“ਦਿੱਲੀ ਦੇ ਦਰਵਾਜ਼ੇ ਉਹਨਾਂ ਨੇ ਸਾਡੇ ਲਈ ਬੰਦ ਕਰ ਦਿੱਤੇ ਸਨ,” ਬੁੱਟਰ ਸਰੀਂਹ ਪਿੰਡ ਦੇ ਕਿਨਾਰੇ ਖੜ੍ਹਾ ਬਿੱਟੂ ਮੱਲਣ ਕਹਿ ਰਿਹਾ ਹੈ। “ਹੁਣ ਉਹਨਾਂ ਲਈ ਪੰਜਾਬ ਦੇ ਹਰ ਪਿੰਡ ਦੇ ਦਰਵਾਜ਼ੇ ਬੰਦ ਹਨ।”
ਬਿੱਟੂ ਮੱਲਣ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਵਿੱਚ ਪੰਜ ਏਕੜ ਜ਼ਮੀਨ ਦੀ ਮਾਲਕੀ ਵਾਲ਼ਾ ਕਿਸਾਨ ਹੈ। ‘ਉਹਨਾਂ’ ਤੋਂ ਉਸਦਾ ਭਾਵ ਭਾਜਪਾ ਤੋਂ ਹੈ, ਜੋ ਕੇਂਦਰ ਵਿੱਚ ਸੱਤ੍ਹਾਧਾਰੀ ਪਾਰਟੀ ਹੈ ਤੇ ਪੰਜਾਬ ’ਚ ਲੋਕ ਸਭ ਚੋਣਾਂ ਵਿੱਚ ਬਹੁਤ ਨਿਰਜਨ ਦਾਅਵੇਦਾਰ ਹੈ। ‘ਸਾਡੇ’ ਤੋਂ ਉਹਦਾ ਭਾਵ ਉਹ ਹਜ਼ਾਰਾਂ ਕਿਸਾਨ ਹਨ ਜਿਹਨਾਂ ਨੂੰ ਨਵੰਬਰ 2020 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਾਖ਼ਲ ਨਹੀਂ ਸੀ ਹੋਣ ਦਿੱਤਾ ਗਿਆ।
ਕਿਸਾਨ ਅੰਦੋਲਨ ਤੇ ਦੇਸ਼ ਦੀ ਰਾਜਧਾਨੀ ਦੇ ਦਰਾਂ ’ਤੇ ਵਸਾਏ ਇਹਦੇ ਪਿੰਡਾਂ ਦੀਆਂ ਯਾਦਾਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਵਸੀਆਂ ਹਨ। ਤਿੰਨ ਸਾਲ ਪਹਿਲਾਂ ਇਸ ਸੂਬੇ ਦੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਘਰਸ ਤੇ ਸੁਪਨਿਆਂ ਦੀ ਰਾਹ ’ਤੇ ਰਵਾਨਾ ਹੋਏ ਸਨ। ਆਪਣੇ ਟਰੈਕਟਰ-ਟਰਾਲੀਆਂ ਵਿੱਚ ਸਵਾਰ ਹੋ ਕੇ, ਸੈਂਕੜੇ ਮੀਲ ਦਾ ਸਫ਼ਰ ਤੈਅ ਕਰ ਉਹ ਇੱਕੋ ਮੰਗ ਲੈ ਕੇ ਦਿੱਲੀ ਪਹੁੰਚੇ ਸਨ: ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਜੋ ਉਹਨਾਂ ਦੇ ਕਿੱਤੇ ਲਈ ਖ਼ਤਰਾ ਸਨ।
