ਸੁਰੇਂਦਰ ਨਾਥ ਅਵਸਥੀ ਆਪਣੀਆਂ ਬਾਹਾਂ ਨੂੰ ਪਸਾਰ ਕੇ ਨਦੀ ਦੀ ਚੌੜਾਈ ਮਾਪਦੇ ਹਨ, ਜੋ ਹੁਣ ਸਿਰਫ ਉਨ੍ਹਾਂ ਲਈ ਇੱਕ ਯਾਦ ਬਣ ਕੇ ਰਹਿ ਗਈ ਹੈ। "ਇਹ ਸਭ ਉਨ੍ਹਾਂ ਦਾ ਹੀ ਹਿੱਸਾ ਸੀ ਅਤੇ ਇਹ ਸਭ ਵੀ," ਉਹ ਹਲਕੀ ਜਿਹੀ ਮੁਸਕਰਾਹਟ ਨਾਲ਼ ਕਹਿੰਦੇ ਹਨ।
"ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਸੀ। ਉਸ ਕਾਰਨ ਸਾਡੇ ਖੂਹਾਂ ਵਿੱਚ ਸਿਰਫ 10 ਫੁੱਟ 'ਤੇ ਹੀ ਮਿੱਠਾ ਪਾਣੀ ਫੁੱਟ ਪੈਂਦੇ ਸਨ। ਹਰ ਮਾਨਸੂਨ ਵਿੱਚ, ਉਹ ਸਾਡੇ ਘਰਾਂ ਵਿੱਚ ਆ ਜਾਂਦੀ ਸੀ। ਹਰ ਤੀਜੇ ਸਾਲ ਉਹ ਇੱਕ ਨਾ ਇੱਕ ਬਲ਼ੀ ਮੰਗਦੀ ਸੀ, ਜ਼ਿਆਦਾਤਰ ਛੋਟੇ ਜਾਨਵਰਾਂ ਦੀ। ਹਾਲਾਂਕਿ ਇੱਕ ਵਾਰੀਂ ਇਹ ਮੇਰੇ 16 ਸਾਲਾ ਚਚੇਰੇ ਭਰਾ ਨੂੰ ਨਿਗਲ਼ ਗਈ। ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਕਈ ਦਿਨਾਂ ਤੱਕ ਉਸ 'ਤੇ ਚੀਕਦਾ ਰਿਹਾ। ਪਰ ਹੁਣ ਉਹ ਲੰਬੇ ਸਮੇਂ ਤੋਂ ਨਾਰਾਜ਼ ਹੈ... ਹੋ ਸਕਦੇ ਹਨ ਕਿ ਪੁਲ ਦੇ ਕਾਰਨ," ਉਹ ਕਹਿੰਦੇ ਹਨ।
ਅਵਸਥੀ 67 ਮੀਟਰ ਲੰਬੇ ਪੁਲ 'ਤੇ ਖੜ੍ਹੇ ਹਨ, ਜੋ ਕਿ ਸਈ ਦੇ ਨਾਮ ਨਾਲ਼ ਜਾਣੀ ਜਾਂਦੀ ਇੱਕ ਮੁਸ਼ਕਿਲ ਨਾਲ਼ ਦਿਖਾਈ ਦੇਣ ਵਾਲ਼ੀ ਨਦੀ 'ਤੇ ਬਣਾਇਆ ਗਿਆ ਹੈ। 'ਉਹ' ਗੁੱਸੇ ਵਿੱਚ ਹੈ। ਇਸ ਪੁਲ ਦੇ ਹੇਠਾਂ, ਨਦੀ ਦੇ ਕੰਢੇ 'ਤੇ ਖੇਤ ਹਨ, ਜਿੱਥੇ ਤਾਜ਼ਾ ਕੱਟੀ ਕਣਕ ਦੇ ਮੁੱਢ ਪਏ ਹਨ ਅਤੇ ਕਿਨਾਰਿਆਂ 'ਤੇ ਸ਼ਫ਼ੈਦੇ (ਯੂਕੇਲਿਪਟਸ) ਦੇ ਦਰੱਖਤ ਲਹਿਰਾ ਰਹੇ ਹਨ।
ਅਵਸਥੀ ਦੇ ਦੋਸਤ ਅਤੇ ਸਾਥੀ ਜਗਦੀਸ਼ ਪ੍ਰਸਾਦ ਤਿਆਗੀ ਇੱਕ ਸੇਵਾ-ਮੁਕਤ ਸਕੂਲੀ ਅਧਿਆਪਕ ਹਨ ਜੋ ਸਈ ਨੂੰ "ਇੱਕ ਸੁੰਦਰ ਨਦੀ" ਵਜੋਂ ਯਾਦ ਕਰਦੇ ਹਨ।
ਉਹ ਲਹਿਰਾਂ ਦੁਆਰਾ ਬਣਾਏ ਗਏ ਡੂੰਘੇ ਪਾਣੀ ਦੇ ਭੰਵਰ ਬਾਰੇ ਗੱਲ ਕਰਦੇ ਹਨ, ਜਿਸ 'ਤੇ ਵੱਡੀਆਂ ਮੱਛੀਆਂ ਸਵਾਰੀ ਕਰਦੀਆਂ ਸਨ ਅਤੇ ਇੱਕ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੀਆਂ ਸਨ। ਉਨ੍ਹਾਂ ਨੂੰ ਅਜੇ ਵੀ ਨਦੀ ਵਿੱਚ ਮਿਲਣ ਵਾਲ਼ੀਆਂ ਐਡੀ, ਰੋਹੂ, ਈਲ, ਪਫਰਾਂ ਵਰਗੀਆਂ ਮੱਛੀਆਂ ਯਾਦ ਹਨ। ਉਹ ਦੱਸਦੇ ਹਨ, "ਜਦੋਂ ਪਾਣੀ ਸੁੱਕਣਾ ਸ਼ੁਰੂ ਹੋਇਆ ਤਾਂ ਮੱਛੀਆਂ ਅਲੋਪ ਹੋਣ ਲੱਗੀਆਂ।''
ਹੋਰ ਵੀ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਹਨ। 74 ਸਾਲਾ ਮਾਲਤੀ ਅਵਸਥੀ 2007 ਤੋਂ 2012 ਤੱਕ ਪਿੰਡ ਦੀ ਸਰਪੰਚ ਰਹੀ। ਉਹ ਯਾਦ ਕਰਦੀ ਹਨ ਕਿ ਸਈ ਨਦੀ ਕੰਢੇ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਉਨ੍ਹਾਂ ਦੇ ਘਰ ਦੇ ਵਿਹੜੇ ਤੱਕ ਆਉਂਦੀ ਸੀ। ਹਰ ਸਾਲ ਉਸੇ ਵਿਸ਼ਾਲ ਵਿਹੜੇ ਵਿੱਚ, ਉਨ੍ਹਾਂ ਪਰਿਵਾਰਾਂ ਲਈ ਇੱਕ ਭਾਈਚਾਰਕ 'ਅੰਨਾ ਪਰਬਤ ਦਾਨ' ਦਾ ਆਯੋਜਨ ਹੁੰਦੇ ਸਨ ਜਿਨ੍ਹਾਂ ਨੇ ਨਦੀ ਦੇ ਕਹਿਰ ਕਾਰਨ ਆਪਣੀਆਂ ਫ਼ਸਲਾਂ ਗੁਆ ਲਈਆਂ ਹੁੰਦੀਆਂ।
ਉਹ ਕਹਿੰਦੀ ਹਨ, "ਭਾਈਚਾਰੇ ਦੀ ਇਹ ਭਾਵਨਾ ਖ਼ਤਮ ਹੋ ਗਈ ਹੈ। ਦਾਣੇ ਬੇਸੁਆਦੇ ਹੋ ਗਏ ਹਨ। ਖੂਹਾਂ ਵਿੱਚ ਪਾਣੀ ਨਹੀਂ ਰਿਹਾ। ਸਾਡੇ ਜਾਨਵਰ ਵੀ ਓਨੇ ਹੀ ਦੁਖੀ ਹਨ ਜਿੰਨੇ ਅਸੀਂ ਹਾਂ। ਜ਼ਿੰਦਗੀ ਬੇਸੁਆਦੀ ਹੋ ਗਈ ਹੈ।"
ਸਈ, ਗੋਮਤੀ ਨਦੀ ਦੀ ਸਹਾਇਕ ਨਦੀ ਹੈ। ਭਾਰਤ ਦੇ ਮਿਥਿਹਾਸ ਵਿੱਚ ਇਸਦਾ ਉੱਚਾ ਸਥਾਨ ਹੈ। ਗੋਸਵਾਮੀ ਤੁਲਸੀਦਾਸ ਦੁਆਰਾ ਲਿਖੇ ਗਏ ਰਾਮਚਰਿਤਮਾਨਸ (16 ਵੀਂ ਸਦੀ ਦੇ ਮਹਾਂਕਾਵਿ ਜਿਸ ਦਾ ਸ਼ਾਬਦਿਕ ਅਰਥ ਹੈ ਭਗਵਾਨ ਰਾਮ ਦੇ ਕੰਮਾਂ ਦੀ ਝੀਲ) ਵਿੱਚ, ਇਸ ਨੂੰ ਆਦਿ ਗੰਗਾ ਕਿਹਾ ਗਿਆ ਹੈ, ਅਰਥਾਤ, ਇਹ ਗੰਗਾ ਤੋਂ ਵੀ ਪਹਿਲਾਂ ਆਈ ਸੀ।
ਸਈ ਨਦੀ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਪਿਹਾਨੀ ਬਲਾਕ ਦੇ ਬਿਜਗਵਾਨ ਪਿੰਡ ਦੇ ਇੱਕ ਤਲਾਅ ਤੋਂ ਸ਼ੁਰੂ ਹੁੰਦੀ ਹਨ। ਆਪਣੇ ਅਸਲੀ ਨਾਮ ਨਾਲ਼, ਉਹ ਆਪਣੇ ਸ਼ੁਰੂਆਤੀ 10 ਕਿਲੋਮੀਟਰ ਦੀ ਯਾਤਰਾ ਵਿੱਚ ਝਾਬਰ (ਤਲਾਬ) ਕਹਾਉਂਦੀ ਹੈ। ਲਖਨਊ ਅਤੇ ਉਨਾਓ ਜ਼ਿਲ੍ਹਿਆਂ ਵਿਚਾਲੇ 600 ਕਿਲੋਮੀਟਰ ਦੀ ਯਾਤਰਾ ਦੌਰਾਨ ਇਹ ਉਨ੍ਹਾਂ ਦੀ ਹੱਦਬੰਦੀ ਕਰਦੀ ਹੈ। ਰਾਜ ਦੀ ਰਾਜਧਾਨੀ ਲਖਨਊ ਹਰਦੋਈ ਤੋਂ ਲਗਭਗ 110 ਕਿਲੋਮੀਟਰ ਉੱਤਰ ਵਿੱਚ ਹੈ, ਜਦੋਂ ਕਿ ਉਨਾਓ 122 ਕਿਲੋਮੀਟਰ ਦੂਰ ਹੈ।
ਆਪਣੀ ਉਤਪਤੀ ਤੋਂ ਜੌਨਪੁਰ ਜ਼ਿਲ੍ਹੇ ਦੇ ਰਾਜੇਪੁਰ ਪਿੰਡ ਵਿੱਚ ਗੋਮਤੀ (ਗੰਗਾ ਦੀ ਇੱਕ ਸਹਾਇਕ ਨਦੀ) ਨਾਲ਼ ਆਪਣੇ ਸੰਗਮ ਤੱਕ ਸਈ ਲਗਭਗ 750 ਕਿਲੋਮੀਟਰ ਦੀ ਯਾਤਰਾ ਕਰਦੀ ਹੈ। ਇੰਨੀ ਦੂਰੀ ਇਹ ਆਪਣੇ ਘੁਮੱਕੜ ਸੁਭਾਅ ਕਾਰਨ ਕਰਦੀ ਹੈ।
