"ਬੰਗਾਲ ਦੇ ਬਹੁਤ ਸਾਰੇ ਕਿਸਾਨਾਂ ਨੂੰ ਇਨ੍ਹਾਂ ਕਨੂੰਨਾਂ ਬਾਰੇ ਜਾਣਕਾਰੀ ਨਹੀਂ ਹੈ। ਇਸਲਈ ਮੈਂ ਆਪਣੇ ਪਿੰਡੋਂ ਕੁਝ ਲੋਕਾਂ ਨੂੰ ਲੈ ਕੇ ਆਈ ਹਾਂ ਤਾਂਕਿ ਉਹ ਇੱਥੋਂ ਦੇ ਨੇਤਾਵਾਂ ਦੀਆਂ ਗੱਲਾਂ ਸੁਣਨ ਅਤੇ ਉਨ੍ਹਾਂ ਦੇ ਕਹੇ ਨੂੰ ਸਮਝਣ ਅਤੇ ਫਿਰ ਅੱਜ ਘਰੇ ਮੁੜਨ ਤੋਂ ਬਾਅਦ ਆਪਣੇ ਗੁਆਂਢੀਆਂ ਅਤੇ ਦੋਸਤਾਂ ਨੂੰ ਦੱਸਣ," ਸੁਬ੍ਰਾਤ ਅਦਕ ਨੇ ਕਿਹਾ।
31 ਸਾਲਾ ਕਿਸਾਨ, ਸੁਬ੍ਰਾਤ ਕਰੀਬ 10 ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡ, ਵਾੜਾ ਕਮਲਾਪੁਰ ਤੋਂ 14 ਮਾਰਚ ਨੂੰ ਸਿੰਗੂਰ ਦੀ ਇਸ ਵਿਰੋਧ ਸਭਾ ਵਿੱਚ ਆਏ ਸਨ। ਤਿੰਨ ਖੇਤੀ ਕਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਦਲ ਅਤੇ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾ, ਕਨੂੰਨ ਦੇ ਖ਼ਤਰੇ ਬਾਰੇ ਹੋਰ ਜਾਗਰੂਕਤਾ ਫੈਲਾਉਣ ਲਈ ਮਾਰਚ ਦੇ ਦਰਮਿਆਨ ਪੱਛਮ ਬੰਗਾਲ ਆਏ ਸਨ। ਸਿੰਗੂਰ ਤੋਂ ਇਲਾਵਾ, ਉਨ੍ਹਾਂ ਨੇ ਆਸਨਸੋਲ, ਕੋਲਕਾਤਾ ਅਤੇ ਨੰਦੀਗ੍ਰਾਮ ਵਿੱਚ ਵੀ ਸਭਾਵਾਂ ਕੀਤੀਆਂ।
ਸਿੰਗੂਰ ਦੇ ਨਾਬਾਪੱਲੀ ਇਲਾਕੇ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਅਯੋਜਿਤ ਇੱਕ ਛੋਟੀ ਜਿਹੀ ਸਭਾ ਵਿੱਚ ਹਿੱਸਾ ਲੈਣ ਕਿਸਾਨਾਂ ਅਤੇ ਸਮਰਥਕਾਂ ਦੀ ਗਿਣਤੀ ਦਾ ਅਲੱਗ-ਅਲੱਗ ਅੰਦਾਜਾ ਲਾਇਆ ਗਿਆ ਹੈ- ਜੋ 500 ਤੋਂ 2,000 ਵਿਚਕਾਰ ਸਨ। ਕੋਲਕਾਤਾ ਤੋਂ ਕਰੀਬ 40 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਇਸ ਸ਼ਹਿਰ ਨੇ ਟਾਟਾ ਮੋਟਰਸ ਦੇ ਨੈਨੋ ਕਾਰ ਫੈਕਟਰੀ ਲਈ ਲਗਭਗ 997 ਏਕੜ ਖੇਤ ਕਬਜਾਏ ਜਾਣ ਖਿਲਾਫ਼ 2006-07 ਵਿੱਚ ਇੱਕ ਇਤਿਹਾਸਕ ਅੰਦੋਲਨ ਦੇਖਿਆ ਸੀ। 