4 ਮਈ ਨੂੰ ਜਦੋਂ ਹਰਿੰਦਰ ਸਿੰਘ ਨੇ ਆਪਣੇ ਸਹਿਕਰਮੀ ਪੱਪੂ ਨੂੰ ਆਖਰੀ ਦੋ ਲਾਸ਼ਾਂ ਨੂੰ ਅੰਤਮ ਸਸਕਾਰ ਲਈ ਤਿਆਰ ਕਰਨ ਲਈ ਕਿਹਾ ਤਾਂ ਉਨ੍ਹਾਂ ਨੂੰ ਮਾਸਾ ਉਮੀਦ ਨਹੀਂ ਸੀ ਉਹ ਆਪਣੀ ਗੱਲ ਨਾਲ਼ ਹੀ ਆਪਣੇ ਸਹਿਯੋਗੀਆਂ ਨੂੰ ਹੈਰਾਨ ਕਰ ਸੁੱਟਣਗੇ। ਉਨ੍ਹਾਂ ਨੇ ਜਿਨ੍ਹਾਂ ਅਲਫ਼ਾਜ਼ਾਂ ਦੀ ਚੋਣ ਕੀਤੀ ਉਹ ਕੁਝ ਅਸਧਾਰਣ ਸਨ।
ਹਰਿੰਦਰ ਨੇ ਕਿਹਾ :'' ਦੋ ਲੌਂਡੇ ਲੇਟੇ ਹੂਏ ਹੈਂ '' । ਸ਼ੁਰੂਆਤ ਵਿੱਚ ਉਨ੍ਹਾਂ ਦੇ ਸਹਿਯੋਗੀ ਵੀ ਹੈਰਾਨ ਹੋ ਗਏ। ਪਰ ਫਿਰ ਇਹਨੂੰ ਮਹਿਜ਼ ਮਜ਼ਾਕ ਸਮਝ ਲੈਣ ਦੀ ਨਜ਼ਰ ਨਾਲ਼ ਜਦੋਂ ਉਨ੍ਹਾਂ ਨੇ ਹਰਿੰਦਰ ਵੱਲ ਦੇਖਿਆ ਤਾਂ ਉਹ ਗੰਭੀਰ ਸਨ। ਨਵੀਂ ਦਿੱਲੀ ਦੇ ਸਭ ਤੋਂ ਮਸ਼ਰੂਫ਼ ਸ਼ਮਸ਼ਾਨ ਨਿਗਮ ਬੋਧ ਘਾਟ 'ਤੇ ਉਨ੍ਹਾਂ ਦੀ ਹੱਡ-ਭੰਨ੍ਹਵੀਂ ਨੌਕਰੀ ਵਿੱਚੋਂ ਇਹੀ ਕੁਝ ਰਾਹਤ-ਦੇਊ ਦੁਰਲਭ ਪਲ ਸੀ।
ਪਰ ਹਰਿੰਦਰ ਨੂੰ ਜਾਪਿਆ ਕਿ ਉਨ੍ਹਾਂ ਨੂੰ ਆਪਣੀ ਗੱਲ ਕੁਝ ਸਪੱਸ਼ਟ ਕਰਨ ਦੀ ਲੋੜ ਹੈ। ਉਹ ਸ਼ਮਸ਼ਾਨ ਦੀਆਂ ਭੱਠੀਆਂ ਦੇ ਨੇੜੇ ਬਣੇ ਕਮਰੇ ਵਿੱਚ ਆਪਣੇ ਸਹਿਕਰਮੀਆਂ ਨਾਲ਼ ਬੈਠੇ ਰਾਤ ਦਾ ਖਾਣਾ ਖਾ ਰਹੇ ਸਨ। ਉਨ੍ਹਾਂ ਨੇ ਇੱਕ ਲੰਬਾ ਸਾਹ ਭਰਿਆ-ਉਹ ਖੁਸ਼ਕਿਸਮਤ ਸਨ ਜੋ ਨਰਕ ਭਰੀ ਕੋਵਿਡ ਮਹਾਂਮਾਰੀ ਦੇ ਇਸ ਕਾਲ਼ ਵਿੱਚ ਸਾਹ ਲੈ ਰਹੇ ਸਨ- ਅਤੇ ਬੋਲੇ,''ਤੁਸੀਂ ਉਨ੍ਹਾਂ ਨੂੰ ਬੌਡੀ ਬਲਾਉਂਦੇ ਹੋ ਅਤੇ ਅਸੀਂ ਉਨ੍ਹਾਂ ਨੂੰ ਲੌਂਡੇ (ਲੜਕੇ) ਕਹਿੰਦੇ ਹਾਂ।''
''ਇੱਥੇ ਲਿਆਂਦੀ ਜਾਣ ਵਾਲ਼ੀ ਹਰ ਦੇਹ ਮੇਰੀ ਆਪਣੀ ਔਲਾਦ ਵਾਂਗ ਕਿਸੇ ਦਾ ਪੁੱਤਰ ਜਾਂ ਧੀ ਹੁੰਦਾ ਹੈ,'' ਪੱਪੂ ਨੇ ਅੱਗੇ ਕਿਹਾ। ''ਉਨ੍ਹਾਂ ਨੂੰ ਭੱਠੀ ਵਿੱਚ ਝੌਂਕਣਾ ਦੁੱਖਦਾਇਕ ਹੁੰਦਾ ਹੈ। ਪਰ ਉਨ੍ਹਾਂ ਦੀ ਆਤਮਾ ਦੀ ਗਤੀ ਖਾਤਰ ਸਾਨੂੰ ਇੰਝ ਕਰਨਾ ਹੀ ਪੈਂਦਾ ਹੈ, ਕੀ ਸਾਨੂੰ ਨਹੀਂ ਕਰਨਾ ਚਾਹੀਦਾ?'' ਨਿਗਮ ਬੋਧ ਵਿਖੇ ਇੱਕ ਮਹੀਨੇ ਦੇ ਅੰਦਰ ਅੰਦਰ 200 ਲੋਥਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ ਕੁਝ ਸੀਐੱਨਜੀ ਭੱਠੀਆਂ ਵਿੱਚ ਅਤੇ ਕੁਝ ਖੁੱਲ੍ਹੀਆਂ ਚਿਖਾਵਾਂ ਵਿੱਚ।
ਉਸ ਦਿਨ, 4 ਮਈ ਨੂੰ ਨਿਗਮ ਬੋਧ ਘਾਟ ਵਿਖੇ ਸੀਐੱਨਜੀ ਭੱਠੀ ਵਿੱਚ 35 ਦਾਹ ਸਸਕਾਰ ਕੀਤੇ ਗਏ। ਹਾਲਾਂਕਿ ਇਹ ਗਿਣਤੀ ਰੋਜਾਨਾ ਦੇ 45-50 ਸੰਸਕਾਰਾਂ ਦੇ ਮੁਕਾਬਲੇ ਕੁਝ ਘੱਟ ਸੀ, ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੁੰਦੇ ਸਨ ਜਦੋਂ ਕੋਵਿਡ ਦੀ ਦੂਜੀ ਲਹਿਰ ਦਿੱਲੀ ਨੂੰ ਜਕੜ ਰਹੀ ਸੀ। ਪਰ ਮਹਾਂਮਾਰੀ ਤੋਂ ਪਹਿਲਾਂ, ਸ਼ਮਸ਼ਾਨ ਦੀਆਂ ਸੀਐੱਨਜੀ ਭੱਠੀਆਂ ਵਿੱਚ ਇੱਕ ਮਹੀਨੇ ਵਿੱਚ ਕਰੀਬ 100 ਦਾਹ ਸਸਕਾਰ ਹੀ ਕੀਤੇ ਜਾਂਦੇ ਸਨ।
