ਯਾਦ ਕਰਦੇ ਹੋਏ ਮੋਹਨਲਾਲ ਦੱਸਦੇ ਹਨ ਕਿ ਉਹ ਹਥੌੜੇ ਦੀ ਧੁਨ ਤੋਂ ਮੋਹਿਤ ਰਹੇ ਹਨ। ਥਪਕੀ ਦੀਆਂ ਅਵਾਜਾਂ ਸੁਣਦਿਆਂ ਤੇ ਇਹ ਮਹਿਸੂਸ ਕਰਦਿਆਂ ਉਹ ਵੱਡੇ ਹੋਏ ਕਿ ਇਹ ਸਾਜ ਬਣਾਉਣਾ ਉਹਨਾਂ ਦੀ ਜ਼ਿੰਦਗੀ ਦਾ ਜਨੂੰਨ ਬਣ ਜਾਵੇਗਾ।
ਮੋਹਨਲਾਲ ਦਾ ਜਨਮ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਨੰਦ ਪਿੰਡ ਵਿੱਚ ਲੋਹਾਰਾਂ ਦੇ ਘਰ ਹੋਇਆ। ਉਹਨਾਂ ਦੱਸਿਆ ਕਿ ਅੱਠ ਸਾਲ ਦੀ ਉਮਰ ਵਿੱਚ ਹੀ ਉਹ ਇਸ ਕੰਮ ਵਿੱਚ ਪੈ ਗਏ ਸੀ ਅਤੇ ਆਪਣੇ ਮਰਹੂਮ ਪਿਤਾ, ਭਵਰਾਰਾਮ ਲੋਹਾਰ, ਨੂੰ ਹਥੌੜੇ ਤੇ ਦੂਜੇ ਸੰਦ ਫੜਾਉਣ ਵਿੱਚ ਮਦਦ ਕਰਨ ਲੱਗ ਗਏ ਸੀ। “ਮੈਂ ਕਦੇ ਸਕੂਲ ਨਹੀਂ ਗਿਆ ਅਤੇ ਇਹਨਾਂ ਸਾਜੋ-ਸਮਾਨਾਂ ਨਾਲ ਖੇਡਦਾ ਰਿਹਾ ਹਾਂ,” ਉਹ ਦੱਸਦੇ ਹਨ।
ਇਹ ਪਰਿਵਾਰ ਗਡੁਲੀਆ (ਗੱਡੀ) ਲੋਹਾਰ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਜੋ ਰਾਜਸਥਾਨ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਵੱਜੋਂ ਸੂਚੀਬੱਧ ਹੈ ਅਤੇ ਮਾਰਵਾੜੀ ਅਤੇ ਹਿੰਦੀ ਬੋਲਦਾ ਹੈ। ਮੋਹਨਲਾਲ ਉਦੋਂ ਗਭਰੇਟ ਅਵਸਥਾ ਵਿੱਚ ਸਨ ਜਦੋਂ ਉਹ ਪੰਜ ਦਹਾਕੇ ਪਹਿਲਾਂ 1980 ਵਿੱਚ ਹੋਰ ਕੰਮ ਦੀ ਭਾਲ ਵਿੱਚ ਜੈਸਲਮੇਰ ਆਏ ਸੀ। ਉਦੋਂ ਤੋਂ ਹੀ ਉਹ ਕਈ ਧਾਤੂਆਂ ਜਿਵੇਂ ਕਿ ਅਲੁਮੀਨੀਅਮ, ਚਾਂਦੀ, ਸਟੀਲ ਅਤੇ ਪਿੱਤਲ ਤੋਂ ਮੋਰਚੰਗ ਬਣਾ ਰਹੇ ਹਨ।
