ਦੁਕਾਨ ਉੱਤੇ ਕਿਸੇ ਦੇ ਨਾਮ ਦੀ ਕੋਈ ਤਖ਼ਤੀ ਨਹੀਂ ਹੈ। ਮੁਹੰਮਦ ਅਜ਼ੀਮ ਕਹਿੰਦੇ ਹਨ, “ਇਹ ਸਿਰਫ਼ ਇੱਕ ਗੁਮਨਾਮ ਦੁਕਾਨ ਹੈ।” ਐਸਬੇਸਟਸ ਤੋਂ ਬਣੀ 8 X 8 ਦੀ ਉਸ ਦੁਕਾਨ ਦੀਆਂ ਕੰਧਾਂ ਅੰਦਰੋਂ ਧੂੜ-ਮਿੱਟੀ ਅਤੇ ਮੱਕੜੀ ਦੇ ਜਾਲ਼ਿਆਂ ਨਾਲ਼ ਢੱਕੀਆਂ ਹੋਈਆਂ ਹਨ। ਇੱਕ ਕੋਨੇ ਵਿੱਚ ਛੋਟੀ ਜਿਹੀ ਲੋਹੇ ਅਤੇ ਮਿੱਟੀ ਦੀ ਭੱਠੀ ਰੱਖੀ ਹੋਈ ਹੈ, ਵਿਚਾਲੇ ਨੀਲੀ ਤਰਪਾਲ ਨਾਲ਼ ਢੱਕੀ ਸੜੀ ਹੋਈ ਕਾਲ਼ੀ ਮਿੱਟੀ ਦਾ ਢੇਰ ਪਿਆ ਹੈ।
ਹਰ ਰੋਜ਼ ਤਕਰੀਬਨ ਸਵੇਰੇ 7 ਵਜੇ ਅਜ਼ੀਮ ਪੱਛਮੀ ਹੈਦਰਾਬਾਦ ਵਿੱਚ ਦੂਧ ਬਾਵਲੀ ਦੀਆਂ ਤੰਗ ਗਲੀਆਂ ਵਿੱਚੋਂ ਸਾਇਕਲ ਚਲਾਉਂਦੇ ਲੰਘਦੇ ਹਨ ਅਤੇ ਇਸ ਦੁਕਾਨ ਕੋਲ਼ ਆਪਣਾ ਸਾਈਕਲ ਖੜ੍ਹਾ ਕਰਦੇ ਹਨ, ਇਸਦੀ ਪਿਛਲੀ ਕੰਧ ਹਕੀਮ ਮੀਰ ਵਜ਼ੀਰ ਅਲੀ ਕਬਰਸਤਾਨ ਦੇ ਅਹਾਤੇ ਦੀ ਕੰਧ ਨਾਲ਼ ਖਹਿੰਦੀ ਹੈ।
ਇੱਥੇ, ਧੂੜ ਭਰੇ ਪਲਾਸਟਿਕ ਦੇ ਭਾਂਡਿਆਂ, ਜੰਗਾਲ਼ ਖਾਧੇ ਧਾਤੂ ਦੇ ਬਕਸੇ, ਟੁੱਟੀਆਂ ਹੋਈਆਂ ਬਾਲਟੀਆਂ ਅਤੇ ਫਰਸ਼ `ਤੇ ਖਿੰਡੇ ਹੋਏ ਔਜ਼ਾਰਾਂ ਦੇ ਵਿਚਕਾਰ ਉਹ ਧਾਤੂ ਘੜਨ ਦਾ ਆਪਣਾ ਕੰਮ ਸ਼ੁਰੂ ਕਰਦੇ ਹਨ, ਜਿਹੜੀ ਕਿ ਕੰਮ ਕਰਨ ਦੇ ਲਿਹਾਜ ਤੋਂ ਬਹੁਤ ਤੰਗ ਜਗ੍ਹਾ ਹੈ।
ਅਜ਼ੀਮ (28 ਸਾਲ) ਦੇ ਬਣਾਏ ਟੋਕਨਾਂ (ਜਾਂ ਸਿੱਕੇ) ਦੀ ਵਰਤੋਂ ਹੈਦਰਾਬਾਦ ਦੀਆਂ ਕੁਝ ਪੁਰਾਣੀਆਂ ਚਾਹ ਦੀਆਂ ਦੁਕਾਨਾਂ ਅਤੇ ਖਾਣ-ਪੀਣ ਵਾਲ਼ੀਆਂ ਦੁਕਾਨਾਂ ਅੱਜ ਵੀ ਕਰਦੀਆਂ ਹਨ। ਪੁਰਾਣੇ ਸਮੇਂ ਇਨ੍ਹਾਂ ਟੋਕਨਾਂ ਦੀ ਵਰਤੋਂ ਮਿੱਲਾਂ, ਮਿਲਟਰੀ ਆਊਟਲੇਟਾਂ, ਰੇਲਵੇ, ਬੈਂਕਾਂ, ਕਲੱਬਾਂ, ਸਹਿਕਾਰੀ ਸੰਸਥਾਵਾਂ ਵਰਗੇ ਕਈ ਹੋਰ ਅਦਾਰਿਆਂ ਵਿੱਚ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ਼ ਲੋਕਾਂ ਦਾ ਰੁਝਾਣ ਪਲਾਸਟਿਕ ਟੋਕਨਾਂ ਜਾਂ ਕਾਗਜ਼ ਦੀਆਂ ਰਸੀਦਾਂ ਵੱਲ ਹੋਣ ਨਾਲ਼ ਇਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਘੱਟ ਗਈ ਹੈ। ਹੈਦਰਾਬਾਦ ਦੀਆਂ ਕੁਝ ਖਾਣ-ਪੀਣ ਦੀਆਂ ਦੁਕਾਨਾਂ ਵਿੱਚ ਇਨ੍ਹਾਂ ਟੋਕਨਾਂ ਦੀ ਵਰਤੋਂ ਹੁੰਦੀ ਹੈ, ਉਹ ਇਨ੍ਹਾਂ ਰਾਹੀਂ ਆਪਦੀ ਦਿਨ ਦੀ ਕਮਾਈ ਜੋੜਦੇ ਹਨ। ਜਦੋਂ ਕੋਈ ਗਾਹਕ ਖਾਣ ਦੀ ਚੀਜ਼ ਆਰਡਰ ਕਰਦਾ ਹੈ, ਤਾਂ ਉਹਨਾਂ ਨੂੰ ਉਸ ਪਕਵਾਨ ਦੇ ਹੀ ਟੋਕਨ ਦਿੱਤੇ ਜਾਂਦੇ ਹਨ।