ਲਗਭਗ 126 ਕਿਲੋਮੀਟਰ ਲੰਬਾਈ ਅਤੇ 75 ਕਿਲੋਮੀਟਰ ਚੌੜਾਈ ਵਾਲ਼ਾ ਹਰਦੋਈ ਜ਼ਿਲ੍ਹਾ ਟੇਢੇ-ਮੇਢੇ ਚਤਰਭੁਜ ਅਕਾਰ ਦਾ ਹੈ। ਇਸ ਵਿੱਚ 41 ਲੱਖ ਲੋਕ ਰਹਿੰਦੇ ਹਨ। ਇੱਥੇ ਜ਼ਿਆਦਾਤਰ ਕਾਮੇ ਖੇਤ-ਮਜ਼ਦੂਰੀ ਕਰਦੇ ਹਨ; ਅਤੇ ਫਿਰ ਕਿਸਾਨ ਤੇ ਕੁਟੀਰ ਉਦਯੋਗਾਂ ਦੇ ਕਾਮਿਆਂ ਦਾ ਨੰਬਰ ਆਉਂਦਾ ਹੈ।
1904 ਵਿੱਚ ਪ੍ਰਕਾਸ਼ਿਤ ਦਿ ਡਿਸਟ੍ਰਿਕਟ ਗਜ਼ੇਟੀਅਰਜ਼ ਆਫ਼ ਆਗਰਾ ਐਂਡ ਅਵਧ ਆਫ਼ ਦਿ ਯੂਨਾਈਟਿਡ ਪ੍ਰੋਵਿੰਸ ਵਾਲਿਊਮ- XlI ਹਰਦੋਈ ਏ ਗਜੇਟਿਅਰ ਮੁਤਾਬਕ ਸਈ ਦੀ ਘਾਟੀ ''ਜ਼ਿਲ੍ਹੇ ਦੇ ਐਨ ਵਿਚਾਲੇ ਫ਼ੈਲੀ ਹੋਈ ਹੈ।''
ਗਜ਼ੇਟਿਅਰ ਵਿੱਚ ਲਿਖਿਆ ਹੈ: "ਹਰਦੋਈ ਵਿੱਚ ਖੇਤੀ ਦਾ ਖੇਤਰ ਉਪਜਾਊ ਹੈ ਪਰ... ਬਹੁਤ ਸਾਰੇ ਟੋਏ-ਟਿੱਬਿਆਂ ਕਾਰਨ ਟੁੱਟਿਆ-ਫੁੱਟਿਆ ਹੈ। ਬੰਜਰ ਜ਼ਮੀਨ ਦੇ ਟੁਕੜੇ ਇੱਕ ਤੋਂ ਬਾਅਦ ਇੱਕ ... ਢਾਕ ਅਤੇ ਝਾੜੀਆਂ ਦੇ ਜੰਗਲ ਦੇ ਖਿੰਡੇ ਹੋਏ ਹਿੱਸੇ... ਉਨ੍ਹਾਂ ਨਾਲ਼ ਹੀ ਸਈ ਘਾਟੀ ਬਣਦੀ ਹੈ।''
ਅਵਸਥੀ ਹੁਣ 78 ਸਾਲਾਂ ਦੀ ਹਨ ਅਤੇ ਇੱਕ ਮੈਡੀਕਲ ਡਾਕਟਰ (ਅਨੈਸਥੀਟਿਸਟ) ਹੈ। ਉਸਦਾ ਜਨਮ ਮਾਧੋਗੰਜ ਬਲਾਕ ਦੇ ਕੁਰਸਾਥ ਬੁਜ਼ੁਰਗ ਪਿੰਡ ਦੇ ਪਰੌਲੀ ਟੋਲੇ ਵਿੱਚ ਹੋਇਆ ਸੀ। ਇਹ ਤੋਲਾ ਪੁਲ ਤੋਂ ਲਗਭਗ 500 ਮੀਟਰ ਦੀ ਦੂਰੀ 'ਤੇ ਹੈ, ਜਿਸ 'ਤੇ ਉਹ ਇਸ ਸਮੇਂ ਖੜ੍ਹੇ ਹਨ।
2011 ਦੀ ਮਰਦਮਸ਼ੁਮਾਰੀ ਵਿੱਚ, ਕੁਰਸਾਥ ਬੁਜ਼ੁਰਗ ਪਿੰਡ ਦੀ ਆਬਾਦੀ 1919 ਦਰਜ ਕੀਤੀ ਗਈ ਸੀ। ਪਰੌਲੀ ਦੀ ਆਬਾਦੀ 130 ਹੈ, ਜੋ ਕਿ ਚਮਾਰ (ਅਨੁਸੂਚਿਤ ਜਾਤੀ) ਅਤੇ ਵਿਸ਼ਵਕਰਮਾ (ਹੋਰ ਪਛੜੀਆਂ ਜਾਤਾਂ) ਭਾਈਚਾਰਿਆਂ ਤੋਂ ਇਲਾਵਾ ਮੁੱਖ ਤੌਰ ਤੇ ਬ੍ਰਾਹਮਣ ਹੈ।
ਉਹ ਪੁਲ ਜਿਸ 'ਤੇ ਅਵਸਥੀ ਖੜ੍ਹੇ ਹਨ, ਉਹ ਕਚੌਨਾ ਬਲਾਕ ਦੇ ਪਰੌਲੀ ਅਤੇ ਬੈਂਡ ਪਿੰਡਾਂ ਦੇ ਵਿਚਕਾਰ ਸਥਿਤ ਹੈ। ਕਛੂਣਾ ਇੱਕ ਮਹੱਤਵਪੂਰਨ ਬਾਜ਼ਾਰ ਹੁੰਦੇ ਸਨ (ਅਤੇ ਅਜੇ ਵੀ ਹੈ) ਜਿੱਥੇ ਕਿਸਾਨ ਖਾਦਾਂ ਖਰੀਦਣ ਅਤੇ ਆਪਣੀ ਉਪਜ ਵੇਚਣ ਲਈ ਲਿਆਉਂਦੇ ਹਨ। ਪੁਲ ਨਾ ਹੋਣ ਕਾਰਨ ਕੁਰਸਾਠ ਬਜ਼ੁਰਗ ਅਤੇ ਕਛੂਨਾ ਦੀ ਦੂਰੀ 25 ਕਿਲੋਮੀਟਰ ਸੀ। ਪੁਲ ਬਣਨ ਕਾਰਨ ਇਹ ਦੂਰੀ 13 ਕਿਲੋਮੀਟਰ ਤੱਕ ਹੀ ਸਿਮਟ ਗਈ।
ਇੱਥੇ ਕੁਰਸਾਠ ਅਤੇ ਕਛੂਨਾ (ਹੁਣ ਬਾਲਾਮਾਊ ਜੰਕਸ਼ਨ) ਦੇ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਇੱਕ ਰੇਲਵੇ ਪੁਲ ਹੁੰਦੇ ਸਨ। ਲੋਕ ਇਸ ਦੀ ਵਰਤੋਂ ਵੀ ਕਰਦੇ ਸਨ। ਪੁਰਾਣੇ ਲੋਕ ਲੱਕੜ ਦੇ ਤਖ਼ਤਿਆਂ ਨਾਲ਼ ਬਣੇ ਪੁਲ 'ਤੇ ਵਪਾਰ ਲਈ ਊਠਾਂ ਦਾ ਆਉਣਾ-ਜਾਣਾ ਅਜੇ ਵੀ ਯਾਦ ਕਰਦੇ ਹਨ। 1960 ਵਿੱਚ, ਇਹ ਪੁਲ ਇੱਕ ਭਿਆਨਕ ਮਾਨਸੂਨ ਦੌਰਾਨ ਢਹਿ-ਢੇਰੀ ਹੋ ਗਿਆ। ਇਸ ਤਰ੍ਹਾਂ ਦੋਹਾਂ ਥਾਵਾਂ ਨੂੰ ਜੋੜਨ ਵਾਲ਼ਾ ਇਕੋ-ਇੱਕ ਛੋਟਾ ਰਸਤਾ (10 ਕਿਲੋਮੀਟਰ) ਖਤਮ ਹੋ ਗਿਆ।
ਨਵੇਂ ਪੁਲ ਦਾ ਵਿਚਾਰ ਸਭ ਤੋਂ ਪਹਿਲਾਂ ਤਿਆਗੀ ਨੂੰ ਆਇਆ, ਜੋ ਮਾਧੋਗੰਜ ਬਲਾਕ ਦੇ ਸਰਦਾਰ ਨਗਰ ਪਿੰਡ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸਨ। ਉਨ੍ਹਾਂ ਦਾ ਘਰ ਪਰੂਲੀ ਤੋਂ ਸਾਢੇ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਅੱਜ ਦੇ ਆਜ਼ਾਦ ਨਗਰ ਵਿੱਚ ਸੀ।
1945 ਵਿੱਚ ਜਨਮੇ, ਸਾਬਕਾ ਅਧਿਆਪਕ ਦੇ ਪਰਿਵਾਰ ਦਾ ਨਾਮ ਤਿਆਗੀ ਨਹੀਂ ਹੈ। ਉਹ ਉਪਨਾਮ ਸਿੰਘ ਵਰਤਦੇ ਹਨ।ਤਿਆਗੀ ਨਾਮ ਹਿੰਦੀ ਸ਼ਬਦ ਤਿਆਗ ਤੋਂ ਆਇਆ ਹੈ, ਜਿਸਦਾ ਅਰਥ ਹੈ ਤਿਆਗ; ਕਿਉਂਕਿ ਉਹ ਆਪਣੇ ਲੋਕਾਂ ਦੀ ਬਿਹਤਰੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ। 2008 ਵਿੱਚ ਆਪਣੀ ਰਿਟਾਇਰਮੈਂਟ ਦੇ ਸਮੇਂ, ਉਹ ਜੂਨੀਅਰ ਹਾਈ ਸਕੂਲ ਦਾ ਮੁੱਖ ਅਧਿਆਪਕ ਸੀ, ਜਿੱਥੇ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਤਿਆਗੀ ਕਹਿੰਦੇ ਹਨ, "ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ, ਪਰ ਇਸ ਨੇ ਕਦੇ ਵੀ ਚੰਗਾ ਕਰਨ ਦੀ ਮੇਰੀ ਇੱਛਾ ਨੂੰ ਧੁੰਦਲਾ ਨਹੀਂ ਕੀਤਾ। ਇੱਕ ਵਾਰ ਉਨ੍ਹਾਂ ਦੇ ਘਰ ਦੀਆਂ ਦੋਵੇਂ ਮੱਝਾਂ ਆਜ਼ਾਦ ਨਗਰ ਦੇ ਮੁੱਖ ਪਿੰਡ ਦੀ ਸੜਕ 'ਤੇ ਡੂੰਘੇ ਟੋਏ ਵਿੱਚ ਡਿੱਗ ਗਈਆਂ। ਕਿਸੇ ਤਰ੍ਹਾਂ, ਉਨ੍ਹਾਂ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਗਿਆ, ਜਦੋਂ ਤਿਆਗੀ ਨੇ ਉਨ੍ਹਾਂ ਦੇ ਪਿਤਾ ਮੋਹਨ ਸਿੰਘ ਨੂੰ ਕੁਰਲਾਉਂਦੇ ਹੋਏ ਸੁਣਿਆ। "ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਇਨ੍ਹਾਂ ਰਸਤਿਆਂ 'ਤੇ ਚੱਲਣਾ ਸੁਰੱਖਿਅਤ ਹੋਵੇਗਾ?