ਦਿੱਲੀ ਵਿੱਚ ਕਸ਼ਮੀਰੀ ਗੇਟ ਦੇ ਕੋਲ਼ ਯਮੁਨਾ ਨਦੀ ਦੇ ਕੰਢੇ 'ਤੇ ਮੌਜੂਦ ਘਾਟ ਦੇ ਪ੍ਰਵੇਸ਼ ਦੁਆਰ ਦੀ ਕੰਧ 'ਤੇ ਝਰੀਟਿਆ ਇੱਕ ਵੱਡਾ ਸਾਰਾ ਚਿੱਤਰ ਨਜ਼ਰ ਬੰਨ੍ਹ ਲੈਂਦਾ ਹੈ। ਜੋ ਕਹਿੰਦਾ ਹੈ: ''ਮੈਨੂੰ ਇੱਥੇ ਲਿਆਉਣ ਲਈ ਤੁਹਾਡਾ ਧੰਨਵਾਦ, ਹੁਣ ਇੱਥੋਂ ਅੱਗੇ ਮੈਂ ਇਕੱਲਾ ਹੀ ਜਾਵਾਂਗਾ/ਜਾਵਾਂਗੀ।'' ਪਰ ਇਸ ਸਾਲ ਅਪ੍ਰੈਲ-ਮਈ ਵੇਲ਼ੇ ਰਾਜਧਾਨੀ ਵਿੱਚ ਕੋਵਿਡ-19 ਨੇ ਜੋ ਤਾਂਡਵ ਰਚਿਆ ਹੈ, ਉਸ ਵੇਲ਼ੇ ਮਰਨ ਵਾਲ਼ਾ ਕੋਈ ਵੀ ਇਕੱਲਾ ਨਹੀਂ ਗਿਆ- ਜਾਹਰ ਹੈ ਮੌਤ ਤੋਂ ਬਾਅਦ ਦੇ ਸਫ਼ਰ ਵਿੱਚ ਵੀ ਉਨ੍ਹਾਂ ਨੂੰ ਕੁਝ ਦੋਸਤ ਜ਼ਰੂਰ ਮਿਲ਼ੇ ਗਏ ਹੋਣਗੇ।
ਅੰਦਰ ਵੜ੍ਹਦਿਆਂ ਹੀ, ਸੜਦੀਆਂ ਲਾਸ਼ਾਂ ਦੀ ਬਦਬੂ ਅਤੇ ਯਮੁਨਾ ਦੀ ਗੰਦਗੀ ਵਿੱਚੋਂ ਉੱਠਦੀ ਹਵਾੜ ਆਪਸ ਵਿੱਚ ਰਲ਼ ਕੇ ਹਵਾ ਵਿੱਚ ਤੈਰਨ ਲੱਗਦੀ ਸੀ ਅਤੇ ਮੇਰੇ ਦੂਹਰੇ ਮਾਸਕ ਵਿੱਚੋਂ ਦੀ ਲੰਘਦੀ ਹੋਈ ਮੇਰੇ ਨੱਕ ਤੱਕ ਆ ਰਹੀ ਸੀ। ਨਦੀ ਦੇ ਨੇੜੇ ਹੀ ਥੋੜ੍ਹੀ ਦੂਰੀ 'ਤੇ 25 ਚਿਖਾਵਾਂ ਬਲ਼ ਰਹੀਆਂ ਸਨ। ਕੁਝ ਚਿਖਾਵਾਂ ਤਾਂ ਰਾਹ ਦੇ ਨਾਲ਼-ਨਾਲ਼ ਅਤੇ ਭੀੜੀ ਪਗਡੰਡੀ ਦੇ ਦੋਵੀਂ ਪਾਸੀਂ ਸੜ ਰਹੀਆਂ ਸਨ ਅਤੇ ਖੱਬੇ ਪਾਸੇ ਤਿੰਨ ਚਿਖਾਵਾਂ ਸੜ ਰਹੀਆਂ ਸਨ। ਅਤੇ ਕੁਝ ਲਾਸ਼ਾਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।
ਸ਼ਮਸ਼ਾਨ ਅੰਦਰ ਖਾਲੀ ਪਈ ਜ਼ਮੀਨ ਨੂੰ ਪੱਧਰੀ ਕਰਕੇ ਸਸਕਾਰ ਵਾਸਤੇ 21 ਨਵੀਆਂ ਆਰਜੀ ਥਾਵਾਂ ਬਣਾਈਆਂ ਗਈਆਂ ਹਨ-ਪਰ ਫਿਰ ਵੀ ਥਾਂ ਦੀ ਕਿੱਲਤ ਬਰਕਰਾਰ ਸੀ। ਐਨ ਵਿਚਕਾਰ ਕਰਕੇ ਖੜ੍ਹਾ ਦਰਖ਼ਤ, ਜਿਹਦੇ ਪੱਤੇ ਚਿਖਾ ਵਿੱਚੋਂ ਉੱਠਦੀਆਂ ਲਪਟਾਂ ਕਾਰਨ ਸੜ ਗਏ ਹਨ ਇੰਝ ਜਾਪ ਰਿਹਾ ਹੈ ਜਿਓਂ ਉਸ ਕਾਫਕੇਸਕ ਦਲਦਲ ਨੂੰ ਰਿਕਾਰਡ ਕਰ ਰਿਹਾ ਹੋਵੇ ਜਿਸ ਵਿੱਚ ਦੇਸ਼ ਨੂੰ ਧੱਕਾ ਮਾਰ ਦਿੱਤਾ ਹੋਵੇ।
ਕਾਮੇ ਉਸ ਬਾਰੇ ਵੀ ਬੜਾ ਕੁਝ ਜਾਣਦੇ ਸਨ। ਸੀਐੱਨਜੀ ਭੱਠੀਆਂ ਵਾਲ਼ੇ ਹਾਲ ਵਿੱਚ, ਜਿੱਥੇ ਉਹ ਕੰਮ ਕਰਦੇ ਹਨ, ਉੱਥੇ ਉਨ੍ਹਾਂ ਨੇ ਲੋਕਾਂ ਨੂੰ ਘੰਟਿਆਂ ਬੱਧੀ ਖੜ੍ਹੇ, ਇੱਧਰ-ਉੱਧਰ ਤੁਰਦੇ, ਕੁਰਲਾਉਂਦੇ, ਮਰਨ ਵਾਲ਼ੇ ਦੀ ਆਤਮਾ ਲਈ ਪ੍ਰਾਰਥਨਾ ਕਰਦੇ ਅਤੇ ਹੌਂਸਲਾ ਦਿੰਦੇ ਦੇਖਿਆ ਹੈ। ਇਮਾਰਤ ਦਾ ਵੇਟਿੰਗ ਏਰੀਆ, ਜੋ ਟਿਊਬਲਾਈਟਾਂ ਨਾਲ਼ ਰੁਸ਼ਨਾਇਆ ਰਹਿੰਦਾ ਹੈ, ਸ਼ਾਇਦ ਹੀ ਇਸਤੇਮਾਲ ਵਿੱਚ ਆਇਆ ਹੋਵੇ।
ਉੱਥੇ ਮੌਜੂਦ ਛੇ ਭੱਠੀਆਂ ਵਿੱਚੋਂ, ''ਕੁਝ ਤਾਂ ਪਿਛਲੇ ਸਾਲ (2020) ਕਰੋਨਾ ਸੰਕ੍ਰਮਿਤ ਲਾਸ਼ਾਂ ਦੇ ਸੰਸਕਾਰ ਨੂੰ ਧਿਆਨ ਵਿੱਚ ਰੱਖ ਕੇ ਹੀ ਇੰਸਟਾਲ ਕੀਤੀਆਂ ਗਈਆਂ,'' ਪੱਪੂ ਨੇ ਕਿਹਾ। ਕੋਵਿਡ-19 ਦੇ ਵਿਸਫੋਟ ਤੋਂ ਬਾਅਦ, ਇਨ੍ਹਾਂ ਸੀਐੱਨਜੀ ਭੱਠੀਆਂ ਵਿੱਚ ਸੰਕ੍ਰਮਣ ਨਾਲ਼ ਮਰੇ ਲੋਕਾਂ ਦਾ ਹੀ ਦਾਹ ਸਸਕਾਰ ਕੀਤਾ ਜਾਂਦਾ ਹੈ।
ਜਦੋਂ ਦਾਹ ਸਸਕਾਰ ਲਈ ਲਾਸ਼ ਦੀ ਵਾਰੀ ਆਉਂਦੀ ਹੈ ਤਾਂ ਨਾਲ਼ ਵਾਲ਼ਾ ਵਿਅਕਤੀ ਜਾਂ ਹਸਪਤਾਲ ਦਾ ਕਰਮੀ ਜਾਂ ਦਾਹ-ਸਸਕਾਰ ਦੇ ਕਰਮੀ, ਲਾਸ਼ ਨੂੰ ਭੱਠੀ ਕੋਲ਼ ਲਿਆਉਂਦੇ ਹਨ। ਕੁਝ ਲਾਸ਼ਾਂ-ਬਾਕੀਆਂ ਦੇ ਮੁਕਾਬਲੇ ਕਿਸਮਤਵਾਨ ਹੁੰਦੀਆਂ ਜਿਨ੍ਹਾਂ ਨੂੰ ਚਿੱਟਾ ਕਫ਼ਨ ਨਸੀਬ ਹੁੰਦਾ ਹੈ। ਬਾਕੀ ਤਾਂ ਪਲਾਸਟਿਕ ਦੇ ਥੈਲੀਆਂ ਵਿੱਚ ਪੈਕ ਹੁੰਦੀਆਂ ਜਿਨ੍ਹਾਂ ਨੂੰ ਸਿੱਧੇ ਐਂਬੂਲੈਂਸ ਵਿੱਚ ਪਾ ਕੇ ਇੱਥੇ ਲਿਆਂਦਾ ਜਾਂਦਾ ਹੈ। ਕਈਆਂ ਨੂੰ ਸਟਰੈਚਰ ਵਿੱਚ ਤਾਂ ਕਈਆਂ ਨੂੰ ਇੰਝ ਹੀ ਇਮਾਰਤ ਵਿੱਚ ਲਿਆਂਦਾ ਜਾਂਦਾ ਹੈ।
