ਜੁਲਾਹੇ ਦਾ ਕੰਮ ਕਰਨ ਵਾਲ਼ੇ 40 ਸਾਲਾ ਅਲੀ ਕਹਿੰਦੇ ਹਨ,“ਭਦੋਹੀ ਗਲੀਚਿਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਮੈਂ ਇੱਥੇ ਆਪਣਾ ਬਚਪਨ ਬਿਤਾਇਆ ਹੈ ਤੇ ਬੱਸ ਇਵੇਂ ਹੀ ਮੈਂ ਬੁਣਾਈ ਦਾ ਕੰਮ ਸਿੱਖਿਆ।” ਹਾਲਾਂਕਿ, ਹੁਣ ਗਲੀਚਿਆਂ ਤੋਂ ਕੋਈ ਖ਼ਾਸ ਆਮਦਨੀ ਨਾ ਹੋਣ ਕਾਰਨ ਅਲੀ ਨੇ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਡਿਵੀਜ਼ਨ ਵਿੱਚ ਪੈਂਦਾ ਭਦੋਹੀ ਜ਼ਿਲ੍ਹਾ, ਦੇਸ਼ ਵਿੱਚ ਗਲੀਚਾ ਬੁਣਾਈ ਦੇ ਸਭ ਤੋਂ ਵੱਡੇ ਸਮੂਹ ਦਾ ਕੇਂਦਰ ਹੈ। ਇਸ ਸਮੂਹ ਵਿੱਚ ਮਿਰਜ਼ਾਪੁਰ, ਵਾਰਾਣਸੀ, ਗਾਜ਼ੀਪੁਰ, ਸੋਨਭੱਦਰ, ਕੌਸ਼ੰਬੀ, ਅਲਾਹਾਬਾਦ, ਜੌਨਪੁਰ, ਚੰਦੌਲੀ ਆਦਿ ਜ਼ਿਲ੍ਹੇ ਆਉਂਦੇ ਹਨ। ਇਹ ਉਦਯੋਗ 20 ਲੱਖ ਦੇ ਕਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਦਿੰਦਾ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਔਰਤਾਂ ਦੀ ਹੈ।
ਇੱਥੋਂ ਦੇ ਗਲੀਚਿਆਂ ਦੀ ਗੱਲ ਹੀ ਅੱਡ ਹੈ ਕਿਉਂਕਿ ਇਨ੍ਹਾਂ ਦੀ ਬੁਣਾਈ ਹੱਥੀਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਗਲੀਚਿਆਂ ਨੂੰ ਲੰਬਕਾਰੀ ਕਰਘਿਆਂ ‘ਤੇ ਬੁਣਿਆ ਜਾਂਦਾ ਹੈ ਅਤੇ ਹਰ ਇੱਕ ਵਰਗ ਇੰਚ ਵਿੱਚ 30 ਤੋਂ 300 ਗੰਢਾਂ ਮਾਰੀਆਂ ਜਾਂਦੀਆਂ ਹਨ। ਪਿਛਲੀਆਂ ਦੋ ਸਦੀਆਂ ਤੋਂ ਗਲੀਚਾ ਬੁਣਾਈ ਦੀ ਪ੍ਰਕਿਰਿਆ ਅਤੇ ਲੋੜੀਂਦਾ ਕੱਚਾ ਮਾਲ਼ (ਉੱਨ, ਸੂਤੀ ਤੇ ਰੇਸ਼ਮੀ ਧਾਗਾ) ਨਹੀਂ ਬਦਲਿਆ। ਕਰਘਿਆਂ ‘ਤੇ ਹੱਥੀਂ ਗੰਢ ਮਾਰਨ ਦੀ ਕਲਾ ਬੁਣਕਰਾਂ ਦੇ ਬੱਚਿਆਂ ਨੂੰ ਵਿਰਸੇ ਵਿੱਚ ਮਿਲ਼ਦੀ ਹੈ।
