ, ਸਗੋਂ ਭਾਰੀ ਮੀਂਹ ਵੀ ਤਬਾਹੀ ਹੀ ਲਿਆਉਂਦਾ ਰਿਹਾ ਹੈ। "ਦੱਖਣੀ ਕਸ਼ਮੀਰ ਦੇ ਸ਼ੋਪੀਆਂ ਇਲਾਕੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਮੇਰੀਆਂ 30 ਭੇਡਾਂ ਰੁੜ੍ਹ ਗਈਆਂ," ਉਹ ਕਹਿੰਦੇ ਹਨ। ਇਹ ਹਾਦਸਾ ਇਸ ਸਾਲ ਮੀਨਾਮਾਰਗ ਜਾਂਦੇ ਸਮੇਂ ਵਾਪਰਿਆ ਸੀ। "ਅਸੀਂ ਸ਼ੋਪੀਆਂ ਜ਼ਿਲ੍ਹੇ ਦੇ ਮੁਗਲ ਰੋਡ ਵਾਲੇ ਪਾਸਿਓਂ ਆ ਰਹੇ ਸੀ ਜਦੋਂ ਮੋਹਲੇਦਾਰ ਮੀਂਹ ਸ਼ੁਰੂ ਹੋਇਆ, ਜੋ ਅਗਲੇ ਪੰਜ ਦਿਨਾਂ ਤੱਕ ਜਾਰੀ ਰਿਹਾ।''
ਅਬਦੁਲ, ਜੋ ਬਚਪਨ ਤੋਂ ਹੀ ਹਰ ਸਾਲ ਜੰਮੂ ਤੋਂ ਕਸ਼ਮੀਰ ਆਉਂਦੇ-ਜਾਂਦੇ ਰਹੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਈ ਦੇ ਅਖੀਰ ਅਤੇ ਜੂਨ ਦੇ ਸ਼ੁਰੂ ਵਿੱਚ ਮੌਸਮ ਵਿੱਚ ਅਜਿਹਾ ਬਦਲਾਅ ਕਦੇ ਨਹੀਂ ਦੇਖਿਆ। ਉਹ ਕਹਿੰਦੇ ਹਨ ਕਿ ਇਹ ਚੰਗਾ ਸੀ ਕਿ ਇਸ ਵਾਰ ਉਨ੍ਹਾਂ ਦੇ ਪਰਿਵਾਰ ਨੇ ਕੁਝ ਦਿਨਾਂ ਲਈ ਵਈਲ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਪਹਾੜਾਂ 'ਤੇ ਜਾਣ ਦੀ ਕੋਈ ਕਾਹਲੀ ਨਾ ਦਿਖਾਈ। ਉਹ ਕਹਿੰਦੇ ਹਨ, "ਮੈਂ ਮਿਨਮਰਗ ਜਾਂਦੇ ਸਮੇਂ ਜ਼ੋਜਿਲਾ ਨੇੜੇ ਖ਼ਤਰਨਾਕ ਰਸਤੇ ਤੋਂ ਲੰਘਦੇ ਹੋਏ ਆਪਣੇ ਆਪ ਨੂੰ ਅਤੇ ਆਪਣੀਆਂ ਭੇਡਾਂ ਨੂੰ ਗੁਆਉਣਾ ਨਹੀਂ ਚਾਹੁੰਦਾ ਸਾਂ।''
ਖ਼ਾਨਾਬਦੋਸ਼ ਪਸ਼ੂਪਾਲਕਾਂ ਭਾਈਚਾਰਿਆਂ ਲਈ ਰਵਾਇਤੀ ਰਸਤਾ ਸ਼ੋਪੀਆਂ ਰਾਹੀਂ ਹੁੰਦੇ ਹੋਏ ਪੁਰਾਣੇ ਮੁਗਲ ਰਸਤੇ ਤੋਂ ਲੰਘਦਾ ਹੈ।