“ਲੋਹੇ ਦੇ ਟੁਕੜੇ ਨੂੰ ਮਹਿਜ਼ ਛੂਹਣ ਨਾਲ ਹੀ ਮੈਂ ਦੱਸ ਸਕਦਾ ਹਾਂ ਕਿ ਇਹ ਚੰਗਾ ਵੱਜੇਗਾ ਜਾਂ ਨਹੀਂ,” ਮੋਹਨਲਾਲ ਕਹਿੰਦੇ ਹਨ ਜਿਨ੍ਹਾਂ ਨੇ ਜੈਸਲਮੇਰ ਦੇ ਰੇਤਲੇ ਟਿੱਬਿਆਂ ਵਿੱਚ ਸੁਣਾਈ ਦੇਣ ਵਾਲਾ ਇੱਕ ਆਘਾਤੀ ਸਾਜ, ਮੋਰਚੰਗ ਨੂੰ ਅਕਾਰ ਦੇਣ ਲਈ ਗਰਮ ਲੋਹੇ ਤੇ 20,000 ਘੰਟਿਆਂ ਤੋਂ ਵੀ ਵੱਧ ਸਮੇ ਲਈ ਹਥੌੜਾ ਚਲਾਇਆ ਹੈ।
“ਇੱਕ ਮੋਰਚੰਗ ਬਣਾਉਣਾ ਔਖਾ ਕੰਮ ਹੈ,” 65 ਸਾਲਾ ਕਾਰੀਗਰ ਕਹਿੰਦੇ ਹਨ ਅਤੇ ਅੱਗੇ ਯਾਦ ਕਰਦੇ ਹਨ ਕਿ ਪਤਾ ਨਹੀਂ ਹੁਣ ਤੱਕ ਉਹਨਾਂ ਨੇ ਕਿੰਨੇ ਮੋਰਚੰਗ ਬਣਾ ਦਿੱਤੇ ਹਨ : “ ਗਿਨਤੀ ਸੇ ਬਾਹਰ ਹੈਂ ਵੋ [ਗਿਣੇ ਨਹੀਂ ਜਾ ਸਕਦੇ]।”
ਇੱਕ ਮੋਰਚੰਗ (ਜਿਸ ਨੂੰ ਕਈ ਵਾਰ ਮੋਰਸਿੰਗ ਵੀ ਕਿਹਾ ਜਾਂਦਾ ਹੈ) 10 ਇੰਚ ਲੰਮਾ ਹੁੰਦਾ ਹੈ ਅਤੇ ਇਸ ਵਿੱਚ ਦੋ ਸਮਾਨਾਂਤਰ ਕਾਂਟੇ ਦੇ ਨਾਲ ਇੱਕ ਧਾਤ ਦੀ ਘੋੜੇ ਦੀ ਪੌੜ ਵਰਗੀ ਰਿੰਗ ਹੁੰਦੀ ਹੈ। ਇਹਨਾਂ ਦੇ ਵਿਚਾਲੇ ਇੱਕ ਲੋਹੇ ਦੀ ਜੀਭੀ ਹੁੰਦੀ ਹੈ ਜਿਸ ਨੂੰ ਪ੍ਰੇਰਕ ਕਿਹਾ ਜਾਂਦਾ ਹੈ ਜੋ ਇੱਕ ਸਿਰੇ ’ਤੇ ਸਥਿਰ ਹੁੰਦਾ ਹੈ। ਸਾਜੀ ਇਸ ਨੂੰ ਅੱਗੇ ਵਾਲੇ ਦੰਦਾਂ ਨਾਲ ਪਕੜਦਾ ਹੈ ਅਤੇ ਇਸ ਰਾਹੀਂ ਅੰਦਰ-ਬਾਹਰ ਸਾਹ ਲੈਂਦਾ ਹੈ। ਇੱਕ ਹੱਥ ਨਾਲ ਸਾਜੀ ਮੋਰਚੰਗ ਦੀ ਜੀਭੀ ਹਿਲਾਉਂਦਾ ਹੈ ਜਿਸ ਨਾਲ ਸੰਗੀਤਕ ਧੁਨਾਂ ਪੈਦਾ ਹੁੰਦੀਆਂ ਹਨ; ਦੂਜਾ ਹੱਥ ਲੋਹੇ ਦੀ ਰਿਮ ’ਤੇ ਪਕੜ ਰੱਖਣ ਵਿੱਚ ਮਦਦ ਕਰਦਾ ਹੈ।
