“ਕੁਝ ਦਿਨ ਪਹਿਲਾਂ ਇੱਕ ਕੋਡੀਆਂ ਵਾਲ਼ਾ ਸੱਪ (Rusell Viper) ਮੇਰੇ ਪੈਰਾਂ ਦੇ ਨੇੜੇ ਹਮਲਾ ਕਰਨ ਲਈ ਤਿਆਰ ਬੈਠਾ ਸੀ। ਪਰ ਮੈਂ ਇਸ ਨੂੰ ਸਮੇਂ ਸਿਰ ਦੇਖ ਲਿਆ,” ਦੱਤਾਤਰਾਏ ਕਸੋਟੇ ਕਹਿੰਦੇ ਹਨ ਜੋ ਕਿ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਸ਼ਦੂਰ ਪਿੰਡ ਦੇ ਇੱਕ ਕਿਸਾਨ ਹਨ। ਉਸ ਰਾਤ ਉਹ ਆਪਣੇ ਖੇਤਾਂ ਵਿੱਚ ਸਿੰਚਾਈ ਦਾ ਕੰਮ ਕਰ ਰਹੇ ਸਨ ਜਦੋਂ ਉਹ ਡਰਿਆ ਹੋਇਆ ਸੱਪ ਦਿਖਾਈ ਦਿੱਤਾ।
ਕਰਵੀਰ ਤੇ ਕਾਗਲ ਤਾਲੁਕੇ ਵਿੱਚ ਕਸੋਟੇ ਵਰਗੇ ਕਿਸਾਨਾਂ ਲਈ ਰਾਤ ਨੂੰ ਸਿਚਾਈ ਪੰਪ ਚਲਾਉਣਾ ਜੀਵਨ ਦਾ ਇੱਕ ਹਿੱਸਾ ਬਣ ਗਿਆ ਹੈ ਜਿੱਥੇ ਬਿਜਲੀ ਦੀ ਸਪਲਾਈ ਬੜੀ ਬੇਤਰਤੀਬੀ, ਬੇਨਿਯਮੀ ਅਤੇ ਬਿਲਕੁਲ ਭਰੋਸੇਯੋਗ ਨਹੀਂ ਹੈ।
ਇੱਥੇ ਬਿਜਲੀ ਸਪਲਾਈ ਦੀ ਕੋਈ ਸਮਾਂ-ਸਾਰਣੀ ਨਹੀਂ ਹੈ: ਇਹ ਜਾਂ ਤਾਂ ਰਾਤ ਨੂੰ ਜਾਂ ਫਿਰ ਦਿਨ ਵਿੱਚ ਅਣਮਿੱਥੇ ਸਮੇਂ ਲਈ ਆਉਂਦੀ ਹੈ। ਕਦੇ-ਕਦਾਈਂ ਅੱਠ ਘੰਟੇ ਦੀ ਨਿਰਧਾਰਿਤ ਸਪਲਾਈ ਵੀ ਕੱਟ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਇਸ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ।
ਨਤੀਜੇ ਵਜੋਂ ਗੰਨੇ ਦੀ ਫ਼ਸਲ, ਜਿਸ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ, ਸਮੇਂ ਸਿਰ ਸਿੰਚਾਈ ਨਹੀਂ ਹੋ ਪਾਉਂਦੀ ਅਤੇ ਫ਼ਸਲ ਖ਼ਰਾਬ ਹੋ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬੇਵਸ ਹਨ; ਉਹ ਆਪਣੇ ਬੱਚਿਆਂ ਨੂੰ ਖੇਤੀਬਾੜੀ ਨੂੰ ਰੋਜ਼ੀ-ਰੋਟੀ ਦੇ ਮੁੱਖ ਧੰਦੇ ਵਜੋਂ ਚੁਣਨ ਤੋਂ ਰੋਕ ਰਹੇ ਹਨ। ਨੌਜਵਾਨ ਲੋਕ ਨਜ਼ਦੀਕੀ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (MIDC) ਵਿੱਚ 7,000 - 8,000 ਪ੍ਰਤੀ ਮਹੀਨਾਂ ’ਤੇ ਕੰਮ ਕਰਨ ਲਈ ਜਾਂਦੇ ਹਨ।
“ਇੰਨੀ ਮਿਹਨਤ ਅਤੇ ਇੰਨੀਆਂ ਮੁਸ਼ਕਿਲਾਂ ਝੱਲਣ ਦੇ ਬਾਵਜੂਦ ਵੀ ਖੇਤੀ ਕੋਈ ਲਾਹੇਵੰਦ ਮੁਨਾਫ਼ਾ ਨਹੀਂ ਦਿੰਦੀ। ਇਸ ਤੋਂ ਬਿਹਤਰ ਤਾਂ ਫੈਕਟਰੀਆਂ ਵਿੱਚ ਕੰਮ ਕਰਨਾ ਹੈ, ਜਿੱਥੇ ਚੰਗੀ ਤਨਖ਼ਾਹ ਤਾਂ ਮਿਲਦੀ ਹੈ,” ਸ਼੍ਰੀਕਾਂਤ ਚਵਨ ਕਹਿੰਦੇ ਹਨ ਜੋ ਕਿ ਕਰਵੀਰ ਦੇ ਇੱਕ ਨੌਜਵਾਨ ਕਿਸਾਨ ਹਨ।
ਕੋਲ੍ਹਾਪੁਰ ਦੇ ਕਿਸਾਨਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਰੋਜ਼ੀਰੋਟੀ ’ਤੇ ਬਿਜਲੀ ਦੀ ਕਿੱਲਤ ਦੇ ਪੈਂਦੇ ਪ੍ਰਭਾਵਾਂ ’ਤੇ ਬਣੀ ਇੱਕ ਛੋਟੀ ਫ਼ਿਲਮ।
ਤਰਜਮਾ : ਇੰਦਰਜੀਤ ਸਿੰਘ