ਜਦੋਂ ਉਹ ਚਰਾਂਦਾਂ ਦੀ ਥਾਂ ਬਰਫ਼ ਡਿੱਗੀ ਦੇਖਦੇ ਹਨ, ਤਾਂ "ਅਸੀਂ ਰਹਿਣ ਲਈ ਪਨਾਹ ਜਾਂ ਜਗ੍ਹਾ ਦੀ ਭਾਲ਼ ਕਰਨ ਲੱਗਦੇ ਹਾਂ। ਆਮ ਤੌਰ 'ਤੇ, ਅਸੀਂ ਵੱਡੇ ਰੁੱਖਾਂ ਜਾਂ ਡੋਕਾ [ਕੱਚੇ ਘਰਾਂ] ਦੀ ਭਾਲ਼ ਕਰਦੇ ਹਾਂ," ਅਬਦੁਲ ਕਹਿੰਦੇ ਹਨ। "ਜੇ ਕਿਸਮਤ ਸਾਥ ਦੇਵੇ ਤਾਂ ਸਾਨੂੰ ਆਪਣੀ ਪਸੰਦ ਦੀ ਜਗ੍ਹਾ ਮਿਲ ਜਾਂਦੀ ਹੈ, ਨਹੀਂ ਤਾਂ ਸਾਨੂੰ ਖੁੱਲ੍ਹੇ ਅਸਮਾਨ ਹੇਠ ਡੇਰਾ ਲਗਾਉਣਾ ਪੈਂਦਾ ਹੈ। ਕਈ ਵਾਰ ਸਾਨੂੰ ਮੀਂਹ ਵਿੱਚ ਵੀ ਭਿੱਜਣਾ ਪੈਂਦਾ ਹੈ।" ਉਨ੍ਹਾਂ ਮੁਤਾਬਕ ਜਾਨਵਰਾਂ ਦੀ ਜਾਨ ਬਚਾਉਣਾ ਵੀ ਇੱਕ ਵੱਡੀ ਸਮੱਸਿਆ ਹੈ। "ਹਰ ਕੋਈ ਆਪਣੀ ਜ਼ਿੰਦਗੀ ਨੂੰ ਪਿਆਰ ਕਰਦਾ ਹੈ।''
ਹਾਲਾਂਕਿ ਆਜੜੀ ਆਮ ਤੌਰ 'ਤੇ ਕੁਝ ਹਫ਼ਤਿਆਂ ਲਈ ਆਪਣਾ ਪੇਟ ਭਰਨ ਲਈ ਕਾਫ਼ੀ ਭੋਜਨ ਲੈ ਕੇ ਜਾਂਦੇ ਹਨ, ਪਰ ਖ਼ਰਾਬ ਮੌਸਮ ਵਿੱਚ ਸਾਫ਼ ਪਾਣੀ ਲੱਭਣਾ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਹੈ। "ਜੇ ਅਸੀਂ ਖ਼ਰਾਬ ਮੌਸਮ ਵਿੱਚ ਕਿਤੇ ਫਸ ਜਾਈਏ, ਤਾਂ ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਕਮੀ ਹੈ। ਜੇ ਬਰਫ਼ਬਾਰੀ ਹੋ ਰਹੀ ਹੋਵੇ ਤਾਂ ਪਾਣੀ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ, ਸਾਨੂੰ ਸਾਫ਼ ਜਾਂ ਗੰਦੇ- ਕਿਸੇ ਵੀ ਪਾਣੀ ਨਾਲ਼ ਕੰਮ ਚਲਾਉਣਾ ਪੈਂਦਾ ਹੈ। ਅਸੀਂ ਇਸ ਨੂੰ ਉਬਾਲ ਕੇ ਪੀਣ ਯੋਗ ਬਣਾਉਂਦੇ ਹਾਂ," ਤਾਰਿਕ ਅਹਿਮਦ ਕਹਿੰਦੇ ਹਨ।
ਇੱਕ ਹੋਰ ਬਕਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਸਾਲ ਘਾਟੀ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਵੇਗੀ। ਅਬਦੁਲ ਵਹੀਦ ਕਹਿੰਦੇ ਹਨ, "ਅਸੀਂ ਇਸ ਸਾਲ (2023) 1 ਮਈ ਨੂੰ ਰਾਜੌਰੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਪਰ ਅਸੀਂ 20 ਦਿਨਾਂ ਤੱਕ ਪਹਿਲਗਾਮ ਵਿੱਚ ਬਰਫ਼ ਪਿਘਲਣ ਦੀ ਉਡੀਕ ਵਿੱਚ ਫਸੇ ਰਹੇ।'' ਕਰੀਬ 35 ਸਾਲਾ ਵਹੀਦ ਵੀ ਬਕਰਵਾਲ ਹਨ। ਉਹ ਆਪਣੇ ਭਾਈਚਾਰੇ ਦੇ ਆਜੜੀਆਂ ਦੇ ਇੱਕ ਸਮੂਹ ਦੀ ਅਗਵਾਈ ਕਰ ਰਹੇ ਸਨ ਅਤੇ ਸਾਰੇ ਲਿੱਦਰ ਘਾਟੀ ਰਾਹੀਂ ਹੁੰਦੇ ਹੋਏ ਕੋਲਾਹੋਈ ਗਲੇਸ਼ੀਅਰ ਵੱਲ ਜਾ ਰਹੇ ਸਨ।
ਆਮ ਤੌਰ 'ਤੇ ਇਸ ਰਸਤੇ ਰਾਹੀਂ ਇਸ ਯਾਤਰਾ ਨੂੰ ਪੂਰਾ ਕਰਨ 'ਚ 20 ਤੋਂ 30 ਦਿਨ ਲੱਗਦੇ ਹਨ ਪਰ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਸਮਾਂ ਅਕਸਰ ਬਦਲਦਾ ਰਹਿੰਦਾ ਹੈ। "ਮੈਂ ਆਪਣੇ ਨਾਲ਼ ਲਿਆਂਦੀਆਂ 40 ਭੇਡਾਂ ਵਿੱਚੋਂ ਅੱਠ ਭੇਡਾਂ ਪਹਿਲਾਂ ਹੀ ਗੁਆ ਚੁੱਕਾ ਸੀ," 28 ਸਾਲਾ ਸ਼ਕੀਲ ਅਹਿਮਦ ਬਰਗਾੜ ਕਹਿੰਦੇ ਹਨ, ਜਿਨ੍ਹਾਂ ਨੇ 7 ਮਈ ਨੂੰ ਵਈਲ ਵਿੱਚ ਆਪਣਾ ਤੰਬੂ ਲਗਾਇਆ ਸੀ ਕਿਉਂਕਿ ਸੋਨਮਰਗ ਦੇ ਬਾਲਟਾਲ ਵਿੱਚ ਬਰਫ਼ ਨਹੀਂ ਪਿਘਲੀ ਸੀ, ਜਿੱਥੇ ਉਹ ਜਾ ਰਹੇ ਸਨ। ਬਾਲਟਾਲ ਤੋਂ, ਉਹ ਜ਼ੋਜਿਲਾ ਦੇ ਜ਼ੀਰੋ ਪੁਆਇੰਟ 'ਤੇ ਚਲੇ ਜਾਣਗੇ, ਜਿੱਥੇ ਉਹ ਅਗਲੇ ਤਿੰਨ ਮਹੀਨਿਆਂ ਲਈ ਕੁਝ ਹੋਰ ਬਕਰਵਾਲ ਪਰਿਵਾਰਾਂ ਨਾਲ਼ ਰਹਿਣਗੇ ਅਤੇ ਡੰਗਰ ਚਰਾਉਣਗੇ। ਹਾਲਾਂਕਿ, ਉਨ੍ਹਾਂ ਨੂੰ ਹੋਰ ਜਾਨਵਰਾਂ ਨੂੰ ਗੁਆਉਣ ਦਾ ਡਰ ਵੀ ਹੈ। ਸ਼ਕੀਲ ਕਹਿੰਦੇ ਹਨ, "ਜਿਸ ਇਲਾਕੇ ਵਿੱਚ ਅਸੀਂ ਜਾ ਰਹੇ ਹਾਂ, ਉੱਥੇ ਬਰਫੀਲੇ ਤੂਫਾਨ ਦਾ ਖ਼ਤਰਾ ਰਹਿੰਦਾ ਹੀ ਹੈ।''