ਅਜ਼ੀਮ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲ਼ੇ ਅਤੇ ਹੋਰ ਦੁਕਾਨਦਾਰ ਅੱਜੂ ਕਹਿੰਦੇ ਹਨ, ਦੱਸਦੇ ਹਨ ਕਿ ਉਹ ਸ਼ਹਿਰ ਦੇ ਉਨ੍ਹਾਂ ਕਾਰੀਗਰਾਂ ਵਿੱਚੋਂ ਇੱਕ ਹਨ, ਜਿਹੜੇ ਇਨ੍ਹਾਂ ਸਿੱਕਿਆਂ ਜਾਂ ਟੋਕਨਾਂ ਨੂੰ ਬਣਾਉਣ ਦਾ ਕੰਮ ਕਰਦੇ ਹਨ। ਪੂਰੇ ਹੈਦਰਾਬਾਦ ਵਿੱਚ ਹੁਣ ਸਿਰਫ਼ 10 ਤੋਂ ਵੀ ਘੱਟ ਲੋਕ ਅਜਿਹੇ ਹਨ ਜਿਹੜੇ ਅੱਜ ਵੀ ਇਹਨਾਂ ਸਿੱਕਿਆਂ ਨੂੰ ਢਾਲਣ ਵਿੱਚ ਮੁਹਾਰਤ ਰੱਖਦੇ ਹਨ।
ਕੋਲ਼ ਪਏ ਬਕਸਿਆਂ ਵਿੱਚੋਂ ਉਨ੍ਹਾਂ ਨੇ ਕੁੱਝ ਟੋਕਨ ਕੱਢ ਕੇ ਫਰਸ਼ ਉੱਤੇ ਸੁੱਟ ਦਿੱਤੇ, ਉਨ੍ਹਾਂ ਉੱਤੇ ਅੰਗਰੇਜ਼ੀ ਵਿੱਚ ਕੁਝ ਉੱਕਰਿਆ ਹੋਇਆ ਸੀ: ਟੀ, ਰਾਈਸ, ਇਡਲੀ , ਪਇਆ , ਫਿਸ਼, ਸੀਬੀਐਸ (ਚਿਕਨ ਬਿਰਯਾਨੀ ਸਿੰਗਲ), ਸੀਬੀਜੇ (ਚਿਕਨ ਬਿਰਯਾਨੀ ਜੰਬੋ), ਐਮਬੀਐਸ (ਮਟਨ ਬਿਰਯਾਨੀ ਸਿੰਗਲ), ਐਮਬੀਜੇ (ਮਟਨ ਬਿਰਯਾਨੀ ਜੰਬੋ) ਆਦਿ। ਉਨ੍ਹਾਂ ਵਿੱਚੋਂ ਕਈ ਟੋਕਨਾਂ ਉੱਤੇ ਪਕਵਾਨ ਦੀ ਸ਼ਕਲ ਦੇ ਚਿੱਤਰ ਉੱਕਰੇ ਹੋਏ ਸਨ, ਜਿਵੇਂ ਚਾਹ ਦੀ ਕੇਤਲੀ, ਮੱਛੀ, ਮੁਰਗਾ, ਬੱਕਰਾ, ਡੋਸਾ ਆਦਿ।
ਅਜ਼ੀਮ ਦੇ ਚਾਚਾ, ਮੁਹੰਮਦ ਰਹੀਮ ਜਿਨ੍ਹਾਂ ਦੀ ਉਮਰ 60 ਤੋਂ 70 ਵਿਚਕਾਰ ਹੋਵੇਗੀ, ਜਿਹੜੇ ਲੰਮੇ ਸਮੇਂ ਤੋਂ ਟੋਕਨ ਬਣਾਉਣ ਦਾ ਕੰਮ ਕਰਦੇ ਹਨ। ਉਹ ਕਹਿੰਦੇ ਹਨ, “ਅਸੀਂ ਇਹਨਾਂ ਸਿੱਕਿਆਂ ਨੂੰ ਬਣਾਉਣ ਵਿੱਚ ਮਾਹਰ ਹਾਂ ਅਤੇ ਸਾਰੇ ਹੈਦਰਾਬਾਦ ਤੋਂ ਕਈ ਦੁਕਾਨਦਾਰ ਇਹਨਾਂ ਨੂੰ ਖਰੀਦਣ ਲਈ ਇੱਥੇ ਆਉਂਦੇ ਸਨ। ਪਰ ਹੁਣ ਇਹ ਕੰਮ ਬਹੁਤ ਘੱਟ ਗਿਆ ਹੈ।”
ਉਨ੍ਹਾਂ ਤੋਂ ਮਾਲੂਮ ਹੋਇਆ ਕਿ ਅਜ਼ੀਮ ਦੇ ਦਾਦਾ-ਦਾਦੀ ਵੀ ਮੁਹਰਾਂ ਬਣਾਉਣ ਦਾ ਕੰਮ ਕਰਦੇ ਸਨ ਅਤੇ ਹੈਦਰਾਬਾਦ ਦੇ ਆਖ਼ਰੀ ਨਿਜ਼ਾਮ ਦੇ ਰਾਜ ਦੌਰਾਨ (1911-1948 ਤੱਕ) ਉਨ੍ਹਾਂ ਨੇ ਰਾਜਦਰਬਾਰ ਲਈ ਮੁਹਰਾਂ ਅਤੇ ਸਜਾਵਟੀ ਵਸਤੂਆਂ ਬਣਾਈਆਂ ਸਨ ਅਤੇ ਉਹ ਘਰਾਂ ਲਈ ਧਾਤ ਦੇ ਸਜਾਵਟੀ ਭਾਂਡੇ ਬਣਾਉਂਦੇ ਸਨ। ਰਹੀਮ ਦੱਸਦੇ ਹਨ ਕਿ ਉਨ੍ਹਾਂ ਨੇ ਸਾਈਕਲ ਮਾਲਕਾਂ ਦੇ ਨਾਂ ਦੀਆਂ ਛੋਟੀਆਂ ਪਲੇਟਾਂ ਵੀ ਬਣਵਾਈਆਂ ਸਨ, ਜਿਨ੍ਹਾਂ ਨੂੰ ਉਹ ਆਪਣੀ ਸਾਈਕਲਾਂ `ਤੇ ਚਿਪਕਾ ਦਿੰਦੇ ਸਨ। ਅਜ਼ੀਮ ਸਾਨੂੰ ਸਾਈਕਲ ਲਈ ਇੱਕ ਪਲੇਟ ਦਿਖਾਉਂਦੇ ਹਨ ਜਿਹੜੀ ਕਿ ਉਨ੍ਹਾਂ ਦੇ ਪਿਤਾ ਨੇ ਕਈ ਸਾਲ ਪਹਿਲਾਂ ਬਣਾਈ ਸੀ।
ਅਜ਼ੀਮ ਦੇ ਪਿਤਾ, ਮੁਹੰਮਦ ਮੁਰਤੂਜ਼ਾ, ਸਿੱਕੇ ਢਾਲਣ ਵਾਲ਼ੇ ਇੱਕ ਅਜਿਹੇ ਮਾਹਰ ਕਾਰੀਗਰ ਸਨ, ਜਿਨ੍ਹਾਂ ਤੋਂ ਇਲਾਕੇ ਵਿੱਚ ਹਰ ਕੋਈ ਕੰਮ ਕਰਾਉਣ ਦਾ ਚਾਹਵਾਨ ਸੀ। ਪਰ ਕਈ ਦਹਾਕੇ ਪਹਿਲਾਂ, ਜਦੋਂ ਅੱਜੂ ਦਾ ਜਨਮ ਵੀ ਨਹੀਂ ਹੋਇਆ ਸੀ, ਮੁਰਤੂਜ਼ਾ ਦੀ ਸੱਜੀ ਬਾਂਹ ਭੱਠੀ ਵਿੱਚ ਲੱਗੀ ਅੱਗ ਕਾਰਨ ਜ਼ਖ਼ਮੀ ਹੋ ਗਈ ਅਤੇ ਉਸਨੂੰ ਕੱਟਣਾ ਪਿਆ।
ਫਿਰ ਵੀ, ਮੁਰਤਜ਼ਾ ਅਤੇ ਰਹੀਮ ਦੋਵਾਂ ਨੇ ਆਪਣੇ ਮਾਪਿਆਂ ਦੀ ਵਿਰਾਸਤ ਨੂੰ ਜਾਰੀ ਰੱਖਿਆ। ਅਜ਼ੀਮ ਨੂੰ ਇਹ ਵੀ ਯਾਦ ਨਹੀਂ ਹੈ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸਿੱਕਾ ਢਾਲਣ ਦਾ ਕੰਮ ਸ਼ੁਰੂ ਕੀਤਾ ਸੀ, ਤਾਂ ਉਸ ਵੇਲ਼ੇ ਉਨ੍ਹਾਂ ਦੀ ਉਮਰ ਕਿੰਨੀ ਸੀ। ਉਨ੍ਹਾਂ ਨੇ ਚੌਥੀ ਜਮਾਤ ਤੱਕ ਪੜ੍ਹਈ ਕੀਤੀ ਸੀ ਅਤੇ ਜਦੋਂ ਉਨ੍ਹਾਂ ਦੀ ਆਪਣੇ ਹੀ ਕਿਸੇ ਮਿੱਤਰ ਨਾਲ਼ ਲੜਾਈ ਹੋਈ, ਤਾਂ ਉਨ੍ਹਾਂ ਦੇ ਪਿਤਾ ਜੀ ਨੇ ਸਕੂਲ ਤੋਂ ਉਨ੍ਹਾਂ ਦਾ ਨਾਮ ਕਟਵਾ ਲਿਆ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸਿੱਕਾ ਢਾਲਣ ਦਾ ਇੱਕੋ ਇੱਕ ਕੰਮ ਆਉਂਦਾ ਹੈ ਇਸ ਤੋਂ ਬਗੈਰ ਉਹ ਕੋਈ ਹੋਰ ਕੰਮ ਨਹੀਂ ਜਾਣਦੇ।
ਲੰਘੇ ਕੁਝ ਦਹਾਕਿਆਂ ਦੌਰਾਨ, ਪਰਿਵਾਰ ਨੂੰ ਕਈ ਵਾਰ ਦੁਕਾਨ ਬਦਲਣੀ ਪਈ। ਕਦੀ ਦੁਕਾਨ ਦੇ ਢਾਹੁਣ ਕਾਰਨ, ਕਦੀ ਭੱਠੀ ਤੋਂ ਨਿਕਲ਼ਣ ਵਾਲ਼ੇ ਧੂੰਏਂ ਦੀਆਂ ਸ਼ਿਕਾਇਤਾਂ ਕਾਰਨ, ਕਦੀ ਜਗ੍ਹਾ ਦੀ ਕਮੀ ਕਾਰਨ, ਕਦੀ ਉਨ੍ਹਾਂ ਨੇ ਚਾਰਮੀਨਾਰ ਨੇੜੇ ਇੱਕ ਝੋਪੜੀ ਵਿੱਚ ਆਪਣੀ ਦੁਕਾਨ ਲਗਾਈ, ਤਾਂ ਕਦੀ ਉਸ ਇਲਾਕੇ ਦੀ ਇੱਕ ਮਸਜਿਦ ਨੇੜਲੀ ਇੱਕ ਦੁਕਾਨ ਵਿੱਚ ਕੰਮ ਕਰਦੇ ਰਹੇ। ਇੱਥੋ ਤੱਕ ਕਿ ਕਦੇ ਉਨ੍ਹਾਂ ਨੇ ਆਪਣੇ ਤਿੰਨ ਕਮਰਿਆਂ ਵਾਲ਼ੇ ਛੋਟੇ ਜਿਹੇ ਘਰ ਵਿੱਚ ਇੱਕ ਕਿਨਾਰੇ ਵਿੱਚ ਭੱਠੀ ਲਗਾ ਕੇ ਕੰਮ ਕੀਤਾ। ਇੱਥੇ, ਅਜ਼ੀਮ ਦੀ ਪਤਨੀ ਨਾਜ਼ੀਮਾ ਬੇਗਮ ਆਸ-ਪਾਸ ਦੇ ਮੈਦਾਨਾਂ ਤੋਂ ਮਿੱਟੀ ਇਕੱਠੀ ਕਰਨ, ਇਸ ਨੂੰ ਛਾਨਣ ਦਾ ਅਤੇ ਸਾਂਚੇ ਵਿੱਚ ਭਰਨ ਦਾ ਕੰਮ ਸੰਭਾਲ਼ਦੀ।
ਮਾਰਚ 2020 ਵਿੱਚ ਲਾਕਡਾਊਨ ਦੌਰਾਨ, ਉਸ ਸਮੇਂ ਮੁਰਤੂਜ਼ਾ ਦੀ 2,000 ਰੁਪਏ ਪ੍ਰਤੀ ਮਹੀਨਾ ਅਪੰਗਤਾ ਪੈਨਸ਼ਨ ਕਾਰਨ ਹੀ ਪਰਿਵਾਰ ਦਾ ਖਰਚਾ ਚੱਲਦਾ ਗਿਆ। ਅਜ਼ੀਮ ਦੀਆਂ ਤਿੰਨੋਂ ਭੈਣਾਂ ਵਿਆਹੀਆਂ ਗਈਆਂ ਹਨ ਅਤੇ ਘਰੇਲੂ ਕੰਮ ਕਰਦੀਆਂ ਹਨ ਅਤੇ ਇੱਕ ਛੋਟਾ ਭਰਾ ਦੋਪਹੀਆ ਵਾਹਨਾਂ ਦੀ ਦੁਕਾਨ ਵਿੱਚ ਵੈਲਡਿੰਗ ਦਾ ਕੰਮ ਕਰਦਾ ਹੈ।