2016 ਵਿੱਚ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਦੁਆਰਾ ਰਾਜ ਸਰਕਾਰ ਨੂੰ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ਦਾ ਹੁਕਮ ਦਿੱਤਾ ਸੀ, ਪਰ ਅੱਜ ਵੀ ਉੱਥੋਂ ਦੀ ਬਹੁਤੇਰੀ ਜ਼ਮੀਨ ਬੰਜਰ ਹੈ।
"ਖੁਦ ਇੱਕ ਕਿਸਾਨ ਹੋਣ ਨਾਤੇ, ਮੈਂ ਭਾਰਤ ਵਿੱਚ ਖੇਤੀ ਦੀ ਹਾਲਤ ਨੂੰ ਜਾਣਦਾ ਹਾਂ," ਸੁਬ੍ਰਾਤ ਨੇ ਕਿਹਾ, ਜੋ ਅੱਠ ਵਿਘਾ ਜ਼ਮੀਨ 'ਤੇ ਆਲੂ ਅਤੇ ਪਿਆਜ਼ ਦੀ ਖੇਤੀ ਕਰਦੇ ਹਨ (ਪੱਛਮ ਬੰਗਾਲ ਵਿੱਚ 1 ਵਿਘਾ 0.33 ਏਕੜ ਦੇ ਬਰਾਬਰ ਹੁੰਦਾ ਹੈ)। "ਭਾਰਤ ਜਦੋਂ ਅਜ਼ਾਦ ਨਹੀਂ ਹੋਇਆ ਸੀ ਤਦ ਵੀ ਅੰਗਰੇਜ਼ਾਂ ਨੇ ਨੀਲ ਦੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਸੀ। ਮੌਜੂਦਾ ਸਰਕਾਰ ਫਿਰ ਤੋਂ ਉਹੋ-ਜਿਹੀ ਹਾਲਤ ਪੈਦਾ ਕਰ ਰਹੀ ਹੈ। ਆਲੂ ਦੀ ਖੇਤੀ ਦਾ ਖ਼ਰਚਾ ਵੱਧ ਗਿਆ ਹੈ, ਬੀਜਾਂ ਦੀ ਲਾਗਤ ਵੱਧ ਗਈ ਹੈ। ਜੇਕਰ ਸਾਨੂੰ ਇਸ ਸਾਰੀ ਮਿਹਨਤ ਲਈ ਪੈਸੇ ਨਹੀਂ ਮਿਲ਼ਣਗੇ ਤਾਂ ਅਸਲੀ ਮੁਨਾਫਾ ਕਾਰਪੋਰੇਟਾਂ ਨੂੰ ਹੋਣ ਲੱਗੇਗਾ, ਤਾਂ ਦੱਸੋ ਅਸੀਂ ਕਿਵੇਂ ਜੀਵਾਂਗੇ?"
"ਅਸੀਂ ਵਿਰੋਧ ਪ੍ਰਦਰਸ਼ਨ ਕਰਨਾ ਬੰਦ ਨਹੀਂ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ," 65 ਸਾਲਾ ਅਮਰਜੀਤ ਕੌਰ ਨੇ ਕਿਹਾ, ਜੋ ਕਰੀਬ 30 ਕਿਲੋਮੀਟਰ ਦੂਰ ਸਥਿਤ ਉੱਤਰ 24 ਪਰਗਨਾ ਜਿਲ੍ਹੇ ਦੇ ਬਾੜਾਨਗਰ ਮਿਊਂਸੀਪਲ ਦੇ ਡਨਲਪ ਇਲਾਕੇ ਤੋਂ ਸਿੰਗੂਰ ਆਈ ਹਨ। "ਸਰਕਾਰ ਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ," ਕੌਰ ਨੇ ਕਿਹਾ, ਜਿਨ੍ਹਾਂ ਦਾ ਜੱਦੀ ਘਰ ਲੁਧਿਆਣਾ ਵਿੱਚ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਮੁੱਖ ਰੂਪ ਨਾਲ਼ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹੈ। "ਉਹ ਨੋਟਬੰਦੀ ਲੈ ਕੇ ਆਏ, ਕਿਸੇ ਕੋਲ਼ ਨੌਕਰੀ ਨਹੀਂ ਹੈ। ਅਸੀਂ (ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ) ਦਿੱਲੀ ਵੀ ਨਹੀਂ ਜਾ ਸਕੇ ਪਰ ਅਸੀਂ ਇੱਥੇ ਆਏ ਹਾਂ ਅਤੇ ਜਦੋਂ ਤੱਕ ਕਾਲ਼ੇ ਕਨੂੰਨਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ, ਅਸੀਂ ਅੰਦੋਲਨ ਦਾ ਸਮਰਥਨ ਕਰਦੇ ਰਹਾਂਗੇ।"
ਜਿਨ੍ਹਾਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਨੂੰ ਹੀ ਕੇਂਦਰ ਸਰਕਾਰ ਨੇ ਪਹਿਲੀ ਦਫਾ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਇਸ ਸਭਾ ਵਿੱਚ, ਸਿੰਗੂਰ ਤੋਂ ਕਰੀਬ 25 ਕਿਲੋਮੀਟਰ ਦੂਰ ਸਥਿਤ ਬਾਲੀ ਕਸਬੇ ਦੇ 55 ਸਾਲਾ ਜਤਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦਾ ਆਵਾਜਾਈ ਦਾ ਕਾਰੋਬਾਰ ਹੈ ਅਤੇ ਕਹਿੰਦੇ ਹਨ,"ਸਾਡਾ (ਦੇਸ਼ ਦਾ) ਬੁਨਿਆਦੀ ਧਨ ਖੇਤੀ ਹੈ, ਅਤੇ ਇਨ੍ਹਾਂ ਖੇਤੀ ਕਨੂੰਨਾਂ ਨੇ ਇਸ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਬਿਹਾਰ ਨੂੰ ਹੀ ਦੇਖ ਲਓ ਜਿੱਥੇ 2006 ਵਿੱਚ ਮੰਡੀ ਪ੍ਰਣਾਲੀ ਬੰਦ ਕਰ ਦਿੱਤੀ ਗਈ ਸੀ। ਬਿਹਾਰ ਦੇ ਕਿਸਾਨ ਆਪਣੇ ਕੋਲ਼ ਜ਼ਮੀਨ ਹੋਣ ਦੇ ਬਾਵਜੂਦ, ਰੋਜ਼ੀ-ਰੋਟੀ ਕਮਾਉਣ ਪੰਜਾਬ ਅਤੇ ਹਰਿਆਣਾ ਜਾਂਦੇ ਹਨ।"