ਦਾਹ ਸਸਕਾਰ ਕਰਮੀ ਲਾਸ਼ ਨੂੰ ਪਹੀਏ ਲੱਗੇ ਪਲੇਟਫਾਰਮ 'ਤੇ ਚੁੱਕਦੇ ਹਨ ਅਤੇ ਭੱਠੀ ਅੰਦਰ ਜਾਂਦੀ ਪਟੜੀ 'ਤੇ ਟਿਕਾਉਂਦੇ ਹਨ। ਅਗਲੇ ਪੜਾਅ ਲਈ ਤੁਰੰਤ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ ਜਦੋਂ ਇੱਕ ਵਾਰ ਲਾਸ਼ ਭੱਠੀ ਅੰਦਰ ਧੱਕੀ ਜਾਂਦੀ ਹੈ ਤਾਂ ਵਰਕਰ ਛੇਤੀ ਨਾਲ਼ ਪਲੇਟਫਾਰਮ ਨੂੰ ਬਾਹਰ ਖਿੱਚਦਾ ਹੈ ਅਤੇ ਭੱਠੀ ਦਾ ਬੂਹਾ ਬੰਦ ਹੋ ਜਾਂਦਾ ਹੈ। ਜਿੱਥੇ ਪਰਿਵਾਰਕ ਮੈਂਬਰ ਹੰਝੂਆਂ ਦੇ ਹੜ੍ਹ ਦੇ ਨਾਲ਼ ਆਪਣੇ ਪਿਆਰੇ ਨੂੰ ਭੱਠੀ ਵਿੱਚ ਗਾਇਬ ਹੁੰਦੇ ਦੇਖਦੇ ਹਨ, ਉੱਥੇ ਹੀ ਦੂਜੇ ਪਾਸੇ ਵੱਡੀ ਸਾਰੀ ਚਿਮਣੀ ਵਿੱਚੋਂ ਦੀ ਧੂੰਏਂ ਦਾ ਗੂੜ੍ਹਾ ਬੱਦਲ ਉੱਚਾ ਹੋਰ ਉੱਚਾ ਉੱਠਦਾ ਜਾਂਦਾ ਹੈ।
''ਦਿਨ ਦੀ ਪਹਿਲੀ ਲਾਸ਼ ਪੂਰੀ ਤਰ੍ਹਾਂ ਸੜਨ ਵਿੱਚ ਦੋ ਘੰਟੇ ਲੈਂਦੀ ਹੈ,'' ਪੱਪੂ ਨੇ ਮੈਨੂੰ ਦੱਸਿਆ, ''ਕਿਉਂਕਿ ਭੱਠੀ ਨੂੰ ਤਪਣ ਵਿੱਚ ਸਮਾਂ ਲੱਗਦਾ ਹੈ। ਉਸ ਤੋਂ ਬਾਅਦ ਵਾਲ਼ੀਆਂ ਲਾਸ਼ਾਂ ਨੂੰ ਸਿਰਫ਼ ਡੇਢ ਘੰਟਾ ਹੀ ਲੱਗਦਾ ਹੈ।'' ਹਰੇਕ ਭੱਠੀ ਇੱਕ ਦਿਨ ਵਿੱਚ 7-9 ਲਾਸ਼ਾਂ ਦਾ ਦਾਹ-ਸਸਕਾਰ ਕਰ ਸਕਦੀ ਹੈ।
ਨਿਗਮ ਬੋਧ ਘਾਟ ਵਿਖੇ ਭੱਠੀਆਂ ਦਾ ਪ੍ਰਬੰਧਨ ਚਾਰ ਕਰਮੀਆਂ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਉਹ ਚਾਰੋ ਹੀ ਕੋਰੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ, ਜੋ ਕਿ ਉੱਤਰ ਪ੍ਰਦੇਸ਼ ਵਿੱਚ ਪਿਛੜੀ ਜਾਤੀ ਹੈ। ਉਨ੍ਹਾਂ ਵਿੱਚੋਂ ਸਭ ਤੋਂ ਸੀਨੀਅਰ 55 ਸਾਲਾ ਹਰਿੰਦਰ ਯੂਪੀ ਵਿੱਚ ਪੈਂਦੇ ਬਲੀਆ ਜਿਲ੍ਹੇ ਦੇ ਰਹਿਣ ਵਾਲ਼ੇ ਹਨ। ਉਹ 2004 ਤੋਂ ਇੱਥੇ ਕੰਮ ਕਰ ਰਹੇ ਹਨ। ਪੱਪੂ ਉਮਰ 39 ਸਾਲ, 2011 ਵਿੱਚ ਇਸ ਕੰਮ ਵਿੱਚ ਸ਼ਾਮਲ ਹੋਏ ਅਤੇ ਯੂਪੀ ਦੇ ਕਾਂਸ਼ੀਰਾਮ ਨਗਰ ਜਿਲ੍ਹੇ ਦੇ ਸੋਰੋਨ ਬਲਾਕ ਦੇ ਰਹਿਣ ਵਾਲ਼ੇ ਹਨ। ਬਾਕੀ ਦੋ ਜੋ ਇਸ ਕੰਮ ਵਿੱਚ ਨਵੇਂ ਹਨ, ਉਨ੍ਹਾਂ ਵਿੱਚੋਂ ਇੱਕ 37 ਸਾਲਾ ਰਾਜੂ ਅਤ ਦੂਸਰਾ 28 ਸਾਲਾ ਰਕੇਸ਼ ਵੀ ਸੋਰੋਨ ਤੋਂ ਹਨ।
ਅਪ੍ਰੈਲ-ਮਈ ਮਹੀਨੇ ਵਿੱਚ ਉਨ੍ਹਾਂ ਨੇ 15-17 ਘੰਟੇ ਲੰਬੀ ਸ਼ਿਫਟ ਵਿੱਚ ਕੰਮ ਕੀਤਾ ਜੋ ਸਵੇਰੇ 9 ਵਜੇ ਤੋਂ ਅੱਧੀ ਰਾਤ ਤੱਕ ਚੱਲਦੀ-ਜਿਸ ਵੇਲ਼ੇ ਕੰਮ ਦੇ ਬੋਝ ਹੇਠ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਈ ਰੱਖਿਆ। ਵਾਇਰਸ ਦੇ ਹਮਲੇ ਤੋਂ ਭਾਵੇਂ ਉਹ ਬਚ ਜਾਣ, ਪਰ ਭੱਠੀ ਦੀ 840°C ਦੀ ਗਰਮੀ ਸ਼ਾਇਦ ਉਨ੍ਹਾਂ ਨੂੰ ਝੁਲਸਾ ਹੀ ਸੁੱਟੇ। ''ਰਾਤ ਵੇਲ਼ੇ ਭੱਠੀ ਨੂੰ ਬੰਦ ਕਰਨ ਤੋਂ ਬਾਅਦ ਅਸੀਂ ਦੇਹ ਨੂੰ ਵਿੱਚੇ ਹੀ ਪਈ ਰਹਿਣ ਦਿੰਦੇ ਹਾਂ ਅਤੇ ਸਵੇਰ ਨੂੰ ਸਾਡੇ ਹੱਥ ਸਿਰਫ਼ ਸੁਆਹ ਹੀ ਲੱਗਦੀ ਹੈ,'' ਹਰਿੰਦਰ ਨੇ ਕਿਹਾ।