ਮੁਰਤੂਜ਼ਾ ਦੀ ਅਪ੍ਰੈਲ 2020 ਵਿੱਚ ਮੌਤ ਹੋ ਗਈ (ਅਜ਼ੀਮ ਦੀ ਮਾਂ ਖਾਜਾ ਦੀ ਮੌਤ 2007 ਵਿੱਚ ਹੋ ਗਈ) ਅਤੇ ਉਨ੍ਹਾਂ ਦੇ ਨਾਲ਼ ਹੀ ਉਨ੍ਹਾਂ ਦੀ ਪੈਨਸ਼ਨ ਆਉਣੀ ਬੰਦ ਹੋ ਗਈ। ਇਸ ਲਈ ਨਵੰਬਰ 2020 ਵਿੱਚ, ਅਜ਼ੀਮ ਨੇ ਕਬਰਸਤਾਨ ਦੇ ਕੋਲ਼ ਦੁਕਾਨ ਕਿਰਾਏ `ਤੇ ਲਈ, ਹੋਰ ਗਾਹਕਾਂ ਨੂੰ ਖਿੱਚਣ ਅਤੇ ਬਿਹਤਰ ਆਮਦਨ ਲਿਆਉਣ ਦੀ ਉਮੀਦ ਵਿੱਚ ਉਹ ਹੁਣ ਕੰਮ ਕਰਦੇ ਹਨ। ਉਹ ਦੱਸਦੇ ਹਨ ਕਿ ਸ਼ੈੱਡ ਫੁੱਟਪਾਥ `ਤੇ ਹੈ ਅਤੇ ਕਿਸੇ ਵੀ ਸਮੇਂ ਸ਼ਹਿਰ ਦੇ ਅਧਿਕਾਰੀਆਂ ਦੁਆਰਾ ਹੇਠਾਂ ਉਤਾਰਿਆ ਜਾ ਸਕਦਾ ਹੈ।
ਇੱਥੇ ਇੱਕ ਵਾਰ ਫੇਰੀ ਦੌਰਾਨ, ਮੈਂ ਦੇਖਿਆ ਕਿ ਉਹਨਾਂ ਨੂੰ ਪਿਛਲੇ ਦਿਨ ਬੇਗਮਪੇਟ ਦੇ ਇੱਕ ਭੋਜਨਖਾਨੇ ਤੋਂ ਆਰਡਰ ਮਿਲਿਆ ਸੀ।
ਉਹ ਦੱਸਦੇ ਹਨ ਕਿ ਰੈਸਟੋਰੈਂਟ ਦੇ ਖਾਸ ਆਰਡਰ ਤੇ ਸਾਰਿਆਂ ਤੋਂ ਪਹਿਲਾ ਅਸੀਂ ਟੋਕਨ ਲਈ ਢੁਕਵੇਂ ਆਕਾਰ (ਚਾਹ ਦੇ ਕੱਪ ਦੀ ਬਣਤਰ ਜਾਂ ਮੱਛੀ ਦੇ ਨਿਸ਼ਾਨ ਵਾਲ਼ੀਆਂ ਮੌਹਰਾਂ) ਦੀ ਚੋਣ ਕਰਦੇ ਹਾਂ। ਉਨ੍ਹਾਂ ਕੋਲ਼ ਹਰ ਤਰ੍ਹਾਂ ਦੇ ਟੋਕਨ ਦਾ ਸਾਂਚਾ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ। ਚਿੱਟੀ ਧਾਤ ਦਾ ਬਣਿਆ ਇਹ ਸਾਂਚਾ ਉਹ ਪਹਿਲਾਂ ਹੀ ਤਿਆਰ ਕਰਕੇ ਆਪਣੇ ਕੋਲ਼ ਰੱਖਦੇ ਹਨ। ਫਿਰ ਉਨ੍ਹਾਂ ਦੀ ਨਕਲ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਨ।
ਅਜ਼ੀਮ, ਲੱਕੜੀ ਦੇ ਇੱਕ ਬੋਰਡ ਉੱਤੇ ਇੱਕ ਪੇਟੀ (ਧਾਤੂ ਦਾ ਸਾਂਚਾ) ਰੱਖਦੇ ਹਨ ਅਤੇ ਇਸ ਉੱਤੇ ਕੁਝ ਸੰਜੀਰਾ (ਢਲਾਈ ਵੇਲ਼ੇ ਵਰਤਿਆ ਜਾਣ ਵਾਲ਼ਾ ਪਾਊਡਰ) ਛਿੜਕਦੇ ਹਨ। ਉਹ ਕਹਿੰਦੇ ਹਨ, “ਇਹ ਪਾਊਡਰ ਸਿੱਕਿਆਂ ਵਿੱਚ ਰੇਤ (ਮਿੱਟੀ) ਦੇ ਕਣਾਂ ਨੂੰ ਫਸਣ ਤੋਂ ਰੋਕਦਾ ਹੈ।" ਫਿਰ ਉਹ ਲੋੜੀਂਦੇ ਆਕਾਰ ਦੇ ਟੋਕਨਾਂ ਨੂੰ ਇੱਕ-ਇੱਕ ਕਰਕੇ ਬੋਰਡ ਉੱਤੇ ਰੱਖਦੇ ਹਨ।
ਫਿਰ ਉਹ ਪੇਟੀ ਦੇ ਇੱਕ ਚੌਥਾਈ ਹਿੱਸੇ ਨੂੰ ਬਰੀਕ ਅਤੇ ਨਰਮ ਮਿੱਟੀ ਨਾਲ਼ ਭਰ ਦਿੰਦੇ ਹਨ ਅਤੇ ਇਸਦੇ ਵਿੱਚ ਗੁੜ ਤੋਂ ਬਣਿਆ ਇੱਕ ਭੂਰਾ ਤਰਲ ਪਦਾਰਥ ਵੀ ਰਲ਼ਾਇਆ ਜਾਂਦਾ ਹੈ। ਤਾਂ ਕਿ ਉਹ ਮਿੱਟੀ ਨੂੰ ਜੋੜਨ ਦਾ ਕੰਮ ਕਰੇ। ਉਹ ਦੱਸਦੇ ਹਨ ਕਿ ਇਸ ਪ੍ਰਕਿਰਿਆ ਵਿੱਚ ਕਿਸੀ ਵੀ ਤਰੀਕੇ ਦੀ ਮਿੱਟੀ ਜਾਂ ਰੇਤ ਦੀ ਵਰਤੋਂ ਕੀਤੀ ਜਾ ਸਕਦੀ ਹੈ, ਸਿਰਫ਼ ਵੱਡੇ ਕਣਾਂ ਨੂੰ ਛਾਣ ਕੇ ਵੱਖ ਕਰਨ ਦੀ ਲੋੜ ਹੁੰਦੀ ਹੈ। ਇਸ ਚੀਕਣੇ ਮਿਸ਼ਰਣ ਨੂੰ ਅਸਥਾਰ ਮਿੱਟੀ (ਆਧਾਰ ਮਿੱਟੀ) ਨਾਲ਼ ਮਿਲਾਇਆ ਜਾਂਦਾ ਹੈ। ਫਿਰ ਉਹ ਸੜੀ ਹੋਈ ਕਾਲ਼ੀ ਮਿੱਟੀ ਦੀ ਰਹਿੰਦ-ਖੂੰਹਦ ਨੂੰ ਉਸਦੇ ਵਿੱਚ ਮਿਲਾਉਂਦੇ ਹਨ, ਜੋ ਕਿ ਭੱਠੀ ਨੇੜੇ ਪਹਿਲਾਂ ਤੋਂ ਹੀ ਨੀਲੀ ਤਰਪਾਲ ਦੇ ਹੇਠਾਂ ਢੱਕ ਕੇ ਰੱਖੀ ਹੁੰਦੀ ਹੈ।
ਇੱਕ ਵਾਰ ਜਦੋਂ ਸਾਰੀ ਪੇਟੀ ਲਗਭਗ ਭਰ ਜਾਂਦੀ ਹੈ, ਉਦੋਂ ਅਜ਼ੀਮ ਮਿੱਟੀ ਨੂੰ ਦਬਾਉਣ ਲਈ ਇਸ `ਤੇ ਖੜੇ ਹੋ ਜਾਂਦੇ ਹਨ। ਫਿਰ ਉਹ ਸਾਂਚੇ ਨੂੰ ਉਲਟਾ ਦਿੰਦੇ ਹਨ। ਹੁਣ ਸਿੱਕੇ ਦਾ ਨਿਸ਼ਾਨ ਮਿਸ਼ਰਣ ਉੱਤੇ ਛਪ ਜਾਂਦਾ ਹੈ। ਸਾਂਚੇ ਨੂੰ ਢੱਕਣ ਨਾਲ਼ ਢੱਕ ਦਿੱਤਾ ਜਾਂਦਾ ਹੈ। ਉਹ ਇਸ `ਤੇ ਕੁਝ ਹੋਰ ਸੰਜੀਰਾ ਪਾਊਡਰ ਛਿੜਕਦੇ ਹਨ, ਇਸ ਤੋਂ ਬਾਅਦ ਅਸਥਾਰ ਮਿੱਟੀ ਅਤੇ ਸੜੀ ਹੋਈ ਕਾਲ਼ੀ ਮਿੱਟੀ ਦੀਆਂ ਹੋਰ ਪਰਤਾਂ ਪਾਉਂਦੇ ਜਾਂਦੇ ਹਨ ਅਤੇ ਉਹ ਮੁੜ ਕੇ ਇਸ ਨੂੰ ਪੈਰਾਂ ਨਾਲ਼ ਗੁੰਨ੍ਹਦੇ ਹਨ। ਇਨ੍ਹੇ ਵਿੱਚ ਉਨ੍ਹਾਂ ਦੇ ਪੈਰ ਮਿੱਟੀ ਅਤੇ ਕਾਲਖ ਨਾਲ਼ ਲਿਬੜ ਜਾਂਦੇ ਹਨ।
ਫਿਰ ਵਾਧੂ ਮਿੱਟੀ ਨੂੰ ਪੂੰਝ ਦਿੱਤਾ ਜਾਂਦਾ ਹੈ ਅਤੇ ਪੇਟੀ ਖੋਲ੍ਹ ਦਿੱਤੀ ਜਾਂਦੀ ਹੈ। ਹੌਲ਼ੀ-ਹੌਲ਼ੀ, ਉਹ ਮੁਹਰ ਦੇ ਸਾਂਚੇ ਨੂੰ ਹਟਾ ਦਿੰਦੇ ਹਨ। ਇਸ ਤਰੀਕੇ ਨਾਲ਼ ਮਿੱਟੀ ਦੇ ਮਿਸ਼ਰਣ ਉੱਤੇ ਉਨ੍ਹਾਂ ਆਕਾਰਾਂ ਅਨੁਸਾਰ ਖੋੜਾਂ ਬਣਾ ਦਿੱਤੀਆਂ ਜਾਂਦੀਆਂ ਹਨ।
ਉਸ ਵਿੱਚ ਪਿਘਲਿਆ ਹੋਇਆ ਐਲੂਮੀਨੀਅਮ ਪਾਉਣ ਲਈ ਅਜ਼ੀਮ ਇੱਕ ਛੋਟੀ ਜਿਹੀ ਸੋਟੀ ਨਾਲ਼ ਉਸ ਵਿੱਚ ਦਬਾਅ ਪਾ ਕੇ ਜਗ੍ਹਾ ਬਣਾਉਂਦੇ ਹਨ। ਸੋਟੀ ਨਾਲ਼, ਉਹ ਪਿਛਲੀ ਵਾਰ ਦੀ (ਪਿਛਲੇ ਆਰਡਰ) ਉੱਕਰੀ ਨਕਾਸ਼ੀ ਨੂੰ ਹਟਾਉਣ ਲਈ ਖੱਡਾਂ ਦੇ ਅੰਦਰਲੀ ਮਿੱਟੀ ਨੂੰ ਬਾਹਰ ਕੱਢਦੇ ਹਨ। ਉਦਾਹਰਨ ਵਜੋਂ ਸਾਂਚੇ ਤੋਂ ਕਿਸੇ ਹੋਰ ਭੋਜਨਘਰ ਦਾ ਨਾਂ ਹਟਾਉਣਾ। ਉਹ ਪੇਟੀ ਨੂੰ ਬੰਦ ਕਰਦੇ ਹਨ, ਇਸਨੂੰ ਮਜ਼ਬੂਤੀ ਨਾਲ਼ ਫੜਦੇ ਹਨ, ਸਿਖਰ `ਤੇ ਇੱਕ ਲੱਕੜ ਦਾ ਬੋਰਡ ਰੱਖਦੇ ਹਨ ਅਤੇ ਫਿਰ ਟੋਕਨ ਢਾਲਣ ਦਾ ਕੰਮ ਆਰੰਭਿਆ ਜਾਂਦਾ ਹੈ।