ਦਿੱਲੀ ਦੇ ਦਰਾਂ ’ਤੇ ਜਦ ਉਹ ਪੁੱਜੇ ਤਾਂ ਉਹਨਾਂ ਦਾ ਸਾਹਮਣਾ ਬੇਵਾਸਤਾ ਦੀ ਵੱਡੀ ਕੰਧ ਨਾਲ਼ ਹੋਇਆ ਜੋ ਉਹਨਾਂ ਦੀਆਂ ਅਪੀਲਾਂ ਅਣਸੁਣੀਆਂ ਕਰ ਰਹੀ ਸੀ। ਤਕਰੀਬਨ ਇੱਕ ਸਾਲ, ਉੱਥੇ ਬੈਠਣ ਵਾਲ਼ਿਆਂ ਦੇ ਦੱਸੇ ਮੁਤਾਬਕ, ਉਹਨਾਂ ਦੀਆਂ ਰਾਤਾਂ ਇਕੱਲਤਾ ਨਾਲ਼ ਠੰਢੀਆਂ ਯਖ ਤੇ ਅਨਿਆਂ ਦੇ ਸੇਕ ਨਾਲ਼ ਭਰੀਆਂ ਹੋਈਆਂ ਸਨ, ਤਾਪਮਾਨ ਭਾਵੇਂ 2 ਡਿਗਰੀ ਸੈਲਸੀਅਸ ਰਿਹਾ ਹੋਵੇ, ਭਾਵੇਂ 45 ਡਿਗਰੀ। ਲੋਹੇ ਦੀਆਂ ਟਰਾਲੀਆਂ ਉਹਨਾਂ ਦਾ ਘਰ ਬਣ ਗਈਆਂ ਸਨ।
358 ਦਿਨਾਂ ਦੇ ਉਤਰਾਅ-ਚੜ੍ਹਾਅ ਦਰਮਿਆਨ, ਦਿੱਲੀ ਦੁਆਲ਼ੇ ਡੇਰਾ ਲਾਈ ਬੈਠੇ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਲਾਸ਼ਾਂ, ਆਪਣੇ ਸੰਘਰਸ਼ ਦੇ ਮੁੱਲ ਦਾ ਖ਼ਾਮੋਸ਼ ਪ੍ਰਮਾਣ ਬਣ, ਪੰਜਾਬ ਵਾਪਸ ਗਈਆਂ। ਪਰ ਅੰਦੋਲਨ ਡੋਲਿਆ ਨਹੀਂ। ਇੱਕ ਸਾਲ ਨਕਾਰੇ ਜਾਣ ਤੇ ਡਰਾਵੇ ਦੇਣ ਤੋਂ ਬਾਅਦ ਸਰਕਾਰ ਨੇ ਉਹਨਾਂ ਦੇ ਤਿਆਗ ਤੇ ਲੋਕਾਂ ਦੇ ਸੰਘਰਸ਼ ਅੱਗੇ ਗੋਡੇ ਟੇਕ ਦਿੱਤੇ। ਪ੍ਰਧਾਨ ਮੰਤਰੀ ਨੇ 29 ਨਵੰਬਰ 2021 ਨੂੰ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਪੰਜਾਬ ਵਿੱਚ ਹੁਣ ਭਾਜੀ ਮੋੜਨ ਦਾ ਵੇਲਾ ਹੈ। ਦਿੱਲੀ ਵਿੱਚ ਉਹਨਾਂ ਨਾਲ਼ ਜੋ ਵਤੀਰਾ ਹੋਇਆ ਬਿੱਟੂ ਮੱਲਣ ਤੇ ਉਹਦੇ ਵਰਗੇ ਹੋਰ ਬਹੁਤ ਸਾਰੇ ਕਿਸਾਨ ਉਹਦਾ ਜਵਾਬ ਦੇਣ ਦੇ ਮਿਜ਼ਾਜ ਵਿੱਚ ਨਜ਼ਰ ਆ ਰਹੇ ਹਨ। ਬਿੱਟੂ, ਜੋ ਲਗਦਾ ਹੈ ਕਿ ਹਰ ਮ੍ਰਿਤ ਕਿਸਾਨ ਦਾ ਹਿਸਾਬ ਚੁਕਾਉਣ ਨੂੰ ਆਪਣੀ ਜ਼ਿੰਮੇਵਾਰੀ ਸਮਝ ਰਿਹਾ ਹੈ, ਨੇ 23 ਅਪ੍ਰੈਲ ਨੂੰ ਬੁੱਟਰ ਸਰੀਂਹ ਪਿੰਡ ਵਿੱਚ ਫਰੀਦਕੋਟ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੂੰ ਡਟ ਕੇ ਸਵਾਲ-ਜਵਾਬ ਕੀਤੇ।
ਕੇਂਦਰ ਦੀ ਸਰਕਾਰ ਨੇ ਨਵੰਬਰ 2020 ਵਿੱਚ ਦਿੱਲੀ ਵੱਲ ਨੂੰ ਕੂਚ ਕਰਦੇ ਹਜ਼ਾਰਾਂ ਕਿਸਾਨਾਂ ਦਾ ਰਾਹ ਰੋਕਿਆ। 2024 ਵਿੱਚ ਕਿਸਾਨਾਂ ਨੇ ਭਾਜੀ ਮੋੜਨ ਦਾ ਫੈਸਲਾ ਲਿਆ ਹੈ