ਇਹ ਸਾਜ ਘੱਟੋ-ਘੱਟ 1,500 ਸਾਲ ਪੁਰਾਣਾ ਹੈ ਅਤੇ “ਪਸ਼ੂ ਚਰਾਉਣ ਵੇਲੇ ਚਰਵਾਹੇ ਮੋਰਚੰਗ ਵਜਾਇਆ ਕਰਦੇ ਸੀ,” ਮੋਹਨਲਾਲ ਦੱਸਦੇ ਹਨ। ਸੰਗੀਤ ਅਤੇ ਸਾਜ ਚਰਵਾਹਿਆਂ ਨਾਲ ਯਾਤਰਾ ਕਰਦੇ ਰਹੇ ਅਤੇ ਜਦੋਂ ਉਹ ਇਸਨੂੰ ਵਜਾਉਂਦੇ ਹੋਏ ਲੰਮੀ ਦੂਰੀ ਤੈਅ ਕਰਦੇ, ਇਸਦੀ ਪ੍ਰਸਿੱਧੀ ਵੀ ਫੈਲਦੀ ਜਾਂਦੀ ਅਤੇ ਇਸਨੇ ਰਾਜਸਥਾਨ, ਖਾਸ ਕਰਕੇ ਜੈਸਲਮੇਰ ਅਤੇ ਜੋਧਪੁਰ ਜ਼ਿਲ੍ਹਿਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਲਈ।
ਉਮਰ ਦੇ ਸੱਠਵਿਆਂ ਵਿੱਚ ਮੋਹਨਲਾਲ ਨੂੰ ਇੱਕ ਮੋਰਚੰਗ ਬਣਾਉਣ ਲਈ ਅੱਠ ਘੰਟੇ ਲੱਗ ਜਾਂਦੇ ਹਨ ਜਦਕਿ ਪਹਿਲਾਂ ਉਹ ਦਿਨ ਵਿੱਚ ਅਸਾਨੀ ਨਾਲ ਦੋ ਮੋਰਚੰਗ ਬਣਾ ਲੈਂਦੇ ਸੀ। “ਮੈਂ ਦਿਨ ਵਿੱਚ ਸਿਰਫ ਇੱਕ ਹੀ ਮੋਰਚੰਗ ਬਣਾਉਂਦਾ ਹਾਂ ਕਿਉਂਕਿ ਮੈਂ ਇਸਦੀ ਗੁਣਵੱਤਾ ਨਾਲ ਕੋਈ ਸਮਝੋਤਾ ਨਹੀਂ ਕਰਨਾ ਚਾਹੁੰਦਾ,” ਉਹ ਕਹਿ ਕੇ ਅੱਗੇ ਦੱਸਦੇ ਹਨ, “ਹੁਣ ਮੇਰੇ ਮੋਰਚੰਗ ਜਗਤ ਪ੍ਰਸਿੱਧ ਹਨ।” ਉਹਨਾਂ ਨੇ ਛੋਟੇ ਮੋਰਚੰਗ ਲਾਕੇਟ ਬਣਾਉਣ ਵਿੱਚ ਵੀ ਮੁਹਾਰਤ ਹਾਸਿਲ ਕਰ ਲਈ ਹੈ ਜੋ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦੇ ਹਨ।
ਸਹੀ ਕਿਸਮ ਦੇ ਲੋਹੇ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ “ਹਰ ਲੋਹੇ ਤੋਂ ਇੱਕ ਚੰਗਾ ਮੋਰਚੰਗ ਨਹੀਂ ਬਣ ਸਕਦਾ,” ਉਹ ਦੱਸਦੇ ਹਨ। ਸਹੀ ਕਿਸਮ ਦੇ ਲੋਹੇ ਨੂੰ ਚੁਣਨ ਦੇ ਹੁਨਰ ਵਿੱਚ ਮੁਹਾਰਤ ਪਾਉਣ ਲਈ ਉਹਨਾਂ ਨੂੰ ਇੱਕ ਦਹਾਕੇ ਤੋਂ ਵੀ ਵੱਧ ਦਾ ਸਮਾ ਲੱਗਾ। ਉਹ ਜੈਸਲਮੇਰ ਤੋਂ ਲੋਹਾ ਖਰੀਦਦੇ ਹਨ— ਇੱਕ ਕਿਲੋ ਲਗਭਗ 100 ਰੁਪਏ ਦਾ ਪੈਂਦਾ ਹੈ; ਇੱਕ ਮੋਰਚੰਗ ਦਾ ਭਾਰ 150 ਗ੍ਰਾਮ ਤੋਂ ਵੱਧ ਨਹੀਂ ਹੁੰਦਾ ਅਤੇ ਸੰਗੀਤਕਾਰ ਹਲਕੇ ਭਾਰ ਵਾਲੇ ਸਾਜਾਂ ਨੂੰ ਤਰਜੀਹ ਦਿੰਦੇ ਹਨ।
ਮੋਹਨਲਾਲ ਦਾ ਪਰਿਵਾਰ ਇੱਕ ਰਵਾਇਤੀ ਲੋਹਾਰ ਭੱਠੀ ਦੀ ਵਰਤੋਂ ਕਰਦਾ ਆ ਰਿਹਾ ਹੈ ਜਿਸਨੂੰ ਮਾਰਵਾੜੀ ਵਿੱਚ ਧਾਮਨ ਕਹਿੰਦੇ ਹਨ। “ਤੁਹਾਨੂੰ ਸਾਰੇ ਜੈਸਲਮੇਰ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਭੱਠੀ ਨਹੀਂ ਮਿਲੇਗੀ। ਇਹ ਘੱਟੋ-ਘੱਟ 100 ਸਾਲ ਪੁਰਾਣੀ ਹੈ ਅਤੇ ਬਿਲਕੁਲ ਸਹੀ ਕੰਮ ਕਰਦੀ ਹੈ,” ਉਹ ਦੱਸਦੇ ਹਨ।
ਹਵਾ ਦੀ ਝੱਲ ਮਾਰਨ ਲਈ ਉਹ ਬੱਕਰੀ ਦੀ ਖੱਲ ਤੋਂ ਬਣੀਆਂ ਦੋ ਬੋਕੀਆਂ ਦੀ ਵਰਤੋਂ ਕਰਦੇ ਹਨ। ਜਿਸ ਲੱਕੜ ਵਿੱਚੋਂ ਹਵਾ ਲੰਘਦੀ ਹੈ ਉਹ ਰੋਹੀੜਾ ( Tecomella undulata ) ਦਰੱਖਤ ਦੀ ਹੈ। ਤਿੰਨ ਘੰਟੇ ਤੱਕ ਲਗਾਤਾਰ ਹਵਾ ਦੀ ਝੱਲ ਮਾਰਨੀ ਪੈਂਦੀ ਹੈ ਕਿਉਂਕਿ ਨਾਲ-ਨਾਲ ਲੋਹਾ ਗਰਮ ਹੁੰਦਾ ਰਹਿੰਦਾ ਹੈ। ਇਹ ਇੱਕ ਔਖਾ ਕੰਮ ਹੈ। ਹੱਥੀਂ ਹਵਾ ਦੀ ਝੱਲ ਮਾਰਨ ਨਾਲ ਮੋਢਿਆਂ ਅਤੇ ਪਿੱਠ ਵਿੱਚ ਗੰਭੀਰ ਦਰਦ ਹੁੰਦਾ ਹੈ; ਹਵਾਦਾਰੀ ਦੀ ਘਾਟ ਕਾਰਨ ਸਾਹ ਲੈਣ ਵਿੱਚ ਤਕਲੀਫ਼ ਅਤੇ ਬਹੁਤ ਜ਼ਿਆਦਾ ਪਸੀਨਾ ਆਉਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।
ਗਿਗੀਦੇਵੀ, ਮੋਹਨਲਾਲ ਦੀ ਪਤਨੀ, ਅਕਸਰ ਉਹਨਾਂ ਨੂੰ ਹਵਾ ਦੀ ਝੱਲ ਮਾਰਨ ਵਿੱਚ ਸਹਾਇਤਾ ਕਰਿਆ ਕਰਦੇ ਸਨ ਪਰ ਹੁਣ ਜ਼ਿਆਦਾ ਉਮਰ ਹੋਣ ਕਾਰਨ ਉਹ ਕੰਮ ਨਹੀਂ ਕਰ ਕਰਦੇ। “ਮੋਰਚੰਗ ਬਣਾਉਣ ਦੀ ਸਾਰੀ ਪ੍ਰਕਿਰਿਆ ਵਿੱਚ ਇਹ ਹੀ ਇੱਕ ਕੰਮ ਹੈ ਜੋ ਔਰਤਾਂ ਕਰਦੀਆਂ ਹਨ। ਬਾਕੀ ਸਭ ਕੁਝ ਰਵਾਇਤੀ ਤੌਰ ’ਤੇ ਮਰਦਾਂ ਦੁਆਰਾ ਕੀਤਾ ਜਾਂਦਾ ਹੈ,” 60 ਸਾਲਾ ਗਿਗੀਦੇਵੀ ਕਹਿੰਦੇ ਹਨ। ਉਹਨਾਂ ਦੇ ਪੁੱਤਰ ਰਨਮਾਲ ਅਤੇ ਹਰੀਸ਼ੰਕਰ— ਲੋਹਾਰਾਂ ਦੀ ਛੇਵੀਂ ਪੀੜ੍ਹੀ— ਵੀ ਮੋਰਚੰਗ ਬਣਾਉਂਦੇ ਹਨ।
ਜਿਵੇਂ ਹੀ ਝੱਲ ਮਾਰਨ ਦੀ ਸ਼ੁਰੂਆਤ ਹੁੰਦੀ ਹੈ ਮੋਹਨਲਾਲ ਇੱਕ ਸੰਦਸੀ (ਲੋਹਾਰਾਂ ਦਾ ਚਿਮਟੇ ਵਰਗਾ ਸੰਦ) ਦੀ ਮਦਦ ਨਾਲ ਲਾਲ-ਗਰਮ ਲੋਹੇ ਨੂੰ ਚੁੱਕਦੇ ਹਨ ਅਤੇ ਇਸਨੂੰ ਉੱਚੀ ਲੋਹੇ ਦੀ ਸਤ੍ਹਾ- ਆਰਨ ’ਤੇ ਰੱਖਦੇ ਹਨ। ਲੋਹੇ ਦੇ ਟੁਕੜੇ ਨੂੰ ਆਪਣੇ ਖੱਬੇ ਹੱਥ ਨਾਲ ਸੰਭਾਲਦੇ ਹੋਏ ਉਹ ਛੇਤੀ-ਛੇਤੀ ਸੱਜੇ ਹੱਥ ਨਾਲ ਹਥੋੜਾ ਚੁੱਕਦੇ ਹਨ। ਦੂਜਾ ਲੋਹਾਰ ਲੋਹੇ ਦੇ ਟੁਕੜੇ ਨੂੰ ਕੁੱਟਣ ਲਈ ਪੰਜ ਕਿਲੋ ਵਾਲੇ ਘਣ ਦੀ ਵਰਤੋਂ ਕਰਦਾ ਹੈ ਅਤੇ ਮੋਹਨਲਾਲ ਨਾਲ ਮਿਲ ਕੇ ਦੋਵੇਂ ਹਥੌੜੇ ਚਲਾਉਂਦੇ ਹਨ।
ਹਰੇਕ ਲੋਹਾਰ ਦੁਆਰਾ ਇੱਕ ਦੇ ਬਾਅਦ ਇੱਕ ਮਾਰਦੇ ਹੋਏ ਹਥੌੜੇ ਦੀ ਸੱਟ “ਬਿਲਕੁਲ ਅਜਿਹੀ ਪ੍ਰਤੀਤ ਹੁੰਦੀ ਹੈ ਜਿਵੇਂ ਢੋਲਕੀ ਦੀ ਅਵਾਜ ਹੋਵੇ ਅਤੇ ਮੈਨੂੰ ਮੋਰਚੰਗ ਬਣਾਉਣ ਦੇ ਪਿਆਰ ਵਿੱਚ ਪਾਉਂਦੀ ਹੈ,” ਮੋਹਨਲਾਲ ਕਹਿੰਦੇ ਹਨ।
ਇਹ ‘ਸੰਗੀਤ’ ਲਗਭਗ ਤਿੰਨ ਘੰਟੇ ਚਲਦਾ ਰਹਿੰਦਾ ਹੈ ਅਤੇ ਜਿਸ ਕਾਰਨ ਉਹਨਾਂ ਦੇ ਹੱਥ ਸੁੱਜ ਜਾਂਦੇ ਹਨ। ਇਹਨਾਂ ਤਿੰਨ ਘੰਟਿਆਂ ਵਿੱਚ ਕਾਰੀਗਰ ਨੂੰ 10,000 ਤੋਂ ਵੀ ਵੱਧ ਵਾਰ ਹਥੌੜਾ ਚੁੱਕਣਾ ਪੈਂਦਾ ਹੈ ਅਤੇ ਇੱਕ ਛੋਟੀ ਜਿਹੀ ਚੂਕ ਨਾਲ ਵੀ ਉਂਗਲਾਂ ਨੂੰ ਸੱਟ ਲੱਗ ਸਕਦੀ ਹੈ। “ਪਿੱਛੇ ਜਿਹੇ ਇਸਦੇ ਨਾਲ ਮੇਰੇ ਨਹੁੰ ਵੀ ਟੁੱਟ ਗਏ ਸੀ। ਇਸ ਤਰ੍ਹਾਂ ਦੇ ਕੰਮ ਵਿੱਚ ਸੱਟ ਲੱਗਣੀ ਆਮ ਗੱਲ ਹੈ,” ਦਰਦ ਨੂੰ ਅਣਗੋਲਿਆਂ ਕਰਦੇ ਹੋਏ ਮੋਹਨਲਾਲ ਕਹਿੰਦੇ ਹਨ। ਸੱਟਾਂ ਤੋਂ ਇਲਾਵਾ ਚਮੜੀ ਦਾ ਜਲ ਜਾਣਾ ਵੀ ਆਮ ਜਿਹੀ ਗੱਲ ਹੈ। “ਬਹੁਤ ਲੋਕਾਂ ਨੇ ਹਥੌੜੇ ਵਾਲੀ ਮਸ਼ੀਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਅਸੀਂ ਅੱਜ ਵੀ ਇਹ ਕੰਮ ਆਪਣੇ ਹੱਥੀਂ ਕਰਦੇ ਹਾਂ,” ਮੋਹਨਲਾਲ ਦੇ ਵੱਡੇ ਸਪੁੱਤਰ ਰਨਮਾਲ ਦੱਸਦੇ ਹਨ।
ਹਥੌੜੇ ਦੀਆਂ ਸੱਟਾਂ ਤੋਂ ਬਾਅਦ ਮੋਰਚੰਗ ਬਣਾਉਣ ਦਾ ਸਭ ਤੋਂ ਮੁਸ਼ਕਿਲ ਹਿੱਸਾ ਆਉਂਦਾ ਹੈ— ਗਰਮ ਲੋਹੇ ਨੂੰ ਧਿਆਨ ਨਾਲ ਅਕਾਰ ਦੇਣਾ। ਇਸ ਪ੍ਰਕਿਰਿਆ ਵਿੱਚ ਹੋਰ ਦੋ ਘੰਟੇ ਲੱਗਦੇ ਹਨ ਜਿਸ ਦੌਰਾਨ ਉਹ ਗੁੰਝਲਦਾਰ ਡਿਜ਼ਾਈਨ ਤਿਆਰ ਕਰਦੇ ਹਨ। ਸਾਜ ਨੂੰ ਇੱਕ ਜਾਂ ਦੋ ਘੰਟੇ ਲਈ ਠੰਡਾ ਹੋਣ ਲਈ ਛੱਡ ਦਿੱਤਾ ਜਾਂਦਾ ਹੈ ਅਤੇ ਫਿਰ ਸਤ੍ਹਾ ਨੂੰ ਸਮਤਲ ਕਰਨ ਲਈ ਦੋ ਘੰਟੇ ਤੱਕ ਰੇਤੀ ਮਾਰੀ ਜਾਂਦੀ ਹੈ। “ਰੇਤੀ ਜਾਦੂ ਦਿਖਾਉਂਦੀ ਹੈ ਕਿਉਂਕਿ ਇਹ ਮੋਰਚੰਗ ਨੂੰ ਸ਼ੀਸ਼ੇ ਵਾਂਗ ਚਮਕਣ ਲਾ ਦਿੰਦੀ ਹੈ,” ਰਨਮਾਲ ਕਹਿੰਦੇ ਹਨ।
ਹਰ ਮਹੀਨੇ ਮੋਹਨਲਾਲ ਦੇ ਪਰਿਵਾਰ ਨੂੰ ਘੱਟੋ-ਘੱਟ 10 ਮੋਰਚੰਗ ਬਣਾਉਣ ਦਾ ਆਰਡਰ ਮਿਲਦਾ ਹੈ ਜੋ 1,200 ਤੋਂ 1,500 ਰੁਪਏ ਪ੍ਰਤੀ ਮੱਦ ਦੇ ਹਿਸਾਬ ਨਾਲ ਵਿਕਦੇ ਹਨ। ਸਰਦੀਆਂ ਵਿੱਚ ਜਦੋਂ ਸੈਲਾਨੀਆਂ ਦਾ ਵੱਗ ਆਉਂਦਾ ਹੈ ਤਾਂ ਇਹ ਗਿਣਤੀ ਅਕਸਰ ਦੁੱਗਣੀ ਹੋ ਜਾਂਦੀ ਹੈ। “ਬਹੁਤੇ ਸੈਲਾਨੀ ਈਮੇਲ ਦੁਆਰਾ ਵੀ ਆਰਡਰ ਕਰਦੇ ਹਨ,” ਰਨਮਾਲ ਦੱਸਦੇ ਹਨ। ਫਰਾਂਸ, ਜਰਮਨੀ, ਜਪਾਨ, ਅਮਰੀਕਾ, ਅਸਟ੍ਰੇਲੀਆ, ਇਟਲੀ ਅਤੇ ਹੋਰ ਦੇਸ਼ਾਂ ਤੋਂ ਆਰਡਰ ਆਉਂਦੇ ਹਨ। ਮੋਹਨਲਾਲ ਅਤੇ ਉਹਨਾਂ ਦੇ ਸਪੁੱਤਰ ਰਾਜਸਥਾਨ ਦੇ ਵੱਖ-ਵੱਖ ਤਿਉਹਾਰਾਂ ਵਿੱਚ ਵੀ ਜਾਂਦੇ ਹਨ ਜਿੱਥੇ ਉਹ ਸਾਜ ਵੇਚਣ ਦੇ ਨਾਲ-ਨਾਲ ਪ੍ਰਦਰਸ਼ਨ ਵੀ ਕਰਦੇ ਹਨ।
‘ਪੂਰਾ ਦਿਨ ਕੰਮ ਕਰਨਾ ਪੈਂਦਾ ਹੈ ਅਤੇ ਫਿਰ ਜਾ ਕੇ ਕਿਤੇ ਦਿਨ ਦੇ 300-400 ਰੁਪਏ ਬਣਦੇ ਹਨ, ਉਹ ਵੀ ਤਾਂ ਜੇਕਰ ਕੋਈ ਚੰਗਾ ਖਰੀਦਦਾਰ ਮਿਲ ਜਾਵੇ। ਇਹ ਕਿੱਤਾ ਟਿਕਾਊ ਨਹੀਂ ਹੈ,’ ਮੋਹਨਲਾਲ ਕਹਿੰਦੇ ਹਨ।
ਜਿੱਥੇ ਜੈਸਲਮੇਰ ਵਿੱਚ ਹੱਥੀਂ ਮੋਰਚੰਗ ਬਣਾਉਣ ਵਾਲੇ ਕਾਰੀਗਰਾਂ ਦੀ ਗਿਣਤੀ ਘੱਟ ਰਹੀ ਹੈ, ਮੋਹਨਲਾਲ ਸ਼ੁਕਰਗੁਜ਼ਾਰ ਹਨ ਕਿ ਉਹਨਾਂ ਦੇ ਸਪੁੱਤਰਾਂ ਨੇ ਇਸ ਕਲਾ ਨੂੰ ਅਪਣਾਇਆ ਹੈ। “ਲੋਕ ਇਸ [ਚੰਗੀ] ਗੁਣਵੱਤਾ ਵਾਲੇ ਮੋਰਚੰਗ ਲਈ ਇੱਕ ਹਜ਼ਾਰ ਰੁਪਏ ਵੀ ਨਹੀਂ ਖਰਚਣਾ ਚਾਹੁੰਦੇ,” ਉਹ ਕਹਿੰਦੇ ਹਨ। ਮੋਰਚੰਗ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਸਬਰ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਜੋ ਕਿ ਹਰ ਕਿਸੇ ਦੇ ਵਸ ਦੀ ਗੱਲ ਨਹੀਂ। “ਸਾਰਾ ਦਿਨ ਕੰਮ ਕਰਨਾ ਪੈਂਦਾ ਹੈ ਅਤੇ ਫਿਰ ਜਾ ਕੇ ਕਿਤੇ ਦਿਨ ਦੇ 300-400 ਰੁਪਏ ਬਣਦੇ ਹਨ, ਉਹ ਵੀ ਤਾਂ ਜੇਕਰ ਕੋਈ ਚੰਗਾ ਖਰੀਦਦਾਰ ਮਿਲ ਜਾਵੇ। ਇਹ ਕਿੱਤਾ ਟਿਕਾਊ ਨਹੀਂ ਹੈ,” ਉਹ ਕਹਿੰਦੇ ਹਨ।