ਉਹ ਬਿਨਾਂ ਕੋਈ ਛੁੱਟੀ ਲਏ ਕੰਮ ਕਰ ਰਹੇ ਸਨ। ''ਅਸੀਂ ਛੁੱਟੀ ਲੈ ਹੀ ਕਿਵੇਂ ਸਕਦੇ ਸਾਂ, ਜਦੋਂ ਸਾਡੇ ਕੋਲ਼ ਚਾਹ ਜਾਂ ਪਾਣੀ ਪੀਣ ਤੱਕ ਦਾ ਸਮਾਂ ਨਹੀਂ ਸੀ ਹੁੰਦਾ? ਪੱਪੂ ਨੇ ਕਿਹਾ। ''ਜੇਕਰ ਅਸੀਂ 2 ਘੰਟਿਆਂ ਲਈ ਕਿਤੇ ਚਲੇ ਵੀ ਜਾਈਏ ਤਾਂ ਇੱਥੇ ਖਲਾਰਾ ਪੈ ਜਾਣਾ ਤੈਅ ਹੈ।''
ਹਾਲਾਂਕਿ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਪੱਕਾ ਕਾਮਾ ਨਹੀਂ ਹੈ। ਨਿਗਮ ਬੋਧ ਘਾਟ ਨਗਰਪਾਲਿਕਾ ਦਾ ਸ਼ਮਸ਼ਾਨਘਾਟ ਹੈ ਜਿਹਦਾ ਪ੍ਰਬੰਧਨ ਬੜੀ ਪੰਚਾਇਤ ਵੈਸ਼ਯ ਬੀਸ ਅਗਰਵਾਲ (ਇਲਾਕੇ ਵਿੱਚ ਲੋਕਾਂ ਦੁਆਰਾ ' ਸੰਸਥਾ ' ਦੇ ਰੂਪ ਵਿੱਚ ਨਿਰਧਾਰਤ) ਨਾਮਕ ਚੈਰੀਟੇਬਲ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ।
ਇਹ ਸੰਸਥਾ ਹਰਿੰਦਰ ਨੂੰ ਮਹੀਨੇ ਦੀ 16,000 ਤਨਖਾਹ ਦਿੰਦੀ ਹੈ। ਉਸ ਹਿਸਾਬ ਨਾਲ਼ 533 ਰੁਪਏ ਦਿਹਾੜੀ ਬਣਦੀ ਹੈ ਅਤੇ ਜੇਕਰ ਉਹ ਇੱਕ ਦਿਨ ਵਿੱਚ 8 ਦੇਹਾਂ ਦਾ ਸਸਕਾਰ ਕਰਦੇ ਹਨ ਤਾਂ ਇੱਕ ਮ੍ਰਿਤਕ ਦੇਹ ਦਾ ਦਾਹ ਸਸਕਾਰ ਕਰਨ ਬਦਲੇ 66 ਰੁਪਏ ਬਣਦੇ ਹਨ। ਪੱਪੂ ਨੂੰ 12,000 ਰੁਪਏ ਤਨਖਾਹ ਮਿਲ਼ਦੀ ਹੈ ਜਦੋਂਕਿ ਰਾਜ ਮੋਹਨ ਅਤੇ ਰਕੇਸ਼ ਦੋਵਾਂ ਨੂੰ 8000-8000 ਰੁਪਏ ਮਿਲ਼ਦੇ ਹਨ। '' ਸੰਸਥਾ ਨੇ ਉਨ੍ਹਾਂ ਦੀ ਤਨਖਾਹ ਵਧਾਉਣ ਦਾ ਵਾਅਦਾ ਕੀਤਾ ਹੈ। ਪਰ ਉਨ੍ਹਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕਿੰਨੀ ਵਧਾਈ ਜਾਵੇਗੀ,'' ਹਰਿੰਦਰ ਨੇ ਮੈਨੂੰ ਦੱਸਿਆ।
ਹਾਲਾਂਕਿ, ਸੰਸਥਾ ਇੱਕ ਲਾਸ਼ ਦੇ ਦਾਹ ਸਸਕਾਰ ਦਾ 1,500 ਰੁਪਏ ਲੈਂਦੇ ਹੈ (ਮਹਾਂਮਾਰੀ ਤੋਂ ਪਹਿਲਾਂ ਇਹ 1,000 ਰੁਪਏ ਸੀ), ਪਰ ਕਾਮਿਆਂ ਦੀ ਤਨਖਾਹ ਲਈ ਉਹਦੀ ਕੋਈ ਦੂਰ-ਦੂਰ ਤੱਕ ਯੋਜਨਾ ਨਹੀਂ ਜਾਪਦੀ। ਸੰਸਥਾ ਦੇ ਮਹਾਂਸਕੱਤਰ ਸੁਮਨ ਗੁਪਤਾ ਨੇ ਮੈਨੂੰ ਕਿਹਾ,''ਜੇਕਰ ਅਸੀਂ ਉਨ੍ਹਾਂ ਦੀ ਤਨਖਾਹ ਵਧਾ ਦਿੱਤੀ ਤਾਂ ਸਾਨੂੰ ਉਨ੍ਹਾਂ ਨੂੰ ਪੂਰਾ ਸਾਲ ਵਧੀ ਹੋਈ ਤਨਖਾਹ ਹੀ ਦੇਣੀ ਪਵੇਗੀ।'' ਉਨ੍ਹਾਂ ਨੂੰ ''ਭੱਤੇ'' ਦਿੱਤੇ ਦੇ ਹਨ।
ਘੱਟੋਘੱਟ ਉਨ੍ਹਾਂ ਦਾ ਕਹਿਣ ਦਾ ਮਤਲਬ ਉਸ ਕਮਰੇ ਰੂਪੀ ਭੱਤੇ ਤੋਂ ਤਾਂ ਨਹੀਂ ਹੋ ਸਕਦਾ ਜਿੱਥੇ ਇਹ ਕਾਮੇ ਬਹਿ ਕੇ ਖਾਣਾ ਖਾ ਰਹੇ ਸਨ। ਇਹ ਕਮਰਾ ਭੱਠੀ ਤੋਂ ਮਹਿਜ ਪੰਜ ਮੀਟਰ ਦੂਰ ਹੋਣ ਕਾਰਨ ਨਿਕਲ਼ਦੇ ਤਾਪ ਕਾਰਨ ਇੰਨਾ ਗਰਮ ਸੀ ਕਿ ਭਾਫ਼ ਨਾਲ਼ ਨਹਾਉਣ (ਹਮਾਮ) ਜਿਹਾ ਅਹਿਸਾਸ ਦੇ ਰਿਹਾ ਸੀ। ਇਸਲਈ ਪੱਪੂ ਨੇ ਬਾਹਰ ਜਾ ਕੇ ਸਾਰਿਆਂ ਲਈ ਕੋਲਡ-ਡ੍ਰਿੰਕ ਲਿਆਂਦੀ। ਇਸ ਕੋਲਡ ਡ੍ਰਿੰਕ ਦੀ ਕੀਮਤ ਉਸ ਲਾਸ਼ ਦੇ ਮੁੱਲ, 50 ਰੁਪਏ ਤੋਂ ਵੱਧ ਸੀ ਜਿਹਦਾ ਪੱਪੂ ਨੇ ਉਸ ਦਿਨ ਦਾਹ ਸਸਕਾਰ ਕੀਤਾ ਸੀ।
ਬਾਅਦ ਵਿੱਚ ਪੱਪੂ ਨੇ ਮੈਨੂੰ ਦੱਸਿਆ ਕਿ ਇੱਕ ਲਾਸ਼ ਨੂੰ ਸਾੜਨ ਲਈ ਕਰੀਬ 14 ਕਿਲੋ ਸੀਐੱਨਜੀ ਗੈਸ ਦੀ ਲੋੜ ਹੁੰਦੀ ਹੈ। ''ਪਹਿਲੀ ਲਾਸ਼ ਨੂੰ ਸੜਨ ਵਿੱਚ ਸਾਡੇ ਰਸੋਈ ਵਿੱਚ ਇਸਤੇਮਾਲ ਹੋਣ ਵਾਲ਼ੇ ਦੋ ਘਰੇਲੂ ਸਿਲੰਡਰਾਂ ਜਿੰਨੀ ਗੈਸ ਦੀ ਲੋੜ ਹੁੰਦੀ ਹੈ। ਬਾਅਦ ਵਾਲ਼ੀਆਂ ਦੇਹਾਂ ਨੂੰ ਸਾੜਨ ਵਿੱਚ ਘੱਟ ਗੈਸ ਭਾਵ ਇੱਕ ਤੋਂ ਡੇਢ ਸਿਲੰਡਰ ਹੀ ਚਾਹੀਦਾ ਹੁੰਦਾ ਹੈ।'' ਗੁਪਤਾ ਨੇ ਦੱਸਿਆ ਅਪ੍ਰੈਲ ਵਿੱਚ, ਨਿਗਮ ਬੋਧ ਦੀ ਸੀਐੱਨਜੀ ਭੱਠੀਆਂ ਵਿੱਚ 543 ਮ੍ਰਿਤਕ ਦੇਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ ਅਤੇ ਸੰਸਥਾ ਦਾ ਸੀਐੱਨਜੀ ਬਿੱਲ 3,26,960 ਰੁਪਏ ਸੀ।
ਭੱਠੀ ਵਿੱਚ ਸਾੜੇ ਜਾਣ ਦੀ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਕਾਮੇ ਮੱਚਦੀ ਹੋਈ ਭੱਠੀ ਦਾ ਬੂਹਾ ਖੋਲ੍ਹਦੇ ਹਨ ਅਤੇ ਲਾਸ਼ ਨੂੰ ਇੱਕ ਲੰਬੀ ਸੋਟੀ ਦੀ ਮਦਦ ਨਾਲ਼ ਮਸ਼ੀਨ ਦੇ ਅੰਦਰ ਹੋਰ ਅੰਦਰ ਧੱਕਦੇ ਅਤੇ ਹਿਲਾਉਂਦੇ ਰਹਿੰਦੇ ਹਨ। ''ਜੇਕਰ ਅਸੀਂ ਇੰਝ ਨਾ ਕਰੀਏ ਤਾਂ ਲਾਸ਼ ਨੂੰ ਪੂਰੀ ਤਰ੍ਹਾਂ ਸੜਨ ਵਿੱਚ ਘੱਟੋ-ਘੱਟ 2-3 ਘੰਟੇ ਲੱਗਣਗੇ,'' ਹਰਿੰਦਰ ਨੇ ਕਿਹਾ। ''ਸਾਨੂੰ ਇਹਨੂੰ ਜਲਦੀ ਮੁਕਾਉਣਾ ਹੁੰਦਾ ਹੈ ਤਾਂਕਿ ਅਸੀਂ ਸੀਐੱਨਜੀ ਬਚਾ ਸਕੀਏ। ਨਹੀਂ ਤਾਂ ਸੰਸਥਾ ਨੂੰ ਕਾਫੀ ਨੁਕਸਾਨ ਝੱਲਣ ਪਵੇਗਾ।
ਸੰਸਥਾ ਦੀ ਲਾਗਤ ਬਚਾਉਣ ਦੇ ਸਾਰੇ ਯਤਨਾਂ ਦੇ ਬਾਵਜੂਦ, ਸ਼ਮਸ਼ਾਨ ਘਾਟ ਦੇ ਇਨ੍ਹਾਂ ਕਰਮੀਆਂ ਦੀ ਤਨਖਾਹ ਪਿਛਲੇ ਦੋ ਸਾਲਾਂ ਤੋਂ ਨਹੀਂ ਵਧੀ। ''ਅਸੀਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਕੋਵਿਡ ਵਾਲ਼ੀਆਂ ਲਾਸ਼ਾਂ ਦਾ ਅੰਤਮ ਸਸਕਾਰ ਕਰ ਰਹੇ ਹਾਂ,'' ਆਪਣੀ ਘੱਟ ਤਨਖਾਹ 'ਤੇ ਅਫ਼ਸੋਸ ਜਤਾਉਂਦੇ ਪੱਪੂ ਨੇ ਕਿਹਾ। ''ਸਾਨੂੰ ਕਿਹਾ ਗਿਆ ਹੈ, ' ਸੰਸਥਾ ਦਾਨ 'ਤੇ ਚੱਲਦੀ ਹੈ, ਤਾਂ ਫਿਰ ਕੀਤਾ ਕੀ ਜਾ ਸਕਦਾ?'' ਹਰਿੰਦਰ ਅੱਗੇ ਕਹਿੰਦੇ ਹਨ। ਵਾਕਿਆ, ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ ਗਿਆ।
ਉਨ੍ਹਾਂ ਨੂੰ ਤਾਂ ਕੋਵਿਡ ਦੇ ਦੋਵੇਂ ਟੀਕੇ ਵੀ ਨਹੀਂ ਲੱਗੇ ਹਨ। ਪੱਪੂ ਅਤੇ ਹਰਿੰਦਰ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਸਾਲ ਦੀ ਸ਼ੁਰੂਆਤ ਵਿੱਚ ਲੱਗੀ ਸੀ, ਜਦੋਂ ਫਰੰਟਲਾਈਨ ਵਰਕਰਾਂ ਨੂੰ ਟੀਕਾ ਲਾਇਆ ਜਾ ਰਿਹਾ ਸੀ। ''ਮੈਂ ਟੀਕੇ ਦੀ ਦੂਜੀ ਖ਼ੁਰਾਕ ਲਈ ਨਹੀਂ ਜਾ ਸਕਿਆ, ਕਿਉਂਕਿ ਮੇਰੇ ਕੋਲ਼ ਸਮਾਂ ਹੀ ਨਹੀਂ ਸੀ। ਮੈਂ ਸ਼ਮਸ਼ਾਨ ਵਿੱਚ ਹੀ ਰੁੱਝਿਆ ਰਿਹਾ ਸਾਂ,'' ਪੱਪੂ ਨੇ ਕਿਹਾ। ''ਜਦੋਂ ਮੈਨੂੰ ਟੀਕੇ ਵਾਸਤੇ ਫੋਨ ਆਇਆ ਤਾਂ ਮੈਂ ਟੀਕਾਕਰਨ ਕੇਂਦਰ ਦੇ ਵਿਅਕਤੀ ਨੂੰ ਕਿਹਾ ਕਿ ਤੁਸੀਂ ਮੇਰੇ ਹਿੱਸੇ ਦਾ ਟੀਕਾ ਕਿਸੇ ਹੋਰ ਨੂੰ ਲਾ ਦਿਓ।''