ਹੰਸ ਦਾ ਸਾਹਮਣਾ ਬਿੱਟੂ ਦੇ ਸਵਾਲਾਂ ਤੇ ਟਿੱਪਣੀਆਂ ਦੀ ਬੁਛਾੜ ਨਾਲ਼ ਹੋਇਆ: “ਅਸੀਂ ਜਾਨਵਰਾਂ ਤੇ ਜੀਪਾਂ ਨਹੀਂ ਚੜ੍ਹਾਉਂਦੇ, ਪਰ ਲਖੀਮਪੁਰ ਖੀਰੀ ਵਿੱਚ ਉੱਧਰੋਂ ਜੀਪ ਲਈ ਆਉਂਦਾ [ਅਜੈ ਮਿਸ਼ਰਾ] ਟੈਨੀ ਦਾ ਮੁੰਡਾ ਤੇ ਕਿਸਾਨਾਂ ਦੇ ਉੱਤੇ ਜੀਪਾਂ ਚੜ੍ਹਾ ਕੇ ਲੱਤਾਂ-ਬਾਹਵਾਂ ਤੋੜ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਖਨੌਰੀ ਤੇ ਸ਼ੰਭੂ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ। ਪ੍ਰਿਤਪਾਲ ਦਾ ਕਸੂਰ ਕੀ ਸੀ? ਲੰਗਰ ਵਰਤਾਉਣ ਆਇਆ ਸੀ। ਉਹਦੀਆਂ ਲੱਤਾਂ-ਬਾਹਵਾਂ, ਜਬਾੜ੍ਹੇ ਤੋੜ ਦਿੱਤੇ। ਉਹ PGI [ਹਸਪਤਾਲ] ਚੰਡੀਗੜ੍ਹ ਵਿੱਚ ਪਿਆ ਹੈ; ਕੀ ਤੁਸੀਂ ਪਤਾ ਲੈਣ ਗਏ ਓ?
“ਪਟਿਆਲੇ ਜਿਲ੍ਹੇ ਦਾ ਨੌਜਵਾਨ, 40 ਸਾਲ ਦਾ, ਅੱਥਰੂ ਗੈਸ ਦੇ ਗੋਲੇ ਨਾਲ਼ ਉਹਦੀਆਂ ਅੱਖਾਂ ਚਲੀਆਂ ਗਈਆਂ। ਨਿੱਕੇ-ਨਿੱਕੇ ਦੋ ਬੱਚੇ ਹਨ ਉਹਦੇ, ਤਿੰਨ ਏਕੜ ਪੈਲੀ ਹੈ। ਉਹਦੇ ਘਰ ਗਏ ਹੋ? ਨਹੀਂ ਗਏ। ਸਿੰਘੂ ’ਤੇ ਗਏ ਹੋ? ਨਹੀਂ ਗਏ।” ਹੰਸ ਰਾਜ ਹੰਸ ਕੋਲ਼ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ।
ਪੰਜਾਬ ਭਰ ਵਿੱਚ ਹਜ਼ਾਰਾਂ ਬਿੱਟੂ ਆਪੋ-ਆਪਣੇ ਪਿੰਡਾਂ ਦੀਆਂ ਬਰੂਹਾਂ 'ਤੇ ਬੀਜੀਪੀ ਵਾਲ਼ਿਆਂ ਦੇ ਪੈਰ ਧਰਨ ਦੀ ਉਡੀਕ ਕਰਦੇ ਜਾਪਦੇ ਹਨ ਜਿਓਂ ਸਾਰੇ ਹੀ ਪਿੰਡ ਬੁੱਟਰ ਸਰੀਂਹ ਬਣ ਗਏ ਹੋਣ। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਭਗਵੀਂ ਪਾਰਟੀ ਨੇ ਪਹਿਲਾਂ 13 ਸੀਟਾਂ ਵਿੱਚੋਂ 9 ਲਈ ਉਮੀਦਵਾਰ ਐਲਾਨੇ, ਪਰ 17 ਮਈ ਨੂੰ ਬਾਕੀ ਚਾਰ ਵੀ ਐਲਾਨ ਦਿੱਤੇ। ਉਹਨਾਂ ਸਾਰਿਆਂ ਦਾ ਸਵਾਗਤ ਕਿਸਾਨ ਕਾਲ਼ੇ ਝੰਡਿਆਂ, ਨਾਅਰਿਆਂ ਤੇ ਸਵਾਲਾਂ ਨਾਲ਼ ਕਰ ਰਹੇ ਹਨ ਅਤੇ ਬਹੁਤੇ ਪਿੰਡਾਂ ਵਿੱਚ ਉਹਨਾਂ ਨੂੰ ਵੜ੍ਹਨ ਤੱਕ ਨਹੀਂ ਦਿੱਤਾ ਜਾ ਰਿਹਾ।
