"ਉਸ ਦੁਪਹਿਰ ਇਹ ਕਿੰਨੀ ਅਚਾਨਕ ਵਾਪਰਿਆ!''
"ਮੈਂ ਜਾਣਦਾਂ! ਤੂਫਾਨ ਬਹੁਤ ਭਿਆਨਕ ਸੀ। ਹੈ ਨਾ?"
"ਬਿਲਕੁਲ, ਮੈਨੂੰ ਲੱਗਦਾ ਉਹ ਰੁੱਖ ਵੀ ਤਾਂ ਜ਼ਿਆਦਾ ਹੀ ਬੁੱਢਾ ਸੀ। ਮੈਨੂੰ ਇਸ ਧਰਤੀ 'ਤੇ ਆਇਆਂ ਪੰਜ ਦਹਾਕੇ ਹੋ ਗਏ ਹਨ ਅਤੇ ਮੈਂ ਸ਼ੁਰੂ ਤੋਂ ਹੀ ਰੁੱਖ ਨੂੰ ਉੱਥੇ ਖੜ੍ਹੇ ਹੋਏ ਦੇਖਿਆ ਹੈ।"
"ਪਰ, ਜਿਸ ਤਰ੍ਹਾਂ ਉਹ ਇੱਕ ਪਾਸੇ ਵੱਲ ਨੂੰ ਝੁਕਿਆ ਹੋਇਆ ਸੀ, ਉਹ ਖ਼ਤਰਨਾਕ ਸੀ। ਇਹਦੇ ਹੇਠਾਂ ਅਬਦੁਲ ਦੀ ਟੱਪਰੀ ਹੋਰ ਵੱਡੀ ਮੁਸੀਬਤ ਸੀ। ਰਾਤ ਨੂੰ ਚਮਗਿੱਦੜਾਂ ਤੇ ਦਿਨ ਵੇਲ਼ੇ ਬੱਚਿਆਂ ਦਾ ਸ਼ੌਰ ਵੀ ਬਹੁਤ ਹੁੰਦਾ ਸੀ। ਇਹ ਝੱਲਣਾ ਕਾਫ਼ੀ ਔਖ਼ਾ ਸੀ।"
"ਕਿੰਨਾ ਚੀਕ-ਚਿਹਾੜਾ ਪੈਂਦਾ! ਹੈ ਨਾ?"
36 ਘੰਟੇ ਹੋ ਗਏ ਹਨ ਜਦੋਂ ਨਗਰ ਪਾਲਿਕਾ ਦੀ ਐਮਰਜੈਂਸੀ ਮਦਦ ਆਈ ਅਤੇ ਅਪਾਰਟਮੈਂਟ ਦੇ ਗੇਟ ਦੇ ਪਾਰ ਡਿੱਗੇ ਦਰੱਖਤ ਨੂੰ ਸਾਫ਼ ਕੀਤਾ ਗਿਆ। ਪਰ ਲੋਕਾਂ ਨੇ ਇਸ ਬਾਰੇ ਗੱਲ ਕਰਨੀ ਬੰਦ ਨਾ ਕੀਤੀ: ਕਿੰਨਾ ਅਜੀਬ... ਕਿੰਨਾ ਹੈਰਾਨਕੁੰਨ... ਕਿੰਨਾ ਅਚਾਨਕ... ਓਹ ਇੰਨਾ ਡਰਾਉਣਾ... ਚੰਗੀ ਕਿਸਮਤ ਰਹੀ ਆਦਿ। ਕਈ ਵਾਰ ਉਹ ਹੈਰਾਨ ਹੁੰਦੀ ਹੈ ਇਹ ਸੋਚ ਕੇ ਕੀ ਹਰ ਕੋਈ ਉਹੀ ਚੀਜ਼ਾਂ ਵੇਖਦਾ ਹੈ ਜੋ ਉਹ ਦੇਖਦੀ ਹੈ। ਕੀ ਉਨ੍ਹਾਂ ਨੂੰ ਅਹਿਸਾਸ ਵੀ ਸੀ ਕਿ ਉਸ ਦੁਪਹਿਰ ਤੱਕ ਉਹ ਉੱਥੇ ਮੌਜੂਦ ਸੀ? ਕੀ ਕਿਸੇ ਨੇ ਉਸਨੂੰ ਮਰਦੇ ਦੇਖਿਆ?