ਸਵੇਰੇ ਸਾਜਰੇ ਪੱਪੂ ਨੇ ਭੱਠੀ ਦੇ ਕੋਲ਼ ਪਏ ਕੂੜੇਦਾਨ ਨੂੰ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਨਾਲ਼ ਭਰਿਆ ਦੇਖਿਆ ਜੋ ਬੀਤੇ ਕੱਲ੍ਹ ਮ੍ਰਿਤਕ ਦੇ ਪਰਿਵਾਰ ਵਾਲ਼ੇ ਛੱਡ ਗਏ ਸਨ। ਹਾਲਾਂਕਿ ਆਉਣ ਵਾਲ਼ਿਆਂ ਨੂੰ ਇਨ੍ਹਾਂ ਸਮਾਨਾਂ ਨੂੰ ਬਾਹਰ ਵੱਡੇ ਕੂੜੇਦਾਨ ਵਿੱਚ ਸੁੱਟਣ ਲਈ ਕਿਹਾ ਗਿਆ ਹੈ ਪਰ ਕਈ ਇਨ੍ਹਾਂ ਪੀਪੀਈ ਕਿੱਟਾਂ ਨੂੰ ਇੱਥੇ ਹਾਲ ਵਿੱਚ ਹੀ ਸੁੱਟ ਦਿੰਦੇ ਹਨ। ਪੱਪੂ ਨੇ ਸੋਟੀ ਦੀ ਮਦਦ ਨਾਲ਼ ਇਨ੍ਹਾਂ ਕਿੱਟਾਂ ਨੂੰ ਬਾਹਰ ਕੱਢਿਆ ਅਤੇ ਵੱਡੇ ਕੂੜੇਦਾਨ ਵਿੱਚ ਸੁੱਟਿਆ। ਹਾਲਤ ਇਹ ਕਿ ਪੱਪੂ ਨੇ ਖੁਦ ਨਾ ਤਾਂ ਕੋਈ ਪੀਪੀਈ ਕਿੱਟ ਪਾਈ ਹੋਈ ਹੈ ਅਤੇ ਨਾ ਹੀ ਦਸਤਾਨੇ।
ਪੱਪੂ ਨੇ ਕਿਹਾ ਕਿ ਭੱਠੀਆਂ ਦੇ ਕੋਲ਼ ਬਰਦਾਸ਼ਤ ਤੋਂ ਬਾਹਰ ਸੇਕ ਵਿੱਚ ਪੀਪੀਈ ਕਿੱਟ ਪਾਉਣ ਅਸੰਭਵ ਹੈ। ''ਇੰਨਾ ਹੀ ਨਹੀਂ, ਪੀਪੀਈ ਕਿੱਟ ਦੇ ਅੱਗ ਫੜ੍ਹਨ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ, ਖਾਸ ਕਰੇਕ ਉਦੋਂ ਜਦੋਂ ਅੰਦਰ ਮੱਚ ਰਹੀ ਲਾਸ਼ ਦਾ ਢਿੱਡ ਫੱਟਦਾ ਹੈ ਅਤੇ ਅੱਗ ਦੀਆਂ ਲਪਟਾਂ ਭੱਠੀ ਦੇ ਬੂਹੇ ਤੋਂ ਬਾਹਰ ਨਿਕਲ਼ਣ ਨੂੰ ਕਰਦੀਆਂ ਹਨ। ਪੀਪੀਈ ਕਿੱਟ ਲਾਹੁਣ ਵਿੱਚ ਸਮਾਂ ਲੱਗਦਾ ਹੈ ਅਤੇ ਸਾਨੂੰ ਮਾਰਨ ਲਈ ਇਹ ਸਮਾਂ ਕਾਫੀ ਹੋ ਸਕਦਾ ਹੈ,'' ਉਹ ਦੱਸਦੇ ਹਨ। ਹਰਿੰਦਰ ਅੱਗੇ ਕਹਿੰਦੇ ਹਨ,''ਕਿੱਟ ਪਾਉਣ ਨਾਲ਼ ਮੇਰਾ ਸਾਹ ਘੁੱਟਦਾ ਹੈ ਅਤੇ ਮੇਰਾ ਸਾਹ ਔਖਾ ਹੋ ਜਾਂਦਾ ਹੈ। ਮੇਰੇ ਲਈ ਇਹਨੂੰ ਪਾਉਣਾ ਇਛੁੱਤ ਮੌਤ ਤੋਂ ਘੱਟ ਨਹੀਂ।''
ਉਨ੍ਹਾਂ ਦੀ ਇਕਲੌਤੀ ਸੁਰੱਖਿਆ ਹੈ ਮਾਸਕ ਅਤੇ ਉਹ ਇੱਕੋ ਮਾਸਕ ਹੀ ਕਈ ਦਿਨਾਂ ਤੱਕ ਪਾਉਂਦੇ ਹਨ। ''ਸਾਨੂੰ ਵਾਇਰਸ ਤੋਂ ਸੰਕ੍ਰਮਿਤ ਹੋਣ ਦਾ ਖ਼ਦਸਾ ਸਤਾਉਂਦਾ ਰਹਿੰਦਾ ਹੈ। ਇਹ ਇੱਕ ਅਜਿਹਾ ਸੰਕਟ ਹੈ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ''ਲੋਕ ਤਾਂ ਪਹਿਲਾਂ ਹੀ ਬੜੇ ਦੁਖੀ ਹਨ, ਅਸੀਂ ਉਨ੍ਹਾਂ ਨੂੰ ਹੋਰ ਦੁਖੀ ਨਹੀਂ ਕਰ ਸਕਦੇ।''
ਖ਼ਤਰੇ ਇੱਥੇ ਹੀ ਨਹੀਂ ਮੁੱਕਦੇ। ਇੱਕ ਵਾਰ ਲਾਸ਼ ਦਾ ਅੰਤਮ ਸਸਕਾਰ ਕਰਦੇ ਸਮੇਂ, ਪੱਪੂ ਦੀ ਖੱਬੀ ਬਾਂਹ ਲਪਟਾਂ ਨਾਲ਼ ਝੁਲਸ ਗਈ ਅਤੇ ਆਪਣਾ ਨਿਸ਼ਾਨ ਛੱਡ ਗਈ। ''ਮੈਂ ਇਸ ਸੇਕ ਨੂੰ ਮਹਿਸੂਸ ਕੀਤਾ, ਪੀੜ੍ਹ ਵੀ ਹੋਈ। ਪਰ ਕੀਤਾ ਕੀ ਜਾ ਸਕਦਾ ਹੈ।'' ਜਦੋਂ ਮੈਂ ਹਰਿੰਦਰ ਨੂੰ ਮਿਲ਼ਿਆ, ਉਸ ਤੋਂ ਇੱਕ ਘੰਟਾ ਪਹਿਲਾਂ ਹਰਿੰਦਰ ਨੂੰ ਵੀ ਸੱਟ ਲੱਗੀ ਸੀ। ''ਜਦੋਂ ਮੈਂ ਬੂਹਾ ਬੰਦ ਕਰ ਰਿਹਾ ਸਾਂ ਤਾਂ ਉਹ ਮੇਰੇ ਗੋਡੇ 'ਤੇ ਵੱਜਿਆ,'' ਉਨ੍ਹਾਂ ਨੇ ਮੈਨੂੰ ਦੱਸਿਆ।
ਰਾਜੂ ਮੋਹਨ ਮੈਨੂੰ ਦੱਸਦੇ ਹਨ,''ਭੱਠੀ ਦੇ ਬੂਹੇ ਦਾ ਹੈਂਡਲ ਟੁੱਟ ਗਿਆ ਸੀ। ਅਸੀਂ ਕਿਸੇ ਤਰ੍ਹਾਂ ਬਾਂਸ ਦੀ ਸੋਟੀ ਨਾਲ਼ ਕੰਮ ਚਲਾਇਆ,'' ਹਰਿੰਦਰ ਕਹਿੰਦੇ ਹਨ,''ਅਸੀਂ ਆਪਣੇ ਸੁਪਰਵਾਈਜ਼ਰ ਨੂੰ ਕਿਹਾ ਕਿ ਬੂਹੇ ਦੇ ਮੁਰੰਮਤ ਕਰਵਾ ਦਿਓ। ਉਨ੍ਹਾਂ ਨੇ ਸਾਨੂੰ ਕਿਹਾ,'ਦੱਸੋ ਤਾਲਾਬੰਦੀ ਵਿੱਚ ਇਹਨੂੰ ਕਿਵੇਂ ਠੀਕ ਕਰ ਸਕਦੇ ਹਾਂ?' ਅਸੀਂ ਜਾਣਦੇ ਸਾਂ ਕੁਝ ਨਹੀਂ ਕੀਤਾ ਜਾਣ ਲੱਗਿਆ,'' ਹਰਿੰਦਰ ਨੇ ਕਿਹਾ।