“ਅਸੀਂ ਪਰਨੀਤ ਕੌਰ ਨੂੰ ਸਾਡੇ ਪਿੰਡ ਵੜ੍ਹਨ ਨਹੀਂ ਦਿਆਂਗੇ। ਦਹਾਕਿਆਂ ਤੋਂ ਉਹਨਾਂ ਪ੍ਰਤੀ ਵਫ਼ਾਦਾਰ ਪਰਿਵਾਰਾਂ ਨੂੰ ਵੀ ਅਸੀਂ ਸਵਾਲ ਕੀਤੇ ਹਨ,” ਪਟਿਆਲੇ ਜ਼ਿਲ੍ਹੇ ਦੇ ਡਕਾਲਾ ਪਿੰਡ ਦੇ ਚਾਰ ਏਕੜ ਜ਼ਮੀਨ ਵਾਲ਼ੇ ਕਿਸਾਨ ਰਘਬੀਰ ਸਿੰਘ ਨੇ ਕਿਹਾ। ਪਰਨੀਤ ਕੌਰ ਚਾਰ ਵਾਰ ਪਟਿਆਲੇ ਤੋਂ ਲੋਕ ਸਭਾ ਦੇ ਮੈਂਬਰ ਰਹੇ ਹਨ ਅਤੇ ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਹਨ। ਦੋਵਾਂ ਨੇ 2021 ਵਿੱਚ ਕਾਂਗਰਸ ਛੱਡ ਦਿੱਤੀ ਸੀ ਅਤੇ ਪਿਛਲੇ ਸਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੋਰਨਾਂ ਭਾਜਪਾ ਉਮੀਦਵਾਰਾਂ ਵਾਂਗ, ਬਹੁਤੀਆਂ ਥਾਵਾਂ ’ਤੇ, ਉਹਨਾਂ ਦਾ ਸਵਾਗਤ ਵੀ ਕਾਲ਼ੇ ਝੰਡਿਆਂ ਤੇ ‘ਮੁਰਦਾਬਾਦ’ ਦੇ ਨਾਅਰਿਆਂ ਨਾਲ਼ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਬਠਿੰਡਾ, ਸਾਰੇ ਕਿਤੇ ਹੀ ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਨਾਲ਼ ਇਹੀ ਕਹਾਣੀ ਬਣ ਰਹੀ ਹੈ। ਤਿੰਨ ਵਾਰ ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਅਤੇ ਹੁਣ ਭਾਜਪਾ ਦੇ ਉਮੀਦਵਾਰ, ਰਵਨੀਤ ਸਿੰਘ ਬਿੱਟੂ ਦੀ ਉਮੀਦਵਾਰੀ ਐਲਾਨੇ ਜਾਣ ਦੇ ਮਹੀਨੇ ਬਾਅਦ ਉਹਨਾਂ ਨੂੰ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ।
ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਭਾਵੇਂ ਸਿਆਸਤਦਾਨ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਤੇ ‘ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਵਾਲ਼ੇ ਭਾਸ਼ਣਾਂ ਦੀ ਝੜੀ ਲਾ ਰਹੇ ਹਨ। ਪੰਜਾਬ ਵਿੱਚ ਉਹਨਾਂ ਦਾ ਸਾਹਮਣਾ ਕਿਸਾਨਾਂ ਦੇ 11 ਸਵਾਲਾਂ (ਰਿਪੋਰਟ ਦੇ ਹੇਠਾਂ ਵੇਖੋ) ਨਾਲ਼ ਹੈ। ਉਹਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ; ਸਾਲ ਭਰ ਚੱਲੇ ਅੰਦੋਲਨ ਦੌਰਾਨ ਵਿੱਛੜ ਗਏ ਕਿਸਾਨਾਂ; ਲਖੀਮਪੁਰ ਦੇ ਸ਼ਹੀਦਾਂ; ਖਨੌਰੀ ਵਿੱਚ ਸਿਰ ’ਚ ਗੋਲੀ ਲੱਗਣ ਕਾਰਨ ਮਾਰੇ ਗਏ ਸ਼ੁਭਕਰਨ ; ਕਿਸਾਨਾਂ ’ਤੇ ਕਰਜ਼ੇ ਦੇ ਬੋਝ ਬਾਰੇ ਸਵਾਲ ਕੀਤੇ ਜਾ ਰਹੇ ਹਨ।
ਸਿਰਫ਼ ਕਿਸਾਨ ਹੀ ਨਹੀਂ, ਖੇਤ ਮਜ਼ਦੂਰ ਵੀ ਕੇਂਦਰ ’ਚ ਸੱਤ੍ਹਾਧਾਰੀ ਪਾਰਟੀ ਦੇ ਉਮੀਦਵਾਰਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ। “ਭਾਜਪਾ ਨੇ ਬਜਟ ਘਟਾ ਕੇ ਮਨਰੇਗਾ ਦਾ ਭੱਠਾ ਬਿਠਾ ਦਿੱਤਾ। ਉਹ ਕਿਸਾਨਾਂ ਲਈ ਹੀ ਨਹੀਂ ਖੇਤ ਮਜ਼ਦੂਰਾਂ ਲਈ ਵੀ ਖ਼ਤਰਨਾਕ ਹਨ,” ਮਨਰੇਗਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਸ਼ੇਰ ਸਿੰਘ ਫਰਵਾਹੀਂ ਨੇ ਕਿਹਾ।
ਤੇ ਇਸੇ ਤਰ੍ਹਾਂ ਦੀ ‘ਮੁਰੰਮਤ’ ਜਾਰੀ ਹੈ। 18 ਮਹੀਨੇ ਪਹਿਲਾਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਪਰ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਉਹ ਤਿੰਨ ਕਾਨੂੰਨ ਸਨ: ਕੀਮਤ ਗਾਰੰਟੀ ਅਤੇ ਖੇਤੀ ਸੇਵਾਵਾਂ ਸਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਕਾਨੂੰਨ, 2020 ; ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਕਾਨੂੰਨ, 2020; ਅਤੇ ਜ਼ਰੂਰੀ ਵਸਤਾਂ (ਸੋਧ) ਕਾਨੂੰਨ, 2020 । ਕਿਸਾਨ ਨੂੰ ਸ਼ੱਕ ਹੈ ਕਿ ਇਹ ਪਿਛਲੇ ਦਰਵਾਜ਼ਿਓਂ ਮੁੜ ਲਿਆਂਦੇ ਜਾ ਰਹੇ ਹਨ।
