ਚਿਤਰੰਜਨ ਰੇਅ 28 ਸਾਲ ਦੀ ਉਮਰੇ, ਚੰਗੀ ਮਜ਼ਦੂਰੀ ਦੀ ਭਾਲ ਵਿੱਚ, 2015 ਵਿੱਚ ਪੱਛਮੀ ਬੰਗਾਲ ਦੇ ਗਡਾਂਗ ਪਿੰਡ ਤੋਂ ਬਹੁਤ ਦੂਰ ਕੇਰਲ ਲਈ ਨਿਕਲੇ ਸਨ। ਉਸਨੇ ਸੂਬੇ ਭਰ ਦੀਆਂ ਸਾਈਟਾਂ 'ਤੇ ਮਿਸਤਰੀ ਵਜੋਂ ਕੰਮ ਕੀਤਾ, ਕੁਝ ਪੈਸੇ ਬਚਾਏ ਅਤੇ ਅੱਠ ਵਿੱਘੇ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਨ ਲਈ ਵਾਪਸ ਆ ਗਿਆ। ਉਹ ਪਹਿਲਾਂ ਵੀ ਜੱਦੀ ਜ਼ਮੀਨ ’ਤੇ ਕੰਮ ਕਰਦਾ ਸੀ ਅਤੇ ਆਲੂਆਂ ਦੀ ਖੇਤੀ ਕਰਨ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ।
"ਜ਼ਮੀਨ ਪਹਿਲੀ ਵਾਰ ਵਾਹੀ ਜਾ ਰਹੀ ਸੀ, ਇਸ ਕਰਕੇ ਇਹਦੇ ਵਿੱਚ ਵੱਧ ਮਿਹਨਤ ਅਤੇ ਵੱਧ ਨਿਵੇਸ਼ ਦੀ ਲੋੜ ਸੀ," ਉਸਦੇ ਚਾਚਾ ਉੱਤਮ ਰੇਅ, ਜੋ ਅੱਜ ਆਪਣੀ ਉਮਰ ਦੇ 50ਵਿਆਂ ਵਿੱਚ ਹਨ, ਸ਼ੁਰੂ ਵਿੱਚ ਇੱਕ ਕਿਸਾਨ ਸਨ, ਕਹਿੰਦੇ ਹਨ। ਇਸ ਆਸ ਨਾਲ਼ ਕਿ ਚੰਗੀ ਫ਼ਸਲ ਨਾਲ ਉਹ ਮੁਨਾਫ਼ਾ ਖੱਟੇਗਾ, ਚਿਤਰੰਜਨ ਨੇ—ਸਮੇਂ-ਸਮੇਂ ’ਤੇ—ਸਥਾਨਕ ਸ਼ਾਹੂਕਾਰਾਂ ਅਤੇ ਬੈਂਕ ਤੋਂ ਕਰਜ਼ਾ ਲਿਆ –ਕੁੱਲ ਮਿਲਾ ਕੇ ਲਗਭਗ 5 ਲੱਖ ਰੁਪਏ। "ਬਹੁਤ ਉੱਚੀ ਵਿਆਜ ਦਰ 'ਤੇ," ਉੱਤਮ ਕਹਿੰਦਾ ਹੈ। ਪਰ ਫਿਰ, 2017 ਵਿੱਚ, ਜ਼ਿਆਦਾ ਮੀਂਹ ਪੈਣ ਨਾਲ਼ ਜ਼ਮੀਨ ਪਾਣੀ ਨਾਲ ਭਰ ਗਈ। ਫਸਲ ਤਬਾਹ ਹੋ ਗਈ। ਨੁਕਸਾਨ ਝੱਲਣ ਤੋਂ ਅਸਮਰੱਥ, 30 ਸਾਲਾ ਚਿਤਰੰਜਨ ਨੇ ਉਸੇ ਸਾਲ 31 ਜੁਲਾਈ ਨੂੰ ਆਪਣੇ ਹੀ ਘਰ ਵਿੱਚ ਫਾਹਾ ਲੈ ਲਿਆ।