"ਮੈਂ ਇਸ ਘਟਨਾ ਤੋਂ ਇੰਨਾ ਹਿੱਲ ਗਿਆ ਸੀ ਕਿ ਮੈਂ ਟੋਏ ਨੂੰ ਭਰਨਾ ਸ਼ੁਰੂ ਕਰ ਦਿੱਤਾ। ਟੋਆ ਛੇ ਫੁੱਟ ਡੂੰਘਾ ਅਤੇ ਦੁੱਗਣੇ ਤੋਂ ਵੀ ਵੱਧ ਚੌੜਾ ਸੀ। ਹਰ ਰੋਜ਼ ਸਵੇਰੇ, ਸਕੂਲ ਜਾਣ ਅਤੇ ਵਾਪਸ ਆਉਣ ਤੋਂ ਪਹਿਲਾਂ, ਮੈਂ ਨੇੜੇ ਦੇ ਚਿੱਕੜ ਦੇ ਤਲਾਅ ਦੇ ਕਿਨਾਰੇ ਤੋਂ ਮਿੱਟੀ ਲਿਆਉਂਦਾ ਅਤੇ ਟੋਏ ਨੂੰ ਭਰਨਾ ਸ਼ੁਰੂ ਕਰ ਦਿੰਦਾ ਸੀ। ਇੱਕ ਤੋਂ ਬਾਅਦ ਦੂਜੇ ਟੋਏ ਨੂੰ ਭਰਦਾ ਸੀ। ਫਿਰ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹੋ ਗਏ।"
ਉਹ ਆਪਣੇ ਸਾਥੀ ਪਿੰਡ ਵਾਸੀਆਂ ਲਈ ਬਹੁਤ ਸਾਰੇ ਕੰਮ ਕਰਦੇ ਸਨ। ਤਿਆਗੀ, ਜੋ ਇੱਕ ਅਧਿਆਪਕ ਦੇ ਤੌਰ ਤੇ ਸਾਦਗੀ ਨਾਲ਼ ਰਹਿੰਦੇ ਸਨ, ਪਿੰਡ ਵਿੱਚ ਇੱਕ ਸਤਿਕਾਰਯੋਗ ਸ਼ਖਸੀਅਤ ਸਨ। ਉਹ ਸਿਹਤ ਜਾਂਚ ਲਈ ਨੇੜਲੇ ਮੁੱਢਲੇ ਸਿਹਤ ਕੇਂਦਰ ਤੋਂ ਡਾਕਟਰਾਂ ਨੂੰ ਲੈ ਕੇ ਆਉਂਦੇ ਸਨ, ਕੀਟਾਣੂ-ਰਹਿਤ ਕਰਨ ਲਈ ਬਲੀਚ ਪਾਊਡਰ ਦਾ ਛਿੜਕਾਅ ਕਰਦੇ ਸਨ, ਪਿੰਡ ਦੇ ਬੱਚਿਆਂ ਨੂੰ ਟੀਕਾਕਰਨ ਲਈ ਇਕੱਠੇ ਕਰਦੇ ਸਨ ਅਤੇ ਇੱਥੋਂ ਤੱਕ ਕਿ ਪਿੰਡ ਨੂੰ ਸ਼ਹਿਰੀ ਖੇਤਰ ਵਿੱਚ ਸ਼ਾਮਲ ਵੀ ਕਰਵਾਉਂਦੇ ਸਨ। ਉਪਰੰਤ ਉਨ੍ਹਾਂ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੇ ਕੰਮਾਂ ਦਾ ਰਲਵਾਂ ਨਿਰੀਖਣ ਕਰਨ ਦੀ ਜ਼ਿੰਮੇਵਾਰੀ ਵੀ ਸੰਭਾਲੀ।
1994 ਤਕ ਅਵਸਥੀ ਅਤੇ ਤਿਆਗੀ ਇੱਕ-ਦੂਜੇ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ ਸਨ। ਹਾਲਾਂਕਿ, ਉਹ ਇੱਕ ਦੂਜੇ ਬਾਰੇ ਜਾਣਦੇ ਸਨ। ਅਵਸਥੀ, ਪਿੰਡ ਦਾ ਪਹਿਲਾ ਡਾਕਟਰ, ਉਦੋਂ ਤੱਕ ਜ਼ਿਆਦਾਤਰ ਵਿਦੇਸ਼ਾਂ (ਨਾਈਜੀਰੀਆ, ਯੂਨਾਈਟਿਡ ਕਿੰਗਡਮ ਅਤੇ ਮਲੇਸ਼ੀਆ) ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਅੰਦਰ ਇਸ ਨਦੀ ਦਾ ਭਰਿਆ ਪਿਆ ਸੀ, ਜਿਸ ਕਾਰਨ ਬੱਚਿਆਂ ਲਈ ਅੱਗੇ ਦੀ ਪੜ੍ਹਾਈ ਕਰਨਾ ਅਸੰਭਵ ਹੋ ਗਿਆ, ਖਾਸ ਕਰਕੇ ਪਿੰਡ ਦੇ ਸਕੂਲ ਦੀਆਂ ਕੁੜੀਆਂ ਲਈ। ਇਸ ਲਈ ਉਨ੍ਹਾਂ ਨੇ ਆਪਣੇ ਭਰਾ ਅਤੇ ਇਲੈਕਟ੍ਰੀਕਲ ਇੰਜੀਨੀਅਰ ਨਰਿੰਦਰ ਨੂੰ ਕਿਹਾ ਕਿ ਉਹ ਇੱਕ ਕਿਸ਼ਤੀ-ਚਾਲਕ ਲੱਭਣ ਜੋ ਮਾਨਸੂਨ ਦੌਰਾਨ ਵਿਦਿਆਰਥੀਆਂ ਨੂੰ ਨਦੀ ਦੇ ਦੂਜੇ ਪਾਸੇ ਮੁਫਤ ਵਿੱਚ ਲੈ ਜਾਵੇ। ਅਵਸਥੀ ਨੇ ਫਿਰ ਲੱਕੜ ਦੀ ਕਿਸ਼ਤੀ ਲਈ 4,000 ਰੁਪਏ ਦਾ ਭੁਗਤਾਨ ਕੀਤਾ।
ਸਕੂਲ ਦੀ ਡਿਊਟੀ ਤੋਂ ਬਾਅਦ, ਮਲਾਹ ਬਾਕੀ ਦੇ ਦਿਨ ਲਈ ਕਿਰਾਇਆ ਵਸੂਲਣ ਲਈ ਸੁਤੰਤਰ ਸੀ। ਸ਼ਰਤ ਇਹ ਸੀ ਕਿ ਉਹ ਸਕੂਲ ਦੇ ਇੱਕ ਵੀ ਦਿਨ ਗੈਰ-ਹਾਜ਼ਰ ਨਹੀਂ ਹੋਵੇਗਾ। ਕਈ ਸਾਲ ਬੀਤ ਗਏ ਅਤੇ ਕਿਸ਼ਤੀ ਟੁੱਟ ਗਈ, ਪਰ ਅਵਸਥੀ ਨੇ 1980 ਵਿੱਚ 8ਵੀਂ ਜਮਾਤ ਤੱਕ ਲਈ ਆਪਣੇ ਪਿੰਡ ਵਿੱਚ ਇੱਕ ਸਕੂਲ ਬਣਾਇਆ, ਜਿਸਦਾ ਨਾਮ ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਦੇ ਨਾਮ 'ਤੇ ਰੱਖਿਆ, ਗੰਗਾ ਸੁਗ੍ਰਹਿ ਸਮ੍ਰਿਤੀ ਸਿੱਖਿਆ ਕੇਂਦਰ। 1987 ਵਿੱਚ, ਸਕੂਲ ਨੂੰ ਉੱਤਰ ਪ੍ਰਦੇਸ਼ ਰਾਜ ਹਾਈ ਸਕੂਲ ਅਤੇ ਇੰਟਰਮੀਡੀਏਟ ਸਿੱਖਿਆ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਸੀ। ਫਿਰ ਵੀ ਚੁਣੌਤੀ ਅਜੇ ਵੀ ਦਰਪੇਸ਼ ਸੀ ਕਿ ਸਿੱਖਿਆ ਵਾਸਤੇ ਦੂਜੇ ਬੱਚੇ ਪਰੌਲੀ ਕਿਵੇਂ ਆਉਣ।
ਅੰਤ ਵਿੱਚ, ਜਦੋਂ ਅਵਸਥੀ ਅਤੇ ਤਿਆਗੀ ਮਿਲੇ, ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਨਵੇਂ ਪੁਲ ਤੋਂ ਬਿਨਾਂ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਦੋਵੇਂ ਆਦਮੀ ਇੱਕ ਦੂਜੇ ਦੇ ਬਿਲਕੁਲ ਉਲਟ ਸਨ। ਅਵਸਥੀ ਨੇ ਨਦੀ ਵਿੱਚ ਛਾਲ ਮਾਰ ਕੇ ਤੈਰਨਾ ਸਿੱਖ ਲਿਆ ਸੀ, ਜਦਕਿ ਤਿਆਗੀ ਨੇ ਕਦੇ ਵੀ ਪਾਣੀ ਵਿੱਚ ਕਦਮ ਰੱਖਣ ਦੀ ਹਿੰਮਤ ਨਹੀਂ ਕੀਤੀ ਸੀ। ਅਵਸਥੀ ਸਰਕਾਰੀ ਨੌਕਰੀ ਕਾਰਨ ਅੰਦੋਲਨ ਦੀ ਅਗਵਾਈ ਨਹੀਂ ਕਰ ਸਕੇ, ਜਦਕਿ ਤਿਆਗੀ ਨੂੰ ਪਤਾ ਸੀ ਕਿ ਸਾਹਮਣੇ ਤੋਂ ਅਗਵਾਈ ਕਿਵੇਂ ਕਰਨੀ ਹੈ। ਜਦੋਂ ਦੋ ਵੱਖ-ਵੱਖ, ਪਰ ਵਚਨਬੱਧ ਵਿਅਕਤੀ ਮਿਲੇ, ਤਾਂ 'ਖੇਤਰੀ ਵਿਕਾਸ ਪੀਪਲਜ਼ ਮੂਵਮੈਂਟ' (KVJA) ਦੀ ਸਥਾਪਨਾ ਕੀਤੀ ਗਈ।
ਕੇਵੀਜੇਏ ਦੇ ਮੈਂਬਰਾਂ ਦੀ ਕੋਈ ਅਸਲ ਗਿਣਤੀ ਨਹੀਂ ਸੀ, ਪਰ ਇਹ ਵਧਦੀ ਜਾ ਰਹੀ ਸੀ। ਕਿਉਂਕਿ ਤਿਆਗੀ ਖ਼ੁਦ ਚੋਣਾਂ ਨਹੀਂ ਲੜ ਸਕਦੇ ਸਨ, ਇਸ ਲਈ ਉਨ੍ਹਾਂ ਨੇ ਆਪਣੀ ਮਾਂ ਭਗਵਤੀ ਦੇਵੀ ਨੂੰ ਨਗਰ ਨਿਗਮ ਚੋਣਾਂ ਵਿੱਚ ਖੜ੍ਹੇ ਹੋਣ ਲਈ ਰਾਜ਼ੀ ਕਰ ਲਿਆ ਤਾਂ ਜੋ ਚੰਗੀ ਗੁਣਵੱਤਾ ਵਾਲ਼ੇ ਵਿਕਾਸ ਕਾਰਜ ਕੀਤੇ ਜਾ ਸਕਣ। ਭਗਵਤੀ ਦੇਵੀ ਪੰਜ ਵੋਟਾਂ ਨਾਲ਼ ਹਾਰ ਗਈ ਸੀ, ਪਰ ਉਪ-ਜ਼ਿਲ੍ਹਾ ਮੈਜਿਸਟਰੇਟ (ਐਸਡੀਐਮ) ਦੀ ਅਦਾਲਤ ਵਿੱਚ ਇੱਕ ਅਪੀਲ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ। 1997 ਤੋਂ 2007 ਤੱਕ, ਉਹ ਟਾਊਨ ਏਰੀਆ ਚੇਅਰਮੈਨ ਰਹੀ।
ਸਭ ਤੋਂ ਪਹਿਲਾਂ ਕੇਵੀਜੇਏ ਦੀ ਰਜਿਸਟਰੀ ਕਰਵਾਉਣੀ ਪਈ। ਹਾਲਾਂਕਿ, ਲਖਨਊ ਵਿੱਚ ਅਵਸਥੀ ਦੇ ਪ੍ਰਭਾਵਸ਼ਾਲੀ ਅਹੁਦੇ ਦੇ ਬਾਵਜੂਦ, ਅਜਿਹਾ ਨਹੀਂ ਹੋ ਸਕਿਆ। ਇਸ ਲਈ, ਅੰਦੋਲਨ ਨੇਤਾਵਾਂ ਅਤੇ ਵਿਧਾਇਕਾਂ ਲਈ 'ਵਿਕਾਸ ਨਹੀਂ ਤਾਂ ਵੋਟ ਨਹੀਂ' ਅਤੇ 'ਵਿਕਾਸ ਕਰੋ ਜਾਂ ਗੱਦੀ ਛੱਡੋ' ਦੇ ਨਾਅਰਿਆਂ ਵਿੱਚ ਬਦਲ ਗਿਆ।
'ਅਸੀਂ ਉਸ ਨਾਲ਼ (ਸਈ ਨਦੀ) ਨਾਲ਼ ਪਿਆਰ ਕਰਦੇ ਸੀ। ਉਸੇ ਕਾਰਨ ਹੀ ਸਾਡੇ ਖੂਹਾਂ ਵਿੱਚ ਸਿਰਫ 10 ਫੁੱਟ ਦੀ ਉਚਾਈ 'ਤੇ ਮਿੱਠਾ ਪਾਣੀ ਫੁੱਟ ਪੈਂਦਾ ਸੀ। ਹਰ ਮਾਨਸੂਨ ਵਿੱਚ ਉਹ ਸਵਾਰੀ ਕਰਕੇ ਸਾਡੇ ਘਰਾਂ ਨੂੰ ਚਲੀ ਜਾਂਦੀ ਸੀ'
ਹੁਣ ਤੱਕ ਗੈਰ-ਰਜਿਸਟਰਡ ਸੰਸਥਾ ਦੀ ਪਹਿਲੀ ਮੀਟਿੰਗ ਵਿੱਚ, 17 ਪ੍ਰਭਾਵਿਤ ਪਿੰਡਾਂ ਦੇ ਲਗਭਗ 3,000 ਲੋਕ ਭਗਵਤੀ ਦੇਵੀ ਨੂੰ ਸੁਣਨ ਲਈ ਪਰੌਲੀ ਪਹੁੰਚੇ। ਪਰਚੇ ਵੰਡੇ ਗਏ, ਜਿਨ੍ਹਾਂ ਵਿੱਚ ਲਿਖਿਆ ਸੀ, "ਆਪਣੀ ਪੂਰੀ ਤਨਦੇਹੀ ਨਾਲ਼, ਅਸੀਂ ਆਪਣੇ ਆਪ ਨੂੰ ਇਸ ਅੰਦੋਲਨ ਲਈ ਵਚਨਬੱਧ ਕਰਦੇ ਹਾਂ। ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਇਹਨਾਂ ਪ੍ਰਤਿੱਗਿਆ ਪੱਤਰਾਂ 'ਤੇ ਆਪਣੇ ਖੂਨ ਨਾਲ਼ ਦਸਤਖਤ ਕਰਾਂਗੇ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਬਾਂਡ ਅਤੇ ਪਰੌਲੀ ਵਿਚਕਾਰ ਇੱਕ ਪੁਲ ਨਹੀਂ ਬਣਾਇਆ ਜਾਂਦਾ," ਉਨ੍ਹਾਂ ਨੇ ਕਿਹਾ। ਇਨ੍ਹਾਂ ਪਰਚਿਆਂ 'ਤੇ 'ਲਾਲ ਹੋਵੇਗਾ ਸਾਡਾ ਝੰਡਾ, ਇਨਕਲਾਬ ਹੋਵੇਗਾ ਕੰਮ' ਦੇ ਨਾਲ਼ ਹਸਤਾਖ਼ਰ ਕੀਤੇ ਜਾਣਗੇ।
ਅਜਿਹੇ 1,000 ਤੋਂ ਵੱਧ ਪੈਂਫਲਿਟ ਵੰਡੇ ਗਏ ਸਨ ਅਤੇ ਹਰੇਕ 'ਤੇ ਆਪਣੇ ਖੂਨ ਨਾਲ਼ ਦਸਤਖਤ ਕੀਤੇ ਗਏ ਸਨ ਜਾਂ ਅੰਗੂਠੇ ਦੇ ਨਿਸ਼ਾਨ ਲਗਾਏ ਗਏ ਸਨ।
ਇਸ ਤੋਂ ਬਾਅਦ ਪੁਲ ਤੋਂ ਪ੍ਰਭਾਵਿਤ ਸਾਰੇ 17 ਪਿੰਡਾਂ ਦਾ ਦੌਰਾ ਸ਼ੁਰੂ ਹੋ ਗਿਆ। "ਲੋਕਾਂ ਨੇ ਆਪਣੇ ਸਾਈਕਲਾਂ 'ਤੇ ਆਪਣੇ ਬਿਸਤਰੇ ਬੰਨ੍ਹੇ ਅਤੇ ਤੁਰ ਪਏ। ਵੱਡੇ ਪੈਮਾਨੇ 'ਤੇ ਤਿਆਰੀ ਕਰਨ ਦੀ ਕੋਈ ਲੋੜ ਨਹੀਂ ਸੀ।" ਜਿਹੜੇ ਪਿੰਡ ਵਿੱਚ ਯਾਤਰਾ ਹੋਣੀ ਹੁੰਦੀ, ਉੱਥੇ ਸੁਨੇਹਾ ਭੇਜ ਦਿੱਤਾ ਜਾਂਦਾ ਤੇ ਉੱਥੋਂ ਦੇ ਵਾਸੀਆਂ ਨੂੰ ਖ਼ਬਰ ਕਰਨ ਲਈ ਡੁਗਡੁਗੀ (ਢੋਲ਼ਕੀ) ਵਜਾਈ ਜਾਂਦੀ ਸੀ।
ਅਗਲਾ ਕਦਮ ਤਿਆਗੀ ਦੀ ਮਾਂ ਦੀ ਅਗਵਾਈ ਵਿੱਚ ਨਦੀ ਦੇ ਕਿਨਾਰੇ ਧਰਨਾ ਲਾਉਣਾ ਸੀ, ਜੋ ਸਥਾਨਕ ਪੱਧਰ 'ਤੇ ਇੱਕ ਸਤਿਕਾਰਤ ਸ਼ਖਸੀਅਤ ਸਨ। ਅਵਸਥੀ ਨੇ ਨਦੀ ਦੇ ਕੰਢੇ ਆਪਣਾ ਖੇਤ ਅੰਦੋਲਨਕਾਰੀਆਂ ਨੂੰ ਧਰਨਾ ਲਾਉਣ ਲਈ ਸੌਂਪ ਦਿੱਤਾ। ਵਿਰੋਧ ਪ੍ਰਦਰਸ਼ਨ ਵਾਲ਼ੀ ਥਾਂ ਬਾਂਸ ਦੀਆਂ ਡੰਡਿਆਂ ਨਾਲ਼ ਘਿਰੀ ਹੋਈ ਸੀ। ਰਾਤ ਨੂੰ, ਵਿਰੋਧ ਪ੍ਰਦਰਸ਼ਨ ਵਾਲ਼ੀ ਥਾਂ 'ਤੇ ਰਹਿਣ ਵਾਲ਼ੇ ਲੋਕਾਂ ਲਈ ਇੱਕ ਪਰਾਲ਼ੀ ਦੀ ਛਤਰੀ ਲਗਾਈ ਗਈ ਸੀ। ਸੱਤ ਲੋਕਾਂ ਦਾ ਇੱਕ ਸਮੂਹ ਪੂਰੇ 24 ਘੰਟਿਆਂ ਲਈ ਵਿਰੋਧੀ ਗਾਣੇ ਗਾਉਂਦਾ ਹੋਇਆ ਉਥੇ ਬੈਠਾ ਰਹਿੰਦਾ। ਜਦੋਂ ਔਰਤਾਂ ਬੈਠਦੀਆਂ ਸਨ ਤਾਂ ਉਹ ਭਜਨ ਗਾਉਂਦੀਆਂ ਸਨ। ਉਨ੍ਹਾਂ ਦੇ ਆਲੇ-ਦੁਆਲੇ ਬੰਦਿਆਂ ਦਾ ਘੇਰਾ ਸੀ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਅਵਸਥੀ ਨੇ ਅੰਦੋਲਨਕਾਰੀਆਂ ਦੀ ਸਹੂਲਤ ਲਈ ਇੱਕ ਹੈਂਡ ਪੰਪ ਲਗਾਇਆ। ਹਾਲਾਂਕਿ ਲੋਕ ਹਮੇਸ਼ਾ ਪਾਣੀ ਦੇ ਸੱਪਾਂ ਦੇ ਡੰਗਣ ਤੋਂ ਡਰਦੇ ਸਨ, ਪਰ ਉਸ ਸਮੇਂ ਦੌਰਾਨ ਅਜਿਹੀ ਇੱਕ ਵੀ ਘਟਨਾ ਨਹੀਂ ਵਾਪਰੀ। ਜ਼ਿਲ੍ਹਾ ਪੁਲਸ ਦੀ ਸਥਾਨਕ ਖੁਫੀਆ ਇਕਾਈ ਵਲੋਂ ਸਮੇਂ-ਸਮੇਂ 'ਤੇ ਧਰਨੇ 'ਚ ਗਸ਼ਤ ਕੀਤੀ ਜਾਂਦੀ ਸੀ ਪਰ ਕੋਈ ਵੀ ਅਧਿਕਾਰੀ ਜਾਂ ਚੁਣਿਆ ਹੋਇਆ ਨੁਮਾਇੰਦਾ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਲਈ ਨਹੀਂ ਆਉਂਦੇ ਸਨ।
ਇਸ ਰੋਸ ਮੁਜ਼ਾਹਰੇ ਦੌਰਾਨ ਹੀ 1996 ਦੀਆਂ ਵਿਧਾਨ ਸਭਾ ਚੋਣਾਂ ਆਈਆਂ, ਜਿਸ ਦਾ ਪਿੰਡ ਵਾਸੀਆਂ ਨੇ ਬਾਈਕਾਟ ਕਰ ਦਿੱਤਾ। ਉਨ੍ਹਾਂ ਨੇ ਵੋਟਰਾਂ ਨੂੰ ਵੋਟਿੰਗ ਤੋਂ ਦੂਰ ਰਹਿਣ ਦਾ ਸੱਦਾ ਤਾਂ ਦਿੱਤਾ ਹੀ, ਨਾਲ਼ ਹੀ ਵੋਟਾਂ ਦੇ ਬਹਾਨੇ ਬੈਲਟ ਬਕਸਿਆਂ ਵਿੱਚ ਪਾਣੀ ਵੀ ਪਾ ਦਿੱਤਾ। ਸਕੂਲੀ ਬੱਚਿਆਂ ਨੇ ਰਾਜ ਦੇ ਰਾਜਪਾਲ ਮੋਤੀ ਲਾਲ ਵੋਰਾ ਨੂੰ 11,000 ਚਿੱਠੀਆਂ ਲਿਖੀਆਂ, ਜੋ ਉਨ੍ਹਾਂ ਨੂੰ ਬੋਰੀਆਂ ਵਿੱਚ ਭੇਜੀਆਂ ਗਈਆਂ ਸਨ।