ਵੋਟਾਂ ’ਚ ਕੁਝ ਹੀ ਦਿਨ ਰਹਿੰਦੇ ਹਨ ਤੇ ਪੰਜਾਬ ਵਿੱਚ ਪ੍ਰਚਾਰ ਤੇ ਨਾਲ਼ੋਂ-ਨਾਲ਼ ਕਿਸਾਨਾਂ ਦਾ ਵਿਰੋਧ ਜ਼ੋਰ ਫੜ੍ਹ ਰਿਹਾ ਹੈ। 4 ਮਈ ਨੂੰ ਪਟਿਆਲੇ ਦੇ ਸੇਹਰਾ ਪਿੰਡ ਵਿੱਚ ਸੁਰਿੰਦਰਪਾਲ ਸਿੰਘ ਨਾਂ ਦੇ ਕਿਸਾਨ ਦੀ ਮੌਤ ਹੋ ਗਈ ਜਦ ਉਹ ਤੇ ਹੋਰ ਕਿਸਾਨ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਪਿੰਡ ਵਿੱਚ ਦਾਖਲੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਜਦ ਪਰਨੀਤ ਕੌਰ ਦੇ ਸੁਰੱਖਿਆਕਰਮੀਆਂ ਨੇ ਸੜਕ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ, ਖ਼ਾਸ ਉਸੇ ਵੇਲ਼ੇ ਹੀ ਉਹਦੀ ਮੌਤ ਹੋਈ ਪਰ ਉਹਨਾਂ (ਪਰਨੀਤ ਕੌਰ) ਨੇ ਇਹਨਾਂ ਇਲਜ਼ਾਮਾਂ ਨੂੰ ਪੂਰਨ ਤੌਰ ’ਤੇ ਨਕਾਰਿਆ ਹੈ।
ਕਣਕ ਦੀ ਵਾਢੀ ਖ਼ਤਮ ਕਰਕੇ ਹਟੇ ਕਿਸਾਨ ਹੁਣ ਮੁਕਾਬਲਤਨ ਵਿਹਲੇ ਹਨ, ਤੇ ਆਉਂਦੇ ਦਿਨਾਂ ਵਿੱਚ ਇਸ ਪਿੜ ਵਿੱਚ ਕਈ-ਕੁਝ ਹੋਰ ਵੇਖਣ ਨੂੰ ਮਿਲ਼ੇਗਾ। ਖ਼ਾਸ ਕਰਕੇ ਸੰਗਰੂਰ ਵਰਗੇ ਸੰਘਰਸ਼ਾਂ ਦੇ ਗੜ੍ਹ ਵਿੱਚ ਜਿੱਥੇ ਦੀ ਧਰਤੀ ਅੰਦੋਲਨਾਂ ਦੇ ਰੰਗ ਨਾਲ਼ ਰੰਗੀ ਹੋਈ ਹੈ ਤੇ ਜਿੱਥੇ ਬੱਚੇ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ ਤੇ ਜਗੀਰ ਸਿੰਘ ਜੋਗੇ ਵਰਗੇ ਜੁਝਾਰੂ ਕਿਸਾਨ ਆਗੂਆਂ ਦੀਆਂ ਵੀਰਗਾਥਾਵਾਂ ਸੁਣ ਵੱਡੇ ਹੁੰਦੇ ਹਨ।
ਅੱਗੇ ਹੋਰ ਸੰਕਟ ਮੰਡਰਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ ਏਕਤਾ ਉਗਰਾਹਾਂ) ਦੇ ਆਗੂ ਝੰਡਾ ਸਿੰਘ ਜੇਠੂਕੇ ਨੇ ਹਾਲ ਹੀ ਵਿੱਚ ਬਰਨਾਲੇ ਐਲਾਨ ਕੀਤਾ: “ਆਉਣ ਵਾਲ਼ੇ ਦਿਨਾਂ ’ਚ ਇਹਨਾਂ ਦੀ ਪਦੀੜ ਦੇਖਿਉ ਪੈਂਦੀ। ਪਿੰਡਾਂ ਵਿੱਚੋਂ ਇਹਨਾਂ ਦੀ ਰੇਸ ਲਵਾਵਾਂਗੇ। ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ, ਇਨ੍ਹਾਂ ਕਿੱਲ ਗੱਡੇ, ਕੰਧਾਂ ਖੜ੍ਹੀਆਂ ਕੀਤੀਆਂ, ਅਸੀਂ ਕਿੱਲ ਤੇ ਕੰਧਾਂ ਨਹੀਂ ਗੱਡਾਂਗੇ, ਅਸੀਂ ਬੰਦਿਆਂ ਦੀਆਂ ਕੰਧਾਂ ਖੜ੍ਹੀਆਂ ਕਰਾਂਗੇ ਇਨ੍ਹਾਂ ਦੇ ਮੂਹਰੇ, ਬਈ ਸਾਡੇ ਉੱਤੋਂ (ਲਖੀਮਪੁਰ ਵਾਂਗ) ਗੱਡੀਆਂ ਲੰਘਾ ਕੇ ਭਾਵੇਂ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਵੜ੍ਹੋ।।”
ਅਜੇ ਵੀ ਉਹਨਾਂ ਨੂੰ ਨਿਆਂ-ਪਸੰਦ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਕਹਿੰਦੇ ਹਨ। “ਸ਼ੁਕਰ ਮਨਾਓ ਕਿ ਇਨਸਾਫ਼ ਪਸੰਦ ਨੇ, ਅੱਥਰੂ ਗੈਸ ਦੇ ਗੋਲ਼ੇ ਨਹੀਂ ਸੁੱਟਦੇ ਤੁਹਾਡੇ ਉੱਤੇ। ਸ਼ੁਕਰ ਮਨਾਓ ਕਿ ਕਿਤੇ ਰਬੜ ਦੀਆਂ ਗੋਲ਼ੀਆਂ ਨਾਲ਼ ਸਵਾਗਤ ਨਹੀਂ ਕਰਦੇ ਤੁਹਾਡਾ, ਜਿਵੇਂ ਇਹਨਾਂ ਨੇ ਦਿੱਲੀ ਵਿੱਚ ਕਿਸਾਨਾਂ ਨਾਲ਼ ਕੀਤਾ ਸੀ।”
ਪੰਜਾਬੀ, ਸਦੀਆਂ ਤੋਂ ਲੜੇ ਜਾ ਰਹੇ ਸੰਘਰਸ਼ਾਂ ਦੀਆਂ ਦੰਦ-ਕਥਾਵਾਂ ਦੇ ਅੰਗ-ਸੰਗ ਰਹਿੰਦੇ ਹਨ। ਅਠਾਈ ਮਹੀਨੇ ਪਹਿਲਾਂ, ਇਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਫ਼ਲੇ ਨੂੰ ਫਿਰੋਜ਼ਪੁਰ ਦੇ ਇੱਕ ਪੁਲ ਤੋਂ ਵਾਪਸ ਮੋੜਿਆ ਸੀ। ਅੱਜ ਉਹੀ ਪੰਜਾਬੀ ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਦਾ ਦਾਖਲਾ ਪੰਜਾਬ ਦੇ ਪਿੰਡਾਂ ਵਿੱਚ ਰੋਕ ਰਹੇ ਹਨ। ਇਸੇ ਲਈ, ਸਤਿਆਪਾਲ ਮਲਿਕ – ਜਿਹਨਾਂ ਨੂੰ ਮੋਦੀ ਸਰਕਾਰ ਨੇ ਦੋ ਵੱਖ-ਵੱਖ ਸੂਬਿਆਂ ਦਾ ਰਾਜਪਾਲ ਲਾਇਆ – ਉਸ ਪਾਰਟੀ ਨੂੰ ਠੀਕ ਹੀ ਸਮਝਾ ਰਹੇ ਸੀ, “ਪੰਜਾਬੀ ਲੋਕ ਆਪਣੇ ਦੁਸ਼ਮਣਾਂ ਨੂੰ ਆਸਾਨੀ ਨਾਲ਼ ਨਹੀਂ ਭੁੱਲਦੇ।”
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