ਅਜੇ ਵੀ ਭਾਰੀ ਮੀਂਹ ਪੈ ਰਿਹਾ ਸੀ, ਜਦੋਂ ਉਹ ਅਬਦੁਲ ਚਾਚਾ ਦੀ ਦੁਕਾਨ ਦੇ ਨੇੜੇ ਆਟੋ ਤੋਂ ਹੇਠਾਂ ਉਤਰੀ। ਸੜਕ 'ਤੇ ਪਾਣੀ ਹੀ ਪਾਣੀ ਸੀ। ਆਟੋ ਚਾਲਕ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਚਾਚਾ ਨੇ ਉਸ ਨੂੰ ਪਛਾਣਿਆਂ ਤੇ ਛੱਤਰੀ ਫੜ੍ਹੀ ਉਸ ਵੱਲ ਭੱਜੇ ਆਏ ਤੇ ਬਿਨਾਂ ਕੁਝ ਕਹੇ ਉਸ ਨੂੰ ਛੱਤਰੀ ਫੜ੍ਹਾ ਦਿੱਤੀ। ਚਾਚਾ ਨੇ ਸਿਰ ਹਿਲਾਇਆ। ਉਹ ਸਮਝ ਗਈ, ਮੁਸਕਰਾਈ ਤੇ ਛੱਤਰੀ ਫੜ੍ਹ ਲਈ ਤੇ ਜਵਾਬ ਵਿੱਚ ਆਪਣਾ ਸਿਰ ਹਿਲਾਇਆ। ਉਹ ਪਾਣੀ ਭਰੀ ਸੜਕ ਨੂੰ ਪਾਰ ਕਰਦੀ ਹੋਈ ਅਪਾਰਟਮੈਂਟ ਵੱਲ ਨੂੰ ਵਧਣ ਲੱਗੀ। ਉਸਨੇ ਇੱਕ ਪਲ ਲਈ ਵੀ ਨਾ ਸੋਚਿਆ ਕਿ ਮੌਸਮ ਕਿਵੇਂ ਬਦਲ ਰਿਹਾ ਹੈ।
ਇੱਕ ਘੰਟੇ ਬਾਅਦ ਜਦੋਂ ਉਸ ਨੇ ਕੰਨ-ਪਾੜਵੀਂ ਆਵਾਜ਼ ਸੁਣੀ ਅਤੇ ਖਿੜਕੀ ਵੱਲ ਨੂੰ ਭੱਜੀ, ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਨਵਾਂ ਰੁੱਖ ਮੁੱਖ ਸੜਕ ਵੱਲ ਨੂੰ ਭੱਜਿਆ ਆਉਂਦਾ ਹੋਵੇ। ਉਸ ਨੂੰ ਸਭ ਕੁਝ ਦੇਖਣ ਤੇ ਇਹ ਸਮਝਣ ਵਿੱਚ ਕੁਝ ਸਮਾਂ ਲੱਗਿਆ ਕਿ ਥੋੜ੍ਹੀ ਦੂਰੀ 'ਤੇ ਖੜ੍ਹਾ ਪੁਰਾਣਾ ਦਰੱਖਤ ਹੀ ਤਾਂ ਡਿੱਗਿਆ ਸੀ। ਉਸ ਨੇ ਉਸ ਡਿੱਗੇ ਦਰੱਖਤ ਦੇ ਹੇਠਾਂ ਚਿੱਟੇ ਕਬੂਤਰ ਵਾਂਗ ਬਾਹਰ ਨੂੰ ਝਾਕਦੀ ਇਕ ਟੋਪੀ ਪਈ ਵੇਖੀ ਜੋ ਚਾਚਾ ਨੇ ਪਹਿਨੀ ਸੀ।
ਇੱਕ ਪ੍ਰਾਚੀਨ ਰੁੱਖ
ਪੱਤਿਆਂ ਦੇ ਉੱਤੋਂ ਦੀ ਕਦੋਂ
ਸੂਰਜ ਚੜ੍ਹੇ ਪਰਵਾਹ ਹੀ ਕਿਹਨੂੰ ਹੈ?
ਕਦੋਂ ਗਿਰਗਿਟ ਰੰਗ ਬਦਲੇ
ਕਦੇ ਪੀਲ਼ਾ ਤੇ ਕਦੇ ਸੁਨਹਿਰੀ-ਹਰਾ
ਕਦੇ ਸੰਤਰੀ, ਕਦੇ ਜੰਗਾਲ਼ ਰੰਗਾ...
ਕੌਣ ਹੈ ਜੋ ਪਿਆ ਗਿਣਦਾ ਏ
ਇੱਕ ਤੋਂ ਬਾਅਦ, ਇੱਕ ਡਿੱਗਦੇ ਹੋਏ ਪੱਤੇ ਨੂੰ?