“ਉਸਦੇ ਮਾਪੇ ਉਸ ਦਾ ਵਿਆਹ ਕਰਨ ਲਈ ਉਤਾਵਲੇ ਸਨ,” ਜਲਪਾਈਗੁੜੀ ਜ਼ਿਲ੍ਹੇ ਦੇ ਧੂਪਗੁੜੀ ਬਲਾਕ ਦੇ ਉਸੇ ਪਿੰਡ ਦੇ ਕਿਸਾਨ ਚਿੰਤਾਮੋਹਨ ਰਾਏ, ਜੋ ਪੰਜ ਵਿੱਘੇ (1 ਵਿੱਘਾ ਮਤਲਬ 0.33 ਏਕੜ) ਵਿੱਚ ਆਲੂ, ਝੋਨਾ ਅਤੇ ਜੂਟ ਦੀ ਖੇਤੀ ਕਰਦਾ ਹੈ, ਨੇ ਅੱਗੇ ਦੱਸਿਆ। "ਕਿਉਂਕਿ ਉਹ ਖ਼ੁਦ ਬੈਂਕ ਲੋਨ ਲਈ ਯੋਗ ਨਹੀਂ ਸੀ, ਤਾਂ ਉਸਦੇ ਪਿਤਾ ਨੇ ਉਹਦੇ ਲਈ ਕਰਜਾ ਲੈ ਲਿਆ।" ਪੁੱਤ ਦੇ ਤੁਰ ਜਾਣ ਨਾਲ 60 ਸਾਲਾ ਪਿਤਾ ਕਰਜ਼ੇ ਨਾਲ ਜੂਝ ਰਿਹਾ ਹੈ, ਮ੍ਰਿਤਕ ਨੌਜਵਾਨ ਦੀ ਮਾਂ ਬਿਮਾਰ ਹੈ।
ਚਿੰਤਾਮੋਹਨ ਨੇ ਵੀ ਹਾਲ ਹੀ ਵਿੱਚ ਆਪਣੇ ਪਰਿਵਾਰ ਵਿੱਚ ਖੁਦਕੁਸ਼ੀ ਦੇਖੀ ਹੈ। "ਮੇਰਾ ਭਰਾ ਇੱਕ ਭੋਲਾ ਬੰਦਾ ਸੀ, ਉਹ ਦਬਾਅ ਨਹੀਂ ਝੱਲ ਸਕਿਆ ਅਤੇ 23 ਜੂਨ, 2019 ਨੂੰ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ," ਉਹ ਕਹਿੰਦਾ ਹੈ। ਉਸ ਦਾ ਭਰਾ ਗੰਗਾਧਰ 51 ਸਾਲ ਦਾ ਸੀ।
“ਉਹ ਆਪਣੇ ਪੰਜ ਵਿੱਘਿਆਂ ਵਿੱਚ ਆਲੂ ਦੀ ਕਾਸ਼ਤ ਰਿਹਾ ਸੀ,” 54 ਸਾਲਾ ਚਿੰਤਾਮੋਹਨ ਅੱਗੇ ਕਹਿੰਦਾ ਹੈ। “ਉਸਨੇ [ਬੈਂਕਾਂ, ਨਿੱਜੀ ਸ਼ਾਹੂਕਾਰਾਂ ਤੋਂ ਅਤੇ ਇੱਥੋਂ ਤੱਕ ਕਿ ਖ਼ਾਦ-ਬੀਜ ਵੇਚਣ ਵਾਲ਼ਿਆਂ (ਇਨਪੁਟ ਡੀਲਰਾਂ) ਤੋਂ ਵੀ] ਕਰਜ਼ਾ ਲਿਆ ਸੀ। ਪਿਛਲੇ ਕੁਝ ਸੀਜ਼ਨਾਂ ਤੋਂ ਲਗਾਤਾਰ ਪੈਂਦੇ ਘਾਟੇ ਕਰਕੇ, ਸਥਿਤੀ ਅਜਿਹੀ ਹੋ ਗਈ ਕਿ ਉਹ ਖੁਦ 'ਤੇ ਕਾਬੂ ਨਾ ਕਰ ਸਕਿਆ ..."