ਹੱਥ ਨਾਲ਼ ਚੱਲਣ ਵਾਲ਼ੇ ਬਲੋਅਰ (ਗਰਮ ਹਵਾ ਦੇਣ ਵਾਲ਼ਾ ਉਪਕਰਨ) ਦੀ ਵਰਤੋਂ ਨਾਲ਼ ਭੱਠੀ ਦੇ ਕੋਲ਼ੇ ਨੂੰ ਬਾਲ਼ਿਆ ਜਾਂਦਾ ਹੈ। ਇੱਕ ਵਾਰ ਜਦੋਂ ਕੋਲ਼ਾ ਗਰਮ ਹੋ ਜਾਂਦਾ ਹੈ, ਉਦੋਂ ਅਜ਼ੀਮ ਉਸ ਵਿੱਚ ਪੁਰਾਣੇ ਐਲੂਮੀਨੀਅਮ ਦੇ ਸਿੱਕਿਆਂ ਜਾਂ ਠੋਸ ਟੁਕੜਿਆਂ ਨਾਲ਼ ਭਰੀ ਇੱਕ ਬਾਲਟੀ ਰੱਖਦੇ ਹਨ। ਜਦੋਂ ਇਹ ਸਿੱਕੇ ਜਾਂ ਟੁਕੜੇ ਪਿਘਲ ਜਾਂਦੇ ਹਨ, ਤਾਂ ਇੱਕ ਹੋਲਡਰ ਦੀ ਮਦਦ ਨਾਲ਼ ਗਰਮ ਤਰਲ ਨੂੰ ਪੇਟੀ ਵਿੱਚ ਡੋਲ੍ਹਿਆ ਜਾਂਦਾ ਹੈ। ਉਹ ਇਹ ਸਭ ਬਿਨਾਂ ਕਿਸੇ ਸੁਰੱਖਿਆ ਉਪਕਰਨਾ ਤੋਂ ਕਰਦੇ ਹਨ। ਉਹ ਕਹਿੰਦੇ ਹਨ, “ਮੈਨੂੰ ਇਸ ਤਰ੍ਹਾਂ ਕੰਮ ਕਰਨ ਦੀ ਆਦਤ ਪੈ ਗਈ ਹੈ ਅਤੇ ਸੁਰੱਖਿਆ ਦੇ ਉਹ ਸਾਰੇ ਉਪਕਰਨ ਮਹਿੰਗੇ ਹਨ।"
ਤਰਲ ਧਾਤ ਜਲਦੀ ਹੀ ਠੋਸ ਹੋ ਜਾਂਦੀ ਹੈ ਅਤੇ ਕੁਝ ਮਿੰਟਾਂ ਦੇ ਅੰਦਰ ਹੀ ਸਾਂਚੇ ਨੂੰ ਖੋਲ੍ਹ ਕੇ ਉਸ ਅੰਦਰ ਬਣਾਏ ਗਏ ਟੋਕਨਾਂ ਨੂੰ ਇੱਕ ਝਾਤੀ ਮਾਰੀ ਜਾਂਦੀ ਹੈ। ਉਹਨਾਂ ਨੂੰ ਬਾਹਰ ਕੱਢ ਕੇ ਇੱਕ ਰੇਤੀ ਨਾਲ਼ ਉਹ ਟੋਕਨਾਂ ਦੇ ਕਿਨਾਰਿਆਂ ਨੂੰ ਰਗੜਦੇ ਹਨ। ਉਹ ਆਪਣੀ ਹਥੇਲੀ ਵਿੱਚ ਇੱਕ ਛੋਟਾ ਧਾਤੂ ਦਾ ਟੁਕੜਾ ਰੱਖ ਕੇ ਕਹਿੰਦੇ ਹਨ, “ ਇਹ ਰਿਹਾ ਸਾਡਾ ! ”
ਅਗਲਾ ਕਦਮ ਹੁੰਦਾ ਹੈ ਇਨ੍ਹਾਂ ਟੋਕਨਾਂ `ਤੇ ਪਕਵਾਨ ਅਤੇ ਭੋਜਨ ਦਾ ਨਾਮ ਅੰਗਰੇਜ਼ੀ ਵਿੱਚ ਉਕਰਨਾ। ਇਸ ਦੇ ਲਈ, ਐਲੂਮੀਨੀਅਮ ਦੇ ਬਣੇ ਇਨ੍ਹਾਂ ਨਵੇਂ ਟੋਕਨਾਂ ਉੱਤੇ ਅੱਖਰਾਂ ਅਤੇ ਨੰਬਰਾਂ ਦੇ ਨਿਸ਼ਾਨ ਠੋਕੇ ਜਾਂਦੇ ਹਨ। ਇੱਕ ਵਾਰ ਜਦੋਂ ਇਹ ਟੋਕਨ ਤਿਆਰ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਮਦਦ ਨਾਲ਼ ਇਸ ਬਾਕੀ ਦੀ ਪ੍ਰਕਿਰਿਆ ਨੂੰ ਦੁਹਰਾਇਆ ਜਾਂਦਾ ਹੈ।
ਉਹ ਸਾਂਚਿਆਂ ਦੇ ਢੇਰ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, “ਇੱਕ ਵਾਰ ਵਿੱਚ ਕਿੰਨੇ ਸਿੱਕੇ ਤਿਆਰ ਹੋਣਗੇ, ਇਹ ਪੇਟੀ `ਤੇ ਨਿਰਭਰ ਕਰਦਾ ਹੈ। ਮੇਰੇ ਕੋਲ਼ 12 ਵੱਖ-ਵੱਖ ਆਕਾਰ ਦੀਆਂ ਪੇਟੀਆਂ ਹਨ। ਇੱਕ ਦਰਮਿਆਨੇ ਆਕਾਰ ਦੀ ਪੇਟੀ 15X9 ਇੰਚ ਦੀ ਹੁੰਦੀ ਹੈ, ਜਿਸ ਵਿੱਚ ਲਗਭਗ 40 ਟੋਕਨ ਬਣਾਏ ਜਾ ਸਕਦੇ ਹਨ। ਇੱਕਠੇ ਕਈ ਆਰਡਰ ਮਿਲ਼ਣ 'ਤੇ ਉਹ ਦਸ ਘੰਟੇ ਕੰਮ ਕਰਕੇ ਪੂਰੇ ਦਿਨ ਵਿੱਚ ਤਕਰੀਬਨ 600 ਸਿੱਕੇ ਬਣਾ ਸਕਦੇ ਹਨ।