ਇੱਕ ਤੋਂ ਬਾਅਦ ਇੱਕ
ਪੀਲ਼ੇ ਪੈਂਦੇ ਪੱਤਿਆਂ ਦੀ
ਪਰਵਾਹ ਹੀ ਕਿਹਨੂੰ ਹੈ?
ਸਮੇਂ-ਸਮੇਂ 'ਤੇ ਇਹਦਾ ਰੂਪ ਬਦਲਣਾ
ਪੱਤਿਆਂ, ਟਾਹਣੀਆਂ ਦੀ ਸ਼ਕਲ ਦਾ ਬਦਲਣਾ
ਇਨ੍ਹਾਂ ਬਾਰੇ ਸੋਚ ਹੀ ਕੌਣ ਸਕਦਾ ਹੈ?
ਰੁੱਖ ਦੀ ਛਿੱਲੜ ਨੂੰ ਟੁੱਕਦੀਆਂ
ਤੇ ਛੇਕ ਬਣਾਉਂਦੀਆਂ ਕੀੜੀਆਂ ਨੂੰ
ਕੌਣ ਦੇਖਦਾ ਹੈ?
ਕੀ ਕਿਸੇ ਦੇਖਿਆ ਰਾਤ ਵੇਲ਼ੇ ਕੰਬਦੇ ਤਣੇ ਨੂੰ?
ਲੱਕੜ ਦੇ ਛੱਲਿਆਂ ਵਿੱਚ
ਚੱਕਰਵਾਤ ਦੀ ਚੇਤਾਵਨੀ ਨੂੰ,
ਬਿਨਾਂ ਬੁਲਾਏ ਘੇਰਾ ਪਾਉਂਦੀ
ਤੰਬੂਦਾਰ ਖੁੰਬਾਂ ਦੀ ਟੋਲੀ ਨੂੰ
ਇਹ ਸਭ ਵੇਖਣ ਲਈ
ਸਮਾਂ ਹੀ ਕਿਸ ਕੋਲ ਹੈ?
ਕਿਸ ਨੂੰ ਮੇਰੀਆਂ ਜੜ੍ਹਾਂ ਦੀ ਡੂੰਘੀ ਸਮਝ ਹੈ?
ਉਹਨਾਂ ਦੀ ਅੰਨ੍ਹੀ ਖੁਦਾਈ ਦੇ ਅੰਤ 'ਤੇ
ਆਖ਼ਰੀ ਉਮੀਦ ਦਾ ਰੰਗ, ਕੌਣ ਦੇਖੇ?
ਕਿਸੇ ਜਲ-ਜੀਵ ਦੀ ਭਾਲ਼ ਜਿਓਂ?
ਤਿਲਕਵੀਂ ਮਿੱਟੀ ‘ਚ ਡਿੱਗਣ ਤੋਂ ਬਚਣ ਲਈ
ਕਿਸ ਨੂੰ ਮੇਰੀ ਕੱਸੀ ਹੋਈ ਪਕੜ ਯਾਦ ਹੈ?
ਜੰਗਲ ਦੀ ਅੱਗ ਵਿੱਚ ਸੜ ਗਿਆ
ਮੇਰੀਆਂ ਨਸਾਂ ਵਿਚਲਾ ਖੂਨ ਸੁੱਕ ਰਿਹਾ ਹੈ
ਕਿਸ ਨੇ ਦੇਖਣਾ ਹੈ?
ਉਹ ਤਾਂ ਸਿਰਫ਼ ਮੇਰਾ ਪਤਨ ਹੀ ਦੇਖਦੇ ਹਨ।
ਇਹ ਕਵਿਤਾ ਪਹਿਲੀ ਵਾਰ 2023 ਵਿੱਚ ਹਵਾਕਲ ਪ੍ਰਕਾਸ਼ਨ ਦੁਆਰਾ ਕਾਉਂਟ ਐਵਰੀ ਬ੍ਰੀਦ (ਸੰਪਾਦਕ: ਵਿਨੀਤਾ ਅਗਰਵਾਲ) ਨਾਮਕ ਜਲਵਾਯੂ ਸੰਗ੍ਰਹਿ ਦੇ ਹਿੱਸੇ ਵਜੋਂ ਪ੍ਰਕਾਸ਼ਿਤ ਕੀਤੀ ਗਈ ਸੀ।
ਤਰਜਮਾ: ਕਮਲਜੀਤ ਕੌਰ