ਗੰਗਾਧਰ ਦੀ ਜ਼ਮੀਨ ਦਾ ਵੱਡਾ ਹਿੱਸਾ ਨਿੱਜੀ ਸ਼ਾਹੂਕਾਰਾਂ ਕੋਲ ਗਹਿਣੇ ਹੈ। ਉਸ ਦਾ ਕੁੱਲ ਕਰਜ਼ਾ ਕਰੀਬ 5 ਲੱਖ ਰੁਪਏ ਸੀ। ਉਸਦੀ ਵਿਧਵਾ ਇੱਕ ਘਰੇਲੂ ਔਰਤ ਹੈ, ਜਿਹਦੀਆਂ ਤਿੰਨ ਧੀਆਂ ਹਨ, ਸਭ ਤੋਂ ਵੱਡੀ ਕਾਲਜ ਪੜ੍ਹਦੀ ਹੈ । ਚਿੰਤਾਮੋਹਨ ਕਹਿੰਦਾ ਹੈ, “ਅਸੀਂ ਭਰਾ ਅਤੇ ਗੰਗਾਧਰ ਦੇ ਸਹੁਰੇ ਉਨ੍ਹਾਂ ਦੇ ਜੀਵਨ ਦੀ ਗੱਡੀ ਨੂੰ ਕਿਸੇ ਤਰ੍ਹਾਂ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
ਮੈਂ ਚਿੰਤਮੋਹਨ ਅਤੇ ਉੱਤਮ ਨੂੰ 31 ਅਗਸਤ ਵਾਲੇ ਦਿਨ ਮੱਧ ਕੋਲਕਾਤਾ ਵਿੱਚ ਰਾਣੀ ਰਸ਼ਮੋਨੀ ਰੋਡ 'ਤੇ AIKS-AIAWU (ਆਲ ਇੰਡੀਆ ਕਿਸਾਨ ਸਭਾ-ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ) ਦੁਆਰਾ ਆਯੋਜਿਤ ਇੱਕ ਰੈਲੀ ਵਿੱਚ ਇੱਕ ਤਪਦੀ ਦੁਪਹਿਰੇ ਮਿਲੀ ਸਾਂ। ਉਹ ਉਨ੍ਹਾਂ 43 ਲੋਕਾਂ ਦੇ ਜੱਥੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਖੇਤੀ ਸੰਕਟ ਕਾਰਨ ਖੁਦਕੁਸ਼ੀ ਦੇਖੀ ਸੀ। ਉਹ ਮੁੱਖ ਤੌਰ 'ਤੇ ਜਲਪਾਈਗੁੜੀ, ਮਾਲਦਾਹ, ਪੂਰਬ ਬਰਧਮਾਨ, ਪੱਛਮ ਬਰਧਮਾਨ, ਪੱਛਮੀ ਮੇਦਿਨੀਪੁਰ ਅਤੇ ਪੂਰਬ ਮੇਦਿਨੀਪੁਰ ਜ਼ਿਲ੍ਹਿਆਂ ਤੋਂ ਆਏ ਸਨ। ਤਕਰੀਬਨ 20,000 ਲੋਕਾਂ ਨੇ ਰੈਲੀ ਵਿੱਚ ਹਿੱਸਾ ਲਿਆ।
ਉਨ੍ਹਾਂ ਦੀਆਂ ਮੰਗਾਂ ਸਨ: ਕਿਸਾਨ ਖੁਦਕੁਸ਼ੀਆਂ ਲਈ ਮੁਆਵਜ਼ਾ, ਸੋਧੀਆਂ ਉਜਰਤਾਂ, ਵਾਜਬ ਘੱਟੋ-ਘੱਟ ਸਮਰਥਨ ਮੁੱਲ ਅਤੇ ਬਜ਼ੁਰਗ ਖੇਤੀਬਾੜੀ ਕਾਮਿਆਂ ਲਈ ਪੈਨਸ਼ਨ।
ਦੋ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ, (ਆਪਣੇ ਖੁਦ ਦੇ ਖੇਤੀ ਸਰਵੇਖਣਾਂ ਦੇ ਅਧਾਰ ’ਤੇ) AIKS ਨੇ ਕਿਹਾ ਸੀ ਕਿ ਪੱਛਮੀ ਬੰਗਾਲ ਵਿੱਚ 2011 ਤੋਂ ਹੁਣ ਤੱਕ 217 ਕਿਸਾਨ ਖੁਦਕੁਸ਼ੀਆਂ ਹੋ ਚੁੱਕੀਆਂ ਹਨ। ਇਹਨਾਂ ਵਿੱਚੋਂ ਬਹੁਤੀਆਂ ਆਲੂ ਉਗਾਉਣ ਵਾਲੇ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਹਨ। ਬਿਜ਼ਨਸ ਸਟੈਂਡਰਡ ਵਿੱਚ 2015 ਦੀ ਇੱਕ ਰਿਪੋਰਟ , ਹੋਰ ਸਮੱਸਿਆਵਾਂ ਦੇ ਨਾਲ-ਨਾਲ਼, ਪੱਛਮੀ ਬੰਗਾਲ ਵਿੱਚ ਆਲੂ ਉਗਾਉਣ ਵਾਲੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀ ਗੱਲ ਵੀ ਕਰਦੀ ਹੈ। ਹਾਲਾਂਕਿ, ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਮੁੱਖ ਮੰਤਰੀ, ਮਮਤਾ ਬੈਨਰਜੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਵਿੱਚ ਕੋਈ ਕਿਸਾਨ ਖੁਦਕੁਸ਼ੀਆਂ ਨਹੀਂ ਹੋਈਆਂ। ਦਰਅਸਲ ਐੱਨਸੀਆਰਬੀ (ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ) ਨੇ 2015 ਵਿੱਚ ਕਿਸਾਨ ਖ਼ੁਦਕੁਸ਼ੀਆਂ 'ਤੇ ਡੇਟਾ ਜਾਰੀ ਕਰਨਾ ਬੰਦ ਕਰ ਦਿੱਤਾ ਸੀ, ਇਸ ਤੋਂ ਵੀ ਕਾਫ਼ੀ ਪਹਿਲਾਂ ਰਾਜਾਂ ਨੇ 2011 ਤੋਂ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੂੰ ਕਿਸਾਨ ਖ਼ੁਦਕੁਸ਼ੀਆਂ 'ਤੇ ਡੇਟਾ ਪ੍ਰਦਾਨ ਕਰਨਾ ਬੰਦ ਕਰ ਦਿੱਤਾ ਸੀ।
ਪਰ 31 ਅਗਸਤ ਦੀ ਰੈਲੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਪੱਛਮੀ ਬੰਗਾਲ ਵਿੱਚ ਆਲੂ ਉਗਾਉਣ ਵਾਲੇ ਕਿਸਾਨ ਡੂੰਘੀ ਮੁਸੀਬਤ ਵਿੱਚ ਹਨ- ਉਹ ਜਾਂ ਤਾਂ ਮਾੜੀ ਫਸਲ ਦੀ ਮਾਰ ਹੇਠ ਹਨ ਜਾਂ, ਆਮ ਤੌਰ 'ਤੇ, ਡਿੱਗਦੀਆਂ ਕੀਮਤਾਂ ਕਾਰਨ ਮੰਡੀ ਵਿੱਚ ਪਹੁੰਚ ਵਾਫ਼ਰ ਮਾਲ ਕਰਕੇ ਪ੍ਰਭਾਵਿਤ ਹੋਏ ਹਨ। ਉੱਤਰ ਪ੍ਰਦੇਸ਼ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਲੂ ਉਤਪਾਦਕ ਸੂਬਾ ਹੈ। ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੇ ਬਾਗਬਾਨੀ ਅੰਕੜਾ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਪੱਛਮੀ ਬੰਗਾਲ ਵਿੱਚ ਪੰਜ ਸਾਲਾਂ ਦੀ ਔਸਤ ਆਲੂ ਉਪਜ (2013-14 ਤੋਂ 2017-18 ਤੱਕ) 10.6 ਮਿਲੀਅਨ ਟਨ ਸੀ - ਜਾਂ ਕਹਿ ਲਓ ਦੇਸ਼ ਦੇ ਆਲੂਆਂ ਦਾ ਲਗਭਗ 23 ਫ਼ੀਸਦ ਸੀ। 