"ਉਹ (ਸਰਕਾਰ) ਐੱਮਐੱਸਪੀ (ਘੱਟੋਘੱਟ ਸਮਰਥਨ ਮੁੱਲ) ਬਾਰੇ ਗੱਲ ਕਿਉਂ ਨਹੀਂ ਕਰ ਰਹੇ?" 30 ਸਾਲਾ ਨਵਜੋਤ ਸਿੰਘ ਸਵਾਲ ਕਰਦੇ ਹਨ, ਉਹ ਵੀ ਬਾਲੀ ਤੋਂ ਸਿੰਗੂਰ ਆਏ ਹਨ, ਉੱਥੇ ਉਹ ਰੈਸਟੋਰੈਂਟ ਦੇ ਕਾਰੋਬਾਰ ਵਿੱਚ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਸ਼ੇਖਾ ਪਿੰਡ ਵਿੱਚ 10 ਏਕੜ ਜ਼ਮੀਨ 'ਤੇ ਖੇਤੀ ਕਰਦਾ ਹੈ। "ਇਹ ਸਭਾਵਾਂ ਬੰਗਾਲ ਦੇ ਕਿਸਾਨਾਂ ਨੂੰ ਐੱਮਐੱਸਪੀ ਬਾਰੇ (ਹੋਰ) ਜਾਗਰੂਕ ਕਰਨ ਲਈ ਅਯੋਜਿਤ ਕੀਤੀਆਂ ਜਾ ਰਹੀਆਂ ਹਨ।"
ਪਰਮਿੰਦਰ ਕੌਰ, ਉਮਰ 50 ਸਾਲ, ਹੁਗਲੀ ਜਿਲ੍ਹੇ ਦੇ ਸੇਰਾਮਪੁਰ ਸ਼ਹਿਰ ਤੋਂ ਆਈ ਹਨ, ਨੇ ਕਿਹਾ,"ਜੇਕਰ ਖੇਤੀ ਕਨੂੰਨਾਂ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਅਜਿਹੀ ਕੋਈ ਨਿਸ਼ਚਤ ਦਰ ਨਹੀਂ ਹੋਵੇਗੀ ਜਿਸ 'ਤੇ ਅਸੀਂ ਆਪਣੀ ਪੈਦਾਵਾਰ ਵੇਚ ਸਕੀਏ।" ਉਹ ਪੰਜਾਬ ਦੇ ਲੁਧਿਆਣਾ ਤੋਂ ਹਨ, ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਮੁੱਖ ਰੂਪ ਨਾਲ਼ 10 ਏਕੜ ਜ਼ਮੀਨ 'ਤੇ ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਦਾ ਪਰਿਵਾਰ ਪੱਛਮ ਬੰਗਾਲ ਵਿੱਚ ਆਵਾਜਾਈ ਦੇ ਕਾਰੋਬਾਰ ਵਿੱਚ ਲੱਗਿਆ ਹੋਇਆ ਹੈ। "ਅਸੀਂ ਕਿਸੇ ਸਿਆਸੀ ਦਲ ਦਾ ਸਮਰਥਨ ਕਰਨ ਲਈ ਸਿੰਗੂਰ ਨਹੀਂ ਆਏ," ਉਨ੍ਹਾਂ ਨੇ ਅੱਗੇ ਕਿਹਾ। "ਅਸੀਂ ਤਾਂ ਕਿਸਾਨਾਂ ਲਈ ਆਏ ਹਾਂ।"
42 ਸਾਲਾ ਕਲਿਆਣੀ ਦਾਸ, ਸਿੰਗੂਰ ਤੋਂ ਕਰੀਬ 10 ਕਿਲੋਮੀਟਰ ਦੂਰ, ਬਾੜਾ ਕਮਲਾਪੁਰ ਤੋਂ ਪੈਦਲ ਆਈ ਹਨ। ਉਹ ਦੋ ਵਿਘੇ ਜ਼ਮੀਨ 'ਤੇ ਆਲੂ, ਭਿੰਡੀ, ਝੋਨਾ ਅਤੇ ਜੂਟ ਦੀ ਖੇਤੀ ਕਰਦੀ ਹਨ। "ਹਰ ਚੀਜ਼ ਦੀ ਕੀਮਤ ਵੱਧ ਗਈ ਹੈ," ਉਨ੍ਹਾਂ ਨੇ ਕਿਹਾ। "ਤੇਲ, ਗੈਸ ਅਤੇ ਦੈਨਿਕ ਵਸਤਾਂ ਜੋ ਅਸੀਂ ਕਰਿਆਨੇ ਦੀ ਦੁਕਾਨ ਤੋਂ ਖਰੀਦਦੇ ਹਾਂ, ਉਨ੍ਹਾਂ ਸਾਰੀਆਂ ਚੀਜਾਂ ਦੀ ਕੀਮਤ ਵੱਧ ਗਈ ਹੈ। ਅਸੀਂ ਆਪਣੀ ਜ਼ਮੀਨ 'ਤੇ ਲਗਾਤਾਰ ਕੰਮ ਕਰਦੇ ਹਾਂ ਅਤੇ ਫ਼ਸਲਾਂ ਨੂੰ ਸਥਾਨਕ ਬਜਾਰ ਵਿੱਚ ਵੇਚਦੇ ਹਾਂ, ਪਰ ਸਾਨੂੰ ਡਰ ਹੈ ਕਿ ਜੇਕਰ ਸਾਨੂੰ ਆਪਣੀ ਫ਼ਸਲ ਵੇਚ ਕੇ ਕਾਫੀ ਪੈਸਾ ਨਾ ਮਿਲਿਆ, ਤਾਂ ਅਖੀਰ ਅਸੀਂ ਭੁੱਖ ਨਾਲ਼ ਹੀ ਮਰ ਜਾਵਾਂਗੇ।"
ਕਲਿਆਣੀ ਦੀ ਗੁਆਂਢਣ, 43 ਸਾਲਾ ਸਵਾਤੀ ਅਦਕ ਨੇ ਕਿਹਾ,"ਸਾਡੇ ਕੋਲ਼ ਤਿੰਨ ਵਿਘਾ ਜ਼ਮੀਨ ਹੈ। ਕਿਉਂਕਿ ਆਲੂ ਦੀ ਖੇਤੀ ਕਰਨ ਵਿੱਚ ਵੱਧ ਲਾਗਤ ਆਉਂਦੀ ਹੈ, ਇਸਲਈ ਅਸੀਂ ਆਲੂ ਦੀ ਜਿਆਦਾ ਖੇਤੀ ਨਹੀਂ ਕਰਦੇ ਹਾਂ। ਆਲੂ ਦੀ ਖੇਤੀ ਕਰਨ ਵਾਲੇ ਕਈ ਕਿਸਾਨਾਂ ਨੇ ਆਤਮਹੱਤਿਆ ਕਰ ਲਈ ਕਿਉਂਕਿ ਹੱਢ-ਭੰਨ੍ਹਵੀਂ ਮੁਸ਼ੱਕਤ ਦੇ ਬਾਅਦ ਵੀ ਉਨ੍ਹਾਂ ਨੂੰ ਬਣਦੇ ਪੈਸੇ ਨਹੀਂ ਮਿਲੇ।"
51 ਸਾਲਾ ਲਿਛੂ ਮਹਾਤੋ ਵੀ ਇਸ ਸਭਾ ਵਿੱਚ ਸ਼ਾਮਲ ਹੋਏ। ਉਹ ਸਿੰਗੂਰ ਵਿੱਚ ਖੇਤੀ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਹਨ। ਉਹ ਹੁਗਲੀ ਜਿਲ੍ਹੇ ਦੇ ਬਾਲਾਗੜ੍ਹ ਬਲਾਕ ਦੇ ਇੱਕ ਪਿੰਡ, ਮਹਾਤੋਪਾੜਾ ਵਿੱਚ ਰਹਿੰਦੇ ਹਨ, ਜਿੱਥੇ ਉਹ ਛੋਟੀ ਜਿਹੀ ਜੋਤ 'ਤੇ ਝੋਨੇ ਦੀ ਕਾਸ਼ਤ ਕਰਦੇ ਹਨ। "ਮੈਨੂੰ ਹਰ ਦਿਨ (ਮਜ਼ਦੂਰੀ ਦੇ ਰੂਪ ਵਿੱਚ) ਸਿਰਫ਼ 200 ਰੁਪਏ ਮਿਲ਼ਦੇ ਹਨ," ਉਨ੍ਹਾਂ ਨੇ ਕਿਹਾ। "ਜੇਕਰ ਮੇਰਾ ਪਰਿਵਾਰ ਮੈਨੂੰ ਦੁਪਹਿਰ ਦੇ ਭੋਜਨ ਲਈ ਮੱਛੀ ਲਿਆਉਣ ਲਈ ਕਹੇ ਤਾਂ ਮੈਂ ਇੰਨੇ ਥੋੜ੍ਹੇ ਪੈਸੇ ਨਾਲ਼ ਉਹ ਕਿਵੇਂ ਲਿਜਾ ਸਕਦਾ ਹਾਂ? ਮੇਰਾ ਬੇਟਾ ਰੇਲਾਂ ਵਿੱਚ ਫੇਰੀ ਲਾ ਕੇ ਪਾਣੀ ਵੇਚਦਾ ਹੈ। ਮੈਂ ਇੱਥੇ ਖੇਤੀ ਕਨੂੰਨਾਂ ਬਾਰੇ ਜਾਣਨ ਆਇਆ ਹਾਂ। ਮੇਰੇ ਜੀਵਨ ਦਾ ਢਾਂਚਾ ਪਹਿਲਾਂ ਹੀ ਵਿਗੜਿਆ ਹੋਇਆ ਹੈ ਮੈਂ ਨਹੀਂ ਚਾਹੁੰਦਾ ਇਹ ਹੋਰ ਵਿਗੜੇ।"
ਤਰਜਮਾ - ਕਮਲਜੀਤ ਕੌਰ