ਇੱਥੋਂ ਤੱਕ ਕਿ ਉਨ੍ਹਾਂ ਲਈ ਫਸਟ ਏਡ ਬਾਕਸ ਤੱਕ ਦੀ ਵੀ ਸੁਵਿਧਾ ਨਹੀਂ।
ਹੁਣ ਉੱਥੇ ਨਵੇਂ ਖਤਰੇ ਸਨ, ਜਿਵੇਂ ਫਰਸ਼ 'ਤੇ ਡੁੱਲ੍ਹੇ ਘਿਓ ਅਤੇ ਪਾਣੀ ਕਾਰਨ ਤਿਲਕ ਜਾਣਾ, ਜੋ ਪਰਿਵਾਰ ਦੇ ਮੈਂਬਰਾਂ ਦੁਆਰਾ ਭੱਠੀ ਵਿੱਚ ਭੇਜੇ ਜਾਣ ਤੋਂ ਪਹਿਲਾਂ ਲਾਸ਼ 'ਤੇ ਛਿੜਕੇ ਜਾਣ ਕਾਰਨ ਫਰਸ਼ 'ਤੇ ਵੀ ਫੈਲ ਜਾਂਦਾ ਹੈ। ਦਿੱਲੀ ਨਗਰ ਨਿਗਮ ਦੇ ਇੱਕ ਅਧਿਕਾਰੀ ਅਮਰ ਸਿੰਘ ਨੇ ਕਿਹਾ,''ਲਾਸ਼ਾਂ 'ਤੇ ਘਿਓ ਅਤੇ ਪਾਣੀ ਪਾਉਣ ਦੀ ਆਗਿਆ ਨਹੀਂ ਹੈ। ਇਹ ਸਿਹਤ ਦੇ ਲਿਹਾਜੋਂ ਮਾਰੂ ਹੋ ਸਕਦਾ ਹੈ, ਪਰ ਲੋਕ ਇਨ੍ਹਾਂ ਪਾਬੰਦੀਆਂ ਦੀ ਅਣਦੇਖੀ ਕਰਦੇ ਹਨ।'' ਅਮਰ ਸਿੰਘ ਨਿਗਮਬੋਧ ਘਾਟ ਦੇ ਸੰਚਾਲਨ ਦੀ ਨਿਗਰਾਨੀ ਲਈ, ਮਹਾਂਮਾਰੀ ਦੌਰਾਨ ਨਿਯੁਕਤ ਸੱਤ ਐੱਮਸੀਡੀ ਨਿਗਰਾਨਾਂ ਵਿੱਚੋਂ ਇੱਕ ਹਨ।
ਸਿੰਘ ਨੇ ਕਿਹਾ, ਰਾਤ 8 ਵਜੇ ਤੋਂ ਪਹਿਲਾਂ ਪਹੁੰਚੀਆਂ ਲਾਸ਼ਾਂ ਦਾ ਉਸੇ ਦਿਨ ਸਸਕਾਰ ਕੀਤਾ ਜਾਂਦਾ ਹੈ। ਬਾਅਦ ਵਿੱਚ ਆਉਣ ਵਾਲ਼ਿਆਂ ਨੂੰ ਅਗਲੇ ਸਵੇਰ ਤੱਕ ਉਡੀਕ ਕਰਨੀ ਪੈਂਦੀ ਹੈ, ਉਹ ਵੀ ਬਿਨਾ ਕਿਸੇ ਦੀ ਮਦਦ ਦੇ। ਇਸ ਤਰ੍ਹਾਂ ਐਂਬੂਲੈਂਸ ਦਾ ਖਰਚਾ ਵੀ ਵੱਧ ਗਏ ਕਿਉਂਕਿ ਉਨ੍ਹਾਂ ਨੂੰ ਪੂਰੀ ਰਾਤ ਉੱਥੇ ਹੀ ਰੁਕੇ ਰਹਿਣ ਪੈਂਦਾ ਸੀ। ''ਇਸ ਸਮੱਸਿਆ ਦਾ ਇੱਕ ਫੌਰੀ ਹੱਲ ਇਹ ਹੋ ਸਕਦਾ ਹੈ ਕਿ ਭੱਠੀ ਨੂੰ ਚੌਵੀ ਘੰਟੇ ਚਲਾਇਆ ਜਾਣਾ।''
ਪਰ ਕੀ ਇਹ ਸੰਭਵ ਸੀ? ''ਕਿਉਂ ਨਹੀਂ?'' ਸਿੰਘ ਨੇ ਕਿਹਾ। ''ਜਦੋਂ ਤੁਸੀਂ ਚੰਦੂਰ ਵਿੱਚ ਚਿਕਨ ਭੁੰਨ੍ਹਦੇ ਹੋ ਤਾਂ ਤੰਦੂਰ ਜਿਓਂ ਦਾ ਤਿਓਂ ਰਹਿੰਦਾ ਹੈ। ਇੱਥੋਂ ਦੀਆਂ ਭੱਠੀਆਂ ਵੀ 24 ਘੰਟੇ ਚੱਲਣ ਦੀ ਤਾਕਤ ਰੱਖਦੀਆਂ ਹਨ। ਪਰ, ਸੰਸਥਾ ਇਹਦੀ ਇਜਾਜ਼ਤ ਨਹੀਂ ਦੇਵੇਗੀ।'' ਪੱਪੂ ਨੇ ਇਹ ਕਹਿੰਦਿਆਂ ਇਹ ਵਿਚਾਰ ਅਪ੍ਰਵਾਨ ਕਰ ਦਿੱਤਾ ਕਿ ''ਇਨਸਾਨ ਵਾਂਗ ਮਸ਼ੀਨ ਨੂੰ ਵੀ ਕੁਝ ਅਰਾਮ ਕਰਨ ਦੀ ਲੋੜ ਹੁੰਦੀ ਹੈ।''
ਹਾਲਾਂਕਿ, ਅਮਰ ਸਿੰਘ ਅਤੇ ਪੱਪੂ ਦੋਵੇਂ ਇਸ ਗੱਲ 'ਤੇ ਸਹਿਮਤ ਸਨ ਕਿ ਸ਼ਮਸ਼ਾਨ ਵਿੱਚ ਕਾਮਿਆਂ ਦੀ ਭਾਰੀ ਕਿੱਲਤ ਹੈ। ਸਿੰਘ ਨੇ ਕਿਹਾ,''ਜੇਕਰ ਉਨ੍ਹਾਂ ਵਿੱਚੋਂ ਕਿਸੇ ਨਾਲ਼ ਵੀ ਕੁਝ ਵਾਪਰ ਗਿਆ ਤਾਂ ਪਹਿਲਾਂ ਤੋਂ ਹੀ ਸੂਈ ਦੇ ਨੱਕੇ ਵਿੱਚੋਂ ਦੀ ਲੰਘ ਰਿਹਾ ਇਹ ਰੁਟੀਨ ਪੂਰਾ ਤਬਾਹ ਹੋ ਜਾਵੇਗਾ।'' ਉਨ੍ਹਾਂ ਨੇ ਅੱਗੇ ਕਿਹਾ ਕਿ ਕਾਮਿਆਂ ਦਾ ਕੋਈ ਬੀਮਾ ਤੱਕ ਨਹੀਂ ਹੋਇਆ ਹੈ। ਪੱਪੂ ਇੱਕ ਵਾਰ ਫਿਰ ਜ਼ਰਾ ਵੱਖ ਸੋਚਦਿਆਂ ਕਹਿੰਦੇ ਹਨ,''ਜੇਕਰ ਹਰਿੰਦਰ ਅਤੇ ਮੇਰੇ ਜਿਹੇ ਹੋਰ ਕਾਮੇ ਹੁੰਦੇ ਤਾਂ ਚੀਜਾਂ ਕੁਝ ਆਸਾਨ ਹੋ ਜਾਣੀਆਂ ਸਨ ਅਤੇ ਸਾਨੂੰ ਵੀ ਥੋੜ੍ਹਾ ਅਰਾਮ ਮਿਲ਼ ਪਾਉਂਦਾ।''