ਸ਼ਕੀਲ ਆਪਣੇ ਦੋਸਤ ਫਾਰੂਕ ਨੂੰ ਯਾਦ ਕਰਦਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਆਪਣਾ ਪੂਰਾ ਪਰਿਵਾਰ ਅਤੇ ਸਾਰੇ ਪਸ਼ੂ ਗੁਆ ਦਿੱਤੇ ਸਨ।
ਬੱਕਰੀਆਂ ਲਈ ਬੇਮੌਸਮੀ ਮੀਂਹ ਅਤੇ ਬਰਫ਼ਬਾਰੀ ਕੋਈ ਨਵੀਂ ਗੱਲ ਨਹੀਂ ਹੈ। ਤਾਰਿਕ 2018 ਦੀ ਇੱਕ ਘਟਨਾ ਨੂੰ ਯਾਦ ਕਰਦੇ ਹਨ ਜਦੋਂ ਮੀਨਾਮਾਰਗ ਵਿੱਚ ਅਚਾਨਕ ਬਰਫ਼ਬਾਰੀ ਸ਼ੁਰੂ ਹੋ ਗਈ ਸੀ। 37 ਸਾਲਾ ਆਜੜੀ ਤਾਰਿਕ ਕਹਿੰਦੇ ਹਨ, "ਜਦੋਂ ਅਸੀਂ ਸਵੇਰੇ ਉੱਠੇ, ਤਾਂ ਲਗਭਗ 2 ਫੁੱਟੀ ਬਰਫ਼ ਦੀ ਚਾਦਰ ਦੇਖਦੇ ਹੀ ਅਸੀਂ ਹੈਰਾਨ ਰਹਿ ਗਏ ਅਤੇ ਟੈਂਟਾਂ ਵਿੱਚ ਦਾਖਲ ਹੋਣ ਦੇ ਰਾਹ ਵੀ ਬੰਦ ਹੋ ਗਏ। ਕਿਉਂਕਿ ਸਾਡੇ ਕੋਲ਼ ਬਰਫ਼ ਹਟਾਉਣ ਲਈ ਕੋਈ ਸਾਜ਼ੋ-ਸਾਮਾਨ ਨਹੀਂ ਸੀ, ਇਸ ਲਈ ਸਾਨੂੰ ਜੋ ਵੀ ਸ਼ੈਅ ਮਿਲ਼ੀ, ਉਸੇ ਨਾਲ਼ ਹੀ ਅਸੀਂ ਬਰਫ਼ ਹਟਾਉਣੀ ਸ਼ੁਰੂ ਕਰ ਦਿੱਤੀ।''
ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਬਾਹਰ ਜਾਣ ਅਤੇ ਆਪਣੇ ਜਾਨਵਰਾਂ ਨੂੰ ਲੱਭਣ ਦਾ ਸਮਾਂ ਮਿਲ਼ ਪਾਉਂਦਾ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡੰਗਰ ਮਰ ਚੁੱਕੇ ਸਨ। "ਸਾਡੀਆਂ ਬਹੁਤ ਸਾਰੀਆਂ ਭੇਡਾਂ, ਬੱਕਰੀਆਂ, ਘੋੜੇ ਅਤੇ ਇੱਥੋਂ ਤੱਕ ਕਿ ਕੁੱਤੇ ਵੀ ਮਾਰੇ ਗਏ ਕਿਉਂਕਿ ਉਹ ਤੰਬੂਆਂ ਤੋਂ ਬਾਹਰ ਹੀ ਬੰਨ੍ਹੇ ਹੋਏ ਸਨ ਅਤੇ ਭਾਰੀ ਬਰਫ਼ਬਾਰੀ ਬਰਦਾਸ਼ਤ ਨਾ ਕਰ ਸਕੇ," ਤਾਰਿਕ ਯਾਦ ਕਰਦੇ ਹਨ।
ਤਰਜਮਾ: ਕਮਲਜੀਤ ਕੌਰ