ਬਹੁਤੇ ਲੋਹਾਰ ਸ਼ਿਕਾਇਤ ਕਰਦੇ ਹਨ ਕਿ ਧੂੰਏ ਨਾਲ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਂਦੀਆਂ ਹਨ। “ਭੱਠੀ ਨਾਲ ਬਹੁਤ ਜ਼ਿਆਦਾ ਧੂੰਆ ਹੁੰਦਾ ਹੈ ਜੋ ਅੱਖਾਂ ਅਤੇ ਨੱਕ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਖੰਗ ਹੋ ਜਾਂਦੀ ਹੈ,” ਰਨਮਾਲ ਦਾ ਕਹਿਣਾ ਹੈ। “ਸਾਨੂੰ ਝੁਲਸਦੇ ਤਾਪਮਾਨ ਵਿੱਚ ਭੱਠੀ ਦੇ ਕੋਲ ਬੈਠਣਾ ਪੈਂਦਾ ਹੈ ਜਿਸ ਕਾਰਨ ਦਮ ਘੁੱਟਦਾ ਮਹਿਸੂਸ ਹੁੰਦਾ ਹੈ।” ਇਹ ਸੁਣ ਕੇ ਮੋਹਨਲਾਲ ਆਪਣੇ ਪੁੱਤਰ ਨੂੰ ਝਿੜਕਦਿਆਂ ਕਹਿੰਦੇ ਹਨ,“ ਜੇ ਤੂੰ ਸੱਟਾਂ ਵੱਲ ਧਿਆਨ ਦੇਵੇਂਗਾ ਤਾਂ ਸਿੱਖੇਂਗਾ ਕਿਵੇਂ?”
ਮੋਰਚੰਗ ਤੋਂ ਇਲਾਵਾ ਮੋਹਨਲਾਲ ਨੇ ਅਲਗੋਜ਼ੇ (ਜਿਸ ਨੂੰ ਬਾਂਸਰੀਆਂ ਦਾ ਜੋੜਾ ਵੀ ਕਹਿੰਦੇ ਹਨ), ਸ਼ਹਿਨਾਈ, ਮੁਰਲੀ, ਸਾਰੰਗੀ, ਹਰਮੋਨੀਅਮ ਅਤੇ ਬਾਂਸਰੀ ਵੀ ਬਣਾਉਣੀ ਸਿੱਖੀ ਹੈ। “ਮੈਨੂੰ ਸੰਗੀਤਕ ਸਾਜ ਵਜਾਉਣਾ ਪਸੰਦ ਹੈ ਅਤੇ ਇਸ ਲਈ ਮੈਂ ਇਹ ਸਾਜ ਬਣਾਉਣੇ ਸਿੱਖਦਾ ਰਹਿੰਦਾ ਹਾਂ।” ਇਹਨਾਂ ਵਿੱਚੋਂ ਬਹੁਤੇ ਉਹਨਾਂ ਨੇ ਇੱਕ ਲੋਹੇ ਦੇ ਟਰੰਕ ਵਿੱਚ ਸਾਂਭ ਕੇ ਜਿੰਦਾ ਮਾਰ ਕੇ ਰੱਖੇ ਹੋਏ ਹਨ। “ਯੇ ਮੇਰਾ ਖਜਾਨਾ ਹੈ [ਇਹ ਮੇਰਾ ਖਜਾਨਾ ਹੈ],” ਉਹ ਕਹਿੰਦੇ ਹਨ।
ਇਹ ਕਹਾਣੀ ਸੰਕਿਤ ਜੈਨ ਦੁਆਰਾ ਪੇਂਡੂ ਕਾਰੀਗਰਾਂ ’ ਤੇ ਚੱਲ ਰਹੀ ਇੱਕ ਲੜੀ ਦਾ ਹਿੱਸਾ ਹੈ ਅਤੇ ਮਰੀਨਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਸਮਰਥਤ ਹੈ।
ਤਰਜਮਾ: ਇੰਦਰਜੀਤ ਸਿੰਘ