ਅਵਸਥੀ ਅਤੇ ਤਿਆਗੀ ਨੇ ਫਿਰ ਲੜਾਈ ਨੂੰ ਲਖਨਊ ਲਿਜਾਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ, ਤਿਆਗੀ ਨੇ ਜ਼ਿਲ੍ਹਾ ਮੈਜਿਸਟਰੇਟ ਅਤੇ ਐਸਡੀਐਮ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਲੋਕ ਆਪਣੀ ਤਾਕਤ ਦਿਖਾਉਣ ਲਈ ਤਿਆਰ ਹਨ। ਲਖਨਊ ਜਾਣ ਤੋਂ ਪਹਿਲਾਂ, ਅੱਠ ਕਿਲੋਮੀਟਰ ਦੂਰ ਮਾਧੋਗੰਜ ਕਸਬੇ ਵਿੱਚ ਇੱਕ ਸਾਈਕਲ ਰੈਲੀ ਕੱਢ ਕੇ ਆਖਰੀ ਕੋਸ਼ਿਸ਼ ਕੀਤੀ ਗਈ। ਜਦੋਂ ਸੜਕਾਂ 'ਤੇ ਪੋਸਟਰ, ਬੈਨਰ ਅਤੇ ਝੰਡੇ ਲੈ ਕੇ 4,000 ਦੇ ਕਰੀਬ ਸਾਈਕਲ ਦਿਖਾਈ ਦਿੱਤੇ, ਤਾਂ ਇਸ ਨੇ ਮੀਡੀਆ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਇਸ ਮੁੱਦੇ ਨੂੰ ਕਈ ਸਥਾਨਕ ਰਿਪੋਰਟਾਂ ਦੁਆਰਾ ਹਵਾ ਮਿਲ਼ੀ। ਕੁਝ ਅੰਦੋਲਨਕਾਰੀਆਂ ਨੇ ਇਹ ਐਲਾਨ ਵੀ ਕੀਤਾ ਸੀ ਕਿ ਜੇਕਰ ਪੁਲ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਡੀਐਮ ਦੀ ਜੀਪ ਨੂੰ ਨਦੀ ਵਿੱਚ ਧੱਕ ਦੇਣਗੇ।
ਕੁਝ ਹਫ਼ਤਿਆਂ ਬਾਅਦ 51 ਟਰੈਕਟਰਾਂ ਨੇ ਡੀਐੱਮ ਦੇ ਦਫ਼ਤਰ ਨੂੰ ਘੇਰ ਲਿਆ। ਪਰ ਜ਼ਿਲ੍ਹਾ ਮੈਜਿਸਟਰੇਟ ਨੇ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਲਈ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ।
ਅਗਲਾ ਸਟਾਪ ਲਖਨਊ ਵਿੱਚ ਰਾਜਪਾਲ ਦੀ ਰਿਹਾਇਸ਼ ਸੀ। ਮੰਗ ਪੱਤਰ ਛਾਪੇ ਗਏ, ਖੂਨ ਨਾਲ਼ ਦਸਤਖਤ ਕੀਤੇ ਗਏ ਅਤੇ ਹਰ ਪਿੰਡ ਨੂੰ ਇੱਕ ਇੰਚਾਰਜ ਦੇ ਹਵਾਲ਼ੇ ਕਰ ਦਿੱਤਾ ਗਿਆ ਜਿਸਨੇ ਲੋਕਾਂ ਨੂੰ ਯਾਤਰਾ ਲਈ ਤਿਆਰ ਕੀਤਾ। ਔਰਤਾਂ ਨੂੰ ਇਸ ਤੋਂ ਦੂਰ ਰੱਖਿਆ ਜਾਣਾ ਸੀ, ਪਰ ਤਿਆਗੀ ਦੀ ਮਾਂ ਨੂੰ ਕੌਣ ਰੋਕਦਾ? ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜਿੱਥੇ ਵੀ ਉਸਦਾ ਬੇਟਾ ਜਾਵੇਗਾ, ਉਹ ਵੀ ਜਾਵੇਗੀ।
ਅਪ੍ਰੈਲ 1995 ਵਿੱਚ ਪਰੌਲੀ ਤੋਂ 20 ਕਿਲੋਮੀਟਰ ਦੂਰ ਸੰਦੀਲਾ ਵਿੱਚ 14 ਬੱਸਾਂ ਤਿਆਰ ਸਨ। ਉਨ੍ਹਾਂ ਨੂੰ ਰਾਜ ਰੋਡਵੇਜ਼ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਦੁਆਰਾ ਗੁੰਮਨਾਮ ਤਰੀਕੇ ਨਾਲ਼ ਸਪਾਂਸਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ ਸਵੇਰੇ 5 ਵਜੇ ਲਖਨਊ ਪਹੁੰਚੇ। ਕਿਉਂਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਸ਼ਹਿਰ ਦੇ ਰਸਤਿਆਂ ਦਾ ਪਤਾ ਨਹੀਂ ਸੀ, ਇਸ ਲਈ ਉਹ ਸਵੇਰੇ 11 ਵਜੇ ਮਹਾਤਮਾ ਗਾਂਧੀ ਮਾਰਗ 'ਤੇ ਰਾਜ ਭਵਨ ਪਹੁੰਚਣ ਤੋਂ ਪਹਿਲਾਂ ਭਟਕਦੇ ਰਹੇ।
ਤਿਆਗੀ ਕਹਿੰਦੇ ਹਨ, "ਜ਼ਬਰਦਸਤ ਹੰਗਾਮਾ ਹੋਇਆ ਸੀ। ਦੇਖਦੇ ਹੀ ਦੇਖਦੇ ਪੁਲਿਸ ਦੀਆਂ 15 ਜੀਪਾਂ ਨੇ ਸਾਨੂੰ ਘੇਰ ਲਿਆ ਗਿਆ। ਕੁਝ ਪੁਲਿਸ ਵਾਲ਼ੇ ਘੋੜਿਆਂ ਦੀ ਸਵਾਰੀ ਕਰ ਰਹੇ ਸਨ। ਵਾਟਰ ਕੈਨਨ [ਇੱਕ ਵੱਡੀ ਪਾਈਪ ਰਾਹੀਂ ਪਾਣੀ ਪਾਉਣਾ] ਚੱਲਦੇ ਰਹੇ। ਮੈਨੂੰ ਇੱਕ ਪੁਲਿਸਕਰਮੀ ਘਸੀਟਣ ਲੱਗਿਆ ਤਾਂ ਮੇਰੀ ਮਾਂ ਮੇਰੇ 'ਤੇ ਡਿੱਗ ਪਈ ਅਤੇ ਚੀਕੀ ਕਿ ਉਹ ਆਪਣੇ ਬੇਟੇ ਤੋਂ ਪਹਿਲਾਂ ਜੇਲ੍ਹ ਜਾਵੇਗੀ।" ਬਾਕੀਆਂ ਨੂੰ ਮੌਕੇ 'ਤੇ ਪਹੁੰਚੇ ਹਰਦੋਈ ਦੇ ਰਾਜਨੀਤਿਕ ਨੁਮਾਇੰਦਿਆਂ ਨੇ ਬਚਾਇਆ। ਸਰੀਰਕ ਤੌਰ 'ਤੇ ਥੱਕਿਆ ਹੋਇਆ, ਪਰ ਭਾਵਨਾਤਮਕ ਤੌਰ 'ਤੇ ਜੇਤੂ, ਸਮੂਹ ਉਸ ਰਾਤ 12 ਵਜੇ ਤੱਕ ਹਰਦੋਈ ਪਹੁੰਚ ਗਿਆ। ਉਨ੍ਹਾਂ ਦਾ ਸਵਾਗਤ ਗੇਂਦੇ ਦੇ ਹਾਰ ਪਾ ਕੇ ਕੀਤਾ ਗਿਆ।
ਉਦੋਂ ਤੱਕ ਪੁਲ ਲਈ ਸੰਘਰਸ਼ ਕਰੀਬ ਡੇਢ ਸਾਲ ਤੋਂ ਚੱਲ ਰਿਹਾ ਸੀ। ਲਖਨਊ ਦੀ ਘੇਰਾਬੰਦੀ ਨੇ ਭਾਰੀ ਹਲਚਲ ਮਚਾ ਦਿੱਤੀ ਸੀ।
ਇਸ ਤੋਂ ਤੁਰੰਤ ਬਾਅਦ, ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਵਾਲ਼ੇ ਪਹਿਲੇ ਵਿਅਕਤੀ ਸਹਿਕਾਰਤਾ ਮੰਤਰੀ ਰਾਮ ਪ੍ਰਕਾਸ਼ ਤ੍ਰਿਪਾਠੀ ਸਨ। ਉਹ ਲੋਕ ਨਿਰਮਾਣ ਮੰਤਰੀ ਕਲਰਾਜ ਮਿਸ਼ਰਾ ਕੋਲ ਇਸ ਮੰਗ ਬਾਰੇ ਜਾਣਕਾਰੀ ਦੇਣ ਲਈ ਗਏ ਅਤੇ ਉਨ੍ਹਾਂ ਨੂੰ ਇਸ ਤੱਥ ਤੋਂ ਵੀ ਜਾਣੂ ਕਰਵਾਇਆ ਕਿ ਜੇਕਰ ਅੰਦੋਲਨ ਜਾਰੀ ਰਿਹਾ, ਤਾਂ ਭਾਰਤੀ ਜਨਤਾ ਪਾਰਟੀ ਇਸ ਖੇਤਰ ਵਿੱਚ ਸਮਰਥਨ ਗੁਆ ਦੇਵੇਗੀ।
ਇਸ ਤੋਂ ਪਹਿਲਾਂ ਕਿ ਕਲਰਾਜ ਮਿਸ਼ਰਾ ਕੁਝ ਕਰਦੇ, ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਆਪ ਨੂੰ ਅੱਗ ਲਗਾਉਣਗੇ ਅਤੇ ਮੀਡੀਆ ਦੇ ਸਾਹਮਣੇ ਇਸ ਦਾ ਐਲਾਨ ਵੀ ਕਰ ਦਿੱਤਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਤਿਆਗੀ ਦੇ ਭਰਾ ਹਿਰਦੇ ਨਾਥ ਸਮੇਤ ਕਈ ਅੰਦੋਲਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