ਬੁਣਾਈ ਦੇ ਇਸ ਵਿਲੱਖਣ ਤਰੀਕੇ ਨੂੰ ਉਦੋਂ ਮਾਨਤਾ ਮਿਲ਼ੀ, ਜਦੋਂ ਭਦੋਹੀ ਦੇ ਗਲੀਚਿਆਂ ਨੂੰ 2010 ਵਿੱਚ ਭੂਗੋਲਿਕ ਸੰਕੇਤ (ਜਿਓਗ੍ਰਾਫੀਕਲ ਇੰਡੀਕੇਸ਼ਨ/ਜੀਆਈ) ਪ੍ਰਮਾਣੀਕਰਨ ਮਿਲ਼ਿਆ। ਜੀਆਈ ਟੈਗ ਦਾ ਮਿਲ਼ਣਾ ਇਸ ਉਦਯੋਗ ਵਿੱਚ ਜਾਨ ਫ਼ੂਕੇ ਜਾਣ ਵਿੱਚ ਮਦਦਗਾਰ ਸਮਝਿਆ ਗਿਆ। ਪਰ ਜੋ ਵੀ ਹੋਇਆ, ਗਲੀਚਾ ਬੁਣਕਰਾਂ ਦੇ ਧੰਦੇ ਵਿੱਚ ਕੋਈ ਸੁਧਾਰ ਨਾ ਆਇਆ।
ਮਿਸਾਲ ਵਜੋਂ, 1935 ਵਿੱਚ ਸਥਾਪਤ ਮੁਬਾਰਕ ਅਲੀ ਐਂਡ ਸੰਸ 2016 ਤੱਕ- ਭਾਵ ਗਲੀਚਿਆਂ ਦੇ ਘੱਟਦੇ ਆਰਡਰਾਂ ਕਾਰਨ ਆਪਣੀ ਦੁਕਾਨ ਬੰਦ ਹੋਣ ਤੀਕਰ- ਯੂਨੀਟੇਡ ਕਿੰਗਟਮ, ਸੰਯੁਕਤ ਰਾਜ ਅਮੇਰੀਕਾ, ਯੂਰਪੀ ਸੰਘ ਤੇ ਜਪਾਨ ਜਿਹੇ ਦੇਸ਼ਾਂ ਵਿੱਚ ਭਦੋਹੀ ਦੇ ਗਲੀਚਿਆਂ ਦਾ ਨਿਰਯਾਤ ਕਰਦਾ ਰਿਹਾ ਸੀ। ਇਸ ਨਿਰਯਾਤਕ ਕੰਪਨੀ ਦੇ ਮੋਢੀ ਤੇ ਪੁਰਾਣੇ ਮਾਲਕ ਮੁਬਾਰਕ ਦੇ ਪੋਤੇ, 67 ਸਾਲਾ ਖਾਲਿਦ ਖ਼ਾਨ ਦੱਸਦੇ ਹਨ,“ਮੇਰੇ ਦਾਦਾ ਦੇ ਪਿਤਾ ਸਿਰਫ਼ ਇਹੀ ਕਾਰੋਬਾਰ ਕਰਦੇ ਸਨ। ਸਾਡਾ ਕਾਰੋਬਾਰ ਬ੍ਰਿਟਿਸ਼ ਕਾਲ ਦੌਰਾਨ ਸ਼ੁਰੂ ਹੋਇਆ ਸੀ, ਉਸ ਵੇਲ਼ੇ ਜਦੋਂ ਗਲੀਚਿਆਂ ਨੂੰ ‘ਮੇਡ ਇਨ ਬ੍ਰਿਟਿਸ਼ ਇੰਡੀਆ’ ਦਾ ਲੇਬਲ ਲਾ ਕੇ ਨਿਰਯਾਤ ਕੀਤਾ ਜਾਂਦਾ ਸੀ।”