ਜਦੋਂ ਮੈਂ ਗੁਪਤਾ ਤੋਂ ਪੁੱਛਿਆ ਕੀ ਹੋਊਗਾ ਜਦੋਂ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਕੁਝ ਹੋ ਗਿਆ, ਤਾਂ ਉਨ੍ਹਾਂ ਸ਼ਾਂਤੀ ਨਾਲ਼ ਕਿਹਾ,''ਬਾਕੀ ਬਚੇ ਤਿੰਨ ਕਾਮੇ ਇਹ ਕੰਮ ਕਰਨਗੇ। ਨਹੀਂ ਤਾਂ ਬਾਹਰੋਂ ਮਜ਼ਦੂਰਾਂ ਨੂੰ ਲੈ ਆਵਾਂਗੇ।'' ਕਾਮਿਆਂ ਦੇ ਭੱਤੇ ਬਾਰੇ ਉਨ੍ਹਾਂ ਨੇ ਕਿਹਾ,''ਗੱਲ ਇਹ ਨਹੀਂ ਕਿ ਅਸੀਂ ਉਨ੍ਹਾਂ ਨੂੰ ਭੋਜਨ ਨਹੀਂ ਦਿੰਦੇ। ਅਸੀਂ ਸਭ ਕੁਝ ਦਿੰਦੇ ਹਾਂ ਜਿਵੇਂ ਖਾਣਾ, ਦਵਾਈਆਂ ਅਤੇ ਸੈਨੀਟਾਈਜ਼ਰ ਵਗੈਰਾ।''
ਜਦੋਂ ਹਰਿੰਦਰ ਅਤੇ ਉਨ੍ਹਾਂ ਦੇ ਸਾਥੀ ਨੇ ਛੋਟੇ ਜਿਹੇ ਕਮਰੇ ਵਿੱਚ ਰਾਤ ਦਾ ਖਾਣਾ ਖਾਦਾ ਤਾਂ ਨੇੜੇ ਹੀ ਭੱਠੀ ਵਿੱਚ ਇੱਕ ਲਾਸ਼ ਨੂੰ ਸੁਆਹ ਬਣਾ ਰਹੀ ਸੀ। ਉਨ੍ਹਾਂ ਨੇ ਆਪਣੇ ਗਲਾਸ ਵਿੱਚ ਥੋੜ੍ਹੀ ਵਿਸ੍ਹਕੀ ਵੀ ਪਾਈ। ''ਸਾਨੂੰ ਸ਼ਰਾਬ ਪੀਣੀ ਪੈਂਦੀ ਹੈ। ਇਹਦੇ ਬਿਨਾਂ ਅਸੀਂ ਬਚ ਨਹੀਂ ਸਕਦੇ,'' ਹਰਿੰਦਰ ਕਹਿੰਦੇ ਹਨ।
ਕੋਵਿਡ ਮਹਾਂਮਾਰੀ ਤੋਂ ਪਹਿਲਾਂ ਉਹ ਦਿਨ ਵਿੱਚ ਤਿੰਨ ਪੈੱਗ ਵਿਸ੍ਹਕੀ (ਇੱਕ ਪੈੱਗ ਵਿੱਚ 60 ਮਿ:ਲੀ ਸ਼ਰਾਬ ਹੁੰਦੀ ਹੈ) ਨਾਲ਼ ਕੰਮ ਸਾਰ ਲੈਂਦੇ ਸਨ, ਪਰ ਹੁਣ ਪੂਰਾ ਦਿਨ ਨਸ਼ੇ ਵਿੱਚ ਰਹਿਣਾ ਹੁੰਦਾ ਤਾਂਕਿ ਨਸ਼ੇ ਦੀ ਲੋਰ ਵਿੱਚ ਆਪਣਾ ਕੰਮ ਪੂਰਾ ਕਰ ਸਕਣ। ''ਸਾਨੂੰ ਇੱਕ ਪਊਆ (180 ਮਿ:ਲੀ) ਸਵੇਰੇ, ਓਨੀ ਹੀ ਦੁਪਹਿਰ ਨੂੰ, ਸ਼ਾਮ ਨੂੰ ਅਤੇ ਰਾਤ ਨੂੰ ਰੋਟੀ ਤੋਂ ਬਾਅਦ ਇੱਕ ਪਊਆ ਪੀਣਾ ਪੈਂਦਾ ਹੈ। ਕਦੇ-ਕਦੇ ਅਸੀਂ ਘਰ ਵਾਪਸ ਜਾ ਕੇ ਵੀ ਪੀਂਦੇ ਹਾਂ,'' ਪੱਪੂ ਕਹਿੰਦੇ ਹਨ। ''ਚੰਗੀ ਗੱਲ ਇਹ ਹੈ ਕਿ ਸੰਸਥਾ ਸਾਨੂੰ ਰੋਕਦੀ (ਸ਼ਰਾਬ ਪੀਣੋਂ) ਨਹੀਂ। ਸਗੋਂ ਉਹ ਸਾਨੂੰ ਹਰ ਰੋਜ਼ ਸ਼ਰਾਬ ਉਪਲਬਧ ਕਰਾਉਂਦੀ ਹੈ।''
ਸ਼ਰਾਬ ਸਿਰਫ਼ ਇੰਨਾ ਕੰਮ ਕਰਦੀ ਕਿ ਇ ਸਮਾਜ ਦੇ ਆਖ਼ਰੀ ਪੌਡੇ 'ਤੇ ਖੜ੍ਹੇ ਇਨ੍ਹਾਂ 'ਲਾਸਟਲਾਈਨ' ਮਿਹਨਤਕਸ਼ਾਂ ਨੂੰ ਇੱਕ ਮਰੇ ਹੋਏ ਇਨਸਾਨ ਨੂੰ ਸਾੜਨ ਦੇ ਦਰਦ ਅਤੇ ਸਖ਼ਤ ਮੁਸ਼ੱਕਤ ਤੋਂ ਰਤਾ ਕੁ ਸਕੂਨ ਵਿੱਚ ਲੈ ਜਾਂਦੀ ਹੈ।''ਉਹ ਤਾਂ ਮਰ ਚੁੱਕੇ ਹਨ ਤੇ ਅਸੀਂ ਵੀ ਮਰ ਜਾਂਦੇ ਕਿਉਂਕਿ ਇੱਥੇ ਕੰਮ ਕਰਨਾ ਬੇਹੱਦ ਥਕਾ ਦੇਣ ਵਾਲ਼ਾ ਅਤੇ ਤਕਲੀਫ਼ਦੇਹ ਹੁੰਦਾ ਹੈ,'' ਹਰਿੰਦਰ ਨੇ ਕਿਹਾ। ''ਜਦੋਂ ਮੈਂ ਇੱਕ ਪੈੱਗ ਪੀ ਲੈਂਦਾ ਹਾਂ ਅਤੇ ਲਾਸ਼ ਨੂੰ ਦੇਖਦਾ ਹਾਂ ਤਾਂ ਗੰਭੀਰ ਹੋ ਜਾਂਦਾ ਹਾਂ ਅਤੇ ਜਦੋਂ ਕਦੇ-ਕਦੇ ਧੂੜ ਅਤੇ ਧੂੰਆਂ ਗਲ਼ੇ ਵਿੱਚ ਅੜ ਜਾਂਦਾ ਹੈ ਤਾਂ ਸ਼ਰਾਬ ਉਹਨੂੰ ਗਲ਼ੇ ਦੇ ਹੇਠਾਂ ਲਾਹ ਦਿੰਦੀ ਹੈ।''
ਰਾਹਤ ਦੀ ਘੜੀ ਲੰਘ ਗਈ। ਇਹ ਪੱਪੂ ਦੇ ਜਾਣ ਅਤੇ ਦੋ ਲੌਂਡਿਆਂ ਨੂੰ ਦੇਖਣ ਦਾ ਸਮਾਂ ਹੈ। ''ਅਸੀਂ ਵੀ ਰੋਂਦੇ ਹਾਂ। ਸਾਡੇ ਵੀ ਹੰਝੂ ਕਿਰਦੇ ਹਨ। ਅਸੀਂ ਵੀ ਦੁਖੀ ਹੁੰਦੇ ਹਾਂ,'' ਉਨ੍ਹਾਂ ਨੇ ਕਿਹਾ, ਉਨ੍ਹਾਂ ਦੀ ਅਵਾਜ਼ ਦਰਦ ਨਾਲ਼ ਭਰੀ ਹੋਈ ਅਤੇ ਅੱਖਾਂ ਨਮ ਸਨ। ''ਪਰ ਸਾਨੂੰ ਜਿਵੇਂ-ਕਿਵੇਂ ਕਰਕੇ ਖੁਦ ਨੂੰ ਸੰਭਾਲਣਾ ਅਤੇ ਦਿਲ ਮਜ਼ਬੂਤ ਰੱਖਣਾ ਪੈਂਦਾ ਹੈ।''
ਤਰਜਮਾ: ਕਮਲਜੀਤ ਕੌਰ