13 ਅਗਸਤ, 1997 ਨੂੰ, ਹਰਦੋਈ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਵਾਲ਼ੀ ਇੱਕ ਟੀਮ ਨੇ ਆਖਰਕਾਰ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ। ਤਿਆਗੀ ਨੂੰ ਇੱਕ ਨਾਇਕ ਵਜੋਂ ਪੇਸ਼ ਕੀਤਾ ਗਿਆ। ਅਵਸਥੀ, ਜੋ ਲਖਨਊ ਵਿੱਚ ਅੰਦੋਲਨ ਦੀ ਵਿੱਤੀ ਸਹਾਇਤਾ ਕਰ ਰਹੇ ਸਨ, ਨੇ ਰਾਹਤ ਮਹਿਸੂਸ ਕੀਤੀ। ਕੁਝ ਮਹੀਨਿਆਂ ਬਾਅਦ, ਪੁਲ ਨੂੰ ਮਨਜ਼ੂਰੀ ਦੇ ਦਿੱਤੀ ਗਈ। ਹਾਲਾਂਕਿ, ਪੁਲ ਬਣਾਉਣ ਲਈ ਅਦਾ ਕੀਤੀਆਂ ਜਾਣ ਵਾਲ਼ੀਆਂ ਦੋ ਕਿਸ਼ਤਾਂ ਇੱਕ ਹੋਰ ਸਾਲ ਦੇ ਵਿਰੋਧ ਤੋਂ ਬਾਅਦ ਹੀ ਪਹੁੰਚੀਆਂ ਸਨ।
14 ਜੁਲਾਈ, 1998 ਨੂੰ ਪੀਡਬਲਿਊਡੀ ਮੰਤਰੀ ਹੱਥੋਂ ਉਦਘਾਟਨ ਲਈ ਇਹ ਪੁਲ ਤਿਆਰ ਹੋ ਗਿਆ ਸੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸ਼ੁਕਰਗੁਜ਼ਾਰ ਪਿੰਡ ਵਾਸੀ ਉਨ੍ਹਾਂ ਨੂੰ ਸਿੱਕਿਆਂ ਵਿੱਚ ਤੋਲਣਗੇ। ਜਦੋਂ ਅਜਿਹਾ ਨਾ ਹੋਇਆ, ਤਾਂ ਉਹ ਆਪਣੇ ਉਦਘਾਟਨੀ ਭਾਸ਼ਣ ਵਿੱਚ ਫਬਤਾ ਕੱਸੇ ਬਿਨਾਂ ਨਾ ਰਹਿ ਸਕਿਆ।
ਅਵਸਥੀ ਚੇਤੇ ਕਰਦੇ ਹਨ,"ਪੁਲ ਲਈ ਸੰਘਰਸ਼ ਕਰਨ ਵਾਲ਼ੇ ਸਾਰੇ 17 ਪਿੰਡਾਂ ਵਿੱਚ ਜਸ਼ਨ ਦਾ ਦਿਨ ਸੀ। ਦੀਵਾਲ਼ੀ ਤੋਂ ਵੀ ਜ਼ਿਆਦਾ ਚਮਕਦਾਰ ਅਤੇ ਹੋਲੀ ਤੋਂ ਵੀ ਜ਼ਿਆਦਾ ਰੰਗੀਨ।''
ਲਗਭਗ ਤੁਰੰਤ ਬਾਅਦ, ਸਈ ਨਦੀ ਸੁੰਗੜਨੀ ਸ਼ੁਰੂ ਹੋ ਗਈ। ਵਰਖਾ 'ਤੇ ਨਿਰਭਰ ਸਈ ਨਦੀ ਜੋ ਕਦੇ ਸਾਰਾ ਸਾਲ ਨੱਕੋਨੱਕ ਭਰੀ ਰਹਿੰਦੀ ਸੀ ਅਤੇ ਮਾਨਸੂਨ ਦੌਰਾਨ ਵਿਕਰਾਲ ਹੋ ਉੱਠਦੀ ਸੀ, ਸਾਲ ਦੇ ਬੀਤਣ ਨਾਲ਼ ਅਲੋਪ ਹੁੰਦੀ ਜਾ ਰਹੀ ਸੀ।
ਹਾਲਾਂਕਿ, ਸਈ ਦੀ ਕਿਸਮਤ ਪਹਿਲਾਂ ਵਰਗੀ ਨਹੀਂ ਸੀ - ਲਖਨਊ ਦੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ ਦੇ ਸਕੂਲ ਫਾਰ ਇਨਵਾਇਰਨਮੈਂਟਲ ਸਾਇੰਸਿਜ਼ ਦੇ ਪ੍ਰੋਫੈਸਰ ਵੈਂਕਟੇਸ਼ ਦੱਤਾ ਦੇ ਅਨੁਸਾਰ: "ਗਿਰਾਵਟ ਦਾ ਇਹ ਰੁਝਾਨ ਦੁਨੀਆ ਭਰ ਵਿੱਚ ਦੇਖਿਆ ਗਿਆ ਹੈ। (ਸਈ ਵਰਗੀਆਂ) ਬਾਰਾਂਮਾਸੀ ਨਦੀਆਂ ਦਾ ਵਹਾਅ ਮਾਨਸੂਨ 'ਤੇ ਨਿਰਭਰ ਹੋ ਗਿਆ ਹੈ ਅਤੇ ਸੁਸਤ ਹੁੰਦਾ ਜਾ ਰਿਹਾ ਹੈ। 1984 ਤੋਂ 2016 ਤੱਕ ਦੇ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਧਰਤੀ ਹੇਠਲੇ ਪਾਣੀ ਅਤੇ ਬੇਸਫਲੋ [ਬੁਨਿਆਦੀ ਪਾਣੀ ਦਾ ਵਹਾਅ] ਦੋਵੇਂ ਹੀ ਘੱਟ ਰਹੇ ਹਨ।''
ਇੱਕ ਬੇਸਫਲੋ ਧਰਤੀ 'ਤੇ ਮੌਜੂਦ ਉਹ ਪਾਣੀ ਹੈ ਜੋ ਪਿਛਲੀਆਂ ਬਾਰਸ਼ਾਂ ਤੋਂ ਬਾਅਦ ਲੰਬੇ ਸਮੇਂ ਲਈ ਜਲ ਭੰਡਾਰਾਂ ਵਿੱਚ ਮੌਜੂਦ ਰਹਿੰਦਾ ਹੈ; ਜਦੋਂ ਕਿ ਧਰਤੀ ਹੇਠਲਾ ਪਾਣੀ ਜ਼ਮੀਨਦੋਜ਼ ਪਾਣੀ ਹੈ, ਇਹ ਪਾਣੀ ਦਾ ਉਹ ਭੰਡਾਰ ਹੈ ਜਿਸ ਦੀ ਵਰਤੋਂ ਨਦੀ ਸੁੱਕਣ ਤੋਂ ਬਾਅਦ ਕਰਦੀ ਹਨ। ਇਸ ਤਰ੍ਹਾਂ ਬੇਸਫਲੋ ਅੱਜ ਦੀ ਨਦੀ ਹੈ, ਧਰਤੀ ਹੇਠਲਾ ਪਾਣੀ ਭਵਿੱਖ ਦਾ ਦਰਿਆ ਹੈ। 1996 ਤੋਂ ਲੈ ਕੇ ਹੁਣ ਤੱਕ 20 ਸਾਲਾਂ ਦੇ ਅਰਸੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਵਰਖਾ ਦੀ ਮਾਤਰਾ ਵਿੱਚ 5 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਜੁਲਾਈ 2021 ਵਿੱਚ , ਉੱਤਰ ਪ੍ਰਦੇਸ਼ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਾਰੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ, "... ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ਼ ਗਿਰਾਵਟ ਨੇ ਰਾਜ ਦੀਆਂ ਧਰਤੀ ਹੇਠਲੇ ਪਾਣੀ-ਅਧਾਰਤ ਨਦੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਕਿਉਂਕਿ ਨਦੀਆਂ ਅਤੇ ਗਿੱਲੀਆਂ ਥਾਵਾਂ [ਵੈੱਟਲੈਂਡ ਖੇਤਰਾਂ] ਵਿੱਚ ਕੁਦਰਤੀ ਸੀਪੇਜ/ਬੇਸਫਲੋਅ ਜਾਂ ਤਾਂ ਘੱਟ ਗਏ ਹਨ ਜਾਂ ਲਗਭਗ ਅਲੋਪ ਹੋ ਗਏ ਹਨ। ਜਲ-ਭੰਡਾਰਾਂ ਅਤੇ ਉਨ੍ਹਾਂ ਦੇ ਕੈਚਮੈਂਟ [ਜਲ-ਘਰ] ਖੇਤਰਾਂ 'ਤੇ ਵੱਡੇ ਪੱਧਰ 'ਤੇ ਕਬਜ਼ੇ ਨੇ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਹੈ... ਘੱਟ ਹੁੰਦਾ ਬੇਸਫਲੋ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਨਦੀਆਂ ਅਤੇ ਉਨ੍ਹਾਂ ਦੇ ਵਾਤਾਵਰਣਿਕ ਪ੍ਰਵਾਹ ਦੇ ਨਾਲ਼-ਨਾਲ਼ ਸਤਹ ਦੇ ਪਾਣੀ ਦੇ ਭੰਡਾਰਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗੋਮਤੀ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਨਾਲ਼-ਨਾਲ਼ ਰਾਜ ਦੀਆਂ ਕਈ ਹੋਰ ਨਦੀਆਂ ਧਰਤੀ ਹੇਠਲੇ ਪਾਣੀ 'ਤੇ ਬਚੀਆਂ ਹੋਈਆਂ ਹਨ, ਪਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦੀ ਭਾਰੀ ਨਿਕਾਸੀ ਅਤੇ ਬਾਅਦ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਨੇ ਨਦੀਆਂ ਦੇ ਵਹਾਅ ਨੂੰ ਹੋਰ ਘਟਾ ਦਿੱਤਾ ਹੈ।
ਇਨ੍ਹਾਂ ਆਫ਼ਤਾਂ ਤੋਂ ਇਲਾਵਾ, ਜ਼ਿਲ੍ਹੇ ਨੂੰ ਤੀਜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇੱਕ ਅਧਿਐਨ ਨੇ ਦਿਖਾਇਆ ਕਿ ਹਰਦੋਈ ਨੇ 1997 ਅਤੇ 2003 ਦੇ ਵਿਚਕਾਰ ਆਪਣੇ ਵੈੱਟਲੈਂਡ ਖੇਤਰ ਦਾ 85% ਗੁਆ ਦਿੱਤਾ।