2018-19 ਵਿੱਚ, ਸੂਬੇ ਵਿੱਚ ਅੰਦਾਜ਼ਨ 12.78 ਮਿਲੀਅਨ ਟਨ ਆਲੂ ਦੀ ਚੁਗਾਈ ਕੀਤੀ ਜਾਵੇਗੀ - ਭਾਵ ਕਿ ਭਾਰਤ ਦੇ ਆਲੂ ਉਤਪਾਦਨ ਦਾ 24.31 ਪ੍ਰਤੀਸ਼ਤ। ਇਸ ਵਿੱਚੋਂ ਅੱਧੇ ਹਿੱਸੇ ਨੂੰ ਦੂਜੇ ਸੂਬਿਆਂ ਵਿੱਚ ਵੇਚਣ ਲਈ ਭੇਜੇ ਜਾਣ (ਅਤੇ ਬਾਕੀ ਪੱਛਮੀ ਬੰਗਾਲ ਵਿੱਚ ਖਪਤ ਕੀਤੇ ਜਾਣ) ਦੇ ਬਾਵਜੂਦ, ਉਤਪਾਦਨ ਕਈ ਵਾਰ ਲੋੜ ਤੋਂ ਵੱਧ ਹੁੰਦਾ ਹੈ।
27 ਫਰਵਰੀ, 2019, ਪੱਛਮੀ ਬੰਗਾਲ ਸਰਕਾਰ ਦੇ ਖੇਤੀਬਾੜੀ ਮਾਰਕੀਟਿੰਗ ਵਿਭਾਗ ਦੁਆਰਾ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ, “ਇਸ ਸਾਲ ਸਾਡੇ ਰਾਜ ਵਿੱਚ ਆਲੂਆਂ ਦੇ ਬੰਪਰ ਉਤਪਾਦਨ ਅਤੇ ਦੂਜੇ ਆਲੂ ਉਤਪਾਦਕ ਰਾਜਾਂ ਵਿੱਚ ਵੀ ਆਲੂ ਦੀ ਚੰਗੀ ਫਸਲ ਹੋਣ ਦੀਆਂ ਰਿਪੋਰਟਾਂ ਹਨ। ਆਲੂ ਦੀ ਮੰਡੀ ਵਿੱਚ ਇੱਕ ਭਰਮਾਰ ਦੇ ਨਤੀਜੇ ਵਜੋਂ ਖੇਤ ਤੋਂ ਸਿੱਧੇ (ਫਾਰਮ ਗੇਟ) ਮੰਡੀ ਪਹੁੰਚਣ ਵਾਲ਼ੇ ਆਲੂ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ। ਮੌਜੂਦਾ ਫਾਰਮ ਗੇਟ ਦੀਆਂ ਕੀਮਤਾਂ ਉਤਪਾਦਨ ਦੀ ਲਾਗਤ ਤੋਂ ਵੀ ਘੱਟ ਦੱਸੀਆਂ ਜਾ ਰਹੀਆਂ ਹਨ ਅਤੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਰਚ ਦੇ ਮਹੀਨੇ ਇਕੱਠਿਆਂ ਵਾਢੀ ਤੋਂ ਬਾਅਦ, ਫਾਰਮ ਗੇਟ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”
ਇਸ ਸਥਿਤੀ ਨਾਲ਼ ਨਜਿੱਠਣ ਲਈ, ਸਰਕਾਰ ਨੇ, ਉਸੇ ਨੋਟਿਸ ਵਿੱਚ, “ਐਲਾਨੇ ਹੋਏ ਘੱਟੋ-ਘੱਟ ਖਰੀਦ ਮੁੱਲ” [550 ਰੁਪਏ ਪ੍ਰਤੀ ਕੁਇੰਟਲ] ਉੱਤੇ ਕਿਸਾਨਾਂ ਤੋਂ ਆਲੂ ਦੀ ਸਿੱਧੀ ਖਰੀਦ ਦਾ ਐਲਾਨ ਕੀਤਾ, ਜੋ 1 ਮਾਰਚ, 2019 ਤੋਂ ਲਾਗੂ ਹੋਵੇਗਾ। ਇਹ, ਨੋਟਿਸ ਕਹਿੰਦਾ ਹੈ ਕਿ ਇਹ "ਕਿਸਾਨਾਂ ਵੱਲੋਂ ਆਲੂ ਖਰੀਦਣ ਅਤੇ ਉਨ੍ਹਾਂ ਨੂੰ ਕੋਲਡ-ਸਟੋਰੇਜ ਵਿੱਚ ਸਟੋਰ ਕਰਨ ਲਈ ਤਿਆਰ ਕਰਨ'' ਲਈ ਭੁਗਤਾਨ ਕੀਤੀ ਗਈ ਕੀਮਤ ਹੈ।
ਹਾਲਾਂਕਿ, ਪੱਛਮੀ ਬੰਗਾਲ ਕੋਲ, ਇਸੇ ਜ਼ਮੀਨ 'ਤੇ ਉਗਾਏ ਜਾਂਦੇ ਲੱਖਾਂ ਆਲੂਆਂ ਲਈ, ਇੰਨੀਆਂ ਢੁਕਵੀਂਆਂ ਕੋਲਡ ਸਟੋਰੇਜ ਸਹੂਲਤਾਂ ਨਹੀਂ ਹਨ। ਰਾਸ਼ਟਰੀ ਬਾਗਬਾਨੀ ਬੋਰਡ (ਖੇਤੀਬਾੜੀ ਵਿਭਾਗ ਦੇ ਅਧੀਨ) ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ (ਦਸੰਬਰ 2017 ਤੱਕ) ਕੁੱਲ 5.9 ਮਿਲੀਅਨ ਮੀਟ੍ਰਿਕ ਟਨ (ਸਾਰੇ ਭੋਜਨ ਪਦਾਰਥਾਂ ਲਈ) ਕੋਲਡ ਸਟੋਰੇਜ ਸੁਵਿਧਾਵਾਂ ਸਨ। ਅਤੇ 2017-18 ਵਿੱਚ, ਪੱਛਮੀ ਬੰਗਾਲ ਨੇ 12.7 ਮਿਲੀਅਨ ਟਨ ਆਲੂਆਂ ਦਾ ਉਤਪਾਦਨ ਕੀਤਾ।
“ਜਦੋਂ ਮਾਰਚ ਦੇ ਮਹੀਨੇ ਆਲੂ ਦੀ ਚੁਗਾਈ ਕੀਤੀ ਜਾਂਦੀ ਹੈ, ਤਾਂ ਕੋਲਡ ਸਟੋਰੇਜ (ਚੇਨ) ਵਾਲ਼ਿਆਂ ਦੇ ਇਸ਼ਤਿਹਾਰ ਇਹ ਦੱਸਦੇ ਹਨ ਕਿ ਪ੍ਰਤੀ ਵਿਅਕਤੀ, ਕਦੋਂ ਤੇ ਕਿੰਨਾ ਆਲੂ ਸਟੋਰ ਕੀਤਾ ਜਾ ਸਕਦਾ ਹੈ,” ਚਿੰਤਾਮੋਹਨ ਕਹਿੰਦਾ ਹੈ। “ਸਾਨੂੰ ਪਹਿਲਾਂ ਭੁਗਤਾਨ ਕਰਨਾ ਪੈਂਦਾ ਹੈ। ਜਦੋਂ ਰੇਟ ਵੱਧ ਜਾਂਦੇ ਨੇ, ਅਸੀਂ ਆਲੂਆਂ ਨੂੰ ਮੰਡੀ ਵਿੱਚ ਵੇਚ ਦਿੰਦੇ ਹਾਂ। ਬਾਕੀ ਆਲੂ ਖੇਤ ਵਿੱਚ ਹੀ ਸੜ ਜਾਂਦੇ ਨੇ।”
ਪਿਛਲੇ ਸਾਲਾਂ ਵਿੱਚ ਵੀ, ਕਿਸਾਨਾਂ ਨੇ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ, ਜਿਵੇਂ ਕਿ ਕੋਲਕਾਤਾ ਰੈਲੀ ਵਿੱਚ ਕੁਝ ਲੋਕਾਂ, ਜੋ ਅਜੇ ਵੀ ਇੱਕ ਪਰਿਵਾਰਕ ਮੈਂਬਰ ਦੀ ਖੁਦਕੁਸ਼ੀ ਤੋਂ ਦੁਖੀ ਹਨ, ਨੇ ਕਿਹਾ। “ਮੇਰੇ ਪਤੀ [ਦਲੀਪ] ਨੂੰ ਸਿਰਫ਼ 200 ਰੁਪਏ ਪ੍ਰਤੀ ਬੋਰੀ ਮਿਲ਼ੇ [ਉਸ ਸਾਲ, 2015 ਵਿੱਚ ਉਤਪਾਦਨ ਦੀ ਲਾਗਤ 550-590 ਰੁਪਏ ਪ੍ਰਤੀ ਕੁਇੰਟਲ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ।]