ਭਾਰਤ ਵਿੱਚ ਗਲੀਚਿਆਂ ਦੀ ਬੁਣਾਈ ਦਾ ਇਤਿਹਾਸ ਸਦੀਆਂ ਪੁਰਾਣਾ ਦੱਸਿਆ ਜਾਂਦਾ ਹੈ। ਇਤਿਹਾਸਕ ਦਸਤਾਵੇਜਾਂ ਮੁਤਾਬਕ, ਇਹ ਕਲਾ ਮੁਗ਼ਲ ਕਾਲ ਦੌਰਾਨ ਖ਼ਾਸ ਕਰਕੇ 16ਵੀਂ ਸਦੀ ਵਿੱਚ, ਅਕਬਰ ਦੇ ਸ਼ਾਸਨਕਾਲ ਵਿੱਚ ਵਧੀ-ਫੁੱਲੀ। ਫਿਰ 19ਵੀਂ ਸਦੀ ਆਉਂਦੇ-ਆਉਂਦੇ ਭਦੋਹੀ ਇਲਾਕੇ ਵਿੱਚ ਹੱਥੀਂ ਘੜ੍ਹੇ ਗਲੀਚਿਆਂ, ਮੁੱਖ ਰੂਪ ਨਾਲ਼ ਉੱਨੀ ਗਲੀਚਿਆਂ ਦਾ ਵੱਡੇ ਪੱਧਰ ‘ਤੇ ਉਤਪਾਦਨ ਹੋਣ ਲੱਗਿਆ।
ਇੱਥੋਂ ਦੇ ਗਲੀਚੇ ਪੂਰੀ ਦੁਨੀਆ ਵਿੱਚ ਜਾਂਦੇ ਹਨ। ਕਾਰਪੇਟ ਐਕਸਪੋਰਟ ਪ੍ਰੋਮੋਸ਼ਨ ਦਾ ਕਹਿਣਾ ਹੈ ਕਿ ਭਾਰਤ ਅੰਦਰ ਤਿਆਰ ਗਲੀਚਿਆਂ ਵਿੱਚੋਂ 90 ਫ਼ੀਸਦ ਗਲੀਚਿਆਂ ਦਾ ਨਿਰਯਾਤ ਕੀਤਾ ਜਾਂਦਾ ਹੈ- ਅੱਧੇ ਤੋਂ ਵੱਧ ਗਲੀਚੇ ਸੰਯੁਕਤ ਰਾਜ ਅਮਰੀਕਾ ਵਿੱਚ ਨਿਰਯਾਤ ਹੁੰਦੇ ਹਨ। 2021-22 ਵਿੱਚ, ਭਾਰਤ ਦਾ ਗਲੀਚਾ ਨਿਰਯਾਤ 2.23 ਬਿਲੀਅਨ ਡਾਲਰ (16,640 ਕਰੋੜ) ਦਾ ਸੀ। ਇਸ ਵਿੱਚੋਂ ਹੱਥੀਂ ਬੁਣੇ ਗਲੀਚਿਆਂ ਦੀ ਕੀਮਤ ਕੋਈ 1.51 ਬਿਲੀਅਨ ਡਾਲਰ (11,231 ਕਰੋੜ) ਸੀ।
ਪਰ ਭਦੋਹੀ ਦੇ ਗਲੀਚਾ ਬੁਣਾਈ ਉਦਯੋਗ ਨੂੰ, ਬਜ਼ਾਰ ਵਿੱਚ ਉਪਲਬਧ ਸਸਤੇ ਗਲੀਚਿਆਂ, ਖ਼ਾਸ ਕਰਕੇ ਚੀਨ ਜਿਹੇ ਦੇਸ਼ਾਂ ਵਿੱਚ ਮਸ਼ੀਨ ਨਾਲ਼ ਤਿਆਰ ਕੀਤੇ ਜਾਂਦੇ ਮਸਨੂਈ ਗਲੀਚਿਆਂ ਨਾਲ਼ ਟੱਕਰ ਲੈਣੀ ਪੈ ਰਹੀ ਹੈ। ਅਲੀ, ਚੀਨ ਵਿੱਚ ਬਣੇ ਗਲੀਚਿਆਂ ਬਾਰੇ ਦੱਸਦਿਆਂ ਕਹਿੰਦੇ ਹਨ,“ਗਲੀਚਿਆਂ ਦਾ ਨਕਲੀ ਮਾਲ਼ ਹੁਣ ਬਜ਼ਾਰਾਂ ਵਿੱਚ ਆਮ ਹੀ ਮਿਲ਼ ਜਾਂਦਾ ਹੈ। ਵਪਾਰੀਆਂ ਜਾਂ ਅਮੀਰ ਲੋਕਾਂ ਨੂੰ ਇਹਦੀ ਖ਼ਾਸੀਅਤ ਨਾਲ਼ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ।”
ਭਦੋਹੀ ਦੀ ਇੱਕ ਹੋਰ ਨਿਵਾਸੀ, 45 ਸਾਲਾ ਉਰਮਿਲਾ ਪ੍ਰਜਾਪਤੀ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੂੰ ਗਲੀਚਾ ਬੁਣਾਈ ਦੀ ਕਲਾ ਵਿਰਸੇ ਵਿੱਚ ਮਿਲ਼ੀ ਹੈ। ਪਰ, ਘੱਟਦੀ ਆਮਦਨੀ ਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਇਸ ਕਾਰੋਬਾਰ ਨੂੰ ਛੱਡਣਾ ਪਿਆ। ਉਹ ਦੱਸਦੀ ਹਨ,“ਮੇਰੇ ਪਿਤਾ ਨੇ ਮੈਨੂੰ ਘਰੇ ਹੀ ਗਲੀਚਾ ਬੁਣਨਾ ਸਿਖਾਇਆ। ਉਹ ਚਾਹੁੰਦੇ ਸਨ ਕਿ ਅਸੀਂ ਅਜ਼ਾਦ ਰਹਿ ਕੇ ਕੰਮ ਕਰੀਏ ਤੇ ਪੈਸਾ ਕਮਾਈਏ। ਮੇਰੀਆਂ ਅੱਖਾਂ ‘ਚੋਂ ਪਾਣੀ ਵਗਿਆ ਕਰਦਾ। ਕੁਝ ਲੋਕਾਂ ਨੇ ਮੈਨੂੰ ਗਲੀਚਾ ਬੁਣਨਾ ਛੱਡ ਦੇਣ ਦੀ ਸਲਾਹ ਦਿੱਤੀ, ਕਿਹਾ ਕਿ ਇੰਝ ਕਰਨ ਨਾਲ਼ ਮੇਰੀਆਂ ਅੱਖਾਂ ਦੋਬਾਰਾ ਠੀਕ ਹੋ ਜਾਣਗੀਆਂ, ਇਸਲਈ ਮੈਂ ਬੁਣਾਈ ਬੰਦ ਕਰ ਦਿੱਤੀ।”
ਉਰਮਿਲਾ, ਜੋ ਹੁਣ ਐਨਕ ਲਾਉਂਦੀ ਹਨ, ਦੋਬਾਰਾ ਤੋਂ ਗਲੀਚਾ ਬੁਣਨ ਦਾ ਕੰਮ ਸ਼ੁਰੂ ਕਰਨ ਦਾ ਵਿਚਾਰ ਬਣਾ ਰਹੀ ਹਨ। ਭਦੋਹੀ ਦੇ ਹੋਰਨਾਂ ਲੋਕਾਂ ਵਾਂਗਰ, ਉਨ੍ਹਾਂ ਨੂੰ ਵੀ ਵਿਰਸੇ ਵਿੱਚ ਮਿਲ਼ੀ ਇਸ ਕਲਾ ‘ਤੇ ਬੜਾ ਫ਼ਖ਼ਰ ਹੈ। ਪਰ ਜਿਵੇਂ ਕਿ ਵੀਡਿਓ ਵਿੱਚ ਦਿਖਾਇਆ ਗਿਆ ਹੈ, ਸੁੰਗੜਦੇ ਜਾਂਦੇ ਨਿਰਯਾਤ, ਮੰਡੀ ਦੀ ਅਨਿਸ਼ਚਤਤਾ ਦੇ ਨਾਲ਼, ਘੱਟਦੀ ਜਾਂਦੀ ਕਮਾਈ ਕਾਰਨ ਰਵਾਇਤੀ ਪਰੰਪਰਾ ਤੋਂ ਦੂਰ ਹੁੰਦੇ ਮਜ਼ਦੂਰਾਂ ਕਾਰਨ, ਗਲੀਚਿਆਂ ਦਾ ਕੇਂਦਰ ਰਹੇ ਭਦੋਹੀ ਸ਼ਹਿਰ ਦੇ ਸਿਰ ‘ਤੇ ਸਦੀਆਂ ਪੁਰਾਣੀ ਆਪਣੀ ਸ਼ਾਖ਼ ਬਚਾਈ ਰੱਖਣ ਦੀ ਤਲਵਾਰ ਲਮਕ ਰਹੀ ਹੈ।
ਤਰਜਮਾ: ਕਮਲਜੀਤ ਕੌਰ