ਪਰੌਲੀ ਵਿੱਚ ਵਿਗਿਆਨ ਨੂੰ ਨਾ ਸਮਝਣ ਵਾਲਿਆਂ ਨੂੰ ਵੀ ਤਬਦੀਲੀ ਨਜ਼ਰ ਆ ਰਹੀ ਹੈ। ਉਦਾਹਰਣ ਵਜੋਂ, ਪਿੰਡ ਦੇ ਸਾਰੇ ਛੇ ਖੂਹ ਸਿਰਫ ਦੋ ਦਹਾਕਿਆਂ ਦੇ ਅੰਦਰ ਹੀ ਸੁੱਕ ਗਏ ਹਨ। ਖੂਹਾਂ 'ਤੇ ਕੀਤੀਆਂ ਜਾਣ ਵਾਲ਼ੀਆਂ ਸਾਰੀਆਂ ਰਸਮਾਂ (ਜਿਵੇਂ ਕਿ ਨਵੀਂ ਲਾੜੀ ਦੁਆਰਾ ਪੂਜਾ) ਨੂੰ ਛੱਡ ਦਿੱਤਾ ਗਿਆ ਹੈ। ਗਰਮੀਆਂ ਦੇ ਮਹੀਨਿਆਂ ਵਿੱਚ, ਨਦੀ ਇੱਕ ਪਤਲੀ ਧਾਰਾ ਹੀ ਬਣੀ ਰਹਿੰਦੀ ਹੈ।
47 ਸਾਲਾ ਸ਼ਿਵਰਾਮ ਸਕਸੈਨਾ ਵਰਗੇ ਕਿਸਾਨ, ਜਿਨ੍ਹਾਂ ਲਈ ਗਰਮੀਆਂ ਦੀ ਸਭ ਤੋਂ ਵੱਡੀ ਖੁਸ਼ੀ ਨਦੀ ਵਿੱਚ ਤੈਰਨਾ ਹੁੰਦਾ ਸੀ, ਹੁਣ ਇੱਕ ਤਸਵੀਰ ਖਿੱਚਣ ਲਈ ਇਸ ਵਿੱਚ ਪੈਰ ਰੱਖਣ ਤੋਂ ਝਿਜਕਦੇ ਹਨ। ਗੋਡੇ-ਗੋਡੇ ਡੂੰਘੇ ਪਾਣੀ ਵਿੱਚ ਖੜ੍ਹੇ ਉਹ ਕਹਿੰਦੇ ਹਨ, "ਹੁਣ ਇਹ ਉਹੋ ਜਿਹੀ ਸੁੰਦਰ ਸਾਫ਼ ਨਦੀ ਨਹੀਂ ਰਹੀ, ਜਿਸ ਨਾਲ਼ ਮੈਂ ਵੱਡਾ ਹੋਇਆ ਸੀ।'' ਪਾਣੀ ਵਿੱਚ ਉਨ੍ਹਾਂ ਦੇ ਮਗਰ ਜਾਨਵਰ ਦੀ ਲਾਸ਼ ਤੈਰ ਰਹੀ ਸੀ।
ਅਵਸਥੀ ਦੇ ਪਿਤਾ, ਦੇਵੀ ਚਰਨ, ਇੱਕ ਪਟੌਲ (ਇੱਕ ਸਰਕਾਰੀ ਕਰਮਚਾਰੀ ਜੋ ਸਿੰਚਾਈ ਵਿਭਾਗ ਲਈ ਜ਼ਮੀਨ ਦੀ ਗਣਨਾ ਕਰਦੇ ਹਨ) ਸਨ। ਉਨ੍ਹਾਂ ਨੇ ਸਿੰਚਾਈ ਲਈ ਸਈ ਦੇ ਪਾਣੀ ਨੂੰ ਪਰੌਲੀ ਵੱਲ ਮੋੜਨ ਲਈ ਇੱਕ ਛੋਟੀ ਜਿਹੀ ਨਹਿਰ ਬਣਾਈ ਸੀ। ਉਹ ਨਹਿਰ ਹੁਣ ਸੁੱਕ ਗਈ ਹੈ।
ਹੁਣ ਖੇਤਾਂ ਨੂੰ ਪਾਣੀ ਦੇਣ ਲਈ ਦਰਿਆ ਦੇ ਕੰਢੇ ਡੀਜ਼ਲ ਨਾਲ਼ ਚੱਲਣ ਵਾਲ਼ੇ ਪੰਪ ਲਗਾਏ ਗਏ ਹਨ।
ਸਈ ਦੇ ਕੁਝ ਆਪਣੇ ਯੋਧੇ ਸਨ। ਉਨ੍ਹਾਂ ਵਿੱਚੋਂ ਇੱਕ ਵਿੰਧਿਆਵਾਸਿਨੀ ਕੁਮਾਰ (74) ਹੈ, ਜੋ ਰਾਜ ਵਿਧਾਨ ਪਰਿਸ਼ਦ (1996-2002) ਦਾ ਸਾਬਕਾ ਮੈਂਬਰ ਹੈ, ਜਿਨ੍ਹਾਂ ਨੇ 2013 ਵਿੱਚ ਨਦੀ ਦੇ ਨਾਲ਼-ਨਾਲ਼ 725 ਕਿਲੋਮੀਟਰ ਦੀ ਯਾਤਰਾ ਕੀਤੀ ਸੀ। ਆਪਣੀਆਂ 82 ਜਨਤਕ ਸਭਾਵਾਂ ਅਤੇ ਹਜ਼ਾਰਾਂ ਪੌਦੇ ਲਗਾਉਣ ਦੌਰਾਨ, ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਸਹਾਇਕ ਨਦੀਆਂ ਦੀ ਰੱਖਿਆ ਨਹੀਂ ਕੀਤੀ ਜਾਂਦੀ, ਗੰਗਾ ਨੂੰ ਬਚਾਇਆ ਨਹੀਂ ਜਾ ਸਕਦਾ।
ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਜਨਮੇ ਕੁਮਾਰ ਅਨੁਸਾਰ, "ਮੈਂ ਆਪਣੀ ਜ਼ਿੰਦਗੀ ਵਿੱਚ ਕਈ ਨਦੀਆਂ ਦੀ ਮੱਠੀ ਮੌਤ ਹੁੰਦੀ ਦੇਖੀ ਹੈ। ਉਹ ਸੁੰਗੜ ਗਈਆਂ ਹਨ, ਪਾਣੀ ਦੇ ਸਰੋਤ ਸੁੱਕ ਗਏ ਹਨ, ਉਦਯੋਗਿਕ ਰਹਿੰਦ-ਖੂੰਹਦ ਅਤੇ ਮਲਬੇ ਨੂੰ ਅੰਨ੍ਹੇਵਾਹ ਸੁੱਟਿਆ ਜਾ ਰਿਹਾ ਹੈ, ਖੇਤੀ ਲਈ ਨਦੀਆਂ ਦੇ ਕਿਨਾਰਿਆਂ 'ਤੇ ਕਬਜ਼ੇ ਕੀਤੇ ਗਏ ਹਨ, ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਲੁੱਟ ਕੀਤੀ ਗਈ ਹੈ... ਇਹ ਇੱਕ ਦੁਖਾਂਤ ਹੈ ਜਿਸ ਵੱਲ ਸਾਡੇ ਨੀਤੀ ਨਿਰਮਾਤਾ ਧਿਆਨ ਨਹੀਂ ਦੇਣਾ ਚਾਹੁੰਦੇ।"
ਨੀਤੀ ਨਿਰਮਾਤਾ ਅਲੋਪ ਹੋ ਰਹੇ ਦਰਿਆਵਾਂ ਦੇ ਦੁਖਾਂਤ ਵੱਲ ਧਿਆਨ ਨਹੀਂ ਦੇ ਸਕਦੇ, ਪਰ ਉਹ ਆਪਣੀਆਂ ਪ੍ਰਾਪਤੀਆਂ ਦਾ ਮਾਣ ਜ਼ਰੂਰ ਕਰਦੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 1 ਨਵੰਬਰ, 2022 ਨੂੰ ਭਾਰਤ ਜਲ ਸਪਤਾਹ ਦੇ ਮੌਕੇ 'ਤੇ ਦਾਅਵਾ ਕੀਤਾ ਸੀ ਕਿ ਪਿਛਲੇ ਕੁਝ ਸਾਲਾਂ ਵਿੱਚ ਰਾਜ ਵਿੱਚ 60 ਤੋਂ ਵੱਧ ਨਦੀਆਂ ਦੀ ਕਾਇਆਕਲਪ ਕੀਤੀ ਗਈ ਹੈ।
ਪ੍ਰੋਫੈਸਰ ਵੈਂਕਟੇਸ਼ ਦੱਤਾ ਦਾ ਕਹਿਣਾ ਹੈ ਕਿ ਨਦੀ ਦੀ ਮੁੜ-ਸੁਰਜੀਤੀ ਕੋਈ 'ਜਾਦੂ' ਵਾਲ਼ੀ ਚੀਜ਼ ਨਹੀਂ ਹੈ, ਜਿਸ ਨੂੰ ਕੁਝ ਸਾਲਾਂ ਵਿੱਚ ਹਾਸਲ ਕੀਤਾ ਜਾ ਸਕਦੇ ਹਨ। "ਕੁਦਰਤੀ ਤੌਰ 'ਤੇ ਵੱਡੇ ਜਲ ਭੰਡਾਰਾਂ, ਝੀਲਾਂ, ਤਲਾਬਾਂ ਅਤੇ ਝਰਨਿਆਂ ਨੂੰ ਰੀਚਾਰਜ ਕਰਕੇ ਹੀ ਪਾਣੀ ਨੂੰ ਸਾਡੀਆਂ ਨਦੀਆਂ ਵਿੱਚ ਵਾਪਸ ਲਿਆਂਦਾ ਜਾ ਸਕਦਾ ਹੈ। ਫਸਲ ਦੀ ਚੋਣ ਨੂੰ ਬਦਲਣਾ ਪਏਗਾ। ਸਿੰਚਾਈ ਦੇ ਸਹੀ ਤਰੀਕਿਆਂ ਰਾਹੀਂ ਪਾਣੀ ਦੀ ਵਰਤੋਂ ਨੂੰ ਵੱਡੇ ਪੱਧਰ 'ਤੇ ਘੱਟ ਕਰਨਾ ਪਏਗਾ। ਅਤੇ ਫਿਰ ਵੀ ਨਦੀ ਨੂੰ ਮੁੜ ਸੁਰਜੀਤ ਕਰਨ ਵਿੱਚ 15 ਤੋਂ 20 ਸਾਲ ਲੱਗਣਗੇ," ਉਨ੍ਹਾਂ ਨੇ ਨਦੀਆਂ ਬਾਰੇ ਰਾਸ਼ਟਰੀ ਨੀਤੀ ਦੀ ਘਾਟ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ।
ਵਿੰਧਿਆਵਾਸਨੀ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਪੱਧਰ 'ਤੇ ਸਥਾਨਕ ਭੂਗੋਲ ਦੇ ਅਧਿਐਨ ਨੂੰ ਲਾਜ਼ਮੀ ਬਣਾਉਣਾ ਇੱਕ ਲੰਬੇ ਸਮੇਂ ਦਾ ਹੱਲ ਹੈ। ਉਹ ਪੁੱਛਦੇ ਹਨ, "ਜਦੋਂ ਤੱਕ ਬੱਚੇ ਆਪਣੇ ਆਲੇ-ਦੁਆਲੇ ਦੇ ਰੁੱਖਾਂ, ਜ਼ਮੀਨਾਂ ਅਤੇ ਨਦੀਆਂ ਦਾ ਅਧਿਐਨ ਨਹੀਂ ਕਰਨਗੇ, ਉਹ ਵੱਡੇ ਹੋ ਕੇ ਉਨ੍ਹਾਂ ਦੀ ਦੇਖਭਾਲ ਕਿਵੇਂ ਕਰਨਗੇ?''