। ਉਸਨੇ ਆਲੂ ਬੀਜਣ ਲਈ ਤਿੰਨ ਏਕੜ ਜ਼ਮੀਨ ਠੇਕੇ 'ਤੇ ਲਈ ਸੀ, ”ਪੱਛਮ ਮੇਦਿਨੀਪੁਰ ਦੇ ਗਰਬੇਟਾ-1 ਬਲਾਕ ਦੇ ਅਮਕੋਪਾ ਪਿੰਡ ਦੀ ਜੋਤਸਨਾ ਮੋਂਡਲ ਕਹਿੰਦੀ ਹੈ। “ਉਸ ’ਤੇ ਹੋਰ ਕਰਜ਼ੇ ਵੀ ਸਨ। ਸ਼ਾਹੂਕਾਰਾਂ, ਮਕਾਨ ਮਾਲਕਾਂ, ਬਿਜਲੀ ਸਪਲਾਈ ਵਿਭਾਗ ਅਤੇ ਬੈਂਕ ਦਾ ਲਗਾਤਾਰ ਦਬਾਅ ਸੀ। 4 ਅਪ੍ਰੈਲ, 2015 ਨੂੰ, ਜਿਸ ਦਿਨ ਸ਼ਾਹੂਕਾਰ ਨੇ ਉਸਨੂੰ ਬੇਇੱਜ਼ਤ ਕੀਤਾ, ਉਸਨੇ ਉਸੇ ਝੌਂਪੜੀ ਦੇ ਅੰਦਰ ਆਪਣੇ ਆਪ ਨੂੰ ਫਾਹੇ ਟੰਗ ਲਿਆ ਜਿੱਥੇ ਅਸੀਂ ਆਲੂ ਸਟੋਰ ਕਰਦੇ ਸਾਂ।”
ਚਿੰਤਾਮੋਹਨ ਦਾ ਕਹਿਣਾ ਹੈ ਕਿ ਬੀਜਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। “ਪਿਛਲੇ ਦੋ ਸਾਲਾਂ ਤੋਂ ਅਸੀਂ [ਆਲੂ] ਦੇ ਬੀਜ 50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ਼ ਖਰੀਦ ਰਹੇ ਹਾਂ। ਪਹਿਲਾਂ, ਅਸੀਂ ਉਨ੍ਹਾਂ ਨੂੰ 35 ਰੁਪਏ ਪ੍ਰਤੀ ਕਿਲੋ ਵਿੱਚ ਖਰੀਦ ਲੈਂਦੇ ਸਾਂ। ਸਰਕਾਰ ਇਨ੍ਹਾਂ ਮਾਮਲਿਆਂ ਵਿਚ ਦਖਲ ਨਹੀਂ ਦਿੰਦੀ, ਘੱਟੋ-ਘੱਟ ਸਾਡੇ ਇਲਾਕੇ ਵਿਚ ਤਾਂ ਨਹੀਂ।''
ਅਤੇ 'ਘੱਟੋ-ਘੱਟ ਖਰੀਦ ਮੁੱਲ' ਦੇ ਐਲਾਨ ਦੇ ਬਾਵਜੂਦ, ਚਿੰਤਾਮੋਹਨ ਕਹਿੰਦਾ ਹੈ, "ਜ਼ਮੀਨ ’ਚੋਂ ਇੱਕ ਵੀ ਆਲੂ ਹਿੱਲ ਨਹੀਂ ਰਿਹਾ।" ਉਸ ਦਾ ਮੰਨਣਾ ਹੈ, “ਇਹ ਸੀਜ਼ਨ ਕੋਈ ਵੱਖਰਾ ਨਹੀਂ ਹੋਵੇਗਾ, ਸਾਨੂੰ ਭਾਰੀ ਨੁਕਸਾਨ ਹੋਵੇਗਾ। ਨਾ ਤਾਂ ਕਿਸਾਨ ਅਤੇ ਨਾ ਹੀ ਵਪਾਰੀ ਕੋਈ ਪੈਸਾ ਕਮਾ ਸਕਣਗੇ।”
ਪਰ ਜਦੋਂ ਬਹੁਤੇ (ਜ਼ਿਆਦਾ) ਉਤਪਾਦਨ ਦਾ ਖਤਰਾ ਹੋਵੇ ਤਾਂ ਆਲੂ ਦੀ ਕਾਸ਼ਤ ਹੀ ਕਿਉਂ ਕੀਤੀ ਜਾਵੇ? ਉਹ ਕਹਿੰਦਾ ਹੈ, “ਮੈਂ ਝੋਨੇ ਅਤੇ ਜੂਟ ਦੀ ਖੇਤੀ ਵੀ ਕਰਦਾ ਹਾਂ। ਜੂਟ ਇੱਕ ਔਖੀ ਫ਼ਸਲ ਹੈ, ਬਹੁਤ ਮਿਹਨਤ ਮੰਗਦੀ ਹੈ; ਆਲੂ ਮੁਕਾਬਲਤਨ ਸੌਖਾ ਅਤੇ ਲਚੀਲਾ ਹੁੰਦਾ ਹੈ - ਇੱਕ ਵਾਰ ਬੀਜਣ ਤੋਂ ਬਾਅਦ, ਹਫ਼ਤੇ ਵਿੱਚ ਦੋ ਵਾਰ ਕੁਝ ਸਿੰਚਾਈ ਅਤੇ ਕੀਟਨਾਸ਼ਕਾਂ ਦੇ ਛਿੜਕਣ ਨਾਲ, ਫਸਲ ਤਿਆਰ ਹੋ ਜਾਂਦੀ ਹੈ।"