ਦੁਰਲੱਭ ਮਾਮਲਿਆਂ ਵਿੱਚ ਜਦੋਂ ਕਦੀ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਕੋਲ਼ ਕਿਸੇ ਨਵੇਂ ਡਿਜ਼ਾਇਨ ਲਈ ਚਿੱਟੀ ਧਾਤੂ ਨਾਲ਼ ਬਣਿਆ ਟੋਕਨ (ਮਾਸਟਰ ਕੁਆਇਨ) ਨਹੀਂ ਹੁੰਦਾ, ਤਾਂ ਉਹ ਗਾਹਕਾਂ ਨੂੰ ਪਲਾਸਟਿਕ ਨਾਲ਼ ਤਿਆਰ ਹੋਈ ਉਨ੍ਹਾਂ ਦੀ 3-ਡੀ ਨਕਲ ਲਿਆਉਣ ਲਈ ਕਹਿੰਦੇ ਹਨ। ਪਰ ਇਹ ਮਹਿੰਗੇ ਹੁੰਦੇ ਹਨ, ਇਸ ਲਈ ਜ਼ਿਆਦਾਤਰ ਗਾਹਕ ਪੁਰਾਣੇ ਡਿਜ਼ਾਈਨ ਨੂੰ ਦੁਹਰਾਉਣਾ ਪਸੰਦ ਕਰਦੇ ਹਨ। (ਜਦੋਂ ਅਜ਼ੀਮ ਦੇ ਪਿਤਾ ਮੁਰਤੂਜ਼ਾ ਸਿੱਕੇ ਘੜਨ ਦਾ ਕੰਮ ਕਰਦੇ ਸਨ, ਤਾਂ ਉਹ ਹੱਥੀਂ ਨਵੇਂ ਆਕਾਰ ਅਤੇ ਡਿਜ਼ਾਈਨ ਵਾਲ਼ੀਆਂ ਮੁਹਰਾਂ ਤਿਆਰ ਕਰਦੇ ਸਨ।)
ਮੁਹੰਮਦ ਮੋਹੀਨ ਦਾ ਕਹਿਣਾ ਹੈ ਕਿ ਧਾਤ ਦੇ ਸਿੱਕੇ ਪਲਾਸਟਿਕ ਦੇ ਸਿੱਕਿਆਂ ਨਾਲ਼ੋਂ ਵੱਧ ਲੰਬੇ ਸਮੇਂ ਤੱਕ ਚੱਲਦੇ ਹਨ ਅਤੇ ਘੱਟ ਮਹਿੰਗੇ ਹੁੰਦੇ ਹਨ। ਉਹ ਅਜ਼ੀਮ ਦੀ ਦੁਕਾਨ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ `ਤੇ ਬੇਗਮਪੇਟ ਦੇ ਇੱਕ ਹੋਟਲ ਵਿੱਚ ਵੇਟਰ ਵਜੋਂ ਕੰਮ ਕਰਦੇ ਹਨ। ਉਹ ਉਨ੍ਹਾਂ ਕੋਲ਼ ਆਰਡਰ ਦੇਣ ਆਏ ਹਨ। ਹੱਥੀਂ ਗਿਣਤੀ ਕਰਨ ਦਾ ਇਹ ਇੱਕ ਵਧੀਆਂ ਤਰੀਕਾ ਹੈ ਅਤੇ ਸਾਡੇ ਗਾਹਕ ਵੀ ਇਸ ਨੂੰ ਪਸੰਦ ਕਰਦੇ ਹਨ। ਅਸੀਂ ਹਰੇਕ ਡਿਸ਼ ਲਈ 100 ਸਿੱਕੇ ਰੱਖਦੇ ਹਾਂ। ਇੱਕ ਵਾਰ ਇਹਨਾਂ ਦੀ ਵਰਤੋਂ ਕਰਨ ਤੋਂ ਬਾਅਦ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਪਕਵਾਨ ਦੇ 100 ਆਰਡਰ ਵਿਕ ਚੁੱਕੇ ਹਨ। ਇਸ ਤਰ੍ਹਾਂ ਅਸੀਂ ਦਿਨ ਦੀ ਕਮਾਈ ਜੋੜਦੇ ਹਾਂ। ਅਸੀਂ ਅਨਪੜ੍ਹ ਲੋਕ ਹਾਂ, ਇਸੇ ਲਈ ਤਾਂ ਸਾਡੀ ਇਹ ਵਿਰਾਸਤ ਸਾਡੇ ਨਾਲ਼ ਹੀ ਅਟਕੀ ਹੋਈ ਹੈ।
ਅਜ਼ੀਮ ਇੱਕ ਸਿੱਕਾ ਢਾਲਣ ਬਦਲੇ 3 ਰੁਪਏ ਲੈਂਦੇ ਹਨ, ਪਰ ਜੇਕਰ ਆਰਡਰ 1,000 ਸਿੱਕਿਆਂ ਤੋਂ ਘੱਟ ਹੋਵੇ, ਤਾਂ ਉਹ ਰੇਟ ਵਧਾ ਕੇ 4 ਰੁਪਏ/ਸਿੱਕਾ ਕਰ ਦਿੰਦੇ ਹਨ। ਉਹ ਦੱਸਦੇ ਹਨ, “ਮੈਨੂੰ ਰੋਜ਼ਾਨਾ ਤਾਂ ਆਰਡਰ ਨਹੀਂ ਮਿਲਦੇ, ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਕੁਝ ਗਾਹਕ ਆਉਂਦੇ ਹਨ, ਉਹ ਮੈਨੂੰ ਫ਼ੋਨ ਕਰਕੇ ਆਰਡਰ ਦਿੰਦੇ ਹਨ। ਕਿਸੇ ਨੂੰ 300 ਸਿੱਕੇ ਚਾਹੀਦੇ ਹਨ, ਤਾਂ ਕੋਈ 1,000 ਸਿੱਕਿਆਂ ਦਾ ਆਰਡਰ ਦਿੰਦਾ ਹੈ। ਮੇਰੀ ਕੋਈ ਸਥਿਰ ਆਮਦਨ ਨਹੀਂ ਹੈ। ਇੱਕ ਹਫ਼ਤੇ ਵਿੱਚ, ਕਦੇ ਮੈਂ ਸਿਰਫ 1,000 ਰੁਪਏ ਕਮਾਉਂਦਾ ਹਾਂ, ਤਾਂ ਕਦੀ 2,500 ਰੁਪਏ ਤੱਕ ਕਮਾਈ ਹੋ ਜਾਂਦੀ ਹੈ।”