ਰਾਜ ਦੇ ਧਰਤੀ ਹੇਠਲੇ ਪਾਣੀ ਦੇ ਵਿਭਾਗ ਦੇ ਸਾਬਕਾ ਸੀਨੀਅਰ ਹਾਈਡ੍ਰੋਲੋਜਿਸਟ ਅਤੇ ਗਰਾਊਂਡ ਵਾਟਰ ਐਕਸ਼ਨ ਗਰੁੱਪ ਦੇ ਕਨਵੀਨਰ ਰਵਿੰਦਰ ਸਵਰੂਪ ਸਿਨਹਾ ਦਾ ਕਹਿਣਾ ਹੈ ਕਿ ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ "ਸੰਪੂਰਨ ਪਹੁੰਚ" ਦੀ ਲੋੜ ਹੈ।
"ਗੰਗਾ ਵਰਗੀਆਂ ਵੱਡੀਆਂ ਨਦੀਆਂ ਨੂੰ ਉਦੋਂ ਤੱਕ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹਨੂੰ ਪਾਲਣ ਵਾਲ਼ੀਆਂ ਛੋਟੀਆਂ ਨਦੀਆਂ ਨੂੰ ਮੁੜ ਚਾਲੂ ਨਹੀਂ ਕੀਤਾ ਜਾਂਦਾ। ਇੱਕ ਵਿਆਪਕ ਦ੍ਰਿਸ਼ਟੀਕੋਣ ਵਿੱਚ ਡੇਟਾ ਲਿਆਉਣਾ, ਵਿਸ਼ਲੇਸ਼ਣ ਕਰਨਾ ਅਤੇ ਇਸਦਾ ਪ੍ਰਬੰਧਨ ਕਰਨਾ ਸ਼ਾਮਲ ਹੋਵੇਗਾ। ਪਾਣੀ ਦੀ ਨਿਕਾਸੀ ਲਈ ਸਹੀ ਹੱਦ ਹੋਣੀ ਚਾਹੀਦੀ ਹਨ। ਧਰਤੀ ਹੇਠਲੇ ਪਾਣੀ ਅਤੇ ਸਤਹੀ ਪਾਣੀ ਦੀ ਸੰਤੁਲਿਤ ਵਰਤੋਂ ਲਈ ਮੰਗ ਨੂੰ ਘਟਾਉਣ, ਨਿਕਾਸੀ ਨੂੰ ਘਟਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਠੋਸ ਕਾਰਵਾਈ ਜ਼ਰੂਰੀ ਹੋਵੇਗੀ।"
ਰਾਮ ਸਵਰੂਪ ਸਿਨਹਾ ਕਹਿੰਦੇ ਹਨ, "ਸਿਰਫ ਨਦੀ ਦੀ ਗਾਰ ਨੂੰ ਹਟਾਉਣਾ ਅਤੇ ਹਾਈਸਿੰਥ ਨੂੰ ਹਟਾਉਣਾ ਅਸਥਾਈ ਉਪਾਅ ਹਨ, ਜੋ ਕੁਝ ਸਮੇਂ ਲਈ ਪਾਣੀ ਦੇ ਵਹਾਅ ਨੂੰ ਵਧਾਉਂਦੇ ਹਨ।''
ਉਨ੍ਹਾਂ ਨੇ ਕਿਹਾ, "ਧਰਤੀ ਹੇਠਲੇ ਪਾਣੀ, ਮੀਂਹ ਅਤੇ ਨਦੀਆਂ ਵਿਚਕਾਰ ਇੱਕ ਚੱਕਰਵਰਤੀ ਮੌਸਮ ਸਬੰਧ ਹੁੰਦੇ ਸਨ, ਜੋ ਟੁੱਟ ਗਿਆ ਹੈ," ਉਨ੍ਹਾਂ ਨੇ ਕਿਹਾ।
ਨੁਕਸਾਨ ਦੋਨਾਂ ਤਰੀਕਿਆਂ ਨਾਲ਼ ਹੋਇਆ ਸੀ - ਮਨੁੱਖੀ ਗਤੀਵਿਧੀਆਂ ਦੇ ਨਤੀਜੇ ਵਜੋਂ ਅਤੇ ਮਨੁੱਖੀ ਨਿਯੰਤਰਣ ਤੋਂ ਬਾਹਰਲੇ ਕਾਰਨਾਂ ਕਰਕੇ।
ਸਿਨਹਾ ਕਹਿੰਦੇ ਹਨ, "ਹਰੀ ਕ੍ਰਾਂਤੀ ਨੇ ਧਰਤੀ ਹੇਠਲੇ ਪਾਣੀ 'ਤੇ ਸਾਡੀ ਨਿਰਭਰਤਾ ਵਧਾ ਦਿੱਤੀ ਹੈ। ਦਰੱਖਤਾਂ ਨੂੰ ਘਟਾ ਦਿੱਤਾ ਗਿਆ ਸੀ। ਵਰਖਾ ਦਾ ਪੈਟਰਨ ਬਦਲ ਗਿਆ ਅਤੇ ਉਨ੍ਹਾਂ ਦਾ ਬਹੁਤੇਰਾ ਹਿੱਸਾ ਫਲਾਅ ਦੀ ਬਜਾਇ ਸੁੰਗੜ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਵਰਖਾ ਦਾ ਜ਼ਿਆਦਾਤਰ ਪਾਣੀ ਵਹਿ ਜਾਂਦਾ ਹੈ, ਕਿਉਂਕਿ ਜ਼ਮੀਨ ਵਿੱਚ ਰਿਸਣ ਦਾ ਸਮਾਂ ਨਹੀਂ ਹੁੰਦਾ। ਧਰਤੀ ਹੇਠਲੇ ਪਾਣੀ ਦੀ ਘਾਟ ਹੁੰਦੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਇਹ ਸਾਡੀਆਂ ਨਦੀਆਂ ਦਾ ਢਿੱਡ ਭਰਨ ਲਈ ਕਾਫ਼ੀ ਨਹੀਂ ਹੈ।"
ਇਸ ਦੇ ਬਾਵਜੂਦ, ਵਿਕਾਸ ਦੀਆਂ ਨੀਤੀਆਂ ਧਰਤੀ ਹੇਠਲੇ ਪਾਣੀ ਨੂੰ ਇੱਕ ਕਾਰਕ ਵਜੋਂ ਬਹੁਤ ਘੱਟ ਰਿਕਾਰਡ ਕਰਦੀਆਂ ਹਨ। ਸਿਨਹਾ ਦੋ ਉਦਾਹਰਣਾਂ ਦਿੰਦੇ ਹਨ। ਪਹਿਲਾ, ਮੌਜੂਦਾ ਸਰਕਾਰ ਦੇ ਅਧੀਨ ਰਾਜ ਵਿੱਚ ਟਿਊਬਵੈੱਲਾਂ ਦੀ ਗਿਣਤੀ 10,000 ਤੋਂ ਵਧਾ ਕੇ 30,000 ਕਰਨਾ। ਦੂਜਾ, ਹਰ ਘਰ ਜਲ ਯੋਜਨਾ, ਜਿਸ ਦਾ ਉਦੇਸ਼ ਹਰ ਘਰ ਤੱਕ ਪਾਣੀ ਪਹੁੰਚਾਉਣਾ ਹੈ।
ਸਿਨਹਾ ਕਈ ਮਹੱਤਵਪੂਰਨ ਕਦਮਾਂ ਦੀ ਸੂਚੀ ਦਿੰਦੇ ਹਨ, ਜਿਸ ਵਿੱਚ ਨਦੀਆਂ ਦੀ ਮੈਪਿੰਗ, ਧਰਤੀ ਹੇਠਲੇ ਪਾਣੀ ਦੀ ਸਥਿਤੀ, ਰੂਪ-ਵਿਗਿਆਨ ਅਤੇ (ਸੈਟੇਲਾਈਟ ਮੈਪਿੰਗ ਰਾਹੀਂ) ਆਕਸਬੋ ਝੀਲਾਂ (ਯੂ-ਆਕਾਰ ਦੇ ਭੰਡਾਰ) ਸ਼ਾਮਲ ਹਨ।
ਫਿਰ ਵੀ, ਵਧੇਰੇ ਏਕੀਕ੍ਰਿਤ ਪਹੁੰਚ ਦੀ ਬਜਾਏ, ਸਰਕਾਰ ਅੰਕੜਿਆਂ ਦੇ ਭੰਬਲਭੂਸੇ ਵੱਲ ਮੁੜ ਗਈ ਹੈ। ਉਦਾਹਰਣ ਵਜੋਂ, 2015 ਵਿੱਚ, ਡਾਰਕ ਜ਼ੋਨ (ਉਹ ਖੇਤਰ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ 'ਤੇ ਡਿੱਗ ਗਿਆ ਹੈ) ਦੀ ਗਣਨਾ ਕਰਦੇ ਹੋਏ, ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਨੂੰ ਮਾਪਣ ਤੋਂ ਹੀ ਖਹਿੜਾ ਛੁਡਾਉਣ ਦਾ ਫੈਸਲਾ ਕੀਤਾ। ਉਦੋਂ ਤੋਂ, ਇਹ ਸਿਰਫ ਜ਼ਮੀਨ ਦੁਆਰਾ ਸੋਖੇ ਗਏ ਪਾਣੀ ਦੇ ਅਨੁਮਾਨਾਂ 'ਤੇ ਨਿਰਭਰ ਕਰਦੇ ਹਨ।
ਆਜ਼ਾਦ ਨਗਰ ਵਿੱਚ ਬਿਮਾਰ ਪਏ ਤਿਆਗੀ ਖੁਸ਼ ਹਨ ਕਿ ਉਹ ਹੁਣ ਸਈ ਤੱਕ ਪੈਦਲ ਨਹੀਂ ਜਾ ਸਕਦੇ। "ਮੈਂ ਇਸ ਦੀ ਹਾਲਤ ਬਾਰੇ ਸੁਣਦਾ ਹੀ ਰਹਿੰਦਾ ਹਾਂ। ਮੇਰੇ ਲਈ ਉਹਨੂੰ ਦੇਖਣਾ ਬਹੁਤ ਦੁਖਦਾਈ ਹੋਵੇਗਾ।"
ਅਵਸਥੀ ਦਾ ਕਹਿਣਾ ਹੈ ਕਿ ਨਦੀ [ਨਾਲ਼ ਹੀ ਪੁਲ ਅਤੇ ਨਹਿਰ] ਨੂੰ ਰੋਕਣ ਦੀ ਮਨੁੱਖੀ ਕੋਸ਼ਿਸ਼ ਸ਼ਾਇਦ ਇੱਕ ਹਾਦਸਾ ਸੀ। ਉਹ ਕਹਿੰਦੇ ਹਨ,"ਅੱਜ ਸਾਡੇ ਕੋਲ ਪੁਲ ਤਾਂ ਹੈ, ਪਰ ਇਸ ਦੇ ਹੇਠੋਂ ਕੋਈ ਨਦੀ ਨਹੀਂ ਵਗਦੀ। ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ?''
ਤਰਜਮਾ: ਕਮਲਜੀਤ ਕੌਰ