ਕੋਲਕਾਤਾ ਦੀ ਰੈਲੀ ਵਿੱਚ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਨੇ ਵਾਰ-ਵਾਰ ਇਨ੍ਹਾਂ ਮੁੱਦਿਆਂ ਅਤੇ ਹੋਰ ਮੁੱਦਿਆਂ ਬਾਰੇ ਰਲਵੀਂ-ਮਿਲਵੀਂ ਗੱਲ ਕੀਤੀ - ਕਿਸੇ ਵੀ ਮੌਤ ਨੂੰ ਕਿਸਾਨੀ ਸੰਕਟ ਨਾਲ ਸਬੰਧਤ ਖੁਦਕੁਸ਼ੀ ਵਜੋਂ ਮਾਨਤਾ ਨਹੀਂ ਦਿੱਤੀ ਗਈ। ਕਿਸੇ ਨੂੰ ਵੀ ਵਿਧਵਾ ਪੈਨਸ਼ਨ ਨਹੀਂ ਮਿਲੀ। ਬਹੁਤੇਰੇ ਲੋਕ ਤਾਂ ਖੁਦਕੁਸ਼ੀਆਂ ਨੂੰ ਸਾਬਤ ਕਰਨ ਲਈ ਕਾਗਜ਼ੀ ਕਾਰਵਾਈ ਨਾਲ਼ ਜੂਝ ਰਹੇ ਸਨ। ਕਿਸੇ ਨੂੰ ਵੀ ਫ਼ਸਲੀ ਬੀਮੇ ਦੀ ਰਕਮ ਨਹੀਂ ਮਿਲੀ।
"ਮੈਨੂੰ ਸਰਕਾਰ ਤੋਂ ਇੱਕ ਕੌਡੀ [ਪੈਸਾ] ਵੀ ਨਹੀਂ ਮਿਲੀ, ਉਹ ਇਹ ਵੀ ਨਹੀਂ ਮੰਨਦੇ ਕਿ ਮੇਰੇ ਪਤੀ ਨੇ ਖੁਦਕੁਸ਼ੀ ਕੀਤੀ ਹੈ!" ਜੋਤਸਨਾ ਕਹਿੰਦੀ ਹੈ, “ਮੇਰੀ ਕੋਈ ਵਿਧਵਾ ਪੈਨਸ਼ਨ ਨਹੀਂ ਲੱਗੀ। ਮੇਰੇ ਪਤੀ ਦਾ ਖੇਤੀ ਕਰਜ਼ਾ ਅਜੇ ਤੱਕ ਮੁਆਫ਼ ਨਹੀਂ ਹੋਇਆ ਹੈ। ਮੈਂ ਉਸਦਾ ਕਰਜ਼ਾ ਲਾਹ ਰਹੀ ਹਾਂ। ਮੈਨੂੰ ਉਹਨਾਂ [ਸ਼ਾਹੂਕਾਰਾਂ] ਨੂੰ ਦੇਣ ਲਈ ਬੰਧਨ ਬੈਂਕ ਤੋਂ [80,000ਰੁਪਏ ਦਾ] ਕਰਜ਼ਾ ਲੈਣਾ ਪਿਆ। ਹੁਣ ਮੈਂ ਹਰ ਹਫ਼ਤੇ 1,000 ਰੁਪਏ ਦਾ ਭੁਗਤਾਨ ਕਰ ਰਹੀ ਹਾਂ।” ਇੰਨਾ ਕਹਿੰਦਿਆਂ ਹੀ ਉਹਦੇ ਜੇਰੇ ਦਾ ਬੰਨ੍ਹ ਟੁੱਟ ਜਾਂਦਾ ਹੈ। “ਕੋਈ ਨਹੀਂ ਜੋ ਸਾਡੀ ਬਾਂਹ ਫੜ੍ਹੇ। ਕਿਰਪਾ ਕਰਕੇ ਆਓ ਅਤੇ ਦੇਖੋ ਕਿ ਸਾਡੇ ਵਰਗੇ ਲੋਕ ਕਿਵੇਂ ਜਿਉਂ ਰਹੇ ਨੇ। ਮੈਂ ਅਤੇ ਮੇਰਾ [ਛੋਟਾ] ਮੁੰਡਾ 150 ਰੁਪਏ ਦਿਹਾੜੀ ਬਦਲੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਖੇਤਾਂ ਵਿੱਚ ਕੰਮ ਕਰਦੇ ਹਾਂ। ਅਸੀਂ ਜੀਵਾਂਗੇ ਕਿਵੇਂ ਅਤੇ ਕਿਵੇਂ ਇਹਨਾਂ ਕਰਜ਼ਿਆਂ ਦੀ ਅਦਾਇਗੀ ਕਰਾਂਗੇ?"
ਕਵਰ ਫ਼ੋਟੋ: ਸ਼ਯਾਮਲ ਮਜੂਮਦਾਰ
ਤਰਜਮਾ: ਅਰਸ਼