ਅਤੇ ਕਈ ਵਾਰ, ਲੋਕ ਆਰਡਰ ਦੇਣ ਮਗਰੋਂ ਟੋਕਨ ਲੈਣ ਲਈ ਵਾਪਸ ਨਹੀਂ ਆਉਂਦੇ। ਅਜ਼ੀਮ ਉਪਰਲੀ ਸ਼ੈਲਫ `ਤੇ ਰੱਖੇ ਟੋਕਨ ਦਿਖਾਉਂਦੇ ਹਨ। ਉਹ ਦੱਸਦੇ ਹਨ,“ਮੈਂ ਇਹ 1,000 ਸਿੱਕੇ ਬਣਾਏ ਪਰ ਗਾਹਕ ਇਨ੍ਹਾਂ ਨੂੰ ਲੈਣ ਕਦੇ ਵਾਪਸ ਨਹੀਂ ਆਇਆ।” ਕੁਝ ਸਮੇਂ ਮਗਰੋਂ, ਉਹ ਅਜਿਹੇ ਟੋਕਨਾਂ ਨੂੰ ਪਿਘਲਾ ਦਿੰਦੇ ਹਨ ਅਤੇ ਹੋਰ ਸਿੱਕੇ ਬਣਾਉਣ ਲਈ ਉਹਨਾਂ ਦੀ ਮੁੜ ਵਰਤੋਂ ਕਰਦੇ ਹਨ।
ਅਜ਼ੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਦੋ ਦੁਕਾਨਾਂ ਦਾ ਕਿਰਾਇਆ ਦੇਣ ਵਿੱਚ ਚਲਾ ਜਾਂਦਾ ਹੈ। ਮਸਜਿਦ ਦੇ ਨੇੜੇ ਉਨ੍ਹਾਂ ਦੀ ਪੁਰਾਣੀ ਦੁਕਾਨ (ਜਿਸ ਨੂੰ ਉਹ ਅਜੇ ਵੀ ਚਲਾ ਰਹੇ ਹਨ, ਉਸ ਦੇ ਇੱਕ ਖ਼ਾਸ ਇਲਾਕੇ ਵਿੱਚ ਹੋਣ ਕਾਰਨ ਗਾਹਕਾਂ ਦਾ ਮਿਲਣਾਂ ਸੌਖਾ ਹੈ ਅਤੇ ਉਸ ਦਾ ਕਿਰਾਇਆ ਵੀ ਘੱਟ ਹੈ) ਦਾ ਕਿਰਾਇਆ 800 ਰੁਪਏ ਹੈ ਅਤੇ ਕਬਰਸਤਾਨ ਦੇ ਨੇੜੇ ਬਣੀ ਉਸ ਐਸਬੈਸਟਸ-ਵਰਕਸ਼ੇਡ ਦੀ ਦੁਕਾਨ ਦਾ ਕਿਰਾਇਆ 2,000 ਰੁਪਏ ਹੈ। ਉਹ ਦੱਸਦੇ ਹਨ,“ਹਰ ਮਹੀਨੇ, ਮੈਂ ਬੱਚਿਆਂ ਦੀ ਸਕੂਲ ਫੀਸ, ਕਰਿਆਨੇ ਅਤੇ ਹੋਰ ਘਰੇਲੂ ਲੋੜਾਂ ਲਈ 6,000-7,000 ਰੁਪਏ ਖਰਚਦਾ ਹਾਂ।” ਪਰਿਵਾਰ ਦਾ ਖਰਚਾ ਚੁੱਕਣ ਵਿੱਚ ਉਨ੍ਹਾਂ ਦਾ ਛੋਟਾ ਭਰਾ ਵੀ ਮਦਦ ਕਰਦਾ ਹੈ।
ਅਜ਼ੀਮ ਆਮ ਤੌਰ `ਤੇ ਦੁਪਿਹਰ ਤੱਕ ਮੋਇਨਪੁਰਾ ਵਿਖੇ ਪੈਂਦੇ ਆਪਣੇ ਘਰ ਵਾਪਸ ਆ ਜਾਂਦੇ ਹਨ, ਜਿਹੜਾ ਕਿ ਉਨ੍ਹਾਂ ਦੀ ਦੁਕਾਨ ਤੋਂ ਇੱਕ ਕਿਲੋਮੀਟਰ ਦੂਰ ਹੈ। ਉਨ੍ਹਾਂ ਦੇ ਘਰ ਵਿੱਚ ਬਾਮੁਸ਼ਕਲ ਹੀ ਕੋਈ ਫਰਨੀਚਰ ਹੈ, ਉਨ੍ਹਾਂ ਨੇ ਆਪਣੇ ਸੀਮਿੰਟ ਦੇ ਫਰਸ਼ ਨੂੰ ਪਲਾਸਟਿਕ ਦੀ ਚਟਾਈ ਨਾਲ਼ ਢੱਕਿਆ ਹੋਇਆ ਹੈ। ਉਹ ਕਹਿੰਦੇ ਹਨ, “ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਵੀ ਇਹੀ ਕੰਮ ਕਰਨ, ਭੱਠੀ ਅਤੇ ਗਰਮ ਧਾਤਾਂ ਨਾਲ਼ ਕੰਮ ਕਰਨਾ ਬਹੁਤ ਖਤਰਨਾਕ ਹੈ।"
ਨਜ਼ੀਮਾ ਕਹਿੰਦੀ ਹਨ, “ਮੈਂ ਆਪਣੇ ਬੱਚਿਆਂ ਦਾ ਸੁਰੱਖਿਅਤ ਭਵਿੱਖ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਸਭ ਤੋਂ ਵਧੀਆ ਸਿੱਖਿਆ ਮਿਲੇ।” ਗੱਲਬਾਤ ਦੌਰਾਨ ਉਨ੍ਹਾਂ ਦੀ ਤਿੰਨ ਸਾਲਾ ਧੀ ਸਮੀਰਾ ਆਪਣੀ ਮਾਂ ਨੂੰ ਚਿੰਬੜੀ ਹੋਈ ਹੈ ਅਤੇ ਛੇ ਸਾਲਾ ਬੇਟਾ ਤਾਹਿਰ ਇੱਕ ਕੋਨੇ ਵਿੱਚ ਖੇਡੇ ਲੱਗਾ ਹੈ। ਉਸਦੇ ਹੱਥ ਵਿੱਚ ਇੱਕ ਛੋਟਾ ਹਥੌੜਾ ਅਤੇ ਕੁਝ ਸਿੱਕੇ ਹਨ ਜਿਨ੍ਹਾਂ ਨੂੰ ਉਸਦੇ ਦਾਦੇ ਨੇ ਉਸਦੇ ਲਈ ਬਣਾਇਆ ਸੀ।
ਤਰਜਮਾ: ਪਰਮਿੰਦਰ ਕੌਰ